ਕਵੀ: ਵਿਜੈ ਭੱਟੀ
ਪ੍ਰਕਾਸ਼ਨ: ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਮੁੱਲ:120/-, ਪੰਨੇ 96
ਵਿਜੈ ਭੱਟੀ ਨੇ ਆਪਣੀ ਨਰੋਈ ਸ਼ਾਇਰੀ ਨਾਲ ਸਾਹਿਤ ਜਗਤ ਵਿਚ ਆਪਣੀ ਪਲੇਠੀ ਕਾਵਿ ਪੁਸਤਕ ‘ਅੰਤਰ ਨਾਦ’ ਰਾਹੀਂ ਪਹਿਲਾ ਕਦਮ ਰੱਖਿਆ।ਹਲਕੇ ਫੁੱਲਕੇ ਸ਼ੇਅਰਾਂ ਨਾਲ ਭਰਪੂਰ ਪੁਸਤਕਾਂ ਤਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ।ਪਰ ਡੂੰਘੀਆਂ ਸਿਖਰਾਂ ਨੂੰ ਛੂਹਣ ਵਾਲੀ ਅਜਿਹੀ ਪੁਸਤਕ ਕਦੀ ਕਦਾਈਂ ਹੀ ਹੱਥ ਲੱਗਦੀ ਹੈ।ਪੁਸਤਕ ਦਾ ਹਰ ਪੰਨਾ ਅਤੇ ਹਰ ਪੰਨੇ ਤੇ ਛਪੀ ਹਰ ਕਵਿਤਾ ਅਤੇ ਹਰ ਕਵਿਤਾ ਦੀ ਹਰ ਸਤ੍ਹਰ ਦਾ ਹਰ ਸ਼ਬਦ ਆਪਣੇ ਅੰਦਰ ਇਕ ਵਿਸ਼ਾਲ ਬ੍ਰਹਿਮੰਡ ਸੰਭਾਲੀ ਬੈਠਾ ਹੈ।ਕਵੀ ਇਸ ਪੁਸਤਕ ਰਾਹੀਂ ਅੰਤਰ ਆਤਮਾ ਤੇ ਅੰਤਰ ਨਾਦ ਦੀ ਗੱਲ ਬੜੇ ਸਲੀਕੇ ਨਾਲ ਕਰਦਾ ਹੋਇਆਂ ਪ੍ਰਤੀਕਾਂ ਦਾ ਇਸਤੇਮਾਲ ਕਰਦਾ ਹੈ।ਮੈਂ ਚੋਂ ਨਿਕਲਕੇ ਉਹ ਤੂੰ ਹੋਣਾ ਚਾਹੁੰਦਾ ਹੈ।ਇਸੇ ਕਰਕੇ ਇਹਨਾਂ ਕਾਵਿ ਵੰਨਗੀਆਂ ਵਿਚ ਉਹ ਅੰਬਰ ਜਿੰਨੀ ਉਚੀ ਅਤੇ ਵਿਸ਼ਾਲ ਕਾਵਿਕ ਉਡਾਰੀ ਮਾਰਦਾ ਹੈ।ਉਹ ਸਵੈ ਨੂੰ ਪੜਚੋਲਦਾ ਹੋਇਆ ਹੀ ਸਵੈ ਕਥਨ ਪੇਸ਼ ਕਰਦਾ ਹੈ।ਇਹ ਅਵਸਥਾ ਉਸਨੇ ਲੰਬੇ ਸਮੇਂ ਦੀ ਘਾਲਣਾ ਤੋਂ ਬਾਅਦ ਹਾਸਿਲ ਕੀਤੀ ਹੈ।ਸੁਰ ਸੰਗੀਤ ਦਾ ਮਾਹਿਰ ਹੋਣ ਕਰਕੇ ਕਵਿਤਾ ਵਿਚੋਂ ਸੁਰ ਅਤੇ ਤਾਲ ਨੂੰ ਕਿਤੇ ਵੀ ਮਨਫੀ ਨਹੀਂ ਹੋਣ ਦਿੰਦਾ।ਖੁੱਲ੍ਹੀ ਕਵਿਤਾ ਦੇ ਨਾਲ ਨਾਲ ਗੀਤ ਵੀ ਬੜੇ ਪਤੇ ਦੇ ਖਿਆਲਾ ਦੀ ਸਿਰਜਣਾ ਕਰਦੇ ਹਨ।ਉਹ ਪਰਾਏ ਖੰਭਾ ਦੀ ਬਜਾਏ ਖੁਦ ਦੀ ਅੰਦਰੂਨੀ ਸ਼ਕਤੀ ਨਾਲ ਉਡਾਨ ਭਰਦਾ ਹੈ।
ਆਪਣੇ ਸਰੀਰ ਨਾਲੋਂ
ਛੰਡ ਕੇ ਲਾਹ ਦਿੱਤਾ ਹੈ…
ਅਜ ਮੈਂ ਆਪਣੇ ਅੰਦਰ ਦੇ ਖੰਭਾਂ ਨਾਲ
ਐਨੀ ਉੱਚੀ ਉਡਾਰੀ ਲਾਉਣ ਦੇ ਸਮਰੱਥ ਹਾਂ…
ਕਵੀ ਅੰਦਰ ਸਮਾਜ ਪ੍ਰਤੀ ਵੀ ਇਕ ਤੜਫ ਹੈ।ਜਿਸਦੀ ਬਿਆਨੀ ਦਾ ਸਿਖਰ ਇਸ ਨਜ਼ਮ ਵਿਚ ਦੇਖਿਆ ਜਾ ਸਕਦਾ ਹੈ:
ਬਾਲਣ ਨੂੰ ਵਾਜਾਂ ਮਾਰਦਾ ਅੱਗ ਦੇ ਲਈ ਤਰਸਦਾ
ਇਕ ਬੱਚਾ ਦਸ ਕੁ ਸਾਲ ਦਾ ਬੋਰੀ ਵਿਛਾ ਕੇ ਸੀ ਪਿਆ
ਅੱਧ ਮੀਟੀਆਂ ਅੱਖਾਂ ਦੇ ਨਾਲ ਭਾਂਡਿਆ ਨੂੰ ਦੇਖਦਾ
ਥੋੜੀ ਜਿਹੀ ਵਿੱਥ ਤੇ ਬੈਠੀ ਸੀ ਇਕ ਲਾਚਾਰ ਮਾਂ
ਗੋਦੀ ‘ਚ ਭੁੱਖਾ ਬਾਲ ਸੀ ਲੋਰੀ ਰਹੀ ਸੀ ਗੁਣਸੁਣਾ।
ਵਿਜੇ ਭੱਟੀ ਦੀ ਸਿਰਜਣ ਪਰਕ੍ਰਿਆ ਆਪੇ ਨਾਲ ਜੋੜਦੀ ਹੋਈ ਉਸ ਅਵਾਜ਼ ਨਾਲ ਜੁੜਨ ਦੀ ਗੱਲ ਕਰਦੀ ਹੈ ਜਿਸ ਬਾਰੇ ਸਾਡੇ ਮਹਾਂ ਪੁਰਸ਼ ਆਪਣੀ ਬਾਣੀ ਵਿਚ ਸੰਦੇਸ਼ ਦਿੰਦੇ ਹਨ।ਇੰਜ ਇਹ ਕਾਵਿ ਸੰਗ੍ਰਹਿ ਇਕ ਪੋਥੀ ਵਰਗਾ ਪਵਿੱਤਰ ਸੰਦੇਸ਼ ਦਿੰਦਾ ਹੋਇਆ ਆਪੇ ਅੰਦਰ ਝਾਤੀ ਮਾਰਨ ਦੀ ਪ੍ਰੇਰਨਾ ਦਿੰਦਾ ਹੈ।ਕਵੀ ਨੂੰ ਕਵਿਤਾ ਕਹਿਣ ਦੀ ਤਕਨੀਕ ਵੀ ਹੈ ਤੇ ਨਾਲ ਹੀ ਉਸ ਕੋਲ ਇਕ ਵਿਸ਼ਾਲ ਸ਼ਬਦ ਭੰਡਾਰ।ਜਿਹਨਾਂ ਨੂੰ ਆਪਣੀ ਲੋੜ ਅਨੁਸਾਰ ਵਰਤਕੇ ਹੁਨਰਮੰਦੀ ਦਿਖਾਈ ਹੈ।‘ਅਸੀਂ ਖੇਡਣ ਜਾਣਾ ਮਾਂਏ ਆਟੇ ਦੀਆਂ ਚਿੜੀਆਂ ਲੈਕੇ ਕਾਵਾਂ ਦੇ ਸ਼ਹਿਰੀਂ’ ਵਰਗੀਆਂ ਨਜ਼ਮਾ ਸਮਾਜਿਕ ਤਾਣੇ- ਬਾਣੇ ਦਾ ਵਿਸ਼ਲੇਸ਼ਣ ਕਰਦੀਆਂ ਹਨ।ਇਸ ਤਰ੍ਹਾਂ ਇਹ ਸਮੁੱਚਾ ਕਾਵਿ ਸੰਗ੍ਰਹਿ ਸੁਲਤਾਨ ਬਾਹੂ ਦੀ ਇਕ ਹੂਕ ਵਰਗਾ ਹੋ ਨਿੱਬੜਿਆ ਹੈ।
ਵਿਜੈ ਭੱਟੀ ਦੀ ਸਾਧਨਾ ਨੂੰ ਪੰਜਾਬ ਦੇ ਮਹਾਨ ਸ਼ਾਇਰ ਸਰਜੀਤ ਪਾਤਰ ਨੇ ਇਹ ਕਹਿੰਦਿਆਂ ਸਲਾਹਿਆ ਹੈ ‘ਉਸ ਕੋਲ ਸ਼ਬਦ ਹਨ ਤੇ ਸ਼ਬਦਾਂ ਦੀ ਸਹੀ ਵਰਤੋਂ ਕਰਨ ਦਾ ਸੰਜਮ ਅਤੇ ਸਲੀਕਾ ਵੀ।ਵੱਡੀ ਗਲ ਕਿ ਉਸਦਾ ਮਨ ਅਤੇ ਕਵਿਤਾ ਜੁੜੇ ਹੋਏ ਹਨ ਤੇ ਇਕ ਦੂਜੇ ਨੂੰ ਸਿਰਜ ਰਹੇ ਹਨ’।ਇਸੇ ਤਰ੍ਹਾਂ ਡਾ. ਨਸੀਬ ਬਵੇਜਾ ਦਾ ਕਹਿਣਾ ਹੈ:ਜਦੋਂ ਮੈਂ ਵਿਜੇ ਭੱਟੀ ਦੀ ਇਹ ਸਾਰੀ ਕਵਿਤਾ ਪੜ੍ਹ ਰਿਹਾ ਸਾਂ ਤਾਂ ਮੈਨੂੰ ਵਿਜੈ ਭੱਟੀ ਅਤੇ ਦੁੱਲਾ ਭੱਟੀ ਦੇ ਦੌਰ ਦੇ ਸੂਫੀ ਸ਼ਾਇਰ ਗੂੰਜਦੇ ਨਜ਼ਰ ਆਏ’।
ਇਸ ਤਰਾਂ ਇਹ ਸ਼ਾਇਰ ਆਪਣੀ ਪਹਿਲੀ ਪੁਸਤਕ ਨਾਲ ਕਾਵਿਕ ਸਿਖਰ ਸਿਰਜ ਬੈਠਾ ਹੈ।ਹੁਣ ਤਾਂ ਭਵਿੱਖ ਵਿਚ ਉਸ ਕੋਲੇਂ ਹੋਰ ਵੀ ਅੰਦਰਲੇ ਬੰਦ ਬੂਹੇ ਖੁੱਲ੍ਹਣ ਦੀਆਂ ਉਮੀਦਾਂ ਹਨ।ਇਸ ਪਲੇਠੀ ਅਤੇ ਮਾਣਨਯੋਗ ਪੁਸਤਕ ਦਾ ਸੁਆਗਤ ਹੈ


