ਬਲਦੇਵ ਸਿੰਘ ਬੇਦੀ ਦਾ ਨਾਮ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਪੰਜਾਬ ਦੇ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਤੋਂ “ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ” ਦੇ ਸਨਮਾਣਯੋਗ ਅਹੁਦੇ ਤੋਂ ਰਿਟਾਇਰ ਹੋਏ ਹਨ। ਜੇਕਰ ਏਸ ਭਾਗਾਂ ਵਾਲੀ ਇਤਿਹਾਸਿਕ ਧਰਤੀ ਨੂੰ ਮਾਲਵੇ ਦਾ “ਸਾਹਿਤ ਦਾ ਗੜ੍ਹ” ਮੰਨਿਆ ਲਿਆ ਜਾਵੇ ਕੋਈ ਅਤਿਕਥਨੀ ਨਹੀਂ ਹੋਵੇਗੀ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨੇ ਸਾਹਿਤ ਦੀਆਂ ਅਨੇਕਾਂ ਮਹਾਨ ਸ਼ਖਸੀਅਤਾਂ ਨੂੰ ਆਪਣੇ ਕਲਾਵੇਂ ਅੰਦਰ ਸਮੋਇਆ ਹੋਇਆ ਹੈ। ਉਨ੍ਹਾਂ ਤਮਾਮ ਸਾਹਿਤਕਾਰਾਂ ਵਿੱਚੋਂ ਜੇਕਰ ਹਾਇਕੂ ਲਿਖਣ ਵਾਲਿਆਂ ਦਾ ਕਿਤੇ ਜ਼ਿਕਰ ਆਉਂਦੈ ਤਾਂ ਮਾਨਯੋਗ ਬਲਦੇਵ ਸਿੰਘ ਜੀ ‘ਬੇਦੀ’ ਜੀ ਦਾ ਨਾਮ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਇੱਕ ਵਧੀਆ ਇਨਸਾਨ, ਨਿਮਰਤਾ, ਸਹਿਜਤਾ, ਸੰਜਮਤਾ, ਤੇ ਨਿੱਘਾ ਸੁਭਾਅ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਹਿਮ ਗੁਣ ਮੰਨਿਆ ਜਾ ਸਕਦੈ।
ਬੇਦੀ ਜੀ ਤਕਰੀਬਨ ਪਿਛਲੇ ਸੱਤ-ਅੱਠ ਸਾਲਾਂ ਤੋਂ ਇਸ ਨਵੀਨ ਵਿਧਾ “ਹਾਇਕੂ” ਦੇ ਨਾਲ਼ ਬੜੀ ਸਿੱਦਤ ਔਰ ਪਰਪੱਕਤਾ ਦੇ ਨਾਲ਼ ਜੁੜੇ ਹੋਏ ਹਨ। ਜੇਕਰ ਦੇਖਿਆ ਜਾਵੇ ਬੇਦੀ ਤਾਂ ਜੀ ਦੀਆਂ ਏਸ ਕਾਰਜ਼ ਨੂੰ ਲੈ ਕੇ ਪੰਜਾਬੀ ਸਾਹਿਤ ਦੀ ਸੇਵਾ ਹਿੱਤ ਅਹਿਮ ਪਾ੍ਪਤੀਆ ਵੀ ਮੰਨੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦਾ ਸੰਖੇਪ ਵਿੱਚ ਜ਼ਿਕਰ ਵੀ ਕਰਨਾ ਚਾਹਾਂਗਾ।
1. ਪੀ੍ਚੈ ਗੁਰੂ ਸਹਿਬਾਨ ਭਾਗ-1 {ਹਾਇਕੂ ਸੰਗ੍ਰਿਹ }
2. ਪੀ੍ਚੈ ਗੁਰੂ ਸਹਿਬਾਨ ਭਾਗ-2 { ਤਾਂਕਾ ਸੰਗ੍ਰਿਹ }
3. ਗੁਰੂ ਨਾਨਕ ਬਾਣੀ। {ਹਾਇਕੂ ਸੰਗ੍ਰਿਹ}
ਪ੍ਕਾਸ਼ਿਤ ਹੋ ਚੁੱਕੀਆਂ ਹਨ। ਹਾਇਕੂ ਦੇ ਇਤਿਹਾਸ ਵਿੱਚ ਵੀ ਇਹ ਪਹਿਲੀ ਵਾਰ ਹੋਵੇਗਾ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ “ਹਾਇਕੂ ਵਿਧਾ” ਰਾਹੀਂ ਜੇਕਰ ਕਿਸੇ ਨੇ ਚਿਤਰਿਐ ਤਾਂ ਮਾਣਯੋਗ ਬਲਦੇਵ ਸਿੰਘ ਬੇਦੀ ਜੀ ਦਾ ਨਾਮ ਲਿਆ ਜਾਵੇਗਾ।
ਹੁਣ ਗੱਲ ਕਰਦੇ ਹਾਂ ਬਲਦੇਵ ਸਿੰਘ ਬੇਦੀ ਜੀ ਦੀ ਨਵ-ਪ੍ਰਕਾਸ਼ਿਤ ਪੁਸਤਕ “ਹਾਇਕੂ-ਏ-ਪੈਂਤੀ ਬਾਰੇ। ਤਰਕਭਾਰਤੀ ਪ੍ਕਾਸ਼ਨ ਵਲੋਂ ਤਿਆਰ ਕੀਤੀ ਵਾਜ਼ਿਬ ਕੀਮਤ ਤੇ ਅਤਿ ਸੁੰਦਰ ਸਰਵਰਕ ਦਿੱਖ ਨਾਲ਼ ਸ਼ਿੰਗਾਰੀ “ਹਾਇਕੂ-ਏ-ਪੈਂਤੀ” ਕਿਤਾਬ ਦੇ ਕੁਲ 112 ਪੰਨੇ ਹਨ। ਇਹ ਪੁਸਤਕ ਵਿਸ਼ੇਸ਼ ਕਰਕੇ ਹਾਇਕੂ ਲਿਖ਼ਣ ਵਾਲੇ ਸਿਖਿਆਰਥੀ ਹਾਇਕੂਕਾਰਾਂ ਲਈ ਹੀ ਤਿਆਰ ਕੀਤੀ ਗਈ ਹੈ।
ਬੇਦੀ ਜੀ ਅਨੁਸਾਰ,”ਹਾਇਕੂ ਇੱਕ ਤਿ੍ਪਦੀ ਰਚਨਾ ਹੈ, ਰੂਹਾਂ ਦੀ ਬੋਲੀ ਤੇ ਅੰਤਰ ਆਤਮਾ ਦੀ ਆਵਾਜ਼ ਹੈ। ਜਿਸ ਵਿੱਚ ਹਾਇਕੂਕਾਰ ਆਪਣੀ ਖੁਸ਼ੀ-ਗ਼ਮੀਂ, ਜਜ਼ਬਾਤ, ਵਿਚਾਰ ,ਖਿਆਲ ਤੇ ਆਪਣੇ ਮਨ ਦੇ ਭਾਵਾਂ ਨੂੰ ਸਹਿਜੇ ਪ੍ਗਟ ਕਰਦਾ ਹੈ।” ਉਨ੍ਹਾਂ ਅਨੁਸਾਰ ਜਾਪਾਨ ਦੀ ਇਹ ਵਿਧਾ ਸੰਨ 1950 ਦੇ ਕਰੀਬ ਭਾਰਤ ਵਿੱਚ ਪ੍ਰਵੇਸ਼ ਕਰ ਗਈ ਸੀ, ਤੇ ਅੱਜ ਜਿਸਨੂੰ ਭਾਰਤ ਦੀਆਂ ਕਈ ਭਾਸ਼ਾਵਾਂ ਵਿੱਚ ਪੂਰਨ ਤੌਰ ਤੇ 5+7+5 ਦੇ ਰੂਪ ਦੇ ਵਿਧਾਨ ਅਨੁਸਾਰ ਲਿਖਿਆ ਤੇ ਅਪਣਾਇਆ ਵੀ ਜਾਣ ਲੱਗਾ ਹੈ।
ਹਾਇਕੂ ਕਿਵੇਂ ਲਿਖਣਾ…? ਇਸਦਾ ਮੀਟਰਕ ਪੈਮਾਨਾ ਕੀ ਹੋਵੇ..? ਦੇ ਸਬੰਧ ਵਿੱਚ ਬੇਦੀ ਜੀ ਨੇ ਹਾਇਕੂ-ਏ-ਵਾਰਤਿਕ, ਹਾਇਕੂ-ਏ-ਗੁਰਬਾਣੀ, ਪੰਜ-ਖੰਡ, ਹਾਇਕੂ-ਏ-ਕਵਿਤਾ, ਹਾਇਕੂ-ਏ-ਦੋਹੇ, ਹਾਇਕੂ-ਏ-ਵਿਅੰਗ, ਹਾਇਕੂ-ਏ-ਖ਼ਬਰਾਂ ਦੇ ਅਲੱਗ-ਅਲੱਗ ਖੰਡ ਬਣਾ ਕੇ ਹਾਇਕੂ ਵੰਨਗੀਆਂ ਦੇ ਨਾਲ਼ ਉਦਾਹਰਣਾਂ ਸਮੇਤ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਹਾਇਕੂ-ਏ-ਗ਼ਜ਼ਲ, ਹਾਇਕੂ-ਏ-ਰੁਬਾਈ, ਤਾਕਾਂ, ਸੇਦੋਕਾ ਤੇ ਚੋਕਾ, ਤੇ ਹਾਇਬਨ ਆਦਿ ਬਾਰੇ ਵੀ “ਹਾਇਕੂ-ਏ-ਪੈਂਤੀ” ਪੁਸਤਕ ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
ਬੇਦੀ ਜੀ ਵਲੋਂ ਸ਼ੋਸ਼ਲ ਮੀਡੀਆ ਤੇ ਚੱਲ ਰਹੇ ਹਾਇਕੂ ਗਰੁੱਪਾਂ ਜਿਨ੍ਹਾਂ ਵਿੱਚ 5+7+5 (ਜਨਮੇਜ਼ਾ ਸਿੰਘ ਜੋਹਲ), ਪੰਜਾਬੀ ਹਾਇਕੂ ਬਲਾਗ, ਪੰਜਾਬੀ ਹਾਇਕੂ ਮਹਿਫ਼ਲ, ਪੰਜਾਬੀ ਹਾਇਕੂ, ਅਤੇ ਵਿਸ਼ੇਸ਼ ਕਰਕੇ ਫੇਸਬੁੱਕ ਤੇ ਬਠਿੰਡਾ ਤੋਂ ਪਰਮ ਜੀਤ ਰਾਮਗੜ੍ਹੀਆ ਦੁਆਰਾ ਚਲਾਇਆ ਜਾ ਰਿਹਾ “ਹਾਇਕੂ ਰਿਸ਼ਮਾਂ” ਗਰੁੱਪ ਦਾ ਜ਼ਿਕਰ ਕੀਤਾ ਹੈ ਤੇ ਨਾਲ਼ ਹੀ ਉਨ੍ਹਾਂ ਦੇ ਸੁੰਦਰ ਹਾਇਗਿਆ ਨੂੰ ਵੀ ਉਚੇਚੇ ਤੌਰ ਤੇ ਆਪਣੀ ਪੁਸਤਕ ਦੇ ਵਿੱਚ ਯੋਗ ਸਥਾਨ ਦੇ ਨਿਵਾਜਿਆ ਹੈ।
ਹਥਲੀ ਪੁਸਤਕ ਦੇ ਵਿੱਚ ਜੇਕਰ ਪੰਛੀ ਝਾਤ ਮਾਰੀਏ ਤਾਂ ਇਸ ਵਿੱਚ ਲਗਭਗ 1210 ਹਾਇਕੂ, 8 ਰੇਂਗਾ, 7 ਚੋਕੇ ਤੇ 4 ਖੂਬਸੂਰਤ ਹਾਇਗਾ ਨੂੰ ਬਹੁਤ ਹੀ ਸੁਚੱਜੇ ਤੇ ਤਰਤੀਬਾਨੁਸਾਰ ਨਾਲ਼ ਪੇਸ਼ ਕੀਤਾ ਗਿਆ ਹੈ। ਪੁਸਤਕ ਦਾ ਮੁੱਖ ਬੰਦ ਡਾ. ਇੰਦਰਪਾਲ ਮਹਿਤਾ ਜੀ ਵਲੋਂ ਬਹੁਤ ਸੁੰਦਰ ਲਫਜ਼ਾਂ ਦੇ ਨਾਲ਼ ਲਿਖਿਆ ਗਿਆ ਹੈ ਤੇ ਨਾਲ਼ ਹੀ ਮੈਨੇਜਿੰਗ ਡਾਇਰੈਕਟਰ ਯੰਗ ਡਾਇਮੰਡਜ਼ ਪੋ੍ਡਕਸ਼ਨ ਜੀ ਦੇ ਕੀਮਤੀ ਹਰਫ਼ ਵੀ “ਹਇਕੂ-ਏ-ਪੈਂਤੀ” ਪੁਸਤਕ ਦਾ ਸ਼ਿੰਗਾਰ ਬਣੇ ਹਨ।
ਪੁਸਤਕ ਵਿੱਚ ਮੋਜੂਦ ਹਇਕੂਆਂ ਨੂੰ ਲੇਖਕ ਨੇ “ੳ” ਤੋਂ ਲੈ ਕੇ “ੜ” ਤੋਂ ਸ਼ੁਰੂ ਹੋਣ ਵਾਲੇ ਅੱਖਰਾਂ ਨੂੰ ਅਧਾਰ ਬਣਾ ਕੇ ਸੁੰਦਰ ਤਰਤੀਬ ਦੇ ਵਿੱਚ ਲਗਭਗ 1200 ਹਾਇਕੂਆਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਹਥਲੀ ਪੁਸਤਕ ਵਿੱਚ ਰੁਬਾਈ, ਗ਼ਜ਼ਲ, ਵਿਅੰਗ, ਦੋਹੇ ਤੇ ਹਾਇਬਨ ਨੂੰ ਵੀ ਸ਼ਾਮਿਲ ਕਰ ਕੁੱਜੇ ਵਿੱਚ ਸਮੁੰਦਰ ਕੈਦ ਕਰਨ ਦੀ ਕਹਾਵਤ ਨੂੰ ਬੇਦੀ ਜੀ ਨੇ ਇਨ-ਬਿਨ ਸਾਬਿਤ ਕਰ ਦਿਖਾਇਆ ਹੈ। ਆਸ ਕਰਦੇ ਹਾਂ ਮਾਣਯੋਗ ਬੇਦੀ ਜੀ ਦੀ ਇਹ ਪੁਸਤਕ ਪਾਠਕਾਂ ਤੇ ਹਾਇਕੂ ਸਿਖਾਦਰੂਆਂ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਪ੍ਮਾਤਮਾ ਇਨ੍ਹਾਂ ਦੀ ਕਲਮ ਨੂੰ ਬੇਸ਼ੁਮਾਰ ਤਾਕਤ ਦੇ ਨਾਲ਼ ਸਦਾ ਹੀ ਨਿਵਾਜ਼ਦੇ ਰਹਿਣ ।


