ਰੋਜ਼ਾਨਾ ਅੱਧੀ ਛੁੱਟੀ
ਜਦ ਮੈਂ ਕੁੜੀਆਂ ਨੂੰ ਵੇਖਦਾ
ਨੱਚਦੀਆਂ, ਟੱਪਦੀਆਂ, ਖਿੜ-ਖਿੜ ਹੱਸਦੀਆਂ
ਚੜ-ਚੋਲੜ ਪਾਉਂਦੀਆਂ
ਤਾਂ ਮੇਰਾ ਮਨ ਵੀ ਖਿਲ ਉੱਠਦਾ।
ਮੈਂ ਰੋੜੇ, ਡੀਟੇ ਤੇ ਡਿੱਕਰੀਆਂ ਖਿਲਾਰਦਾ,
ਕੁੜੀਆਂ ਨਾਲ ਕੋਟਲਾ ਛਪਾਕੀ ਖੇਡਦਾ,
ਮੁੜ-ਮੁੜ ਕੇ ਝਾਂਕਦਾ,
ਕਦੇ ਕਦੇ ਐਵੇਂ ਹੀ ਭੱਜ ਤੁਰਦਾ,
ਇਹਨੂੰ ਨਾ ਲਿਆਇਆ ਕਰ ‘‘ਸੀਰੋ”
ਆਪਾਂ ਨੂੰ ਖੇਡਣ ਨਹੀਂ ਦਿੰਦਾ।
ਖੇਡੋ-ਖੇਡੋ
ਨੱਚੋ ਟੱਪੋ ਤੇ ਮਸਤੀਆਂ ਮਨਾਓ,
ਇਹੀ ਤਾਂ ਉਮਰ ਹੁੰਦੀ ਏ,
ਨੱਚਣ ਟੱਪਣ ਤੇ ਗਾਉਣ ਦੀ,
ਆਪਣਾ ਭਵਿੱਖ ਬਣਾਉਣ ਦੀ,
ਅਸੀਂ ਤੁਹਾਡੇ ‘ਤੇ ਮਾਣ ਕਰਦੇ ਹਾਂ,
ਨਾਜ਼ ਕਰਦੇ ਹਾਂ।
ਸਮਝਦੇ ਹਾਂ ਪੁੱਤਾਂ ਤੋਂ ਵਧ ਕੇ,
ਪਰ ਤੁਹਾਡੇ ਕਰਕੇ,
ਆਵੇ ਨਾ ਸਾਡੀ ਅੱਖ ‘ਚ ਹੰਝੂ,
ਤੇ ਜੀਣੀ ਨਾ ਪਵੇ ਜਲਾਲਤ ਭਰੀ ਜ਼ਿੰਦਗੀ
ਤੁਸੀਂ ਰਹੋ,
ਕਪਾਹ ਦੇ ਫੁੱਲਾਂ ਵਾਂਗ ਖਿੜੀਆਂ-ਖਿੜੀਆਂ।
ਮਹਿਕਾਂ ਤੇ ਹਾਸੇ ਵੰਡਦੀਆਂ,
ਮਾਪਿਆਂ ਦੀ ਇੱਜ਼ਤ,
ਪਿਆਰੀਆਂ ਪਿਆਰੀਆਂ ਕੁੜੀਆਂ।
ਸੰਪਰਕ: 98764 86187

