ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਪਿਛਲੇ ਸਾਢੇ ਅੱਠ ਸਾਲ ਤੋਂ ਪੰਜਾਬ ਵਿਚ ਸਰਕਾਰ ਚਲ ਰਹੀ ਹੈ। ਇਸ ਸਮੇਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਸਮਾਜ ਦਾ ਕੋਈ ਵੀ ਵਰਗ ਸਰਕਾਰ ਤੋਂ ਖ਼ੁਸ਼ ਨਹੀਂ। ਆਰਥਿਕ ਤੌਰ ’ਤੇ ਸਰਕਾਰ ਗੰਭੀਰ ਸੰਕਟ ਵਿਚੋਂ ਗੁਜ਼ਰ ਰਹੀ ਹੈ। ਸਰਕਾਰੀ ਜਾਇਦਾਦਾਂ ਵੇਚ ਕੇ ਜਾਂ ਗਹਿਣੇ ਰੱਖ ਕੇ ਸਰਕਾਰ ਦਾ ਰੋਜ਼ ਮੱਰਾ ਦਾ ਡੰਗ ਟਪਾਇਆ ਜਾ ਰਿਹਾ ਹੈ। ਸਰਕਾਰ ਹਰ ਖੇਤਰ ਵਿਚ ਅਸਫਲ ਹੋਈ ਹੈ। ਮਹਿੰਗਾਈ, ਭਿ੍ਰਸ਼ਟਾਚਾਰ, ਕੁਨਬਾਪਰਬਰੀ, ਜ਼ੋਰ ਜ਼ਬਰਦਸਤੀ, ਮਿਲਾਵਟ, ਧੋਖ਼ਬਾਜ਼ੀ ਅਤੇ ਲੁੱਟਾਂ ਖ਼ੋਹਾਂ ਦਾ ਦੌਰ ਚਲ ਰਿਹਾ ਹੈ। ਲੋਕ ਸਭਾ ਦੀਆਂ ਚੋਣਾਂ ਵਿਚ ਪੰਜਾਬ ਸਰਕਾਰ ਦੇ ਡਿਗ ਰਹੇ ਗ੍ਰਾਫ ਕਰਕੇ ਮਈ 2014 ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਜਿੱਤ ਲਈਆਂ ਸਨ।
ਸਰਕਾਰ ਦਾ ਅਕਸ ਸੁਧਾਰਨ ਲਈ ਸਰਕਾਰ ਦੀ ਕਾਰਗੁਜ਼ਾਰੀ ਪਾਰਦਸ਼ਤਾ ਵਾਲੀ ਹੋਣੀ ਚਾਹੀਦੀ ਹੈ। ਪੰਜਾਬ ਵਿਚ ਸਰਕਾਰੀ ਅਧਿਕਾਰੀਆਂ ਤੋਂ ਸਰਕਾਰ ਦਾ ਕੰਟਰੋਲ ਖ਼ਤਮ ਹੋ ਰਿਹਾ ਹੈ। ਵਪਾਰੀਆਂ ਦੀ ਸਰਕਾਰ ਹੋਣ ਕਰਕੇ ਵਪਾਰੀਆਂ ਦੀ ਚਾਂਦੀ ਹੈ। ਆਮ ਗ਼ਰੀਬ ਲੋਕਾਂ ਦਾ ਗੁਜ਼ਾਰਾ ਹੋਣਾ ਦੁੱਭਰ ਹੋਇਆ ਪਿਆ ਹੈ। ਅਕਾਲੀ ਦਲ ਦੇ ਛੋਟੇ ਪੱਧਰ ਦੇ ਅਹੁਦੇਦਾਰ ਵੱਡਿਆਂ ਦੀ ਸ਼ਹਿ ’ਤੇ ਮਨਮਾਨੀਆਂ ਕਰ ਰਹੇ ਹਨ। ਇਸ ਲਈ ਪੰਜਾਬ ਵਿਚ ਪ੍ਰਬੰਧ ਵਿਚ ਪਾਰਦਰਸ਼ਤਾ ਲਿਆ ਕੇ ਸਰਕਾਰ ਦਾ ਅਕਸ ਸੁਧਾਰਿਆ ਜਾਵੇ, ਵਿਦੇਸ਼ਾਂ ਵਿਚ ਆਪੇ ਸੁਧਰ ਜਾਵੇਗਾ। ਅਕਾਲੀ ਦਲ ਨੂੰ ਪਹਿਲਾਂ ਆਪਣਾ ਘਰ ਅਰਥਾਤ ਅਕਾਲੀ ਦਲ ਸੁਧਾਰਨਾ ਚਾਹੀਦਾ ਹੈ। ਵਿਦੇਸ਼ਾਂ ਵਿਚ ਸਰਕਾਰ ਅਤੇ ਪਾਰਟੀ ਦਾ ਅਕਸ ਸੁਧਾਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਦੇ ਮੰਤਰੀ ਅਤੇ ਪਾਰਟੀ ਦੇ ਅਹੁਦੇਦਾਰ ਕੈਨੇਡਾ ਅਤੇ ਅਮਰੀਕਾ ਵਿਚ ਦੋ ਟੀਮਾਂ ਬਣਾ ਕੇ ਗਏ ਹਨ।
2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਇਨ੍ਹਾਂ ਟੀਮਾਂ ਨੇ ਕੈਨੇਡਾ ਅਤੇ ਅਮਰੀਕਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਵਾਸੀਆਂ ਨੂੰ ਜਾਣੂੰ ਕਰਵਾਉਣਾ ਸੀ। ਪਰ ਪ੍ਰਵਾਸੀ ਸਰਕਾਰ ਨੂੰ ਆੜੇ ਹੱਥੀਂ ਲੈ ਰਹੇ ਹਨ।
2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੀਪਲਜ਼ ਪਾਰਟੀ ਨੂੰ ਪ੍ਰਵਾਸੀ ਪੰਜਾਬੀਆਂ ਦੀ ਸਪੋਰਟ ਅਤੇ ਪਾਰਟੀ ਫ਼ੰਡ ਮਿਲੇ ਸਨ। ਇਸ ਲਈ ਅਕਾਲੀ ਦਲ ਨੇ ਆਪਣੇ ਸੀਨੀਅਰ ਮੰਤਰੀ ਅਤੇ ਪਾਰਟੀ ਦੇ ਅਹੁਦੇਦਾਰ ਵਿਦੇਸ਼ਾਂ ਵਿਚ ਸਰਕਾਰ ਦਾ ਅਕਸ ਸੁਧਾਰਨ ਲਈ ਪ੍ਰਚਾਰ ਕਰਨ ਵਾਸਤੇ ਭੇਜੇ ਹਨ। ਮੰਤਰੀ ਵਿਦੇਸ਼ਾਂ ਵਿਚ ਆਪਣੇ ਚਹੇਤਿਆਂ ਦੇ ਘਰਾਂ ਵਿਚ ਬੈਠੇ ਅਨੰਦ ਮਾਣ ਰਹੇ ਹਨ। ਪਬਲਿਕ ਥਾਵਾਂ ਤੇ ਅਕਾਲੀ ਦਲ ਸਮੱਰਥਕਾਂ ਨੇ ਮੀਟਿੰੰਗਾਂ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਕੁਝ ਥਾਵਾਂ ’ਤੇ ਸਫਲ ਵੀ ਹੋਏ ਹਨ ਪ੍ਰੰਤੂ ਬਹੁਤੇ ਥਾਵਾਂ ਤੇ ਪ੍ਰਵਾਸੀਆਂ ਦੇ ਵਿਰੋਧ ਕਾਰਨ ਇਹ ਮੀਟਿੰਗਾਂ ਕੈਂਸਲ ਕਰਕੇ ਘਰਾਂ ਦੇ ਅੰਦਰ ਕਰਨੀਆਂ ਪਈਆਂ ਹਨ। ਟਰਾਂਟੋ ਦੇ ਬਾਹਰਵਾਰ ਇਲਾਕੇ ਬ੍ਰਹਮਪਟਨ ਵਿਚ ਰੈਡਸਟੇਲ ਸ਼ਹਿਰ ਵਿਚ ਤਾਂ ਵਿਰੋਧੀਆਂ ਨੇ ਸਟੇਜ ’ਤੇ ਕਬਜ਼ਾ ਕਰ ਲਿਆ। ਪ੍ਰਬੰਧਕਾਂ ਨੇ ਇਸ ਮੀਟਿੰਗ ਨੂੰ ਨਿੱਜੀ ਮੀਟਿੰਗ ਕਹਿ ਕੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪੁਲਿਸ ਬੁਲਾਈ ਗਈ। ਢਾਈ ਘੰਟੇ ਇਹ ਰੱਫ਼ੜ ਚਲਦਾ ਰਿਹਾ, ਅਖ਼ੀਰ ਨੂੰ ਇਹ ਸਮਾਗਮ ਰੱਦ ਕਰਨਾ ਪਿਆ। ਕੈਨੇਡਾ ਅਤੇ ਅਮਰੀਕਾ ਵਿਚ ਹਰ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ। ਪੁਲਿਸ ਉਤਨੀ ਦੇਰ ਕੋਈ ਕਾਰਵਾਈ ਨਹੀਂ ਕਰਦੀ ਜਿੰਨੀ ਦੇਰ ਕੋਈ ਕਾਨੂੰਨ ਦੀ ਉਲੰਘਣਾ ਨਾ ਕਰੇ। ਪੁਲਿਸ ਵੀ ਬੇਬਸ ਹੋ ਗਈ। ਪੰਜਾਬ ਸਰਕਾਰ ਦੇ ਮੰਤਰੀ ਤੋਤਾ ਸਿੰਘ ਜਿਸ ਉਪਰ ਕਿਸੇ ਵਿਅਕਤੀ ਨੇ ਜੁੱਤੀ ਵੀ ਵਗਾਹੀ ਤਾਂ ਉਨ੍ਹਾਂ ਗੁਸੇ ਦਾ ਇਜ਼ਹਾਰ ਕਰਦਿਆਂ ਪੁਲਿਸ ਨੂੰ ਨਾਲਾਇਕ ਤੱਕ ਕਹਿ ਦਿੱਤਾ। ਪੰਜਾਬ ਦੀ ਪੁਲਿਸ ਰਾਹੀਂ ਤਾਂ ਉਹ ਮਨਮਾਨੀ ਕਰ ਲੈਂਦੇ ਹਨ ਪ੍ਰੰਤੂ ਵਿਦੇਸ਼ ਵਿਚ ਸਾਰਾ ਕੰਮ ਕਾਨੂੰਨ ਅਨੁਸਾਰ ਹੁੰਦਾ ਹੈ। ਜਥੇਦਾਰ ਤੋਤਾ ਸਿੰਘ, ਵਿਧਾਨਕਾਰ ਪ੍ਰਗਟ ਸਿੰਘ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਹੱਥ ਮਲਦੇ ਹੀ ਰਹਿ ਗਏ।
ਇਸ ਮੀਟਿੰਗ ਦਾ ਆਯੋਜਨ ਟਰਾਂਟੋ ਦੇ ਅਕਾਲੀ ਲੀਡਰ ਬੇਅੰਤ ਸਿੰਘ ਧਾਲੀਵਾਲ ਨੇ ਕੀਤਾ ਸੀ। ਇਸੇ ਤਰ੍ਹਾਂ ਕੈਲੇਫੋਰਨੀਆਂ ਵਿਚ ਰਾਇਲ ਪੈਲੇਸ ਵਿਚ ਸਮਾਗਮ ਆਯੋਜਤ ਕੀਤਾ ਗਿਆ, ਉਥੇ ਵੀ ਪੁਲਿਸ ਬੁਲਾਉਣੀ ਪਈ। ਅਕਾਲੀ ਲੀਡਰਾਂ ਨੂੰ ਪੈਲੇਸ ਦੇ ਪਿਛਲੇ ਗੇਟ ਰਾਹੀਂ ਬਾਹਰ ਭੱਜਣਾ ਪਿਆ। ਪੁਲਿਸ ਵੀ ਬੇਬਸ ਦਿਸੀ। ਜਿਥੇ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਪੰਜਾਬੀ ਰਹਿੰਦੇ ਹਨ ਉਥੇ ਵੀ ਇਹੋ ਕੁਝ ਹੋਇਆ। ਕੁਝ ਕੁ ਲੀਡਰ ਤਾਂ ਨਿਰਾਸ਼ ਹੋ ਕੇ ਵਾਪਸ ਵੀ ਆ ਗਏ ਹਨ। ਪਤਾ ਲੱਗਾ ਹੈ ਕਿ ਨੈਗੇਟਿਵ ਪ੍ਰਚਾਰ ਦੇ ਡਰ ਤੋਂ ਅਕਾਲੀ ਦਲ ਨੇ ਆਪਣੇ ਹੋਰ ਲੀਡਰ ਭੇਜਣ ਤੋਂ ਪਾਸਾ ਵੱਟ ਲਿਆ ਹੈ। ਜਿਹੜੇ ਅਕਾਲੀ ਦਲ ਦੇ ਨੇਤਾ ਉਥੇ ਰਹਿ ਗਏ ਹਨ, ਉਨ੍ਹਾਂ ਨੇ ਸਥਾਨਕ ਅਖ਼ਬਾਰਾਂ ਦੇ ਦਫ਼ਤਰਾਂ ਦੇ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਦੇ ਦੌਰਿਆਂ ਦੀਆਂ ਨੈਗੇਟਿਵ ਖ਼ਬਰਾਂ ਤੋਂ ਬਚਿਆ ਜਾ ਸਕੇ। ਆਪਣੇ ਘਰਾਂ ਵਿਚ ਲੀਡਰਾਂ ਨੂੰ ਦਿੱਤੇ ਗੁਲਦਸਤਿਆਂ ਦੀਆਂ ਫੋਟੋਆਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਨ੍ਹਾਂ ਦੌਰਿਆਂ ਦਾ ਦੂਹਰਾ ਲਾਭ ਉਠਾਉਣ ਲਈ ਚੋਣਾਂ ਲਈ ਫ਼ੰਡ ਇਕੱਠਾ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਇਉਂ ਲੱਗ ਰਿਹਾ ਹੈ ਅਕਸ ਸੁਧਾਰਨ ਦੇ ਬਹਾਨੇ ਕਿਤੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਫ਼ੰਡ ਇਕੱਠਾ ਕਰਨ ਦਾ ਢਕਵੰਜ ਤਾਂ ਨਹੀਂ। ਇਹ ਪਹਿਲੀ ਵਾਰ ਹੈ ਕਿ ਵਿਦੇਸ਼ਾਂ ਵਿਚ ਜਿੱਥੇ ਲੋਕ ਆਮ ਤੌਰ ’ਤੇ ਵਿਹਲੇ ਨਹੀਂ ਹੁੰਦੇ ਕਿਉਂਕਿ ਉਹ ਆਪਣੇ ਕੰਮਾ ਕਾਰਾਂ ਵਿਚ ਰੁਝੇ ਰਹਿੰਦੇ ਹਨ, ਕਦੀ ਕਿਸੇ ਸਮਾਗਮਾਂ ਵਿਚ ਦਖ਼ਲ ਨਹੀਂ ਦਿੰਦੇ। ਪ੍ਰੰਤੂ ਇਸ ਵਾਰ ਤਾਂ ਉਨ੍ਹਾਂ ਨੇ ਲਾਮਬੰਦ ਹੋ ਕੇ ਵਿਰੋਧ ਕੀਤਾ ਹੈ। ਸਰਕਾਰ ਹਰ ਸਾਲ ਆਲੀਸ਼ਾਨ ਹੋਟਲਾਂ ਵਿਚ ਪ੍ਰਵਾਸੀ ਸੰਮੇਲਨ ਕਰਕੇ ਲੱਖਾਂ ਰੁਪਏ ਖ਼ਰਚਦੀ ਹੈ ਫਿਰ ਵੀ ਪ੍ਰਵਾਸੀ ਸਰਕਾਰ ਤੋਂ ਬਗ਼ਾਵਤ ਕਰ ਗਏ ਹਨ। ਐਨ.ਆਰ.ਆਈ.ਸਭਾ ਦੇ ਪ੍ਰਧਾਨ ਵੀ ਆਪਣੇ ਚਹੇਤਿਆਂ ਨੂੰ ਹੀ ਪ੍ਰਧਾਨ ਬਣਾਉਂਦੀ ਹੈ, ਇਸ ਕਰਕੇ ਪ੍ਰਵਾਸੀ ਸਰਕਾਰ ਤੋਂ ਦੁਖੀ ਹਨ। ਸਰਕਾਰ ਨੂੰ ਐਨ.ਆਰ.ਆਈ. ਸਭਾ ਵਿਚ ਵੀ ਜਮਹੂਰੀਅਤ ਲਿਆਉਣੀ ਚਾਹੀਦੀ ਹੈ। ਇਸ ਲਈ ਸਰਕਾਰ ਨੂੰ ਜ਼ਰੂਰ ਸੋਚਣ ਲਈ ਮਜਬੂਰ ਹੋਣਾ ਪਵੇਗਾ।
ਕੈਪਟਨ ਅਮਰਿੰਦਰ ਸਿੰਘ ਵੀ ਅਗਲੇ ਮਹੀਨੇ ਪ੍ਰਵਾਸੀਆਂ ਨੂੰ ਮਿਲਣ ਲਈ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ। ਪ੍ਰਵਾਸੀ ਅਮਰਿੰਦਰ ਸਿੰਘ ਨੂੰ ਪਸੰਦ ਕਰਦੇ ਹਨ। ਉਨ੍ਹਾਂ ਦੇ ਜਲਸੇ ਭਰਵੇਂ ਹੋਣ ਦੀ ਉਮੀਦ ਹੈ। ਸਰਕਾਰ ਨੇ ਪ੍ਰਵਾਸੀਆਂ ਨੂੰ ਸੰਤੁਸ਼ਟ ਕਰਨ ਲਈ ਆਪਣੇ ਮੰਤਰੀ ਭੇਜ ਕੇ ਆਪਣੇ ਲਈ ਕਲੇਸ਼ ਖੜ੍ਹਾ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਉਥੇ ਜਾ ਕੇ ਸਰਕਾਰ ਦੇ ਬਖੀਏ ਉਧੇੜ ਦੇਣੇ ਹਨ। ਇਸ ਲਈ ਪੰਜਾਬ ਤੇ ਰਾਜ ਕਰ ਰਹੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਸਰਕਾਰ ਦੀ ਕਾਰਗੁਜ਼ਾਰੀ ਪਾਰਦਰਸ਼ੀ ਬਣਾਉਣੀ ਚਾਹੀਦੀ ਹੈ।


