ਲੇਖਿਕਾ: ਅਨੂਪਜੀਤ ਕੌਰ (ਡਾ.)
ਪ੍ਰਕਾਸ਼ਕ: ਸੁੰਦਰ ਬੁੱਕ ਡਿਪੋ ਜਲੰਧਰ ,ਪੰਨੇ:190, ਮੁੱਲ:250/-
ਪੰਜਾਬੀ ਸੱਭਿਆਚਾਰ ਦੇ ਅਨੇਕਾਂ ਪਹਿਲੂ ਅਜਿਹੇ ਹਨ, ਜਿਨ੍ਹਾਂ ਬਾਰੇ ਵਿਸਥਾਰ ਸਹਿਤ ਗੱਲ ਕਰਨ ਸੀ ਲੋੜ ਹੈ। ਇਹ ਗੱਲ ਇਸ ਕਰਕੇ ਲੋੜੀਂਦੇ ਹੈ ਤਾਂ ਕਿ ਨਵੀਂ ਪੀੜੀ ਇਹਨਾਂ ਅਣਗੌਲੇ ਪਹਿਲੂਆਂ ਤੋਂ ਵਾਕਿਫ ਹੋ ਸਕੇ।ਇਸ ਉਦੇਸ਼ ਦੀ ਪੂਰਤੀ ਲਈ ਹੱਥਲੀ ਪੁਸਤਕ ‘ਪੰਜਾਬੀ ਲੋਕ ਪਹਿਰਾਵਾ’ ਨੂੰ ਉਘੀ ਖੋਜੀ ਅਧਿਆਪਕਾ ਡਾ. ਅਨੂਪਜੀਤ ਕੌਰ ਨੇ ਸਿਰਜਿਆ ਹੈ। ਉਸਦੀ ਸਿਰਜਣ ਪ੍ਰਕਿਰਿਆ ਵਿਚੋਂ ਸੱਤੇ ਰੰਗ ਸਾਡੇ ਸਨਮੁੱਖ ਹੁੰਦੇ ਹਨ, ਜਿਸ ਕਰਕੇ ਰਚਨਾ ਵਿਚ ਹਰ ਪਾਠਕ ਦੀ ਰੌਚਕਤਾ ਦੂਣ ਸਵਾਈ ਹੋ ਜਾਂਦੀ ਹੈ।
ਬੋਲੀ ਦੀ ਠੇਠਤਾ ਅਤੇ ਸਰਲਤਾ ਇਸ ਪੁਸਤਕ ਦੇ ਨੁਮਾਇਆ ਗੁਣ ਹਨ।ਜੋ ਪਾਠਕ ਦੀ ਉਂਗਲੀ ਫੜ ਸਾਡੇ ਪਹਿਰਾਵੇ ਦੇ ਦਰਸ਼ਨ ਕਰਵਾਉਂਦੇ ਹਨ।ਓਪਰੀ ਨਜ਼ਰੇ ਇਹ ਵਿਸ਼ਾ ਬਹੁਤਾ ਮਹੱਤਵਪੂਰਨ ਨਹੀਂ ਲਗਦਾ ਪਰ ਜਦੋਂ ਇਸਦਾ ਅਧਿਐਨ ਕਰਕੇ ਹਾਂ ਤਾਂ ਇਸਦੀ ਮਹਾਨਤਾ ਉਜਾਗਰ ਹੁੰਦੀ ਜਾਂਦੀ ਹੈ।ਜਿਵੇਂ ਰਫਤਾਰ,ਗੁਫਤਾਰ ਅਤੇ ਦਸਤਾਰ ਹੀ ਕਿਸੇ ਮਨੁੱਖ ਦੀ ਸ਼ਖਸੀਅਤ ਨੂੰ ਉਜਾਗਰ ਕਰਦੇ ਹਨ, ਉਥੇ ਜੇਕਰ ਅਸੀਂ ਦੋ ਕੰਮ ਨਾ ਵੀ ਕਰੀਏ ਤਾਂ ਸਾਡਾ ਪਹਿਰਾਵਾ ਸਾਡੀ ਸ਼ਖਸੀਅਤ ਨੂੰ ਬਾਖੂਬੀ ਪੇਸ਼ ਕਰਨ ਵਿਚ ਸਹਾਈ ਹੁੰਦਾ ਹੈ।
ਪੁਸਤਕ ਵਿਚ ਦਰਜ ਕੀਤੇ ਪਾਠਾਂ ਦੀ ਵੰਡ ਇਸ ਪ੍ਰਕਾਰ ਕੀਤੀ ਗਈ ਹੈ।ਪਹਿਰਾਵਾ ਪ੍ਰੰਪਰਾ ਤੇ ਵਿਕਾਸ ,ਵਰਗ ਵੰਡ, ਸੱਭਿਆਚਾਰਕ ਮਹੱਤਵ, ਮੱਧਕਲੀਨ ਪੰਜਾਬੀ ਸਾਹਿਤ, ਪੱਗ ਦਾ ਮਹੱਤਵ, ਕਢਾਈ ,ਗਹਿਣੇ ਸੱਭਿਆਚਾਰਕ ਸਾਰਥਕਤਾ ਅਤੇ ਹਵਾਲਾ ਸੂਚੀ ਨਾਲ ਪਾਠਕਾਂ ਦੀ ਜਗਿਆਸਾ ਨੂੰ ਤ੍ਰਿਪਤ ਕੀਤਾ ਹੈ।ਪਹਿਰਾਵੇ ਦੇ ਹਰ ਪਹਿਲੂ ਨੂੰ ਇਤਿਹਾਸਕ, ਸੱਭਿਆਚਰਕ ,ਸਾਹਿਤਕ ਅਤੇ ਆਰਥਿਕ ਪੱਖਾਂ ਤੋਂ ਪ੍ਰਦਰਸ਼ਤ ਕੀਤਾ ਹੈ।ਰੰਗਦਾਰ ਚਿੱਤਰ ਪੁਸਤਕ ਵਿਚਲੀ ਜਾਣਕਾਰੀ ਦੇ ਮੁੱਲ ਵਿਚ ਵਾਧਾ ਕਰਨ ਵਾਲੇ ਹਨ।ਇਸ ਤਰ੍ਹਾਂ ਪਾਠਕ ਇਤਿਹਾਸ ਮਿਥਿਹਾਸ ਨਾਲ ਜੁੜਕੇ ਪਹਿਰਾਵੇ ਨੂੰ ਵਿਚਾਰਦਾ ਤੇ ਨਿਹਾਰਦਾ ਹੈ।ਪੁਸਤਕ ਦੀ ਰੌਚਕਤਾ ਨੂੰ ਹਰ ਹਾਲ ਕਾਇਮ ਰੱਖਿਆ ਗਿਆ ਹੈ।ਲੋਕ ਸਾਹਿਤ ਦੀ ਚਰਚਾ ਨਾਲ ਇਹ ਪੁਸਤਕ ਸਾਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਦੀ ਹੈ।ਇਸ ਖੋਜ ਕਾਰਜ ਨਾਲ ਨਵੀਂ ਪੀੜੀ ਨੂੰ ਪਹਿਰਾਵੇ ਦੇ ਵਿਕਾਸ ਦਾ ਗਿਆਨ ਹੁੰਦਾ ਹੈ, ਜਿਸ ਲਈ ਡਾ ਅਨੂਪਜੀਤ ਕੌਰ ਵਧਾਈ ਦੀ ਹੱਕਦਾਰ ਹੈ।


