By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ…
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ…
ਖ਼ਬਰਸਾਰ

ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ…

ckitadmin
Last updated: August 25, 2025 7:01 am
ckitadmin
Published: May 5, 2020
Share
SHARE
ਲਿਖਤ ਨੂੰ ਇੱਥੇ ਸੁਣੋ

ਕਪੂਰਥਲਾ ਦੇ ਮੁਹੱਬਤ ਨਗਰ ਤੋਂ ਦਰਦਾਂ ਦੀ ਬਾਤ ਪਾਉਂਦੀ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
ਉਹਨਾਂ ਦਾ ਵੀ ਤੂੰਈਓਂ ਰੱਬ ਏਂ, ਇਹਦਾ ਅੱਜ ਜੁਆਬ ਤਾਂ ਦੇਹ,
ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ।
ਜਿਹਨਾਂ ਦੇ ਗਲ ਲੀਰਾਂ ਪਈਆਂ,ਉਹਨਾਂ ਵੱਲੇ ਤੱਕਦੇ ਨਈਂ,
ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ..।

ਬਾਬਾ ਨਜ਼ਮੀ  ਸਾਹਿਬ ਦੀ ਇਹ ਹੂਕ ਆਰਥਿਕ, ਸਮਾਜਿਕ ਨਾ-ਬਰਾਬਰੀ ’ਚ ਪਿਸਦੇ ਹਾਸ਼ੀਆਗਤ ਲੋਕਾਂ ਦਾ ਦਰਦ ਬਿਆਨਦੀ ਹੈ।

ਸਮਾਂ ਬਦਲਦਾ ਹੈ, ਹਕੂਮਤਾਂ ਬਦਲਦੀਆਂ ਨੇ, ਪਰ ਹਾਸ਼ੀਆਗਤ ਲੋਕਾਂ ਦੇ ਹਾਲਾਤ ਆਖਰ ਕਿਉਂ ਨਹੀਂ ਬਦਲਦੇ?

ਵੱਡਾ ਸਵਾਲ ਹੈ,  ਜੁਆਬ ਤਾਂ ਨਹੀਂ ਮਿਲਦਾ, ਪਰ ਅਜਿਹੇ ਹਾਲਾਤਾਂ ਨਾਲ ਦੋ ਚਾਰ ਹੋ ਰਹੀ ਭਾਰਤ ਮਾਤਾ ਦੀ ਧੀ ਸੀਤਾ ਨਾਲ ਸਲਾਮ ਜ਼ਿੰਦਗੀ  ਸੈਗਮੈਂਟ ਜ਼ਰੀਏ ਮਿਲਦੇ ਹਾਂ..

ਲੌਕਡਾਊਨ ’ਚ ਘਰਾਂ ਵਿੱਚ ਤੜ ਗਏ ਗੁਰਬਤ ਮਾਰੇ ਕਿਰਤੀਆਂ ਦਾ ਹਾਲ ਪੁੱਛਦਿਆਂ, ਕਪੂਰਥਲਾ ਦੇ ਮੁਹੱਬਤ ਨਗਰ ’ਚ ਭਈਆਂ ਵਾਲੇ ਕੁਆਟਰ ਵਜੋਂ ਜਾਣੀ ਜਾਂਦੀ ਇਕ ਇਮਾਰਤ ਚ ਇਸ ਪੰਜਾਹ ਕੁ ਸਾਲ ਦੀ ਦਰਦਾਂ ਨਾਲ ਪਿੰਜੀ ਕਿਰਤੀ ਬੀਬੀ ਨਾਲ ਮੁਲਾਕਾਤ ਹੋਈ। ਸੀਤਾ ਦੇ  ਭਾਵਹੀਣ ਚਿਹਰੇ ਉੱਤੇ ਤਣੀ ਸੁੰਨੇਪਣ ਦੀ ਲੀਕ ਨੇ ਸਾਡੀ ਟੀਮ ਦੇ ਦਿਲ ਘੇਰ ਲਏ। ਅਸੀਂ ਏਸ ਕਿਰਤੀ ਬੀਬੀ ਨਾਲ ਦਰਦਾਂ ਦੇ ਗਲੋਟੇ ਕੱਤਣ ਦੀ ਸੋਚ ਲਈ।

 

 

ਹਿੰਦੀ ਉੱਤੇ ਭਾਰੂ ਪੈ ਚੁੱਕੀ ਪੰਜਾਬੀ ਚ ਗੱਲ ਕਰਦਿਆਂ ਸੀਤਾ ਨੇ ਦੱਸਿਆ ਕਿ ਉਹ ਕਰੀਬ ਤੀਹ ਸਾਲ ਪਹਿਲਾਂ ਯੂ ਪੀ ਦੇ ਸੁਲਤਾਨਪੁਰ ਜ਼ਿਲ੍ਹੇ ਤੋਂ ਰਾਮ ਨਰਾਇਣ ਨਾਲ ਚਾਈਂ ਚਾਈਂ ਵਿਆਹ ਕਰਵਾ ਕੇ ਪੰਜਾਬ ਆਈ ਸੀ, ਉਦੋਂ ਪੰਜਾਬ ਜਾਣ ਦਾ ਚਾਅ ਸੀ ਜਿਵੇਂ ਨਰਕ ਚੋਂ ਨਿਕਲ ਕਿਸੇ ਸਵਰਗ ਚ ਜਾਣਾ ਹੋਵੇ, ਅਸੀਂ ਫੀਲਿਂਗ ਲਈ ਕਿ ਬਿਲਕੁਲ ਮਾਲਵੇ ਦੇ ਟਿੱਬਿਆਂ ਚੋਂ ਨਿਕਲ ਨਿਆਗਰਾ ਫਾਲ ਉੱਤੇ ਜਾਣ ਵਰਗਾ ਅਹਿਸਾਸ ਹੋਵੇਗਾ ਸ਼ਾਇਦ ਸੀਤਾ ਦਾ ..।

ਰਾਮ ਨਰਾਇਣ ਕਪੂਰਥਲਾ ਸ਼ਹਿਰ ਚ ਰਿਕਸ਼ਾ ਚਲਾਉਂਦਾ ਸੀ, ਗੋਪਾਲ ਨਗਰ ਚ ਕਿਰਾਏ ਦੇ ਇਕ ਕਮਰੇ ਚ ਰਹਿੰਦਾ ਸੀ, ਸੀਤਾ ਆਈ ਤਾਂ ਚਾਅਵਾਂ ਵਾਲੀਆਂ ਤੰਦਾਂ ਇੱਕੋ ਝਟਕੇ ਨਾਲ ਟੁੱਟ ਗਈਆਂ, ਜਦੋਂ ਪਤਾ ਲਗਿਆ ਕਿ ਜੀਹਦੇ ਲੜ ਲੱਗੀ ਹੈ, ਉਹ ਸਿਰੇ ਦਾ ਸ਼ਰਾਬੀ ਕਬਾਬੀ ਹੈ, ਚਰਿੱਤਰ ਪੱਖੋਂ ਵੀ ਸਹੀ ਨਹੀਂ, ਪਰ ਮਾਪਿਆਂ ਦੀ ਲਾਡਲੀ ਤੇ ਸੰਸਕਾਰੀ ਧੀ ਸੀਤਾ ਨੇ ਹਰ ਹਾਲ ਨਿਭਾਉਣ ਦੀ ਸੋਚੀ, ਉਹ ਪਿਛਾਂਹ ਵੀ ਨਹੀਂ ਜਾ ਸਕਦੀ ਸੀ, ਯੂ ਪੀ ਦਾ ਸੁਲਤਾਨਪੁਰ, ਕਪੂਰਥਲਾ ਦੇ ਸੁਲਤਾਨਪੁਰ ਜਿੰਨਾ ਨੇੜੇ ਥੋੜ੍ਹਾ ਸੀ? ਉਹ ਗੋਪਾਲ ਨਗਰ ਚ ਕੋਠੀਆਂ ਚ ਸਾਫ ਸਫਾਈ ਦਾ ਕੰਮ ਕਰਨ ਲੱਗੀ, ਇਕ ਘਰ ੧੦੦ ਕੁ ਰੁਪਏ ਉਦੋਂ ਦਿੰਦਾ ਸੀ, ਤੀਹ ਸਾਲ ਪਹਿਲਾਂ ਦੀ ਗੱਲ ਹੈ। ਵਕਤ ਬੀਤਦਾ ਗਿਆ, ਦੋ ਦੋ ਸਾਲ ਦੀ ਵਿੱਥ ਤੇ ਤਿੰਨ ਮੁੰਡੇ ਹੋ ਗਏ, ਸ਼ਰਾਬੀ, ਝਗਡ਼ਾਲੂ ਪਤੀ ਨਾਲ ਜਿਵੇਂ ਕਿਵੇਂ ਦਿਨ ਕਟੀਆਂ ਕਰਦੀ ਗਈ, ਵਿਆਹ ਦੇ ਦਸ ਬਾਰਾਂ ਸਾਲ ਮਗਰੋਂ ਹੀ ਰਾਮ ਨਰਾਇਣ ਤਿੰਨਾਂ ਨਿੱਕੇ ਪੁੱਤਾਂ ਤੇ ਪਤਨੀ ਸੀਤਾ ਨੂੰ ਛੱਡ ਕੇ ਯੂ ਪੀ ਭੱਜ ਗਿਆ।  ਦੱਸਦੀ ਦੱਸਦੀ ਜਿਵੇਂ ਕਿਸੇ ਖਾਲੀ ਖੂਹ ਚ ਉੱਤਰ ਗਈ, ਕੋਈ ਅੱਥਰੂ ਨਹੀਂ, ਚਿਹਰੇ ਤੇ ਕੋਈ  ਹਾਵ ਭਾਵ ਨਹੀਂ, ਬੱਸ ਸੁੰਨ ਪੱਸਰੀ ਹੋਈ…

ਕੋਈ ਹੋਰ ਜਨਾਨੀ ਰੱਖ ਲਈ ਹੋਣੀ ਆ, ਅਸੀਂ ਪੁੱਛਿਆ,  ਤਾਂ ਸੀਤਾ ਬੋਲੀ- ਕੋਨੋ ਜਾਨੇ, ਉਸ ਕਾ ਦੀਨ ਈਮਾਨ, ਪਰ ਮੈਂ ਈਮਾਨ ਨਹੀਂ ਛੱਡਿਆ, ਆਪਣੇ ਬੱਚੇ ਪਾਲੇ, ਜਿੰਨਾ ਕੁ ਸਰਦਾ ਸੀ ਪੜ੍ਹਾਏ। ਇੱਜ਼ਤ ਦੀ ਕਮਾਈ ਕੀਤੀ। ਇਹੀ ਸੋਚਦੀ ਰਹੀ ਕਿ ਪੁੱਤ ਵੱਡੇ ਹੋ ਕੇ ਮੇਰਾ ਦਰਦ ਧੋ ਦੇਣਗੇ।

ਸੀਤਾ ਨੇ ਗੋਪਾਲ ਨਗਰ ਤੋਂ ਰਿਹਾਇਸ਼ ਬਦਲ ਕੇ ਮੁਹੱਬਤ ਨਗਰ ਦੇ ਇਕ ਕੁਆਟਰ ਚ ਕਰ ਲਈ, ਜਿਥੇ ਉਸ ਵਰਗੇ ਦਰਜਨ ਦੇ ਕਰੀਬ ਪਰਵਾਸੀ ਪਰਿਵਾਰ ਰਹਿੰਦੇ ਨੇ। ਹਨੇਰੇ ਸਲਾਬੇ ਮੁਸ਼ਕ ਮਾਰਦੇ ਕਮਰੇ, ਦੋ ਖਸਤਾਹਾਲ ਬਾਥਰੂਮ, ਦੋ ਖਸਤਾਹਾਲ ਪਖਾਨੇ, ਭਿਣਭਿਣਾਉਂਦੀਆਂ ਮੱਖੀਆਂ, ਲੀਕ ਕਰਦਾ ਪਾਣੀ, ਇਹੀ ਇਹਨਾਂ ਦੇ ਮਹੱਲ ਨੇ,  ਦੋ ਨਿੱਕੇ ਕਮਰਿਆਂ ਦਾ ਕਿਰਾਇਆ 25 ਸੌ ਰੁਪਏ ਭਰਦੀ ਹੈ, ਬਿਜਲੀ ਦਾ ਬਿੱਲ 1500-5000 ਰੁਪਏ ਤੱਕ ਵੀ ਮਹੀਨੇ ਦਾ ਆ ਜਾਂਦਾ ਹੈ, ਪਾਣੀ ਦਾ 315 ਰੁਪਏ ਮਹੀਨਾ। ਅੱਜ ਪੰਜਾਹ ਕੁ ਸਾਲ ਦੀ ਸੀਤਾ ਚਾਰ ਘਰਾਂ ਚ ਕੰਮ ਕਰਦੀ ਹੈ, ਪੰਜ ਕੁ ਹਜ਼ਾਰ ਰੁਪਏ ਕਮਾਉਂਦੀ ਹੈ। ਸਾਡੇ ਇਥੇ ਪੰਜਾਹ ਰੁਪਏ ਕਿੱਲੋ ਦੁੱਧ ਵਿਕਦਾ ਹੈ, ਸੀਤਾ ਹਰ ਰੋਜ਼ ਦਸ ਰੁਪਏ ਦਾ ਦੁੱਧ ਲੈਂਦੀ ਹੈ।

ਮੰਡੀ ਦੀ ਲਿਸ਼ਕਵੀਂ ਦੁਨੀਆ ਦਾ ਹਿੱਸਾ ਟੈਲੀਵਿਜ਼ਨ ਤੇ ਇਸ਼ਤਿਹਾਰ ਚਲਦਾ ਹੈ, ਮਹਿਲਾਏਂ ਚਾਲੀਸ ਕੇ ਬਾਅਦ ਕੈਲਸ਼ੀਅਮ ਦੀ ਅਧਿਕਤਮ ਮਾਤਰਾ ਲੇਂ, ਬੋਨਜ਼ ਡੈਨਿਸਿਟੀ ਕੇ ਲੀਏ .. ਸੀਤਾ ਵਰਗੀਆਂ ਲੱਖਾਂ ਕਿਰਤੀ ਔਰਤਾਂ ਦੇ ਸਾਰੇ ਹੱਡ ਕਿਰਤ ਚ ਖਰਦੇ ਨੇ, ਸਾਰਾ ਲਹੂ ਕਿਰਤ ਚ ਵਹਿੰਦਾ ਹੈ, ਪਰ ਫੇਰ ਵੀ ਚਾਹ ਦਾ ਰੰਗ ਵਟਾਉਣ ਲਈ ਦੁੱਧ ਵੀ ਦਸ ਰੁਪਏ ਦਾ ਹੀ ਲੈ ਸਕਦੀਆਂ ਨੇ।

ਰੱਬ ਤਾਂ ਇੱਕ ਹੀ ਹੈ ਸ਼ਾਇਦ..

 ਸੀਤਾ ਦੀ ਆਮ ਤੋਰੇ ਤੁਰਦੀ ਜ਼ਿੰਦਗੀ ਚ ਕਿਸਮਤ ਨੇ ਤਾਂ ਅਜੇ ਜਲਵੇ ਦਿਖਾਉਣੇ ਸੀ। ਦੋ ਪੁੱਤ ਨਸ਼ੇ ਚ ਪੈ ਗਏ, ਚਿੱਟੇ ਨੇ ਕਾਬੂ ਕਰ ਲਏ, ਜੋ ਵੀ ਕਮਾਈ ਹੁੰਦੀ ਨਸ਼ੇ ਦੀ ਭੇਟ ਚੜ੍ਹਨ ਲੱਗੀ, ਦਸਵੀਂ ਪਾਸ ਵੱਡਾ ਮੁੰਡਾ ਰਾਜੇਸ਼ ਸਾਲ 2015 ਚ ਚਿੱਟੇ ਨੇ ਚੱਟ ਲਿਆ। ਉਹ ਕਦੇ ਸਿਲਂਡਰ ਵੇਚ ਦਿੰਦਾ, ਕਦੇ ਕਣਕ ਵੇਚ ਦਿੰਦਾ, ਕਦੇ ਕੋਈ ਹੋਰ ਸਮਾਨ ਵੇਚ ਕੇ ਨਸ਼ਾ ਪੂਰਾ ਕਰਦਾ। ਉਹਦੀ ਮੌਤ ਹੋਈ, ਸਸਕਾਰ ਲਈ ਬਾਲਣ ਤੇ ਹੋਰ ਖਰਚਾ ਕਰਨ ਲਈ ਸੀਤਾ ਨੇ ਜਿਹਨਾਂ ਘਰਾਂ ਚ ਕੰਮ ਕਰਦੀ ਸੀ ਉਥੋਂ ਉਧਾਰ ਪੈਸਾ ਲਿਆ, ਤੇ ਪੁੱਤ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਕੰਮ ਤੇ ਵਾਪਸ ਜਾ ਕੇ ਉਹ ਉਧਾਰ ਚੁਕਾਇਆ।

 ਗੁਰਬਤ ਮਾਰਿਆਂ ਕੋਲ ਨਾ ਖੁਸ਼ੀ ਹੰਢਾਉਣ ਲਈ ਵਕਤ ਹੁੰਦਾ ਤੇ ਨਾ ਗਮ ਹੰਢਾਉਣ ਲਈ।

ਸੀਤਾ ਜਵਾਨ ਪੁੱਤ ਦੀ ਮੌਤ ਨੂੰ ਪੰਜਾਬ ਦੀਆਂ ਹਜਾਰਾਂ ਮਾਂਵਾਂ ਵਾਂਗ ਢਿੱਡ ਚ ਗੰਢਾਂ ਦੇ ਕੇ ਜ਼ਿੰਦਗੀ ਦੇ ਗੇੜ ਗੇੜਨ ਤੁਰ ਪਈ। ਉਹ ਨਹੀਂ ਸੀ ਜਾਣਦੀ ਕਿ ਦੂਜੇ ਨੰਬਰ ਵਾਲਾ ਸੁਰੇਸ਼ ਵੀ ਵੱਡੇ ਦੀ ਰਾਹ ਤੇ ਹੈ। ਸੱਤਵੀਂ ਪਾਸ ਸੁਰੇਸ਼ ਕਲੀਨਰੀ ਕਰਦਾ, ਜਿਹੜਾ ਵੀ ਨਸ਼ਾ ਮਿਲਦਾ, ਕਰ ਲੈਂਦਾ। ਘਰ ਚ ਇਕ ਧੇਲਾ ਵੀ ਕਮਾਈ ਦਾ ਨਹੀਂ ਦਿੱਤਾ। ਸੀਤਾ ਸਮਝਾਉਣ ਦੀ ਕੋਸ਼ਿਸ਼ ਕਰਦੀ, ਰਾਜੇਸ਼ ਦੀ ਮੌਤ ਦਾ ਵਾਸਤਾ ਦੇ ਕੇ ਸੁਰੇਸ਼ ਨੂੰ ਮੋੜਨ ਦਾ ਯਤਨ ਕਰਦੀ, ਪਰ ਹਾਰਦੀ ਰਹੀ। ਅਕਤੂਬਰ 2017 ਚ ਮਸੀਤ ਚੌਕ ਕੋਲ ਕੋਈ ਅਣਪਛਾਤਾ ਵਾਹਨ ਸੁਰੇਸ਼ ਨੂੰ ਫੇਟ ਮਾਰ ਗਿਆ, ਉਸ ਦਾ ਚੂਲਾ ਟੁੱਟ ਗਿਆ। ਘਰ ਨਜ਼ਦੀਕ ਹੋਣ ਕਰਕੇ ਰਾਹਗੀਰ ਘਰ ਛੱਡ ਆਏ, ਸੀਤਾ ਕੰਮ ਤੋਂ ਵਾਪਸ ਗਈ ਤਾਂ ਦਰਦ ਨਾਲ ਕਰਾਹੁੰਦੇ ਪੁੱਤ ਨੂੰ ਸਰਕਾਰੀ ਹਸਪਤਾਲ ਲੈ ਕੇ ਗਈ, ਡਾਕਟਰਾਂ ਨੇ ਬਿਨਾ ਦੇਖਿਆਂ ਘਰੇ ਤੋਰ ਦਿਤਾ ਕਿ ਇਹਦਾ ਕੁਝ ਨਹੀਂ ਹੋ ਸਕਦਾ, ਘਰ ਲਿਜਾ ਕੇ ਸੇਵਾ ਕਰੋ।

ਬੇਗਾਨੀਂ ਥਾਂ ਉੱਤੇ ਇਕੱਲੀ ਤੀਵੀਂ ਦੀ ਕੀ ਵੁੱਕਤ..?

 ਸੀਤਾ ਪੰਜਾਬੀ ਬੋਲੀ ਦੇ ਡੂੰਘੇ ਅਰਥ ਵੀ ਜਾਣਨ ਲੱਗੀ ਹੈ, ਪਰ ਫੇਰ ਵੀ ਪੰਜਾਬ ਦੇ ਸਿਆਸੀ ਤੇ ਸਮਾਜਿਕ ਸਿਸਟਮ ਨੇ ਉਹਨੂ ਅਪਣਾਇਆ ਨਹੀਂ ਸ਼ਾਇਦ..

ਲਹੂ ਪਸੀਨਾ ਡੋਲਣ ਨਾਲ ਬੇਗਾਨੀ ਮਿੱਟੀ ਆਪਣੀ ਥੋੜ੍ਹਾ ਬਣ ਜਾਂਦੀ ਐ..?

ਸੀਤਾ ਗੱਲ ਕਰਦੀ ਕਰਦੀ ਪਹਿਲੀ ਵਾਰ ਭਾਵੁਕ ਹੋਈ, ਮੈਲੀ ਜਿਹੀ ਚੁੰਨੀ ਨਾਲ ਅੱਖਾਂ ਪੂੰਝ ਕੇ ਬੋਲੀ, ਕਿ ਮੈਂ ਬਿੱਟੂ ਭਾਅਜੀ ਦੇ ਘਰੇ ਕੰਮ ਕਰਦੀ ਸੀ ਤਾਂ ਉਹ ਸੁਰੇਸ਼ ਨੂ ਫੇਰ ਹਸਪਤਾਲ ਲੈ ਕੇ ਗਏ, ਡਾਕਟਰਾਂ ਨੂੰ ਇਲਾਜ ਲਈ, ਅਪਰੇਸ਼ਨ ਲਈ ਕਹਿੰਦੇ ਰਹੇ, ਪਰ ਡਾਕਟਰਾਂ ਨੇ ਨਹੀਂ ਸੁਣਿਆ, ਸਾਨੂ ਫੇਰ ਘਰੇ ਤੋਰ ਦਿੱਤਾ, ਬਿੱਟੂ ਭਾਅ ਜੀ ਜਲੰਧਰ ਵੀ ਲੈ ਕੇ ਗਏ, ਓਥੇ ਡਾਕਟਰਾਂ ਨੇ ਐਕਸਰੇ ਕੀਤੇ ਤੇ ਅਪਰੇਸ਼ਨ ਲਈ ਲੱਖ ਸਵਾ ਲੱਖ ਦਾ ਖਰਚਾ ਦੱਸਿਆ, ਪਰ ਕੋਈ ਚਾਰਾ ਨਾ ਚੱਲਿਆ, ਮੈਂ ਏਨੀ ਰਕਮ ਦਾ ਇੰਤਜ਼ਾਮ ਨਾ ਕਰ ਸਕੀ ਤੇ ਫੇਰ ਮੁੰਡੇ ਨੂੰ ਘਰੇ ਲੈ ਆਏ। ਭਾਅਜੀ ਦਾ ਪਰਿਵਾਰ ਬਹੁਤ ਮਦਦ ਕਰਦਾ, ਕੱਪੜੇ ਵੀ ਉਹੀ ਦਿੰਦੇ ਨੇ, ਸਾਨੂਂ ਮਾਂ, ਪੁੱਤਾਂ ਨੂੰ , ਗੈਸ ਕੁਨੈਕਸ਼ਨ ਵੀ ਲੈ ਕੇ ਦਿੱਤਾ, ਪਹਿਲਾਂ ਬਲੈਕ ਚ ਹਜ਼ਾਰ ਬਾਰਾਂ ਸੌ ਦਾ ਸਿਲੰਡਰ ਲੈਂਦੀ ਸੀ, ਹੁਣ ਤਿਂਨ ਚਾਰ ਸੌ ਰੁਪਏ ਬਚ ਜਾਂਦੇ ਨੇ।

ਨੀਲਾ ਕਾਰਡ ਵੀ ਬਣਿਆ ਸੀ ਬਾਦਲ ਸਰਕਾਰ ਵੇਲੇ, ਇਕ ਮੋਹਤਬਰ ਦੇ ਘਰ ਕੰਮ ਕਰਨਾ ਛੱਡ ਦਿੱਤਾ ਤਾਂ ਉਹਨੇ ਮੇਰਾ ਕਾਰਡ ਕਟਵਾ ਦਿੱਤਾ, ਮੁੜ ਨਹੀਂ ਬਣਿਆ। ਬਿੱਟੂ ਭਾਅ ਜੀ ਨੇ ਕੋਸ਼ਿਸ਼ ਕੀਤੀ ਸੀ ਪਰ ਉਸ ਮੋਹਤਬਰ ਨੇ ਦੋ ਟੁਕ ਸ਼ਬਦਾਂ ਚ ਕਿਹਾ ਕਿ ਇਹਨਾਂ ਭਈਆਂ ਨੇ ਸਾਡੇ ਬੰਦੇ ਨੂੰ ਵੋਟ ਨਹੀਂ ਪਾਈ, ਕਾਰਡ ਨਹੀਂ ਬਣਨਾ।

ਬਿੱਟੂ ਵਰਗਾ ਭੱਦਰਪੁਰਸ਼ ਇਕੱਲਾ, ਖਚਰੇ ਬਾਘੜ ਬਿੱਲਿਆਂ ਨਾਲ ਕਿਵੇਂ ਸਿੱਝ ਸਕਦਾ ਹੈ?
ਸੀਤਾ ਵਾਰ ਵਾਰ ਬਿੱਟੂ ਭਾਅਜੀ ਦਾ ਜਿ਼ਕਰ ਕਰਦੀ ਤਾਂ ਸਾਨੂੰ ਆਪਣੇ ਉਹਨਾਂ ਲੋਕਾਂ ਦੀ ਸੋਚ ਤੇ ਸ਼ਰਮ ਆਈ, ਜਿਹਨਾਂ ਲਈ ਸੀਤਾ ਵਰਗੇ ਲੋਕ ਭਈਏ ਨੇ, ਅਸੀਂ ਬੇਸ਼ੱਕ ਇਹਨਾਂ ਲਈ ਭਾਅ ਜੀ ਹੋ ਗਏ। ਬੇਗਾਨਗੀ ਦਾ ਇਦੂੰ ਵੱਡਾ ਕੀ ਸਬੂਤ ਚਾਹੀਦੈ?

 ਸੀਤਾ ਦਾ ਮੁਂਡਾ ਸੁਰੇਸ਼ ਚੂਲਾ ਟੁੱਟਣ ਕਰਕੇ ਦੋ ਸਾਲਾਂ ਤੋਂ ਮੰਜੇ ਤੇ ਹੈ, ਨਸ਼ਾ ਛੁੱਟ ਗਿਆ ਹੈ। ਮਾਂ ਹਰ ਰੋਜ਼ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਨਸ਼ਾ ਛੱਡਣ ਲਈ ਦਵਾਈ ਲੈ ਕੇ ਦਿੰਦੀ ਰਹੀ। ਮੁਂਡੇ ਦਾ ਹੱਡ ਜੁੜ ਗਿਆ, ਪਰ ਲੱਤ ਦੂਜੀ ਤੋਂ ਗਿੱਠ ਦੇ ਕਰੀਬ ਛੋਟੀ ਹੋ ਗਈ, ਉਹ ਵੱਧ ਤੋਂ ਵੱਧ ਚਾਰ ਪੰਜ ਕਦਮ ਹੀ ਤੁਰ ਸਕਦਾ ਹੈ, ਫੇਰ ਬੇਤਹਾਸ਼ਾ ਦਰਦ ਹੁੰਦਾ ਹੈ, 24 ਸਾਲਾ ਸੁਰੇਸ਼ ਕੰਮ ਕਰਨ ਜੋਗਾ ਨਹੀਂ ਰਿਹਾ। ਨਸ਼ੇ ਚ ਗਾਲੇ ਸਮੇਂ ਤੇ ਪੈਸੇ ਲਈ ਪਛਤਾਉਂਦਾ ਵੀ ਹੈ। ਲਿਲੜੀਆਂ ਕੱਢਦਾ ਹੈ, ਕੋਈ ਅਪਰੇਸ਼ਨ ਕਰਵਾ ਦੇਵੇ ਤਾਂ ਬੁੱਢੀ ਹੋ ਰਹੀ ਮਾਂ ਨੂੰ ਕੰਮ ਨਹੀਂ ਕਰਨ ਦਿੰਦਾ, ਸੇਵਾ ਕਰੂੰ। ਉਹ ਵਾਰ ਵਾਰ ਡੁਸਕਦਾ ਹੈ।

ਸੀਤਾ ਦਾ ਛੋਟਾ ਮੁਂਡਾ ਨੌਵੀਂ ਪਾਸ ਹੈ ਮੁਕੇਸ਼, ਸਿਰੇ ਦਾ ਸਿੱਧਾ, ਸ਼ਰੀਫ, ਬੇਹੱਦ ਡਰੂ..  ਕਾਰਾਂ ਤੇ ਫੁੱਲਾਂ ਦੀ ਸਜਾਵਟ ਕਰਨ ਵਾਲਿਆਂ ਨਾਲ ਕੰਮ ਕਰਦਾ ਹੈ, ਜਦ ਸੀਜ਼ਨ ਹੁੰਦਾ ਹੈ ਤਾਂ ਉਹ ਸੌ ਸਵਾ ਸੌ ਰੁਪਿਆ ਦਿਹਾੜੀ ਦਾ ਕਮਾ ਲੈਂਦਾ ਹੈ, ਹੁਣ ਲੌਕਡਾਊਨ ਕਾਰਨ  ਡੂਢ ਮਹੀਨੇ ਤੋਂ ਵਿਹਲਾ ਹੀ ਹੈ। ਭਰਾ ਦਾ ਅਪਰੇਸ਼ਨ ਕਰਵਾਉਣ ਲਈ ਜੋੜ ਘਟਾਓ ਕਰਦਾ ਹੈ, ਪਰ ਇਹ ਵੀ ਗੁਰਬਤ ਮਾਰਿਆਂ ਦੇ ਹਿੱਸੇ ਕਿਥੇ ਆਉਂਦਾ ਹੈ, ਬਾਹਰੀ ਭਾਵ ਪਰਵਾਸੀ ਹੋਣ ਕਰਕੇ ਕੋਈ ਇਤਬਾਰ ਵੀ ਨਹੀਂ ਕਰਦਾ ਕਿ ਉਧਾਰ ਹੀ ਦੇ ਦਏ।

ਸੁਰੇਸ਼ ਦੇ ਅਪਰੇਸ਼ਨ ਉੱਤੇ ਅੱਜ ਖਰਚਾ ਡੂਢ ਕੁ ਲੱਖ ਦਾ ਹੋ ਜਾਊ ਸ਼ਾਇਦ, ਅਸੀਂ ਗਿਣਤੀ ਮਿਣਤੀ ਕਰਨ ਲੱਗੇ।

.. ਬੱਸ ਮੇਰਾ ਪੁੱਤ ਪੈਰਾਂ ਤੇ ਤੁਰ ਪਵੇ.. ਇਹ ਕਹਿ ਕੇ, ਸੀਤਾ ਖਾਮੋਸ਼ ਹੋ ਗਈ ਤੇ ਇਕ ਆਸ ਜਿਹੀ ਚ ਖਾਲੀ ਅੰਬਰ ਵੱਲ ਝਾਕਣ ਲੱਗੀ ਕਿ ਸ਼ਾਇਦ ਕੋਈ ਫਰਿਸ਼ਤਾ ਸਾਰੇ ਦੁੱਖ ਚੂਸ ਕੇ ਲੈ ਜਾਊ ..

ਸੀਤਾ ਯੂ ਪੀ ਜਾਣ ਨੂੰ ਦਿਲ ਨਹੀਂ ਕਰਦਾ? ਅਸੀਂ ਗੱਲ ਦਾ ਰੁਖ ਬਦਲ ਕੇ ਪਰਵਾਸ ਦੇ ਦਰਦਾਂ ਭਰੇ ਫੋੜੇ ਨੂੰ ਫੇਹ ਬੈਠੇ — ਉਹ ਭੁੱਬੀਂ ਰੋ ਪਈ .. ਹਟਕੋਰਿਆਂ ਚੋਂ ਬੱਸ ਇਹੀ ਸੁਣਿਆ– ਤੀਹ ਸਾਲ ਹੋ ਗਏ, ਭੈਣਾਂ ਭਰਾਵਾਂ ਦਾ ਮੂਂਹ ਨਹੀਂ ਵੇਖਿਆ, ਮਾਪੇ ਤੁਰ ਗਏ, ਹੁਣ ਤਾਂ ਕੋਈ ਮੇਰੀ ਰਾਖ ਓਥੇ ਲੈ ਜਾਏ .. ਬੱਸ ..
ਸੀਤਾ ਦੇ ਹਉਕੇ ਸਾਡਾ ਪਿੱਛਾ ਕਰਦੇ ਨੇ..

ਪਰਵਾਸ..  ਚੰਗੇ ਭਵਿੱਖ ਲਈ ਆਲਣਿਆਂ ਚੋਂ ਮਾਰੀ ਉਡਾਰੀ ਦਾ ਨਾਮ, ਪਰ ਸੀਤਾ ਵਰਗੇ ਕਿੰਨੇ ਕੁ ਲੋਕ ਨੇ ਜਿਹਨਾਂ ਲਈ ਨਾ ਜੰਮਣ ਭੋਇੰ ਚ ਸੁਖ,  ਨਾ ਕਰਮ ਭੋਇੰ ’ਚ ਸਕੂਨ.. ?

ਰੱਬ ਤਾਂ ਵੈਸੇ ਇਕ ਹੀ ਐ, ਫੇਰ ਸੀਤਾ ਵਰਗੀਆਂ ਧੀਆਂ ਦੇ ਡੋਰੀਏ ਮਹਿਲਾਂ ਚ ਚਾਵਾਂ ਨਾਲ ਉੱਡਣ ਦੀ ਥਾਂ ਪੋਚਿਆਂ ਜੋਗੇ ਕਿਉਂ ?

ਇਹ ਵਿਤਕਰਾ, ਇਹ ਨਾਬਰਬਾਰੀ ਕੀਹਦੇ ਨਾਮ ਕਰੀਏ..?
ਸਵਾਲ ਤਾਂ ਬਹੁਤ ਨੇ, ਜੁਆਬ ਕੋਈ ਨਹੀਂ..
ਫੇਰ ਮਿਲਾਂਗੇ,
ਦਰਦ ਦੇ ਗਲੋਟੇ ਕੱਤਦਿਆਂ ਸ਼ਾਇਦ ਕਿਸੇ ਦੇ ਦੁੱਖਾਂ ਦੀ ਚੰਗੇਰ ਚੋਂ ਕੋਈ ਪੂਣੀ ਘਟਾ ਸਕੀਏ…

ਪੰਜਾਬ ਦੇ 22 ਜ਼ਿਲ੍ਹਿਆਂ ’ਚ ਸਿਰਫ 14 ਲਾਇਬ੍ਰੇਰੀਆਂ
ਹਰ ਇਕ ਸਕੂਲ ਕਾਲਜ ’ ਚ ਦਲਿਤ ਵਿਦਿਆਰਥੀਆਂ ਤੋਂ ਵਸੂਲੀ ਜਾ ਰਹੀ ਹੈ ਮਨਮਰਜ਼ੀ ਨਾਲ ਫੀਸ
ਪੁਲੀਸ ਦੀ ਮਿਲੀ ਭੁਗਤ ਨਾਲ ਔਰਤ ਸਾਧ ਬਣੇ ਨੌਜਵਾਨ ’ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ – ਸ਼ਿਵ ਕੁਮਾਰ ਬਾਵਾ
ਵਰਲਡ ਪੰਜਾਬੀ ਸੈਂਟਰ ਦੀਆਂ ਗ਼ਲਤ ਬਿਆਨਬਾਜ਼ੀਆਂ
ਐੱਸ.ਐੱਸ.ਡੀ ਕਾਲਜ ਬਰਨਾਲਾ ਵਿਚ ਐੱਸ.ਸੀ.ਵਿਦਿਆਰਥੀਆਂ ਦੀਆਂ ਫੀਸਾਂ ਦਾ ਮਸਲਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਕੀ ਸੱਚਮੁੱਚ ਖ਼ਜ਼ਾਨਾ ਖਾਲੀ ਹੈ ? – ਮੁਸ਼ੱਰਫ ਅਲੀ

ckitadmin
ckitadmin
July 26, 2014
ਲਿਖਣ ਦਾ ਕਾਰਜ ਬਿਲਕੁਲ ਸੌਖਾ ਨਹੀਂ -ਕੇਹਰ ਸ਼ਰੀਫ਼
ਘੱਟ ਗਿਣਤੀਆਂ ਦੀ ਭਲਾਈ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਯੂ.ਪੀ.ਏ. -ਗੁਰਪ੍ਰੀਤ ਸਿੰਘ ਖੋਖਰ
ਸਰਮਾਏਦਾਰੀ ਨੇ ਮਨੁੱਖ ਨੂੰ ਆਧੁਨਿਕਤਾ ਦੇ ਨਾਮ ਹੇਠ ਪ੍ਰਾਚੀਨਤਾ ਵੱਲ ਧੱਕਿਆ -ਡਾ. ਸਵਰਾਜ ਸਿੰਘ
ਅਮਰੀਕਾ ਤੇ ਭਾਰਤ ’ਚ ਵਧ ਰਹੀ ਨੇੜਤਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਨਹੀਂ -ਡਾ. ਸਵਰਾਜ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?