ਸੱਭਿਅਕ ਸਮਾਜ ਦੀ ਸਿਰਜਣਾ ਮਗਰੋਂ ਸਿੱਖਿਆ-ਨੀਤੀਆਂ ਦੀ ਸਿਰਜਣਾ ਕੀਤੀ ਗਈ। ਪਹਿਲਾਂ ਆਸ਼ਰਮ, ਗੁਰੂਕੁਲ, ਪਾਠਸ਼ਾਲਾ ਆਦਿਕ ਦਾ ਢਾਂਚਾ ਵਿਕਸਤ ਕੀਤਾ ਗਿਆ। ਇਸ ਤੋਂ ਬਾਅਦ ਸਕੂਲ, ਕਾਲਜ, ਤਕਨੀਕੀ ਅਦਾਰੇ ਅਤੇ ਯੂਨੀਵਰਸਿਟੀਆਂ ਦਾ ਸਰੂਪ ਹੋਂਦ ਵਿਚ ਆਇਆ। ਖ਼ਾਸ ਗੱਲ ਇਹ ਹੈ ਕਿ ਇਹਨਾਂ ਤਬਦੀਲੀਆਂ ਦਾ ਮੁੱਖ ਮਕਸਦ ਗਿਆਨ ਪ੍ਰਾਪਤੀ ਹੀ ਰਿਹਾ। ਚਾਣਕਿਆ ਨੀਤੀ ‘ਚ ਲਿਖਿਆ ਹੈ ਕਿ ਅਧਿਆਪਕ ਦੀ ਗੋਦ ‘ਚ ਵਿਨਾਸ਼ ਅਤੇ ਵਿਕਾਸ ਦੋਵੇਂ ਖੇਡਦੇ ਹਨ। ਮਰਜ਼ੀ ਤਾਂ ਹਾਕਮ ਦੀ ਹੁੰਦੀ ਹੈ ਕਿ ਉਹ ਕਿਸ ਨੂੰ ਪਾਲਣਾ ਚਾਹੁੰਦਾ ਹੈ। ਸਮਾਜ ਦੇ ਵਿਕਾਸ ਅਤੇ ਵਿਨਾਸ਼ ਦਾ ਜ਼ਿੰਮੇਵਾਰ ਹਾਕਮ ਦਾ ਹੁਕਮ ਹੁੰਦਾ ਹੈ। ਉਹ ਸਮਾਜ ਨੂੰ ਸਿੱਖਿਅਕ ਕਰਕੇ ਹੱਕਾਂ ਪ੍ਰਤੀ ਜਾਗਰੁਕ ਵੀ ਕਰ ਸਕਦਾ ਹੈ ਅਤੇ ਗਿਆਨ ਤੋਂ ਹੀਣੇ ਮਨੁੱਖ ਪੈਦਾ ਕਰਕੇ ਮੂਰਖ਼ ਵੀ ਬਣਾ ਸਕਦਾ ਹੈ। ਖ਼ੈਰ!
ਅੱਜ ਦੇ ਦੌਰ ਵਿਚ ਬਹੁਤੇ ਸਕੂਲ ਅਤੇ ਕਾਲਜ ਸਿਰਫ ਸਿਲੇਬਸ ਪੜ੍ਹਾਉਣ ਤੱਕ ਸੀਮਤ ਹੋ ਕੇ ਰਹਿ ਗਏ ਹਨ। ਬੱਚਿਆਂ ਨੂੰ ਸਿਲੇਬਸ ਪੜ੍ਹਾ ਕੇ ਚੰਗੇ ਅਤੇ ਗਿਆਨਵਾਨ ਨਾਗਰਿਕ ਬਣਾਉਣ ਦੇ ਯਤਨ ਫਿਜ਼ੂਲ ਨਜ਼ਰ ਆਉਂਦੇ ਹਨ। 99% ਸਕੂਲਾਂ, ਕਾਲਜਾਂ ਵਿਚ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰ ਦਾ ਕੋਈ ਪਾਠ/ ਸਬਕ ਨਹੀਂ ਪੜ੍ਹਾਇਆ ਜਾਂਦਾ। ਇੱਥੇ ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਹੈ ਕਿ ਬੱਚਿਆਂ ਦੇ ਸਕੂਲੀ ਸਿਲੇਬਸ ਨੂੰ ਇੰਨਾ ਵੱਡਾ ਕਰ ਦਿੱਤਾ ਗਿਆ ਹੈ ਕਿ ਬੱਚਿਆਂ ਕੋਲ ਸਮਾਂ ਹੀ ਨਹੀਂ ਕਿ ਉਹ ਆਪਣੇ ਪਾਠਕ੍ਰਮ ਤੋਂ ਇਲਾਵਾ ਕੁਝ ਪੜ੍ਹ ਸਕਣ/ ਕੁਝ ਸਮਝ ਸਕਣ। ਇਸ ਪੜ੍ਹਣ-ਪੜ੍ਹਾਉਣ ਦੇ ਚੱਕਰ ਵਿਚ ਬੱਚਿਆਂ ਦਾ ਸੰਪੂਰਨ ਵਿਕਾਸ ਨਹੀਂ ਹੋ ਪਾਉਂਦਾ। ਬੱਚੇ ਦਿਨ-ਰਾਤ ਆਪਣੇ ਸਿਲੇਬਸ ਨੂੰ ਨੇਪਰੇ ਚਾੜ੍ਹਨ ਵਿਚ ਮਸ਼ਰੂਫ ਰਹਿੰਦੇ ਹਨ।
ਸਿੱਖਿਆ-ਤੰਤਰ ਦੀ ਇਸ ਅਣਗਹਿਲੀ ਕਾਰਨ ਚੰਗੇ ਨਾਗਰਿਕ ਅਤੇ ਗਿਆਨਵਾਨ ਮਨੁੱਖ ਨਹੀਂ ਪੈਦਾ ਹੋ ਰਹੇ ਬਲਕਿ ਮਸ਼ੀਨਾਂ ਪੈਦਾ ਹੋ ਰਹੀਆਂ ਹਨ। ਇਹਨਾਂ ਮਸ਼ੀਨਾਂ ਨੇ ਮਸ਼ੀਨਾਂ ਨਾਲ ਆਪਣਾ ਜੀਵਨ ਬਿਤਾਉਣਾ ਹੈ/ ਪੈਸਾ ਕਮਾਉਣਾ ਹੈ; ਹੋਰ ਕੁਝ ਨਹੀਂ। ਸਮਾਜ ਨੂੰ ਅੱਗੇ ਵਧਾਉਣ ਦੀਆਂ ਆਸਾਂ/ ਉਮੀਦਾਂ; ਇਸ ਤਰ੍ਹਾਂ ਦੇ ਸਿੱਖਿਆ-ਤੰਤਰ ਕੋਲੋਂ ਚਾਹੁਣਾ ਮੂਰਖਤਾ ਹੈ/ ਅਗਿਆਨਤਾ ਹੈ। ਸਵਾਮੀ ਵਿਵੇਕਾਨੰਦ ਦਾ ਕਥਨ ਹੈ ਕਿ ਅੱਜ ਦੇ ਦੌਰ ਦੇ ਬੱਚਿਆਂ ਨੂੰ ਕੋਈ ਧਾਰਮਿਕ ਕਿਤਾਬ ਪੜ੍ਹਾਉਣ ਦੀ ਬਜਾਏ ਖੇਡਣ ਲਈ ਫੁੱਟਬਾਲ ਦੇ ਦਿਓ। ਉਹ ਬੱਚਾ ਖੇਡ ਦੇ ਮੈਦਾਨ ਵਿਚ ਹੀ ਅਨੁਸ਼ਾਸਨ, ਸਵੈ-ਭਰੋਸਾ, ਤਿਆਗ, ਏਕਤਾ ਅਤੇ ਸਹਿਣਸ਼ੀਲਤਾ ਜਿਹੇ ਗੁਣ ਸਿੱਖ ਲਵੇਗਾ। ਇਹ ਗੁਣ ਕਿਤਾਬੀ ਗਿਆਨ ਤੋਂ ਕਦੇ ਵੀ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਪਰ ਬਹੁਤੇ ਲੋਕ ਇਹ ਗੱਲ ਸਮਝ ਨਹੀਂ ਰਹੇ/ ਸਿੱਖ ਨਹੀਂ ਰਹੇ।
ਅੱਜ ਢਾਈ ਸਾਲ ਦੇ ਬੱਚੇ ਤੋਂ ਲੈ ਕੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੱਕ ਕਿਤਾਬੀ ਗਿਆਨ ਵੰਡਿਆ ਜਾ ਰਿਹਾ ਹੈ। ਕਿਤਾਬਾਂ ਨੂੰ ਰਟਨ ਉੱਪਰ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਕਰਕੇ ਵੱਧ ਨੰਬਰਾਂ ਦੀ ਦੌੜ ਵਿਕਰਾਲ ਰੂਪ ਅਖ਼ਤਿਆਰ ਕਰ ਚੁਕੀ ਹੈ। ਬੱਚੇ ਖੁਦਕੁਸ਼ੀਆਂ ਦੇ ਰਾਹ ਤੁਰ ਪਏ ਹਨ। ਪੇਪਰਾਂ ਵਿਚ ਵੱਧ ਨੰਬਰਾਂ ਨੂੰ ਵਿਦਵੱਤਾ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਹੈ। ਇਸ ਵਰਤਾਰਾ ਸੱਚਮੁਚ ਮੰਦਭਾਗਾ ਹੈ/ ਡਰਾਉਣਾ ਹੈ। ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਬਹੁਤੇ ਮਾਂ-ਬਾਪ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਨਹੀਂ ਕਰਦੇ ਬਲਕਿ ਪੇਪਰਾਂ ਵਿਚ ਵੱਧ ਨੰਬਰਾਂ ਲਈ ਡਰਾਉਂਦੇ ਹਨ। ਇਸ ਨਾਲ ਬੱਚੇ ਮਾਨਸਿਕ ਰੂਪ ਵਿਚ ਕਮਜ਼ੋਰ ਹੋ ਜਾਂਦੇ ਹਨ ਅਤੇ ਜਦੋਂ ਨਤੀਜਾ ਉਮੀਦ ਦੇ ਮੁਤਾਬਿਕ ਨਹੀਂ ਆਉਂਦਾ ਤਾਂ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ।
ਸਮੇਂ ਦੀਆਂ ਸਰਕਾਰਾਂ ਅਤੇ ਸਿੱਖਿਆ ਮਾਹਿਰਾਂ ਨੂੰ ਇਸ ਸਿੱਖਿਆ-ਤੰਤਰ ਨੂੰ ਸਿਲੇਬਸ ਦੇ ਚੱਕਰ ਵਿਚੋਂ ਕੱਢ ਕੇ ਗਿਆਨ ਦੇ ਮੂਲ ਸਰੋਕਾਰਾਂ ਨਾਲ ਜੋੜਣਾ ਪਵੇਗਾ ਤਾਂ ਹੀ ਬੱਚਿਆਂ ਨੂੰ ਸਹੀ ਅਰਥਾਂ ਵਿਚ ਗਿਆਨਵਾਨ ਬਣਾਇਆ ਜਾ ਸਕਦਾ ਹੈ। ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਕਿ ਸਿਰਫ਼ ਕਿਤਾਬੀ ਗਿਆਨ ਨਾਲ ਹੀ ਚੰਗੇ ਇਨਸਾਨ ਨਹੀਂ ਪੈਦਾ ਕੀਤਾ ਜਾ ਸਕਦੇ ਬਲਕਿ ਚੰਗੇ ਸੰਸਕਾਰਾਂ ਨਾਲ ਹੀ ਅਜਿਹੇ ਇਨਸਾਨ ਉਪਜਦੇ ਹਨ। ਇਸ ਲਈ ਆਪਣੇ ਬੱਚਿਆਂ ਨੂੰ ਮਸ਼ੀਨਾਂ ਬਣਨ ਤੋਂ ਰੋਕੋ; ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਪਰ ਇਹ ਹੁੰਦਾ ਕਦੋਂ ਹੈ ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।


