ਵਕਤ ਇਨਸਾਨ ਨੂੰ ਕਿੰਨਾਂ ਕੁ ਬਦਲ ਦਿੰਦਾ ਹੈ, ਇਹ ਉਸਦੇ ਕੰਮਾਂ ਤੋਂ ਪਤਾ ਚਲਦਾ ਹੈ ਬੋਲਣ ਦੱਸਣ ਨਾਲ ਕੋਈ ਵਧੀਆਂ ਘਟੀਆ ਨਹੀਂ ਬਣ ਜਾਂਦਾ। ਇੱਥੇ ਅਮਲਾਂ ਤੇ ਹੁੰਦੇ ਨੇ ਨਬੇੜੇ ਬਾਤ ਜਾਂ ਜਾਤ ਕਿਸੇ ਪੁੱਛਣੀ ਨਹੀਂ। ਯੁੱਗ ਪੁਰਸ਼ਾਂ ਦੀਆਂ ਰੱਖੀਆਂ ਮਜਬੂਤ ਨੀਹਾਂ ਵਾਲੀਆਂ ਕੰਧਾਂ ਦੀਆਂ ਜੜਾਂ ਰਾਜਸੱਤਾ ਕਿਵੇਂ ਖੋਖਲਾ ਕਰ ਦਿੰਦੀ ਹੈ ਪਤਾ ਹੀ ਨਹੀਂ ਚਲਦਾ। ਪਿਛਲੇ ਦਿਨੀਂ 1947 ਦੇ ਫਸਾਦਾਂ ਤੇ ਇੱਕ ਵੱਡ ਅਕਾਰੀ ਪੁਸਤਕ ਪੜਦਿਆਂ ਅਤੇ ਆਮ ਜ਼ਿੰਦਗੀ ਵਿੱਚ ਬਜ਼ੁਰਗਾਂ ਤੋਂ ਦਰਦ ਭਰੀਆਂ ਕਹਾਣੀਆਂ ਸੁਣਦਿਆਂ ਗੁਰੂਆਂ ਪੀਰਾਂ ਫਕੀਰਾਂ ਦੀ ਵਰੋਸਾਈ ਸਿੱਖ ਕੌਮ ਦਾ ਅਸਲੀ ਨਹੀਂ ਪਰ ਇੱਕ ਰਾਜਨੀਤਕਾਂ ਦੁਆਰਾ ਤਿਆਰ ਨਕਲੀ ਧੜੇ ਦੀ ਪੈਦਾਇਸ਼ ਕਿਸ ਤਰ੍ਹਾਂ ਆਪਣੇ ਮੂਲ ਖਾਸੇ ਨਾਲੋਂ ਟੁੱਟਕੇ ਲੁਟੇਰੀ, ਧਾੜਵੀ, ਇੱਜ਼ਤਾਂ ਲੁੱਟਣ ਵਾਲੀ ਅਤੇ ਜਰਾਇਮ ਪੇਸ਼ਾ ਬਣਦੀ ਦਿਖਾਈ ਦਿੰਦੀ ਹੈ ਅਤਿ ਹੈਰਾਨੀ ਜਨਕ ਹੈ।
ਅਸਲ ਵਿੱਚ ਇਹ ਗੁਰੂਆਂ ਦੇ ਰਸਤੇ ਉੱਪਰ ਤੁਰਨ ਵਾਲਿਆਂ ਦੀ ਹਾਰ ਅਤੇ ਜਾਲਮ ਰਾਜਸੱਤਾ ਦੁਆਰਾ ਖੜੀ ਕੀਤੀ ਗਈ ਨਕਲੀ ਫੌਜ ਦੇ ਕਾਰਨ ਹੁੰਦਾ ਹੈ। ਲੋਕ ਹਿੱਤਾਂ ਦੇ ਅਲੰਬਰਦਾਰ ਅਸਲੀ ਲੋਕ ਤਾਂ ਕਦੇ ਵੀ ਆਪਣੇ ਰਹਿਬਰਾਂ ਦੇ ਉਪਦੇਸਾਂ ਤੋਂ ਮੁਨਕਰ ਨਹੀਂ ਹੁੰਦੇ ਪਰ ਰਾਜਸੱਤਾ ਦੁਆਰਾ ਤਿਆਰ ਕੀਤੇ ਨਕਲੀ ਭੇਖੀ ਦੁਸ਼ਟ ਲੋਕ ਗੁਰੂਆਂ ਦੇ ਦਿੱਤੇ ਬਾਣੇ ਪਹਿਨਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ।
ਦੁਨੀਆਂ ਦੀ ਸਭ ਤੋਂ ਨਵੀਂ ਕੌਮ ਸਿੱਖ ਕੌਮ ਜੋ ਨਿਤਾਣੇ ਦਾ ਤਾਣ ਨਿਉਟੇ ਦੀ ਉਟ ਨਿਮਾਣੇ ਦਾ ਮਾਣ ਬਣਦੀ ਹੈ ਨੇ ਆਪਣੇ ਇਸ ਗੁਰ ਉਪਦੇਸ ਨੂੰ ਪਿੱਠ ਦਿਖਾਕੇ ਰਾਜਨੀਤਕਾਂ ਦੀ ਜ਼ਹਿਰ ਭਰੀ ਚਾਲ ਵਿੱਚ ਸ਼ਾਮਲ ਹੋਕੇ ਜੋ ਗੁੱਲ ਖਿਡਾਏ ਸਨ ਉਹ ਅੱਜ ਵੀ ਸਾਨੂੰ ਸ਼ਰਮਸਾਰ ਕਰਦੇ ਹਨ। ਇਹੋ ਜਿਹੇ ਕਹਿਰ ਦੇ ਸਮਿਆਂ ਵਿੱਚ ਗੁਰੂ ਕਾਲ ਅਤੇ ਉਸਤੋਂ ਬਾਅਦ ਲੰਬਾ ਸਮਾਂ ਸਿੱਖ ਕੌਮ ਅਤੇ ਖਾਲਸਾ ਫੌਜ ਨੇ ਨਿਮਾਣਿਆਂ ਨਿਤਾਣਿਆਂ ਨਿਉਟਿਆਂ ਅਤੇ ਗਊ ਗਰੀਬ ਦੀ ਰੱਖਿਆ ਕਰਨ ਲਈ ਲਾਮਿਸਾਲ ਕੁਰਬਾਨੀਆਂ ਕਰਕੇ ਇਤਿਹਾਸ ਰਚਿਆ ਸੀ ਪਰ ਜਿਉਂ ਹੀ ਇਸ ਕੌਮ ਦੇ ਆਗੂ ਰਾਜਨੀਤਕ ਲੋਕ ਜੋ ਗੋਰੇ ਅਤੇ ਕਾਲੇ ਅੰਗਰੇਜ਼ਾਂ ਦੇ ਏਜੰਟ ਬਣੇ ਅਤੇ ਉਹਨਾਂ ਇਸ ਕੌਮ ਵਿੱਚੋਂ ਹੀ ਇਸਦੇ ਬਰਾਬਰ ਇੱਕ ਗੁਰੂਆਂ ਦੀ ਸੋਚ ਤੋਂ ਵਿਹੂਣੀ ਨਕਲੀ ਕੌਮ ਤਿਆਰ ਕਰ ਲਈ ਸੀ ਜਿਸਨੇ 1947 ਵਿੱਚ ਧੀਆਂ ਭੈਣਾਂ ਦੀ ਰੱਖਿਆ ਕਰਨ ਦੀ ਥਾਂ ਇੱਜ਼ਤਾਂ ਲੁਟੀਆਂ ਸਨ ਅਤੇ ਗੁਰੂਆਂ ਦਾ ਨਾਂ ਬਦਨਾਮ ਕੀਤਾ ਸੀ ਅਤੇ ਅੱਜ ਤੱਕ ਵੀ ਉਹਨਾਂ ਬੇਇਖਲਾਕੇ ਲੋਕਾਂ ਦੇ ਵਾਰਿਸ ਆਗੂ ਬਣੇ ਬੈਠੇ ਹਨ ਸਰਕਾਰਾਂ ਅਤੇ ਰਾਜਨੀਤਕਾਂ ਦੀ ਸਹਿ ਤੇ।ਇਹੋ ਜਿਹੇ ਲੋਕ ਅੱਜ ਵੀ ਜ਼ਹਿਰਾਂ ਭਰੀ ਨਫਰਤ ਦੀ ਖੇਤੀ ਲਗਾਤਰ ਕਰਦੇ ਹੋਏ ਨਵੇਂ ਬੀਆਂ ਨੂੰ ਬੀਜਦੇ ਰਹਿੰਦੇ ਹਨ ਪਰ ਧੰਨ ਹਨ ਉਹ ਕੁੱਝ ਲੋਕ ਜੋ ਗੁਰੂਆਂ ਦੀ ਸੋਚ ਤੇ ਪਹਿਰਾ ਦੇਣ ਦਾ ਯਤਨ ਕਰਦੇ ਰਹਿੰਦੇ ਹਨ। ਇਹੋ ਜਿਹੇ ਉੱਚ ਕਿਰਦਾਰ ਦੇ ਲੋਕਾਂ ਨੇ 1947 ਦੇ ਕਹਿਰ ਭਰੇ ਸਮੇਂ ਵੀ ਇਨਸਾਨੀਅਤ ਲਈ ਗੁਰੂਆਂ ਦੀ ਸੋਚ ਦਾ ਦੀਵਾ ਜਗਦਾ ਰੱਖਿਆ ਸੀ। ਬੇਇਖਲਾਕੇ ਲੋਕਾਂ ਦੇ ਵਾਰਿਸਾਂ ਨੇ ਅੱਸੀਵਿਆਂ ਦੇ ਦੌਰ ਤੱਕ ਪਹੁੰਚਦਿਆਂ ਪੰਜਾਬ ਅਤੇ ਪੰਜਾਬੀਆਂ ਲਈਆਂ ਜੂਝਣ ਵਾਲੇ ਸਿੱਖ ਯੋਧਿਆਂ ਨੂੰ ਬਦਨਾਮ ਕਰਨ ਲਈ ਸਿੱਖ ਘਰਾਂ ਵਿੱਚ ਜੰਮੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਸੀ । ਅਜੀਤ ਸਿੰਘ ਪੂਹਲਾ ਅਤੇ ਅਨੇਕਾਂ ਪੁਲਸੀਆਂ ਕੈਟ ਕਿਸਮ ਦੇ ਲੋਕਾਂ ਨੇ ਹਿੰਦੂ ਸਿੱਖ ਅਤੇ ਇੱਥੋਂ ਤੱਕ ਕਿ ਪੁਲੀਸ ਵਾਲੇ ਸਿੱਖ ਪਰਿਵਾਰਾਂ ਦੀਆਂ ਇੱਜਤਾਂ ਰੋਲਣ ਦਾ ਕੰਮ ਵੀ ਖੂਬ ਧੜੱਲੇ ਨਾਲ ਕੀਤਾ ਸੀ। ਇਸ ਤਰ੍ਹਾਂ ਦੇ ਕਾਰੇ ਕਰਨ ਵਾਲੇ ਏਜੰਸੀਆਂ ਦੇ ਬੰਦੇ ਵੀ ਸਿੱਖ ਘਰਾਂ ਦੇ ਜੰਮੇ ਜਾਏ ਸਨ। ਇਹੋ ਜਿਹੇ ਲੋਕਾਂ ਵਿੱਚ ਅਨੇਕਾਂ ਮਾੜੇ ਲੋਕ ਅੱਜ ਵੀ ਰਾਜਗੱਦੀਆਂ ਤੇ ਬੈਠੇ ਦਿਖਾਈ ਦਿੰਦੇ ਹਨ ਅਤੇ ਸਿੱਖ ਕੌਮ ਦੇ ਰਹਿਬਰ ਵੀ ਬਣੇ ਹੋਏ ਹਨ।
ਵਰਤਮਾਨ ਸਮੇਂ ਸਿੱਖ ਕੌਮ ਜੋ ਹਿੰਦੁਸਤਾਨ ਦੀ ਸ਼ਾਨ ਹੋਣੀ ਚਾਹੀਦੀ ਸੀ ਕਿਸ ਤਰ੍ਹਾਂ ਹੱਥ ਅੱਡਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਰਤੀ ਲੋਕਾਂ ਦਾ ਗੁਰੂਆਂ ਦਾ ਵਰੋਸਾਇਆ ਪੰਜਾਬ ਘਸਿਆਰਾ ਬਣਾਇਆ ਜਾ ਰਿਹਾ ਹੈ। ਆਪਣੇ ਵਿੱਚੋਂ ਇਮਾਨਦਾਰ ਅਗਵਾਈ ਪੈਦਾ ਕਰਨ ਤੋਂ ਨਿਪੁੰਸਕ ਕੀਤਾ ਜਾ ਰਿਹਾ ਹੈ, ਦੂਸਰਿਆਂ ਸੂਬਿਆਂ ਦੇ ਆਗੂ ਇਸਦੀ ਅਗਵਾਈ ਹੱਥਾ ਵਿੱਚ ਲੈਣ ਜਾ ਰਹੇ ਹਨ, ਪੰਜਾਬੀਆਂ ਲਈ ਡੁੱਬ ਮਰਨ ਵਾਲੀ ਗੱਲ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਵਾਲੇ ਨਾਹਰੇ ਵਾਲੀ ਕੌਮ ਨੂੰ ਦਿੱਲੀ ਯੂਪੀ ਅਤੇ ਬਿਹਾਰੀ ਲੋਕ ਕਾਬਜ਼ ਹੋਣ ਦੇ ਦਮ ਭਰ ਰਹੇ ਹਨ ਕੀ ਅਸੀਂ ਸੱਚਮੁੱਚ ਹੀ ਗੁਰੂਆਂ ਦੀ ਸੋਚ ਨੂੰ ਬੇਦਾਵਾ ਲਿਖ ਦਿੱਤਾ ਹੈ? ਕੀ ਪੰਜਾਬੀ ਪੰਜਾਬ ਵਿੱਚੋਂ ਹੀ ਨਵੀਂ ਅਗਵਾਈ ਪੈਦਾ ਕਰਨ ਦੇ ਯੋਗ ਨਹੀਂ ਰਹੇ? ਕੀ ਅਸੀ ਸਾਡੇ ਰਾਹੋਂ ਭਟਕੇ ਅਤੇ ਵਿਗੜੇ ਆਗੂਆਂ ਨੂੰ ਸਬਕ ਸਿਖਾਉਣ ਤੋਂ ਵੀ ਅਸਮਰਥ ਕਰ ਦਿੱਤੇ ਗਏ ਹਾਂ? ਜੇ ਇਸ ਤਰ੍ਹਾਂ ਸੱਚ ਮੁੱਚ ਹੀ ਹੋਣ ਜਾ ਰਿਹਾ ਹੈ ਤਦ ਸਾਨੂੰ ਆਪਣੇ ਗੁਰੂਆਂ ਫਕੀਰਾਂ ਨੂੰ ਕਹਿ ਹੀ ਦੇਣਾਂ ਚਾਹੀਦਾ ਹੈ ਕਿ ਹੁਣ ਅਸੀਂ ਉਹ ਨਹੀਂ ਰਹੇ ਅਸੀਂ ਸੱਚਮੁੱਚ ਹੀ ਬਦਲ ਗਏ ਹਾਂ ?

