ਬੂਵਆਰ ਦੇ ਜੀਵਨ ਤੋਂ ਪਤਾ ਚੱਲਦਾ ਹੈ ਕਿ ਉਸਨੇ ਸੰਸਾਰ ਭਰ ਦੇ ਵੱਖੋ-ਵੱਖ ਚਿੰਤਕਾਂ ਨੂੰ ਪੜ੍ਹਿਆ ਸੀ। ਉਸਨੇ ਫਿਲਾਸਫੀ ਦਾ ਅਧਿਐਨ ਕੀਤਾ ਵੀ ਤੇ ਇਸ ਨੂੰ ਪੜ੍ਹਾਇਆ ਵੀ। ਉਸਦੀ ਸੰਸਾਰ ਦੇ ਮਹਾਨ ਦਾਰਸ਼ਨਿਕਾਂ ਨਾਲ ਦੋਸਤੀ ਰਹੀ ਤੇ ਆਪਣੀ ਸਮਝ ਮੁਤਾਬਿਕ ਉਹਨਾਂ ਦੁਆਰਾ ਸਥਾਪਿਤ ਧਾਰਨਾਵਾਂ ’ਤੇ ਟੀਕਾ ਟਿੱਪਣੀ ਵੀ ਕਰਦੀ ਰਹੀ। ਅਸਤਿੱਤਵਾਦ ਦੇ ਮਹਾਨ ਦਾਰਸ਼ਨਿਕ ਜੀਨ ਪਾਲ ਸਾਰਤਰ ਨਾਲ ਉਸਦੀ ਦੋਸਤੀ ਸੰਸਾਰ ਭਰ ਵਿੱਚ ਮਸ਼ਹੂਰ ਦੰਤਕਥਾ ਦਾ ਵਿਸ਼ਾ ਬਣੀ ਰਹੀ ਹੈ। ਉਹ ਸਾਰਤਰ ਦੀ ਦੋਸਤ ਰਹੀ ਪਰ ਉਸਨੇ ਆਪਣੀ ਪਹਿਚਾਣ ਨਹੀਂ ਗਵਾਈ। ਅਸਲ ਵਿਚ ਸਾਰਤਰ ਦੇ ਇੱਕ ਮਰਦ ਹੋਣ ਵਜੋਂ ਤੇ ਬੂਵਆਰ ਦੇ ਇੱਕ ਔਰਤ ਹੋਣ ਵਜੋਂ ਜੋ ਉਹਨਾਂ ਵਿਚ ਵਖਰੇਵਾਂ ਸੀ ਉਸ ਚੀਜ ਨੇ ਉਸਨੂੰ ‘ਜੈਂਡਰ’ ਦਾ ਅਧਿਐਨ ਕਰਨ ਲਈ ਪ੍ਰੇਰਿਆ।
ਉਸਨੇ ਪੁਨਰ-ਪ੍ਰਚਲਿਤ ਚਿੰਤਨ ਦਾ ਗਹਿਨ ਅਧਿਐਨ ਕੀਤਾ ਤੇ ‘ਦ ਸੈਕੰਡ ਸੈਕਸ’ ਲਿਖ ਕੇ ਸਿਕੇ ਦਾ ਪਾਸਾ ਹੀ ਪਲਟ ਦਿੱਤਾ। ਉਸਦੀ ਸਾਰਤਰ ਨਾਲ ਭਾਵੁਕ ਤੇ ਦਾਸ਼ਨਿਕ ਸਾਂਝ ਸੀ। ਦੋਵਾਂ ਦੇ ਅਸਤਿੱਤਵਾਦੀ ਹੋਣ ਕਾਰਣ ਉਹ ਜ਼ਿੰਦਗੀ ਨੂੰ ਸ਼ਿੱਦਤ ਭਰਭੂਰ ਪ੍ਰਮਾਣਿਕ ਅੰਦਾਜ ਨਾਲ ਜਿਊਣ ਵਿੱਚ ਵਿਸ਼ਵਾਸੀ ਸੀ। ਉਹ ਜ਼ਿੰਦਗੀ ਤੇ ਮੌਤ ਨੂੰ ਬਰਾਬਰ ਦੀ ਹੋ ਕੇ ਟੱਕਰਦੀ ਹੈ। ਬੁਵਆਰ ਤੇ ਸਾਰਤਰ ਦੀਆਂ ਬਹਿਸਾਂ ਹਮੇਸ਼ਾ ਉਸਾਰੂ ਸਿੱਟੇ ਲੈ ਕੇ ਆਈਆਂ। ਉਹ ਸਾਰਤਰ ਨੂੰ ਆਪਣੇ ਸੁਪਨਿਆਂ ਦਾ ਸਾਥੀ ਦੱਸਦੀ ਹੈ ਪਰ ਨਾਲ ਹੀ ਆਪਣਾ ਚਿੰਤਨ ਕਦੇ ਉਸਦੇ ਪ੍ਰਭਾਵ ਹੇਠ ਨਹੀਂ ਰੁੜਨ ਦਿੰਦੀ ਸਗੋਂ ਜ਼ਿੰਦਗੀ ਤੋਂ ਦੋਹਰੇ ਅਨੁਭਵ ਲੈਂਦੀ ਹੈ। ਉਸ ਨੇ ਔਰਤ ਦੇ ਹੱਕ ਵਿੱਚ ਸਿਧਾਂਤਕਾਰਾ ਦੇ ਤੌਰ ’ਤੇ ਨਾਲ ਹੀ ਨਾਲ ਨਾਰੀਵਾਦੀ ਲਹਿਰਾਂ ਵਿੱਚ ਖੁਦ ਹਿੱਸਾ ਲੈ ਕੇ ਵੱਡਾ ਯੋਗਦਾਨ ਪਾਇਆ। ਉਸਨੇ ਦੁਨੀਆਂ ਦੇਖੀ ਸੀ ਤੇ ਸਮਝੀ ਸੀ।
ਉਪਰੋਕਤ ਇਹ ਸਭ ਗੱਲਾਂ ਮਨ ਵਿੱਚ ਤਦ ਆ ਗਈਆਂ ਜਦੋਂ ਪਿਛਲੇ ਦਿਨੀਂ ਤਾਜ਼ਾ ਛਪੀ ਪੁਸਤਕ ‘ਬੂਵਆਰ ਦਾ ਨਾਰੀਵਾਦ’ ਪੜ੍ਹਨ ਦਾ ਮੌਕਾ ਮਿਲਿਆ। ਪਹਿਲੀ ਵਾਰ ਬੂਵਆਰ ’ਤੇ ਕੋਈ ਕਿਤਾਬ ਪੰਜਾਬੀ ਵਿੱਚ ਪੜ੍ਹਨ ਨੂੰ ਮਿਲੀ। ਇਸ ਤੋਂ ਪਹਿਲਾਂ ਭਾਵੇਂ ਬੂਵਆਰ ’ਤੇ ਬਹੁਤ ਕੰਮ ਹੋ ਚੁੱਕਾ ਹੈ, ਉਸਦੀ ਕਿਤਾਬ ਵੱਖ-ਵੱਖ ਭਾਸ਼ਾਵਾਂ ਵਿੱਚ ਛਪ ਚੁੱਕੀ ਹੈ ਪਰ ਪੰਜਾਬੀ ਵਿੱਚ ਇਸਦੀ ਘਾਟ ਰੜਕਦੀ ਸੀ। ਪਰਮਜੀਤ ਕੌਰ ਤੇ ਵਿਨੋਦ ਮਿੱਤਲ ਦੁਆਰਾ ਲਿਖੀ ਗਈ ਇਹ ਕਿਤਾਬ ਪੰਜਾਬੀ ਚਿੰਤਨ ਦੇ ਖੱਪੇ ਨੂੰ ਪੂਰਨ ਦਾ ਇਕ ਚੰਗਾ ਯਤਨ ਹੈ। ਕਿਤਾਬ ਰਾਹੀਂ ਔਖੇ ਸੰਕਲਪਾਂ ਨੂੰ ਸੌਖੇ ਤਰੀਕੇ ਨਾਲ ਬਿਆਨ ਤੇ ਸਪਸ਼ਟ ਕੀਤਾ ਗਿਆ ਹੈ। ਕਿਤਾਬ ਬੂਵਆਰ ਦੀ ਮੁੱਢਲੀ ਜ਼ਿੰਦਗੀ, ਉਸਦੇ ਅਧਿਐਨ, ਲਿਖਤਾਂ ਤੇ ਵਿਵਹਾਰਿਕ ਅਨੁਭਵਾਂ ਤੋਂ ਹੁੰਦੀ ਹੋਈ ਉਸਦੀ ਮਹਾਨ ਲਿਖਤ ‘ਦ ਸੈਕੰਡ ਸੈਕਸ’ ਵਿਚਲੇ ‘ਜੈਡਂਰ ਸਿਧਾਂਤ’ ਅਤੇ ਚਿੰਤਨ ਤੇ ਜਾ ਕੇ ਕੇਂਦਰਿਤ ਹੁੰਦੀ ਹੈ। ਦੱਸਿਆ ਗਿਆ ਹੈ ਕਿ ਬੂਵਆਰ ਦੇ ਮੁੱਢਲੇ ਜੀਵਨ ਤੋਂ ਹੀ ਉਸਦਾ ਝੁਕਾਅ ਦਰਸ਼ਨ ਅਧਿਐਨ ਵੱਲ ਹੋ ਗਿਆ ਸੀ। ਆਪਣੀ ਪੜ੍ਹਾਈ ਦੌਰਾਨ ਉਸਨੇ ਦੁਨੀਆਂ ਭਰ ਦੇ ਸਾਹਿਤ ਤੇ ਦਰਸ਼ਨ ਦਾ ਚਿੰਤਨ ਕੀਤਾ। ਉਸਦੀ ਸਾਰਤਰ ਨਾਲ ਦੋਸਤੀ ਤੇ ਬਹਿਸਾਂ ਨੇ ਉਸਦੀ ਸਮਝ ਵਿੱਚ ਵਾਧਾ ਕੀਤਾ। ‘ਦ ਸੈਕੰਡ ਸੈਕਸ’ ਅਸਲ ਵਿੱਚ ਇੱਕ ਮੋਟੀ ਕਿਤਾਬ ਹੈ ਜਿਸ ਨੂੰ ਲੇਖਕਾਂ ਨੇ ਸਾਰ ਤੱਤ ਰੂਪ ਵਿਚ ਸੌਖੀ ਭਾਸ਼ਾ ਵਿੱਚ ਪਾਠਕਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ ਤੇ ਨਾਲ ਹੀ ਦੱਸਿਆ ਹੈ ਕਿ ਕਿਸ ਤਰ੍ਹਾਂ ਬੂਵਆਰ (ਇੱਕ ਔਰਤ) ਦੀ ਜ਼ਿੰਦਗੀ ਨੂੰ ਜਿਊਣ ਜੋਗਾ ਬਨਾਉਣ ਲਈ ਵਿਵਹਾਰਿਕ ਸੰਘਰਸ਼ ਵਿੱਚ ਵੱਟ ਜਾਂਦੀ ਹੈ।
ਕਿਤਾਬ ਕੇਵਲ ਬੂਵਆਰ ਦੇ ਜੀਵਨ, ਚਿੰਤਨ ਤੇ ਵਿਵਹਾਰਿਕ ਸੰਘਰਸ਼ ਤੇ ਹੀ ਕੇਂਦਰਿਤ ਨਹੀਂ ਹੁੰਦੀ ਬਲਕਿ ਨਾਲ ਹੀ ਨਾਰੀਵਾਦ ਦੇ ਅੰਤਰ-ਰਾਸ਼ਟਰੀ ਪੱਧਰ ਤੇ ਜਨਮ ਤੋਂ ਲੈ ਕੇ ਪ੍ਰੌੜ ਅਵਸਥਾ ਵਿੱਚ ਪੁੱਜਣ ਦੀ ਹਿਸਟਰੀ ਨੂੰ ਟਰੇਸ ਵੀ ਕਰਦੀ ਹੈ। ਇਸ ਤੋਂ ਇਲਾਵਾ ਹੋਰ ਮਹਾਨ ਨਾਰੀਵਾਦੀ ਚਿੰਤਕਾਂ ਜਿਵੇਂ ਕੇਟ ਮਿਲੇਟ, ਈਲੇਨ ਸ਼ਵੈਲਟਰ, ਐਲੇਨ ਸਿਕਸੂ, ਜੂਲੀਆ ਕ੍ਰਿਸਤੀਵਾ, ਲੂਸ ਈਰੀਗੈਰੇ, ਬੈਟੀ ਫਰੀਡਨ, ਤੋਰੀਲ ਮੋਈ, ਜੂਲੀਅਟ ਮਿਸ਼ੇਲ, ਗਾਰਡਾ ਲਰਨਰ, ਜੇ. ਐੱਸ. ਮਿੱਲ, ਜੂਡੀਥ ਬਟਲਰ ਆਦਿ ਅਤੇ ਉਹਨਾਂ ਦੀਆਂ ਵੱਖ-ਵੱਖ ਅੰਤਰ-ਦ੍ਰਿਸ਼ਟੀਆਂ ਬਾਰੇ ਮੁੱਢਲੀ ਜਾਣਕਾਰੀ ਦਿੰਦੀ ਹੋਈ ਇਸਦੀ ਦਸ਼ਾ ਤੇ ਦਿਸ਼ਾ ਤੋਂ ਜਾਣੂ ਕਰਵਾਉਂਦੀ ਹੈ।
ਕਿਤਾਬ ਪਾਠਕ ਦੀ ਸਿਧਾਂਤ ਬਾਰੇ ਮੁੱਢਲੀ ਸਮਝ ਬਣਾਉਣ ਵਿੱਚ ਮਦਦ ਕਰਦੀ ਹੈ। ਇਸ ਦਾ ਕੇਦਂਰ ਕੇਵਲ ਨਾਰੀ ਨਹੀਂ ਬਲਕਿ ਮਨੁੱਖ ਹੈ ਤੇ ਇਸ ਵਿੱਚ ਮਨੁੱਖ ਦੇ ਸੋ਼ਸ਼ਣ ਦੇ ਕਾਰਣਾਂ ਨੂੰ ਘੋਖਣ ਦੀ ਚੰਗੀ ਕੋਸ਼ਿਸ਼ ਕੀਤੀ ਗਈ ਹੈ। ਕਿਤਾਬ ਨੂੰ ਲਿਖਦਿਆਂ ਕਿਸੇ ਇੱਕ-ਪੱਖੀ ਨਜ਼ਰੀਏ ਤੋਂ ਬਚਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਚਲਿਤ ਨਾਰੀਵਾਦੀ ਉਲਾਰ ਤੋਂ ਬਚਦਿਆਂ ‘ਜੈਂਡਰ’ ਦਾ ਵਿਸ਼ਲੇਸ਼ਣ ਇਸ ਪੱਖੋਂ ਕੀਤਾ ਗਿਆ ਹੈ ਕਿ ਇਹ ਸਿਰਜਿਆਂ ਕਿਵੇਂ ਜਾਂਦਾ ਹੈ। ਇੱਕ ਮਨੁੱਖ ਜੈਂਡਰ ਉਸਾਰੀ ਅਧੀਨ ਕਿਸ ਤਰ੍ਹਾਂ ਸਬਜੈਕਟ ਵਿੱਚ ਵੱਟ ਜਾਂਦਾ ਹੈ ਤੇ ਆਪਣੀ ਜ਼ਿੰਦਗੀ ਨੂੰ ਜਾਣ, ਸਮਝ ਕੇ ਕਿਵੇਂ ਪੁਨਰ-ਨਿਰਧਾਰਿਤ ਤੇ ਨਵੇਂ ਸਿਰੀਂ ਸ਼ੇਪ ਕਰਦਾ ਰਹਿੰਦਾ ਹੈ।
ਪੁਰਖਵਾਦ ਤੇ ਨਾਰੀਵਾਦ ਦੋ ਮੁਖਧਾਰਾਈ ਅਧਿਐਨਾਂ ਤੋਂ ਇਲਾਵਾਂ ਕਿਤਾਬ ਵਿਚ ਹੋਰ ਸਮਕਾਲੀ ਪੱਛਮੀ ਜੈਡਂਰ ਅਧਾਰਿਤ ਅਧਿਐਨਾਂ ਦਾ ਜ਼ਿਕਰ ਵੀ ਮਿਲਦਾ ਹੈ ਜਿਸ ਵਿਚ ਸਮਲਿੰਗੀ ਤੇ ਅਜਬ-ਗਜਬ ਸਾਹਿਤ ਸਿਧਾਂਤ ਉੱਪਰ ਵੀ ਚਰਚਾ ਕੀਤੀ ਗਈ ਹੈ। ਇੱਥੇ ਇਹ ਜੈਡਂਰ ਦੇ ਪਸਾਰੇ ਅਤੇ ਖਿਲਾਰੇ ਬਾਰੇ ਇੱਕੋ ਸਮੇਂ ’ਤੇ ਗੱਲ ਕਰਦੀ ਹੈ। ਪੰਜਾਬੀ ਚਿੰਤਨ ਵਿੱਚ ਇਹ ਸਿਧਾਂਤ ਹਾਲੇ ਪ੍ਰਵਾਨਿਤ ਨਹੀਂ ਹਨ ਪਰੰਤੂ ਕਿਤਾਬ ਵਿੱਚ ਇਹਨਾਂ ਸਿਧਾਂਤਾਂ ਦਾ ਜ਼ਿਕਰ ਸਾਨੂੰ ਸੰਸਾਰ ਪੱਧਰ ’ਤੇ ਚੱਲ ਰਹੇ ਸਮਕਾਲੀ ਜੈਂਡਰ ਸਿਧਾਂਤ ਦੀ ਜਾਣਕਾਰੀ ਦਿੰਦਾ ਹੋਇਆ ਇਸਦੀ ਦਿਸ਼ਾ ਨੂੰ ਵੀ ਦਰਸਾਉਂਦਾ ਹੈ।
ਕਿਤਾਬ ਵਿੱਚ ਇੱਕ ਪਾਠ ਨਾਰੀਵਾਦ ਅਤੇ ਸਾਹਿਤ ਸਿਧਾਂਤ ਨੂੰ ਦਿੱਤਾ ਗਿਆ ਹੈ ਜੋ ਮਨੁੱਖੀ ਰਿਸਤਿਆਂ ਦੀ ਰਾਜਨੀਤਿਕਤਾ ਦਾ ਖੁਲਾਸਾ ਕਰਦਾ ਹੈ, ਸਾਡੇ ਆਪਸ ਵਿੱਚ ਰਿਸ਼ਤਿਆਂ ਦੀ ਰਾਜਨੀਤਿਕ ਪੜ੍ਹਤ ਦੇ ਤਰੀਕੇ ਸੁਝਾਉਂਦਾ ਹੈ ਤੇ ਨਾਲ ਹੀ ਸਾਹਿਤ ਅਧਿਐਨ ਅਤੇ ਅਲੋਚਨਾਂ ਵਿੱਚ ਨਾਰੀਵਾਦੀ ਵਿਧੀਆਂ ਦੀ ਮਹੱਤਤਾ ਉੱਪਰ ਚਾਨਣਾ ਪਾਉਂਦਾ ਹੈ।
ਕਿਤਾਬ ਦੀ ਖੂਬਸੂਰਤ ਗੱਲ ਇਹ ਹੈ ਕਿ ਇਹ ਬੜੇ ਹੀ ਸਹਿਜੇ ਤਰੀਕੇ ਨਾਲ ਨਾਰੀਵਾਦ ਨੂੰ ਔਰਤ ਤੇ ਮਰਦ ਦਾ ਸਾਂਝਾ ਵਿਸ਼ਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਲੇਖਕ ਬਹੁਤ ਹੀ ਸੂਖਮ ਤੇ ਸਰਲ ਤਰੀਕੇ ਨਾਲ ਸਪਸ਼ਟ ਕਰਦੇ ਹੋਏ ਦਸਦੇ ਹਨ ਕਿ ਨਾਰੀਵਾਦ ਦਾ ਮਤਲਬ ਇਹ ਨਹੀਂ ਕਿ ਇਹ ਕੇਵਲ ਔਰਤਾਂ ਦਾ ਵਿਸ਼ਾ ਹੈ, ਇਹ ਔਰਤ ਤੇ ਮਰਦ ਸਾਂਝਾ ਵਿਸ਼ਾ ਹੈ। ਇਹ ਹਰ ਇੱਕ ਉਸ ਇਨਸਾਨ ਲਈ ਜ਼ਰੂਰੀ ਹੈ ਜੋ ਖੁਦ ਨੂੰ, ਇਸ ਸਮਾਜ, ਸੱਭਿਆਚਾਰ ਤੇ ਰਿਸ਼ਤਿਆਂ ਵਿਚਲੀ ਰਾਜਨੀਤੀ ਨੂੰ ਸਮਝਣਾ ਚਾਹੁੰਦਾ ਹੈ।
ਕਿਤਾਬ ਦਾ ਆਖਰੀ ਹਿੱਸਾ ਪੰਜਾਬ ਵਿੱਚ ਔਰਤ-ਮਰਦ ਸਥਿਤੀ ਤੇ ਨਾਰੀਵਾਦ ਦੀ ਗੱਲ ਕਰਦਾ ਹੈ । ਜਿਸ ਵਿਚ ਲੇਖਕਾਂ ਨੇ ਔਰਤ ਦੀ ਮੌਜੂਦਾ ਤ੍ਰਾਸਦਿਕ ਦਸ਼ਾ ਨੂੰ ਵਿਚਾਰਿਆ ਹੈ ਤੇ ਨਾਲ ਹੀ ਇਹ ਸਪਸ਼ਟ ਕੀਤਾ ਹੈ ਕਿ ਮਰਦ ਹੋਰ ਤਰੀਕੇ ਨਾਲ ਆਪਣੇ ਜੈਂਡਰ ਰਾਹੀਂ ਸ਼ੋਸ਼ਿਤ ਹੁੰਦਾ ਹੈ। ਮੌਜੂਦਾ ਪੰਜਾਬੀ ਚਿੰਤਨ ਵਿੱਚ ਨਾਰੀਵਾਦੀ ਚਿੰਤਨ ਦੀ ਕਮੀ ਨੂੰ ਲੇਖਕਾਂ ਨੇ ਵੱਡਾ ਘਾਟਾ ਦੱਸਿਆ ਹੈ। ਇਸ ਤਰ੍ਹਾਂ ਕਿਤਾਬ ਕੇਵਲ ਬੂਵਆਰ, ਨਾਰੀਵਾਦ, ਅਲੋਚਨਾਂ ਜਾਂ ਸਾਹਿਤ ਸਿਧਾਂਤ ਦੀ ਹੀ ਨਾ ਹੋ ਕੇ ਉਸਾਰੂ ਦਾਰਸ਼ਨਿਕ ਲੇਖਾਂ ਦਾ ਸੰਗ੍ਰਹਿ ਵੀ ਆਖੀ ਜਾ ਸਕਦੀ ਹੈ।

