ਆਮ ਤੌਰ ’ਤੇ ਇਹ ਸੁਣਨ ਵਿੱਚ ਆਉਂਦਾ ਹੈ ਕਿ ਪੱਛਮੀ ਲੋਕਤੰਤਰ ਵਿੱਚ ਸਰਕਾਰ ਲੋਕਾਂ ਲਈ ਹੈ ਅਤੇ ਲੋਕਾਂ ਵੱਲੋਂ ਹੈ। ਪਰ ਸਚਾਈ ਇਹ ਹੈ ਕਿ ਪੱਛਮੀ ਲੋਕਤੰਤਰ ਵਿੱਚ ਸਰਕਾਰ ਸਰਮਾਏਦਾਰੀ ਦੀ ਹੈ। ਸਰਮਾਏਦਾਰਾਂ ਲਈ ਹੈ ਅਤੇ ਸਰਮਾਏਦਾਰਾਂ ਵੱਲੋਂ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਹਰ ਦੇਸ਼ ਵਿੱਚ ਅਮੀਰਾਂ ਅਤੇ ਗਰੀਬਾਂ ਵਿੱਚ ਪਾੜਾ ਵਧਿਆ ਹੈ, ਪੱਛਮੀ ਲੋਕਤੰਤਰ ਨੇ ਸਰਮਾਏ ਅਤੇ ਵਸੀਲਿਆਂ ਨੂੰ ਕੁੱਝ ਹੱਥਾਂ ਵਿੱਚ ਇਕੱਠਾ ਕਰ ਦਿੱਤਾ ਹੈ, ਲੋਕਾਂ ਦੀ ਵੱਡੀ ਬਹੁਗਿਣਤੀ ਇਨ੍ਹਾਂ ਦੇ ਲਾਭਾਂ ਤੋਂ ਵਾਂਝੀ ਰਹਿ ਗਈ ਹੈ, ਭਾਵੇਂ ਕਿ ਪੱਛਮੀ ਲੋਕਰਾਜੀ ਦੇਸ਼ਾਂ ਦੀਆਂ ਨੀਤੀਆਂ ਵਿੱਚ ਕੁਝ ਅੰਤਰ ਹਨ ਜਿਵੇਂ ਕਿ ਯੂਰਪੀਨ ਦੇਸ਼ਾਂ ਨੇ ਅਮਰੀਕਾ ਦੇ ਮੁਕਾਬਲੇ ਵਿੱਚ ਆਪਣੇ ਲੋਕਾਂ ਨੂੰ ਜ਼ਿਆਦਾ ਸਹੂਲਤਾਂ ਦਿੱਤੀਆਂ ਹਨ ਪਰ ਸਰਮਾਏਦਾਰੀ ਦਾ ਇਹ ਬੁਨਿਆਦੀ ਸਿਧਾਂਤ ਕਿ ਵਿਵਸਥਾ ਸਰਮਾਏਦਾਰੀ ਦੇ ਹਿੱਤਾਂ ਲਈ ਹੈ ਜਾਂ ਨਾ ਕਿ ਲੋਕਾਂ ਦੇ ਹਿੱਤ ਪੂਰਨ ਲਈ ਹੈ ਸਭ ਸਰਮਾਏਦਾਰ ਦੇਸ਼ਾਂ ’ਤੇ ਲਾਗੂ ਹੁੰਦਾ ਹੈ, ਕਿਉਂਕਿ ਸਰਮਾਏਦਾਰੀ ਵਿਵਸਥਾ ਵਿਚ ਹਮੇਸ਼ਾ ਆਰਥਿਕਤਾ ਨੂੰ ਨੈਤਿਕਤਾ ਤੋਂ ਉਪਰ ਰੱਖਿਆ ਜਾਂਦਾ ਹੈ।
ਸਰਮਾਏ ਅਤੇ ਵਸੀਲਿਆਂ ਦੀ ਜਾਇਜ਼ ਵੰਡ ਨੈਤਿਕਤਾ ਦਾ ਸਵਾਲ ਹੈ ਆਰਥਿਕਤਾ ਦਾ ਨਹੀਂ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਸਰਮਾਏਦਾਰੀ ਵਿਵਸਥਾ ਯੂਰਪ ਵਿੱਚ ਅੱਜ ਅਸੀਂ ਦੇਖ ਰਹੇ ਹਾਂ ਇਹ ਸਰਮਾਏਦਾਰੀ ਦਾ ਮੂਲ ਰੂਪ ਨਹੀਂ ਹੈ। ਯੂਰਪੀਨ ਸਰਮਾਏਦਾਰੀ ਦਾ ਮੂਲ ਰੂਪ ਸਾਨੂੰ ਉਨੀਵੀਂ ਸਦੀ ਦੇ ਯੂਰਪੀਨ ਲਿਖਾਰੀਆਂ ਦੀ ਲਿਖਤਾਂ ਵਿੱਚੋਂ ਮਿਲਦਾ ਹੈ। ਇਨ੍ਹਾਂ ਵਿੱਚ ਸਰਮਾਏਦਾਰੀ ਦਾ ਭਿਆਨਕ, ਕਰੂਰ ਅਤੇ ਜ਼ਾਲਮ ਚਿਹਰਾ ਨਜ਼ਰ ਆਉਂਦਾ ਹੈ। ਯੂਰਪੀਨ ਦੇਸ਼ਾਂ ਦੀ ਮੌਜੂਦਾ ਸਰਮਾਏਦਾਰੀ ਦੀ ਤਸਵੀਰ ਅਸਲ ਵਿੱਚ ਯੂਰਪੀਨ ਕਿਰਤੀ ਜਮਾਤ ਦੇ ਤਿੱਖੇ ਸੰਘਰਸ਼ਾਂ ਦਾ ਨਤੀਜਾ ਹੈ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਸਰਮਾਏਦਾਰਾਂ ਨੂੰ ਕੁਝ ਬੁਨਿਆਦੀ ਛੋਟਾਂ ਅਤੇ ਸਹੂਲਤਾਂ ਦੇਣ ਲਈ ਮਜ਼ਬੂਰ ਕਰ ਦਿੱਤਾ।
ਅਮਰੀਕਨ ਸਰਮਾਏਦਾਰੀ ਦੀ ਸਥਿਤੀ ਯੂਰਪੀਨ ਸਰਮਾਏਦਾਰੀ ਨਾਲੋਂ ਵੱਖਰੀ ਰਹੀ ਹੈ। ਅਮਰੀਕਨ ਸਰਮਾਏਦਾਰੀ ਨੇ ਘੱਟ ਗਿਣਤੀਆਂ ਜਿਵੇਂ ਕਾਲੇ, ਆਦਿਵਾਸੀ ਅਤੇ ਮੈਕਸੀਕਨ ਕਾਮਿਆਂ ਦੀ ਅਤਿ ਦਰਜੇ ਦੀ ਲੁੱਟ ਕੀਤੀ ਹੇ ਅਤੇ ਕਰ ਰਹੀ ਹੈ।
ਅਮਰੀਕਨ ਸਰਮਾਏਦਾਰੀ ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਅਤੇ ਉਨ੍ਹਾਂ ਦੀ ਬੇਹਦ ਲੁੱਟ ਕਰਕੇ ਅਤੇ ਆਦਿਵਾਸੀਆਂ ਦੀਆਂ ਜ਼ਮੀਨਾਂ ਗ਼ੈਰਕਾਨੂੰਨੀ ਅਤੇ ਜ਼ਾਲਮ ਢੰਗ ਨਾਲ ਉਨ੍ਹਾਂ ਤੋਂ ਖੋਹਕੇ ਤਕੜੀ ਹੋਈ ਹੈ। ਪੱਛਮੀ ਲੋਕਤੰਤਰ ਨੇ ਜੋ ਸ਼ਰਮਨਾਕ ਭੂਮਿਕਾ ਨਿਭਾਈ ਹੈ ਉਸ ਦੀ ਗਵਾਹੀ ਅਮਰੀਕਾ ਦਾ ਇਤਿਹਾਸ ਭਰਦਾ ਹੈ। ਅਮਰੀਕਾ ਵਿੱਚ ਇਸ ਨੂੰ ‘ਟਰੇਲ ਆਫ਼ ਟੀਅਰਜ਼’ ਕਿਹਾ ਜਾਂਦਾ ਹੈ। ਇਹ ਦਰਦ ਕਹਾਣੀ ਚੈਰੋਕੀ ਆਦਿਵਾਸੀ ਕਬੀਲੇ ਦੀ ਹੈ, ਸਾਡੇ ਕਈ ਪੱਛਮ ਪ੍ਰਸਤ ਅਤੇ ਅਮਰੀਕਾ ਭਗਤ ਅਮਰੀਕਾ ਦੀ ਕਾਨੂੰਨ ਵਿਵਸਥਾ ਅਤੇ ਲੋਕਰਾਜ਼ੀ ਪ੍ਰੰਪਰਾ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ ਪਰ ਇਤਿਹਾਸਕ ਸਚਾਈ ਇਸ ਦੇ ਬਿਲਕੁਲ ਉਲਟ ਹੈ। 1830 ਵਿੱਚ ਅਮਰੀਕਾ ਦੇ ਸੁਪਰੀਮ ਕੋਰਟ ਨੇ ਜਸਟਿਸ ਮਾਰਸ਼ਲ ਦੀ ਅਗਵਾਈ ਹੇਠ ਚੈਰੋਕੀ ਲੋਕਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਕਿ ਜਿਸ ਜ਼ਮੀਨ ’ਤੇ ਉਹ ਵਸੇ ਹੋਏ ਹਨ ਉਹ ਉਨ੍ਹਾਂ ਦੀ ਮਲਕੀਅਤ ਹੈ ਅਤੇ ਉਨ੍ਹਾਂ ਨੂੰ ਉਥੋਂ ਨਹੀਂ ਉਠਾਇਆ ਜਾ ਸਕਦਾ। ਪਰ ਉਸ ਵੇਲੇ ਦੀ ਅਖੌਤੀ ਲੋਕਰਾਜੀ ਸਰਕਾਰ ਜਿਸ ਦੇ ਪ੍ਰਧਾਨ ਐਂਡਰਿਊ ਜੈਕਸਨ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਕੋਈ ਪ੍ਰਵਾਹ ਨਾ ਕਰਦਿਆਂ ਹੋਇਆਂ ਚੈਰੋਕੀ ਕਬੀਲੇ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਨੂੰ ਜਬਰਦਸਤੀ ਉਨ੍ਹਾਂ ਦੀ ਜ਼ਮੀਨ ਤੋਂ ਕੱਢ ਕੇ ਹੋਰ ਥਾਵਾਂ ’ਤੇ ਜਾਣ ਲਈ ਮਜ਼ਬੂਰ ਕੀਤਾ। ਉਸ ਕਬੀਲੇ ਨੂੰ ਆਪਣੀ ਜੱਦੀ ਜ਼ਮੀਨ ਤੋਂ ਉਜਾੜਨ ਨਾਲ ਕਬੀਲੇ ਦਾ ਜਿੰਨਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਅਤੇ ਜੋ ਮੁਸੀਬਤਾਂ ਤੇ ਦੁਖਾਤਾਂ ਦਾ ਸਾਹਮਣਾ ਕਰਨਾ ਪਿਆ ਇਹ ਇਕ ਬਹੁਤ ਹੀ ਦਰਦ ਭਰੀ ਕਹਾਣੀ ਹੈ ਜਿਸ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਚੈਰੋਕੀ ਟਰੇਲ ਆਫ਼ ਟੀਅਰਜ਼ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਅਮਰੀਕਾ ਭਗਤ ਸ਼ਾਇਦ ਅਮਰੀਕਾ ਦੀ ਇਕ ਹੋਰ ਇਤਿਹਾਸਕ ਪ੍ਰਾਪਤੀ ਤੋਂ ਅਣਜਾਣ ਹਨ। ਉਹ ਇਹ ਹੈ ਕਿ ਅਮਰੀਕਾ ਸੰਸਾਰ ਦਾ ਇਕੋ ਇਕ ਦੇਸ਼ ਹੈ ਜਿੱਥੇ ਉਨੀਵੀਂ ਸਦੀ ਤੱਕ ਇਕ ਲੋਕਰਾਜੀ ਸਰਕਾਰ ਦੇ ਕਾਨੂੰਨਾਂ ਅਨੁਸਾਰ ਗੁਲਾਮੀ ਜਾਇਜ਼ ਰਹੀ ਜਦੋਂਕਿ ਬਾਕੀ ਸੰਸਾਰ ਵਿੱਚ ਇਹ ਹਜ਼ਾਰਾਂ ਜਾਂ ਸੈਂਕੜੇ ਸਾਲ ਪਹਿਲਾਂ, ਘੱਟੋ-ਘੱਟ ਕਾਨੂੰਨੀ ਤੌਰ ’ਤੇ, ਗੁਲਾਮੀ ਨੂੰ ਖ਼ਤਮ ਕਰ ਦਿੱਤਾ ਗਿਆ ਸੀ, 1807 ਵਿੱਚ ਇੰਗਲੈਂਡ ਨੇ ਗੁਲਾਮਾਂ ਦਾ ਵਪਾਰ ਕਰਨ ਵਿਰੁਧ ਕਾਨੂੰਨ ਬਣਾ ਦਿੱਤਾ। ਉਸ ਵੇਲੇ ਅਮਰੀਕਨ ਸਮੁੰਦਰੀ ਜਹਾਜ਼ਾਂ ਦੇ ਮਾਲਕਾਂ ਲਈ ਅਫਰੀਕਾ ਤੋਂ ਗੁਲਾਮਾਂ ਨੂੰ ਜਹਾਜ਼ਾਂ ਵਿੱਚ ਲੱਦਕੇ ਅਮਰੀਕਾ ਲਿਆਉਣਾ ਵੱਡਾ ਧੰਦਾ ਸੀ। ਪਰ ਇੰਗਲੈਂਡ ਦੀ ਸਮੁੰਦਰੀ ਫੌਜ ਨੇਵੀ ਨੇ ਅਜਿਹੇ ਜਹਾਜ਼ਾਂ ਨੂੰ ਸਮੁੰਦਰ ਵਿੱਚ ਹੀ ਰੋਕਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਜਦੋਂ ਅਮਰੀਕਨ ਸਮੁੰਦਰੀ ਜਹਾਜ਼ਾਂ ਨੂੰ ਪਤਾ ਲੱਗਦਾ ਸੀ ਕਿ ਇੰਗਲੈਂਡ ਦੀ ਨੇਵੀ ਦਾ ਛਾਪਾ ਪੈਣ ਵਾਲਾ ਹੈ ਤਾਂ ਉਹ ਇਨ੍ਹਾਂ ਕਾਲੇ ਲੋਕਾਂ ਨੂੰ ਸਮੁੰਦਰ ਵਿੱਚ ਸੁੱਟ ਦਿੰਦੇ ਸਨ ਜਿਨ੍ਹਾਂ ਨੂੰ ਕਿ ਸ਼ਾਰਕ ਮੱਛੀਆਂ ਖਾ ਜਾਂਦੀਆਂ ਸਨ। ਇਹ ਕਾਨੂੰਨ ਬਣਨ ਤੋਂ ਪਹਿਲਾਂ ਵੀ ਜੋ ਗੁਲਾਮ ਬਿਮਾਰ ਹੋ ਜਾਂਦੇ ਸਨ ਜਾਂ ਮਰ ਜਾਂਦੇ ਸਨ, ਉਨ੍ਹਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਸੀ, ਇਸ ਲਈ ਇਨ੍ਹਾਂ ਸਮੁੰਦਰੀ ਜਹਾਜ਼ਾਂ ਦੇ ਨਾਲ-ਨਾਲ ਸ਼ਾਰਕ ਮੱਛੀਆਂ ਵੀ ਸਫਰ ਕਰਨ ਲੱਗ ਪਈਆਂ ਸਨ। ਪੱਛਮੀ ਡੈਮੋਕਰੇਸੀ ਦਾ ਅਸਲੀ ਚਿਹਰਾ ਇਕ ਹੋਰ ਤੱਥ ਵੀ ਸਾਹਮਣੇ ਲਿਆਉਂਦਾ ਹੈ। ਉਨੀਵੀਂ ਸਦੀ ਦੇ ਅੰਤ ਤੱਕ ਅਤੇ ਵੀਹਵੀਂ ਸਦੀ ਦੇ ਸ਼ੁਰੂ ਤੱਕ ਅਮਰੀਕਾ ਵਿੱਚ ਕਾਲੇ ਲੋਕਾਂ ਨੂੰ ਗ਼ੈਰਕਾਨੂੰਨੀ ਤੌਰ ’ਤੇ ਹਜ਼ੂਮ ਵੱਲੋਂ ਦਰੱਖਤ ਨਾਲ ਬੰਨ੍ਹ ਕੇ ਸਾੜਣ ਜਾਂ ਮਾਰਨ ਦੀ ਪ੍ਰਥਾ ਕਾਫ਼ੀ ਹਰਮਨ ਪਿਆਰੀ ਸੀ। ਕਾਲੇ ਨੂੰ ਮਾਰਨ ਲਈ ਇਕ ਮੇਲੇ ਵਰਗਾ ਮਾਹੌਲ ਬਣਾਇਆ ਜਾਂਦਾ ਸੀ ਜਿਸ ਵਿੱਚ ਲੋਕ ਸਜ ਧਜ ਕੇ ਸ਼ਾਮਲ ਹੁੰਦੇ ਸਨ ਤੇ ਪਾਰਟੀ ਵਰਗਾ ਮਨੋਰੰਜਨ ਕਰਦੇ ਸਨ। ਆਪਣੀਆਂ ਇਨ੍ਹਾਂ ਯਾਦਾਂ ਨੂੰ ਸਾਂਭਣ ਲਈ ਮਰੇ ਹੋਏ ਬੰਦੇ ਦੀ ਲਾਸ਼ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਉਂਦੇ ਹਨ। ਇਨ੍ਹਾਂ ਤਸਵੀਰਾਂ ਦੀ ਨੁਮਾਇਸ਼ ਇਕ ਗੋਰੇ ਨੇ ਅਮਰੀਕਾ ਦੇ ਲਗਭਗ ਹਰ ਸ਼ਹਿਰ ਵਿੱਚ ਲਾਈ। ਉਸ ਨੇ ਕਿਹਾ ਕਿ ਉਹ ਅਮਰੀਕਾ ਦੇ ਇਤਿਹਾਸ ਦਾ ਇਹ ਕਾਲਾ ਧੱਬਾ ਲੋਕਾਂ ਸਾਹਮਣੇ ਲਿਆਉਣਾ ਚਾਹੁੰਦਾ ਹੈ।
ਅੱਜ ਹਾਂਗਕਾਂਗ ਵਿੱਚ ਪੱਛਮੀ ਦੇਸ਼ ਇਸ ਅਖੌਤੀ ਪੱਛਮੀ ਡੈਮੋਕਰੇਸੀ ਦੇ ਹੱਕ ਵਿੱਚ ਵਿਦਿਆਰਥੀਆਂ ਤੋਂ ਮੁਜ਼ਾਹਰੇ ਕਰਵਾ ਰਹੇ ਹਨ। ਜ਼ਾਹਿਰ ਹੈ ਕਿ ਇਹ ਵਿਦਿਆਰਥੀ ਚੀਨ ਦੇ ਇਤਿਹਾਸ ਤੋਂ ਅਣਜਾਣ ਹਨ। 1900 ਵਿੱਚ ਚੀਨ ਵਿੱਚ ਯੀਹੀਤੁਮਾਨ ਲਹਿਰ ਜਿਸ ਨੂੰ ਬਾਕਸਰ ਵਿਦਰੋਹ ਕਰਕੇ ਜਾਣਿਆ ਜਾਂਦਾ ਹੈ, ਚੀਨ ਵਿੱਚ ਅਸਲੀ ਲੋਕਰਾਜ ਕਾਇਮ ਕਰਨ ਦਾ ਮੰਤਵ ਰੱਖਦੀ ਸੀ ਪਰ ਅੱਜ ਜੋ ਪੱਛਮੀ ਸਰਕਾਰਾਂ ਉਨ੍ਹਾਂ ਲੋਕਾਂ ਨੂੰ ਭੜਕਾ ਰਹੀਆਂ ਹਨ ਇਨ੍ਹਾਂ ਨੇ ਹੀ ਉਸ ਲਹਿਰ ਨੂੰ ਬਹੁਤ ਹੀ ਬੇਰਹਿਮੀ ਨਾਲ ਕੁਚਲ ਦਿੱਤਾ। ਜ਼ਾਹਿਰ ਹੈ ਕਿ ਇਹ ਅਸਲੀ ਲੋਕਰਾਜ ਨਹੀਂ ਸਗੋਂ ਆਪਣੇ ਢੰਗਾਂ ਦਾ ਲੋਕਰਾਜ ਸਥਾਪਿਤ ਕਰਨ ਵਿੱਚ ਹੀ ਦਿਲਚਸਪੀ ਰੱਖਦੇ ਹਨ। 1949 ਤੋਂ ਪਹਿਲਾਂ ਚੀਨ ਵਿੱਚ ਅਮਰੀਕਾ ਪੱਖੀ ਅਖੌਤੀ ਲੋਕਰਾਜੀ ਸਰਕਾਰ ਸੀ। ਪਰ ਉਸ ਸਰਕਾਰ ਨੇ ਲੋਕਾਂ ਦਾ ਕਿੰਨਾ ਕੁ ਭਲਾ ਕੀਤਾ ਇਸ ਦਾ ਅੰਦਾਜ਼ਾ ਕੁਝ ਤੱਥਾਂ ਤੋਂ ਹੀ ਲਾਇਆ ਜਾ ਸਕਦਾ ਹੈ। ਚੀਨ ਦੇ ਸਭ ਤੋਂ ਵਡੇ ਸ਼ਹਿਰ ਸਿੰਘਾਈ ਵਿੱਚ ਗਲੀਆਂ ਦੀ ਸਫ਼ਾਈ ਕਰਨ ਵਾਲੇ ਸਵੇਰੇ-ਸਵੇਰੇ ਸੈਂਕੜੇ ਅਜਿਹੇ ਲੋਕਾਂ ਦੀਆਂ ਲਾਸ਼ਾਂ ਇਕੱਠੀਆਂ ਕਰਦੇ ਸਨ ਜਿਨ੍ਹਾਂ ਦੀ ਭੁੱਖ ਨਾਲ ਮੌਤ ਹੋ ਜਾਂਦੀ ਸੀ। ਜੀਉਂਦੇ ਰਹਿਣ ਲਈ ਲੋਕ ਗੰਦੀਆਂ ਨਾਲੀਆਂ ਵਿੱਚੋਂ ਕੀੜੇ ਕੱਢਕੇ ਖਾਂਦੇ ਸਨ ਅਤੇ ਕਈ ਗਰੀਬ ਪਰਿਵਾਰ ਭੁੱਖੇ ਮਰਨ ਤੋਂ ਬਚਣ ਲਈ ਆਪਣੀਆਂ ਕੁੜੀਆਂ ਵੇਚ ਦਿੰਦੇ ਸਨ। ਅੱਜ ਦੇ ਚੀਨ ਵਿੱਚ ਲੋਕਾਂ ਦਾ ਜੀਵਨ ਪੱਛਮੀ ਲੋਕਤੰਤਰ ਵਾਲੀ ਸਰਕਾਰ ਨਾਲੋਂ ਕਿੰਨਾ ਵੱਖਰਾ ਹੈ। ਉਸ ਦਾ ਫੈਸਲਾ ਸਾਰਾ ਸੰਸਾਰ ਕਰ ਸਕਦਾ ਹੈ।
ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪੱਛਮੀ ਸਰਮਾਏਦਾਰੀ ਨੇ ਡੈਮੋਕਰੇਸੀ ਅਤੇ ਸੈਕੂਲਰਿਜ਼ਮ ਦੇ ਨਾਹਰੇ ਸਿਰਫ਼ ਲੋਕਾਂ ਨੂੰ ਧੋਖਾ ਦੇਣ ਅਤੇ ਗੁੰਮਰਾਹ ਕਰਨ ਲਈ ਹੀ ਲਾਏ, ਉਸ ਦਾ ਅਸਲੀ ਮਕਸਦ ਚਰਚ ਤੋਂ ਰਾਜ ਸੱਤਾ ਖੋਹਣਾ ਸੀ। ਕੌੜੀ ਸਚਾਈ ਇਹ ਹੈ ਕਿ ਪੱਛਮੀ ਸਰਮਾਏਦਾਰੀ ਨਾਲੋਂ ਇਸਾਈ ਧਰਮ ਨੇ ਯੂਰਪ ਵਿੱਚ ਜ਼ਿਆਦਾ ਉਸਾਰੂ ਭੂਮਿਕਾ ਨਿਭਾਈ ਹੈ।
ਅੱਜ ਜੇ ਕੋਈ ਆਸ ਦੀ ਕਿਰਨ ਨਜ਼ਰ ਆ ਰਹੀ ਹੈ ਤਾਂ ਲਾਤੀਨੀ ਅਮਰੀਕਾ ਵਿੱਚੋਂ ਆ ਰਹੀ ਹੈ। ਉਥੇ ਪੱਛਮੀ ਢੰਗ ਦੀ ਡੈਮੋਕਰੇਸੀ ਨਾਲੋਂ ਉਨ੍ਹਾਂ ਦੀ ਆਪਣੀ ਡੈਮੋਕਰੇਸੀ ਜ਼ਿਆਦਾ ਕਾਰਗਰ ਸਾਬਤ ਹੋ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਥੇ ਇਸਾਈ ਅਤੇ ਮਾਰਕਸਵਾਦੀ ਰੱਲ ਕੇ ਪੱਛਮੀ ਦੰਭੀ ਅਤੇ ਫਰੇਬੀ ਡੈਮੋਕਰੇਸੀ ਵਿਰੁਧ ਖੜ੍ਹ ਗਏ ਹਨ। ਉਨ੍ਹਾਂ ਮਿਲਕੇ ਲਿਬਰੇਸ਼ਨ ਥੀਓਲਜੀ (ਮੁਕਤੀ ਦਾ ਧਰਮ) ਦਾ ਫਲਸਫਾ ਇਜਾਦ ਕੀਤਾ ਹੈ। ਇਹ ਕੋਈ ਇਤਫਾਕ ਜਾਂ ਹਾਦਸਾ ਨਹੀਂ ਕਿ ਇਤਿਹਾਸ ਵਿੱਚ ਪਹਿਲੀ ਵਾਰ ਇਸਾਈ ਧਰਮ ਦੇ ਨੇਤਾ ਪੋਪ ਨੇ ਪੱਛਮੀ ਸਰਮਾਏਦਾਰੀ ’ਤੇ ਤਿੱਖੇ ਹਮਲੇ ਕੀਤੇ ਹਨ। ਯਾਦ ਰਹੇ ਕਿ ਪੋਪ ਲਾਤੀਨੀ ਅਮਰੀਕਾ ਨਾਲ ਸਬੰਧਿਤ ਹਨ। ਆਸ ਰੱਖੀ ਜਾ ਸਕਦੀ ਹੈ ਕਿ ਬਾਕੀ ਦਾ ਸੰਸਾਰ ਵੀ ਲਾਤੀਨੀ ਅਮਰੀਕਾ ਦੇ ਤਜ਼ਰਬੇ ਤੋਂ ਕੁਝ ਸਿਖਕੇ ਪੱਛਮੀ ਸਰਮਾਏਦਾਰੀ ਨੂੰ ਮਨੁੱਖਤਾ ਅਤੇ ਸੰਸਾਰ ਦਾ ਵਿਨਾਸ਼ ਕਰਨ ਤੋਂ ਰੋਕ ਸਕੇਗਾ।


