ਪੰਜਾਬ ਦੇ ਮੁਢਲੇ ਦਿਨਾਂ ਵਿਚ ਵਿਚਰਦਿਆਂ ਦੇਖਿਆ ਹੈ ਕਿ ਆਮ ਆਦਮੀ ਦਾ ਜਿਊਣਾ ਪਹਿਲਾਂ ਨਾਲੋਂ ਵੀ ਮੁਸ਼ਕਿਲਾਂ ਭਰਿਆ ਹੋ ਗਿਆ, ਮੰਗਿਆਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਮੇਰੇ ਦੇਸ਼ ਦਾ ਅੰਨਦਾਤਾ ਕਿਸਾਨ ਕੁਦਰਤੀ ਕਰੋਪੀਆਂ ਅਤੇ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੈ। ਕਿਸਾਨਾਂ ਦੀ ਫਸਲ ਮੀਹਾਂ ਕਾਰਨ ਜਾਂ ਤਾਂ ਖੇਤਾਂ ਵਿਚ ਰੁਲ ਰਹੀ ਹੈ ਜਾਂ ਮੀਹਾਂ ਦੀ ਮਾਰ ਤੋਂ ਬਚੀ ਫਸਲ ਮੰਡੀਆਂ ਵਿਚ ਰੁਲ ਰਹੀ ਹੈ। ਇਸ ਭਿਆਨਕ ਦੋਹਰੀ ਮਾਰ ਵਿਚ ਛੋਟੀ ਕਿਸਾਨੀ ਤਾਂ ਲਗਪਗ ਖ਼ਤਮ ਹੋਣ ਦੇ ਕਿਨਾਰੇ ‘ਤੇ ਹੈ ਕਿਸਾਨ ਕੁਦਰਤੀ ਕਰੋਪੀਆਂ ਅਤੇ ਕਰਜ਼ੇ ਦਾ ਭਾਰ ਨਾ ਚੁੱਕਦਾ ਖੁਦਕੁਸ਼ੀਆਂ ਕਰ ਰਿਹਾ ਹੈ।
ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਦੇ ਇੰਨੇ ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਕਿਸਾਨੀ ਨੂੰ ਬਚਾਉਣ ਲਈ ਕੋਈ ਸਾਰਥਕ ਹੱਲ ਨਹੀਂ ਲਭ ਸਕੀਆਂ । ਇਸ ਸਮੇਂ ਪੰਜਾਬ ਵਿਚ ਹਰ ਛੋਟਾ ਵੱਡਾ ਕਿਸਾਨ ਨਿਰਾਸ਼, ਮਾਯੂਸ ਅਤੇ ਲਾਚਾਰ ਨਜ਼ਰ ਆ ਰਿਹਾ। ਆਰਥਿਕ ਤੌਰ ਤੇ ਨਿਗਰ ਚੁੱਕੇ ਕਿਸਾਨਾਂ ਦੇ ਮੂੰਹ ਤੇ ਭਿਆਨਕ ਚੁੱਪ ਦਾ ਮੰਜ਼ਰ ਹੈ, ਜਿਸ ਨੂੰ ਦੇਖ ਕੇ ਡਰ ਆਉਣਾ ਸੁਭਾਵਿਕ ਹੈ। ਪੰਜਾਬ ਵਿਚ ਰਹਿੰਦਿਆਂ ਸੁਣਿਆ ਵੀ ਹੈ ਅਤੇ ਦੇਖਿਆ ਵੀ ਹੈ ਕਿ ਇੱਥੋਂ ਦੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਨਸ਼ਿਆਂ ਦੀ ਲਪੇਟ ਵਿਚ ਆ ਚੁੱਕੀ ਹੈ। ਨੌਜਵਾਨ ਹੁਣ ਤਰ੍ਹਾਂ ਤਰ੍ਹਾਂ ਦੇ ਨਸ਼ਿਆ ਦਾ ਸੇਵਨ ਕਰਨ ਲੱਗ ਗਏ ਹਨ ਨਸ਼ੇ ਵੀ ਹੁਣ ਪਹਿਲਾਂ ਵਾਲੇ ਨਹੀਂ ਰਹੇ ਹੁਣ ਤਾਂ ਨਸ਼ੇ ਵੀ ਹਾਈ ਕੁਆਲਟੀ ਦੇ ਹੋ ਗਏ ਹਨ।
ਭਾਵੇਂ ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਪਰ 12-15 ਸਾਲ ਦੇ ਬੱਚੇ ਵੀ ਸ਼ਰੇਆਮ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ। ਪਿੰਡ ਦੀਆਂ ਸੱਥਾਂ ਦੀਆਂ ਮਹਿਫਲਾਂ ਵਿਚ ਹੁਣ ਇਹ ਗੱਲਾਂ ਆਮ ਹੀ ਸੁਣਨ ਵਿਚ ਮਿਲ ਜਾਂਦੀਆਂ ਹਨ ਕਿ ਫਲਾਨੇ ਦਾ ਮੁੰਡਾ ਚਿੱਟਾ ਪੀਂਦਾ ਹੈ ਫਲਾਨੇ ਦਾ ਛੋਟਾ ਮੁੰਡਾ ਗੋਲੀਆਂ ਖਾਂਦਾ ਹੈ। ਇੱਕ ਹੋਰ ਗੱਲ ਨੌਜਵਾਨ ਤਬਕੇ ਵਿਚ ਉਭਰ ਕੇ ਸਾਹਮਣੇ ਆਈ ਹੈ ਕਿ ਹੁਣ ਨੌਜਵਾਨਾਂ ਨੇ ਗੁਰੂ-ਘਰਾਂ ਜਾਂ ਮੇਲਿਆਂ, ਇਕੱਠਾਂ ਵਿਚੋਂ ਲੈ ਕੇ ਪਾਏ ਕੜੇ ਹੱਥਾਂ ਚੋਂ ਲਾ ਸੁੱਟੇ ਹਨ ਅਤੇ ਨਕੋਦਰ ਵਾਲੇ ਮਸਤਾਂ ਦੀਆਂ ਰੰਗ-ਬਿਰੰਗੀਆਂ ਵੰਗਾਂ ਪਹਿਨ ਲਈਆਂ ਹਨ ਪਹਿਨਣ ਵੀ ਕਿਉਂ ਨਾ ਜਦੋਂ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਗਾਇਕ ਜਾਂ ਹੋਰ ਸਨਮਾਨ ਯੋਗ ਸਖ਼ਸ਼ੀਅਤਾਂ ਉਹਨਾਂ ਮਸਤਾਂ ਦੇ ਜਾ ਕੇ ਨੱਕ ਰਗੜਦੀਆਂ, ਡੰਡਾਉਤ ਕਰਦੀਆਂ ਹਨ, ਗੀਤਾਂ ਰਾਹੀਂ ਜਾ ਹੋਰ ਸਾਧਨਾਂ ਨਾਲ ਨੰਗੇ ਮਸਤਾਂ ਦਾ ਪ੍ਰਚਾਰ ਕਰਦੀਆਂ ਹਨ।
ਹੁਣ ਟੀ.ਵੀ ਦੇ ਹਰ ਚੈਨਲਾ ‘ਤੇ ਲੋਕਾਂ ਨੂੰ ਅਸ਼ਲੀਲਤਾ, ਡਰਾਉਣਾ ਜਾਂ ਅੰਧ-ਵਿਸ਼ਵਾਸ਼ੀ ਮਸਾਲਾ ਪਰੋਸਿਆ ਜਾ ਰਿਹਾ, ਜ਼ਿਆਦਾਤਰ ਚੈਨਲਾਂ ‘ਤੇ ਬੂਬਣੇਂ ਬਾਬੇ ਸਵੇਰੇ ਹੀ ਵੱਡੇ-ਵੱਡੇ ਸੋਫਿਆਂ ਤੇ ਸਜ ਜਾਂਦੇ ਨੇ ਫਿਰ ਸ਼ੁਰੂ ਹੁੰਦੀਆਂ ਨੇ ਇਹਨਾਂ ਦੀਆਂ ਝੂਠੀਆਂ ਅਤੇ ਅੰਧ-ਵਿਸ਼ਵਾਸੀ ਕਹਾਣੀਆਂ ਪਰ ਇਨ੍ਹਾਂ ਦੇ ਅਸਲੀ ਕਿਰਦਾਰ ਨਿਰਮਲ ਬਾਬਾ ਜਾਂ ਆਸਾ ਰਾਮ ਦੇ ਰੂਪ ਵਿੱਚ ਆਏ ਦਿਨ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਲੋਕ ਫਿਰ ਵੀ ਨਹੀਂ ਸਮਝਦੇ।
ਦੇਸ਼ ਅੰਦਰ ਕਿਧਰੇ ਕਿਸੇ ਸੰਤ ਨੂੰ ਧਰਤੀ ਹੇਠ ਸੋਨਾ ਮਿਲਣ ਦਾ ਸੁਪਨਾ ਆ ਰਿਹਾ, ਉਤੋਂ ਸਿਤਮ ਇਹ ਹੈ ਕਿ ਅੰਧ ਵਿਸ਼ਵਾਸ਼ੀ ਲੋਕਾਂ ਨੇ ਤਾਂ ਉਸ ਮਗਰ ਲੱਗਣਾ ਹੀ ਹੈ ਸਗੋਂ ਸਮੇਂ ਦੀਆਂ ਸਰਕਾਰਾਂ ਵੀ ਸੰਤ ਦੇ ਸੁਪਨੇ ਨੂੰ ਸੱਚ ਕਰਨ ਲਈ ਧਰਤੀ ਦੀ ਖੁਦਵਾਈ ਕਰਵਾ ਰਹੀਆਂ ਹਨ। ਅਖ਼ੀਰ ਕਈ ਦਿਨਾਂ ਦੀ ਪੱਟਾ-ਪਟਾਈ ਤੋਂ ਬਾਅਦ ਜਦੋਂ ਕੁਝ ਵੀ ਨਾ ਮਿਲਿਆ ਤਾਂ ਬਾਬਾ ਕਹਿ ਰਿਹਾ ਹੈ ਸੋਨਾ ਨਾ ਮਿਲਣਾ ਵੱਡੀ ਗੱਲ ਨਹੀਂ ਸਗੋਂ ਬਾਬਿਆਂ ਨੂੰ ਸੁਪਨਾ ਆਉਣਾ ਵੱਡੀ ਗੱਲ ਹੈ। ਹੁਣ ਦੇਸ਼ ਅੰਦਰ ਬੱਚਿਆਂ ਅਤੇ ਨੌਜਵਾਨਾਂ ਦੀ ਪੜ੍ਹਾਈ ਦੇ ਖਰਚੇ ਦਿਨੋ ਦਿਨ ਵੱਧ ਰਹੇ ਹਨ ਮਹਿੰਗੀ ਪੜ੍ਹਾਈ ਆਮ ਆਦਮੀ ਤੋਂ ਦਿਨੋ ਦਿਨ ਦੂਰ ਹੁੰਦੀ ਜਾ ਰਹੀ ਹੈ। ਸਰਕਾਰੀ ਸਕੂਲਾਂ ਦੀ ਹੋਂਦ ਹੁਣ ਨਾ ਹੋਣ ਦੇ ਬਰਾਬਰ ਹੈ ਉੱਥੇ ਹੁਣ ਸਿਰਫ ਦਲਿਤ ਵਰਗ ਦੇ ਬੱਚੇ ਹੀ ਪੜ੍ਹਾਈ ਕਰਦੇ ਹਨ। ਹਰ ਕੋਈ ਦੇਖੋ-ਦੇਖੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣਾ ਚਾਹੁੰਦਾ ਹੈ ਪ੍ਰਾਈਵੇਟ ਸਕੂਲਾਂ ਵਾਲੇ ਲੋਕਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਆਪਣੀ ਮਨ ਮਰਜ਼ੀ ਨਾਲ ਉਠਾਉਂਦੇ ਹਨ।
ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਵੱਡਾ ਹਿੱਸਾ ਬੱਚਿਆਂ ਦੀ ਮਹਿੰਗੀ ਪੜ੍ਹਾਈ ਤੇ ਖਰਚ ਹੋ ਰਿਹਾ ਹੈ। ਸਕੂਲ ਦੀਆਂ ਮਹਿੰਗੀਆਂ ਕਿਤਾਬਾਂ, ਮਹਿੰਗੀਆਂ ਵਰਦੀਆਂ ਅਤੇ ਹੋਰ ਖ਼ਰਚਿਆਂ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤਾ ਹੈ। ਉਸ ਦੇਸ਼ ਦਾ ਕੀ ਬਣੂੰ ਜਿੱਥੇ ਸਮਾਜ ਨੂੰ ਸੇਧ ਦੇਣ ਵਾਲੇ ਲੋਕਾਂ ਦੇ ਆਦਰਸ਼ ਹੀ ਨੰਗੇ ਬੀੜ੍ਹੀਆਂ ਪੀਣ ਵਾਲੇ ਮਸਤ ਹੋਣ। ਜਿਸ ਦੇ ਨੌਜਵਾਨ ਚੜ੍ਹਦੀ ਉਮਰੇ ਹੀ ਨਸ਼ਿਆਂ ਦੀ ਲਪੇਟ ਵਿਚ ਹੋਣ। ਟੀ.ਵੀ. ਅਤੇ ਮੀਡੀਆ ਦੇ ਹੋਰ ਸਾਧਨਾਂ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੋਵੇ। ਦੇਸ਼ ਦਾ ਅੰਨਦਾਤਾ ਭੁੱਖਾ ਮਰਦਾ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋਵੇ। ਜਿੱਥੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੋਵੇ। ਜਿੱਥੇ ਸਰਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜਦੀ ਰੇਤਾ ਖਾਣ ਜਾਂ ਵਿਰੋਧੀਆਂ ਨੂੰ ਖੁੱਡੇ ਲਾਉਣ ਵਿਚ ਮਸਤ ਹੋਵੇ, ਜਿੱਥੇ ਸਰਕਾਰ ਮਹੀਨਿਆਂ ਤੱਕ ਨਾ ਨਹਾਉਣ ਵਾਲੇ ਜਟਾਂ ਧਾਰੀ ਸਾਧਾਂ ਦੇ ਸੁਪਨਿਆਂ ਨੂੰ ਸੱਚ ਮੰਨ ਕੇ ਮਸ਼ੀਨਰੀ ਅਤੇ ਲੋਕਾਂ ਦਾ ਪੈਸਾ ਲਾ ਕੇ ਸੋਨਾ ਲੱਭਣ ਤੇ ਚੜੀ ਹੋਵੇ ਉਸ ਦੇਸ਼ ਦਾ ਤਾਂ ਫਿਰ ਰੱਬ ਹੀ ਰਾਖਾ।
ਹੁਣ ਇੱਥੇ ਕਿਸੇ ਵੀ ਲੀਡਰ ਜਾ ਰਾਜਨੀਤਿਕ ਪਾਰਟੀ ਕੋਲ ਲੋਕਾਂ ਦੀ ਭਲਾਈ, ਕਿਸਾਨਾਂ ਦੀ ਸਥਿਤੀ ਸੁਧਾਰਨ, ਨੌਜਵਾਨ ਪੀੜ੍ਹੀ ਨੂੰ ਸਹੀ ਲੀਹਾਂ ਤੇ ਲਿਆਉਣ ਅਤੇ ਉਹਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਸੰਬੰਧੀ ਕੋਈ ਵੀ ਉਸਾਰੂ ਸੋਚ ਜਾਂ ਐਜੰਡਾ ਨਹੀਂ ਹੈ ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਦੇਸ਼ ਅੰਦਰ ਆਮ ਆਦਮੀ, ਛੋਟੇ ਵੱਡੇ ਕਿਸਾਨ, ਦਲਿਤਾਂ ਦਾ ਜਿਊਣਾ ਦਿਨੋ ਦਿਨ ਮੁਸ਼ਕਿਲ ਹੋ ਰਿਹਾ ਹੈ ਆਮ-ਆਦਮੀ ਦਾ ਜੀਵਨ ਪੱਧਰ ਦਿਨੋ ਦਿਨ ਹੇਠਾਂ ਆ ਰਿਹਾ ਹੈ ਪਰ ਇਸ ਦਰਮਿਆਨ ਦੇਸ਼ ਦਾ ਪੜ੍ਹਿਆ ਲਿਖਿਆ ਬੁਧੀਜੀਵੀ ਵਰਗ ਇਸ ਵਰਤਾਰੇ ਨੂੰ ਦੇਖ ਰਿਹਾ ਹੈ ਉਸਨੂੰ ਚਿੰਤਾ ਵੀ ਹੈ ਅਤੇ ਉਹ ਆਪੋ ਆਪਣੀਆਂ ਚੰਗੀਆਂ ਕੋਸ਼ਿਸ਼ਾਂ ਵਿਚ ਵੀ ਲੱਗਿਆ ਹੋਇਆ ਪਰ ਕਿਸੇ ਹੱਦ ਤੱਕ ਇਸ ਵਰਗ ਦੀ ਪੇਸ਼ ਨਹੀਂ ਜਾ ਰਹੀ ਕਿਉਂਕਿ ਮੁਸ਼ਕਿਲਾਂ ਦਿਨੋ ਦਿਨ ਬਹੁਤ ਵੱਧ ਰਹੀਆਂ ਹਨ। ਇਸ ਚੇਤੰਨ ਵਰਗ ਦਾ ਕਹਿਣਾ ਹੈ ਕਿ ਜੇ ਆਮ ਆਦਮੀ ਸਾਡਾ ਸਾਥ ਦੇਵੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਸਾਨੂੰ ਆਮ ਲੋਕਾਂ ਦੀ ਸ਼ਕਤੀ ਚਾਹੀਦੀ ਹੈ ਪਰ ਇਸ ਮੌਕੇ ਜੇ ਗਰੀਬ ਅਨਪੜ੍ਹ ਆਦਮੀ ਜਾਂ ਕਿਸਾਨ ਨਾਲ ਗੱਲ ਕੀਤੀ ਜਾਵੇ ਤਾਂ ਉਸ ਨੂੰ ਇਸ ਭਿਆਨਕ ਵਰਤਾਰੇ ਦੀ ਸਮਝ ਨਹੀਂ ਪੈ ਰਹੀ ਅਤੇ ਉਸਨੂੰ ਆਪਣਾ ਜੀਵਨ ਕਿਸੇ ਪੱਖੋਂ ਸੁਧਰਦਾ ਦਿਖਾਈ ਨਹੀ ਦੇ ਰਿਹਾ ਸਭ ਪਾਸਿਆਂ ਤੋਂ ਨਿਰਾਸ਼ ਇਹ ਵਰਗ ਅਖੀਰ ਸਭ ਕੁਝ ਰੱਬ ਨਾਂ ਦੀ ਚੀਜ਼ ਤੇ ਸੁੱਟ ਦਿੰਦਾ ਹੈ ਅਤੇ ਕਹਿ ਦਿੰਦਾ ਹੈ ਕਿ ਕਲਯੁਗ ਆ ਭਾਈ ! ਇਹ ਸਭ ਕੁਝ ਤਾਂ ਹੋਣ ਹੀ ਸੀ। ਹੁਣ ਤਾਂ ਅੰਤ ਹੋਇਆ ਪਿਆ ।
ਇਸ ਦਰਮਿਆਨ ਕਈ ਵਾਰ ਸਮਝਦਾਰ ਆਦਮੀ ਜ਼ਿਆਦਾਤਰ ਡਰ ਵੀ ਜਾਂਦਾ ਉਹ ਜਰਵਾਨਿਆਂ ਅਤੇ ਸਮੇਂ ਦੀਆਂ ਸਰਕਾਰਾਂ ਦੇ ਵਿਰੋਧ ਵਿਚ ਨਹੀਂ ਜਾ ਸਕਦਾ ਸੋ ਉਹ ਇਹੋ ਜਿਹਾ ਜੀਵਨ ਅਪਣਾ ਲੈਂਦਾ ਅਤੇ ਹਾਲਾਤਾਂ ਨਾਲ ਸਮਝੌਤਾ ਕਰ ਲੈਂਦਾ। ਭਾਵੇਂ ਕਿ ਦੇਸ਼ ਅੰਦਰ ਬਹੁਤ ਕੁਝ ਚੰਗਾ ਵੀ ਹੋ ਰਿਹਾ ਪਰ ਪਿੰਡਾਂ ਦੀ ਸਥਿਤੀ ਪਹਿਲਾ ਨਾਲੋਂ ਵਧੀਆ ਹੋਣ ਦੀ ਬਜਾਏ ਨਿਗਰ ਚੁੱਕੀ ਹੈ ਪਿੰਡਾਂ ਵਿਚ ਵਿਕਾਸ ਨਾਮ ਦੀ ਚੀਜ਼ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਟੁੱਟੀਆਂ ਸੜਕਾਂ ਹਨ , ਨਾ ਪਾਣੀ ਦਾ ਨਿਕਾਸ ਹੈ, ਨਾ ਵਧੀਆ ਬਿਜਲੀ ਨਾ ਵਧੀਆ ਇੰਟਰਨੈਟ ਦੀ ਸਹੂਲਤ ਹੈ। ਪੀਣ ਵਾਲੇ ਪਾਣੀ ਦੀ ਹਾਲਤ ਤਾਂ ਬਹੁਤ ਹੀ ਖ਼ਰਾਬ ਹੈ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਤਰ੍ਹਾਂ ਦਾ ਬਹੁਤ ਕੁਝ ਹੈ ਜੋ ਸੁਧਾਰ ਕਰਨ ਵਾਲਾ ਹੈ ਜਿਵੇਂ ਪਿੰਡ ਦੇ ਸਕੂਲ, ਡਿੰਸਪੈਸਰੀ, ਬੱਸ-ਅੱਡੇ, ਫਸਲਾਂ ਦਾ ਮੰਡੀਕਰਨ ਇਹਨਾਂ ਵੱਲ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ। ਜੋ ਵੀ ਹੈ ਕੁਝ ਮਿਲਾ ਕੇ ਪੰਜਾਬ ਦੀ ਤਸਵੀਰ ਭਿਆਨਕ ਹੈ ਅਤੇ ਇਹ ਤਸਵੀਰ ਬਦ ਤੋਂ ਬਦਤਰ ਹੋ ਰਹੀ ਹੈ ਜੇ ਹੁਣ ਵੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਬਹੁਤ ਦੇਰ ਹੋ ਜਾਵੇਗੀ।


