ਮੁਲਾਕਾਤੀ: ਅਵਤਾਰ ਸਿੰਘ ਬਿਲਿੰਗ
1954 ਵਿਚ ਦੁਆਬੇ ਦੇ ਪਿੰਡ ਬੀੜ-ਬੰਸੀਆਂ ਵਿਖੇ ਜਨਮਿਆ ਮੰਗਾ ਸਿੰਘ ਬਾਸੀ ਗਰੇਟਰ ਵੈਨਕੂਵਰ, ਕੈਨੇਡਾ ਦਾ ਜ਼ਿਕਰ ਯੋਗ ਪੰਜਾਬੀ ਸ਼ਾਇਰ ਹੈ।ਡਾ. ਸੁਰਜੀਤ ਪਾਤਰ ਅਨੁਸਾਰ, “ਉਹ ਵਗਦੇ ਪਾਣੀ ਜਿਹਾ ਇਨਸਾਨ ਤੇ ਕਵੀ ਹੈ। ਕਵਿਤਾ ਵਾਂਗ ਸੱਚਾ, ਸੋਹਣਾ ਤੇ ਪਾਰਦਰਸ਼ੀ। ਆਰੰਭਲੇ ਸਾਲਾਂ ਦੌਰਾਨ ਉਦਰੇਵੇਂ ਦਾ ਝੰਬਿਆ, ਹੁਣ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਪਰਦੇਸ ਵਿਚ ਗੁਜ਼ਾਰਨ ਮਗਰੋਂ ਉਹ ਅਸਲੀਅਤ ਦੇ ਵਧੇਰੇ ਨੇੜੇ ਹੈ।ਉਸ ਦੇ ਸਿਹਤਮੰਦ ਮਨ ਨੇ ਪਰਦੇਸ ਵਿਚਲੀ ਉਦਾਸੀ ਦੀ ਬਰਫ ਨੂੰ ਨਿਰਮਲ ਪਾਣੀ ਵਿਚ ਬਦਲ ਲਿਆ ਹੈ ਜੋ ਹਰਿਆਵਲ ਪੈਦਾ ਕਰਦੀ ਹੈ।”
ਹੁਣ ਤਕ ਉਸ ਦੇ ਪੰਜ ਕਾਵਿ-ਸੰਗ੍ਰਹਿ- ਬਰਫ ਦਾ ਮਾਰੂਥਲ, ਵਿਚ ਪਰਦੇਸਾਂ ਦੇ, ਮੈਂ ਤੇ ਕਵਿਤਾ, ਕੂੰਜਾਂ ਦੇ ਸਿਰਨਾਵੇਂ ਅਤੇ ਧਰਤ ਕਰੇ ਅਰਜੋਈ ਛਪ ਚੁੱਕੇ ਹਨ। `ਧਰਤ ਕਰੇ ਅਰਜੋਈ` ਕਾਵਿ ਸੰਗ੍ਰਹਿ ਧਰਤੀ ਕਰੇ ਗੁਹਾਰ ਦੇ ਨਾਮ ਹੇਠ ਹਿੰਦੀ ਵਿਚ ਅਨੁਵਾਦ ਹੋ ਚੁੱਕਿਆ ਹੈ। `ਮੈਂ ਤੇ ਕਵਿਤਾ` ਕਾਵਿ ਸੰਗ੍ਰਹਿ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਅਨੁਵਾਦ ਹੋ ਕੇ ਛਪਿਆ ਹੈ।
ਇੰਡੋ-ਕੈਨੇਡੀਅਨ ਪੰਜਾਬੀਆਂ ਦੇ ਜੀਵਨ ਤੇ ਸਭਿਆਚਾਰ ਨੂੰ ਜ਼ੁਬਾਨ ਦਿੰਦੀਆਂ ਪੰਜਾਬੀ ਬੋਲੀਆਂ ਨੇ ਉਸ ਨੂੰ ਉਹਦੇ ਦੋਸਤਾਂ, ਸਬੰਧੀਆਂ ਅਤੇ ਏਧਰਲੇ ਓਧਰਲੇ ਲੇਖਕਾਂ ਦੇ ਏਨਾ ਨੇੜੇ ਲਿਆ ਖੜ੍ਹਾਇਆ ਹੈ ਕਿ ਇਕੋ ਆਵਾਜ਼ ਹਰ ਤਰਫੋਂ ਸੁਣਾਈ ਦਿੰਦੀ ਹੈ, “ਮੰਗਾ, ਸਭ ਲਈ ਚੰਗਾ”, ਜਿਸ ਦੀ ਮੈਂ ਵੀ ਤਾਈਦ ਕਰਦਾ ਹਾਂ। ਉਸ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਜਦੋਂ ਮੈਂ ਉਸ ਦੇ ਬਾਪੂ ਸ. ਪ੍ਰੀਤਮ ਸਿੰਘ ਬਾਸੀ ਨੂੰ ਮਿਲਿਆ ਤਾਂ ਪੰਜਾਬੀ ਸਭਿਆਚਾਰ ਬਾਰੇ ਉਸ ਨਿਰਛਲ ਸ਼ਖਸੀਅਤ ਦੀ ਸੂਝ-ਬੂਝ ਦੇਖ ਕੇ ਹੀ ਮੈਨੂੰ ਮੰਗਾ ਸਿੰਘ ਬਾਰੇ ਕਾਫੀ ਕੁਝ ਅਗੇਤਾ ਸਮਝ ਲੱਗ ਗਿਆ ਸੀ। ਜਿਵੇਂ ਬਰੋਟੇ ਦੇ ਮੁੱਢ ਨੂੰ ਦੇਖਣ ਉਪਰੰਤ ਉਸ ਦੀ ਦਾੜ੍ਹੀ, ਪੱਤਿਆਂ, ਟਾਹਣਿਆਂ ਬਾਰੇ ਕੋਈ ਸ਼ੱਕ-ਸ਼ੁਬ੍ਹਾ ਬਕਾਇਆ ਨਹੀਂ ਰਹਿ ਜਾਂਦਾ। “ਉਸਦੀ ਕਵਿਤਾ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਉਹਨਾਂ ਰੀਤਾਂ ਨੂੰ ਬਦਲਣ ਦੀ ਤੀਬਰ ਇੱਛਾ ਜਗਾਉਂਦੀ ਹੈ ਜੋ ਹੁੰਮਸ ਬਣ ਚੁੱਕੀਆਂ ਹਨ ਕਿਉਂਕਿ ਉਸ ਨੂੰ ਅਹਿਸਾਸ ਹੈ ਕਿ ਆਪਣੇ ਸਭਿਆਚਾਰ ਦਾ ਸਭ ਕੁਝ ਵਧੀਆ ਨਹੀਂ ਹੁੰਦਾ ਤਾਂ ਬੇਗ਼ਾਨਿਆਂ ਦਾ ਸਭ ਕੁਝ ਬੁਰਾ ਨਹੀਂ ਹੋ ਸਕਦਾ।” -ਅਵਤਾਰ ਸਿੰਘ ਬਿਲਿੰਗ
? ਬਾਸੀ ਸਾਹਿਬ, ਆਪਣੇ ਜਨਮ ਅਤੇ ਪਿਛੋਕੜ ਬਾਰੇ ਤੁਸੀਂ ਆਪਣੇ ਮੂੰਹੋਂ ਦੱਸੋ!
— ਮੇਰਾ ਜਨਮ 1954 ਵਿਚ, ਦੁਆਬੇ ਦੀ ਧੁੰਨੀ, ਮੰਜਕੀ ਇਲਾਕੇ ਦੇ ਪਿੰਡ ਬੀੜ-ਬੰਸੀਆਂ ਵਿਖੇ ਪ੍ਰੀਤਮ ਸਿੰਘ ਬਾਸੀ ਅਤੇ ਮਾਤਾ ਜਾਗੀਰ ਕੌਰ ਦੇ ਘਰ ਹੋਇਆ। ਇਕਲੋਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਛੋਟਾ ਵੀਰ ਹੋਣ ਕਰਕੇ ਘਰ ਦਾ ਲਾਡਲਾ ਤਾਂ ਸਾਂ ਪਰ ਮੈਂ ਸ਼ੁਰੂ ਤੋਂ ਹੀ ਆਪਣੇ ਬਾਪੂ ਜੀ ਨਾਲ ਖੇਤੀ ਦਾ ਕੰਮ ਵੀ ਕਰਵਾਉਂਦਾ ਰਿਹਾ ਹਾਂ।
? ਵਿਦਿਆ ਕਿੱਥੋਂ ਤਕ ਪ੍ਰਾਪਤ ਕੀਤੀ?
— ਵਿਦਿਆ ਮੈਂ ਐਮ.ਏ. (ਰਾਜਨੀਤੀ) ਤੱਕ ਪ੍ਰਾਪਤ ਕੀਤੀ। ਪ੍ਰਾਇਮਰੀ ਤੱਕ ਦਾ ਸਕੂਲ ਸਾਡੇ ਪਿੰਡ ਵਿਖੇ ਹੀ ਸੀ। ਮੈਟ੍ਰਿਕ ਮੈਂ ਸਰਕਾਰੀ ਸੀਨੀਅਰ ਸਕੂਲ ਰੁੜਕਾ ਕਲਾਂ ਤੋਂ ਪਾਸ ਕੀਤੀ। ਬੀ.ਏ. ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਜ ਜੰਡਿਆਲਾ (ਮੰਜਕੀ) ਅਤੇ ਐਮ.ਏ. ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਕੀਤੀ ਸੀ।
? ਤੁਹਾਡੇ ਬਚਪਨ ਦੇ ਸ਼ੌਕ ਕਿਹੜੇ ਸਨ?
— ਮੇਰੇ ਸ਼ੌਕ ਸਾਧਾਰਨ ਪੇਂਡੂ ਵਿਦਿਆਰਥੀਆਂ ਵਾਲੇ ਹੀ ਸਨ। ਪੜ੍ਹਾਈ ਦੇ ਨਾਲ ਮੈਂ ਖੇਡਾਂ ਵਿਚ ਵੀ ਦਿਲਚਸਪੀ ਰਖਦਾ ਸੀ। ਮੈਂ ਕਬੱਡੀ ਟੀਮ ਦਾ ਕੈਪਟਨ ਹੁੰਦਾ ਸੀ।
? ਕਾਲਜ ਵਿਚ ਤੁਸੀਂ ਕਿਸੇ ਮੁਕਾਬਲੇ ਵਿਚ ਵੀ ਹਿੱਸਾ ਲੈਂਦੇ ਰਹੇ ਹੋ?
— ਬੀ.ਏ. ਵਿਚ ਪੜ੍ਹਦਿਆਂ ਮੈਂ ਪ੍ਰਿੰਸੀਪਲ ਸ. ਬਲਵੰਤ ਸਿੰਘ ਮਦਾਨ ਦੀ ਅਗਵਾਈ ਹੇਠ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ। ਕਾਲਜ ਅਤੇ ਯੂਨੀਵਰਸਿਟੀ ਪੱਧਰ ਤੱਕ ਕਾਵਿ-ਉਚਾਰਨ ਮੁਕਾਬਲਿਆਂ ਵਿਚ ਵੀ ਸ਼ਿਰੱਕਤ ਕੀਤੀ ਸੀ।
? ਸਕੂਲ ਜਾਂ ਕਾਲਜ ਪੱਧਰ ਉੱਤੇ ਕਿਹੜੇ ਅਧਿਆਪਕਾਂ ਦਾ ਪ੍ਰਭਾਵ ਕਬੂਲਿਆ?
— ਅਵਤਾਰ ਜੀ, ਮਾਪਿਆਂ ਤੋਂ ਮਗਰੋਂ ਅਧਿਆਪਕ ਹੀ ਵਿਦਿਆਰਥੀ ਉੱਤੇ ਸਭ ਤੋਂ ਵੱਧ ਪ੍ਰਭਾਵ ਪਾਉਂਦੇ ਹਨ। ਮੇਰੇ ਪ੍ਰਾਇਮਰੀ ਸਕੂਲ ਦੇ ਬਹੁਤ ਮਿਹਨਤੀ ਅਧਿਆਪਕ ਮਦਨ ਲਾਲ ਪਾਸਲਾ, ਹਾਈ ਸਕੂਲ ਦੇ ਸਾਧੂ ਸਿੰਘ ਬਾਸੀ (ਬੰਡਾਲਾ), ਕਾਲਜ ਸਮੇਂ ਦੇ ਪ੍ਰੋ. ਦਵਿੰਦਰ ਸਿੰਘ ਸੁੰਨੜ ਅਤੇ ਡਾ. ਰਘਬੀਰ ਸਿੰਘ ਸਿਰਜਣਾ ਦਾ ਮੈਂ ਬਹੁਤ ਪ੍ਰਭਾਵ ਕਬੂਲਿਆ ਹੈ। ਇਹਨਾਂ ਸਾਰਿਆਂ ਨੇ ਮੈਨੂੰ ਬਹੁਤ ਹੱਲਾ-ਸ਼ੇਰੀ ਦਿੱਤੀ। ਇਸੇ ਕਾਰਨ ਮੈਂ ਐਮ.ਏ. ਤੱਕ ਚੰਗਾ ਵਿਦਿਆਰਥੀ ਰਿਹਾ ਹਾਂ।
? ਕੈਨੇਡਾ ਵਿਚ ਕਿਵੇਂ ਪਹੁੰਚੇ?
— ਐਮ.ਏ. ਕਰਦਿਆਂ ਮੇਰਾ ਰਿਸ਼ਤਾ ਕੈਨੇਡਾ ਤੋਂ ਆਈ ਲੜਕੀ, ਪਰਵਿੰਦਰ ਕੌਰ ਨਾਲ ਹੋ ਗਿਆ। ਅਗਲੇ ਸਾਲ ਮੈਂ ਕੈਨੇਡਾ ਪਹੁੰਚ ਗਿਆ ਤਾਂ ਬੀ.ਸੀ ਦੇ ਸਰੀ ਸ਼ਹਿਰ ਵਿਖੇ ਸਾਡਾ ਦੋਹਾਂ ਦਾ ਵਿਆਹ ਹੋ ਗਿਆ।
? ਤੁਸੀਂ ਇਕਲੋਤੇ ਪੁੱਤਰ ਹੁੰਦੇ ਹੋਏ ਵਿਆਹ ਮੰਗਣੇ ਤੋਂ ਕਿਵੇਂ ਬਚੇ ਰਹੇ?
— ਅਸਲ `ਚ ਬਿਲਿੰਗ ਜੀ, ਮੰਗਣੀ ਤਾਂ ਮੇਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਹੀ ਹੋ ਗਈ ਸੀ ਪਰ ਉਸ ਲੜਕੀ ਨੂੰ ਉਹਦੇ ਮਾਪਿਆਂ ਇਕ ਜਮਾਤ ਵੀ ਨਹੀਂ ਸੀ ਪੜ੍ਹਾਈ, ਜਦੋਂ ਕਿ ਮੈਂ ਐਮ.ਏ ਤੱਕ ਪਹੁੰਚ ਗਿਆ। ਮੈਂ ਆਪ ਇਨਕਾਰ ਨਹੀਂ ਸੀ ਕੀਤਾ ਪਰ ਉਸ ਦੇ ਮਾਪੇ ਬਹੁਤਾ ਸਮਾਂ ਉਡੀਕ ਨਹੀਂ ਸੀ ਕਰ ਸਕਦੇ ਤੇ ਉਹਨਾਂ ਹੋਰ ਕਿਤੇ ਵਿਆਹ ਦਿੱਤੀ।ਉਸ ਲੜਕੀ ਦੀ ਤਸਵੀਰ ਮੇਰੀ ਮਾਤਾ ਦੇ ਸੀਨੇ ਵਿਚ ਅਜੇ ਤੱਕ ਵੀ ਉਕਰੀ ਹੋਈ ਹੈ। ਉਹਦੇ ਰੰਗ ਰੂਪ ਅਤੇ ਸੁਹੱਪਣ ਦੀ ਉਹ ਅਜੇ ਵੀ ਕਾਇਲ ਹੈ।
? ਤੁਹਾਨੂੰ ਉਸ ਲੜਕੀ ਦੀ ਮੁੜ ਕੇ ਕਦੇ ਯਾਦ ਨਹੀਂ ਆਈ?
— ਬਿਲਿੰਗ ਜੀ, ਮੈਂ ਤਾਂ ਅਜੇ ਤੱਕ ਉਸ ਦੀ ਸੁੱਖ ਮੰਗਦਾ ਹਾਂ। ਮੈਂ ਤਾਂ ਉਸ ਨੂੰ ਕਦੇ ਨਹੀਂ ਮਿਲਿਆ ਪਰ ਮੇਰੀਆਂ ਭੈਣਾਂ ਉਸ ਨੂੰ ਸਾਡੀ ਰਿਸ਼ਤਦਾਰੀ ਵਿਚ ਮਿਲਦੀਆਂ ਵੀ ਰਹੀਆਂ। ਉਨ੍ਹਾਂ ਅਨੁਸਾਰ ਉਹ ਆਪਣੇ ਜੀਵਨ ਵਿਚ ਖੁਸ਼ ਹੈ।
? ਬਤੌਰ ਮਿੱਲ ਵਰਕਰ ਤੁਸੀਂ ਕਿੰਨਾ ਕੁ ਕੰਮ ਕੀਤਾ? ਕਿੰਨਾ ਕੁ ਸੰਘਰਸ਼ ਕਰਨਾ ਪਿਆ?
— ਦੇਖੋ ਅਵਤਾਰ ਜੀ, ਮੈਂ ਸਮਝਦਾ ਹਾਂ ਕਿ ਸੰਘਰਸ਼ ਤਾਂ ਜ਼ਿੰਦਗੀ ਦਾ ਹਿੱਸਾ ਹੈ। ਬਤੌਰ ਮਿੱਲ ਵਰਕਰ ਮੈਨੂੰ ਅਠਾਰਾਂ ਅਠਾਰਾਂ ਘੰਟੇ ਫੱਟੇ ਖਿੱਚਣ ਦੀ ਮਸ਼ੱਕਤ ਪੂਰੇ ਤੇਰਾਂ ਸਾਲ ਕਰਨੀ ਪਈ।
? ਮਿੱਲ ਤੋਂ ਛੁਟਕਾਰਾ ਕਿਵੇਂ ਹੋਇਆ?
— ਉੱਥੇ ਕੰਮ ਕਰਦਿਆਂ ਹੀ ਮੈਂ ਯੂਨੀਵਰਸਿਟੀ ਬੀ.ਸੀ. ਤੋਂ ਪ੍ਰਾਈਵੇਟ ਤੌਰ `ਤੇ ਰੀਅਲ-ਐਸਟੇਟ ਦਾ ਕੋਰਸ ਕਰ ਲਿਆ ਅਤੇ ਗੁਰਚਰਨ ਰਾਮਪੁਰੀ ਨਾਲ ਸਲਾਹ ਕਰ ਕੇ ਆਪਣਾ ਬਿਜਨਸ ਸ਼ੁਰੂ ਕੀਤਾ, ਹਾਲਾਂਕਿ ਉਹਨਾਂ ਮੈਨੂੰ ਸੁਚੇਤ ਕੀਤਾ ਸੀ ਕਿ ਜ਼ਮੀਨਾਂ ਦੀ ਖਰੀਦ ਵੇਚ ਦਾ ਧੰਦਾ ਏਨਾ ਸੁਖਾਲਾ ਨਹੀਂ।
? ਜ਼ਿੰਦਗੀ ਦੀ ਕੋਈ ਦਿਲਚਸਪ ਘਟਨਾ?
— ਸਭ ਤੋਂ ਦਿਲਚਸਪ ਘਟਨਾ ਇਹ ਹੈ ਕਿ ਅਸੀਂ ਕਵਿਤਾ ਉਚਾਰਣ ਮੁਕਾਬਲੇ ਵਿਚ ਗੁਰੂ ਨਾਨਕ ਯੂਨੀਵਰਸਿਟੀ ਗਏ ਸੀ, ਜਿੱਥੇ ਦੋ ਅਮਗ੍ਰੇਜ਼ ਟੀਚਰ ਔਰਤਾਂ ਸਾਨੂੰ ਮਿਲੀਆਂ, ਜਿਨ੍ਹਾਂ ਨੇ ਸਾਡਾ ਪਿੰਡ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਅਤੇ ਅਸੀਂ ਹਾਮੀ ਭਰ ਦਿੱਤੀ।ਉਹ ਦੋ ਦਿਨ ਸਾਡੇ ਪਿੰਡ ਰਹੀਆਂ। ਮੇਰੀਆਂ ਭੈਣਾਂ ਨੇ ਉਹਨਾਂ ਦਾ ਸਾਥ ਨਿਭਾਇਆ। ਪਿੰਡ ਦੇ ਲੋਕਾਂ ਵੱਲੋਂ ਮਿਲੇ ਮਾਣ ਸਤਿਕਾਰ ਬਾਰੇ ਉਹਨਾਂ ਇੰਗਲੈਂਡ ਜਾ ਕੇ ਸਰਾਹਨਾ ਪੱਤਰ ਲਿਖਿਆ। ਬਾਅਦ ਵਿਚ ਉਹਨਾਂ ਮੇਰੇ ਵਿਆਹ ਸਮੇਂ ਸਾਡੀ ਜੋੜੀ ਲਈ ਸੂਟ ਤੇ ਸਾੜ੍ਹੀ ਅਤੇ ਪੰਜ ਸੌ ਰੁਪਏ ਭੇਜੇ।
? ਬਾਅਦ ਵਿਚ ਵੀ ਉਹਨਾਂ ਨਾਲ ਸੰਪਰਕ ਬਣਿਆ ਰਿਹਾ?
— ਮੇਰੇ ਕੈਨੇਡਾ ਆਉਣ ਮਗਰੋਂ, ਪੁੱਤਰ ਨਵਜੋਤ ਦੇ ਜਨਮ ਦਿਨ ਮਨਾਉਣ ਮੌਕੇ, ਉਹਨਾਂ ਦੋਹਾਂ ਵਿਚੋਂ ਵੱਡੀ ਟੀਚਰ ਉਸ ਨੂੰ ਦੇਖਣ ਆਈ। ਹਾਲਾਂਕਿ ਉਦੋਂ ਮੈਂ ਬੇਸਮਿੰਟ ਵਿਚ ਰਹਿੰਦਾ ਸੀ, ਮਾਇਕ ਹਾਲਤ ਏਨੀ ਚੰਗੀ ਨਹੀਂ ਸੀ ਫਿਰ ਵੀ ਅਸੀਂ ਵਿੱਤ ਅਨੁਸਾਰ ਉਸ ਦੀ ਆਉ-ਭਗਤ ਕੀਤੀ। ਅਚਾਨਕ 1994 ਵਿਚ ਮੈਨੂੰ ਇਕ ਵਕੀਲ ਵੱਲੋਂ ਫੋਨ ਆਇਆ ਕਿ “ਸ਼ੀਲਾ ਕੌਗਲ ਨੇ ਆਪਣੇ ਮਰਨ ਕੰਢੇ ਤੇਰੇ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹੋ ਨਹੀਂ ਸੀ ਸਕਿਆ। ਉਹ ਤੇਰੇ ਲਈ ਆਪਣੀ ਵਸੀਅਤ ਵਿਚ ਬਤੌਰ ਪੁੱਤਰ ਕੁਝ ਰਕਮ ਛੱਡ ਗਈ ਹੈ ਜੋ ਕਿ 1500 ਪਾਊਂਡ ਅਰਥਾਤ 3000 ਹਜ਼ਾਰ ਡਾਲਰ ਹੈ।” ਜਦੋਂ ਮੈਂ ਉਸ ਦੀ ਸਾਥਣ ਅਧਿਆਪਕ ਨੂੰ ਚਿੱਠੀ ਰਾਹੀਂ ਦੱਸਿਆ ਕਿ ਕੌਗਲ ਵੱਲੋਂ ਛੱਡੀ ਤੇ ਭੇਜੀ ਰਕਮ ਮੇਰੇ ਪਿੰਡ ਦੀ ਅਮਾਨਤ ਹੈ ਕਿਉਂਕਿ ਇਹ ਮਾਣ ਮੈਨੂੰ ਮੇਰੇ ਪਿੰਡ ਵੱਲੋਂ ਵਿਖਾਈ ਖੁਲ੍ਹ ਦਿਲੀ ਕਰਕੇ ਮਿਲਿਆ ਸੀ ਤਾਂ ਉਸ ਨੇ ਲਿਖਿਆ, , “You deserve really to be her son.” ਉਹ ਰਕਮ ਮੈਂ ਅਜੇ ਵੀ ਕਿਸੇ ਲੋੜਵੰਦ ਦੀ ਸਹਾਇਤਾ ਲਈ ਸੰਭਾਲੀ ਹੋਈ ਹੈ। ਬਿਲਿੰਗ ਜੀ, ਉਸ ਦੇਵੀ ਔਰਤ ਦੇ ਵਰਤਾਉ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ ਕਿ ਮਨੁੱਖੀ ਰਿਸ਼ਤੇ ਕਿਵੇਂ ਰੰਗ, ਨਸਲ, ਉਮਰ, ਜ਼ਾਤ ਦੇ ਭੇਦ ਤੋਂ ਉੱਪਰ ਉਠ ਜਾਂਦੇ ਨੇ!
? ਤੁਸੀਂ ਅੱਜ ਸਰੀ ਬੀ.ਸੀ. ਦੇ ਸਿਰਕੱਢ ਬਿਜ਼ਨਸਮੈਨ ਹੋ, ਰੀਅਲਟਰ ਹੋ, ਮੋਟਲ ਮਾਲਕ ਹੋ। ਆਪਣੀ ਸਫਲਤਾ ਦਾ ਕੀ ਰਾਜ਼ ਮੰਨਦੇ ਹੋ?
— ਬਿਲਿੰਗ ਜੀ, ਮੈਂ ਬਚਪਨ ਤੋਂ ਦਿਨ ਰਾਤ ਆਪਣੇ ਪਿਤਾ ਨਾਲ ਖੇਤੀ ਬਾੜੀ ਕਰਵਾਉਂਦਾ ਰਿਹਾ ਹਾਂ। ਮੇਰੇ ਤਾਇਆ ਜੀ ਦੀ ਆਖੀ ਇਹ ਗੱਲ ਕਦੇ ਵੀ ਨਹੀਂ ਭੁੱਲੀ, “ਜਦੋਂ ਸੂਰਜ ਚੜ੍ਹਦਾ ਹੈ ਤਾਂ ਸਾਰੇ ਲੋਕੀਂ ਕੰਮ ਕਰਦੇ ਨੇ। ਜੇ ਸਫਲ ਹੋਣਾ ਹੈ ਤਾਂ ਤੁਸੀ ਉਸ ਵੇਲੇ ਵੀ ਕੰਮ ਕਰੋ ਜਦੋਂ ਦੁਨੀਆ ਸੁੱਤੀ ਪਈ ਹੋਵੇ।” ਸੋ ਮੈਂ ਉਹ ਗੱਲ ਪੱਲੇ ਬੰਨ੍ਹੀ ਹੋਈ ਹੈ। ਮਿੱਲ ਵਿਚ ਮੈਂ ਮਜ਼ਦੂਰੀ ਕਰਦਾ ਸੀ, ਮਾਲਕ ਲਈ। ਪਰ ਹੁਣ ਮੈਂ ਤੇ ਮੇਰੀ ਸ੍ਰੀਮਤੀ ਆਪਣੇ ਲਈ ਮਜ਼ਦੂਰੀ ਕਰਦੇ ਹਾਂ।ਮਿਹਨਤ ਕਰਨਾ ਹੀ ਅਸਲੀ ਭੇਦ ਹੈ।
? ਕਿੰਨੇ ਕੁ ਰਿਸ਼ਤੇਦਾਰਾਂ ਨੂੰ ਬਾਹਰ ਖਿੱਚਿਆ ਹੈ?
— ਮੇਰੀਆਂ ਤਿੰਨੇ ਵੱਡੀਆਂ ਭੈਣਾਂ, ਚਾਚੇ ਦਾ ਪੁੱਤਰ, ਤਾਏ ਦਾ ਪੋਤਾ, ਭੂਆ ਦਾ ਲੜਕਾ ਤੇ ਕਈ ਹੋਰ ਮਿੱਤਰ-ਸਬੰਧੀ ਏਧਰ ਆਪਣੇ ਕੋਲ ਹੀ ਹਨ।
? ਕਦੇ ਕਿਸੇ ਰਿਸ਼ਤੇ ਵਿਚ ਬੇਸੁਆਦੀ ਤਾਂ ਨਹੀਂ ਹੋਈ?
— ਅਵਤਾਰ ਜੀ, ਰਿਸ਼ਤੇ ਨਾਤੇ ਤਾਂ ਵਗਦੇ ਦਰਿਆ ਦੀ ਨਿਆਈਂ ਹੁੰਦੇ ਨੇ। ਇਹ ਕਦੇ ਵੀ ਇਕ ਸਾਰ ਨਹੀਂ ਵਹਿੰਦੇ।ਫੇਰ ਵੀ ਮੇਰੀਆਂ ਤਿੰਨੇ ਭੈਣਾਂ, ਨਿੱਕੇ ਵੀਰ ਵਜੋਂ ਮੇਰਾ ਸਤਿਕਾਰ ਕਰਦੀਆਂ ਹਨ।ਮੈਂ ਖੁਸ਼ਕਿਸਮਤ ਹਾਂ।
? ਪਰਿਵਾਰ ਵਿਚ ਤੁਹਾਡੀ ਪਤਨੀ ਪਰਵਿੰਦਰ ਕੌਰ ਤੋਂ ਇਲਾਵਾ ਹੋਰ ਕੌਣ ਕੌਣ ਹਨ?
— ਦੋ ਬੇਟੇ ਹਨ, ਨਵਜੋਤ ਬਾਸੀ ਤੇ ਨਵਤੇਜ ਬਾਸੀ। ਨੂੰਹ ਸੁਖਜੀਤ ਅਤੇ ਪੋਤਾ ਡੈਵਨ। ਮਾਤਾ ਪਿਤਾ ਵੀ 95 ਸਾਲ ਤੋਂ ਉਪਰ ਨੇ, ਜੋ ਇਥੇ ਸਾਡੇ ਪਰਿਵਾਰ ਨਾਲ ਹੀ ਰਹਿੰਦੇ ਨੇ।
? ਡੈਵਨ ਪੰਜਾਬੀ ਨਾਂ ਹੈ?
— ਮੇਰੇ ਲਈ ਤਾਂ ਇਹ ਨਾਂ ਹੀ ਹੈ, ਬਿਲਿੰਗ ਜੀ। ਇਹ ਬੱਚੇ ਜਾਣਦੇ ਨੇ ਕਿ ਇਹਦਾ ਕੀ ਅਰਥ ਹੈ।
? ਵਿਹਲਾ ਸਮਾਂ ਕਿਵੇਂ ਗੁਜ਼ਾਰਦੇ ਹੋ?
— ਮੈਂ ਆਪਣੇ ਆਪ ਨੂੰ ਕਦੇ ਵੀ ਵਿਹਲਾ ਮਹਿਸੂਸ ਨਹੀਂ ਕੀਤਾ। ਜੇ ਸਰੀਰਕ ਕੰਮ ਤੋਂ ਛੁੱਟੀ ਮਿਲੇ ਤਾਂ ਸਿਰਜਣਾਤਮਕ ਕੰਮ ਵਿਚ ਲੱਗ ਜਾਂਦਾ ਹਾਂ। ਜਦੋਂ ਕੋਈ ਕਵਿਤਾ ਮੋਢੇ `ਤੇ ਹੱਥ ਰੱਖ ਆਪ ਬਲਾਉਂਦੀ ਹੈ ਤਾਂ ਮੈਂ ਕਵਿਤਾ ਨਾਲ ਗੁਫਤਗੂ ਕਰਦਾ ਆਪ ਵੀ ਕਵਿਤਾ ਹੋ ਜਾਂਦਾ ਹਾਂ।
? ਕਵਿਤਾ ਲਿਖਣ ਦਾ ਸ਼ੌਕ ਕਿਵੇਂ ਪਿਆ?
— ਕਵਿਤਾ ਬੜੀ ਸੂਖਮ ਕਲਾ ਹੈ। ਮਨ ਦੀ ਭਾਵਨਾ ਸ਼ਬਦਾਂ ਰਾਹੀਂ ਸਿਰਜ ਕੇ ਕਾਗਜ਼ ਉਪਰ ਉਤਾਰਦੇ ਹਾਂ। ਮੈਂ ਜੀਵਨ ਨੂੰ ਬੜਾ ਨੇੜਿਉਂ ਤੱਕਿਆ ਹੈ। ਸਵੇਰੇ ਕੁੱਕੜ ਬੋਲੇ ਤੋਂ ਲੋਕੀਂ ਉਠਦੇ ਦੇਖੇ ਨੇ। ਤਾਰਾ ਚੜ੍ਹੇ ਤੋਂ ਹਲ਼ ਵਾਹੁੰਦੇ ਦੇਖੇ ਨੇ। ਪਹਿਰ ਦੇ ਤੜਕੇ ਚਲਦੇ ਹਲਟਾਂ ਦੀ ਟਿਕ ਟਿਕ ਸੁਣੀੇ ਐ। ਮੇਰੇ ਪਿੰਡਾਂ ਵਿਚ ਬਹੁਤ ਮਗਰੋਂ ਵੀ ਚੜਸ ਚਲਦੇ ਰਹੇ ਨੇ। ਮੈਂ ਚੜਸ ਫੜਦੇ ਲੋਕਾਂ ਨੂੰ ਦੋੜ੍ਹੇ ਲਾਉਂਦੇ ਸੁਣਿਆ ਤੇ ਦੇਖਿਆ ਹੈ। ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੇਰੀਆਂ ਭੈਣਾਂ ਮੈਨੂੰ ਗਿੱਧੇ ਵਿਚ ਲੈ ਜਾਂਦੀਆਂ। ਮੈਨੂੰ ਬੋਲੀਆਂ, ਗੀਤ ਬਹੁਤ ਟੁੰਬਦੇ। ਸਾਡੇ ਘਰ ਵੀ ਤ੍ਰਿੰਜਣ ਪੈਂਦਾ। ਪੰਛੀਆਂ ਨੂੰ ਖੇਤਾਂ ਵਿਚ ਚਹਿਕਦੇ ਦੇਖਿਆ ਹੈ। ਪੱਕੀਆਂ ਕਣਕਾਂ ਦੀਆਂ ਬੱਲੀਆਂ ਨੂੰ ਹਵਾਵਾਂ ਸੰਗ ਛੇੜਖਾਨੀ ਕਰਦਿਆਂ ਤੱਕਿਆ ਹੈ। ਲੋਕਾਂ ਦੀ ਨੇੜਤਾ ਵਿਚੋਂ ਮੇਰੀ ਕਵਿਤਾ ਉਪਜੀ ਹੈ। ਪਿੰਡ ਦੇ ਸਮੁੱਚੇ ਵਰਤਾਰੇ ਨੇ ਮੈਨੂੰ ਕਵਿਤਾ ਲਿਖਣ ਲਈ ਪ੍ਰੇਰਿਆ ਹੈ।
? ਕਵਿਤਾ ਤੁਹਾਨੂੰ ਕਿਵੇਂ ਆਉਂਦੀ, ਕਿਵੇਂ ਅਹੁੜਦੀ ਹੈ?
— ਕਵਿਤਾ ਮੈਨੂੰ ਆਕਾਸ਼ ਵਿਚੋਂ ਨਹੀਂ ਉਤਰਦੀ। ਇਹ ਮਨ ਦੀ ਖਾਸ ਸਥਿਤੀ ਵਿਚੋਂ ਪੈਦਾ ਹੁੰਦੀ ਹੈ। ਜਿਵੇਂ; `ਮੈਂ ਤੇ ਕਵਿਤਾ` ਕਾਵਿ ਸੰਗ੍ਰਹਿ ਵਿਚ ਮੇਰੀ ਇਕ ਛੋਟੀ ਜਿਹੀ ਕਵਿਤਾ ਰਿਸ਼ਤਿਆਂ ਬਾਰੇ ਹੈ। ਮੈਂ ਵੈਨਕੂਵਰ ਟਾਪੂ ਵਿਚਲੇ ਬਹੁਤ ਵੱਡੇ ਹੈਰੀਟੇਜ ਪਾਰਕ ਵਿਚੋਂ ਗੁਜ਼ਰ ਰਿਹਾ ਸੀ। ਮਕੈਮਿੱਲਨ ਪਾਰਕ, ਜਿੱਥੇ ਦੁਨੀਆ ਦੇ ਸਭ ਤੋਂ ਉੱਚੇ ਦਰਖਤ ਹਨ। ਮੈਨੂੰ ਜਿਵੇਂ ਜਾਪਿਆ, ਉਵੇਂ ਮੈਂ ਉਹਨਾਂ ਨੂੰ ਕਵਿਤਾ ਦੇ ਰੂਪ ਵਿਚ ਲੈ ਆਂਦਾ।
“ਬਿਰਖ ਤਾਂ / ਬਿਰਖ ਹੀ ਹੁੰਦੇ ਨੇ
ਭਾਵੇਂ ਮੇਰੇ ਪਿੰਡ ਨੂੰ ਜਾਂਦੀ / ਸੜਕ ਕਿਨਾਰੇ ਹੋਣ
ਜਾਂ / ਵੈਨਕੂਵਰ ਟਾਪੂ ਦੇ ਘਣੇ ਜੰਗਲਾਂ ਵਿਚ
ਅਸਮਾਨ ਨੂੰ ਛੂੰਹਦੀਆਂ / ਟੀਸੀਆਂ ਵਾਲੇ
ਫਰਕ ਤਾਂ ਸਿਰਫ / ਜ਼ਰਾ ਕੁ ਜਿੰਨਾ ਹੈ
ਵੱਖਰੇ ਮੌਸਮਾਂ ਨੇ / ਕਈ ਵੱਖਰੇਵੇਂ
ਇਨ੍ਹਾਂ ਦੇ ਪੱਤਿਆਂ ਉੱਤੇ / ਉੱਕਰਾ ਦਿੱਤੇ ਨੇ
? ਹੁਣ ਤੱਕ ਤੁਸੀਂ ਕੈਨੇਡੀਅਨ ਪੰਜਾਬੀ ਜੀਵਨ ਬਾਰੇ ਦੋ ਪੁਸਤਕਾਂ ਬੋਲੀਆਂ ਦੀਆਂ ਛਪਵਾ ਚੁੱਕੇ ਹੋ। ਬੋਲੀ ਕਾਵਿ ਲਿਖਣ ਦਾ ਸ਼ੌਕ ਕਿੱਥੋਂ ਪਿਆ?
— ਹਾਂ ਜੀ, `ਵਿਚ ਪਰਦੇਸ਼ਾ ਦੇ` ਅਤੇ `ਕੂੰਜਾਂ ਦੇ ਸਿਰਨਾਵੇਂ` ਮੇਰੇ ਬੋਲੀਆਂ ਦੇ ਸੰਗ੍ਰਹਿ ਹਨ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਐ ਕਿ ਮੈਂ ਪਿੰਡ ਵਿਚ ਬੜਾ ਭਲਾਮਾਣਸ ਮੁੰਡਾ ਕਰਕੇ ਜਾਣਿਆ ਜਾਂਦਾ ਸਾਂ। ਭੈਣਾਂ ਦੇ ਕੁੱਛੜ ਚੜ੍ਹ ਕੇ ਗਿੱਧੇ ਦੀਆਂ ਬੋਲੀਆਂ ਸੁਣੀਆਂ, ਉਹ ਅਜੇ ਵੀ ਮੇਰੇ ਮਨ `ਤੇ ਚਿਤ੍ਰੀਆਂ ਹੋਈਆਂ ਨੇ। `ਇਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ` ਜਾਂ `ਸਰਵਣ ਵੀਰ ਕੁੜੀਓ, ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ।` ਇਸੇ ਤਰ੍ਹਾਂ ਮੇਰੀ ਮਾਤਾ ਚਰਖਾ ਡਾਹੁੰਦੀ, ਸਾਡੇ ਘਰ ਔਰਤਾਂ ਲੜੀਵਾਰ ਗੀਤ ਗਾਉਂਦੀਆਂ। ਮੇਰੀ ਮਾਤਾ ਜੀ ਨੇ ਆਪਣੀ ਤਾਈ ਤੋਂ ਸੁਣੀ `ਗੱਡੀ`;
ਗੱਡੀ ਭਰ ਕੇ ਅੰਬਰਸਰੋਂ ਤੋਰੀ
ਤੋਰ ਦਿੱਤੀ ਪੰਜਾ ਸਾਅਬ ਨੂੰ
ਦੂਰੋਂ ਮਾਰੀਆਂ ਗੱਡੀ ਨੇ ਚੀਕਾਂ
ਸਿੰਘ ਸੀ ਜੈਕਾਰੇ ਛੱਡਦੇ…
ਇਹ ਗੀਤ ਮੈਂ ਗੁਰਦਵਾਰੇ ਸੁਣਾਇਆ। ਮੈਨੂੰ ਦੋ ਰੁਪਏ ਇਨਾਮ ਮਿਲਿਆ। ਫੇਰ ਮੇਰੇ ਬਾਬਾ ਜੀ, ਹਜ਼ਾਰਾ ਸਿੰਘ ਨੂੰ ਲੋਕ-ਕਾਵਿ ਬਹੁਤ ਯਾਦ ਸੀ। ਪਿੰਡ ਵਾਲੇ ਉਹਨਾਂ ਨੂੰ ਇਸੇ ਲਈ ਕਣਕ ਵੱਢਣ ਸਮੇਂ ਆਪਣੇ ਨਾਲ ਲੈ ਜਾਂਦੇ ਕਿ ਉਹ ਦੋਹੜੇ ਸੁਣਾ ਕੇ ਸਭ ਦਾ ਦਿਲ ਪਰਚਾਈ ਜਾਊ। ਉਹ ਰਮਾਇਣ ਤੇ ਮਹਾਂਭਾਰਤ ਵੀ ਦੋਹਿਆਂ ਵਿਚ ਸਣਾਉਂਦੇ। ਪੂਰਨ ਭਗਤ, ਸੱਸੀ ਜਾਂ ਹੀਰ ਵੀ ਗਾਉਂਦੇ। ਪਿੰਡ ਮੇਅਟਾਂ ਵਿਚ ਵੀ ਬਾਬਾ ਜੀ ਨੇ ਗੀਤਾਂ ਦੇ ਮੁਕਾਬਲੇ ਕੀਤੇ ਸਨ। ਮੇਰੇ ਬਾਪੂ ਜੀ ਵੀ ਸ਼ੌਕ ਵਜੋਂ ਖੇਤਾਂ ਵਿਚ ਗਾਉਂਦੇ ਰਹੇ ਹਨ। ਉਹ ਹੁਣ ਵੀ ਗਾ ਲੈਂਦੇ ਹਨ।
? ਤੁਹਾਡੀਆਂ ਦੋ ਪੁਸਤਕਾਂ ਬੋਲੀਆਂ ਦੀਆਂ ਛਪੀਆਂ ਨੇ, ਕਿੰਨੀਆਂ ਕੁ ਬੋਲੀਆਂ ਇਹਨਾਂ ਵਿਚ ਦਰਜ਼ ਹਨ?
— ਤਕਰੀਬਨ 250 ਬੋਲੀਆਂ ਹਨ। ਤੀਜੀ ਪੁਸਤਕ ਜੋ ਮੈਂ ਮਰਹੂਮ ਡਾ. ਦਰਸ਼ਨ ਗਿੱਲ ਦੀ ਹੱਲਾਸ਼ੇਰੀ ਸਦਕਾ ਲਿਖੀ ਸੀ, ਛਪਣ ਲਈ ਤਿਆਰ ਹੈ। ਕੁੱਲ 500 ਬੋਲੀਆਂ ਤਾਂ ਮੈਂ ਲਿਖ ਚੁੱਕਿਆ ਹਾਂ।
? ਤੁਹਾਡਾ ਬੋਲੀਆਂ ਲਿਖਣ ਦਾ ਮੁਖ ਮਕਸਦ ਕੀ ਹੈ?
— ਜੋ ਤੁਸੀਂ ਬੋਲੀ ਰਾਹੀਂ ਸੁਣਾਉਂਦੇ ਹੋ, ਸਿੱਧਾ ਸਰੋਤੇ ਦੇ ਜ਼ਿਹਨ ਵਿਚ ਜਾਂਦਾ ਹੈ, ਹਾਵ-ਭਾਵ ਪ੍ਰਗਟਾਉਣ ਦਾ ਸਰਲ ਤਰੀਕਾ ਹੈ ਤੇ ਖੁਲ੍ਹੀ ਕਵਿਤਾ ਨਾਲੋਂ ਜ਼ਿਆਦਾ ਭਾਵਪੂਰਤ ਹੈ। ਮੈਂ ਸਮੁੱਚੇ ਕੈਨੇਡੀਅਨ ਸਭਿਆਚਾਰ ਨੂੰ ਬੋਲੀਆਂ ਰਾਹੀਂ ਪ੍ਰਗਟ ਕੀਤਾ ਹੈ। ਜੀਵਨ ਦੀਆਂ ਦੁੱਖ ਤਕਲੀਫਾਂ , ਐਸ਼ੋ-ਆਰਾਮ, ਰਿਸ਼ਤਿਆਂ ਦੀ ਟੁੱਟ ਭੱਜ ਤੇ ਸਾਰਾ ਕੁਝ।
? ਪਾਠਕਾਂ, ਸਰੋਤਿਆਂ ਵੱਲੋਂ ਕਿੰਨਾ ਕੁ ਹੁੰਗਾਰਾ ਮਿਲਿਆ ਹੈ?
— ਦੇਖੋ ਜੀ, ਤੁਸੀਂ ਹੈਰਾਨ ਹੋਵੋਗੇ ਕਿ ਮੈਂ ਇੰਡੀਆ ਗਿਆ ਤਾਂ ਉੱਥੇ ਚੰਡੀਗੜ੍ਹ ਯੂਨੀਵਰਸਿਟੀ `ਚ ਮੇਰੇ ਕਾਲਜ ਜਾਂ ਕਿਤੇ ਵੀ ਜਿੱਥੇ ਫੰਕਸ਼ਨ ਹੁੰਦਾ ਰਿਹਾ, ਹਰ ਥਾਂ ਮੇਰੀਆਂ ਬੌਧਿਕ ਕਵਿਤਾਵਾਂ ਦੀ ਥਾਂ ਉਹ ਬੋਲੀਆਂ ਸੁਣਾਉਣ ਦੀ ਫਰਮਾਇਸ਼ ਕਰਦੇ ਰਹੇ। ਮੈਨੂੰ ਲਗਦੈ ਕਿ ਅਜੇ ਵੀ ਲੋਕਾਂ ਦੇ ਮਨਾਂ ਵਿਚ ਬੋਲੀਆਂ ਵੱਸੀਆਂ ਹੋਈਆਂ ਨੇ।
? ਸਭ ਤੋਂ ਮਨਪਸੰਦ ਬੋਲੀ ਜੋ ਤੁਸੀਂ ਆਪਮੁਹਾਰੇ ਗੁਣਗਣਾਉਂਦੇ ਰਹਿੰਦੇ ਹੋ, ਗਾ ਕੇ ਸੁਣਾ ਦਿਓ।
— ਉਦਰੇਵੇਂ ਵਿਚੋਂ ਨਿਕਲੀ ਬੋਲੀ ਸੁਣਾਉਂਦਾ ਹਾਂ;
ਜਦ ਵੀ ਵਿਹਲ ਮਿਲੇ ਫਰਜ਼ਾਂ ਤੋਂ, ਯਾਦ ਵਤਨ ਦੀ ਆਵੇ
ਦਿਨ ਕਾਲਜ ਦੇ ਖੂਹ ਦਾ ਗੇੜਾ, ਲੋਰ ਜਿਹੀ ਚੜ੍ਹ ਜਾਵੇ
ਤਨ ਦੇਹੀ ਨੂੰ ਮਨ ਦੀ ਕਵਿਤਾ, ਗਲ਼ੀਆਂ ਵਿਚ ਘੁਮਾਵੇ
ਮਿਸ਼ਰੀ ਵਰਗੇ ਬੋਲ ਗੁਆਚੇ, ਨਾ ਕੋਈ ਦਿਲੋਂ ਬੁਲਾਵੇ
ਲੰਘ ਗਏ ਵਹਿਣਾਂ ਨੂੰ, ਕਿਹੜਾ ਮੋੜ ਲਿਆਵੇ
? ਹੁਣ ਤੁਸੀਂ, ਪਰਵਾਸੀ ਵਾਪਸ ਜਾਣਾ ਨਹੀਂ ਚਾਹੁੰਦੇ, ਨਾ ਹੀ ਜਾ ਸਕਦੇ ਹੋ। ਏਸ ਕੈਨੇਡੀਅਨ-ਪੰਜਾਬੀ ਜੀਵਨ ਨਾਲ ਸਬੰਧਤ ਕੋਈ ਬੋਲੀ ਸੁਣਾਓ।
— ਹੁਣ ਮੈਂ ਇਥੇ ਆ ਕੇ ਖੜ੍ਹ ਗਿਆ ਹਾਂ ਕਿ ਕੈਨੇਡਾ ਮੈਨੂੰ ਆਪਣੇ ਦੇਸ ਭਾਰਤ ਵਰਗਾ ਲਗਦਾ ਹੈ। ਇਥੋਂ ਦੇ ਦਰਖਤ ਮੇਰੇ ਖੂਹ ਉਪਰਲੇ ਤੂਤ-ਟਾਹਲੀਆਂ ਵਰਗੇ ਲਗਦੇ ਨੇ। ਇਥੇ ਵਗਦੀਆਂ ਨਦੀਆਂ ਮੈਨੂੰ ਮੇਰੇ ਪਿੰਡ ਕੋਲੋਂ ਵਗਦੀ ਵੇਈਂ ਨਦੀ ਵਰਗੀਆਂ ਲਗਦੀਆਂ। ਅਜਿਹਾ ਮਹਿਸੂਸ ਕਰਨ ਨੂੰ ਬਹੁਤ ਸਮਾਂ ਲੱਗਿਆ। ਉਹਦੇ ਨਾਲ ਸਬੰਧਤ ਇਕ ਬੋਲੀ ਸੁਣਾਉਂਦਾ ਹਾਂ;
ਹੁਣ ਨਹੀਂ ਜਾਣਾ ਮੁੜ ਵਾਪਸ ਮੈਂ, ਯਾਦ ਗੰਗਾ ਫੁੱਲ ਪਾ ਦੇਈਂ।
ਇਹ ਵੀ ਭਰਮ ਭੁਲੇਖਾ ਜੱਗ ਦਾ, ਹੱਥੀਂ ਰਸਮ ਕਰਾ ਦੇਈਂ।
ਜੇ ਕੁਝ ਮੇਰੇ ਖਤ ਸਾਂਭੇ ਤੂੰ, ਅੱਜ ਤੋਂ ਬਾਅਦ ਜਲਾ ਦੇਈਂ।
ਮੇਰੇ ਆਉਣ ਦੀਆਂ, ਮਨ ਤੋਂ ਤਿਥਾਂ ਮਿਟਾ ਦੇਈਂ …।
? ਤੁਹਾਡੇ ਖਿਆਲ ਵਿਚ ਹੋਰ ਕਿਹੜੇ ਲੇਖਕਾਂ ਨੇ ਬੋਲੀਆਂ ਲਿਖੀਆ ਹਨ?
— ਕੈਨੇਡੀਅਨ ਜੀਵਨ ਬਾਰੇ ਇੰਜਨੀਅਰ ਮੁਹਿੰਦਰ ਸਿੰਘ ਸੂਮਲ ਨੇ ਸਭ ਤੋਂ ਪਹਿਲਾਂ ਬੋਲੀਆਂ ਲਿਖੀਆਂ ਤੇ ਮੇਲਿਆਂ ਮਸਾਹਬਿਆਂ `ਤੇ ਗਾਈਆਂ ਵੀ। ਇਸ ਤੋਂ ਬਿਨਾਂ ਅੰਗ੍ਰੇਜ਼ ਸਿੰਘ ਬਰਾੜ, ਦਰਸ਼ਨ ਸਿੰਘ ਸੰਘਾ, ਹਰਚੰਦ ਸਿੰਘ ਬਾਗੜੀ ਅਤੇ ਹੋਰ ਕਈਆਂ ਨੇ ਵੀ ਬੋਲੀਆਂ ਲਿਖੀਆਂ ਨੇ।
? ਤੁਹਾਡੇ ਕਾਵਿ ਸੰਗ੍ਰਹਿ `ਬਰਫ ਦਾ ਮਾਰੂਥਲ` ਵਿਚ ਤੁਸੀਂ ਪਰਵਾਸ ਨੂੰ ਬਰਫ ਦਾ ਮਾਰੂਥਲ ਕਿਉਂ ਆਖਿਆ ਹੈ?
— ਅਸਲ ਵਿਚ ਇਹ ਮੇਰੇ ਮਨ ਦੀ ਦਾਸਤਾਨ ਹੈ। ਜਦੋਂ ਮੈਂ ਏਥੇ ਆਇਆ ਸਾਂ। ਕੈਨੇਡਾ ਮੈਨੂੰ ਨਿਰੀ ਬਰਫ ਹੀ ਲੱਗਾ ਸੀ। ਮੇਰੇ ਪਿੰਡ ਵਰਗਾ, ਮੇਰੇ ਦੇਸ ਵਰਗਾ, ਮੇਰੀ ਧਰਤੀ ਵਰਗਾ ਜੋ ਨਿੱਘ ਸੀ, ਉਹ ਮੈਨੂੰ ਨਹੀਂ ਸੀ ਮਿਲਿਆ। ਉਦੋਂ ਜਿਹੜੇ ਲੋਕ ਇੱਥੇ ਰਹਿੰਦੇ ਸੀ, ਉਹਨਾਂ ਦੀਆਂ ਭਾਵਨਾਵਾਂ ਮੈਨੂੰ ਯੱਖ਼ ਹੋਈਆਂ ਜਾਪੀਆਂ ਤੇ ਆਲ਼ਾ ਦੁਆਲ਼ਾ ਠੰਢਾ-ਯੱਖ਼ ਲੱਗਿਆ। ਮੈਂ ਆਪਣੇ ਆਪ ਨੂੰ ਕਿਹਾ ਕਿ ਬਈ ਤੂੰ ਤਾਂ ਇਕ ਭਾਂਬੜ ਸੀ ਤੇ ਤੂੰ ਕਿਹੜੀਆਂ ਬਰਫਾਂ `ਚ ਆ ਗਿਆ? ਉਸ ਵਿਚੋਂ ਇਸ ਕਿਤਾਬ ਦਾ ਜਨਮ ਹੋਇਆ। ਉਦਰੇਵੇਂ `ਚੋਂ ਉਪਜੀ ਹੋਈ ਕਵਿਤਾ `ਬਰਫ ਦਾ ਮਾਰੂਥਲ`।
? ਦੂਜਾ ਕਾਵਿ ਸੰਗ੍ਰਹਿ ਹੈ `ਮੈਂ ਤੇ ਕਵਿਤਾ` ਜਿਸ ਵਿਚ ਤੁਹਾਡੀ ਬਰਫ ਵਾਲਾ ਦ੍ਰਿਸ਼, ਤੁਹਾਡੀ ਸੁਫਨਿਆਂ ਨੂੰ ਬੀਜਣ ਵਾਲੀ ਭੂਮੀ ਕਿਵੇਂ ਬਣ ਗਿਆ? ਇਹ ਦ੍ਰਿਸ਼ ਅਚਾਨਕ ਕਿਵੇਂ ਬਦਲ ਗਿਆ?
— ਇਸ ਦ੍ਰਿਸ਼ ਨੂੰ ਬਦਲਣ ਵਿਚ ਬਹੁਤ ਸਮਾਂ ਲੱਗਿਆ, ਬਿਲਿੰਗ ਜੀ। ਮਨੁੱਖੀ ਮਨ ਇਕ ਸਾਰ ਚੱਲਣ ਵਾਲਾ ਦਰਿਆ ਨਹੀਂ ਹੈਗਾ। ਇਹ ਤਾਂ ਇਕ ਸਮੁੰਦਰ ਵਾਂਗ ਲਹਿਰਾਂ ਦਾ ਉਠਣਾ ਬੈਹਿਣਾ ਹੈਗਾ। ਹੁਣ ਮੈਂ ਇਸ ਦੇਸ ਨੂੰ ਆਪਣਾ ਸਮਝਣ ਲੱਗ ਪਿਆਂ ਕਿਉਂਕਿ ਰਾਜਨੀਤਿਕ ਤੌਰ `ਤੇ ਵੀ ਮੈਨੂੰ ਇਸ ਦੇਸ ਨੇ ਪਰਵਾਨ ਕਰ ਲਿਆ। ਮੈਨੂੰ ਸਰੀ ਸ਼ਹਿਰ ਦੀ ਬੀ.ਸੀ. ਅਸੈਸਮਿੰਟ ਕਾਰਪੋਰੇਸ਼ਨ ਦੇ ਡਰਾਇਕਟਰ ਵਜੋਂ ਸਰਕਾਰ ਵੱਲੋਂ ਦੋ ਸਾਲ ਲਈ ਨਿਯੁਕਤ ਕੀਤਾ ਗਿਆ ਸੀ। ਮੈਂ ਇਕੱਲਾ ਹੀ ਇੰਡੋ-ਕੈਨੇਡੀਅਨ ਸੀ। ਇਹ ਸਾਰੀ ਪਰਾਪਰਟੀ ਨੂੰ ਮਾਪ-ਤੋਲ ਕੇ ਟੈਕਸ ਲਾਉਣ ਵਾਲੀ ਐਥਾਰਟੀ ਜਾਂ ਬਾਡੀ ਹੈ।
? ਤੁਸੀਂ ਆਪਣੀ ਕਵਿਤਾ ਵਿਚ ਬਦਲਦੀ ਰੁੱਤ ਦਾ ਬਿੰਬ ਵਰਤਿਆ ਹੈ, ਜਿਸ ਵੱਲ ਮੁਖਬੰਦ ਲਿਖਦੇ ਸਮੇਂ ਸਾਡੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਨੇ ਵੀ ਇਸ਼ਾਰਾ ਕੀਤਾ ਹੈ। ਕੀ ਕੋਈ ਇਸ ਦਾ ਖਾਸ ਮਕਸਦ ਹੈ?
— ਹਾਂ ਜੀ, ਬਦਲਦੀ ਰੁੱਤ ਨੂੰ ਮੈਂ ਆਪਣੇ ਆਪ `ਤੇ ਹੀ ਲਾਉਂਦਾ ਹਾਂ। ਕਿਤੇ ਮੈਂ ਇਹ ਵੀ ਲਿਖਿਆ ਹੈ ਕਿ ਮਨ ਦੀਆਂ ਵੀ ਰੁੱਤਾਂ ਹੁੰਦੀਆਂ ਨੇ;
ਬਦਲਦੇ ਮੌਸਮਾਂ ਤੋਂ / ਹਾਰ ਮੰਨ ਕੇ ਬਰਫ
ਝਰਨੇ ਦੇ ਪਾਣੀ ਵਿਚ ਬਹਿੰਦੀ ਹੋਈ
ਨਵੇਂ ਗੀਤ ਨੂੰ ਜਨਮ ਦੇ ਰਹੀ ਹੈ।
ਮਨ ਵੀ ਰੁੱਤ ਵਾਂਗ ਬਦਲਦਾ ਹੈ ਕਿਉਂਕਿ ਮੈਂ ਜਦੋਂ ਇਥੇ ਆਇਆ ਤਾਂ ਉਦਰੇਵੇਂ ਦੀ ਕਵਿਤਾ ਇਕ ਹੂਕ ਬਣ ਕੇ ਮੇਰੇ ਅੰਦਰੋਂ ਨਿਕਲੀ। ਫੇਰ ਮੈਂ ਇਸ ਧਰਤੀ ਨੂੰ ਆਪਣੇ ਦੇਸ ਵਾਂਗ ਅਪਣਾ ਲਿਆ;
ਹੁਣ ਨਹੀਂ ਲਗਦਾ ਜ਼ਰਾ ਓਪਰਾ / ਦੇਸ ਕੈਨੇਡਾ ਮੇਰਾ
ਹੁਣ ਸਾਗਰ ਦੀਆਂ ਲਹਿਰਾਂ ਤੱਕ ਕੇ / ਖਿੜ ਜਾਂਦਾ ਏ ਚਿਹਰਾ
ਬੀਤੇ ਸਾਲ, ਦਹਾਕੇ ਗੁਜ਼ਰੇ / ਬਦਲਿਆ ਰੁੱਤ ਦਾ ਫੇਰਾ
ਧੁੰਦਲੇ ਅੰਬਰਾਂ `ਤੇ / ਚੜ੍ਹਿਆ ਸੋਨ ਸਵੇਰਾ…
ਹੁਣ ਕੈਨੇਡਾ ਵੀ ਮੈਨੂੰ ਬਹੁਤ ਸੋਹਣਾ ਲਗਦਾ ਹੈ। ਮੈਂ ਹੋਰ ਵੀ ਲਿਖਿਆ ਹੈ;
ਅੱਖਾਂ ਵਿਚ ਵਸ ਗਏ / ਤੇ / ਸੀਨੇ ਵਿਚ ਸਮਾ ਗਏ ਨੇ ਹੁਣ /
ਸੀਡਰ, ਹਿੰਮਲੌਕ ਤੇ ਸਪਰੂਸ ਜਿਹੇ / ਬ੍ਰਿਖਾਂ ਦੇ ਅਸਮਾਨ ਨੂੰ ਛੂਹੰਦੇ ਆਕਾਰ
ਮੇਰੇ ਚੌਗ੍ਰਿਦੇ ਵਿਚ / ਨਿਤਰੇ ਹੋਏ ਪਾਣੀ ਦੀਆਂ ਵਗਦੀਆਂ ਕੂਲ੍ਹਾਂ
ਹੁਣ ਮੈਨੂੰ ਨਾਨਕੇ ਪਿੰਡ ਦੀ / ਪੱਛਮੀ ਗੁੱਠ ਵਿਚ ਵਗਦੀ
ਵੇਈਂ ਨਦੀ ਵਰਗੀਆਂ ਹੀ ਲਗਦੀਆਂ ਨੇ…
ਹੁਣ / ਇਹ ਦੇਸ ਪਰਦੇਸ ਨਹੀਂ / ਮੇਰਾ ਦੇਸ ਬਣ ਗਿਆ ਹੈ
ਜਿੱਥੇ / ਮੈਂ ਸੁਪਨਿਆਂ ਦੇ ਬੀਜ ਬੀਜਦਾ /
ਸਾਕਾਰਤਾ ਦੇ ਫੁੱਲਾਂ ਦਾ ਗੀਤ ਲਿਖ ਰਿਹਾ ਹਾਂ
ਜਾਂ
ਕੈਨੇਡਾ ਜੇਹਾ ਦੇਸ ਨਾ ਕੋਈ / ਬੀ.ਸੀ. ਜਿਹਾ ਨਾ ਪਾਣੀ
ਬੋਲੀ ਨਾ ਪੰਜਾਬੀ ਵਰਗੀ / ਇੰਗਲਿਸ਼ ਜਿਹੀ ਨਾ ਰਾਣੀ
ਦੇਸ ਪੰਜਾਬ ਦੇ ਪਿੱਪਲਾਂ ਦੀ ਛਾਂ / ਨਾ ਭੁਲਦੀ ਜਿਸ ਮਾਣੀ
ਬਾਝ ਮੁਕੱਦਰਾਂ ਦੇ/ ਕਦ ਮਿਲਦੇ ਨੇ ਹਾਣੀ
? ਤੁਸੀਂ ਆਪਣੀ ਕਵਿਤਾ ਰਾਹੀਂ ਮੁੱਖ ਸੁਝਾ ਕਿਹੜਾ ਦੇਣਾ ਚਾਹੁੰਦੇ ਹੋ?
— ਮੈਂ ਤੇ ਏਹੀ ਕਹਿੰਦਾ ਹਾਂ ਕਿ ਕਵਿਤਾ `ਚ ਬਨਾਉਟੀਪਨ ਨਹੀਂ ਹੋਣਾ ਚਾਹੀਦਾ। ਕਵਿਤਾ ਥੋਡੇ ਮਨ ਦੀ ਸੱਚੀ ਤੇ ਸੁੱਚੀ ਤਰਜ਼ਮਾਨੀ ਕਰਦੀ ਹੋਣੀ ਚਾਹੀਦੀ ਹੈ, ਜਿੱਦਾਂ ਤੁਸੀਂ ਜੀਂਦੇ ਹੋ, ਬਦਲਦੀਆਂ ਸਥਿਤੀਆਂ `ਚ ਬਦਲਦੀ ਕਵਿਤਾ ਨੂੰ ਵੀ ਮੈਂ ਆਪਣੀ ਸੋਚ ਦਾ ਵਿਕਾਸ ਕਹਿੰਦਾ ਹਾਂ। ਜੋ ਤੁਸੀਂ ਦੇਖਦੇ ਹੋ, ਹੰਢਾਉਂਦੇ ਹੋ, ਉਸ ਜੀਵਨ ਦੀ ਤਰਜ਼ਮਾਨੀ ਤੁਹਾਡੀ ਕਵਿਤਾ ਨੂੰ ਕਰਨੀ ਚਾਹੀਦੀ ਹੈ। ਬਨਾਉਟੀ ਰਚਨਾ ਕਰਨੀ, ਲਿਖਣਾ ਜਾਂ ਬੋਲਣਾ ਉਸ ਦਾ ਕੋਈ ਅਰਥ ਨਹੀਂ।
? ਮੇਰਾ ਸੁਆਲ ਇਹ ਹੈ ਕਿ ਸੁਨੇਹਾ ਜਾਂ ਸੰਦੇਸ਼ ਤਾਂ ਅੱਜ ਦੀ ਕਵਿਤਾ ਦਿੰਦੀ ਨਹੀਂ। ਤੁਸੀਂ ਆਮ ਲੋਕਾਂ ਨੂੰ ਕਿਹੜਾ ਸੁਝਾ ਦੇਣਾ ਚਾਹੁੰਦੇ ਹੋ ਜੋ ਉਹਨਾਂ ਦੇ ਮਨਾਂ ਨੂੰ ਟੁੰਬੇ?
— `ਧਰਤ ਕਰੇ ਅਰਜੋਈ` ਜੋ ਮੇਰੀ ਹੁਣ ਤੱਕ ਦੀ ਆਖਰੀ ਰਚਨਾ ਛਪੀ ਹੈ, ਉਸ ਦਾ ਮਨੁੱਖੀ ਨਸਲ ਦੀ ਬਰਾਬਰੀ ਵੱਲ ਇਸ਼ਾਰਾ ਹੈ। ਰੰਗਾਂ, ਨਸਲਾਂ, ਮਜ਼੍ਹਬਾਂ ਤੋਂ ਉਪਰ ਉਠ ਕੇ ਮਨੁੱਖ ਕੇਵਲ ਮਨੁੱਖ ਹੈਗਾ। ਮਨੁੱਖ ਨੂੰ ਦੂਸਰੇ ਮਨੁੱਖਾਂ ਨੂੰ ਵੀ ਆਪਣੇ ਵਰਗਾ ਮੰਨਣਾ ਚਾਹੀਦਾ ਹੈ। ਧਰਤੀ ਉਪਰ ਵਧ ਰਹੇ ਪ੍ਰਦੂਸ਼ਣ ਨੂੰ ਹਰ ਇਨਸਾਨ ਨੂੰ ਰੋਕਣਾ ਚਾਹੀਦਾ ਹੈ।
? ਏਹੀ ਥੀਮ ਤਾਂ ਤੁਸੀਂ ਆਪਣੇ ਦਿਲਚਸਪ ਕਾਵਿ-ਨਾਟ `ਧਰਤ ਕਰੇ ਅਰਜੋਈ` ਵਿਚ ਲਈ ਹੈ। ਇਸ ਬਾਰੇ ਜ਼ਰਾ ਵਿਆਖਿਆ ਸਹਿਤ ਦੱਸੋ?
— ਗੱਲ ਇਹ ਸੀ ਕਿ ਪਿੰਡਾਂ ਤੋਂ ਆਏ ਲੋਕਾਂ ਕੋਲੋਂ ਉੱਥੇ ਭਾਰਤ ਵਿਚ ਫੈਲਦੇ ਪ੍ਰਦੂਸ਼ਣ ਬਾਰੇ ਸੁਣ ਕੇ ਮੇਰਾ ਮਨ ਬੜਾ ਦੁਖੀ ਹੁੰਦਾ ਕਿ ਉੱਥੋਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ, ਪਾਣੀ ਉੱਕਾ ਹੀ ਮੁੱਕ ਚੱਲਿਆ ਹੈ ਤਾਂ ਮੈਂ ਇਸ ਬਾਰੇ ਇਕ ਲੰਮੀ ਨਜ਼ਮ ਲਿਖਣੀ ਚਾਹੀ। ਪਰ ਫੇਰ ਮਨ ਨੇ ਹੀ ਸਲਾਹ ਦਿੱਤੀ ਕਿ ਇਹ ਮਸਲਾ ਤਾਂ ਗਲੋਬਲੀ ਹੈ, ਵਿਸ਼ਵ-ਵਿਆਪੀ ਹੈ। ਫਿਰ ਮੈਂ ਧਰਤੀ ਦੀ ਪੀੜ ਨੂੰ ਸਮਝਣ ਤੇ ਹਰਨ ਲਈ ਸ਼ਿਵ, ਪਾਰਬਤੀ, ਧਰਤੀ, ਬ੍ਰਿਖ, ਸਮੁੰਦਰ, ਵਰਖਾ ਆਦਿ ਚਿੰਨ੍ਹਾਤਮਿਕ ਪਾਤਰ ਲੈ ਕੇ ਇਹ ਕਾਵਿ ਨਾਟ ਲਿਖਿਆ।
? ਇਹ ਕਾਵਿ-ਨਾਟ ਤੁਸੀਂ ਕਿਸ ਗੌਲਣ ਯੋਗ ਛੰਦ ਵਿਚ ਲਿਖਿਆ ਹੈ?
— ਅਵਤਾਰ ਜੀ, ਇਸ ਕਾਵਿ-ਨਾਟ ਦੇ ਦਸ ਭਾਗ ਹਨ। ਦਸਾਂ ਵਿਚ ਗੀਤ, ਬੋਲੀਆਂ, ਟੱਪੇ, ਬੈਂਤ, ਡਿਉਡ ਆਦਿ ਕਈ ਵੰਨਗੀਆਂ ਦੀ ਵਰਤੋਂ ਕੀਤੀ ਗਈ ਹੈ।
? ਕਾਵਿ-ਨਾਟ ਲਿਖਣ ਦੀ ਪ੍ਰੇਰਨਾ ਕਿੱਥੋਂ ਮਿਲੀ?
— ਪ੍ਰੇਰਨਾ ਮੈਨੂੰ ਮਹਾਂਭਾਰਤ, ਰਮਾਇਣ ਤੋਂ ਹੀ ਮਿਲੀ। ਸਕੂਲ ਪੜ੍ਹਦੇ ਸਮੇਂ ਸ਼ਿਵ ਦੀ ਲੂਣਾ ਪੂਰੀ ਯਾਦ ਹੋ ਗਈ ਸੀ।
? ਤੁਸੀਂ ਬੋਲੀਆਂ, ਗੀਤ, ਗ਼ਜ਼ਲਾਂ, ਕਵਿਤਾ ਦੀਆਂ ਪੰਜ ਵੰਨਗੀਆਂ ਪੰਜ ਕਾਵਿ ਪੁਸਤਕਾਂ ਵਿਚ ਪਾਠਕਾਂ ਅੱਗੇ ਪਰੋਸੀਆਂ ਹਨ।ਇਹਨਾਂ ਵਿਚੋਂ ਕਿਹੜੀ ਵੰਨਗੀ ਤੁਹਾਡੀ ਰੂਹ ਦੇ ਸਭ ਤੋਂ ਜ਼ਿਆਦਾ ਨੇੜੇ ਹੈ?
— ਗੀਤ ਤੇ ਬੋਲੀਆਂ ਮੇਰੇ ਮਨ ਦੀ ਅਵਾਜ਼ ਸੌਖੇ ਤੌਰ `ਤੇ ਪਾਠਕਾਂ ਤੱਕ ਪਹੁੰਚਾ ਸਕਦੇ ਨੇ।ਏਹੀ ਮੇਰੀ ਰੂਹ ਦੇ ਜ਼ਿਆਦਾ ਨੇੜੇ ਹਨ। ਜਿਵੇਂ ਮੈਂ ਇਕ ਗੀਤ ਲਿਖਿਆ ਸੀ;
ਮੁੜ ਜਦੋਂ ਆਵੇਂਗਾ ਤੂੰ ਸਾਡੇ ਪਿੰਡ ਸੱਜਣਾ ਵੇ, ਝੜ ਜਾਣੇ ਬੇਰੀਆਂ ਦੇ ਬੇਰ
ਢੂੰਡੇਂਗਾ ਗੁਆਚੇ ਚੰਨਾ ਸਰਘੀ ਦੇ ਪਲਾਂ ਨੂੰ ਵੇ,! ਲੱਭਣੀ ਨਈਂ ਬੀਤਗੀ ਸਵੇਰ…
84 ਵਿਚ ਜਦੋਂ ਪੰਜਾਬ `ਚ ਮਾਰੂ ਝੱਖੜ ਝੁੱਲੇ, ਉਦੋਂ ਵੀ ਮੈਂ ਕੁਝ ਗੀਤ ਲਿਖੇ ਸੀ, ਜਿਨ੍ਹਾਂ `ਚੋਂ ਇਕ ਸੀ;
ਕਿਸ ਸਾਡੇ ਵਿਹੜੇ ਲਾਏ ਨੀ, ਥੋਹਰਾਂ ਦੇ ਬੂਟੇ
ਤੱਕ ਕਲੀਆਂ-ਫੁੱਲ ਮੁਰਝਾਏ, ਨੀ ਥੋਹਰਾਂ ਦੇ ਬੂਟੇ
ਸਮੇਂ ਦੇ ਬਦਲਣ ਨਾਲ ਮੇਰੇ ਮਨ ਦੀ ਅਵਸਥਾ ਵੀ ਬਦਲਦੀ ਗਈ। ਬਦਲਣਾ ਹੀ ਜ਼ਿੰਦਗੀ ਹੈ।
? ਤੁਹਾਨੂੰ ਕਿਹੜੇ ਸ਼ਾਇਰਾਂ ਤੇ ਲੇਖਕਾਂ ਨੇ ਪ੍ਰਭਾਵਤ ਕੀਤਾ?
— ਪ੍ਰੋ. ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਡਾ. ਦਰਸ਼ਨ ਗਿੱਲ ਤੇ ਪਾਸ਼ ਤੋਂ ਮੈਂ ਬਹੁਤਾ ਪ੍ਰਭਵਾਤ ਹੋਇਆ ਹਾਂ।
? ਹੁਣ ਦੇ ਅਜੋਕਿਆਂ `ਚੋਂ ਕਿਹੜਿਆਂ ਨੂੰ ਪੜ੍ਹਦੇ ਹੋ?
— ਸੁਰਜੀਤ ਪਾਤਰ, ਗੁਰਭਜਨ ਗਿੱਲ ਜਾਂ ਜਿਹੜੀ ਵੀ ਨਵੀਂ ਕਿਤਾਬ ਆਉਂਦੀ ਹੈ, ਮੈਂ ਪੜ੍ਹਦਾ ਹਾਂ।
? ਮੰਗਾ ਜੀ, ਤੁਹਾਡੀ ਹਸਮੁਖ ਸ਼ਖਸੀਅਤ ਤੇ ਮਿਲਾਪੜੇਪਨ ਦਾ ਰਾਜ਼ ਕੀ ਹੈ?
— ਧੰਨਵਾਦ! ਤੁਸੀਂ ਮੇਰੇ ਮਿਲਾਪੜੇਪਨ ਦੀ ਗੱਲ ਕੀਤੀ। ਬਹੁਤੇ ਮਿੱਤਰ ਏਹੀ ਕਹਿੰਦੇ ਨੇ, ਪਰ ਮੈਂ ਗੁੱਸੇ `ਚ ਵੀ ਆਉਂਦਾ ਹਾਂ। ਹਸਦਾ ਵੀ ਹਾਂ ਤੇ ਉਦਾਸ ਵੀ ਹੁੰਦਾ ਹਾਂ।ਮੈਂ ਇਕ ਇਨਸਾਨ ਹਾਂ ਪਰ ਕੋਸ਼ਿਸ ਕਰੀਦੀ ਹੈ ਕਿ ਨਿਕਾਰਾਤਮਿਕ ਭਾਵਨਾਵਾਂ ਤੋਂ ਦੂਰ ਹੋ ਕੇ ਸਮੁੱਚੀ ਕਾਇਨਾਤ ਲਈ ਹੋਰ ਵੀ ਬਾਹਾਂ ਖੋਲ੍ਹਣੀਆਂ ਸਿੱਖਾਂ। ਕੋਈ ਮੈਨੂੰ ਆਪਣੀਆਂ ਬਾਹਾਂ ਵਿਚ ਘੁੱਟੇ ਤੇ ਮੈਂ ਵੀ ਉਸ ਨੂੰ ਅਮਲੀ ਤੌਰ `ਤੇ ਹਿੱਕ ਨਾਲ ਲਾ ਕੇ ਮਿਲਾਂ, ਇਹ ਮੇਰੀ ਬਚਪਨ ਤੋਂ ਹੀ ਤਮੰਨਾ ਰਹੀ ਹੈ ਕਿ ਜੇ ਕਰ ਅਚੇਤ ਹੀ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ, ਮੇਰੀ ਆਤਮਾ ਨੂੰ ਉਦੋਂ ਤੱਕ ਸਕੂਨ ਨਹੀਂ ਮਿਲਦਾ ਜਦੋਂ ਤੱਕ ਮੈਂ ਉਸ ਇਨਸਾਨ ਨੂੰ ਗਲਵਕੜੀ ਵਿਚ ਲੈ ਕੇ ਆਪਣੀ ਕੀਤੀ ਦਾ ਅਹਿਸਾਸ ਨਾ ਕਰਵਾ ਦੇਵਾਂ। ਇਸ ਭਾਵਨਾ ਨੇ ਮੈਨੂੰ ਬੜਾ ਕੁਝ ਦਿੱਤਾ ਹੈ, ਜਿਸ ਨੂੰ ਆਪਣੇ ਸ਼ਬਦਾ ਵਿਚ ਬਿਆਨ ਨਹੀਂ ਕਰ ਸਕਦਾ।
? ਤੁਸੀਂ ਆਪਣੇ ਪਿੰਡ, ਬੀੜ-ਬੰਸੀਆਂ ਨਾਲ ਕਿੰਨਾ ਕੁ ਜੁੜੇ ਹੋਏ ਓ?
— ਦੇਖੋ ਜੀ, ਬੀੜ-ਬੰਸੀਆਂ ਦੀ ਤਾਂ ਮੈਂ ਮਿੱਟੀ ਦਾ ਹਿੱਸਾ ਹਾਂ। ਮੈਂ ਉੱਥੇ ਪੈਦਾ ਹੋਇਆ ਹਾਂ। ਉਹਨਾਂ ਹਵਾਵਾਂ ਦੀ ਮਹਿਕ ਮੇਰੇ ਸਾਹਵਾਂ `ਚ ਅਜੇ ਵੀ ਘੁਲ਼ੀ ਹੋਈ ਹੈ, ਭਾਵੇਂ ਕਿ ਤੀਹ ਤੋਂ ਵੱਧ ਸਾਲਾਂ ਤੋਂ ਮੈਂ ਕੈਨੇਡਾ `ਚ ਰਹਿ ਰਿਹਾ ਹਾਂ। ਅਜੇ ਵੀ ਮੈਨੂੰ ਉੱਥੋਂ ਦੇ ਸੁਪਨੇ ਆਉਂਦੇ ਹਨ। ਅੱਜ ਸਵੇਰੇ ਮੇਰੇ ਪਿੰਡ ਮੇਲਾ ਚੱਲ ਰਿਹਾ ਸੀ ਤਾਂ ਮੈਂ ਭਾਵਕ ਹੋ ਗਿਆ। ਅਜੇ ਤੱਕ ਵੀ ਪਿੰਡ ਨਾਲ ਇੰਨਾ ਜੁੜਿਆ ਹੋਇਆ ਹਾਂ। ਜਿਸ ਧਰਤੀ ਨੇ ਸਾਨੂੰ ਜੀਣਾ ਸਿਖਾਇਆ, ਉਹ ਧਰਤੀ ਮੇਰੇ ਸਾਹਾਂ ਦੇ ਨਾਲ ਹੈ, ਹਮੇਸ਼ਾ ਮੇਰੀ ਕਵਿਤਾ ਦੇ ਅੰਗ ਸੰਗ ਹੈ।
? ਪਿੰਡ `ਚ ਥੋਡੇ ਸੰਗੀ ਸਾਥੀ ਕਿੰਨੇ ਕੁ ਨੇ?
— ਅਵਤਾਰ ਜੀ, ਸਾਰਾ ਬੀੜ-ਬੰਸੀਆਂ ਹੀ ਮਿੱਤਰਾਂ ਦਾ ਲਗਦਾ ਹੈ। ਬਗੈਰ ਕਿਸੇ ਪਾਰਟੀ, ਜਾਤ, ਧਰਮ ਦੇ ਵਿਤਕਰੇ ਤੋਂ ਮੈਂ ਸਾਰੇ ਪਿੰਡ ਵਾਸੀਆਂ ਨੂੰ ਪਿਆਰ ਕਰਦਾ ਹਾਂ। ਆਪਣੇ ਪਿਤਾ ਤੋਂ ਛੋਟੇ ਬਜ਼ੁਰਗਾਂ ਨੂੰ ਮਿਲ ਕੇ ਖ਼ਬਰਸਾਰ ਪੁਛਦਾ ਰਹਿੰਦਾ ਹਾਂ।
? ਮੇਰਾ ਮਤਲਬ ਸੀ ਕਿ ਤੁਹਾਡੇ ਨਿੱਜੀ ਮਿੱਤਰ ਕਿੰਨੇ ਕੁ ਹੈਗੇ ਨੇ?
— ਦਰਸ਼ਨ, ਜੁਗਿੰਦਰ, ਰਾਮ ਆਸਰਾ ਅਤੇ ਨੇੜਲੇ ਪਿੰਡ ਰੁੜਕੀ ਦਾ ਪਰੋਫੈਸਰ ਤਰਸੇਮ ਰਾਣਾ ਤੇ ਰੁੜਕਾ ਕਲਾਂ ਦਾ ਕੁਲਵੰਤ ਸੰਧੂ, ਅੰਤ੍ਰਰਾਸ਼ਟਰੀ ਫੁਟਬਾਲਰ ਬਲਜਿੰਦਰ ਸੰਧੂ ਅਤੇ ਗੋਗੀ ਮੱਲ੍ਹਣ ਹੁਰਾਂ ਵਰਗੇ ਮੇਰੇ ਜਿਗਰੀ ਯਾਰਾਂ ਵਿਚੋਂ ਹਨ। ਨਵੇਂ ਬੱਚੇ ਵੀ ਮੈਨੂੰ ਬਹੁਤ ਆਦਰ ਭਾਵ ਦਿਖਾਉਂਦੇ ਨੇ।
? ਪਿੰਡ ਜਾਂਦੇ ਹੋ ਤਾਂ ਕੀ ਪਿੰਡ ਵਿਚ ਜਾ ਕੇ ਠਹਿਰਦੇ ਹੋ ਜਾਂ ਅੱਜ ਦੇ ਬਹੁਤੇ ਪਰਵਾਸੀਆਂ ਵਾਂਗ ਰਾਤਾਂ ਸ਼ਹਿਰ `ਚ ਕੱਟਦੇ ਹੋ?
— ਬਹੁਤਾ ਸਮਾਂ ਪਿੰਡ ਵਿਚ ਹੀ ਕਟਦਾ ਹਾਂ। ਕਈ ਵਾਰ ਸਭਾ ਸਮਾਗਮਾਂ ਮੌਕੇ ਸ਼ਹਿਰ ਵਿਚ ਵੀ ਰਹਿਣਾ ਪੈ ਜਾਂਦਾ ਹੈ। ਜੇ ਦੂਰੋਂ ਆਉਣ ਨੂੰ ਕਵੇਲ਼ਾ ਹੋ ਜਾਵੇ ਫੇਰ ਤਾਂ ਸ਼ਹਿਰ `ਚ ਹੀ ਰਹਿ ਪੈਂਦਾ ਹਾਂ।
? ਪਿੰਡ ਵਿਚਲੀ ਜਾਇਦਾਦ-ਮਕਾਨ ਕੀ ਤੁਸੀਂ ਸਾਰਾ ਸੰਭਾਲਿਆ ਹੋਇਆ ਹੈ?
— ਹਾਂ ਜੀ, ਉਸ ਵਿਚ ਕੁਝ ਵਾਧਾ ਹੀ ਕੀਤਾ ਹੈ। ਪਰ ਮੇਰੇ ਬਾਪੂ ਜੀ ਕਹਿੰਦੇ ਨੇ ਕਿ “ਨਵਾਂ ਖਰਚਾ ਉੱਥੇ ਕਰੋ ਜਿਹੜੀ ਜਾਇਦਾਦ ਤੁਹਾਡੇ ਕਲਾਵੇ ਵਿਚ ਆ ਸਕੇ। ਪੰਜਾਬ `ਚ ਜ਼ਿਆਦਾ ਜਾਇਦਾਦ ਨਾ ਬਣਾਓ। ਜੇ ਵਾਪਸ ਜਾਣਾ ਹੈ ਤਾਂ ਜ਼ਰੂਰ ਬਣਾਓ।” ਪਰ ਬਲਿੰਗ ਜੀ, ਵਾਪਸ ਮੈਂ ਜਾ ਨਹੀਂ ਸਕਦਾ। ਜ਼ਮੀਨ ਤੇ ਘਰ ਮੇਰੇ ਚਾਚੇ ਦੇ ਮੁੰਡੇ ਨੇ ਸੰਭਾਲਿਆ ਹੋਇਆ ਹੈ।
? ਉਹ ਤੁਹਾਡੀ ਜ਼ਮੀਨ ਹਾਲ਼ੇ ਜਾਂ ਜ਼ਬਤੀ ਉੱਤੇ ਵਾਹੁੰਦੇ ਨੇ?
— ਨਹੀਂ ਜੀ, ਪਹਿਲਾਂ ਤਾਂ ਉਸ ਤੋਂ ਕੁਝ ਨਹੀਂ ਲਿਆ। ਹੁਣ ਉਹ ਜੋ ਚਾਹਵੇ ਦੇ ਦਿੰਦਾ ਹੈ। ਜੇ ਉਸ ਨੂੰ ਹੋਰ ਮਦਦ ਦੀ ਲੋੜ ਪੈ ਜਾਵੇ, ਉਹ ਵੀ ਪੂਰੀ ਕਰੀਦੀ ਹੈ।
? ਤੁਸੀਂ ਰੀਅਲ-ਐਸਟੇਟ ਅਰਥਾਤ ਜ਼ਮੀਨ ਦੀ ਖਰੀਦ ਵੇਚ ਦਾ ਧੰਦਾ ਕਰਦੇ ਹੋ। ਬਿਜ਼ਨਸ ਹੋਣ ਕਰਕੇ ਇਸ ਵਿਚ ਕੁਝ ਹੱਥ ਦੀ ਸਫਾਈ ਵੀ ਲੋੜੀਂਦੀ ਹੋਊਗੀ। ਮੈਂ ਸੁਣਿਆ ਹੈ ਕਿ ਕੈਨੇਡਾ ਦੇ ਜਿਹੜੇ ਏਜੈਂਟ ਨੇ, ਵਕੀਲ ਨੇ, ਉਹ ਪੰਜਾਬ ਵਿਚਲੇ ਡੀਲਰਾਂ ਵਾਂਗ ਹੀ ਤਿੱਖੀ ਸੂਝ ਦੇ ਮਾਲਕ ਹਨ। ਆਮ ਲੋਕਾਂ ਨਾਲ ਵਪਾਰ ਦੀਆਂ ਘੁਣਤਰਾਂ ਦੀ ਵਰਤੋਂ ਕਰਦੇ ਨੇ। ਕੀ ਤੁਸੀਂ ਵੀ ਇਸ ਤਰ੍ਹਾਂ ਦੀ ਦੂਹਰੀ ਜ਼ਿੰਦਗੀ ਜਿਉਂਦੇ ਹੋ?
— ਬਿਲਕੁਲ ਨਹੀਂ ਜੀ। ਮੇਰੀ ਜ਼ਿੰਦਗੀ ਤਾਂ ਬਚਪਨ ਤੋਂ ਲੈ ਕੇ ਹੁਣ ਤੱਕ ਇਕ ਖੁੱਲ੍ਹੀ ਕਿਤਾਬ ਵਾਂਗ ਰਹੀ ਹੈ। ਮੈਨੂੰ ਰੀਅਲ-ਐਸਟੇਟ ਵਿਚ ਆਏ ਨੂੰ ਪੱਚੀ ਸਾਲ ਹੋ ਗਏ ਨੇ। ਅੱਜ ਤੱਕ ਕਿਸੇ ਨੂੰ ਕੋਈ ਸ਼ਕਾਇਤ ਨਹੀਂ ਹੋਈ। ਜਿਨ੍ਹਾਂ ਨੂੰ ਇਕ ਵਾਰੀ ਮਿਲਿਆ ਹਾਂ, ਉਹਨਾਂ ਮੇਰੇ ਰਾਹੀਂ ਹੀ ਸੌਦਾ ਕੀਤਾ ਹੈ ਤੇ ਫਿਰ ਪੰਜ ਪੰਜ ਸੱਤ ਸੱਤ ਹੋਰ ਬੰਦੇ ਮੈਨੂੰ ਟਕਰਾਏ ਨੇ। ਮੈਂ ਕਿਸੇ ਵੀ ਕਿੱਤੇ ਨੂੰ ਪੈਸੇ ਨਾਲ ਨਹੀਂ ਤੋਲਿਆ। ਮਨੁੱਖੀ ਕਦਰਾਂ ਕੀਮਤਾਂ ਤੋਂ ਕਦੇ ਪਰੇ ਨਹੀਂ ਹੋਇਆ। ਏਥੇ ਹਰ ਕਿੱਤਾ ਕਰਨ ਲਈ ਕਾਨੂੰਨ ਦੇ ਘੇਰੇ ਵਿਚ ਰਹਿਣਾ ਪੈਂਦਾ ਹੈ। ਕਾਨੂੰਨ ਹਮੇਸ਼ਾ ਸਾਡੇ ਉੱਤੇ ਬਾਜ਼ ਅੱਖ ਰਖਦਾ ਹੈ। ਸਾਨੂੰ ਕਾਨੂੰਨ ਅਤੇ ਨੈਤਿਕਤਾ ਦੀ ਪਾਲਣਾ ਕਰਨੀ ਪੈਂਦੀ ਹੈ। ਜ਼ਰਾ ਕੁ ਕੁਤਾਹੀ ਕਰੀਏ ਤਾਂ ਲਈਸੰਸ ਕੈਂਸਲ ਹੋ ਸਕਦਾ ਹੈ। ਸਾਖ ਖਰਾਬ ਹੋ ਸਕਦੀ ਹੈ। ਬਦਨਾਮੀ ਹੋ ਗਈ ਤਾਂ ਰੋਜ਼ੀ ਰੋਟੀ ਬੰਦ ਹੋ ਜੂਗੀ।
? ਮੇਰਾ ਮਤਲਬ ਇਹ ਹੈ ਕਿ ਜਿਹੜੇ ਬੱਚੇ ਐਮ.ਬੀ.ਏ. ਕਰਦੇ ਨੇ, ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਇਮਾਨਦਾਰੀ ਤੁਹਾਡੇ ਵਪਾਰ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਤੁਹਾਡਾ ਕੀ ਵਿਚਾਰ ਹੈ? ਵਪਾਰਕ ਪੱਖ ਤੋਂ!
— ਬਿਲਿੰਗ ਜੀ, ਜੋ ਆਪ ਨੇ ਕਿਹਾ, ਇਹ ਮੈਨੂੰ ਸਲੇਬਸੋਂ ਬਾਹਰੀ ਗੱਲ ਜਾਪਦੀ ਹੈ। ਅਸਲ ਵਿਚ ਇਮਾਨਦਾਰੀ ਹੀ ਤੁਹਾਡੀ ਜ਼ਿੰਦਗੀ ਦੀ ਸਫਲਤਾ ਦੀ ਤਰਜ਼ਮਾਨੀ ਕਰਦੀ ਹੈ। ਮੈਂ ਤਾਂ ਕਹਿੰਦਾ ਹਾਂ ਕਿ ਬਿਜ਼ਨਸ ਵੀ ਜ਼ਿੰਦਗੀ ਦਾ ਹਿੱਸਾ ਹੈ। ਅਸਲ `ਚ ਬੰਦਾ ਸੁਭਾ ਤੋਂ ਖੁਦਗਰਜ਼ ਜ਼ਰੂਰ ਹੈ। ਹਰੇਕ ਬੰਦਾ ਆਪਣੇ ਹਿਤ ਨੂੰ ਤਰਜੀਹ ਜ਼ਰੂਰ ਦਿੰਦਾ ਹੈ। ਮੈਂ ਮੁਨਕਿਰ ਨਹੀਂ। ਪਰ ਜੇ ਆਪਾਂ ਕਿਸੇ ਦੇ ਹਿਤ ਜਾਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੇ, ਤੁਹਾਨੂੰ ਪਛਤਾਉਣਾ ਨਹੀਂ ਪਵੇਗਾ।
? ਆਪਣਾ ਮੁਨਾਫਾ ਤਾਂ ਦੇਖਣਾ ਹੀ ਪੈਂਦਾ ਹੈ?
— ਮੁਨਾਫਾ ਵੀ ਏਥੇ ਸਾਨੂੰ `ਡੀਕਲੇਅਰ` ਕਰਨਾ ਪੈਂਦਾ ਹੈ, ਜੱਗ ਜ਼ਾਹਰ ਕਰਨਾ ਪੈਂਦਾ ਹੈ। ਤੁਸੀਂ ਗੁਪਤ ਨਹੀਂ ਲੈ ਸਕਦੇ। ਹੁਣ ਦੋਹਾਂ ਧਿਰਾਂ ਨੂੰ ਦੱਸਣਾ ਪੈਂਦਾ ਹੈ।
? ਭਵਿਖ ਦਾ ਕੀ ਪ੍ਰੋਗਰਾਮ ਹੈ – ਬਤੌਰ ਸ਼ਾਇਰ?
— ਤਿੰਨ ਕਿਤਾਬਾਂ ਛਪਾਈ ਅਧੀਨ ਹਨ। ਮੈਂ ਕੁਦਰਤ ਨੂੰ ਸਦਾ ਨੇੜੇ ਹੋ ਕੇ ਦੇਖਦਾ ਹਾਂ। ਮੈਂ ਤੁਹਾਨੂੰ ਇਕ ਬੋਲੀ ਸੁਣਾਉਂਦਾ ਹਾਂ ਕਿਉਂਕਿ ਕੈਮਲੂਪਸ ਵਿਖੇ ਵੀ ਮੇਰਾ ਮੋਟਲ, ਹੋਟਲ ਦਾ ਬਿਜ਼ਨੱਸ ਹੈ।ਮੈਂ ਚਾਹੁੰਦਾ ਹਾਂ ਮੇਰੇ ਦੋਸਤ ਮਿੱਤਰ ਵੀ ਜਿਹੜੇ ਇੰਡੀਆ ਤੋਂ ਆਉਣ, ਉਹ ਉੱਥੇ ਹੀ ਆਉਣ। ਉੱਥੇ ਦੋ ਦਰਿਆ ਮਿਲਦੇ ਹਨ। `ਕੈਮਲੂਪਸ` ਦਾ ਮਤਲਬ ਹੀ ਦੋ ਦਰਿਆਵਾਂ ਦਾ ਸੰਗਮ ਹੈ।
? (ਵਿਚੋਂ ਟੋਕ ਕੇ) ਕਿਹੜੇ ਕਿਹੜੇ ਦਰਿਆ ਮਿਲਦੇ ਹਨ?
— ਉੱਤਰੀ ਥੌਮਪਸਨ ਅਤੇ ਦੱਖਣੀ ਥੌਮਪਸਨ। ਉਥੋਂ ਅੱਗੇ ਇਕ ਥੌੰਪਸਨ ਬਣ ਜਾਂਦਾ ਹੈ, ਜਿਹੜਾ ਲਿਟਨ ਸ਼ਹਿਰ ਕੋਲ ਆ ਕੇ ਫਰੇਜ਼ਰ ਦਰਿਆ ਵਿਚ ਪੈ ਜਾਂਦਾ ਹੈ। ਫਰੇਜ਼ਰ ਬਹੁਤ ਵੱਡਾ ਦਰਿਆ ਹੈ। ਇਹ ਸਾਰੇ ਦਰਿਆਵਾਂ ਨੂੰ ਆਪਣੀ ਬੁੱਕਲ਼ ਵਿਚ ਲੈਂਦਾ ਹੋਇਆ ਵੈਨਕੂਵਰ ਟਾਪੂ ਦਾ ਦਰ ਖੜਕਾ ਕੇ ਸਾਗਰ ਵਿਚ ਲੀਨ ਹੋ ਜਾਂਦਾ ਹੈ। ਮੈਂ ਲਿਖਿਆ ਸੀ;
ਰੁੱਤ ਬਸੰਤ ਨੂੰ ਆਵੀਂ ਸੱਜਣਾ, ਤੈਨੂੰ ਬਾਗੀਂ ਸੈਰ ਕਰਾਵਾਂ
ਐਬਸਫੋਰਡ ਦੇ ਬੇਰੀ-ਫਾਰਮ, ਫੇਰ ਕਲੋ੍ਹਨੇ ਜਾਵਾਂ
ਓਕਨਆਗਨ ਵਰਨਨ ਵਿਚ ਦੀ, ਕੈਮਲੂਪਸ ਲੈ ਆਵਾਂ
ਦੋ ਦਰਿਆਵਾਂ ਨੂੰ, ਇਕ ਬਣਦਾ ਦਿਖਲਾਵਾਂ…।
ਮੈਂ ਕੁਦਰਤ ਦੀ ਹਰ ਸ਼ੈ ਨੂੰ ਨੇੜੇ ਹੋ ਕੇ ਦੇਖਦਾ ਹਾਂ, ਚਾਹੇ ਉਹ ਦਰਿਆ ਹੈ, ਸਮੁੰਦਰ ਹੈ, ਧੁੱਪ ਹੈ ਅਤੇ ਚਾਹੇ ਬੱਦਲ ਆ, ਜਿਹੜੇ ਜਦੋਂ ਮੇਰੇ ਨਾਲ ਹੁੰਗਾਰਾ ਭਰਦੇ ਆ ਤਾਂ ਉਹ ਕਵਿਤਾ ਬਣ ਜਾਂਦੀ ਹੈ।
? ਮੰਗਾ ਜੀ, ਤੁਸੀਂ ਹੁਣ 58 ਸਾਲਾਂ ਦੇ ਹੋ ਚੁੱਕੇ ਹੋ ਪਰ ਜਾਪਦੇ ਨਹੀਂ। ਚੰਗੀ ਸਿਹਤ ਦਾ ਭੇਦ ਕੀ ਹੈ?
— ਮੇਰੇ ਡੈਡੀ ਹੁਰੀਂ ਵੀ ਮਿਹਨਤੀ ਸੀ, ਮਿਹਨਤ ਮੈਨੂੰ ਵਿਰਸੇ ਵਿਚ ਮਿਲੀ ਹੈ। ਮੇਰੇ ਡੈਡੀ ਹੁਰੀਂ, ਜਿਵੇਂ ਤੁਸੀਂ ਦੇਖਿਐ, 95 ਸਾਲ ਦੇ ਹੋ ਕੇ ਅਜੇ ਵੀ ਕੋਈ ਗੋਲ਼ੀ ਨਹੀਂ ਖਾਂਦੇ।ਮੇਰੀ ਚੰਗੀ ਸਿਹਤ ਦਾ ਰਾਜ਼ ਵਿਰਸਾ ਵੀ ਹੋ ਸਕਦਾ ਹੈ ਪਰ ਨਾਲ ਹੀ ਮੈਂ ਸੈਰ ਕਰਨ ਤੋਂ, ਵਰਜਿਸ਼ ਕਰਨ ਤੋਂ ਅਵੇਸਲਾ ਨਹੀਂ ਰਿਹਾ। ਖਾਣ ਪੀਣ ਲਈ ਵੀ ਪ੍ਰਹੇਜ਼ ਤੋਂ ਹੀ ਕੰਮ ਲਿਆ ਹੈ।
? ਕਿਸ ਤਰ੍ਹਾਂ ਦੀ ਕਸਰਤ ਕਰਦੇ ਹੋ?
— ਸੈਰ ਕਰਨਾ, ਸਵਿੰਮਿੰਗ ਕਰਨਾ।
? ਸਵਿੰਮ ਕਰਨ ਲਈ ਤੁਹਾਡਾ ਨਿੱਜੀ ਪੂਲ ਹੈ ਜਾਂ ਫਰੇਜ਼ਰ `ਚ ਕਰਦੇ ਹੋ?
— ਨਹੀਂ ਜੀ, ਦਰਿਆ `ਚ ਨਹੀਂ। ਆਪਣਾ ਨਿੱਜੀ ਪੂਲ ਹੈ, ਪਰ ਅਸੀਂ ਕੁਝ ਦੋਸਤ ਮਿੱਤਰ ਇਕੱਠੇ ਹੋ ਜਿੰਮ ਦੇ ਪੂਲ ਵਿਚ ਸਵਿੰਮ ਕਰਦੇ ਹਾਂ।
? ਤੁਹਾਡੀ ਜੀਵਨ-ਸਾਥਣ, ਪਰਵਿੰਦਰ ਕੌਰ ਦਾ ਤੁਹਾਡੇ ਜੀਵਨ ਤੇ ਕਿੱਤੇ ਵਿਚ ਕੀ ਯੋਗਦਾਨ ਹੈ?
— ਉਹਨਾਂ ਦਾ ਤਾਂ ਬਹੁਤ ਵੱਡਾ ਯੋਗਦਾਨ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਉਹਨਾਂ ਕਰਕੇ ਹੀ ਕੈਨੇਡਾ ਵਿਚ ਹਾਂ। ਉਹਨਾਂ ਦੇ ਨਿਮਰ ਸੁਭਾਅ ਅਤੇ ਦਿਖਾਵਾ ਨਾ ਕਰਨ ਦੀ ਬ੍ਰਿਤੀ ਨੇ ਸਾਨੂੰ ਤਰੱਕੀ ਦੇ ਰਾਹ ਪਾਇਆ ਹੈ। ਉਹ ਵੀ ਬਹੁਤ ਮਿਹਨਤੀ ਹੈ। ਪਤਾ ਨਹੀਂ ਸਾਡਾ ਇਹ ਜੋੜ ਕਿੱਦਾਂ ਜੁੜਿਆ! ਅਸੀਂ ਅੱਜ ਵੀ, ਦੋਵੇਂ ਜਣੇ, ਕੋਈ ਕੰਮ ਕਰਨ ਤੋਂ ਝਿਜਕਦੇ ਨਹੀਂ, ਚਾਹੇ ਸਾਡੇ ਬਿਜ਼ਨੱਸ ਜਾਂ ਗ੍ਰਹਿਸਤ ਨਾਲ ਸਬੰਧਤ ਹੋਵੇ। ਮੇਰੀਆਂ ਸਮਾਜ ਵਿਚਲੀਆਂ ਪ੍ਰਾਪਤੀਆਂ `ਤੇ ਉਸ ਨੂੰ ਬਹੁਤ ਮਾਣ ਹੈ। ਉਸ ਨੂੰ ਸਦਾ ਚਿੰਤਾ ਲੱਗੀ ਰਹਿੰਦੀ ਹੈ ਕਿ ਮੈਂ ਪਰਿਵਾਰ ਲਈ ਹਮੇਸ਼ਾ ਨਾਮਣਾ ਖੱਟਾਂ, ਕਿਸੇ ਤਰ੍ਹਾਂ ਦੀ ਬਦਨਾਮੀ ਨਹੀਂ। ਉਸ ਨੂੰ ਮੇਰੀਆਂ ਪ੍ਰਾਪਤੀਆਂ ਤੋਂ ਜਿਵੇਂ ਖੁਰਾਕ ਮਿਲਦੀ ਹੋਵੇ।ਮੇਰੀ ਮਾਂ ਤੋਂ ਬਾਅਦ ਮੈਂ ਉਹਨਾਂ ਨੂੰ ਵੀ ਉਸੇ ਲਹਿਜ਼ੇ ਵਿਚ ਦੇਖ ਰਿਹਾਂ ਹਾਂ ਕਿ ਕੋਈ ਗ਼ਲਤੀ ਨਾ ਹੋ ਜਾਵੇ, ਜਿਸ ਨਾਲ ਉਸ ਦਾ ਮਨ ਦੁਖੀ ਹੋਵੇ।
? ਕਿੰਨੇ ਕੁ ਪੜ੍ਹੇ ਹੋਏ ਨੇ ਉਹ?
— ਉਸ ਨੇ ਉਧਰਲੀ ਹਾਇਰ ਸੈਕੰਡਰੀ ਹੀ ਕੀਤੀ ਹੈ ਪਰ ਤਜੁਰਬਾ ਇੰਨਾ ਹੋ ਗਿਆ ਹੈ ਕਿ ਮੇਰੇ ਲਿਖੇ ਅੰਗ੍ਰੇਜ਼ੀ ਦੇ ਕਈ ਸ਼ਬਦਾਂ ਦੇ ਸਬਦ ਜੋੜ ਉਹ ਦਰੁਸਤ ਕਰਦੀ ਹੈ। ਉਹ ਕੈਲਕੂਲੇਟਰ ਨਹੀਂ ਵਰਤਦੀ, ਵੱਡੀਆਂ ਵੱਡੀਆਂ ਰਕਮਾਂ ਦੇ ਜੋੜ ਮਿੰਟਾਂ ਸਕਿੰਟਾਂ `ਚ ਕਰ ਦਿੰਦੀ ਹੈ।
? ਪਰਵਾਸੀ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੂੰ ਇਹ ਖਾਸ ਗਿਲਾ ਹੈ ਕਿ ਉਹਨਾ ਦੀ ਦੂਜੀ ਪੀੜ੍ਹੀ ਦੇ ਬੱਚੇ ਇਕ ਤਾਂ ਪੰਜਾਬੀ ਭਾਸ਼ਾ ਨੂੰ ਭੁੱਲ-ਵਿਸਰ ਜਾਂਦੇ ਨੇ। ਦੂਜੇ, ਉਹ ਇਥੋਂ ਦੇ ਕਲਚਰ ਦੀ ਡੇਟਿੰਗ ਆਦਿ ਦੇ ਚੱਕਰਾ ਵਿਚ ਪੈ ਜਾਂਦੇ ਨੇ। ਤੁਹਾਡੇ ਲੜਕੇ ਇਸ ਪੱਖ ਤੋਂ ਕਿਵੇਂ ਨੇ?
— ਨਹੀਂ ਜੀ, ਮੇਰੇ ਬੱਚੇ ਵੀ ਬਚ ਨਹੀਂ ਸਕਦੇ ਕਿਉਂਕਿ ਜਿਹੜਾ ਆਦਮੀ ਹੈ, ਜਿਵੇਂ ਮੈਂ ਕਿਹਾ, ਆਪਣੇ ਆਲ਼ੇ ਦੁਆਲ਼ੇ ਦੀ ਦੇਣ ਹੈ। ਮੇਰੇ ਬੱਚੇ ਵੀ ਆਲ਼ੇ ਦੁਆਲ਼ੇ ਦੇ ਵਰਤਾਰੇ ਤੋਂ ਕਿਵੇਂ ਅਣਭਿੱਜ ਰਹਿ ਸਕਦੇ ਨੇ! ਜਿਹੜੀ ਡੇਟਿੰਗ ਹੈ, ਉਹ ਇਸ ਕਲਚਰ ਦਾ ਅਨਿਖੜਵਾਂ ਅੰਗ ਹੈ। ਜਿਹੜੇ ਭਾਰਤੀ ਮਾਪੇ ਹਨ, ਉਹਨਾਂ ਵੀ ਇਹ ਗੱਲ ਪਰਵਾਨ ਕਰ ਲਈ ਹੈ ਕਿ ਬੱਚਿਆਂ ਨੂ ਆਪਣੇ ਅਨੁਸਾਰ ਚੱਲਣ ਦਿਉ, ਉਹਨਾਂ ਨੂੰ ਮਜਬੂਰ ਨਾ ਕਰੋ। ਦੂਸਰੀ ਗੱਲ ਹੈ ਕਿ ਸਾਡੇ ਬੱਚੇ ਆਪਣੇ ਦਾਦੇ ਦਾਦੀ ਨਾਲ, ਸਾਡੇ ਨਾਲ ਪੰਜਾਬੀ ਵਿਚ ਗੱਲ ਕਰ ਲੈਂਦੇ ਹਨ।
? ਲਿਖਣੀ ਜਾਣਦੇ ਹਨ?
— ਨਹੀਂ ਜੀ, ਲਿਖਣੀ ਨਹੀਂ ਜਾਣਦੇ।
? ਕੀ ਤੁਸੀਂ ਇਕ ਬੱਚਾ ਵਿਆਹਿਆ ਹੈ ਜਾਂ ਦੋਵੇਂ ਵਿਆਹ ਲਏ?
— ਨਹੀਂ ਜੀ, ਵੱਡਾ ਨਵਜੋਤ ਵਿਆਹਿਆ ਹੈ।
? ਕੀ ਉਹਦੀ ਲਵ-ਮੈਰਿਜ ਹੈ?
— ਹਾਂ ਜੀ, ਲਵ-ਮੈਰਿਜ ਹੈ ਪਰ ਪੰਜਾਬੀ ਪਰਿਵਾਰ ਵਿਚ ਹੀ ਹੈ। ਉਹਦਾ ਆਪਣਾ ਫੈਸਲਾ ਸੀ ਤੇ ਵਿਆਹ ਸਾਡੀ ਮਨਜ਼ੂਰੀ ਨਾਲ ਹੋਇਆ ਸੀ। ਮਾਲਵੇ ਦੇ ਮਸ਼ਹੂਰ ਪਿੰਡ ਬੀਲ੍ਹਾ ਤੋਂ ਰੰਧਾਵੇ ਪਰਿਵਾਰ ਦੀ ਲੜਕੀ ਹੈ।
? ਜੇ ਖੁੱਲ੍ਹ ਮਿਲ ਜਾਵੇ ਤਾਂ ਕਿਸ ਨੂੰ ਚੁਣੋਗੇ, ਮੰਗਾ ਸਿੰਘ ਬਾਸੀ ਬਤੌਰ ਇਕ ਸ਼ਾਇਰ ਜਾਂ ਮੰਗਾ ਸਿੰਘ ਬਾਸੀ ਬਤੌਰ ਰੀਅਲਟਰ, ਬਿਜ਼ਨੱਸਮੈਨ?
— ਮੈਂ ਤਾਂ ਆਪਣੇ ਆਪ ਨੂੰ ਸਮਾਜ ਦੇ ਇਕ ਜੀਵ ਵਜੋਂ ਹੀ ਚੁਣਾਂਗਾ, ਜਿਹੜਾ ਕਿ ਸਫਲਤਾਵਾਂ ਤੇ ਅਸਲਫਤਾਵਾਂ ਦਾ ਮਿਸ਼ਰਣ ਹੈ। ਮੈਂ ਇਹ ਮੋਹਰ ਨਹੀਂ ਲਾਊਂਗਾ ਕਿ ਮੈਂ ਇਕ ਬਹੁਤ ਵੱਡਾ ਬਿਜ਼ਨੱਸਮੈਨ ਹਾਂ ਜਾਂ ਵੱਡਾ ਸ਼ਾਇਰ ਹਾਂ। ਇਹ ਤਾਂ ਮੇਰੇ ਦੋਸਤਾਂ-ਮਿੱਤਰਾਂ ਨੇ ਤੇ ਪਾਠਕਾਂ ਨੇ ਫੈਸਲਾ ਕਰਨਾ ਹੈ ਕਿ ਮੰਗਾ ਇਕ ਬਿਜ਼ਨੱਸਮੈਨ ਹੁੰਦਾ ਹੋਇਆ ਇਕ ਚੰਗਾ ਲਿਖਾਰੀ ਵੀ ਹੈ।
? ਕੀ ਤੁਸੀਂ ਆਪਣੇ ਪਰਿਵਾਰਕ ਜੀਵਨ ਤੋਂ ਸੰਤੁਸ਼ਟ ਹੋ?
— ਪਹਿਲੀ ਗਲ ਤਾਂ ਮੈਂ ਆਪਣੇ ਮਾਪਿਆਂ ਤੋਂ ਸੰਤੁਸ਼ਟ ਹਾਂ ਕਿਉਂਕਿ ਉਹ ਆਪਣੇ ਬੱਚੇ ਤੋਂ ਜੋ ਆਸ ਰਖਦੇ ਸੀ, ਮੈਂ ਉਸ ਅਨੁਸਾਰ ਪੂਰਾ ਉਤਰਿਆ ਹਾਂ। ਤੁਹਾਡੇ ਜਿਹੇ ਦੋਸਤਾਂ-ਮਿਤਰਾਂ ਕੋਲ ਮੇਰੇ ਮਾਂ ਬਾਪ ਆਪ ਦਸਦੇ ਹਨ, “ਸਾਡੇ ਮੁੰਡੇ ਨੇ ਸਾਨੂੰ ਉਹ ਕੁਝ ਦਿਖਾ ਦਿੱਤੈ ਜੋ ਅਸੀਂ ਉਸ ਤੋਂ ਉਮੀਦ ਵੀ ਨਹੀਂ ਸੀ ਕੀਤੀ।” ਦੂਸਰੀ ਗੱਲ ਹੈ, ਮੈਂ ਆਪਣੀ ਘਰ ਵਾਲੀ ਤੋਂ, ਉਸ ਦੀ ਮੇਰੇ ਪ੍ਰਤੀ, ਮਾਪਿਆਂ, ਭੈਣਾਂ-ਭਰਾਵਾਂ, ਰਿਸ਼ਤੇਦਾਰਾਂ ਤੇ ਮੇਰੇ ਪਿੰਡ ਪ੍ਰਤੀ ਜੋ ਉਸ ਦੀ ਦੇਣ ਹੈ, ਉਸ ਤੋਂ ਖੁਸ਼ ਹਾਂ। ਬੱਚੇ ਵੀ ਠੀਕ ਹਨ, ਸਾਡੇ ਕਹਿਣੇ `ਚ ਨੇ।
? ਜੇ ਦੂਜੇ ਜਨਮ ਦੀ ਗੱਲ ਕਰੀਏ, ਦੂਜਾ ਜਨਮ ਤੁਹਾਨੂੰ ਲੈਣਾ ਪਵੇ, ਕਿਹੜੇ ਦੇਸ ਵਿਚ ਲੈਣਾ ਪਸੰਦ ਕਰੋਗੇ। ਭਾਰਤ ਵਿਚ ਜਾਂ ਕੈਨੇਡਾ ਵਿਚ?
— ਦੇਖੋ ਅਵਤਾਰ ਸਿੰਘ ਜੀ, ਜਨਮ ਭਾਵੇਂ ਕਿਤੇ ਵੀ ਹੋਵੇ ਪਰ ਬਚਪਨ ਤੇ ਜੁਆਨੀ ਮੇਰੇ ਪਿੰਡ ਦੇ ਮਾਹੌਲ ਵਰਗੀ ਹੋਵੇ। ਮੇਰੇ ਪਿੰਡ `ਚ ਜਿਹੋ ਜਿਹੀ ਮੈਨੂੰ ਨਸੀਬ ਹੋਈ ਐ। ਬਾਕੀ ਸੰਸਾਰ ਤਾਂ ਹੁਣ ਗਲੋਬਲ ਪਿੰਡ ਬਣ ਚੁੱਕਾ ਹੈ। ਮੈਂ ਆਪਣੇ ਪਿੰਡ ਦੀ ਬਹੁਤ ਵਾਰੀ ਸਿਫਤ ਕੀਤੀ ਹੈ, ਕਰੂੰਗਾ ਵੀ। ਪਰ ਇਹਦਾ ਇਹ ਮਤਲਬ ਨਹੀਂ ਕਿ ਮੈਂ ਪੂਰੀ ਤਰ੍ਹਾਂ ਬੀੜ-ਬੰਸੀਆਂ ਦਾ ਹੀ ਹਾਂ, ਮੰਜਕੀ ਜਾਂ ਦੋਆਬੇ ਪੰਜਾਬ ਦਾ ਹੀ ਹਾਂ। ਮੇਰੇ ਫੋਨ `ਚ ਦੁਨੀਆ ਬੈਠੀ ਹੈ।
? ਮੰਗਾ ਜੀ, ਪਿੱਛੇ ਮੁੜ ਕੇ ਦੇਖੋ ਤਾਂ ਕਿਹੜਾ ਜੀਵਨ ਸਭ ਤੋਂ ਔਖਾ ਬਤੀਤ ਹੋਇਆ ਜਾਪਦੈ?
— ਸਭ ਤੋਂ ਸੰਘਰਸ਼ਮਈ ਤਾਂ ਲੱਕੜ ਮਿੱਲ ਵਿਚ ਗੁਜ਼ਾਰੇ 13 ਸਾਲਾਂ ਦਾ ਜੀਵਨ ਹੀ ਲਗਦਾ ਹੈ।
? ਉਸ ਕਸ਼ਟਦਾਇਕ ਜੀਵਨ ਬਾਰੇ ਕੋਈ ਬੋਲੀ ਹੋ ਜਾਵੇ?
— ਸੁਣੋ ਫੇਰ;
ਅੱਖੀਆਂ ਦੇ ਵਿਚ ਬੂਰਾ ਰੜਕੇ, ਖੜਕਾ ਸੁਣਨ ਨਾ ਦੇਵੇ
ਵਾਂਗ ਮਸ਼ੀਨਾਂ ਚਲਦੀ ਜਿੰਦੜੀ, ਪਲ ਭਰ ਚੈਨ ਨਾ ਆਵੇ
ਕੜੀਆਂ ਵਰਗੇ ਫੱਟੇ ਖਿੱਚੀਏ, ਦਿਲ ਅੰਦਰੋਂ ਘਬਰਾਵੇ
ਘੂਰੀ ਮਾਲਕ ਦੀ, ਚੀਰ ਕਾਲਜਾ ਜਾਵੇ…।
? ਬੀੜ-ਬੰਸੀਆਂ ਛੱਡਣ ਦਾ ਕਦੇ ਵੀ ਪਛਤਾਵਾ ਨਹੀਂ ਹੋਇਆ?
— ਨਹੀਂ ਜੀ, ਬਿਲਕੁਲ ਨਹੀਂ। ਉੱਥੇ ਮੈਂ ਵੱਧ ਤੋਂ ਵੱਧ ਇਕ ਅਧਿਆਪਕ ਬਣ ਜਾਂਦਾ, ਪਿੰਡ ਦਾ ਸਰਪੰਚ ਬਣ ਜਾਂਦਾ ਪਰ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਸ਼ਾਇਦ ਜ਼ਿੰਦਗੀ ਦੀ ਤਸਵੀਰ ਦੇ ਰੰਗ ਹੀ ਵੱਖਰੇ ਹੁੰਦੇ।
? ਆਖਰੀ ਸੁਆਲ ਤੁਸੀਂ ਆਪਣੇ ਆਪ ਨੂੰ ਕਰੋ ਜੇ ਕੋਈ ਹੋਵੇ?
— ਬੱਸ ਜੀ, ਮੇਰੇ ਆਪਣੇ ਕੋਲੋਂ ਕੋਈ ਖਾਸ ਗੱਲ ਪੁੱਛਣ ਵਾਲੀ ਰਹਿ ਨਹੀਂ ਗਈ। ਤੁਸੀਂ ਬੜੇ ਰੌਚਿਕ ਤਰੀਕੇ ਨਾਲ ਮੇਰੇ ਮਨ ਦੀਆਂ ਗੰਢਾਂ ਖੁੱਲ੍ਹਵਾਈਆਂ ਨੇ। ਤੁਸੀਂ ਵੱਡੇ ਲੇਖਕ ਹੋਣ ਦੇ ਨਾਲ ਨਾਲ ਇਕ ਇਕ ਚੰਗੇ ਮੁਲਾਕਾਤੀ ਵੀ ਹੋ। ਮੈਂ ਤਾਂ ਜੋ ਮੇਰੇ ਕੋਲ ਸੀ, ਤੁਹਾਨੂੰ ਦੱਸ ਦਿੱਤਾ। ਜੀਵਨ ਇਕ ਸੰਘਰਸ਼ ਹੈ, ਜਿਸ ਦੇ ਵੱਖ ਵੱਖ ਪੜਾਅ ਹਨ।ਇਕ ਰੇਲ ਗੱਡੀ ਵਾਂਗ ਵੱਖੋ ਵੱਖਰੇ ਸਟੇਸ਼ਨ ਤਹਿ ਕਰਨੇ ਹਨ। ਇਕ ਸਟੇਸਨ `ਤੇ ਪਹੁੰਚਦੇ ਹਾਂ ਤਾਂ ਅਗਲੇ ਸਟੇਸ਼ਨ `ਤੇ ਪਹੁੰਚਣ ਦੀ ਲਾਲਸਾ ਵਧ ਜਾਂਦੀ ਹੈ। ਜ਼ਿੰਦਗੀ ਦੇ ਹਰ ਪੜਾਅ ਨੂੰ ਮਾਨਣਾ ਚਾਹੀਦਾ ਹੈ। ਕਿਉਂਕਿ ਜੀਵਨ ਬਹੁਤ ਵਚਿੱਤਰ ਹੈ, ਮਾਨਣਯੋਗ ਹੈ।
? ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਬਾਸੀ ਜੀ।
— ਤੁਹਾਡਾ ਵੀ ਤਹਿ ਦਿਲੋਂ ਧੰਨਵਾਦ, ਬਿਲਿੰਗ ਸਾਹਿਬ।
ਈ-ਮੇਲ: avtarsinghbilling@gmail.com

