ਵਰਤਮਾਨ ਸਮੇਂ ਪੰਜਾਬ ਜੋ ਦੇਸ਼ ਦਾ ਮੋਹਰੀ ਸਿਰਕੱਢ ਸੂਬਾ ਹੈ, ਦੇਸ਼ ਦੇ ਲੋਕਾਂ ਨੂੰ ਸੇਧ ਦੇਣ ਦੀ ਥਾਂ ਖੁਦ ਹੀ ਸੇਧ ਭਾਲ ਰਿਹਾ ਹੈ। ਦੇਸ਼ ਦੀ ਸਿਆਸਤ ਜਦ ਵੀ ਰਾਹੋਂ ਭਟਕਦੀ ਸੀ ਤਦ ਉਹ ਪੰਜਾਬ ਦੇ ਆਗੂਆਂ ਤੋਂ ਰਹਿਨੁਮਾਈ ਲੈਂਦੀ ਰਹੀ ਹੈ। 1947 ਵਿੱਚ ਮਾਸਟਰ ਤਾਰਾ ਸੰਘ ਦੀ ਅਗਵਾਈ ਥੱਲੇ ਜਿਨਾਹ ਦੀਆਂ ਨੀਤੀਆਂ ਦੇ ਵਿਰੋਧ ਦੀ ਪਹਿਲ ਕਦਮੀ ਹੋਈ ਸੀ। 1966 ਵਿੱਚ ਵੀ ਪੰਜਾਬ ਦੇ ਆਗੂ ਦੇਸ਼ ਦੇ ਸੂਬਿਆਂ ਦੇ ਪੁਨਰ ਗਠਨ ਦੀ ਨੀਤੀ ਨੂੰ ਪ੍ਰਭਾਵਤ ਕਰਨ ਵਿੱਚ ਸਫਲ ਹੋਏ ਸਨ । ਕਿਸੇ ਵਕਤ ਦੇਸ਼ ਦੇ ਰਾਸਟਰਪਤੀ ਵਰਗੇ ਵਕਾਰੀ ਅਹੁਦੇ ਉੱਪਰ ਗਿਆਨੀ ਜੈਲ ਸਿੰਘ ਵਰਗੇ ਨੇਤਾ ਨੂੰ ਬਿਠਾਉਣਾਂ ਦੇਸ਼ ਦੀ ਸਿਆਸਤ ਦੀ ਮਜਬੂਰੀ ਬਣਿਆ ਸੀ। ਜਦ ਦੇਸ਼ ਪ੍ਰਧਾਨ ਮੰਤਰੀ ਚੰਦਰ ਸੇਖਰ ਦੇ ਜ਼ਮਾਨੇ ਵਿੱਚ ਦਿਵਾਲੀਆ ਹੋਣ ਤੋਂ ਬਚਣ ਲਈ ਸੋਨਾ ਗਹਿਣੇ ਰੱਖਣ ਲੱਗਿਆ ਸੀ ਅਤੇ ਉਸ ਤੋਂ ਬਾਅਦ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਲਈ ਮਨਮੋਹਨ ਸਿੰਘ ਵਰਗੇ ਪੰਜਾਬੀ ਨੂੰ ਵਿੱਤ ਮੰਤਰੀ ਬਨਾਉਣਾਂ ਪਿਆ ਸੀ।
ਜਦ ਸੋਨੀਆਂ ਪ੍ਰਧਾਨ ਮੰਤਰੀ ਬਣਨ ਦੇ ਨੇੜੇ ਸੀ ਪਰ ਦੇਸ਼ ਦੀ ਸਿਆਸਤ ਨੂੰ ਮਨਮੋਹਨ ਸਿੰਘ ਨੂੰ ਚੁਣਨਾਂ ਮਜਬੂਰੀ ਬਣਿਆਂ ਸੀ ਅਤੇ ਮਨਮੋਹਨ ਸਿੰਘ ਦੀਆਂ ਸਫਲ ਨੀਤੀਆਂ ਨੇ ਕਾਂਗਰਸ ਨੂੰ ਦੁਬਾਰਾ ਚੋਣ ਜਿਤਵਾਕੇ ਇਤਿਹਾਸਕ ਮਿਸਾਲ ਪੇਸ ਕਰ ਦਿੱਤੀ ਸੀ। ਕਿਸੇ ਗੈਰ ਗਾਂਧੀ ਪਰੀਵਾਰ ਦੇ ਗੈਰ ਰਾਜਨੀਤਕ ਪੰਜਾਬੀ ਦਾ ਇਹ ਇਤਿਹਾਸਕ ਕਾਰਨਾਮਾ ਸੀ । ਮਨਮੋਹਨ ਸਿੰਘ ਨੇ ਦੇਸ਼ ,ਪੰਜਾਬੀਆਂ ਅਤੇ ਸਿੱਖ ਕੌਮ ਦੀ ਪਛਾਣ ਦੁਨੀਆਂ ਵਿੱਚ ਸਥਾਪਤ ਕੀਤੀ ਸੀ।
2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਸਥਾਪਤ ਅਕਾਲੀ ਸਰਕਾਰ ਅਤੇ ਦਿੱਲੀ ਵਿਚਲੀ ਦੇਸ਼ ਦੀ ਕਾਂਗਰਸ ਸਰਕਾਰ ਆਪੋ ਆਪਣੀ ਸੱਚੀ ਝੂਠੀ ਬਦਨਾਮੀ ਕਾਰਨ ਪੰਜਾਬ ਵਿੱਚ ਇੱਕ ਨਵੀਂ ਹੀ ਧਿਰ ਆਮ ਆਦਮੀ ਪਾਰਟੀ ਨੂੰ ਪੈਰ ਟਿਕਾਉਣ ਦਾ ਮਹੌਲ ਦੇ ਗਈਆਂ ਸਨ। ਇਹ ਪਾਰਟੀ ਭਾਵੇ ਆਪਣੇ ਜਨਮ ਸਥਾਨ ਦਿੱਲੀ ਅਤੇ ਸਮੁੱਚੇ ਦੇਸ਼ ਵੱਚ ਫੇਲ ਹੋ ਗਈ ਸੀ ਪਰ ਪੰਜਾਬ ਵਿੱਚੋਂ ਚਾਰ ਸੀਟਾਂ ਲੈ ਗਈ ਸੀ। ਇਹ ਕੋਈ ਪਾਰਟੀ ਦੀ ਕਾਡਰ ਬੇਸ ਜਾਂ ਕਿਸੇ ਅਧਾਰ ਦੀ ਬਦੌਲਤ ਜਿੱਤ ਨਹੀਂ ਸੀ ਬਲਕਿ ਲੋਕਾਂ ਦਾਂ ਸਥਾਪਤ ਧਿਰਾਂ ਖਿਲਾਫ ਲੋਕ ਰੋਹ ਹੀ ਸੀ ਪਰ ਪੰਜਾਬ ਦੀ ਇਸ ਜਿੱਤ ਨੇਂ ਇਸ ਪਾਰਟੀ ਨੂੰ ਦੁਬਾਰਾ ਦਿੱਲੀ ਵਿੱਚ ਪੈਰ ਟਿਕਾਉਣ ਦਾ ਰਾਹ ਬਚਾਈ ਰੱਖਿਆ ਸੀ। ਥੋੜੇ ਸਮੇਂ ਬਾਅਦ ਦਿੱਲੀ ਵਿਧਾਨ ਸਭਾ ਵਿੱਚ ਇਸ ਪਾਰਟੀ ਦੀ ਹੂੰਝਾ ਫੇਰੂ ਜਿੱਤ ਹੋ ਗਈ । ਇਸ ਪਾਰਟੀ ਦੀ ਇਸ ਵੱਡੀ ਜਿੱਤ ਨੇਂ ਇਸ ਦੇ ਹੰਕਾਰੀ ਅਤੇ ਕੱਚ ਘਰੜ ਕਨਵੀਨਰ ਕੇਜਰੀਵਾਲ ਦੇ ਦਿਮਾਗ ਨੂੰ ਸੱਤ ਅਸਮਾਨਾਂ ਤੋਂ ਵੀ ਉੱਪਰ ਕਰ ਦਿੱਤਾ ਸੀ।ਪਾਰਟੀ ਦੇ ਆਗੂਆਂ ਨੂੰ ਜਿੱਤ ਤੋਂ ਬਾਅਦ ਹੰਕਾਰ ਨਹੀਂ ਕਰਨ ਦਾ ਉਪਦੇਸ਼ ਦੇਣ ਵਾਲਾ ਕੇਜਰੀਵਾਲ ਖੁਦ ਹੀ ਏਨਾਂ ਹੰਕਾਰੀ ਹੋ ਗਿਆਂ ਕਿ ਉਸਨੇ ਆਪਣੀ ਹੀ ਪਾਰਟੀ ਦੇ ਜਨਮ ਦਾਤਿਆਂ ਉੱਪਰ ਕੁਹਾੜਾ ਵਾਹੁਣਾਂ ਸੁਰੂ ਕਰ ਦਿੱਤਾ। ਸਭ ਤੋਂ ਪਹਿਲਾ ਵਾਰ ਇੱਕ ਕਰੋੜ ਦੇ ਸੁਰੂਆਤੀ ਫੰਡ ਡੇ ਕੇ ਦਫਤਰ ਖੁਲਵਾਉਣ ਵਾਲੇ ਪਰਸ਼ਾਂਤ ਭੂਸ਼ਣ ਤੇ ਕੀਤਾ ਅਤੇ ਦੂਜਾ ਵਾਰ ਜੋਗਿੰਦਰ ਯਾਦਵ ਵਰਗੇ ਉੱਚ ਨੇਤਾ ਦੇ ਖਿਲਾਫ ਹਰ ਮਾੜੀ ਨੀਚ ਹਰਕਤ ਕੀਤੀ। ਤੀਜਾ ਭਰਿਸਟਾਚਾਰ ਵਿਰੋਧੀ ਅੰਦੋਲਨ ਦੇ ਆਗੂ ਗੁਰੂ ਰੂਪ ਅੰਨਾਂ ਹਜਾਰੇ ਦੀ ਤੌਹੀਨ ਕਰਨ ਦੀ ਕੋਈ ਕਸਰ ਨਹੀਂ ਛੱਡੀ। ਪੰਜਾਬ ਦੇ ਲੋਕਾਂ ਦੁਆਰਾ ਚੁਣੇ ਹੋਏ ਦੋ ਇਮਾਨਦਾਰ ਲੋਕ ਪੱਖੀ ਆਗੂਆਂ ਧਰਮਵੀਰ ਗਾਂਧੀਂ ਅਤੇ ਹਰਿੰਦਰ ਖਾਲਸਾ ਨੂੰ ਵੀ ਜ਼ਲੀਲ ਕਰਨ ਦਾ ਹਰ ਢੰਗ ਵਰਤਿਆਂ ਗਿਆਂ । ਪਾਰਟੀ ਖਾਤਰ ਆਪਣੇ ਡਾਕਟਰੀ ਕਿੱਤੇ ਅਤੇ ਆਰਥਿਕਤਾ ਨੂੰ ਦਾਅ ਤੇ ਲਾ ਦੇਣ ਵਾਲੇ ਅਨੁਸ਼ਾਸਨੀ ਕਮੇਟੀ ਦੇ ਮੁੱਖ ਆਗੂ ਡਾਕਟਰ ਦਲਜੀਤ ਸਿੰਘ ਅੰਮਿਰਤਸਰ ਨੂੰ ਪਾਰਟੀ ਵਿੱਚੋਂ ਖਾਰਜ ਕਰ ਦਿੱਤਾ ਗਿਆ। ਇਸ ਨੇਕ ਦਿਲ ਡਾਕਟਰ ਦੇ ਘਰ ਵਿੱਚ ਆਰਥਿਕਤਾ ਦੇ ਭਾਰੀ ਨੁਕਸਾਨ ਕਾਰਨ ਪਰੀਵਾਰਕ ਝਗੜੇ ਵੀ ਸਹਿਣੇ ਪਏ। ਇਸ ਤਰ੍ਹਾਂ ਹੀ ਪੰਜਾਬ ਦੇ ਹੋਰ ਅਨੇਕਾਂ ਵਲੰਟੀਅਰ ਜਿਨ੍ਹਾਂ 2014 ਦੀਆਂ ਚੋਣਾਂ ਵਿੱਚ ਅਗਵਾਈ ਦਿੱਤੀ ਸੀ ਨੂੰ ਕੇਜਰੀਵਾਲ ਦੀ ਜੁੰਡਲੀ ਨੇ ਜਲੀਲ ਕਰਕੇ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਗਿਆ। ਪਾਰਟੀ ਦੀ ਵਾਗਡੋਰ ਗੁਲਾਮ ਕਿਸਮ ਅਤੇ ਚਮਚਾ ਕਿਸਮ ਦੇ ਕਮਜ਼ੋਰ ਨਸ਼ਈ ਲੋਕਾਂ ਦੇ ਹੱਥ ਵਿੱਚ ਦੇਕੇ ਪਾਰਟੀ ਨੂੰ ਰਖੈਲ ਬਣਾ ਲਿਆ ਗਿਆ। ਇਸ ਦੇ ਆਗੂਆਂ ਵਿੱਚ ਕਾਮਨ ਵੈਲਥ ਘੋਟਾਲੇ ਦੇ ਨਜ਼ਦੀਕੀ ਪੈਸਾ ਇਕੱਠਾ ਕਰੂ ,ਦਲਬਦਲੂ ਲੋਕਾਂ, ਅਤੇ ਗੰਭੀਰਤਾ ਤੋਂ ਸੱਖਣੇ ਗੈਰ ਰਾਜਨੀਤਕ ਅਤੇ ਐਸ ਪਰਸਤੀ ਕਰਨ ਵਾਲੇ ਗੈਰ ਸਮਾਜ ਸੇਵੀ ਲੋਕਾਂ ਦੇ ਹੱਥ ਦੇ ਦਿੱਤੀ ਗਈ ਹੈ। ਪੰਜਾਬ ਦੇ ਇਸ ਤਰ੍ਹਾਂ ਦੇ ਕਮਜ਼ੋਰ ਆਗੂਆਂ ਉੱਪਰ ਸੱਠ ਦੇ ਕਰੀਬ ਚਮਚਾ ਕਿਸਮ ਦੇ ਗੁਲਾਮ ਅਬਜਰਵਰ ਬਿਠਾ ਦਿੱਤੇ ਗਏ ਹਨ। ਅਣਖਾਂ ਇੱਜਤਾਂ ਅਤੇ ਦਲੇਰ ਬਹਾਦਰ ਪੰਜਾਬੀਆਂ ਵਿੱਚੋਂ ਤੇਜਾ ਸਿੰਘ ਅਤੇ ਲਾਲ ਸਿੰਘਾਂ ਦੀ ਭਾਲ ਕਰਕੇ ਪੰਜਾਬ ਵਿੱਚ ਪਾਰਟੀ ਸੰਗਠਨ ਖੜਾ ਕਰ ਲਿਆ ਗਿਆ ਹੈ। ਇਹ ਹਾਲਤ ਪੰਜਾਬੀ ਲੋਕਾਂ ਲਈ ਖੂਹਾਂ ਖਾਤਿਆਂ ਦੀ ਚੋਣ ਹੋਕੇ ਰਹਿ ਗਈ ਹੈ।
ਵਰਤਮਾਨ ਸਮੇਂ ਪੰਜਾਬ ਦੇ ਆਰਥਿਕ ਅਤੇ ਰਾਜਨੀਤਕ ਹਾਲਾਤ ਬਹੁਤ ਹੀ ਖਤਰਨਾਕ ਹਨ। ਇਹੋ ਜਿਹੇ ਹਾਲਾਤਾਂ ਵਿੱਚ ਪੰਜਾਬੀਆਂ ਦੀ ਪੰਜਾਬ ਪ੍ਰਤੀ ਸੁਹਿਰਦ ਰਾਜਨੀਤਕਾਂ ਦੀ ਲੋੜ ਸੀ ਪਰ ਹਾਲਾਤ ਇਹੋ ਜਿਹੇ ਹਨ ਕਿ ਪੰਜਾਬ ਵਿੱਚ ਉੱਠ ਰਿਹਾ ਤੀਜਾ ਬਦਲ ਪੰਜਾਬ ਅਤੇ ਪੰਜਾਬੀਅਤ ਵਿਰੋਧੀਆਂ ਦੀ ਜੇਬ ਵਿੱਚੋਂ ਨਿਕਲ ਰਿਹਾ ਹੈ। ਇਸ ਤੀਜੇ ਬਦਲਦੀ ਕਾਮਯਾਬੀ ਵਿੱਚ ਆਰਥਿਕ ਤੌਰ ਤੇ ਵੀ ਦੇਸੀ ਵਿਦੇਸੀ ਪੰਜਾਬੀਆਂ ਦੀ ਹੀ ਗੁੰਮਰਾਹ ਕਰਕੇ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਨਾਂ ਦੇ ਦਰੱਖਤ ਦੇ ਉੱਪਰ ਕੁਹਾੜਾ ਚਲਵਾਉਣ ਲਈ ਦਸਤਾ ਵੀ ਪੰਜਾਬੀ ਹੀ ਮੁਹਈਆ ਕਰਵਾ ਰਹੇ ਹਨ। ਪੰਜ ਆਬਾਂ ਦੀ ਧਰਤੀ ਅਖਵਾਉਣ ਵਾਲਾ ਇਹ ਖਿੱਤਾ ਆਪਣਾ ਪਾਣੀ ਵੀ ਭਵਿੱਖ ਵਿੱਚ ਗਵਾ ਲਵੇਗਾ ਦੀ ਪੂਰੀ ਸੰਭਾਵਨਾਂ ਹੈ। ਪੰਜਾਬੀ ਸਭਿਆਚਾਰ ਨੂੰ ਵੀ ਗੁਰੂਆਂ ਪੀਰਾਂ ਫਕੀਰਾਂ ਦੇ ਰਾਹ ਤੋਂ ਥਿੜਕਾਉਣ ਅਤੇ ਡੇਰੇਦਾਰਾਂ ਨੂੰ ਮਾਲਕ ਬਨਾਉਣ ਦੀਆਂ ਪੂਰੀਆਂ ਸੰਭਾਵਨਾਵਾਂ ਬਣ ਗਈਆਂ ਹਨ। ਇੱਕ ਪਾਸੇ ਪੰਜਾਬ ਦੀਆਂ ਵਰਤਮਾਨ ਰਾਜਨੀਤਕ ਧਿਰਾਂ ਦਾ ਹਿੱਤ ਪੰਜਾਬ ਦੀ ਥਾਂ ਪਰਿਵਾਰਕ ਹਿੱਤ ਹੋਣ ਕਰਕੇ ਆਮ ਲੋਕ ਉਹਨਾਂ ਤੋਂ ਅੱਕ ਚੁੱਕੇ ਹਨ ਦੂਸਰੇ ਪਾਸੇ ਕਾਂਗਰਸ ਦੀਆਂ ਨੀਤੀਆਂ ਦੀ ਵੀ ਕੋਈ ਸਪੱਸਟ ਪੰਜਾਬੀ ਸੇਧ ਦੀ ਅਣਹੋਂਦ ਹੋ ਰਹੀ ਹੈ। ਇਹਨਾਂ ਦੋ ਖਾਤਿਆਂ ਤੋਂ ਬਚਣ ਦਾ ਰਾਹ ਲੱਭਦੇ ਪੰਜਾਬੀ ਹੁਣ ਖੂਹ ਵਿੱਚ ਡਿੱਗਣ ਵੱਲ ਵਧ ਰਹੇ ਹਨ। ਇਸ ਖੂਹ ਵਿੱਚ ਡਿੱਗਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਪਰੀਵਾਰਕ ਹਿੱਤਾਂ ਵਾਲੀ ਨੀਤੀ ਕਾਰਨ ਅੰਗਰੇਜਾਂ ਦੇ ਗੁਲਾਮ ਹੋਣਦੇ ਵਰਗਾ ਇਤਿਹਾਸ ਦੁਬਾਰਾ ਦੁਹਰਾਇਆ ਜਾਣਾਂ ਹੀ ਹੋਵੇਗਾ।ਅੱਜ ਵੀ ਪੰਜਾਬ ਦੇ ਰਾਜਨੀਤਕਾਂ ਨੂੰ ਆਪਣੇ ਪਰੀਵਾਰਕ ਹਿੱਤ ਤਿਆਗ ਕੇ ਪੰਜਾਬ ਬਾਰੇ ਸੋਚਣਾਂ ਚਾਹੀਦਾ ਹੈ। ਪੰਜਾਬ ਦੇ ਅਸਲ ਹਿੱਤਾਂ ਦੀ ਰਾਖੀ ਕਰਨ ਵਾਲੇ ਘਰਾਂ ਅੰਦਰ ਦੜ ਵੱਟ ਰਹੇ ਲੋਕਾਂ ਲਈ ਵੀ ਇਹ ਆਖਰੀ ਮੌਕਾ ਹੈ ਜੋ ਦੜ ਵੱਟੀ ਬੈਠੇ ਹਨ ਕਿ ਜੇ ਉਹ ਪੰਜਾਬੀਆਂ ਦੀ ਤਬਾਹੀ ਕਰਨ ਵਾਲੀਆਂ ਤਿੰਨ ਧਿਰਾਂ ਦੇ ਮੁਕਾਬਲੇ ਉੱਤੇ ਚੌਥੀ ਧਿਰ ਨਹੀਂ ਖੜੀ ਕਰਨਗੇ ਤਦ ਪੰਜਾਬ ਦਾ ਭਵਿੱਖ ਗੁਲਾਮੀ ਦੇ ਲੰਬੇ ਯੁੱਗ ਵਿੱਚ ਪਰਵੇਸ਼ ਕਰ ਜਾਵੇਗਾ ਅਤੇ ਸਾਇਦ ਸਦੀਆਂ ਦਹਾਕੇ ਬੀਤ ਜਾਣ ਪੰਜਾਬ ਦੀ ਪਹਿਚਾਣ ਸਥਾਪਤ ਕਰਨ ਲਈ। ਇਹ ਇਤਿਹਾਸ ਵਿੱਚ ਪੰਜਾਬੀਆਂ ਦਾ ਉਹ ਕਾਲਾ ਦੌਰ ਹੋਵੇਗਾ ਜਦ ਉਹਨਾਂ ਨੇ ਆਪਣੇ ਆਪ ਨੂੰ ਗੁਲਾਮ ਬਣਾਕਿ ਬਿਗਾਨਿਆਂ ਹੱਥ ਜਾਣ ਵਰਗਾ ਕਦਮ ਪੁੱਟਿਆ ਮੰਨਿਆਂ ਜਾਵੇਗਾ। ਪੰਜਾਬੀ ਲੋਕਾਂ ਨੂੰ ਦੁਨੀਆਂ ਨੂੰ ਸੇਧ ਦੇਣ ਤੱਕ ਵਰਗੇ ਰਾਜ ਦੇਣ ਦੇ ਵਰ ਗੁਰੂਆਂ ਨੇਂ ਦਿੱਤੇ ਸਨ ਪਰ ਵਰਤਮਾਨ ਸਮੇਂ ਸੀਮਤ ਗਿਣਤੀ ਦੇ ਕੁੱਝ ਪੰਜਾਬੀ ਖੁਦ ਹੀ ਰਾਜ ਬਿਗਾਨਿਆਂ ਨੂੰ ਕਰਨ ਦੇ ਸੱਦੇ ਦੇ ਰਹੇ ਹਨ। ਆਉਣ ਵਾਲੇ ਮਹੀਨੇ ਤਹਿ ਕਰ ਦੇਣਗੇ ਕਿ ਕੀ ਪੰਜਾਬੀ ਖਾਤਿਆਂ ਤੋਂ ਖੂ੍ਹ ਵਿੱਚ ਡਿੱਗਣਗੇ ਜਾਂ ਇਸ ਔਖੀ ਘੜੀ ਵਿੱਚ ਵੀ ਦਰਿਆ ਪਾਰ ਕਰ ਜਾਣ ਦਾ ਚਮਤਕਾਰ ਕਰਨਗੇ।

