ਸੰਪਰਕ: +91 98764 42052
(ਨੋਟ:- ‘ਸਮਕਾਲੀਨ ਤੀਸਰੀ ਦੁਨੀਆਂ’ ਦੇ ਜਨਵਰੀ 2015 ਦੇ ਤਾਜ਼ਾ ਅੰਕ ਵਿਚ ਪਾਕਿਸਤਾਨ ਅੰਦਰ ਖੱਬੇਪੱਖੀ ਲਹਿਰ ਦੀ ਸਥਿਤੀ ਬਾਰੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੇ ਗਈ ਹੈ। ਪਕਿਸਤਾਨ ਦੀ ਖੱਬੇਪੱਖੀ ਲਹਿਰ ਦੇ ਵੱਖਰੇ-ਵੱਖਰੇ ਪਹਿਲੂਆਂ ਤੇ ਝਾਤ ਪੁਵਾਉਂਦੀ ਇਹ ਰਿਪੋਰਟ ਲੜੀਵਾਰ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਲਈ ਦਿੱਤੀ ਜਾਵੇਗੀ। ਇਸਦੀ ਪਹਿਲੀ ਕੜੀ ਵਜੋਂ ‘ਸਮਕਾਲੀਨ ਤੀਸਰੀ ਦੁਨੀਆਂ’ ਦੇ ਸੰਪਾਦਕ ਆਨੰਦ ਸਵਰੂਪ ਵਰਮਾ ਦੀ ਸੰਪਾਦਕੀ ਟਿੱਪਣੀ ਸਮੇਤ ਸ਼ਾਨੇਲ ਖਾਲਿਕ ਦੀ ਪਾਕਿਸਤਾਨ ਦੇ ਬਹੁਚਰਚਿਤ ‘ਹਸਤਨਗਰ ਕਿਸਾਨ ਸੰਘਰਸ਼’ ਦੀ ਰਿਪੋਰਟ ਦਿੱਤੀ ਜਾ ਰਹੀ ਹੈ। ਤੁਹਾਡੀਆਂ ਟਿਪਣੀਆਂ, ਪ੍ਰਭਾਵ ਤੇ ਸੁਝਾਵਾਂ ਦੀ ਉਡੀਕ ਕਰਾਂਗੇ: ਅਨੁਵਾਦਕ)
ਪਾਕਿਸਤਾਨ ਦਾ ਨਾਮ ਆਉਂਦੇ ਹੀ ਸਾਡੇ ਦਿਮਾਗ ‘ਚ ਇਸ ਦੇਸ਼ ਦੀ ਜੋ ਤਸਵੀਰ ਬਣਦੀ ਹੈ ਉਹ ਅੱਤਵਾਦ, ਫੌਜ਼ੀ ਤਾਨਾਸ਼ਾਹੀ, ਕੱਟੜਪੰਥੀ ਮੌਲਵੀਆਂ ਦੀ ਜਮਾਤ, ਕਸ਼ਮੀਰ, ਤਾਲਿਬਾਨ ਆਦਿ ਨਾਲ ਭਰੀ ਹੁੰਦੀ ਹੈ। ਦਰਅਸਲ ਮੀਡੀਆ ਨੇ ਇਹ ਤਸਵੀਰ ਤਿਆਰ ਕੀਤੀ ਹੈ। ਘੱਟ ਹੀ ਲੋਕਾਂ ਨੂੰ ਪਤਾ ਹੋਣਾ ਕਿ ਪਾਕਿਸਤਾਨ ‘ਚ ਖੱਬੇਪੱਖੀ ਸੰਘਰਸ਼ ਕਾਫੀ ਪੁਰਾਣਾ ਹੈ ਅਤੇ ਭਾਵੇਂ ਉਹ ਹੁਣ ਖਿੰਡਿਆਂ ਹੋਇਆ ਹੈ ਪਰ ਦੇਸ਼ ਦਾ ਕੋਈ ਵੀ ਹਿੱਸਾ ਇਸ ਤੋਂ ਅਛੂਤਾ ਨਹੀਂ ਹੈ। 1960 ਅਤੇ 1970 ਦੇ ਦਹਾਕੇ ‘ਚ ਪਖਤੂਨਖਾ ਪ੍ਰਾਂਤ ਦੇ ਹਸਤਨਗਰ ‘ਚ ਕਮਿਊਨਿਸਟ ਪਾਰਟੀ ਦੀ ਅਗਵਾਈ ‘ਚ ਕਿਸਾਨਾਂ ਦਾ ਜਬਰਦਸਤ ਅੰਦੋਲਨ ਹੋਇਆ ਸੀ ਜਿਸਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਇਹ ਅੰਦੋਲਨ ਐਨਾ ਜਬਰਦਸਤ ਸੀ ਕਿ ਪਾਕਿਸਤਾਨੀ ਹੁਕਮਰਾਨਾਂ ਦੀ ਫੌਜ਼ ਵੀ ਕੁਝ ਨਹੀਂ ਕਰ ਸਕੀ ਅਤੇ ਇਕ ਬਹੁਤ ਵੱਡੇ ਇਲਾਕੇ ਨੂੰ ਕਿਸਾਨਾਂ ਨੇ ਮੁਕਤ ਕਰਾ ਲਿਆ। ਜਗੀਰਦਾਰੀ ਵਿਰੋਧੀ ਇਸ ਸੰਘਰਸ਼ ਦੀ ਧੜਕਣ ਹਾਲੇ ਵੀ ਇਸ ਇਲਾਕੇ ਵਿਚ ਮੌਜੂਦ ਹੈ ਜਿਸਦੀ ਝਲਕ 2002 ‘ਚ ਉਸ ਸਮੇਂ ਵੇਖਣ ਨੂੰ ਮਿਲੀ ਜਦ ਕੁਝ ਵੱਡੇ ਜਿਮੀਂਦਾਰਾਂ ਫੌਜ਼ ਦੀ ਮਦਦ ਲੈ ਕੇ ਆਪਣੀਆਂ ਉਹ ਜਮੀਨਾਂ ਵਾਪਸ ਲੈਣੀਆਂ ਚਾਹੁੰਦੇ ਸਨ ਜਿਨ੍ਹਾਂ ਨੂੰ ਕਮਿਉਨਿਸਟਾਂ ਨੇ ਜਬਤ ਕਰਕੇ ਬੇਜਮੀਨੇ ਕਿਸਾਨਾਂ ਵਿਚ ਵੰਡ ਦਿੱਤਾ ਸੀ। ਪਾਕਿਸਤਾਨ ਮਜ਼ਦੂਰ ਕਿਸਾਨ ਪਾਰਟੀ ਦੀ ਅਗਵਾਈ ‘ਚ ਇਕ ਵਾਰ ਫਿਰ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਫੌਜ ਨੂੰ ਨਾਕਾਮਯਾਬੀ ਮਿਲੀ ਹਾਲਾਂਕਿ ਇਸ ਸੰਘਰਸ਼ ‘ਚ ਵੱਡੇ ਪੈਮਾਨੇ ਤੇ ਗ੍ਰਿਫਤਾਰੀਆਂ ਹੋਈਆਂ।
ਪਾਕਿਸਤਾਨ ‘ਚ ‘ਕਮਿਊਨਿਸਟ ਪਾਰਟੀ ਆੱਫ ਪਾਕਿਸਤਾਨ’ ਦੇ ਇਲਾਵਾ ਕਈ ਖੱਬੇਪੱਖੀ ਅਤੇ ਅਗਾਂਹਵਧੂ ਪਾਰਟੀਆਂ ਹਨ। ਇਸ ਵਿਚ ਪ੍ਰਮੁੱਖ ਹਨ ਆਬਿਦ ਹਸਨ ਮਿੰਟੋ ਦੀ ਅਗਵਾਈ ਵਾਲੀ ‘ਨੈਸ਼ਨਲ ਵਰਕਰਜ਼ ਪਾਰਟੀ’, ਫਾਰੁਕ ਤਾਰਿਕ ਦੀ ਅਗਵਾਈ ਵਾਲੀ ‘ਲੇਬਰ ਪਾਰਟੀ ਪਾਕਿਸਤਾਨ’, ਰਸੂਲ ਬਖਸ਼ ਪਲੀਜੋ ਦੀ ਅਗਵਾਈ ਵਾਲੀ ‘ਅਵਾਮੀ ਤਹਿਰੀਕ’ ਅਫਜਲ ਖਾਮੋਸ਼ ਦੀ ਅਗਵਾਈ ਵਾਲੀ ‘ਮਜ਼ਦੂਰ ਕਿਸਾਨ ਪਾਰਟੀ’, ਗਿਨਵਾ ਭੂਟੋ ਦੀ ਅਗਵਾਈ ਵਾਲੀ ‘ਪਾਕਿਸਤਾਨ ਪੀਪਲਜ਼ ਪਾਰਟੀ (ਸ਼ਹੀਦ ਭੂਟੋ ਗਰੁੱਪ), ਤੂਫੈਲ ਅਬਾਮ ਦੀ ਅਗਵਾਈ ਵਾਲੀ ‘ਪਾਕਿਸਤਾਨ ਮਜ਼ਦੂਰ ਮੁਹਾਜ’, ਅਸੀਮ ਸਜਾਦ ਦੀ ਅਗਵਾਈ ਵਾਲੀ ‘ਪੀਪਲਜ਼ ਰਾਇਟਸ ਮੂਵਮੈਂਟ’ ਅਤੇ ਸੂਫੀ ਅਬਦੁਲ ਖਾਲਿਸ਼ ਬਲੂਚ ਦੀ ਅਗਵਾਈ ਵਾਲੀ ‘ਕਮਿਊਨਿਸਟ ਮਜ਼ਦੂਰ ਕਿਸਾਨ ਪਾਰਟੀ’। 1990 ‘ਚ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ ਕੌਮੀ ਮੁੱਦਿਆਂ ਅਤੇ ਦੇਸ਼ ਦੇ ਪੱਛੜੇ ਤਬਕਿਆਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਬਾਰੇ ‘ਚ ਇਨ੍ਹਾਂ ਸਾਰੇ ਰਾਜਨੀਤਿਕ ਦਲਾਂ ਦੇ ਅਲੱਗ-ਅਲੱਗ ਵਿਸ਼ਲੇਸ਼ਣ ਅਤੇ ਅਲੱਗ-ਅਲੱਗ ਯੁੱਧਨੀਤੀਆਂ ਹਨ। ਇਸ ਸਭ ਦੇ ਬਾਵਜੂਦ ਸਮਾਂ ਬੀਤਣ ਦੇ ਨਾਲ ਹੀ ਉਪਰੋਕਤ ਸਾਰੀਆਂ ਖੱਬੇਪੱਖੀ ਤੇ ਅਗਾਂਹਵਧੂ ਪਾਰਟੀਆਂ ਗੰਭੀਰਤਾ ਨਾਲ ਇਸ ਗੱਲ ਤੇ ਵਿਚਾਰ ਕਰ ਰਹੀਆਂ ਹਨ ਕਿ ਇਕ ‘ਸੰਯੁਕਤ ਮੋਰਚਾ’ ਬਣਾਇਆ ਜਾਵੇ। ਆਉਣ ਵਾਲਾ ਵਕਤ ਹੀ ਦੱਸੇਗਾ ਕਿ ਇਨ੍ਹਾਂ ਦੀ ਇਕਜੁਟਤਾ ਕਿਵੇਂ ਹੋਵੇਗੀ ਅਤੇ ਕਿਸ ਤਰ੍ਹਾਂ ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤਾਂ ਅਤੇ ਨਜ਼ਰੀਏ ਦੀ ਮਦਦ ਨਾਲ ਇਹ ਪਾਰਟੀਆਂ ਪੀੜਤ ਲੋਕਾਂ ਨੂੰ ਗੋਲਬੰਦ ਕਰਦੇ ਹੋਏ ਪਾਕਿਸਤਾਨ ‘ਚ ਨਿਰੰਤਰ ਚੱਲ ਰਹੇ ਫੌਜ਼ੀ ਸ਼ਾਸ਼ਨ ਜਾਂ ਲੋਕ ਵਿਰੋਧੀ ਨਿਜ਼ਾਮ ਨੂੰ ਸਮਾਪਤ ਕਰ ਸਕੇਗੀ।
ਕਮਿਊਨਿਸਟ ਪਾਰਟੀ ਆੱਫ ਪਾਕਿਸਤਾਨ ਦੇ ਚੇਅਰਮੈਨ ਇੰਜੀਨੀਅਰ ਜਮੀਲ ਅਹਿਮਦ ਮਲਿਕ ਨੇ ਕੁਝ ਸਾਲ ਪਹਿਲਾਂ ਆਪਣੇ ਇਕ ਲੇਖ ‘ਮਿਲਟਰੀ ਰੂਲ ਇਨ ਪਾਕਿਸਤਾਨ-ਦਿ ਚੈਲਿੰਜ ਆਫ ਫਿਊਚਰ’ ‘ਚ ਕਿਹਾ ਸੀ ਕਿ ‘ਪਾਕਿਸਤਾਨ ‘ਚ 57 ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲੇ ਆ ਰਹੇ ਕਮਿਊਨਿਸਟ ਅੰਦੋਲਨ ਅਤੇ ਨਿਰੰਤਰ ਜਾਰੀ ਫੌਜ਼ੀ ਸ਼ਾਸ਼ਨ ਦੇ ਤੌਰ-ਤਰੀਕਿਆਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰਨ ਦੇ ਬਾਅਦ ਪਾਰਟੀ ਦੀ ਰਾਇ ਹੈ ਕਿ ਸਾਡਾ ਫੌਰੀ ਕੰਮ ਲੋਕਾਂ ਦੀ ਲੋਕਸ਼ਾਹੀ (ਪੀਪਲਜ਼ ਡੈਮੋਕਰੇਸੀ) ਸਥਾਪਿਤ ਕਰਨਾ ਹੈ। ਪੀਪਲਜ਼ ਡੈਮੋਕਰੇਟਿਕ ਰੈਵੋਲਿਊਸ਼ਨ ਦੀ ਸਫਲਤਾ ਦੇ ਬਾਅਦ ਹੀ ਅਸੀਂ ਸਮਾਜਵਾਦ ਦਾ ਉਦੇਸ਼ ਹਾਸਲ ਕਰਨ ਦੀ ਦਿਸ਼ਾ ‘ਚ ਅੱਗੇ ਵੱਧ ਸਕਾਂਗੇ।‘ … ਇਨ੍ਹਾਂ ਕਮਿਊਨਿਸਟ ਪਾਰਟੀਆਂ ਦੇ ਇਲਾਵਾ ਟਰਾਟਸਕੀਵਾਦੀਆਂ ਦਾ ਵੀ ਅੰਦੋਲਨ ਉੱਥੇ ਕਾਫੀ ਮਜ਼ਬੂਤ ਹੈ। ਜਿਸਦੇ ਨਿਸ਼ਾਨੇ ਤੇ ਪੂੰਜੀਵਾਦ, ਸਾਮਰਾਜਵਾਦ ਅਤੇ ਧਾਰਮਿਕ ਕੱਟੜਤਾ ਹੈ। ‘ਇੰਟਰਨੈਸ਼ਨਲ ਮਾਰਕਿਸਟ ਟੇਂਡੈਂਸੀ’ ਦੇ ਬੈਨਰ ਹੇਠ ਪਾਕਿਸਤਾਨ ਦੇ ਟਰਾਟਸਕੀਵਾਦੀ ਲਹੌਰ, ਕਰਾਚੀ ਆਦਿ ਸ਼ਹਿਰਾਂ ‘ਚ ਸਰਕਾਰੀ ਦਮਨ ਦੀ ਪ੍ਰਵਾਹ ਕੀਤੇ ਬਗੈਰ ਵੱਡੀਆਂ-ਵੱਡੀਆਂ ਸਭਾਵਾਂ ਕਰਦੇ ਰਹੇ ਹਨ ਅਤੇ ਸਾਮਰਾਜਵਾਦ ਵਿਰੋਧੀ ਜਲੂਸ ਨਿਕਲਦੇ ਰਹੇ ਹਨ। ਇਨ੍ਹਾਂ ਦੀ 32ਵੀਂ ਕਾਂਗਰਸ 10 ਮਾਰਚ 2013 ਨੂੰ ਲਾਹੌਰ ‘ਚ ਹੋਈ ਸੀ ਜਿਸ ਵਿਚ ਪਹਿਲੇ ਦਿਨ 2769 ਪ੍ਰਤੀਨਿਧ ਸ਼ਾਮਲ ਸਨ।
‘ਸਮਕਾਲੀਨ ਤੀਸਰੀ ਦੁਨੀਆਂ’ ਦੇ ਇਸ ਅੰਕ ਵਿਚ (ਜਨਵਰੀ 2015-ਅਨੁ.) ਅਸੀਂ ਪਾਕਿਸਤਾਨ ਦੇ ਕਮਿਊਨਿਸਟ ਸੰਘਰਸ਼ ਤੇ ਅਤੇ ਉੱਥੋਂ ਦੇ ਸਾਮਰਾਜਵਾਦ, ਪੂੰਜੀਵਾਦ ਵਿਰੋਧੀ ਸੰਗਠਨਾਂ ਉਪਰ ਸਮੱਗਰੀ ਪ੍ਰਕਾਸ਼ਿਤ ਕਰ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਗਵਾਂਢੀ ਦੇਸ਼ ਦੇ ਇਸ ਪਹਿਲੂ ਦੀ ਵੀ ਜਾਣਕਾਰੀ ਮਿਲ ਸਕੇ।
ਪਹਿਲਾ ਦ੍ਰਿਸ਼ ਖੈਬਰ ਪਖਤੂਨਖਵਾ ਪ੍ਰਾਂਤ ਦੇ ਇਕ ਛੋਟੇ ਜਿਹੇ ਪਿੰਡ ਦਾ ਹੈ ਜਿਥੇ ਕੁਝ ਸੌ ਲੋਕ ਕਲੀਜਾ ਮਨਾਉਣ ਲਈ ਇਕੱਠੇ ਹੋਏ ਹਨ। ਲੋਕ ਮੰਚ ਤੇ ਆਉਂਦੇ ਹਨ, ਭਾਸ਼ਣ ਦਿੰਦੇ ਹਨ, ਕਵਿਤਾਵਾਂ ਪੜ੍ਹਦੇ ਹਨ ਜਾਂ ਗੀਤ ਗਾਉਂਦੇ ਹਨ। ਇਨ੍ਹਾਂ ਦੇ ਗੀਤਾਂ ‘ਚ ਵੀ ਅਤੇ ਭਾਸ਼ਣਾਂ ‘ਚ ਵੀ ਪਖਤੂਨ ਰਾਸ਼ਟਰਵਾਦ, ਮੌਲਵੀਵਾਦ ਅਤੇ ਇਨਕਲਾਬੀ ਸਮਾਜਵਾਦ ਦਾ ਅਜੀਬ ਘਚੋਲਾ ਵਿਖਾਈ ਦਿੰਦਾ ਹੈ। ਇੱਥੇ ਇਸਲਾਮ ਤੇ ਨਸੀਹਤ ਦਿੰਦੇ ਮੌਲਵੀ ਵੀ ਆਪਣੀ ਗੱਲ ਕਹਿ ਰਹੇ ਹਨ ਅਤੇ ਸਿਰ ਤੇ ਲਾਲ ਟੋਪੀ ਰੱਖੀ ਕੁਝ ਨੌਜਵਾਨ ਫੈਜ਼ ਅਹਿਮਦ ਫੈਜ਼ ਦੀ ਨਜ਼ਮ ਪੜ੍ਹ ਰਹੇ ਹਨ ਤੇ ਨੱਚ ਰਹੇ ਹਨ।
ਦੂਜਾ ਦ੍ਰਿਸ਼ ਕੁਝ ਦਿਨ ਬਾਅਦ ਦਾ ਹੈ ਜੋ ਗਵਾਂਢ ਦੇ ਪਿੰਡ ਨਾਲ ਸਬੰਧਿਤ ਹੈ। ਇਸ ਪਿੰਡ ਦਾ ਨਾਮ ਹੈ ‘ਸਾਰੇ ਕੋਠੇ’ ਜਿਸਦਾ ਪਖਤੂਨ ਭਾਸ਼ਾ ‘ਚ ਅਰਥ ਹੈ ‘ਲਾਲ ਪਿੰਡ’। ਇਥੇ ਕੁਝ ਦਰਜਨ ਲੋਕ ਇਕੱਠੇ ਹੋਏ ਹਨ ਅਤੇ ਇਕ ਚਟਾਈ ਤੇ ਬੈਠਕੇ ਚਾਹ ਦੀਆਂ ਚੁਸਕੀਆਂ ਲੈ ਰਹੇ ਹਨ। ਉਹ ਆਪਣੀ ਜਾਣ-ਪਹਿਚਾਣ ਕਰਵਾਉਂਦੇ ਹਨ, ਕਾਮਰੇਡ ਫਰਮਾਨ ਅਲੀ, ਕਾਮਰੇਡ ਮੁਹੰਮਦ, ਕਾਮਰੇਡ ਮੀਆਂ ਮੁਨੀਰ ਯਾਨਿ ਇਹ ਸਾਰੇ ਲੋਕ ਕਾਮਰੇਡ ਹਨ। ਇਹ ਸਾਰੇ ਉਸ ਅੰਦੋਲਨ ਦਾ ਹਿੱਸਾ ਹਨ ਜਿਸਨੂੰ ‘ਹਸਤਨਗਰ ਅੰਦੋਲਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਪਾਕਿਸਤਾਨ ਦੇ ਕਿਸਾਨ ਸ਼ੰਘਰਸ਼ ਦੇ ਇਤਿਹਾਸ ਵਿਚ ਅਤੀਅੰਤ ਸਫਲ ਅਤੇ ਜੂਝਾਰੂ ਕਿਸਾਨ ਸੰਘਰਸ਼ ਉਤਰ ਪੱਛਮੀ ਸੀਮਾ ਪ੍ਰਾਂਤ ਸੂਬੇ ਦੇ ਪਾਕਿਸਤਾਨ ਅਫਗਾਨਿਸਤਾਨ ਸੀਮਾ ਤੇ ਸਥਿਤ ਹਸਤਨਗਰ ਇਲਾਕੇ ‘ਚ ਹੋਇਆ। ਇਸਦੀ ਅਗਵਾਈ ਮਜ਼ਦੂਰ ਕਿਸਾਨ ਪਾਰਟੀ ਨੇ ਕੀਤੀ। ਇੱਥੇ ਕਿਸਾਨਾਂ ਨੇ ਲੰਬੇ ਸੰਘਰਸ਼ ਦੇ ਬਾਅਦ ਇਲਾਕੇ ਨੂੰ ਮੁਕਤ ਖੇਤਰ ਐਲਾਨਿਆਂ ਅਤੇ ਆਪਣੀਆਂ ਕਿਸਾਨ ਕਮੇਟੀਆਂ ਦੇ ਰਾਹੀਂ ਜਿਮੀਂਦਾਰਾਂ ਦੀ ਜਬਤ ਕੀਤੀ ਜਮੀਨ ਨੂੰ ਫਿਰ ਤੋਂ ਕਿਸਾਨਾਂ ਵਿਚ ਵੰਡ ਦਿੱਤੀ। ਇਹ ਸੰਘਰਸ਼ ਐਨਾ ਜਬਰਦਸਤ ਸੀ ਕਿ ਸਰਕਾਰ ਦੀ ਪੁਲਿਸ ਅਤੇ ਫੌਜ਼ ਵੀ ਕੁਝ ਨਹੀਂ ਕਰ ਸਕੀ। ਅੱਜ ਵੀ ਹਸਤਨਗਰ ਇਕ ਮੁਕਤ ਖੇਤਰ ਹੈ ਅਤੇ ਜਗੀਰਦਾਰਾਂ ਦੇ ਲੱਖ ਯਤਨਾਂ ਦੇ ਬਾਵਜੂਦ ਉਨ੍ਹਾਂ ਦੀਆਂ ਜਮੀਨਾਂ ਤੇ ਕਿਸਾਨਾਂ ਦਾ ਕਬਜਾ ਬਰਕਰਾਰ ਹੈ। ਪਿਛਲੇ ਚਾਲੀ ਸਾਲ ਤੋਂ ਅਨੇਕਾਂ ਕਿਸਾਨ ਇਸ ਸੰਘਰਸ਼ ਵਿਚ ਸ਼ਹੀਦ ਹੋਏ ਹਨ।
ਹਸਤਨਗਰ ਦਾ ਸਮਾਜ ਇਕ ਦਕਿਆਨੂਸੀ ਸਮਾਜ ਹੈ, ਤਾਂ ਵੀ ਸ਼ੋਸ਼ਨ ਦੇ ਖਿਲਾਫ ਮਿਹਨਤਕਸ਼ ਜਮਾਤ ਨੂੰ ਗੋਲਬੰਦ ਹੋ ਕੇ ਅਵਾਜ਼ ਉਠਾਉਣ ਦੀ ਕਮਿਊਨਿਸਟ ਵਿਚਾਰਧਾਰਾ ਨੇ ਇੱਥੋਂ ਦੇ ਲੋਕਾਂ ਨੂੰ ਕਾਫੀ ਜਿਆਦਾ ਪ੍ਰਭਾਵਿਤ ਕੀਤਾ ਹੈ। 1954 ‘ਚ ਪਾਕਿਸਤਾਨ ਦੀ ਸਰਕਾਰ ਨੇ ਕਮਿਊਨਿਸਟ ਪਾਰਟੀ ਤੇ ਪਾਬੰਦੀ ਲਗਾ ਦਿੱਤੀ ਪਰ ਇੱਥੋਂ ਦੇ ਕਮਿਊਨਿਸਟ ਕਾਰਕੁੰਨ ਭੂਮੀਗਤ ਹੋ ਕੇ ਕਿਸਾਨਾਂ ਨੂੰ ਜੱਥੇਬੰਦ ਕਰਨ ਵਿਚ ਲੱਗੇ ਰਹੇ। ਮੁੱਢਲੇ ਦਿਨਾਂ ਵਿਚ ਜਿਮੀਂਦਾਰਾਂ ਨੂੰ ਜਿਵੇਂ ਹੀ ਪਤਾ ਲੱਗਦਾ ਸੀ ਕਿ ਬੇਥਾਹ ਲੋਕ ਸੰਘਰਸ਼ ਵਿਚ ਸ਼ਾਮਲ ਹੋ ਗਏ ਹਨ ਤਾਂ ਉਨ੍ਹਾਂ ਨੂੰ ਫੌਰਨ ਪਿੰਡ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਜਾਂਦਾ ਸੀ। ਇਸ ਸਭ ਦੇ ਬਾਵਜੂਦ ਸੰਘਰਸ਼ ਲਗਾਤਾਰ ਤੇਜ ਹੁੰਦਾ ਗਿਆ ਅਤੇ 1970 ਦੇ ਦਹਾਕੇ ਇਸਨੇ ਅਨੇਕਾਂ ਘਟਨਾਵਾਂ ਨੂੰ ਜਨਮ ਦਿੱਤਾ। ਕਮਿਊਨਿਸਟਾਂ ਨੇ ਇਥੋਂ ਦੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਸੰਗਠਿਤ ਕਰਕੇ ‘ਮਜ਼ਦੂਰ ਕਿਸਾਨ ਪਾਰਟੀ’ (ਐਮਕੇਪੀ) ਦਾ ਗਠਨ ਕੀਤਾ ਅਤੇ ਇੱਥੋਂ ਦੀ ਲਗਭਗ ਸਾਰੀ ਅਬਾਦੀ ਇਸ ਪਾਰਟੀ ਦੀ ਮੈਂਬਰ ਬਣ ਗਈ। ਹੁਣ ਇਹ ਪਾਰਟੀ ਇਸ ਲਾਇਕ ਹੋ ਗਈ ਸੀ ਕਿ ਉਹ ਇਲਾਕੇ ਦੇ ਵੱਡੇ ਜਿਮੀਂਦਾਰਾਂ ਨੂੰ ਕਾਰਗਰ ਢੰਗ ਨਾਲ ਚੁਣੌਤੀ ਦੇ ਸਕਦੀ ਸੀ।
ਸਮਾਜ ਵਿਗਿਆਨ ਦੀ ਦ੍ਰਿਸ਼ਟੀ ਤੋਂ ਹਸਤਨਗਰ ਦਾ ਇਲਾਕਾ ਪਾਕਿਸਤਾਨ ਦੇ ਹੋਰ ਇਲਾਕਿਆਂ ਤੋਂ ਬਿਲਕੁਲ ਭਿੰਨ ਹੈ। ਇਸਦਾ ਕਾਰਨ ਸ਼ਾਇਦ ਇਹੀ ਹੈ ਕਿ ਇਸ ਇਲਾਕੇ ‘ਚ ਜਗੀਰਦਾਰਾਂ ਖਿਲਾਫ ਜਿਨ੍ਹਾਂ ਨੂੰ ਖਾਨ ਕਿਹਾ ਜਾਂਦਾ ਹੈ, ਕਿਸਾਨਾਂ ਨੇ ਜੱਥੇਬੰਦ ਹੋ ਕੇ ਇਕ ਲਮਕਵਾਂ ਹਥਿਆਰਬੰਦ ਸੰਘਰਸ਼ ਚਲਾਇਆ। ਪਾਕਿਸਤਾਨ ਵਿਚ ਉਂਝ ਤਾਂ ਕਮਿਊਨਿਸਟ ਪਾਰਟੀ ਦੀ ਹੋਂਦ ਸ਼ੁਰੂ ਤੋਂ ਹੀ ਹੈ ਅਤੇ ਅਨੇਕਾਂ ਕਮਿਊਨਿਸਟ ਗਰੁੱਪ ਆਪੇ-ਆਪਣੇ ਢੰਗ ਨਾਲ ਸਰਗਰਮ ਹਨ ਪਰ ਕਮਿਊਨਿਸਟਾਂ ਦੀ ਅਗਵਾਈ ‘ਚ ਲਮਕਵੇਂ ਹਥਿਆਰਬੰਦ ਘੋਲ ਦੀ ਸ਼ੁਰੂਆਤ ਇਸੇ ਇਲਾਕੇ ‘ਚ ਹੀ ਹੋ ਸਕੀ। 1967 ‘ਚ ਭਾਰਤ ‘ਚ ਨਕਸਲਬਾੜੀ ਕਿਸਾਨ ਸੰਘਰਸ਼ ਹੋਇਆ ਅਤੇ 1970 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ‘ਚ ਹਸਤਨਗਰ ਦੇ ਇਸ ਇਲਾਕੇ ਵਿਚ ਸੰਘਰਸ਼ ਦੀ ਸ਼ੁਰੂਆਤ ਹੋਈ ਜੋ ਅੱਜ ਤੱਕ ਕਿਸੇ ਨਾ ਕਿਸੇ ਰੂਪ ‘ਚ ਜਾਰੀ ਹੈ। ਇਥੋਂ ਦੇ ਜਿਮੀਂਦਾਰਾਂ ਨੇ ਜਾਂ ਤਾਂ ਇੱਥੋਂ ਪ੍ਰਵਾਸ ਕਰ ਲਿਆ ਜਾਂ ਕਿਲ੍ਹਾਨੁਮਾ ਘਰ ਬਣਾਕੇ ਖੁਦ ਨੂੰ ਉਸਦੇ ਅੰਦਰ ਸੀਮਤ ਕਰ ਲਿਆ। ਹਸਤਨਗਰ ਦਾ ਮਕਤੀ ਸੰਘਰਸ਼ 1969 ‘ਚ ਹੀ ਸ਼ੁਰੂ ਹੋ ਗਿਆ ਸੀ ਜਦ ਜਨਰਲ ਅਯੂਬ ਖਾਂ ਦੀ ਘੋਰ ਪਿਛਾਖੜੀ ਤਾਨਾਸ਼ਾਹੀ ਨੇ ਦੇਸ਼ ‘ਚ ਭੂਮੀ ਸੁਧਾਰ ਦਾ ਕੰਮ ਸ਼ੁਰੂ ਕੀਤਾ ਸੀ। ਇਸ ਕੰਮ ਦੇ ਫਲਸਰੂਪ ਜਗੀਰੂ ਜਿਮੀਂਦਾਰਾਂ ਨੂੰ ਬਹੁਤ ਫਾਇਦਾ ਹੋਇਆ ਅਤੇ ਅਨੇਕਾਂ ਇਲਾਕਿਆਂ ਵਿਚ ਕਿਸਾਨਾਂ ਨੂੰ ਆਪਣੀ ਜਮੀਨ ਖਾਲੀ ਕਰਨੀ ਪਈ। ਹਸਤਨਗਰ ਦੇ ਕਿਸਾਨਾਂ ਨੇ ਇਸ ਤਰ੍ਹਾਂ ਦੇ ਭੂਮੀ ਸੁਧਾਰਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਅਤੇ ਅਤੇ ਉਹ ਆਪਣੀ ਜਮੀਨ ਤੇ ਡਟੇ ਰਹੇ। ਐਨਾ ਹੀ ਨਹੀਂ ਇਨ੍ਹਾਂ ਕਿਸਾਨਾਂ ਨੇ ਗੈਰ-ਕਾਨੂੰਨੀ ਢੰਗ ਨਾਲ ਖਾਨ ਲੋਕਾਂ ਦੁਆਰਾ ਕਬਜੇ ਹੇਠ ਕੀਤੀ ਗਈ ਆਪਣੀ ਜਮੀਨ ਨੂੰ ਵੀ ਲੜ੍ਹਕੇ ਹਾਸਲ ਕਰ ਲਿਆ ਅਤੇ ਉਸ ਉਪਰ ਕਮਿਊਨਿਸਟ ਪਾਰਟੀ ਦਾ ਲਾਲ ਝੰਡਾ ਲਗਾ ਦਿੱਤਾ।
ਹੁਣੇ ਜਿਹੇ ਇਕ ਸਭਾ ਵਿਚ ਪਾਰਟੀ ਦੇ ਨੇਤਾ ਅਬਦੁਲ ਸਤਾਰ ਇਕ ਹੱਥ ‘ਚ ਕਿਤਾਬ ਲੈ ਕੇ ਤੇ ਦੂਸਰੇ ‘ਚ ਬਾਦੂੰਕ ਲੈ ਕੇ ਲੋਕਾਂ ਨੂੰ ਸੰਬੋਧਿਤ ਹੋ ਰਹੇ ਸਨ ਅਤੇ ਕਹਿ ਰਹੇ ਸਨ ਕਿ ਦੋ ਮੋਰਚਿਆਂ ਤੇ ਲੜਾਈ ਲੜ੍ਹਨੀ ਹੈ ਇਕ ਤਾਂ ਹਥਿਆਰਬੰਦ ਸੰਘਰਸ਼ ਅਤੇ ਦੂਸਰਾ ਵਿਚਾਰਕ ਸੰਘਰਸ਼। ਉਨ੍ਹਾਂ ਦੀ ਯੋਜਨਾ ਹੈ ਕਿ ਉਹ ਕਮਿਊਨਾਂ ਦਾ ਗਠਨ ਕਰਨ ਅਤੇ ਜਮੀਨ ਤੇ ਕਬਕਾ ਕਰਕੇ ਸਮੂਹਿਕ ਖੇਤੀ ਕਰਨ। ਇਸ ਸਮੂਹਿਕ ਖੇਤੀ ‘ਚ ਨਾ ਕੇਵਲ ਕਾਸ਼ਤਕਾਰ ਹੋਵੇਗਾ ਬਲਕਿ ਦਿਹਾੜੀ ਤੇ ਕੰਮ ਕਰਨ ਵਾਲੇ ਮਜ਼ਦੂਰ ਵੀ ਹੋਣਗੇ ਜੋ ਸੰਘਰਸ਼ ਦਾ ਹਿੱਸਾ ਬਣ ਚੁੱਕੇ ਹਨ।
ਕਾਮਰੇਡ ਮੀਆਂ ਮੁਨੀਰ ਦੱਸਦੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੇ 1970 ‘ਚ ਉਮੇਰੀ ਦੀ ਲੜ੍ਹਾਈ ਦੌਰਾਨ ਅਨੇਕਾਂ ਜਿਮੀਂਦਾਰਾਂ ਨੂੰ ਮਾਰ ਭਜਾਇਆ ਜਦੋਂ ਉਹ ਉਨ੍ਹਾਂ ਦੀ ਜਮੀਨ ਖਾਲੀ ਕਰਵਾਉਣਾ ਚਾਹੁੰਦੇ ਸਨ, ‘ਅਸੀਂ ਸਵੇਰੇ ਤਿੰਨ ਵਜੇ ਮਾਰਚ ਕੀਤਾ ਅਤੇ ਜਿੱਥੇ ਜਮੀਨ ਖਾਲੀ ਕਰਵਾਈ ਜਾ ਰਹੀ ਸੀ ਉਥੇ ਦੁਪਹਿਰ ਬਾਅਦ ਪਹੁੰਚੇ। ਮੇਰੇ ਕੋਲ ਇਕ ਬਾਦੂੰਕ ਤੇ ਦੋ ਕਾਰਤੂਸ ਸਨ। ਸਾਡੇ ਵਿਚੋਂ ਜਿਆਦਾਤਰ ਕੋਲ ਡਾਂਗਾ ਸਨ ਪਰ ਅਸੀਂ ਪੂਰੀ ਤਿਆਰੀ ਨਾਲ ਗਏ ਸਾਂ ਅਤੇ ਸਾਡੇ ਕੋਲ ਲੜ੍ਹਾਈ ਦੀ ਇਕ ਮੁਕੰਮਲ ਯੋਜਨਾ ਸੀ। ਅਸੀਂ ਹਜ਼ਾਰਾਂ ਦੀ ਗਿਣਤੀ ਵਿਚ ਸਾਂ ਅਤੇ ਸਾਡਾ ਮਾਰਚ ਤਕਰੀਬਨ ਸੱਤ ਕਿਲੋਮੀਟਰ ਲੰਬਾ ਸੀ। ਅਸੀਂ ਉੱਥੋਂ ਦੇ ਸਮੁੱਚੇ ਘਰਾਂ ਅਤੇ ਖੇਤਾਂ ‘ਚ ਆਪਣੀ ਪੁਜ਼ੀਸ਼ਨ ਲੈ ਲਈ। ਜਦ ਪੁਲਿਸ ਦੀ ਦੇਖ-ਰੇਖ ‘ਚ ਜਿਮੀਂਦਾਰ ਆਪਣੇ ਬੰਦਿਆਂ ਨਾਲ ਆਏ ਤਾਂ ਉਹ ਸਾਡੇ ਵਿਛਾਏ ਜਾਲ ਵਿਚ ਫਸ ਗਏ ਅਤੇ ਫਿਰ ਗੰਨੇ ਦੇ ਖੇਤ ਵਿਚ ਲੁਕਣ ਲਈ ਭੱਜੇ। ਅਸੀਂ ਉਨ੍ਹਾਂ ਖੇਤਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਕਾਫੀ ਦੇਰ ਤੱਕ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਤਦ ਉੱਥੇ ਇਕ ਮਜਿਸਟ੍ਰੇਟ ਆਇਆ ਅਤੇ ਉਸਨੇ ਐਲਾਨ ਕੀਤਾ ਕਿ ਕੋਈ ਵੀ ਜਮੀਨ ਖਾਲੀ ਨਹੀਂ ਹੋਵੇਗੀ। ਇਥੇ ਲੜ੍ਹਾਈ ਅਸੀਂ ਜਿੱਤ ਲਈ ਸੀ।’
ਸੰਘਰਸ਼ ਨੂੰ ਇਸ ਗੱਲ ਤੋਂ ਸਫਲਤਾ ਮਿਲੀ ਕਿ ਜਮੀਨਾਂ ਉਨ੍ਹਾਂ ਲੋਕਾਂ ਨੂੰ ਮਿਲ ਗਈਆਂ ਜੋ ਉਨ੍ਹਾਂ ਨੂੰ ਜੋਤ ਰਹੇ ਸਨ। ਪਰ ਇਸਤੋਂ ਵੀ ਵੱਡੀ ਸਫਲਤਾ ਇਹ ਸੀ ਕਿ ਇਥੋਂ ਦੇ ਗਰੀਬ ਕਿਸਾਨਾਂ ਦੇ ਅੰਦਰ ਐਨੀ ਹਿੰਮਤ ਪੈਦਾ ਹੋ ਗਈ ਸੀ ਕਿ ਉਹ ਜਿਮੀਂਦਾਰਾਂ ਦਾ ਕਾਲਰ ਫੜ੍ਹ ਸਕਣ। ਇੱਥੋਂ ਦੇ ਪਰਿਵਾਰਾਂ ਦੀ ਹਾਲਤ ਅੱਜ ਪਹਿਲਾਂ ਦੇ ਮੁਕਾਬਲੇ ਕਈ ਗੁਣਾਂ ਚੰਗੀ ਹੈ ਅਤੇ ਉਹ ਹੁਣ ਇਸ ਕਾਬਲ ਹੋ ਗਏ ਹਨ ਕਿ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਣ। ਪਰ ਇਸ ਸਫਲਤਾ ਦੀ ਕੀਮਤ ਵੀ ਸਾਨੂੰ ਤਾਰਨੀ ਪਈ ਤਕਰੀਬਨ 300 ਲੋਕ ਇਸ ਸੰਘਰਸ਼ ‘ਚ ਮਾਰੇ ਗਏ। ਬਦਕਿਸਮਤੀ ਨਾਲ ਇਹ ਹਾਲਤ ਜਿਆਦਾ ਦੇਰ ਤੱਕ ਨਹੀਂ ਬਣੀ ਰਹਿ ਸਕੀ। ਇਸ ਸੰਘਰਸ਼ ਨੇ ਦੂਸਰੇ ਇਲਾਕਿਆਂ ਦੇ ਸੰਘਰਸ਼ਾਂ ਨੂੰ ਵੀ ਪ੍ਰੇਰਿਤ ਕੀਤਾ ਪਰ ਪ੍ਰਬੰਧ ਨੂੰ ਲੱਗਿਆ ਸੀ ਕਿ ਇਹ ਬਹੁਤ ਵੱਡਾ ਖਤਰਾ ਪੈਦਾ ਕਰਨ ਜਾ ਰਿਹਾ ਹੈ। ਸਰਕਾਰੀ ਤੰਤਰ ਨੇ ਮਜ਼ਦੂਰ ਕਿਸਾਨ ਪਾਰਟੀ ਦੇ ਅੰਦਰ ਆਪਣੇ ਲੋਕਾਂ ਦੀ ਘੁਸਪੈਠ ਕਰਵਾਈ ਅਤੇ ਇਨ੍ਹਾਂ ਦੀਆਂ ਕਮਜੋਰੀਆਂ ਅਤੇ ਉਨ੍ਹਾਂ ਦੇ ਹੋਰ ਵਿਰੋਧਾਂ ਦਾ ਫਾਇਦਾ ਉਠਾਉਂਦੇ ਹੋਏ ਸੰਘਰਸ਼ ਨੂੰ ਖਤਮ ਕਰਨ ‘ਚ ਉਹ ਕਾਮਯਾਬ ਹੋਏ। ਜਿਵੇਂ-ਜਿਵੇਂ ਸੰਘਰਸ਼ ਕਮਜੋਰ ਹੁੰਦਾ ਗਿਆ ਇਸਦੀ ਵਿਚਾਰਕ ਪਕੜ ਵੀ ਸੰਘਰਸ਼ ਤੋਂ ਦੂਰ ਹੁੰਦੀ ਗਈ। ਜਿਨ੍ਹਾਂ ਕਾਸ਼ਤਕਾਰ ਪਰਿਵਾਰਾਂ ਤੋਂ ਜਮੀਨ ਲਈ ਗਈ ਸੀ ਉਹ ਫਿਰ ਜਿਮੀਂਦਾਰਾਂ ਦੇ ਕੋਲ ਚਲੀ ਗਈ ਅਤੇ ਕਮਿਊਨ ਦਾ ਵਿਚਾਰ ਧਰਿਆ-ਧਰਾਇਆ ਰਹਿ ਗਿਆ।
ਇਨ੍ਹਾਂ ਕਾਮਰੇਡਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸੰਘਰਸ਼ ਦੌਰਾਨ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਤੋਂ ਉਨ੍ਹਾਂ ਨੂੰ ਜੂਝਣਾ ਪਿਆ। ਉਹ ਖੁੱਲ੍ਹ ਕੇ ਇਸਤੇ ਗੱਲ ਕਰਦੇ ਹਨ ਅਤੇ ਇਨ੍ਹਾਂ ਯਤਨਾਂ ‘ਚ ਲੱਗੇ ਹੋਏ ਹਨ ਕਿ ਸੰਘਰਸ਼ ਤੇ ਅੰਤਰਵਿਰੋਧਾਂ ਤੇ ਕਾਬੂ ਪਾਇਆ ਜਾ ਸਕੇ। ਇਨ੍ਹਾਂ ਲੋਕਾਂ ਨੇ ਹਾਲ ਹੀ ਵਿਚ ਸਾਰੇ ਗਰੁੱਪਾਂ ਦਾ ਇਕ ਕਿਸਾਨ ਸੰਮੇਲਨ ਬੁਲਾਇਆ ਹੈ ਤਾਂ ਕਿ ਉਨ੍ਹਾਂ ਨੂੰ ਇਕ ਮੰਚ ਤੇ ਫਿਰ ਤੋਂ ਇਕੱਠਾ ਕੀਤਾ ਜਾ ਸਕੇ ਅਤੇ ਕਿਸਾਨਾਂ ਵੱਲੋਂ ਚੋਣਾਂ ‘ਚ ਕਿਸੇ ਨੂੰ ਖੜਾ ਕੀਤਾ ਜਾ ਸਕੇ।
ਪਾਕਿਸਤਾਨੀ ਸਮਾਜ ਦੇ ਹਰ ਹਿੱਸੇ ਦੀ ਹੀ ਤਰ੍ਹਾਂ ਹਸਤਨਗਰ ਦਾ ਸੰਘਰਸ਼ ਵੀ ਜਿਆ-ਉਲ-ਹੱਕ ਦੀ ਤਾਨਾਸ਼ਾਹੀ ਦੇ ਕਾਰਨ ਇਸ ਹਾਲਤ ਵਿੱਚ ਪਹੁੰਚਾ। 1970 ਦੇ ਦਹਾਕੇ ‘ਚ ਹਸਤਨਗਰ ਦੇ ਕਾਮਰੇਡਾਂ ਦੀ ਇਕ ਕਮਿਊਨਿਸਟ ਦੇ ਰੂਪ ‘ਚ ਤੂਤੀ ਬੋਲਦੀ ਸੀ ਪਰ ਹੁਣ ਇਹ ਸੰਭਵ ਨਹੀਂ ਹੈ। ਉਨ੍ਹਾਂ ਦੀ ਲੜਾਈ ਦੇ ਵਿਚ ਧਰਮ ਦਾ ਸਵਾਲ ਵੀ ਪੈਦਾ ਹੋਇਆ ਜਿਸਨੇ ਫੁੱਟ ਪਾਉਣ ਦਾ ਕੰਮ ਕੀਤਾ ਕਿਉਂਕਿ ਜੱਥੇਬੰਦੀ ‘ਚ ਅਜਿਹੇ ਲੋਕ ਸਨ ਜੋ ਇਸਲਾਮ ਨੂੰ ਨਹੀਂ ਮੰਨਦੇ ਸਨ ਪਰ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਦਾ ਮੰਨਣਾ ਸੀ ਕਿ ਇਸਲਾਮ ਤੇ ਕਮਿਊਨਿਜ਼ਮ ਦੋਵਾਂ ਨੂੰ ਨਾਲ-ਨਾਲ ਚਲਾਇਆ ਜਾ ਸਕਦਾ ਹੈ। ਕਾਮਰੇਡ ਮੀਆਂ ਮੁਨੀਰ ਪੁਰਾਣੇ ਸਮੂਹ ਦੇ ਮੈਂਬਰ ਸਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸਲਾਮ ਅਜਿਹਾ ਹਥਿਆਰ ਹੈ ਜਿਸ ਦੀ ਵਰਤੋਂ ਇਥੋਂ ਦਾ ਕੁਲੀਨ ਵਰਗ ਇਸ ਲਈ ਕਰਦਾ ਹੈ ਤਾਂ ਜੋ ਉਹ ਕਿਸਾਨਾਂ ਤੇ ਆਪਣਾ ਕਬਜਾ ਬਣਾਈ ਰੱਖ ਸਕੇ। ਲੈਨਿਨ ਦੇ ਜੀਵਨ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਇਹ ਗੱਲ ਸਪੱਸ਼ਟ ਕੀਤੀ ਕਿ ਇਨ੍ਹਾਂ ਸਭ ਦੇ ਬਾਵਜ਼ੂਦ ਇਹ ਲੋਕ ਕਿਉਂ ਧਰਮ ਦੇ ਖਿਲਾਫ ਕੁਝ ਨਹੀਂ ਬੋਲਦੇ ਹਨ। ਮੀਆਂ ਮੁਨੀਰ ਨੇ ਕਿਹਾ ਕਿ ਇਕ ਵਾਰ ਲੈਨਿਨ ਦਾ ਇਕ ਪੈਰੋਕਾਰ ਇਕ ਪਿੰਡ ‘ਚ ਜਾ ਕੇ ਧਰਮ ਦੇ ਖਿਲਾਫ ਬੋਲ ਰਿਹਾ ਸੀ ਤਾਂ ਪਿੰਡ ਵਾਲਿਆਂ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਫਿਰ ਲੈਨਿਨ ਨੇ ਆਪਣੇ ਕਾਰਕੁੰਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਰੱਬ ਦੀ ਕੋਈ ਹੋਂਦ ਨਹੀਂ ਹੈ ਪਰ ਮੈਂ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਇਹੀ ਗੱਲ ਪਿੰਡ ਵਾਲਿਆਂ ਨੂੰ ਜਾ ਕੇ ਦੱਸੋ।
ਇਸ ਘਟਨਾ ਦੀ ਉਦਾਹਰਨ ਦਿੰਦੇ ਹੋਏ ਉਹ ਬੋਲਦੇ ਹਨ ਕਿ ਇਸਲਾਮ ਦੇ ਖਿਲਾਫ ਗੱਲ ਕਰਨਾ ਨਾ ਕੇਵਲ ਖਤਰਨਾਕ ਹੈ ਬਲਕਿ ਰਾਜਨੀਤਿਕ ਤੌਰ ਤੇ ਇਹ ਆਤਮਘਾਤੀ ਵੀ ਹੈ। ਕੁਝ ਹੋਰ ਕਾਮਰੇਡਾਂ ਨੇ ਆਪਣੀ ਰਾਇ ਪੇਸ਼ ਕੀਤੀ ਕਿ ਜੇ ਇਸਲਾਮ ਤੇ ਕਮਿਊਨਿਸਟ ਵਿਚਾਰਧਾਰਾ ਵਿਚ ਕੋਈ ਤਾਲਮੇਲ ਨਹੀਂ ਹੋ ਸਕਦਾ ਤਾਂ ਇਸਦੀ ਸਿੱਧੀ ਵਜ੍ਹਾ ਇਹ ਹੈ ਕਿ ਇਸਨੇ ਇਸਲਾਮ ਦੀ ਗਲਤ ਵਿਆਖਿਆ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸਲਾਮ ਵਿਚ ਜੋ ਦਾਨ ਦੇਣ (ਜ਼ਕਾਤ) ਦੀ ਪ੍ਰਾਪੰਰਾ ਹੈ ਉਸਦੀ ਬਦਲੀ ਹੋਈ ਸੰਪੱਤੀ ਦੀ ਮੁੜ ਵੰਡ ਵਿਚ ਹੀ ਹੋਣੀ ਹੈ ਪਰ ਅਜਿਹਾ ਕਰਦੇ ਹੋਏ ਅਸੀਂ ਆਪਣੇ ਖੁਦ ਦੇ ਅੰਤਰ ਵਿਰੋਧਾਂ ਨੂੰ ਨਹੀਂ ਸਮਝ ਪਾਉਂਦੇ ਕਿਉਂਕਿ ਕਿਸੇ ਵਰਗ ਰਹਿਤ ਸਮਾਜ ਵਿਚ ਜ਼ਕਾਤ ਦਾ ਕੋਈ ਅਰਥ ਨਹੀਂ ਹੈ। ਕੁਝ ਹੋਰ ਕਾਮਰੇਡਾਂ ਨੇ ਆਪਣੀ ਰਾਇ ਪੇਸ਼ ਕਰਦੇ ਹੋਏ ਕਿਹਾ ਕਿ ਇਸਲਾਮ ਨੂੰ ਜੇ ਸਹੀ ਢੰਗ ਨਾਲ ਅਮਲ ‘ਚ ਲਿਆਂਦਾ ਜਾਵੇ ਤਾਂ ਇਸਦਾ ਅਰਥ ਸਮਾਨ ਰੂਪ ਵਿਚ ਹਰ ਵਿਅਕਤੀ ਵਿਚ ਸੰਪੱਤੀ ਦਾ ਬਟਵਾਰਾ ਹੋਵੇਗਾ। ਇਸਨੂੰ ਅਸੀਂ ਲੋਕ ਨਾ ਤਾਂ ਠੀਕ ਢੰਗ ਨਾਲ ਸਮਝ ਪਾ ਰਹੇ ਹਾਂ ਤੇ ਨਾ ਸਮਝਾ ਪਾ ਰਹੇ ਹਾਂ।
ਹਸਤਨਗਰ ਵਿਚ ਸੰਘਰਸ਼ ਦਾ ਪ੍ਰਭਾਵ ਉਥੋਂ ਦੇ ਸਮਾਜ ਤੇ ਵਿਆਪਕ ਰੂਪ ਵਿਚ ਪਿਆ। ਇਥੇ ਵੀ ਪਿਤਰਸੱਤਾਤਮਿਕ ਅਤੇ ਦਕਿਆਨੂਸੀ ਸਮਾਜ ਦੀ ਹੋਂਦ ਹੈ ਜੋ ਪਖਤੂਨ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ। ਪਰ ਮਜ਼ਦੂਰ ਕਿਸਾਨ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੇ ਪਛੜੇਪਣ ਦੀ ਮਾਨਸਿਕਤਾ ਤੋਂ ਨਿਜ਼ਾਤ ਪਾਈ ਤੇ ਵੱਡੀ ਗਿਣਤੀ ਵਿਚ ਇਨ੍ਹਾਂ ਲੋਕਾਂ ਨੇ ਆਪਣੀਆਂ ਕੁੜੀਆਂ ਨੂੰ ਸਕੂਲ ‘ਚ ਸਿੱਖਿਆ ਪ੍ਰਾਪਤ ਕਰਨ ਲਈ ਭੇਜਿਆ ਜਦੋਂ ਕਿ ਇੱਥੇ ਇਸਦਾ ਰਿਵਾਜ ਬਿਲਕੁਲ ਨਹੀਂ ਸੀ। ਇਕ ਸਰਵੇ ਅਨੁਸਾਰ ਕੁਲ ਅਬਾਦੀ ਵਿਚ ਕੇਵਲ ਦੋ ਪ੍ਰਤੀਸ਼ਤ ਲੋਕ ਆਪਣੀਆਂ ਲੜਕੀਆਂ ਨੂੰ ਸਿੱਖਿਆ ਦਿਵਾਉਂਦੇ ਸਨ ਪਰ ਇਸ ਘਟਨਾ ਦੇ ਬਾਅਦ ਇਸ ਗਿਣਤੀ ਵਿਚ ਜਬਰਦਸਤ ਵਾਧਾ ਹੋਇਆ। ਇਸ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਉੱਥੇ ਹੋਰ ਵੀ ਕਿਸਾਨਾਂ ਦੇ ਸੰਗਠਨ ਬਣੇ ਜੋ ਬਟਾਈਦਾਰੀ ਵਿਚ ਲੱਗੇ ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਹਨ।
ਹਸਤਨਗਰ ਸੰਘਰਸ਼ ਦੀ ਸਭ ਤੋਂ ਵੱਡੀ ਕਮਜੋਰੀ ਇਹ ਰਹੀ ਹੈ ਕਿ ਇਸਦਾ ਢਾਂਚਾ ਬੁਰੀ ਤਰ੍ਹਾਂ ਪਿਤਾਪੁਰਖੀ ਸੀ। ਧਰਮ ਦੇ ਨਾਲ ਕਮਿਊਜ਼ਿਮ ਦਾ ਤਾਲਮੇਲ ਜੇ ਔਖਾ ਹੈ ਤਾਂ ਇਸਤੋਂ ਵੀ ਜਿਆਦਾ ਔਖਾ ਪਿਤਾਪੁਰਖੀ ਪ੍ਰਬੰਧ ਨਾਲ ਇਨ੍ਹਾਂ ਦਾ ਤਾਲਮੇਲ ਹੈ। ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦੇ ਸੰਘਰਸ਼ ਵਿਚ ਔਰਤਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਸੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਆਮ ਤੌਰ ਤੇ ਉਹ ਬਹੁਤ ਧਾਰਮਿਕ ਹੁੰਦੀਆਂ ਹਨ। ਇਕ ਕਾਮਰੇਡ ਨੇ ਕਿਹਾ ਕਿ ਚਾਹੇ ਅਸੀਂ ਅਜ਼ਾਦੀ ਦੀ ਗੱਲ ਕਰਦੇ ਹਾਂ ਨਾਲ ਹੀ ਅਸੀਂ ਆਪਣੀਆਂ ਔਰਤਾਂ ਨੂੰ ਘਰਾਂ ‘ਚ ਕੈਦ ਰੱਖਣਾ ਚਾਹੁੰਦੇ ਹਾਂ। ਕਾਮਰੇਡ ਫਰਮਾਨ ਅਲੀ ਨੇ ਇਸ ਮਾਮਲੇ ਤੇ ਆਪਣੀ ਰਾਇ ਜਾਹਰ ਕਰਦੇ ਹੋਏ ਕਿਹਾ ਕਿ ਔਰਤਾਂ ਦੀ ਭੂਮਿਕਾ ਬਹੁਤ ਮਾਅਨੇ ਰੱਖਦੀ ਹੈ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਆਪਣੀ ਮਾਂ ਦੀ ਮਿਸਾਲ ਦਿੰਦੇ ਹੋਏ ਇਕ ਘਟਨਾ ਬਿਆਨ ਕੀਤੀ ‘ਸਾਡੇ ਘਰ ਵਿਚ ਬਹੁਤ ਵੱਡੇ ਪੱਧਰ ਤੇ ਕਮਿਊਨਿਸਟ ਸਾਹਿਤ ਸੀ। ਉਨ੍ਹਾਂ ਦਿਨਾਂ ‘ਚ ਹਥਿਆਰਾਂ ਤੋਂ ਵੀ ਜਿਆਦਾ ਖਤਰਨਾਕ ਇਸ ਤਰ੍ਹਾਂ ਦਾ ਸਾਹਿਤ ਰੱਖਣਾ ਹੁੰਦਾ ਸੀ ਇਕ ਦਿਨ ਪੁਲਿਸ ਦਾ ਇਕ ਦਸਤਾ ਮੇਰੇ ਘਰ ਤਲਾਸ਼ੀ ਲੈਣ ਆਇਆ ਤੇ ਮੇਰੀ ਮਾਂ ਨੇ ਸਾਰੀਆਂ ਕਮਿਊਨਿਸਟ ਕਿਤਾਬਾਂ ਗੱਦੇ ਦੇ ਥੱਲੇ ਵਿਛਾਕੇ ਉਪਰ ਚਾਦਰ ਲੈ ਕੇ ਬਿਮਾਰੀ ਦਾ ਬਹਾਨਾ ਕਰਦੇ ਹੋਏ ਉਸ ਉੱਤੇ ਸੌਂ ਗਈ। ਨਤੀਜਾ ਇਹ ਹੋਇਆ ਕਿ ਪੁਲਿਸ ਕੁਝ ਵੀ ਹਾਸਲ ਨਾ ਕਰ ਸਕੀ ਤੇ ਮੇਰੇ ਪਿਤਾ ਜੀ ਗ੍ਰਿਫਤਾਰੀ ਤੋਂ ਬਚ ਗਏ। ਉਸਨੇ ਜਾਰਜੀ ਨਾਮਕ ਔਰਤ ਦਾ ਵੀ ਜਿਕਰ ਕੀਤਾ। ਜਿਸਨੇ ਹਸਤਨਗਰ ਦੀ ਲੜ੍ਹਾਈ ਵਿਚ ਮਰਦਾਂ ਦੇ ਨਾਲ ਮਿਲ ਕੇ ਮੋਰਚਾ ਸੰਭਾਲਿਆ ਸੀ।
ਹਸਤਨਗਰ ਇਲਾਕੇ ਦੇ ਪਿੰਡਾ ਵਿਚ ਵੀ ਹੋਰ ਪਿੰਡਾਂ ਦੀ ਤਰ੍ਹਾਂ ਔਰਤਾਂ ਦੀ ਦੁਨੀਆਂ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਰਹਿੰਦੀ ਹੈ। ਉਨ੍ਹਾਂ ਨਾਲ ਗੱਲਬਾਤ ਕਰਨੀ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ‘ਚੋਂ ਜਿਅਦਾਤਰ ਸਕੂਲੀ ਸਿੱਖਿਆ ਹਾਸਲ ਨਹੀਂ ਕਰ ਸਕੀਆਂ ਅਤੇ ਇਸੇ ਕਰਕੇ ਉਨ੍ਹਾਂ ਨੂੰ ਉਰਦੂ ਨਹੀਂ ਆਉਂਦੀ। ਮੈਂ ਕੁਝ ਔਰਤਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਰਾਇ ਸਾਂਝੀ ਕੀਤੀ ਕਿ ਰਾਜਨੀਤੀ ਤਾਂ ਮਰਦਾਂ ਦਾ ਕੰਮ ਹੈ। ਅਜਿਹਾ ਨਹੀਂ ਕਿ ਉਹ ਰਾਜਨੀਤੀ ‘ਚ ਭਾਗ ਨਹੀਂ ਲੈਣਾ ਚਾਹੁੰਦੀਆਂ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਭਵ ਨਹੀਂ ਹੈ। ਸਮੱਸਿਆ ਇਹ ਹੈ ਕਿ ਅਜਿਹੇ ਆਦਮੀ ਵੀ ਜੋ ਔਰਤਾਂ ਦੇ ਰਾਜਨੀਤੀ ‘ਚ ਭਾਗ ਲੈਣ ਦੇ ਪੱਖ ਵਿਚ ਹਨ ਉਹ ਵੀ ਆਪਣੇ ਪਰਿਵਾਰ ਦੀਆਂ ਔਰਤ ਮੈਂਬਰਾਂ ਨੂੰ ਬਾਹਰ ਜਾਣ ਤੋਂ ਰੋਕਦੇ ਹਨ ਕਿਉਂਕਿ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹਨ।
ਹਸਤਨਗਰ ਦੇ ਸੰਘਰਸ਼ ਦੀ ਇਹ ਕਹਾਣੀ ਸਾਰੇ ਅੰਤਰ ਵਿਰੋਧਾਂ ਨਾਲ ਭਰੀ ਪਈ ਹੈ। ਅੱਜ ਵੀ ਕਿਸਾਨ ਉਨ੍ਹਾਂ ਜਮੀਨਾਂ ਤੇ ਕਬਜਾ ਕਰ ਰਹੇ ਹਨ ਜਿਨ੍ਹ੍ਹਾਂ ਤੇ ਉਹ ਆਪਣਾ ਹੱਕ ਸਮਝਦੇ ਹਨ। ਅੱਜ ਵੀ ਚਾਲੀ ਸਾਲਾਂ ਦੇ ਬਾਅਦ ਵੀ ਇਹ ਸੰਘਰਸ਼ ਜਿਸਨੇ ਜਿਮੀਂਦਾਰਾਂ ਦੇ ਖਿਲਾਫ ਇਤਿਹਾਸਕ ਸੰਘਰਸ਼ ਛੇੜਿਆ ਸੀ ਕਿਸੇ ਨਾ ਕਿਸੇ ਰੂਪ ਵਿਚ ਜ਼ਿੰਦਾ ਹੈ। ਹਸਤਨਗਰ ਦੀ ਕਹਾਣੀ ਇਕ ਅਜਿਹੀ ਅਸਫਲ ਕ੍ਰਾਂਤੀ ਦੀ ਕਹਾਣੀ ਹੈ ਜਿਸਨੂੰ ਕੁਸ਼ਲਤਾਪੂਰਵਕ ਚਲਾਇਆ ਜਾਂਦਾ ਤਾਂ ਇਹ ਪਾਕਿਸਤਾਨ ਦੀ ਤਸਵੀਰ ਬਦਲ ਸਕਦੀ ਸੀ।
ਕਿਉਂਕਿ ਇਹ ਇਲਾਕਾ ਅਫਗਾਨਿਸਤਾਨ ਦੇ ਨਾਲ ਲੱਗਿਆ ਹੋਇਆ ਹੈ ਇਸ ਲਈ ਪਿਛਲੇ ਕੁਝ ਸਾਲਾਂ ਤੋਂ ਇਸਨੂੰ ਤਾਲੀਬਾਨ ਦੀ ਮੌਜੂਦਗੀ ਨਾਲ ਪੈਦਾ ਹੋਈਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਤਾਲੀਬਾਨੀਆਂ ਨੇ ਇਸ ਇਲਾਕੇ ਕੋਲ ਆਪਣਾ ਇਕ ਸੈਨਿਕ ਅੱਡਾ ਬਣਾ ਰੱਖਿਆ ਹੈ ਅਤੇ ਇਹ ਲੋਕ ਪਰਚੇ ਵੰਡ ਕੇ ਸਥਾਨਕ ਅਬਾਦੀ ਨੂੰ ਧਮਕਾਉਂਦੇ ਹਨ ਕਿ ਉਹ ਆਪਣੇ ਘਰਾਂ ਦੀਆਂ ਕੁੜੀਆਂ ਨੂੰ ਸਕੂਲਾਂ ਵਿਚ ਨਾ ਭੇਜਣ ਅਤੇ ਇਥੋਂ ਦੀਆਂ ਔਰਤਾਂ ਬੁਰਕਾ ਪਾਉਣ। ਅੱਜ ਹਸਤਨਗਰ ਦੇ ਕਮਿਊਨਿਸਟਾਂ ਨੂੰ ਇਸਲਾਮਾਬਾਦ ਦੀ ਸਰਕਾਰ ਦੇ ਨਾਲ-ਨਾਲ ਤਾਲੀਬਾਨ ਨਾਲ ਸਬੰਧਿਤ ਅੱਤਵਾਦੀਆਂ ਦਾ ਵੀ ਮੁਕਾਬਲਾ ਕਰਨਾ ਪੈ ਰਿਹਾ ਹੈ।
(ਸ਼ਾਨੇਲ ਖਾਲਿਕ, ਸਿੰਧੀ ਜ਼ਾਦ ਦੀ ਫੀਲਡ ਰਿਪੋਰਟ ਤੇ ਹੋਰ ਸ੍ਰੋਤਾਂ ਤੇ ਜੁਟਾਈ ਗਈ ਸਮੱਗਰੀ ਤੇ ਅਧਾਰਿਤ )


