ਲੇਖਕ: ਬਲਜਿੰਦਰ ਮਾਨ
ਪ੍ਰਕਾਸ਼ਨ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਮੁੱਲ:40/-, ਪੰਨੇ:28
ਬਾਲ ਸਾਹਿਤ ਦਾ ਉਦੇਸ਼ ਬੱਚਿਆਂ ਦਾ ਮਨੋਰੰਜਨ ਕਰਨਾ ,ਵਿਰਸੇ ਤੇ ਸੱਭਿਆਚਾਰ ਨਾਲ ਜੋੜਨਾ, ਮਾਂ ਬੋਲੀ ਨਾਲ ਲਗਾਓ ਵਧਾਉਣਾ ,ਨਰੋਈਆਂ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦੇ ਕੇ, ਧਾਰਨੀ ਬਣਾਉਣਾ, ਆਦਰਸ਼ਕ ਇਨਸਾਨ ਬਣਨ ਦੀ ਚੇਤਨਾ ਜਗਾਉਣਾ, ਪ੍ਰਕਿਰਤੀ ਦੇ ਵਰਤਾਰੇ ਬਾਰੇ ਜਾਗਰੂਕ ਕਰਨਾ, ਅਜੋਕੇ ਸਮੇਂ ਦੇ ਹਾਣੀ ਬਣਾਉਣ ਅਤੇ ਵਿਗਿਆਨਕ ਯੁੱਗ ਦੀ ਸੋਚ ਦੇ ਸਿਖਾਂਦਰੂ ਹੋਣਾ ਅਤੇ ਗਿਆਨ ਵਿਗਿਆਨ ਬਾਰੇ ਸੁਚੇਤ ਕਰਨਾ ਹੈ ਤਾਂ ਜੋ ਬੱਚਿਆ ਦੇ ਸੁਨਹਿਰੀ ਭਵਿੱਖ ਨੂੰ ਸਿਰਜਿਆ ਜਾ ਸਕੇ।ਸ਼੍ਰੀ ਬਲਜਿੰਦਰ ਮਾਨ ਨੇ ਪੰਜਾਬੀ ਬਾਲ ਸਾਹਿਤ ਦੀ ਮਹੱਤਤਾ ਨੂੰ ਸਮਝਦਿਆਂ, ‘ਸਾਡਾ ਸੰਵਿਧਾਨ’ ਰਚਨਾ ਰਾਹੀਂ ,ਇਕ ਵੱਖਰੀ ਵਿਧਾ ਰਾਹੀਂ ਦਸਵੀਂ ਤਕ ਦੇ ਵਿਦਿਆਰਥੀਆਂ ਲਈ ਸਮਾਜਿਕ ਸਿੱਖਿਆਂ ਵਿਸ਼ੇ ਨੂੰ ਰੌਚਿਕ ਢੰਗ ਨਾਲ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ।
ਭਾਰਤ ਦੇ ਨਾਗਰਿਕ ਨੂੰ ਆਪਣੇ ਸੰਵਿਧਾਨ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ।ਇਸ ਲੋਕ ਤੰਤਰੀ ਦੇਸ਼ ਨੂੰ ਸਿਰਜਣ ਤੇ ਉਸਾਰਨ ਵਿਚ, ਸੁਤੰਤਰਤਾ ਤੋਂ ਬਾਅਦ ਸੰਵਿਧਾਨ ਦੀਆਂ ਧਾਰਾਵਾਂ ਤੇ ਅਧਾਰਤ ਹੀ ਦੇਸ਼ ਦਾ ਰਾਜ ਪ੍ਰਬੰਧ ਹੋ ਸਕਦਾ ਹੈ।ਇਸ ਦ੍ਰਿਸ਼ਟੀ ਤੋਂ ਇਹ ਹੱਥਲੀ ਕਿਤਾਬੀ ਹੋਰ ਵੀ ਧਿਆਨ ਯੋਗ ਬਣ ਜਾਂਦੀ ਹੈ।ਬੱਚਿਆਂ ਅਧਿਆਂਪਕਾਂ ਬਜੁਰਗਾਂ ਤੇ ਹੋਰ ਪਾਤਰਾਂ ਰਾਹੀਂ ਸੰਵਾਦ ਵਿਧੀ ਦਾ ਪ੍ਰਯੋਜਨ ਕਰ ਕੇ ਲੇਖਕ ਨੇ ਇਸ ਨੂੰ ਸਾਹਿਤਕ ਰੂਪ ਪ੍ਰਦਾਨ ਕਰ ਦਿੱਤਾ ਹੈ ਜਿਸ ਸਦਕਾ ਇਹ ਰਚਨਾ ਗਿਆਨ ਸਾਹਿਤ ਦਾ ਚੰਗਾ ਨਮੂਨਾ ਬਣਨ ਦੇ ਗੁਣ ਰੱਖਦੀ ਹੈ।ਸੰਵਿਧਾਨ ਕੀ ਹੈ?
ਸੰਵਿਧਾਨ ਦੀ ਸੰਹੁ ਕਿਉਂ ਚੁਕਾਈ ਜਾਂਦੀ ਹੈ? ਸੰਸਦ ਦੀ ਬਣਤਰ ਬਾਰੇ ,ਕਾਨੂੰਨ ਕਿਵੇਂ ਬਣਦੇ ਹਨ, ਬਾਲ ਅਧਿਕਾਰ ਕੀ ਹਨ? ਭਾਰਤ ਦਾ ਪਹਿਲਾ ਨਾਗਰਕ ਰਾਸ਼ਟਰਪਤੀ ,ਮੌਲਿਕ ਅਧਿਕਾਰ ਕੀ ਹਨ? ਸਾਡੇ ਕਾਰਤਵ ਕੀ ਹਨ?ਤੇ ਅੰਤ ਵਿਚ ਆਰ ਟੀ ਆਈ ਕੀ ਹੈ? ਵਰਗੇ ਵਿਸ਼ੇ ਬੱਚਿਆਂ ਦੇ ਪ੍ਰਸ਼ਨ ਉੱਤਰ ਵਿਧੀ ਰਾਹੀਂ ਬਹੁਤ ਸਰਲ ਸ਼ੈਲੀ ਵਰਤਕੇ ਹੱਲ ਕੀਤੇ ਗਏ ਹਨ।ਭਰਪੂਰ ਜਾਣਕਾਰੀ ਨੂੰ ਗੱਲਬਾਤ ਰਾਹੀਂ ਸੌਖਾ ਬਣਾ ਦਿੱਤਾ ਗਿਆ ਹੈ।ਸ਼੍ਰੀ ਬਲਜਿੰਦਰ ਮਾਨ ਦਾ ਇਹ ਪ੍ਰਯੋਗ ਸ਼ਲਾਘਾਯੋਗ ਹੈ।ਉਸਨੇ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਦੇ 20 ਸਾਲ ਦੇ ਸੰਪਾਦਨ ਵਿਚੋਂ ਵੀ ਬਹੁਤ ਕੁਝ ਗ੍ਰਹਿਣ ਕੀਤਾ ਹੈ।ਉਸਦੀ ਬਾਲ ਸਾਹਿਤ ਦੇ ਸੰਪਾਦਨ ,ਸਿਰਜਣ ,ਅਨੁਵਾਦਣ ਅਤੇ ਪ੍ਰਕਾਸਨ ਵਿਚ ਵੀ ਸ਼ਾਨਦਾਰ ਦੇਣ ਹੈ।ਜਿਸਦੀ ਸ਼ਲਾਘਾ ਕਰਨੀ ਬਣਦੀ ਹੈ।


