ਉਨ੍ਹਾਂ ਨਾਲ ਕੰਮ ਕਰੋ
ਉਨ੍ਹਾਂ ਦੇ ਸਰੋਕਾਰ ਜਾਣੋ
ਸੋਚ ਅਤੇ ਸੁਪਨੇ ਵੀ
ਉਨ੍ਹਾਂ ਤੋਂ ਸਿੱਖੋ
ਆਪਣੇ ਵਿਚਾਰ ਮੁੜ ਬਣਾਓ
ਨਵੇਂ ਸੰਘਰਸ਼ਾਂ ਦਾ ਰੂਪ ਘੜੋ
ਤੇ ਮੁੜ ਲੋਕਾਂ ਕੋਲ ਜਾਓ
ਤੁਸੀਂ ਉਨ੍ਹਾਂ ਤੋਂ ਜੋ ਸਿੱਖਿਆ
ਪੜਤਾਲਦਿਆਂ ਵਿਚਾਰਾਂ ਨੂੰ ਸਾਣ ਤੇ ਲਾਓ
ਤਾਂ ਕਿ ਤੁਸੀਂ ਹੋਰ ਅੱਗੇ ਜਾ ਸਕੋ।
ਇਹ ਮਹਾਂਮੰਤਰ ਨਵੰਬਰ ਮਹਿਨੇ ’ਚ ਦੇਸ਼ ਭਰ ਦੇ ਲੱਗਭਗ ਸਾਰੇ ਹੀ ਸੂਬਿਆਂ ’ਚ ਕੱਢੀ ਜਾ ਰਹੀ ਸਿੱਖਿਆ ਸੰਘਰਸ਼ ਯਾਤਰਾ ਦਾ ਮੂਲਮੰਤਰ ਹੈ। ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਦੀ ਅਗਵਾਈ ’ਚ ਦੇਸ਼ ਦੇ ਹਾਕਮਾਂ ਵੱਲੋਂ ਜਿੰਦਗੀ ਦੇ ਹੋਰਨਾਂ ਖੇਤਰਾਂ ਵਾਂਗ ਸਮਾਜ ਦੇ ਬੁਨਿਆਦੀ ਖੇਤਰ ਸਿੱਖਿਆ ਉਪਰ ਵਿੱਢੇ ਨਵਉਦਾਰਵਾਦੀ ਹਮਲੇ ਵਿਰੁੱਧ ਵਿੱਢੀ ਜਾ ਰਹੀ ਇਸ ਮਹੀਨਾ ਭਰ ਦੀ ਸਿੱਖਿਆ ਬਚਾਓ ਮੁੰਹਿਮ ਦੇ ਸਿਖਰ ਤੇ 4 ਦਸੰਬਰ ਨੂੰ ਭੁਪਾਲ (ਮੱਧ ਪ੍ਰਦੇਸ਼) ਵਿਖੇ ਕੀਤੀ ਜਾ ਰਹੀ ਦੇਸ਼ ਪੱਧਰੀ ਰੈਲੀ ’ਚ ਦੇਸ਼ ਭਰ ਦੇ ਅਗਾਂਹਵਧੂ, ਖੱਬੇਪੱਖੀ, ਇਨਕਲਾਬੀ, ਜਮਹੂਰੀ, ਤਰਕਸ਼ੀਲ ਲੋਕ ਇਕੱਠੇ ਹੋ ਕੇ ਮੰਗ ਕਰਨਗੇ ਕਿ ਸਿੱਖਿਆ ਨੂੰ ਵੇਚਣ-ਵੱਟਣ ਦੀ ਵਸਤ ਨਾ ਬਣਾਓ, ਸਿੱਖਿਆ ਨੂੰ ਮੁਨਾਫੇ ਦਾ ਧੰਦਾ ਬਣਾਉਣ ਲਈ ਸਿੱਖਿਆ ਦਾ ਨਿਜੀਕਰਨ ਬੰਦ ਕਰੋ, ਦੇਸ਼ ਦੇ ਹਾਕਮਾਂ ਵੱਲੋਂ ਹਿੰਦੂਤਵੀ ਅਜੰਡੇ ਤਹਿਤ ਬਾਕਾਇਦਾ ਸੋਚੀ ਸਮਝੀ ਸਕੀਮ ਹੇਠ ਸਿੱਖਿਆ ਦਾ ਕੀਤਾ ਜਾ ਰਿਹਾ ਫਿਰਕੂਕਰਨ /ਭਗਵਾਂਕਰਨ ਬੰਦ ਕੀਤਾ ਜਾਵੇ।
ਸਿਖਿਆ ਨੂੰ ਨਿਰੋਲ ਜਮਹੂਰੀ, ਧਰਮ ਨਿਰਪੱਖ ਤੇ ਲੋਕਪੱਖੀ ਲੀਹਾਂ ਤੇ ਚੱਲਦਿਆਂ ਇਕਸਾਰ ਵਿਦਿਅਕ ਪ੍ਰਣਾਲੀ ਕਾਇਮ ਕੀਤੀ ਜਾਵੇ। ਸਿੱਖਿਆ ਖੇਤਰ ’ਚ ਸਮਾਨ ਸਕੂਲ ਸਿਸਟਮ ਤਹਿਤ ਕੇ. ਜੀ. ਤੋਂ ਪੀ. ਜੀ. ਤੱਕ ਮੁਫ਼ਤ ਵਿਦਿਆ ਯਕੀਨੀ ਬਣਾਈ ਜਾਵੇ। ਗਵਾਂਢੀ ਸਕੂਲ ’ਚ ਬਾਕੀ ਸਾਰੇ ਹੀ ਸਕੂਲਾਂ ਵਰਗੀਆਂ ਸਹੂਲਤਾਂ ਮੁੱਹਈਆਂ ਕੀਤੀਆਂ ਜਾਣ। ਇਨ੍ਹਾਂ ਮਨੋਰਥਾਂ ਦੀ ਪੂਰਤੀ ਲਈ ਇੱਕ ਲੰਮੀ, ਮਜਬੂਤ ਤੇ ਵਿਸ਼ਾਲ ਜਦੋਜਹਿਦ ਲੋੜੀਂਦੀ ਹੈ। ਜਲ, ਜੰਗਲ, ਜਮੀਨ, ਜੀਵਿਕਾ ਦੀ ਲੜਾਈ ਦੇ ਨਾਲ-ਨਾਲ ਸਿੱਖਿਆ ਦੇ ਬੁਨਿਆਦੀ ਹੱਕ ਨੂੰ ਬਚਾਉਣ ਲਈ ਜੁਲਾਈ 2010 ’ਚ ਦੇਸ਼ ਭਰ ਦੇ ਅਧਿਆਪਕ, ਵਿਦਿਆਰਥੀ, ਨੌਜਵਾਨ, ਜਮਹੂਰੀ, ਸਮਾਜਕ ਸੰਗਠਨਾਂ ਤੇ ਸ਼ਖ਼ਸੀਅਤਾਂ ਨੇ ਚੇਨਈ ਕਾਨਫਰੰਸ ਦੌਰਾਨ ਚੇਨਈ ਐਲਾਨਨਾਮਾ ਜਾਰੀ ਕਰਦਿਆਂ ਐਲਾਨ ਕੀਤਾ ਕਿ ਇਸ ਅਧਿਕਾਰ ਤੇ ਗਿਆਨ ਹਾਸਲ ਕਰਨ ਦੇ ਬੁਨਿਆਦੀ ਵਿਧਾਨਕ ਹੱਕ ਨੂੰ ਹਰ ਕੀਮਤ ਤੇ ਬਚਾਉਣ ਲਈ ਸਿਰਤੋੜ ਯਤਨ ਕੀਤੇ ਜਾਣਗੇ।
18 ਤੋਂ 20 ਜੁਲਾਈ 2014 ਦੀ ਫੋਰਮ ਦੀ ਕੌਮੀ ਪੱਧਰੀ ਦਿੱਲੀ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ 2 ਨਵੰਬਰ ਤੋਂ 30 ਨਵੰਬਰ ਤੱਕ ਹਰ ਦਰਵਾਜੇ ਤੇ ਦਸਤਕ ਦਿੰਦਿਆਂ ਲੋਕਾਂ ਨੂੰ ਕਾਰਪੋਰੇਟ ਨੀਤੀਆਂ ਤੇ ਇਸ ਬੇਲਗਾਮ ਹੱਲੇ ਖਿਲਾਫ ਕੁੱਲ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਜਾਵੇ। ਸਰਕਾਰੀ ਸਿੱਖਿਆ ਤੰਤਰ ਨੂੰ ਤਬਾਹ ਕਰਨ ਦੀਆਂ ਹਕੂਮਤੀ ਨਵਉਦਾਰਵਾਦੀ ਨੀਤੀਆਂ ਰਾਹੀ ਸੰਵਿਧਾਨ ’ਚ ਦਰਜ ਮੁਫਤ ਸਿਖਿਆ ਦਾ ਹੱਕ ਖੋਹਣ ਦੀਆਂ ਸਾਜਿਸ਼ਾ ਤੋਂ ਜਾਣੂ ਕਰਾਇਆ ਜਾਵੇ। ਲੋਕਾਂ ਨੂੰ ਇਸ ਮੁੰਹਿਮ ਦੌਰਾਨ ਦੱਸਿਆ ਜਾਵੇ ਕਿ ਮੈਕਾਲੇ ਦੀ ਸਿੱਖਿਆ ਪ੍ਰਣਾਲੀ ਨੇ ਦੇਸ਼ ਦੇ ਸਮੁੱਚੇ ਪ੍ਰਬੰਧ ਨੂੰ ਚਲਾਉਣ ਲਈ ਬਾਬੂ ਪੈਦਾ ਕੀਤੇ ਸਨ ਤੇ ਹੁਣ ਜਦੋਂ ਕੰਪਿਊਟਰ ਦੇਸ਼ ਨੂੰ ਚਲਾ ਰਿਹਾ ਹੈ ਤਾਂ ਪੈਕੇਜ ਦੀ ਬੁਰਕੀ ਪਾਉਦਿਆਂ ਵੱਖ-ਵੱਖ ਮੁਹਾਰਤਾ ਵਾਲੇ ਪੁਰਜੇ ਤਿਆਰ ਕੀਤੇ ਜਾਣ, ਉਹ ਪੁਰਜੇ ਜਦੋਂ ਲੋੜ ਹੋਵੇ ਫਿਟ ਕਰ ਲਓ ਨਹੀਂ ਤਾਂ ਪਰਾਂ ਵਗਾਹ ਮਾਰੋ। ਹਾਇਰ ਐਂਡ ਫਾਇਰ ਵੱਡੀ ਗਿਣਤੀ ’ਚ ਇਹ ਪੁਰਜ਼ੇ ਤਿਅਰ ਕਰਨ ਲਈ ਨਿਜੀ ਖੇਤਰ ਨੂੰ ਪਹਿਲ ਦਿੱਤੀ ਜਾਵੇ।
ਇਹ ਪਹਿਲ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਸਰਕਾਰੀ ਸਿੱਖਿਆ ਤੰਤਰ ਪੂਰੀ ਤਰ੍ਹਾਂ ਤਬਾਹ ਕੀਤੀ ਜਾਵੇ। ਵਿਦਿਆ ਵਿਚਾਰੀ ਤਾਂ ਪਰਉਪਕਾਰੀ – ਪਰ ਹੁਣ ਬਣਗੀ ਦੁਕਾਨਦਾਰੀ। ਸਿੱਟੇ ਵੱਜੋਂ ਪੂਰੇ ਮੁਲਕ ਅੰਦਰ ਮੁਫਤ ਸਰਕਾਰੀ ਸਿੱਖਿਆ ਦਾ ਖਾਤਮਾਂ। ਇਸੇ ਲਈ ਮੁਬੰਈ ਨਗਰਪਾਲਿਕਾਂ ਨੇ ਪਬਲਿਕ ਪ੍ਰਾਈਵੇਟ ਪਾਰਟਰਨਰਸ਼ਿੱਪ () ਦੀ ਨੀਤੀ ਤਹਿਤ 1200 ਸਕੂਲ ਐਨ. ਜੀ. ਓ. ਤੇ ਨਿਜੀ ਕੰਪਨੀਆਂ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਕਰਨਾਟਕਾਂ ’ਚ 12000 ਸਕੂਲ, ਰਾਜਸਥਾਨ ’ਚ 17000 ਸਕੂਲ ਬੰਦ ਕੀਤੇ ਜਾ ਰਹੇ ਹਨ। ਉਤਰਾਖੰਡ ’ਚ ਲਗਭਗ 2200 ਸਕੂਲ ਪੀ. ਪੀ. ਪੀ. ਸਕੀਮ ਤਹਿਤ ਨਿਜੀ ਕੰਪਨੀਆਂ ਨੂੰ ਸੌਂਪੇ ਜਾ ਰਹੇ ਹਨ। ਆਧਰਾਂ ਪ੍ਰੇਦਸ਼ ’ਚ 1500 ਸਕਰਾਰੀ ਸਕੂਲ ਬੰਦ ਕਰਨ ਦਾ ਫੈਸਲਾ ਸਰਕਾਰ ਕਰ ਚੁੱਕੀ ਹੈ। ਪੰਜਾਬ ’ਚ ਸਰਕਾਰੀ ਸਕੂਲਾਂ ’ਚ ਕਿਉਕਿ ਬੱਚਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਇਸ ਲਈ ਰੈਸ਼ਨਲਾਇਜੇਸ਼ਨ ਦੇ ਨਾਂ ’ਤੇ ਸਕੂਲ ਬੰਦ ਕੀਤੇ ਜਾ ਰਹੇ ਹਨ। ਸਿੱਖਿਆ ਅਧਿਕਾਰ ਕੰਨੂੰਨ (“5) 2010 ਅਸਲ ’ਚ ਨਿਜੀ ਸਕੂਲਾਂ ਨੂੰ ਪੱਕੇ ਤੌਰ ਤੇ ਸਥਾਪਤ ਕਰਨ ਦੀ ਇੱਕ ਸੋਚੀ ਸਮਝੀ ਚਾਲ ਸੀ। ਇਸ ਤੋਂ ਵੀ ਅੱਗੇ ਪਾਰਲੀਮੈਂਟ ’ਚ ਪੈਡਿੰਗ ਪਏ ਕਾਨੂੰਨਾਂ ’ਚ ਵਿਦੇਸ਼ੀ ਸਿੱਖਿਆ ਸੰਸਥਾਵਾਂ ਕਾਨੂੰਨ-2010 ਸਿੱਖਿਆ ਦੇ ਖੇਤਰ ’ਚ ਵਿਦੇਸ਼ੀ ਨਿਵੇਸ਼ ਤੇ ਵਪਾਰ ਲਈ ਦਰਵਾਜੇ ਬੇਲਗਾਮ ਖੋਲੇ ਜਾਣ ਦੀ ਤਜਵੀਜ ਹੈ।
ਸਿੱਖਿਆ ਨਿਆਂ ਕਾਨੂੰਨ-2010 ਇੱਕ ਅਜਿਹਾ ਕਾਨੂੰਨ ਹੈ ਇਸ ਤਹਿਤ ਇੱਕ ਅਜਿਹੀ ਸੰਸਥਾਂ ਸਿੱਖਿਆ ਖੇਤਰ ’ਚ ਖੜੀ ਕੀਤੀ ਜਾ ਰਹੀ ਹੈ। ਇਸ ਰਾਹੀਂ ਯੂਨੀਵਰਸੀਟੀਆਂ ’ਚ ਕੰਮ ਕਰਦੇ ਸਾਰੇ ਤਬਕਿਆਂ ਤੋਂ ਯੂਨੀਅਨ ਬਨਾਉਣ ਦੇ ਹੱਕ ਤਾਂ ਖੋਹ ਹੀ ਲਏ ਜਾਣਗੇ ਸਗੋਂ ਇਸ ਤੋਂ ਵੀ ਅੱਗੇ ਉਹ ਕਿਸੇ ਕੋਰਟ ਕਚੈਹਰੀ ’ਚ ਵੀ ਨਹੀਂ ਜਾਣਗੇ ਯਾਨਿ ਯੂਨੀਵਰਸਿਟੀਆਂ ਹੁਣ ਨਿਜੀ ਅਜਾਰੇਦਾਰਾਂ ਦੀਆਂ ਰਿਆਸਤਾਂ ਹੋਣਗੀਆਂ। ਤਕਨੀਕੀ ਸਿੱਖਿਆ ਸੰਸਥਾਵਾਂ ਮੈਡੀਕਲ ਸਿੱਖਿਆ ਸੰਸਥਾਵਾਂ ਅਤੇ ਯੂਨੀਵਰਸਟੀਆਂ ’ਚ ਗੈਰ ਕਾਨੂੰਨੀ ਵਿਵਹਾਰ ਤੇ ਪਾਬੰਦੀ ਕਾਨੂੰਨ-2010 ਦੇ ਦਾਇਰੇ ’ਚ ਫੀਸ ਦੇ ਨਾਂ ’ਤੇ ਮੱਚੀ ਅੰਨੀ ਮੁਨਾਫਾਖੋਰੀ ਤਾਂ ਹੀ ਆਵੇਗੀ ਜਦੋਂ ਦਾਖਲੇ ਮੌਕੇ ਦਾਖਲੇ ਦੀ ਰਕਮ ਐਲਾਨੀ ਨਾ ਗਈ ਹੋਵੇ, ਯਾਨਿ ਸਿੱਖਿਆ ’ਚ ਮੁਨਾਫਾਖੋਰੀ ਜਿਹੀ ਲੁੱਟ ਨੂੰ ਕਾਨੂੰਨੀ ਜਾਮਾ ਪਹਿਨਾਂ ਦਿੱਤਾ ਜਾਵੇਗਾ। ‘ਉੱਚ ਸਿੱਖਿਆ ਸੰਸਥਾਵਾਂ ਦੇ ਲਈ ਰਾਸ਼ਟਰੀ ਮਾਪਦੰਡ ਨਿਯਮਤ ਕਰਨ ਵਾਲੀ ਅਥਾਰਟੀ ਕਾਨੂੰਨ-2010 ਦਾ ਮਕਸਦ ਉਝ ਤਾਂ ਸਿਖਿਆ ਦੀ ਕਵਾਲਟੀ ਨੂੰ ਬਣਾਈ ਰੱਖਣਾ ਹੈ ਪਰ ਇਸ ਦਾ ਅਸਲ ਉਦੇਸ਼ ਗੈਰ ਅਕਾਦਮਿਕ ਹੈ। ਉੱਚ ਸਿੱਖਿਆ ਸੰਸਥਾਵਾਂ ਨੂੰ ਵੱਖ ਵੱਖ ਸ੍ਰੇਣੀਆਂ ’ਚ ਵੰਡ ਕੇ ਅਤੇ ਇਸ ਦੀ ਰਜਿਸਟਰੇਸ਼ਨ ਕਰਕੇ ਇਹ ਅਥਾਰਟੀ ਸ਼ੇਅਰ ਬਾਜਾਰ ਦੇ ਦਲਾਲਾਂ ਵਾਂਗ ਰੋਲ ਨਿਭਾਉਦਿਆਂ ਵਿਦਿਆਰਥੀਆਂ ਨੂੰ ਇੱਕ ਮੁਨਾਫਾਯੋਗ ਵਿਵਸਥਾ ’ਚ ਬਿਹਤਰ ਨਿਵੇਸ਼ ਦੀਆਂ ਸੰਭਾਵਨਾਵਾਂ ਦਿਖਾਵੇਗਾ ਤਾਂ ਕਿ ਉਹ ਵੱਡੇ ਪੈਕੇਜ ਹਾਸਲ ਕਰ ਸਕਣ।
ਉੱਚ ਸਿੱਖਿਆ ਅਤੇ ਸੋਧ ਕਾਨੂੰਨ-2011 ਰਾਹੀਂ ਇੱਕ ਅਜਿਹੇ ਕੌਮੀ ਕਮਿਸ਼ਨ ਦਾ ਗਠਨ ਦਾ ਮਸੌਦਾ ਜਿਹੜਾ ਕਾਰਪੋਰੇਟ ਪੂੰਜੀ ਦੀ ਮੰਸ਼ਾ ਦੇ ਮੁਤਾਬਿਕ ਸਿੰਗਲ ਵਿੰਡੋ ਬਣਾਵੇਗਾ। ਇਸ ਤਰ੍ਹਾਂ ਸਿੱਖਿਆ ਯਾਨੀ ਉੱਚ ਸਿੱਖਿਆ ਦੇ ਖੇਤਰ ’ਚ ਸੁਧਾਰਾਂ ਦੇ ਨਾਂ ਹੇਠ ਲਿਆਂਦੇ ਜਾ ਰਹੇ ਕਾਨੂੰਨ ਅਸਲ ’ਚ ਬਾਜਾਰ ਦੀਆਂ ਤਾਕਤਾਂ ਨੂੰ ਮਜਬੂਤ ਕਰਨ ਅਤੇ ਸਿੱਖਿਆ ਨੂੰ ਸਿਰਫ ਤੇ ਸਿਰਫ ਵੇਚਣ ਵਾਲੀ ਵਸਤੂ ਬਣਾ ਦੇਣਗੇ। ਤੁਹਾਡੇ ਕੋਲ ਤਾਕਤ ਹੈ, ਤੁਸੀਂ ਖਰੀਦ ਸਕੋਗੇ, ਨਹੀਂ ਤਾਕਤ ਤਾਂ ਨਹੀਂ। ਕਿਉਕਿ ਸਾਧਨਹੀਣ 80 ਪ੍ਰਤੀਸ਼ਤ ਲੋਕ ਤਾਂ ਜ਼ਿੰਦਗੀ ਦੀਆਂ ਕਿੰਨ੍ਹੀਆਂ ਹੀ ਲੋੜਾਂ ਤੋਂ ਵਿਰਵੇ ਹਨ। ਦੋ ਅੱਖਾਂ ਤਾਂ ਰੋਜੀ, ਰੋਟੀ ਤੇ ਮਕਾਨ ਨੂੰ ਤਰਸਦੀਆਂ ਧੁੰਧਲਾ ਚੁੱਕੀਆਂ ਹਨ, ਤੀਜੀ ਅੱਖ ਤੋਂ ਕਰਵਾਉਣਾ ਹੀ ਕੀ ਹੈ, ਸਿੱਖਿਆ ਅਧਿਕਾਰ ਕਾਨੂੰਨ 2009 ਅੱਠਵੀਂ ਤੱਕ ਮੁਫਤ ਸਿਖਿਆ ਦੀ ਗਰੰਟੀ ਤਾਂ ਕਰਦਾ ਹੈ ਪਰ ਉਸਤੋਂ ਬਾਅਦ ਬੱਚਾ ਢੱਠੇ ਖੂਹ ’ਚ ਜਾਵੇ। ਪ੍ਰਾਈਵੇਟ ਸਕੂਲਾਂ ’ਚ ਗਰੀਬ ਦਲਿਤ ਬੱਚਿਆਂ ਲਈ 25 ਪ੍ਰਤੀਸ਼ਤ ਸੀਟਾਂ ਰਾਖਵੀਆਂ ਦੇ ਢੰਡੋਰੇ ਦਾ ਅਮਲ ਸਾਹਮਣੇ ਹੈ- ਡਰਾਮਾ ਤੇ ਸਿਰਫ ਡਰਾਮਾ ਅਸਲ ’ਚ ਇਸ ਕਾਨੂੰਨ ਦਾ ਮਕਸਦ ਦੇਸ਼ ਦੇ ਹਰ ਬੱਚੇ ਨੂੰ ਬਿਨ੍ਹਾਂ ਭੇਦਭਾਵ ਤੋਂ ਮੁਫਤ ਅਤੇ ਬੇਹਤਰ ਸਕੂਲ ਸਿਖਿਆ ਦੇਣਾ ਨਹੀਂ ਹੈ ਸਗੋਂ ਸਰਕਾਰੀ ਸਕੂਲ ਤੰਤਰ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਹੈ, ਸਿਖਿਆ ਨੂੰ ਮਹਿੰਗਾ ਕਰਨਾ ਹੈ, ਸਿਖਿਆ ਦੇ ਖੇਤਰ ’ਚ ਬਾਜਾਰੀਕਰਨ ਤੇ ਨਿਜੀਕਰਨ ਨੂੰ ਤੇਜ ਕਰਨਾ ਹੈ। ਪਬਲਿਕ ਦੇ ਪੈਸੇ ਨੂੰ ਪੀ. ਪੀ. ਪੀ. ਦੇ ਤਹਿਤ ‘ਫੀਸ ਭਰਨ’ ਦੇ ਨਾਂ ਤੇ ਕਾਰਪੋਰੇਟ ਘਰਾਣਿਆਂ ਅਤੇ ਐਨ. ਜੀ. ਓ. ਨੂੰ ਵੇਚਣਾਹੈ।
ਸਿਖਿਆ ਦੇ ਖੇਤਰ ’ਚ ਗੁਜਰਾਤ ਤੋਂ ਬਾਅਦ ਹੁਣ ਪੂਰੇ ਹਿੰਦੋਸਤਾਨ ’ਚ ਮੋਦੀਰਾਜ ਦੇ ਆਉਣ ਦੇ ਨਾਲ ਨਾਲ ਹੀ ਵਿਦਿਆ ਦਾ ਹਿੰਦੁਤਵੀ ਲੀਹਾਂ ਤੇ ਭਗਵਾਂਕਰਨ ਦਾ ਅਮਲ ਯੋਜਨਾਬੱਧ ਤਰੀਕੇ ਨਾਲ ਤੇਜ ਕਰ ਦਿੱਤਾ ਗਿਆ ਹੈ। ਮਿਥਿਹਾਸ ਨੂੰ ਇਤਿਹਾਸ ਬਨਾਉਣ ਦੀ ਕਵਾਇਦ ਬੁਰੀ ਤਰ੍ਹਾਂ ਤੇਜ ਕਰ ਦਿੱਤੀ ਗਈ ਹੈ। ਆਰ. ਐਸ. ਐਸ. ਦੇ ਪੁਰਾਣੇ ਧੁਰੰਤਰ ਦੀਨਾ ਨਾਥ ਬੱਤਰਾ ਦੀ ਅਗਵਾਈ ’ਚ ਸਮੁੱਚੇ ਸਿਖਿਆ ਸਿਲੇਬਸ ਨੂੰ ਹਿੰਦੁਵਾਦੀ ਲੀਹਾਂ ਦੇ ਢਾਲਣ, ਬਦਲਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਜਪਾਨ ਦੇ ਦੌਰੇ ਤੇ ਗਏ ਮੋਦੀ ਵੱਲੋਂ ਜਪਾਨੀ ਪ੍ਰਧਾਨ ਮੰਤਰੀ ਨੂੰ ‘ਗੀਤਾ’ ਪੇਸ਼ ਕਰਨਾ, ਨੇਪਾਲ ਯਾਤਰਾ ਤੇ ਪਸੂਪਤੀਨਾਥ ਦੇ ਮੰਦਰਾਂ ’ਚ ਤਿੰਨ ਲੱਖ ਰੁਪਏ ਦਾ ਸੰਧੂਰ ਚੜ੍ਹਾਉਣਾ ਤਾਂ ਕੁੱਝ ਘਟਨਾਵਾਂ ਹਨ। ਬਾਕਾਇਦਾ ਪ੍ਰੋਜੈਕਟ ਬਣਾਕੇ ਸਮੁੱਚੇ ਗਿਆਨ ਪ੍ਰਬੰਧ ਨੂੰ ਬਦਲਣ, ਭਗਵਾਂਕਰਨ ਰਾਹੀਂ ਹਿੰਦੂ ਕਥਾਵਾਂ ਨੂੰ ਅਮਲ ਦਾ ਜਾਮਾ ਪਹਿਨਾਉਣਾ, ਘੱਟ ਗਿਣਤੀਆਂ ਨੂੰ ਹਾਸ਼ੀਏ ਤੇ ਧੱਕਣ ਲਈ ਪੂਰੇ ਜੋਰ ਸ਼ੋਰ ਨਾਲ ਮੋਦੀ ਦਾ ਪੂਰਾ ਤੰਤਰ ਪੱਬਾਂ ਭਾਰ ਹੋ ਚੁੱਕਾ ਹੈ।
ਸਿੱਖਿਆ ਦੇ ਵਪਾਰੀਕਰਨ ਅਤੇ ਭਗਵਾਂਕਰਨ ਨੂੰ ਨੱਥ ਮਾਰਨ, ਸਭਨਾ ਲਈ ਸਿਖਿਆ ਇੱਕ ਸਾਮਾਨ ਹਾਸਲ ਕਰਨ ਲਈ, ਕਾਮਨ ਸਕੂਲ ਦੀ ਸਥਾਪਨਾ ਦੀ ਮੰਗ ਨੂੰ ਲੈ ਕੇ ਨਿਰਮਤ ‘ਕੁੱਲ ਹਿੰਦ ਸਿਖਿਆ ਅਧਿਕਾਰ ਮੰਚ’ ਵੱਲੋਂ ਨਵੰਬਰ ਮਹੀਨੇ ’ਚ ਦੇਸ਼ ’ਚ ਕੱਢੀ ਜਾਣ ਵਾਲੀ ਸਿਖਿਆ ਸੰਘਰਸ਼ ਯਾਤਰਾ ਦੀ ਕਾਮਯਾਬੀ ਲਈ ਸਾਰੇ ਹੀ ਰਾਜਾਂ ’ਚ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। 2 ਤੋਂ ੪ ਅਕਤੂਬਰ ਤੱਕ ਪੰਜਾਬ ਰਾਜ ਦੀ ਤਿੰਨ ਰੋਜਾ ਵਰਕਸ਼ਾਪ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ’ਚ ਲੱਗਭਗ ਦੋ ਸੋ ਦੇ ਕਰੀਬ ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਭਾਗ ਲਿਆ। ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ, ਡੀ. ਐਸ. ਯੂ, ਆਰ. ਵਾਈ. ਐਸ. ਐਫ, ਪੀ. ਐਸ. ਯੂ, ਨੌਜਵਾਨ ਭਾਰਤ ਸਭਾਵਾਂ (ਤਿੰਨੇ) ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਇਨਕਲਾਬੀ ਕੇਂਦਰ ਪੰਜਾਬ, ਲੋਕ ਕਲਾ ਮੰਚ ਮੁੱਲਾਪੁਰ, ਵਿਦਿਅਕ ਮਾਹਰਾਂ, ਸਿੱਖਿਆ ਖੇਤਰ ਦੀਆਂ ਸਖਸ਼ੀਅਤਾਂ ਨੇ ਭਾਗ ਲਿਆ। ਪਹਿਲੇ ਦਿਨ ਪਿ੍ਰੰਸੀਪਲ ਤਰਲੋਕ ਬੰਧੂ, ਡਾ. ਕੁਲਦੀਪ ਸਿੰਘ (ਪਟਿਆਲਾ) ਪ੍ਰੋ. ਏ. ਕੇ. ਮਲੇਰੀ ਦੀ ਪ੍ਰਧਾਨਗੀ ’ਚ ਏ. ਆਈ. ਐਫ ਆਰ ਟੀ ਈ ਪ੍ਰੀਜੀਡੀਅਮ ਮੈਂਬਰ ਡਾ. ਮਧੂ ਪ੍ਰਸਾਦ ਨੇ ‘ਸਿਖਿਆ ਉਪਰ ਨਵਉਦਾਰਵਾਦੀ ਹਮਲਾ’ ਵਿਸ਼ੇ ਤੇ ਖੋਜ ਭਰਪੂਰ ਲੰਮਾ ਭਾਸ਼ਣ ਸਾਂਝਾ ਕੀਤਾ। ਵੀਹ ਦੇ ਲਗਭਗ ਸਰੋਤਿਆਂ ਨੇ ਸਵਾਲ ਰੱਖੇ। ਪੀ. ਏ. ਯੂ. ਦੇ ਸਾਬਕਾ ਮੁਲਾਜਮ ਆਗੂ ਅਮਿ੍ਰਤਪਾਲ ਨੇ ਬਹਿਸ ਦੀ ਸ਼ੁਰੂਆਤ ਕੀਤੀ। ਬਹਿਸ ਦੇ ਭਖਾਅ ਨੇ ਸਰੋਤਿਆਂ ਦੀ ਦਿਲਚਸਪੀ ’ਚ ਵਾਧਾ ਕੀਤਾ। ਦੂਜੇ ਦਿਨ ਡੀ. ਟੀ. ਐਫ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਬਠਿੰਡਾ ਤੋਂ ਪੁੱਜੇ ਸਿਖਿਆ ਮਾਹਰਾਂ ਡਾ. ਕਮਲਜੀਤ ਸਿੰਘ, ਡਾ: ਰੁਪਿੰਦਰ ਸਿੰਘ, ਪੀ. ਏ. ਯੂ ਦੇ ਉੱਘੇ ਆਰਥਕ ਮਾਹਰ ਡਾ: ਸੁਖਪਾਲ ਦੀ ਪ੍ਰਧਾਨਗੀ ਹੇਠ ਪਹਿਲਾਂ ਡਾ: ਮਧੂ ਪ੍ਰਸਾਦ ਨੇ ਸਿਖਿਆ ਦੇ ਭਗਵੇਕਰਨ ਦੇ ਅਤਿ ਗੰਭੀਰ ਮੁੱਦੇ ਤੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ, ਜਿਸ ਉਪਰ ਤਰਕਸ਼ੀਲ ਆਗੂ ਹੇਮਰਾਜ ਸਟੈਨੋ ਨੇ ਵਿਚਾਰ ਪਸਾਰ ਕੀਤਾ।
ਡਾ: ਸੁਖਪਾਲ ਪੰਜਾਬ ਦੇ ਪੇਂਡੂ ਖੇਤਰ ’ਚ ਆਪਣੀ ਤਾਜਾ ਖੋਜ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪਿੰਡਾਂ ’ਚੋਂ ਸਰਕਾਰੀ ਸਿਖਿਆ ਦਾ ਖਾਤਮਾ, ਵੱਡੀ ਪੱਧਰ ਤੇ ਡਰਾਪ ਆਉਟ, ਉਚ ਸਿਖਿਆ ’ਚ ਪੇਂਡੂ ਖੇਤਰ ਦਾ ਘੱਟ ਰਿਹਾ ਹਿੱਸਾ ਭਾਰਤੀ ਸਮਾਜ ਲਈ ਘੋਰ ਚਿੰਤਾ ਦਾ ਵਿਸ਼ਾ ਹੈ। ਇਸ ਸਮੇਂ ਭੂਪਾਲ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਡਾ. ਅਨਿਲ ਸਦਗੋਪਾਲ ਨੇ ਫੋਰਮ ਦੇ ਨਿਰਮਾਣ ਦੀ ਜ਼ਰੂਰਤ ਸੰਘਰਸ਼ ਤੇ ਨਿਰਮਾਣ ਦੀ ਭੂਮਿਕਾ ਵਿਸ਼ੇ ਤੋਂ ਬੋਲਦਿਆਂ ਫੋਰਮ ਵੱਲੋਂ ਕਾਮਨ ਸਕੂਲ ਸਿਸਟਮ ਯਾਨਿ ਗਵਾਂਢੀ ਸਕੂਲ ’ਚ ਹੀ ਸਾਰੀਆਂ ਸਹੂਲਤਾਂ, ਸਰਕਾਰੀ ਫੰਡਿੰਗ ਰਾਹੀ ਹਰ ਬੱਚੇ ਲਈ ਕੇ. ਜੀ. ਤੋਂ ਪੀ. ਜੀ ਤੱਕ ਮੁਫਤ ਸਿਖਿਆ ਵਿਵਸਥਾ ਦੇ ਅਤਿਅੰਤ ਮਹੱਤਵਪੂਰਨ ਮੁੱਦੇ ਤੇ ਖੁੱਲ੍ਹ ਕੇ ਵਿਚਾਰ ਰੱਖੇ। ਉਠੇ ਸਵਾਲਾਂ ਤੇ ਸ਼ੰਕਿਆਂ ਦਾ ਸਮਾਧਾਨ ਤੇ ਪ੍ਰਧਾਨਗੀ ਟਿੱਪਣੀ ਉਪਰੰਤ ਸੂਬਾ ਪੱਧਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ’ਚ ਪ੍ਰੋ: ਜਗਮੋਹਨ ਸਿੰਘ, ਡਾ: ਕੁਲਦੀਪ, ਡਾ. ਭੀਮ ਇੰਦਰ, ਪਿ੍ਰੰਸੀਪਲ ਤਰਲੋਕ ਬੰਧੂ, ਭੁਪਿੰਦਰ ਵੜੈਚ, ਅਮਰਜੀਤ ਬਾਜੇਕੇ, ਹਰਬੰਸ ਸੋਨੂ, ਹਰਚੰਦ ਭਿੰਡਰ, ਨਰਾਇਣ ਦੱਤ, ਮਨਦੀਪ ਦੇ ਨਾਮ ਵੱਖ ਵੱਖ ਜਥੇਬੰਦੀਆਂ ਨੇ ਦਿੱਤੇ।
6 ਨਵੰਬਰ ਨੂੰ ਉਤਰੀ ਜੋਨ ਦੀ ਜੰਮੂ ਤੋਂ ਚੱਲਣ ਵਾਲੀ ਸਿਖਿਆ ਸੰਘਰਸ਼ ਯਾਤਰਾ ਪਠਾਨਕੋਟ ਵਿਖੇ ਪੰਜਾਬ ਦੇ ਸਾਥੀਆਂ ਵੱਲੋਂ ਰਸੀਵ ਕੀਤਾ ਜਾਣਾ ਹੈ। ਗੁਰਦਾਸਪੁਰ, ਅੰਮਿ੍ਰਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ, ਪਟਿਆਲਾ ਜਿਲ੍ਹਿਆਂ ਵਿੱਚ ਦੀ ਹੁੰਦੀ ਹੋਈ ਹਰਿਆਣਾ ’ਚ ਦਾਖਲ ਹੋਵੇਗੀ। ਪੰਜਾਬ ਦੀ ਤਾਲਮੇਲ ਕਮੇਟੀ ਵੱਲੋਂ ਇਸ ਮੁੰਹਿਮ ਦੀ ਸਫਲਤਾ ਲਈ ਸਾਰੀਆਂ ਹੀ ਅਧਿਆਪਕ ਜਥੇਬੰਦੀਆਂ, ਧਿਰਾਂ, ਨੌਜਵਾਨ ਵਿਦਿਆਰਥੀ ਜਥੇਬੰਦੀਆਂ ਨਾਲ ਸੰਪਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ ਗਈ। ਇਸ ਦੌਰਾਨ ਕਮੇਟੀ ਦਾ ਘੇਰਾ ਵਧਾਉਣ ਲਈ ਯਤਨ ਜਾਰੀ ਹਨ। ਸਿਖਿਆ ਸੰਘਰਸ਼ ਯਾਤਰਾ ਮੰੁਹਿਮ ਇਨ੍ਹਾਂ ਮੁੱਦਿਆਂ ਨੂੰ ਹਾਸਲ ਕਰਨ ਦਾ ਇੱਕ ਪੜ੍ਹਾਅ ਹੈ – ਸੰਘਰਸ਼ ਤਾਂ ਆਖਰੀ ਮੁਕਾਮ ਤੱਕ ਜਾਰੀ ਰੱਖਣਾ ਹੈ ਹਰ ਨਾਗਰਿਕ ਨੂੰ ਸਿਖਿਆ ਦਾ ਅਧਿਕਾਰ ਬਚਾਉਣ ਦੇ ਇਸ ਸੰਘਰਸ਼ ’ਚ ਸ਼ਾਮਲ ਕਰਨਾ ਕੁੱਲ ਹਿੰਦ ਸਿਖਿਆ ਅਧਿਕਾਰ ਮੰਚ ਦਾ ਮੰਤਵ ਹੈ।


