By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਾਮ ਬਦਲੀ ਦੀ ਫਿਰਕੂ ਸਿਆਸਤ ਦੀ ਫਾਸ਼ੀਵਾਦੀ ਵਿਰਾਸਤ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਨਾਮ ਬਦਲੀ ਦੀ ਫਿਰਕੂ ਸਿਆਸਤ ਦੀ ਫਾਸ਼ੀਵਾਦੀ ਵਿਰਾਸਤ
ਨਜ਼ਰੀਆ view

ਨਾਮ ਬਦਲੀ ਦੀ ਫਿਰਕੂ ਸਿਆਸਤ ਦੀ ਫਾਸ਼ੀਵਾਦੀ ਵਿਰਾਸਤ

ckitadmin
Last updated: July 18, 2025 10:27 am
ckitadmin
Published: November 17, 2018
Share
SHARE
ਲਿਖਤ ਨੂੰ ਇੱਥੇ ਸੁਣੋ

-ਮਨਦੀਪ
 

ਭਾਰਤ ਦੇ ਕਈ ਸੂਬਿਆਂ ਵਿਚ ਕਈ ਜਨਤਕ ਥਾਵਾਂ, ਪਿੰਡਾਂ, ਸ਼ਹਿਰਾਂ, ਸੜਕਾਂ, ਰੇਲਵੇਂ ਸਟੇਸ਼ਨਾਂ ਆਦਿ ਦੀ ਨਾਮ ਬਦਲੀ ਦੀ ਮੁਹਿੰਮ ਲਗਾਤਾਰ ਤੇਜੀ ਫੜ ਰਹੀ ਹੈ। ਨਾਮ ਬਦਲੀ ਦੀ ਇਹ ਮੁਹਿੰਮ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕਈ ਸੂਬਾਈ ਤੇ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਦੁਆਰਾ ਚਲਾਈ ਜਾ ਰਹੀ ਹੈ। ਇਸਦਾ ਇੱਕ ਪਹਿਲੂ ਇਹ ਵੀ ਹੈ ਕਿ ਇਹ ਮੁਹਿੰਮ ਜਿਉਂ-ਜਿਉਂ 2019 ਦੀਆਂ ਲੋਕ ਸਭਾਂ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ-ਤਿਉਂ ਹੋਰ ਤੇਜ ਕੀਤੀ ਜਾ ਰਹੀ ਹੈ। ਮੌਜੂਦਾ ਕੇਂਦਰ ਸਰਕਾਰ ਖਿਲਾਫ ਨੋਟਬੰਦੀ, ਭ੍ਰਿਸ਼ਟਾਚਾਰ, ਵੱਧਦੀ ਮਹਿੰਗਾਈ, ਬੇਰੁਜਗਾਰੀ, ਘੁਟਾਲੇ, ਰੁਪਏ ਦੀ ਡਾਲਰ ਮੁਕਾਬਲੇ ਕਦਰ ਘਟਾਈ, ਸੀਬੀਆਈ ਤੇ ਆਰਬੀਆਈ ਵਿਵਾਦ ਆਦਿ ਅਨੇਕਾਂ ਮੁੱੱਦਿਆਂ ਨੂੰ ਲੈ ਕੇ ਵਿਰੋਧ ਦੀ ਸੁਰ ਲਗਾਤਾਰ ਤਿੱਖੀ ਹੋ ਰਹੀ ਹੈ। ਪਰੰਤੂ ਭਾਜਪਾ ਸਰਕਾਰ ਇਨ੍ਹਾਂ ਬੁਨਿਆਦੀ ਮੁੱਦਿਆਂ ਤੋਂ ਸੰਬੋਧਿਤ ਨਾ ਹੋ ਕੇ ਆਰਐਸਐਸ ਦੇ ਵਿਚਾਰਧਾਰਕ ਏਜੰਡੇ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ। ਇਸ ਮਨਸ਼ੇ ਤਹਿਤ ਰਾਮ ਮੰਦਿਰ ਦੇ ਮੁੱਦੇ ਨੂੰ ਚੋਣਾਂ ਦੇ ਨੇੜੇ ਆ ਕੇ ਮੁੜ-ਸੁਰਜੀਤ ਕਰਨਾ, ਸਬਰੀਮਾਲਾ ਮੰਦਿਰ ਦੇ ਮੁੱਦੇ ਨੂੰ ਫਿਰ ਤੋਂ ਉਭਾਰ ਕੇ ਸੁਪਰੀਮ ਕੋਰਟ ਨੂੰ ਨਸੀਹਤ ਤੱਕ ਦੇਣੀ, ਤੇਲੰਗਾਨਾ ‘ਚ ਬੀਜੇਪੀ ਮੈਨੀਫੈਸਟੋ ‘ਚ ਚੋਣਾਂ ਜਿੱਤਣ ਦੌਰਾਨ ਇੱਕ ਲੱਖ ਗਾਂ ਮੁਫਤ ਵੰਡਣ ਦਾ ਵਾਅਦਾ ਕਰਨਾ ਅਤੇ ਮੁਸਲਿਮ ਅਤੀਤ ਵਾਲੀਆਂ ਇਤਿਹਾਸਕ ਥਾਵਾਂ ਦੇ ਨਾਮ ਬਦਲਕੇ ਹਿੰਦੂ ਧਰਮ ਅਤੇ ਸੰਸਕ੍ਰਿਤਿਕ ਸ਼ਬਦਾਂ ਦੇ ਨਾਂ ਤੇ ਰੱਖਣ ਆਦਿ ਦੀ ਫਿਰਕੂ ਕਵਾਇਦ ਜਿੱਥੇ ਸਰਕਾਰ ਦੀ ਚਾਰ ਸਾਲ ਦੀ ਨਮੋਸ਼ੀਜਨਕ ਕਾਰਗੁਜਾਰੀ ਨੂੰ ਕੱਜਣ ਲਈ ਕੀਤੀ ਜਾ ਰਹੀ ਹੈ ਉੱਥੇ ਨਾਲ ਹੀ ਨਜਦੀਕ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਹਿੰਦੂ-ਮੁਸਲਮਾਨ ਵਿਚਕਾਰ ਫਿਰਕੂ ਧਰੁਵੀਕਰਨ ਕਰਕੇ ਬਹੁਗਿਣਤੀ ਹਿੰਦੂ ਵੋਟ ਨੂੰ ਪ੍ਰਭਾਵਿਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਨਾਮ ਬਦਲੀ ਦੀ ਮੁਹਿੰਮ ਭਾਜਪਾ ਦੀ ਫਿਰਕੂ ਸਿਆਸਤ ਦਾ ਇੱਕ ਹੋਰ ਨਵਾਂ ਪੱਤਾ ਹੈ ਜਿਸਨੂੰ ਪਿਛਾਖੜੀ ਹਿੰਦੂ ਭਾਈਚਾਰੇ ਦਾ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਮੁਹਿੰਮ ਲਗਾਤਾਰ ਤੇਜ ਹੁੰਦੀ ਜਾ ਰਹੀ ਹੈ।

ਭਾਰਤ ਸਮੇਤ ਦੁਨੀਆਂ ਭਰ ‘ਚ ਜਨਤਕ ਥਾਵਾਂ ਅਤੇ ਸ਼ਹਿਰਾਂ ਦੇ ਨਾਮ ਬਦਲੇ ਜਾਣ ਦਾ ਲੰਮਾ-ਚੌੜਾ ਅਤੇ ਪੁਰਾਣਾ ਇਤਿਹਾਸ ਰਿਹਾ ਹੈ। ਦੁਨੀਆਂ ਦੇ ਲਗਭਗ ਹਰ ਦੇਸ਼ ਦੇ ਇਤਿਹਾਸ ਵਿਚ ਉੱਥੋਂ ਦੇ ਪਿੰਡਾਂ-ਸ਼ਹਿਰਾਂ, ਜਨਤਕ ਥਾਵਾਂ ਅਤੇ ਗਲੀਆਂ-ਸੜਕਾਂ ਦੇ ਨਾਮ ਬਦਲੇ ਜਾਣ ਦੇ ਭੂਗੋਲਿਕ, ਭਸ਼ਾਈ, ਰਾਜਨੀਤਿਕ, ਸਰਹੱਦੀ ਅਤੇ ਧਾਰਮਿਕ ਕਾਰਨ ਰਹੇ ਹਨ। ਦੇਸ਼ ਅਤੇ ਦੁਨੀਆਂ ਦੇ ਇਤਿਹਾਸ ‘ਚ ਨਾਮ ਬਦਲੀ ਦੇ ਜਿਆਦਾਤਰ ਸੰਘਰਸ਼ ਅਤੇ ਮੁਹਿੰਮਾਂ ਭਾਸ਼ਾ ਅਤੇ ਸਰਹੱਦੀ ਵੰਡ ਨੂੰ ਲੈ ਕੇ ਚੱਲੀਆਂ ਹਨ ਭਾਵੇਂ ਕਿ ਇਹਨਾਂ ਸੰਘਰਸ਼ਾਂ ਅਤੇ ਮੁਹਿੰਮਾਂ ਦਾ ਇਹ ਇਕਲੋਤਰਾ ਪਹਿਲੂ ਕਦੇ ਵੀ ਨਹੀਂ ਰਿਹਾ।ਧਰਮ ਅਤੇ ਸਿਆਸਤ ਦੇ ਬਹੁਪਸਾਰੀ ਪਹਿਲੂ ਵੀ ਸਦਾ ਇਹਨਾਂ ਸੰਘਰਸ਼ਾਂ ਦੇ ਸਮਾਨਰਥੀ ਚੱਲਦੇ ਆਉਂਦੇ ਰਹੇ ਹਨ। ਪੰਜਾਬੀ ਅਤੇ ਤਾਮਿਲ ਭਾਸ਼ਾ ਅਧਾਰਿਤ ਸੂਬਿਆਂ ਦਾ ਨਾਮਕਰਨ ਕਰਨ ਦਾ ਸੰਘਰਸ਼ ਇਸਦੀਆਂ ਮਿਸਾਲਾਂ ਹਨ।

 

 

ਨਾਮ ਬਦਲੀ ਦੀ ਸਿਆਸਤ ਪਿੱਛੇ ਵਿਚਾਰਧਾਰਕ ਸਿਆਸੀ ਸਵਾਲ ਸਦਾ ਅਹਿਮ ਰਿਹਾ ਹੈ। ਰਜਵਾੜਾਸ਼ਾਹੀ ਵੇਲੇ ਤੋਂ ਹੀ ਨਾਮਕਰਨ ਨੂੰ ਸੱਤਾ ਦੇ ਪ੍ਰਤੀਕ ਵਜੋਂ ਸਥਾਪਿਤ ਕੀਤਾ ਜਾਂਦਾ ਆ ਰਿਹਾ ਹੈ। ਸੱਤਾ ਬਦਲੀ ਦੇ ਨਾਲ ਹੀ ਇਹਨਾਂ ਪ੍ਰਤੀਕਾਂ ਨੂੰ ਮਿਟਾਉਣ ਅਤੇ ਬਦਲਣ ਦੇ ਯਤਨ ਇਤਿਹਾਸ ‘ਚ ਸਦਾ ਹੁੰਦੇ ਚੱਲੇ ਆ ਰਹੇ ਹਨ। ਨਾਮ ਬਦਲੀ ਦੀ ਇਹ ਸਿਆਸਤ ਸੱਤਾਧਾਰੀਆਂ ਦੀ ਸਿਆਸਤ ਨੂੰ ਸਥਾਪਿਤ ਕਰਨ ਅਤੇ ਉਚਿਆਉਣ ਦਾ ਵਾਹਕ ਬਣਦੀ ਆ ਰਹੀ ਹੈ। ਸੋਵੀਅਤ ਯੂਨੀਅਨ ਦੇ ਹੋਂਦ ‘ਚ ਆਉਣ ਤੋਂ ਬਾਅਦ ਵੱਡੀ ਪੱਧਰ ਤੇ ਸਾਮਰਾਜੀ ਅਤੇ ਸਰਮਾਏਦਾਰੀ ਦੇ ਪ੍ਰਤੀਕਾਂ ਨੂੰ ਮਿਟਾਕੇ ਅਤੇ ਬਦਲਕੇ ਮਜਦੂਰ ਜਮਾਤ ਦੇ ਪ੍ਰਤੀਕਾਂ ਨੂੰ ਸਥਾਪਿਤ ਕੀਤਾ ਗਿਆ ਸੀ। ਗਲੀਆਂ, ਸੜਕਾਂ, ਸ਼ਹਿਰਾਂ, ਚੌਕਾਂ ਅਤੇ ਜਨਤਕ ਥਾਵਾਂ ਦੇ ਨਾਵਾਂ ਉੱਤੇ ਕੂਚੀਆਂ ਫੇਰ ਕੇ ਸੰਸਾਰ ਨਕਸ਼ੇ ਉੱਤੇ ਪੁਰਾਣੇ ਪੂੰਜੀਵਾਦੀ ਪ੍ਰਤੀਕਾਂ ਨੂੰ ਮਿਟਾਕੇ ਨਵੇਂ ਪ੍ਰਤੀਕ ਲੀਕ ਦਿੱਤੇ ਗਏ ਸਨ। ਸੋਵੀਅਤ ਯੂਨੀਅਨ ‘ਚ ਗਲੀਆਂ, ਸੜਕਾਂ, ਸ਼ਹਿਰਾਂ, ਚੌਕਾਂ ਅਤੇ ਜਨਤਕ ਥਾਵਾਂ ਦੇ ਨਾਮ ਬਦਲਕੇ ਕਮਿਊਨਿਸਟ ਆਗੂਆਂ ਅਤੇ ਕਮਿਊਨਿਸਟ ਵਿਚਾਰਧਾਰਾ ਪੱਖੀ ਲੇਖਕਾਂ ਦੇ ਨਾਮ ਉੱਕਰ ਦਿੱਤੇ ਗਏ ਸਨ। ਉਹਨਾਂ ਦੇ ਨਾਮ ਉੱਤੇ ਅਨੇਕਾਂ ਬੁੱਤ ਸਥਾਪਿਤ ਕੀਤੇ ਗਏ। ਬਾਅਦ ‘ਚ ਦੂਜੀ ਸੰਸਾਰ ਜੰਗ ਸਮੇਂ ਜਰਮਨ ‘ਚ ਹਿਟਲਰ ਦੇ ਸੱਤਾ ‘ਤੇ ਕਾਬਜ ਹੋਣ ਬਾਅਦ ਵੱਡੀ ਪੱਧਰ ਤੇ ‘ਰਾਸ਼ਟਰੀ ਸਮਾਜਵਾਦ’ ਨਾਂ ਦੀ ਮੁਹਿੰਮ ਦੇ ਬੈਨਰ ਹੇਠ ਕਮਿਊਨਿਸਟਾਂ ਅਤੇ ਯਹੂਦੀਆਂ ਦੇ ਨਾਵਾਂ ਅਤੇ ਪ੍ਰਤੀਕਾਂ ਨੂੰ ਨਸ਼ਟ ਕੀਤਾ ਗਿਆ। ਹਿਟਲਰ ਨੇ ਉਹਨਾਂ ਦੀਆਂ ਸਿਮਰਤੀਆਂ ਨੂੰ ਖਤਮ ਕਰਨ ਲਈ ਫਿਰਕੂ ਤੇ ਫਾਸ਼ੀ ਨੀਤੀ ਦਾ ਇਸਤੇਮਾਲ ਕੀਤਾ। ਇਹ ਇਤਿਹਾਸ ਵਿਚ ਇੱਕ ਅਹਿਮ ਮੋੜ ਸੀ ਜਦੋਂ ਨਸਲੀ ਅਧਾਰ ਤੇ ਵੱਡਾ ਨਰਸੰਹਾਰ ਕਰਕੇ ਯਹੂਦੀਆਂ ਦੇ ਘਰਾਂ ਤੱਕ ਦੇ ਨਾਮ ਬਦਲ ਦਿੱਤੇ ਗਏ। ਨਸਲ ਸ਼ੁੱਧੀ ਦੇ ਸਲੋਗਨ ਹੇਠ ਯਹੂਦੀਆਂ ਦੀ ਅਜਾਦੀ ਅਤੇ ਜਮਹੂਰੀ ਹੱਕਾਂ ਦਾ ਘਾਣ ਕਰਦਿਆਂ ਤਾਨਾਸ਼ਾਹ ਤਰੀਕੇ ਨਾਲ ਉਹਨਾਂ ਦੀਆਂ ਸਿਮਰਤੀਆਂ ਨੂੰ ਮਿਟਾ ਦਿੱਤਾ ਗਿਆ ਅਤੇ ਹਰ ਗਲੀ ਮੁਹੱਲੇ, ਚੌਂਕ, ਪਾਰਕ, ਸ਼ਹਿਰ, ਜਨਤਕ ਥਾਵਾਂ ਆਦਿ ਦਾ ਨਾਮ ਖਾਸਕਰ ਅਡੋਲਫ ਹਿਟਲਰ ਅਤੇ ਉਸਦੇ ਹਮਾਇਤੀਆਂ ਦੇ ਨਾਮ ਤੇ ਰੱੱਖਿਆ ਗਿਆ। ਨਾਮਬਦਲੀ ਦੀ ਇਸ ਮੁਹਿੰਮ ਲਈ ਕਿਸੇ ਤਰ੍ਹਾਂ ਦੇ ਪੁਨਰਗਠਨ ਕਾਨੂੰਨ ਅਤੇ ਲੋਕਤੰਤਰਿਕ ਮਰਦਮਸ਼ੁਮਾਰੀ ਦਾ ਸਹਾਰਾ ਨਹੀਂ ਲਿਆ ਗਿਆ। ਇਸ ਮੁਹਿੰਮ ਨੂੰ ਸਿੱਧੇ ਮਿਊਂਸੀਪਲ ਕਮੇਟੀਆਂ ਨੂੰ ਰਾਤੋ-ਰਾਤ ਹੁਕਮ ਜਾਰੀ ਕਰਕੇ ਨੇਪਰੇ ਚਾੜ੍ਹਿਆ ਗਿਆ ਸੀ।

ਸੱਤਾ ਧਿਰ ਆਪਣੀ ਵਿਚਾਰਧਾਰਾ ਤੇ ਸਿਆਸਤ ਨੂੰ ਸਥਾਪਿਤ ਕਰਨ ਲਈ ਸਦਾ ਨਾਮਬਦਲੀ ਦੀ ਸਿਆਸਤ ਦਾ ਸਹਾਰਾ ਲੈਂਦੀ ਆਈ ਹੈ ਪਰੰਤੂ ਫਿਰਕੂ ਤਾਨਾਸ਼ਾਹੀ ਦਾ ਜੋ ਮਾਡਲ ਅਡੋਲਫ ਹਿਟਲਰ ਨੇ ਅਪਣਾਇਆ ਇਹ ਆਪਣੇ ਆਪ ਵਿਚ ਹੀ ਇਤਿਹਾਸ ‘ਚ ਨਾਮ ਬਦਲੀ ਦੀ ਸਿਆਸਤ ਦਾ ਸਭ ਤੋਂ ਵੱਧ ਅਣਮਨੁੱਖੀ ਤੇ ਨਸਲੀ ਨਫਰਤ ਵਾਲਾ ਮਾਡਲ ਹੈ। ਇਹੀ ਨਾਜੀ ਜਰਮਨੀ ਮਾਡਲ ਮੌਜੂਦਾ ਭਾਜਪਾ ਸਰਕਾਰ ਭਾਰਤ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੌਜੂਦਾ ਭਾਜਪਾ ਸਰਕਾਰ ਦੇ ਸੱਤਾ ‘ਚ ਆਉਣ ਤੋਂ ਪਹਿਲਾਂ ਵੀ ਭਾਰਤ ਦੇ ਅਨੇਕਾਂ ਸ਼ਹਿਰਾਂ ਦੇ ਨਾਮ ਬਦਲੇ ਗਏ ਸਨ। ਬਲਕਿ ਭਾਰਤ ਦੇ ਬਰਤਾਨਵੀ ਬਸਤੀਵਾਦ ਤੋਂ ਅਜ਼ਾਦ ਹੋਣ ਤੋਂ ਬਾਅਦ ਥਾਵਾਂ-ਸ਼ਹਿਰਾਂ ਦੀ ਨਾਮ ਬਦਲੀ ਹੁੰਦੀ ਆ ਰਹੀ ਹੈ। ਅੰਗਰੇਜੀ ਹਕੂਮਤ ਦੇ ਚਿੰਨ੍ਹਾਂ-ਪ੍ਰਤੀਕਾਂ ਨੂੰ ਖਤਮ ਕਰਕੇ ਉਹਨਾਂ ਦੀ ਜਗ੍ਹਾ ਰਾਸ਼ਟਰਵਾਦੀ ਚਿੰਨ੍ਹਾਂ-ਪ੍ਰਤੀਕਾਂ ਨੂੰ ਸਥਾਪਿਤ ਕੀਤਾ ਗਿਆ। ਪਰੰਤੂ ਬੀਤੇ ਇੱਕ ਸਾਲ ਵਿੱਚ ਜਿਸ ਤੇਜੀ ਨਾਲ ਨਾਮ ਬਦਲੀ ਦੀ ਮੁਹਿੰਮ ਚੱਲ ਰਹੀ ਹੈ ਇਹ ਫਿਰਕੂ ਜਹਿਰ ਫੈਲਾਉਣ ਵਾਲੀ ਹੈ। ਫਿਰਕੂ ਲੀਹਾਂ ਤੇ ਨਾਮ ਬਦਲੀ ਦਾ ਮੁੱਦਾ 2015 ਵਿਚ ਦਿੱਲੀ ਦੇ ਔਰੰਗਜੇਬ ਰੋਡ ਦਾ ਨਾਮ ਏਜੇਪੀ ਅਬਦੁੱਲ ਕਲਾਮ ਦੇ ਨਾਮ ਤੇ ਰੱਖਣ ਲਈ ਸ਼ਿਵ ਸੈਨਾ ਵੱਲੋਂ ਕੀਤੀ ਗੁੰਡਾਗਰਦੀ ਨਾਲ ਸਾਹਮਣੇ ਆਇਆ ਸੀ। ਇਸਤੋਂ ਬਾਅਦ ਹਰਿਆਣਾ ਦੇ ਗੁੜਗਾਓਂ ਦਾ ਨਾਮ ਬਦਲ ਕੇ ਗੁਰੂਗਰਾਮ ਰੱਖਣ ਨਾਲ ਵੱਡਾ ਵਿਵਾਦ ਪੈਦਾ ਹੋਇਆ ਸੀ। ਪੂਰੇ ਭਾਰਤ ਵਿਚ ਪਿਛਲੇ ਇੱਕ ਸਾਲ ‘ਚ 25 ਪਿੰਡਾਂ ਤੇ ਸ਼ਹਿਰਾਂ ਦੇ ਨਾਮ ਬਦਲੇ ਗਏ ਹਨ। ਇਹਨਾਂ ਦੀ ਖਾਸੀਅਤ ਇਹ ਰਹੀ ਹੈ ਕਿ ਬਦਲੇ ਗਏ ਸਾਰੇ ਨਾਮ ਮੁਸਲਿਮ ਪਿਛੋਕੜ ਵਾਲੇ ਸਨ ਅਤੇ ਉਹਨਾਂ ਦੀ ਨਾਮ ਬਦਲੀ ਹਿੰਦੂ ਧਰਮ ਅਤੇ ਸੰਸਕ੍ਰਿਤੀ ਦੇ ਸ਼ਬਦਾਂ ਨਾਲ ਕੀਤੀ ਗਈ ਹੈ। ਭਾਜਪਾ ਦਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਇਸ ਮੁਹਿੰਮ ਦਾ ਪ੍ਰਮੁੱਖ ਬਣਕੇ ਸਾਹਮਣੇ ਆਇਆ ਹੈ। ਦੇਸ਼ ਨੂੰ ਫਿਰਕੂ ਲੀਹਾਂ ‘ਚ ਵੰਡਣਾ ਆਰਐਸਐਸ ਦਾ ਮੁੱਖ ਏਜੰਡਾ ਹੈ ਅਤੇ ਯੋਗੀ ਅਦਿੱਤਿਆ ਨਾਥ ਸਿੱਧੇ ਤੌਰ ਤੇ ਨਾਮ ਬਦਲੀ ਮੁਹਿੰਮ ਤਹਿਤ ਇਸ ਫਿਰਕੂ ਏਜੰਡੇ ਨੂੰ ਲਾਗੂ ਕਰ ਰਿਹਾ ਹੈ। ਉਸ ਦੁਆਰਾ ਅਲਾਹਾਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜਾਬਾਦ ਦਾ ਨਾਮ ਅਯੁੱੱਧਿਆ ਰੱਖਣਾ ਉਸਦੇ ਹਿੰਦੂਤਵੀ ਫਿਰਕੂ ਏਜੰਡੇ ਨੂੰ ਪ੍ਰਗਟ ਕਰਦਾ ਹੈ। ਇਸ ਤੋਂ ਇਲਾਵਾ ਭਾਜਪਾ ਸਰਕਾਰ ਉੜੀਸਾ ਦੇ ਰਾਜਾਮੁੰਦਰੀ ਨੂੰ ਰਾਜਾ ਮਹਿੰਦਰਾਵਰਨਮ, ਹਰਿਆਣਾ ਦੇ ਪਿੰਡ ਪਿੰਡਾਰੀ ਨੂੰ ਪਾਂਡੂ ਪਿੰਡਾਰਾ, ਮਹਾਂਰਾਸ਼ਟਰ ਦੇ ਲੈਂਡਗਵਾੜੀ ਨੂੰ ਨਰਸਿੰਗਾਓ, ਹਰਿਆਣਾ ਦੇ ਸਰ ਛੋਟੂ ਰਾਮ ਨਗਰ ਨੂੰ ਗੜੀ ਸੰਪਲਾ, ਰਾਜਸਥਾਨ ਦੇ ਖੱਟੂ ਕਲਾਂ ਨੂੰ ਬਾਰੀ ਖੱਟੂ, ਅਹਿਮਦਾਬਾਦ ਨੂੰ ਕਰਨਾਵਤੀ ਅਤੇ ਪੱਛਮੀ ਬੰਗਾਲ ਦੇ ਨਾਮ ਨੂੰ ਬਦਲ ਕੇ ਬੰਗਲਾ ਕਰਨ ਦਾ ਪ੍ਰਸਤਾਵ ਰੱੱਖਿਆ ਹੈ। ਇਸੇ ਲੜੀ ਵਜੋਂ ਮੁਗਲਸਰਾਏ ਰੇਲਵੇ ਸ਼ਟੇਸ਼ਨ ਦਾ ਨਾਮ ਬਦਲ ਕੇ ਹਿੰਦੂ ਸੱਜੇਪੱਖੀ ਵਿਚਾਰਕ ਦੀਨ ਦਿਆਲ ਉਪਾਧਿਆ ਦੇ ਨਾਮ ਤੇ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਨਾਮ ਬਦਲੀ ਦੀ ਇਹ ਫਿਰਕੂ ਮੁਹਿੰਮ ‘ਸਟੇਟ ਰੀਆਰਗੇਨਾਈਜੇਸ਼ਨ ਐਕਟ 1956’ ਨੂੰ ਕੁਚਲ ਕੇ ਅਤੇ ਉਸਦੀ ਦੁਰਵਰਤੋਂ ਕਰਕੇ ਅੱਗੇ ਵਧਾਈ ਜਾ ਰਹੀ ਹੈ।

ਪਿਛਲੇ ਚਾਰ ਸਾਲ ‘ਚ ਭਾਜਪਾ ਦਾ ਧਿਆਨ ਵਿਕਾਸ ਅਤੇ ਹੋਰ ਬੁਨਿਆਦੀ ਮੁੱੱਦਿਆਂ ਦੀ ਬਜਾਏ ਇਤਿਹਾਸ ਅਤੇ ਵਿਗਿਆਨ ਨਾਲ ਛੇੜਛਾੜ, ਪਾਠ ਪੁਸਤਕਾਂ ਦੇ ਪਾਠਕ੍ਰਮ ਵਿਚ ਤਬਦੀਲੀਆਂ ਅਤੇ ਨਾਮ, ਪ੍ਰਤੀਕ, ਭਾਸ਼ਾ ਤੇ ਲਿੱਪੀ ਪ੍ਰਤੀ ਗੈਰਸੰਜੀਦਾ ਵਿਵਹਾਰ ਵੱਲ ਵਧੇਰੇ ਰਿਹਾ ਹੈ। ਇਸਦੇ ਸੰਕੇਤ ਨਰੇਂਦਰ ਮੋਦੀ ਨੇ 2014 ਦੇ ਆਪਣੇ ਇਕ ਭਾਸ਼ਣ ਵਿੱਚ ਪਹਿਲਾਂ ਹੀ ਦੇ ਦਿੱਤੇ ਸਨ ਜਦੋਂ ਉਸਨੇ ਕਿਹਾ ਕਿ ‘ਭਾਰਤ 1200 ਸਾਲ ਤੋਂ ਮਾਨਸਿਕ ਗੁਲਾਮੀ ਦਾ ਸ਼ਿਕਾਰ ਰਿਹਾ ਹੈ।’ ਮੱਧਕਾਲੀਨ ਮੁਸਲਿਮ ਸ਼ਾਸ਼ਕਾਂ ਨੂੰ ਨਿਸ਼ਾਨਾ ਬਣਾਕੇ ਮੋਦੀ ਸਰਕਾਰ ਅਤੀਤ ਤੇ ਚਿੱਕੜ ਉਛਾਲੀ ਕਰਕੇ ਵਰਤਮਾਨ ਸਮੇਂ ‘ਚ ਮੁਸਲਮਾਨਾਂ ਤੇ ਹੋਰ ਘੱਟਗਿਣਤੀਆਂ ਨੂੰ ਟਾਰਗੇਟ ਕਰ ਰਹੀ ਹੈ। ਇਤਿਹਾਸਕ ਸੱਭਿਆਚਾਰਕ ਅਤੇ ਭਰਾਤਰੀ ਸਾਂਝ ਨੂੰ ਖਤਮ ਕਰਨ ਕਰਨ ਲਈ ਲਵ ਜਿਹਾਦ, ਅਸ਼ਹਿਣਸ਼ੀਲਤਾ ਤੇ ਭੜਕਾਊ ਭੀੜ ਵਰਗੇ ਵਰਤਾਰਿਆ ਨੂੰ ਭਾਜਪਾ ਸਰਕਾਰ ਸਮੇਤ ਮੁੱਖ-ਧਰਾਈ ਮੀਡੀਆ ਨੇ ਵੀ ਸ਼ਹਿ ਦੇਣ ‘ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ।

ਨਾਮ ਬਦਲੀ ਦੀ ਇਹ ਸਿਆਸਤ ਲੋਕਾਂ ਦਾ ਧਿਆਨ ਉਹਨਾਂ ਦੇ ਬੁਨਿਆਦੀ ਮੁੱਦਿਆਂ ਤੋਂ ਭਟਕਾ ਕੇ ਫਿਰਕੂ ਵੰਡੀਆਂ ਵੱਲ ਖਿਸਕਾਉਣ ਅਤੇ ਹਿੰਦੂ-ਮੁਸਲਿਮ ਨਫਰਤ ਨੂੰ ਹੋਰ ਵੱਧ ਤਿੱਖਾ ਕਰਨ ਦਾ ਸਾਧਨ ਹੈ। ਦੇਸ਼ ਦੇ ਲੋਕਾਂ ਨੂੰ ਇਹਨਾਂ ਫਿਰਕੂ ਮਨਸੂਬਿਆਂ ਦੇ ਇਤਿਹਾਸਕ ਸਬਕਾਂ ਤੋਂ ਸੇਧ ਲੈਦਿਆਂ ਅਜਿਹੇ ਫਿਰਕੂ ਸਰਕਾਰੀ ਫੈਸਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ।

ਈ-ਮੇਲ: mandeepsaddowal@gmail.com


ਫੋਟੋ ਕੈਪਸ਼ਨ – ਉਪਰੋਕਤ ਤਸਵੀਰ ਜਰਮਨ ਦੇ ਅਖਬਾਰ ‘ਹੈਮਬਰਗਰ ਐਨਜੇਗਰ’ ‘ਚ 1 ਨਵੰਬਰ 1938 ਨੂੰ ਪ੍ਰਕਾਸ਼ਿਤ ਹੋਈ ਸੀ। ਤਸਵੀਰ ਵਿਚਲਾ ਨਾਜੀ ਜਰਮਨੀ ਦਾ ਸਿਪਾਹੀ ਹੈਮਬਰਗਰ ਗਲੀ ‘ਚ ਲੱਗੇ ‘ਹਾਲੇਰ ਸਟਰਾਸੇ’ ਨਾਂ ਦੇੇੇ ਬੋਰਡ ਨੂੰ ਹਟਾਕੇ ‘ਔਸਟਮਾਰਕ ਸਟਰਾਸੇੇੇ’ ਨਾਮ ਦਾ ਨਵਾਂ ਬੋਰਡ ਲਗਾ ਰਿਹਾ ਹੈ।

ਕੀ ਦੋਸ਼ੀ ਆਪਣੇ ਅੰਜਾਮ ਨੂੰ ਪਹੁੰਚਣਗੇ? – ਮੁਹੰਮਦ ਸ਼ੋਇਬ ਆਦਿਲ
ਭਾਰਤ ਲਈ ਅਰਜਨਟੀਨਾ ਦੀ ਆਰਥਿਕ ਮੰਦੀ ਦੇ ਸਬਕ- ਮਨਦੀਪ
ਨਾਗਾ ਸਮਝੌਤਾ: ਮੋਦੀ ਸਰਕਾਰ ਦੀ ਇੱਕ ਹੋਰ ਸ਼ਤਰੰਜੀ ਚਾਲ – ਮੁਖਤਿਆਰ ਪੂਹਲਾ
ਹਾਲੀਵੁੱਡ ਮਾਰਕਾ ਫ਼ਿਲਮਾਂ ਅਤੇ ਅਮਰੀਕਾ ਦਾ ਸਾਮਰਾਜੀ ਪ੍ਰਚਾਰ – ਬਿੰਦਰਪਾਲ ਫਤਿਹ
ਮਾਂ ਬੋਲੀ ਨੂੰ ਮਾਂ ਤੋਂ ਖ਼ਤਰਾ – ਮਿੰਟੂ ਬਰਾੜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਸਰਮਾਏਦਾਰੀ ਵੱਲੋਂ ਸਰਮਾਏਦਾਰੀ ਲਈ ਹੈ ਪੱਛਮੀ ਲੋਕਤੰਤਰ -ਡਾ. ਸਵਰਾਜ ਸਿੰਘ

ckitadmin
ckitadmin
October 12, 2014
ਹੀਜੜਾ – ਪਾਸ਼ ਔਜਲਾ
ਸਕੂਲ ਵਿੱਚ ਵਿਦਿਆਰਥੀ ਤਿੰਨ, ਅਧਿਆਪਕ ਇੱਕ ਅਤੇ ਪੈਖਾਨੇ ਪੰਜ- ਸ਼ਿਵ ਕੁਮਾਰ ਬਾਵਾ
ਲਿਚਿੰਗ- ਅਸਗਰ ਵਜਾਹਤ
ਦੋਹਾਂ ਪੰਜਾਬਾਂ ਦੇ ਨਾਂ -ਡਾ. ਗੁਰਮਿੰਦਰ ਸਿੱਧੂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?