ਲੇਖਕ: ਡਾ.ਧਰਮਪਾਲ ਸਾਹਿਲ
ਪ੍ਰਕਾਸ਼ਕ: ਪੰਜ ਨਦ ਪ੍ਰਕਾਸ਼ਨ ਲਾਂਬੜਾ, ਜਲੰਧਰ ,
ਪੰਨੇ:104, ਮੁੱਲ:200/-
ਡਾ. ਧਰਮਪਾਲ ਸਾਹਿਲ ਇਕ ਖੋਜੀ ਲੇਖਕ ਹੈ, ਜਿਸਨੇ ਪੰਜਾਬੀ ਅਤੇ ਹਿੰਦੀ ਵਿਚ ਨਰੋਏ ਸਾਹਿਤ ਦੀ ਸਿਰਜਣਾ ਕੀਤੀ ਹੈ। ਉਸਦਾ ਦ੍ਰਿਸ਼ਟੀਕੋਣ ਵਿਗਿਆਨਕ ਹੈ।ਇਸੇ ਕਰਕੇ ਆਪਣੀ ਰਚਨਾ ਵਿਚ ਤਰਕਸ਼ੀਲ ਸੋਚ ਨੂੰ ਭਰਕੇ ਸਮੇਂ ਦੇ ਹਾਣ ਦੀ ਗੱਲ ਕਹਿਣ ਵਿਚ ਸਫਲ ਹੋ ਜਾਂਦਾ ਹੈ।ਉਸ ਕੋਲ ਜੀਵਨ ਤਜ਼ਰਬਿਆਂ ਦਾ ਵਿਸ਼ਾਲ ਭੰਡਾਰ ਹੈ ਜਿਸ ਸਦਕਾ ਮਿਆਰੀ ਰਚਨਾ ਉਸਦੀ ਕਲਮ ਵਿਚੋਂ ਝਰਦੀ ਰਹਿੰਦੀ ਹੈ।ਕੰਢੀ ਇਲਾਕੇ ਦਾ ਜੰਮਪਲ ਹੋਣ ਕਰਕੇ ਆਪਣੀ ਮਿੱਟੀ ਦੀ ਬਾਤ ਪਾਉਣ ਵਿਚ ਮਾਣ ਮਹਿਸੂਸ ਕਰਦਾ ਹੈ।ਉਸਨੇ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਨੰਗੇ ਪਿੰਡੇ ਹੰਢਾਇਆ ਹੈ ।ਹਰ ਵਰਗ ਨਾਲ ਉਸਦਾ ਗੂੜਾ ਸਬੰਧ ਹੈ।ਇਨਾਂ ਸਬੰਧਾਂ ਕਰਕੇ ਹੀ ਉਹ ਉਹਨਾਂ ਦੇ ਰਹਿਣ ਸਹਿਣ ਦੇ ਨਾਲ ਨਾਲ ਜੀਵਨ ਦੇ ਉਹ ਤੱਥ ਵੀ ਉਜਾਗਰ ਕਰ ਜਾਂਦਾ ਹੈ ਜੋ ਉਹ ਕਿਸੇ ਹੋਰ ਨਾਲ ਸਾਂਝੇ ਨਹੀਂ ਕਰਦੇ।
ਪੁਸਤਕ ਕੰਢੀ ਦੀ ਸੱਭਿਆਚਾਰ ਵਿਰਾਸਤ ਨੂੰ ਪੜ੍ਹਦਿਆਂ ਇਸ ਇਲਾਕੇ ਦੇ ਸਭ ਨੈਣ ਨਕਸ਼ ਉਭਰ ਆਉਂਦੇ ਹਨ।ਇਸ ਪੁਸਤਕ ਵਿਚ ਤਾਂ ਸਾਹਿਲ ਨੇ ਆਪਣੀ ਖੋਜੀ ਬਿਰਤੀ ਨਾਲ ਇਥੇ ਵਸਦੇ ਲੋਕਾਂ ਦੇ ਖਾਣ ਪੀਣ, ਰਹਿਣ ਸਹਿਣ ,ਬੋਲੀ ,ਸਮਾਜਕ ਤਾਣਾ ਬਾਣਾ, ਧਾਰਮਿਕ ਰੀਤੀ ਰਿਵਾਜ਼ ,ਆਰਥਿਕ ਸਥਿਤੀ, ਸਮਾਜਕ ਵਹਿਮ ਭਰਮ ਤੇ ਵਿਸ਼ਵਾਸ, ਆਓ ਭਗਤ, ਮੁਹਾਵਰੇ, ਬੁਝਾਰਤਾਂ ਅਤੇ ਪਾਡਵਾਂ ਦੇ ਵਾਸ ਬਾਰੇ ਬੜੇ ਰੌਚਕ ਅਤੇ ਗਿਆਨ ਵਰਧਕ ਜਾਣਕਾਰੀ ਪ੍ਰਦਾਨ ਕੀਤੀ ਹੈ।ਪਾਠਕ ਜਦੋਂ ਪੁਸਤਕ ਪੜ੍ਹਦਾ ਹੈ ਤਾਂ ਉਸਦਾ ਮਨ ਹੋਰ ਅੱਗੇ ਪੜ੍ਹਨ ਨੂੰ ਕਰਦਾ ਹੈ।ਅਸਲ ਵਿਚ ਇਹ ਪੁਸਤਕ ਇਤਿਹਾਸਕ ਅਤੇ ਮਿਥਿਹਾਸਕ ਦ੍ਰਿਸ਼ਟੀਕੋਣ ਤੋਂ ਵਿਚਾਰਨ ਵਾਲੀ ਹੈ।
ਭਾਸ਼ਾ ਦਾ ਤਲਾਨਾਤਮਿਕ ਅਧਿਐਨ ਪੇਸ਼ ਕਰਕੇ ਨਵੀਂ ਪਨੀਰੀ ਲਈ ਇਕ ਰਾਹ ਦਸੇਰੇ ਦਾ ਸ਼ਾਨਦਾਰ ਕਾਰਜ ਕੀਤਾ ਹੈ।ਪੰਜਾਬ ਅਤੇ ਹਿਮਾਚਲ ਦੀ ਹੱਦ ਤੇ ਨੀਮ ਪਹਾੜੀ ਜੰਗਲੀ ਇਲਾਕੇ ਵਿਚ ਵਸਦੇ ਇਹ ਲੋਕ ਕੁਦਰਤ ਦੇ ਪ੍ਰੇਮੀ ਹਨ।ਇਸੇ ਕਰਕੇ ਅਜੇ ਤਕ ਸਧਾਰਣ ਰਹਿੰਦੇ ਰੱਬ ਦੇ ਆਸਰੇ ਵਿਚ ਖੁਸ਼ ਰਹਿੰਦੇ ਹਨ।ਭੂਗੋਲਿਕ ਪਰਸਥਿਤੀਆਂ ਕਾਰਨ ਇਨਾਂ ਲੋਕਾਂ ਦਾ ਝੁਕਾਅ ਹਿਮਾਚਲ ਵੱਲ ਨੂੰ ਰਿਸ਼ਤੇ ਨਾਤਿਆਂ ਦਾ ਜਿਆਦਾ ਹੈ। ਕੁਦਰਤ ਦੀ ਕਿਰਪਾ ਨਾਲ ਹੀ ਫਸਲਾ ਉਗਾਉਣ ਵਿਚ ਸਫਲ ਹੁੰਦੇ ਹਨ।ਦਿਖਾਵੇ ਤੋਂ ਕੋਹਾਂ ਦੂਰ ਹਨ।ਨਿਰਮਲ ਮਨ ਨਾਲ ਹਰ ਕਿਸੇ ਦੀ ਆਓ ਭਗਤ ਕਰਦੇ ਹਨ।ਇਥੋਂ ਦੇ ਜ਼ਿਕਰਯੋਗ ਸਥਾਨਾਂ ਦੀਆਂ ਰੰਗਦਾਰ ਤਸਵੀਰਾਂ ਬਾਰ੍ਹਾਂ ਪੰਨਿਆਂ ਤੇ ਪ੍ਰਕਾਸ਼ਿਤ ਕਰਕੇ ਪਾਠਕਾਂ ਨੂੰ ਇਸ ਰਮਣੀਕ ਇਲਾਕੇ ਦੇ ਦਰਸ਼ਨਾਂ ਲਈ ਪ੍ਰੇਰਿਤ ਕੀਤਾ ਹੈ।
ਕੰਢੀ ਦੀ ਬੋਲੀ ਦਾ ਵਿਆਕਰਨਿਕ ਵਿਸ਼ਲੇਸ਼ਣ ਸਾਡੇ ਭਾਸ਼ਾਈ ਗਿਆਨ ਦੇ ਘੇਰੇ ਨੂੰ ਵੱਡੇਰਾ ਕਰਦਾ ਹੈ।ਵਿਸਰ ਰਹੀ ਕੰਢੀ ਬੋਲੀ ਨੂੰ ਇਸ ਪੁਸਤਕ ਵਿਚ ਸੰਭਾਲਣ ਅਤੇ ਅਗਲੀ ਪੀੜੀ ਹਵਾਲੇ ਕਰਨ ਦਾ ਮਹੱਤਵਪੂਰਨ ਯਤਨ ਕੀਤਾ ਗਿਆ ਹੈ।ਡਾ.ਨਿਰਮਲ ਸਿੰਘ ਮੁੱਖ ਸੇਵਾਦਾਰ ਪੰਜਾਬੀ ਸੱਥ ਲਾਂਬੜਾ ਇਸ ਖੋਜ ਭਰਪੂਰ ਪੁਸਤਕ ਦੇ ਪ੍ਰਕਾਸ਼ਨ ਲਈ ਵਧਾਈ ਦੀ ਹੱਕਦਾਰ ਹਨ ਜਿਨ੍ਹਾਂ ਦਾ ਮਾਂ ਬੋਲੀ ਦੇ ਝੰਡੇ ਨੂੰ ਹੋਰ ਬੁਲੰਦ ਕਰ ਦਿੱਤਾ ਹੈ।


