By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: 10 ਬਾਇ 10 ਦੀ ਜ਼ਿੰਦਗੀ ਨੂੰ ਸਲਾਮ -ਅਮਨਦੀਪ ਹਾਂਸ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > 10 ਬਾਇ 10 ਦੀ ਜ਼ਿੰਦਗੀ ਨੂੰ ਸਲਾਮ -ਅਮਨਦੀਪ ਹਾਂਸ
ਖ਼ਬਰਸਾਰ

10 ਬਾਇ 10 ਦੀ ਜ਼ਿੰਦਗੀ ਨੂੰ ਸਲਾਮ -ਅਮਨਦੀਪ ਹਾਂਸ

ckitadmin
Last updated: October 25, 2025 7:17 am
ckitadmin
Published: January 25, 2017
Share
SHARE
ਲਿਖਤ ਨੂੰ ਇੱਥੇ ਸੁਣੋ

ਹੈਰਾਨੀ ਜਿਹੀ ਹੋਊ ਇਹ ਪੜਨ-ਸੁਣਨ ਲੱਗਿਆ ਕਿ ਕੋਈ ਜ਼ਿੰਦਗੀ 10 ਬਾਇ 10 ਦੀ ਕਿਵੇਂ ਹੋ ਸਕਦੀ ਹੈ.. ??
 
ਪਰ ਇਹ ਹਕੀਕਤ ਹੈ ਤੇ ਇਹ ਜ਼ਿੰਦਗੀ ਜਿਉਣ ਵਾਲਿਆਂ ਨਾਲ ਅੱਜ ਮਿਲਾਉਂਦੇ ਹਾਂ.. ਕਪੂਰਥਲਾ-ਜਲੰਧਰ ਸੜਕ ‘ਤੇ ਮਨਸੂਰਵਾਲ ਦੋਨਾ ਪਿੰਡ ਦਾ ਸਨੀ ਨਾਮ ਦਾ ਗੱਭਰੂ ਇਹ 10 ਬਾਇ 10 ਦੀ ਜ਼ਿੰਦਗੀ ਹੰਢਾਅ ਰਿਹਾ ਹੈ। ਜਲੰਧਰ ਵਲੋਂ ਆਓ ਤਾਂ ਮਨਸੂਰਵਾਲ ਪਿੰਡ ਦੇ ਸ਼ੁਰੂ ਹੁੰਦਿਆਂ ਹੀ ਖੱਬੇ ਪਾਸੇ ਕੁਝ ਸਿਆਸੀ, ਧਾਰਮਿਕ ਤੇ ਸਮਾਜਿਕ ਪ੍ਰਚਾਰ ਵਾਲੀਆਂ ਫਟੀਆਂ ਪੁਰਾਣੀਆਂ ਫਲੈਕਸਾਂ ਦੀ ਓਟ ਵਿੱਚ ਇਕ ਨਾਈ ਦੀ ਦੁਕਾਨ, ਦੁਕਾਨ ਕਾਹਦੀ ਖੋਖਾ ਵੀ ਕਹਿਣਾ ਸਹੀ ਨਹੀਂ, ਸੜਕ ਕਿਨਾਰੇ ਹੀ ਖਸਤਾ ਹਾਲ ਕੁਰਸੀ, ਅੱਧੋਰਾਣਾ ਜਿਹਾ ਮੇਜ਼, ਮੂਹਰੇ ਸ਼ੀਸ਼ਾ, ਕੰਘੀਆਂ, ਕੈਂਚੀਆਂ, ਸ਼ੇਵ ਦਾ ਸਮਾਨ, ਡਾਈ ਦੇ ਪੈਕੇਟ ਆਦਿ ਪਏ ਹਨ, ਇਹਨੂੰ ਦੁਕਾਨ, ਖੋਖਾ, ਅੱਡਾ ਕੋਈ ਵੀ ਨਾਮ ਤੁਸੀਂ ਆਪਣੀ ਮਰਜ਼ੀ ਨਾਲ ਦੇ ਸਕਦੇ ਹੋ। ਇਹ ਦੁਕਾਨ ਸਨੀ ਨਾਮ ਦੇ 32 ਕੁ ਸਾਲ ਦੇ ਨੌਜਵਾਨ ਦੀ ਹੈ।

ਆਮ ਜਿਹੇ ਦਿਸਦੇ ਇਸ ਚੁੱਪਚੁਪੀਤੇ ਜਿਹੇ ਨੌਜਵਾਨ  ਵਿੱਚ ਕਿਸੇ ਨੂੰ ਕੁਝ ਖਾਸ ਨਹੀਂ ਦਿਸਦਾ, ਗਾਹਕ ਆਉਂਦੇ ਨੇ, ਵਾਲ ਕਟਵਾ ਕੇ, ਦਾੜੀ ਸਿਰ ਰੰਗਵਾ ਕੇ ਪੈਸੇ ਦੇ ਕੇ ਚਲੇ ਜਾਂਦੇ ਨੇ। ਕੋਈ ਗਾਹਕ ਨਾ ਹੋਣ ‘ਤੇ ਸਨੀ ਓਥੇ ਹੀ ਢਹੀ ਜਿਹੀ ਕੰਧ ‘ਤੇ ਬਹਿ ਜਾਂਦਾ ਹੈ। ਕੋਲ ਹੀ ਹੱਟੇ ਕੱਟੇ 10-12 ਜਣੇ ਤਾਸ਼ ਕੁੱਟਦੇ ਫੂਹੜ ਭਾਸ਼ਾ ਬੋਲਦੇ ਕਿਸੇ ਵੀ ਵਕਤ ਦੇਖੇ ਜਾ ਸਕਦੇ ਨੇ। ਇਹਨਾਂ ਤਾਸ਼ ਕੁਟਾਵਿਆਂ ਦਾ ਟੋਲਾ ਸਨੀ ਨੂੰ ਗਾਲ ਕੱਢ ਕੇ ਅਕਸਰ ਆਖਦਾ ਹੈ, ਓ ਨਾਈਆ.. ਖੋਖੇ ਦੁਆਲੇ ਓਟਾ ਕਰਲਾ,, ਵਾਲ ਉਡ ਉਡ ਕੇ ਸਾਡੇ ਤੇ ਪੈਂਦੇ ਨੇ..।

 

 

ਸਨੀ ਹੱਸ ਛੱਡਦਾ ਹੈ..
ਇਕ ਦਿਨ ਸਵੇਰੇ ਸਨੀ ਦਾ ਅੱਡਾ ਲਾਉਣ ਦਾ ਵਕਤ ਸੀ ਤਾਂ ਉਸ ਦੀ ਘਰਵਾਲੀ ਕੁਰਸੀ, ਮੇਜ਼ ਤੇ ਹੋਰ ਸਾਰਾ ਸਮਾਨ ਰੱਖ ਕੇ ਗਈ, ਤੇ ਉਹ ਆਪ ਹੱਥ ਲਮਕਾਉਂਦਾ ਖਾਲੀ ਤੁਰਿਆ ਆ ਰਿਹਾ ਸੀ, ਮੈਨੂੰ ਬੜਾ ਈ ਅਜੀਬ ਲੱਗਿਆ, ਕਿ ਹੱਟਾ ਕੱਟਾ 6 ਫੁੱਟ ਉਚਾ ਜਵਾਨ ਤੀਵੀਂ ਤੋਂ ਕੰਮ ਕਰਵਾ ਰਿਹੈ .. ਮੈਂ ਦੋਵਾਂ ਜੀਆਂ ਦੇ ਕੋਲ ਜਾ ਖੜੀ ਹੋਈ ਤੇ ਸਵਾਲ ਸਿੱਧਾ ਸਨੀ ਨੂੰ ਸੀ- ਵੀਰ ਮਰਦ ਤੀਵੀਆਂ ਨਾਲ ਇਉਂ ਵਿਹਾਰ ਕਾਸਤੋਂ ਕਰਦੇ ਨੇ? ਉਹ ਹੈਰਾਨ ਜਿਹਾ ਹੋ ਗਿਆ, ਆਂਹਦਾ-ਭੈਣ ਕੀ ਹੋਇਆ? ਜਦ ਮੈਂ ਉਹਦੀ ਘਰਵਾਲੀ ਵਲੋਂ ਸਮਾਨ ਚੁੱਕ ਕੇ ਲਿਆਉਣ ਬਾਰੇ ਪੁੱਛਿਆ ਤਾਂ ਕਹਿੰਦਾ, ਮੈਂ ਵਜ਼ਨ ਨਹੀਂ

ਚੁੱਕ ਸਕਦਾ , ਮੇਰਾ ਚੂਲਾ ਟੁੱਟ ਗਿਆ ਸੀ।

ਉਸ ਦਾ ਕੰਮ ਰੁਕਵਾ ਕੇ ਕਹਾਣੀ ਛੋਹ ਲਈ, ਸਨੀ ਮਜ਼ਹਬੀ ਸਿੱਖ ਪਰਿਵਾਰ ਦੇ ਪਿਛੋਕੜ ਵਾਲਾ ਹੈ, ਪਰ ਸਮਾਜਕ ਵਿਤਕਰੇ ਕਾਰਨ ਉਹਨਾਂ ਦਾ ਪਰਿਵਾਰ ਵੀ ਦੋ ਪੀੜੀਆਂ ਤੋਂ ਇਸਾਈ ਬਣ ਗਿਆ ਹੈ। ਸਾਰਾ ਪਰਿਵਾਰ ਮਜ਼ਦੂਰੀ ਕਰਦਾ ਹੈ। ਰਾਏਪੁਰ ਅਰਾਈਆਂ ਪਿੰਡ ਦੇ ਮੂਲ ਵਾਸੀ ਸਨੀ ਦਾ ਪਿਓ ਮਨਸੂਰਵਾਲ ਦੇ ਇਕ ਸਕੂਲ ‘ਚ ਚੌਕੀਦਾਰਾ ਕਰਿਆ ਕਰਦਾ ਸੀ ਤਾਂ ਸਕੂਲ ਵਾਲਿਆਂ ਨੇ ਦੋ ਧੀਆਂ ਤੇ ਦੋ ਪੁੱਤਾਂ ਵਾਲੇ ਇਸ ਪਰਿਵਾਰ ਨੂੰ 24 ਕੁ ਸਾਲ ਪਹਿਲਾਂ ਸਰਕਾਰੀ ਜ਼ਮੀਨ ਵਿੱਚ ਇਕ ਕੋਠਾ ਛੱਤ ਦਿੱਤਾ ਕਿ ਇਥੇ ਰਹਿ ਲਓ, ਸਨੀ ਸਭ ਤੋਂ ਵੱਡਾ ਹੈ। ਉਹ ਦੱਸਦਾ ਕਿ ਜਦ ਤੋਂ ਸੁਰਤ ਸੰਭਾਲੀ ਕਦੇ ਮਾਂ ਨਾਲ ਲੋਕਾਂ ਦੇ ਘਰਾਂ ਵਿੱਚ ਸਫਾਈ ਕਰਨ ਤੇ ਭਾਂਡੇ ਮਾਜਣ ਜਾਂਦਾ ਰਿਹਾ, 10 ਸਾਲ ਦੀ ਉਮਰੇ ਪੀਰ ਚੌਧਰੀ ਦੀ ਸਮਾਧ ਕੋਲ ਚਾਹ ਦੀ ਰੇੜੀ ਲਾ ਲਈ, ਰਿਕਸ਼ਾ ਵੀ ਚਲਾਇਆ, ਕੰਮ ਕਾਰ ਵਿਚ ਹੀ ਰਿੜਦੇ ਖਿੜਦੇ ਨੇ 8ਵੀਂ ਪਾਸ ਕਰ ਲਈ। 15-16 ਸਾਲ ਦੀ ਉਮਰੇ ਨਾਈਪੁਣਾ ਸਿੱਖ ਲਿਆ ਤੇ ਕਦੇ ਕਿਤੇ ਜਾ ਕੇ ਅੱਡਾ ਲਾ ਲੈਂਦਾ, ਕਦੇ ਕਿਤੇ ਜਾ ਕੇ। ਗਾਹਕੀ ਨਾ ਹੋਣ ਕਰਕੇ ਥਾਂ ਬਦਲਦਾ ਰਿਹਾ। ਚਾਰ ਪੰਜ ਸਾਲ ਇਉਂ ਖੱਜਲ ਹੋਣ ਮਗਰੋਂ ਕਬੀਲਦਾਰੀ ਦਾ ਬੋਝ ਵੰਡਾਉਣ ਲਈ ਰੰਗ ਰੋਗਨ ਕਰਨ ਦਾ ਕੰਮ ਸਿੱਖਿਆ ਤੇ ਰੰਗ ਕਰਨ ਲੱਗ ਪਿਆ, ਦੋ ਭੈਣਾਂ ਦੇ ਵਿਆਹ ਕੀਤੇ, ਆਪਣਾ ਤੇ ਭਰਾ ਦਾ ਵਿਆਹ ਕੀਤਾ। ਓਸੇ ਸਰਕਾਰੀ ਜ਼ਮੀਨ ਵਿੱਚ ਇਕ ਕਮਰੇ ਤੋਂ ਤਿੰਨ ਕਮਰੇ ਛੱਤ ਲਏ 10 ਬਾਇ 10 ਦਾ ਇਕ ਕਮਰਾ ਸਨੀ ਦੇ ਹਿੱਸੇ ਆਇਆ ਹੈ। ਜਗਾ ਸਰਕਾਰੀ ਹੈ, ਬਾਕੀ ਸਭ ਕੁਝ ਆਪਣਾ ਹੈ।

ਸਨੀ ਦੱਸਦਾ ਹੈ ਕਿ ਜ਼ਿੰਦਗੀ ਦਾ ਚੰਗਾ ਗੁਜ਼ਰ ਬਸਰ ਹੋ ਰਿਹਾ ਸੀ, ਕਿ ਸਾਲ 2011 ਵਿੱਚ ਸ਼ੇਖੂਪੁਰ ਇਕ ਜ਼ਿਮੀਦਾਰ ਦੇ ਘਰ ਰੰਗ ਕਰਦਿਆਂ ਪੌੜੀ ਤੋਂ ਡਿੱਗ ਪਿਆ, ਦਰਦ ਨਾਲ ਕਰਾਹੁੰਦੇ ਨੂੰ ਠੇਕੇਦਾਰ ਤੇ ਜ਼ਿਮੀਦਾਰ ਦੇ ਮੁੰਡੇ ਘਰ ਛੱਡ ਗਏ, ਦੋ ਦਿਨ ਘਰੇ ਹੀ ਓਹੜ ਪੋਹੜ ਕਰਦੇ ਰਹੇ, ਜਦ ਦਰਦ ਵਧ ਗਿਆ ਤਾਂ ਮਾਲਸ਼ੀਏ ਕੋਲ ਲੈ ਗਏ, ਉਹਨੇ ਨਸ਼ੇ ਜਿਹੇ ਦੀ ਦਵਾ ਦੇ ਕੇ ਘਰੇ ਤੋਰ ਦਿੱਤਾ, ਇਉਂ ਹੀ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਕਰਦਿਆਂ ਸਾਲ ਕੱਢ ਲਿਆ, ਆਖਰ ਡਾਕਟਰ ਕੋਲ ਜਾਣਾ ਪਿਆ ਤਾਂ ਪਤਾ ਲੱਗਿਆ ਕਿ ਚੂਲਾ ਟੁੱਟ ਗਿਆ ਹੈ, ਚੂਲਾ ਹੋਰ ਪਾਉਣ ਦਾ 70-80 ਹਜ਼ਾਰ ਦਾ ਖਰਚਾ ਦੱਸਿਆ, ਨਿੱਤ ਦੀ ਕਮਾ ਕੇ ਖਾਣ ਵਾਲੇ ਕੋਲ ਐਨੀ ਵੱਡੀ ਰਕਮ ਕਿੱਥੋਂ ਆਉਂਦੀ, ਸਨੀ ਕਹਿੰਦਾ -ਮੇਰੀਆਂ ਤਾਂ ਦਿਹਾੜੀਆਂ ਵੀ ਠੇਕੇਦਾਰ ਨੇ ਮਾਰ ‘ਲੀਆਂ, 400 ਰੁਪੀਆ ਘਰੇ ਦੇ ਗਿਆ, ਜ਼ਿਮੀਦਾਰ ਨੇ ਤਾਂ ਬਾਤ ਹੀ ਕੀ ਪੁੱਛਣੀ ਸੀ।

ਸਨੀ ਦੇ ਘਰ ਵਿਆਹ ਤੋਂ ਚਾਰ ਸਾਲ ਬਾਅਦ ਤੱਕ ਬੱਚਾ ਨਹੀਂ ਸੀ ਹੋਇਆ ਤਾਂ ਉਹਨਾਂ ਨੇ ਇਕ ਬੱਚੀ ਗੋਦ ਲੈ ਲਈ, ਸਾਲ ਬਾਅਦ ਪੁੱਤ ਵੀ ਘਰ ਆ ਗਿਆ, ਸਨੀ ਤੇ ਉਸ ਦੀ ਘਰਵਾਲੀ ਰਾਜਬੀਰ ਮਿਹਨਤ ਮਜ਼ਦੂਰੀ ਕਰਦੇ ਬੱਚਿਆਂ ਨਾਲ ਖੁਸ਼ ਸਨ, ਪਰ ਜੋ ਮਾਰ ਕੁਦਰਤ ਨੇ ਮਾਰੀ ਉਸ ਨੇ ਸਨੀ ਦਾ ਚੂਲਾ ਹੀ ਨਹੀਂ ਉਹਨਾਂ ਦੀ ਜ਼ਿੰਦਗੀ ਦੀ ਹਰ ਚੂਲ਼ ਤੋੜ ਕੇ ਰੱਖ ਦਿੱਤੀ, ਡਾਕਟਰ ਨੇ ਹਜ਼ਾਰਾਂ ਦਾ ਖਰਚਾ ਕੀ ਦੱਸਿਆ, ਸਾਰੇ ਰਿਸ਼ਤੇਦਾਰ ਮੂੰਹ ਮੋੜ ਗਏ। ਕੁਝ ਜਾਣਕਾਰਾਂ ਨੇ ਉਧਾਰ ਦਿੱਤਾ ਤੇ ਕੁਝ ਰਾਜਬੀਰ ਦੇ ਪੇਕਿਆਂ ਨੇ ਕਰਜ਼ਾ ਲੈ ਕੇ ਦਿੱਤਾ, ਚੂਲਾ ਬਦਲ ਲਿਆ, ਪਰ ਸਨੀ ਸਾਰੀ ਉਮਰ ਦਾ ਰੋਗੀ ਹੋ ਗਿਆ, ਉਹ ਕਦੇ ਵੀ ਪੈਂਰੀਂ ਭਾਰ ਬਹਿ ਨਹੀਂ ਸਕਦਾ, ਖੜੋਨਾ ਵੀ ਮੁਸ਼ਕਲ ਹੈ, ਪਰ ਕਬੀਲਦਾਰੀ ਰੇੜਨ ਲਈ 4 ਮਹੀਨੇ ਮੰਜੇ ‘ਤੇ ਕੱਟਣ ਮਗਰੋਂ ਉਸ ਨੇ ਸੜਕ ਦੇ ਕਿਨਾਰੇ ਅੱਡਾ ਲਾ ਲਿਆ..। 80 ਕੁ ਹਜ਼ਾਰ ਦਾ ਚੜਿਆ ਕਰਜਾ ਵੀ ਲਾਹੁਣਾ ਸੀ, ਲੈਣਦਾਰਾਂ ਦੀਆਂ ਗੇੜੀਆਂ ਮੰਜੇ ‘ਤੇ ਪੈਣ ਨਹੀਂ ਸੀ ਦਿੰਦੀਆਂ।

ਅਪ੍ਰੇਸ਼ਨ ਹੋਏ ਨੂੰ ਬਸ਼ੱਕ 5 ਸਾਲ ਹੋ ਗਏ, ਪਰ ਤਕਲੀਫ ਚੰਗੀ ਖਾਧ ਖੁਰਾਕ ਦੀ ਕਮੀ ਤੇ ਅੱਲੇ ਜ਼ਖਮਾਂ ਵਿੱਚ ਹੀ ਕੰਮ ਛੋਹ ਲੈਣ ਕਰਕੇ ਅੱਜ ਵੀ ਹੈ। ਦੁਕਾਨ ‘ਤੇ ਜ਼ਿਆਦਾ ਗਾਹਕ ਆਉਣ ‘ਤੇ ਕਦੇ ਕਦੇ 3-4 ਘੰਟੇ ਲਗਾਤਾਰ ਖੜਨਾ ਪੈਂਦਾ ਹੈ, ਕਈ ਵਾਰ ਸਾਰਾ ਦਿਨ ਹੀ ਗਾਹਕ ਆਉਂਦੇ ਨੇ, ਤਾਂ ਉਹ ਕੁਝ ਚਿਰ ਬਹਿ ਬਹਿ ਕੇ ਸਾਹ ਲੈ ਕੇ ਫੇਰ ਕੰਮ ‘ਤੇ ਜੁਟ ਜਾਂਦਾ ਹੈ। ਸ਼ਾਮ ਤੱਕ ਕਈ ਵਾਰ ਤਾਂ ਥਕੇਵੇਂ ਨਾਲ ਪੈਰ ਇਕ ਕਦਮ ਵੀ ਤੁਰਨ ਤੋਂ ਇਨਕਾਰੀ ਹੋ ਜਾਂਦੇ ਨੇ, ਘਰਵਾਲੀ ਤੇ 8 ਸਾਲ ਦੀ ਕੁੜੀ ਤੇ 7 ਸਾਲ ਦਾ ਮੁੰਡਾ ਉਹਨੂੰ ਧੂਹ ਧਾਹ ਕੇ ਘਰ ਲੈ ਜਾਂਦੇ ਨੇ। ਘਰ .. ਜੋ 10 ਬਾਇ 10 ਦਾ ਹੈ.. 10 ਫੁੱਟ ਚੌੜਾ, 10 ਫੁੱਟ ਲੰਮਾ..  ਉਪਰ ਟੀਨ ਦੀ ਛੱਤ ਹੈ, ਵਿਚ ਮਘੋਰੀਆਂ ਨੇ, ਸਨੀ ਹੱਸਦਾ ਹੈ, ਬਰਸਾਤਾਂ ਵਿੱਚ ਅੰਦਰੇ ਬੈਠੇ ਈ ਮੀਂਹ ਦੇ ਨਜ਼ਾਰੇ ਲੈ ਲੈਂਦੇ ਆਂ.. ਬੱਸ ਸਮਾਨ ਭਿੱਜ ਜਾਂਦਾ, ਹੋਰ ਕੋਈ ਗੱਲ ਨਹੀਂ, ਸਿਆਲਾਂ ‘ਚ ਤਰੇਲ ਵੀ ਇਹਨਾਂ ਮਘੋਰਿਆਂ ਵਿਚੋਂ ਚੋਅ ਚੋਅ ਅੰਦਰੇ ਬਰਸਾਤ ਦਾ ਮਹੌਲ ਬਣਾ ਦਿੰਦੀ ਹੈ, ਉਹ ਹੱਸੀ ਜਾਂਦਾ ਹੈ, ਸ਼ਾਇਦ ਤਕਲੀਫਾਂ ਨੂੰ ਹਾਸਿਆਂ ਪਿੱਛੇ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ 10 ਬਾਇ 10 ਦੇ ਘਰ ਵਿੱਚ ਹੀ ਇਕ ਬੈਡ ਹੈ, ਇਕ ਪਾਸੇ ਗੈਸ ਚੁੱਲਾ ਹੈ, ਅਲਮਾਰੀ ਹੈ, ਬੱਸ ਇਹੀ ਜਾਇਦਾਦ ਹੈ। ਸਨੀ ਦਿਹਾੜੀ ਦੇ 150 ਕਦੇ ਕਦੇ 200 ਰੁਪਏ ਕਮਾ ਲੈਂਦਾ ਹੈ, ਕਰਜ਼ਾ ਹਾਲੇ ਤੱਕ ਨਹੀਂ ਉਤਰਿਆ, ਸਾਲ ਕੁ ਪਹਿਲਾਂ ਰਾਜਬੀਰ ਦੇ ਪਥਰੀਆਂ ਦਾ ਅਪ੍ਰੇਸ਼ਨ ਹੋਇਆ, 25 ਹਜ਼ਾਰ ਉਦੋਂ ਕਰਜ਼ਾ ਚੁੱਕਣਾ ਪਿਆ, ਅੱਜ ਵੀ 60 ਕੁ ਹਜ਼ਾਰ ਦਾ ਕਰਜ਼ਾ ਸਿਰ ਹੈ। ਤੁਰਦੇ ਫਿਰਦੇ ਸ਼ਾਹੂਕਾਰਾਂ ਤੋਂ ਕਰਜ਼ਾ ਲੈਂਦੇ ਨੇ, ਜਿਵੇ 5000 ਰੁਪਏ ਦਾ ਕਰਜ਼ਾ ਲਿਆ, 7 ਮਹੀਨਿਆਂ ਵਿੱਚ ਉਹਦਾ 7 ਹਜ਼ਾਰ ਮੋੜਨਾ ਹੈ, ਬੈਂਕਾਂ ਦੇ ਕਰਜ਼ੇ ਨਾਲੋਂ ਕਿਤੇ ਮਹਿੰਗਾ, ਸਨੀ ਦੱਸਦਾ ਹੈ ਕਿ ਮਾਹਤੜਾਂ ਨੂੰ ਬੈਂਕਾਂ ਕਰਜ਼ਾ ਨਹੀਂ ਦਿੰਦੀਆਂ, ਸਾਡੇ ਕੋਲ ਗਹਿਣੇ ਰੱਖਣ ਨੂੰ ਕੁਝ ਨਹੀਂ।

ਉਸ ਦੀ ਘਰਵਾਲੀ ਰਾਜਬੀਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ।

ਬੱਚਿਆਂ ਨੂੰ ਪੜਾਉਣ ਦੀ ਸਿਰ ਤੋੜ ਕੋਸ਼ਿਸ਼ ਵਿੱਚ ਨੇ, ਹਾਲਾਤਾਂ ਦੇ ਬਦਲਣ ਦੀ ਆਸ ਵਿੱਚ ਨੇ। ਦੋਵਾਂ ਜੀਆਂ ਦੀ ਕਮਾਈ ਕਦੇ 7 ਹਜ਼ਾਰ ਮਹੀਨਾ ਹੁੰਦੀ ਹੈ ਕਦੇ 8 ਹਜ਼ਾਰ ਅੱਧਾ ਕਰਜ਼ਾ ਮੁੜ ਜਾਂਦਾ ਹੈ, ਬਾਕੀ ਨਾਲ ਰੋਟੀ ਪਾਣੀ ਦਾ ਤੋਰਾ ਤੋਰਦੇ ਨੇ। ਰਾਜਬੀਰ ਦੱਸਦੀ ਹੈ ਕਿ ਅਸੀਂ ਸਾਰੇ ਟੱਬਰ ਨੇ ਕੱਪੜਾ ਕਦੇ ਮੁੱਲ ਲੈ ਕੇ ਨਹੀਂ ਪਾਇਆ, ਵੱਡੇ ਘਰਾਂ ਵਾਲੀਆਂ ਦੇ ਦਿੰਦੀਆਂ ਨੇ। ਵਧੀ ਬਚੀ ਦਾਲ ਸਬਜ਼ੀ ਵੀ ਦੇ ਹੀ ਦਿੰਦੀਆਂ ਨੇ, ਸਾਡਾ ਡੰਗ ਸਰ ਜਾਂਦੈ। ਮੈਂ ਤਾਂ ਕਈ ਵਾਰ  ਓਹਦੇ ‘ਚੋਂ ਆਪਣੀ ਦਰਾਣੀ ਨੂੰ ਵੀ ਦੇ ਦਿੰਨੀ ਆਂ.. ਥੋੜੀ ਖਾ ਕੇ ਵੀ ਝੱਟ ਪੂਰਾ ਹੋ ਹੀ ਜਾਣਾ ਹੁੰਦੈ,, ਬੱਸ ਪ੍ਰਭੂ ਨੇ ਜੋ ਵਖਤ ਪਾਇਆ ਉਹੀ ਕਟਾਊ, ਮਰੂੰ ਮਰੂੰ ਕਰਕੇ ਕਿਹੜਾ ਕਸ਼ਟ ਕੱਟੇ ਜਾਣੇ ਨੇ.. ਉਹ ਹੱਸਦੀ ਹੋਈ ਕਹਿੰਦੀ ਹੈ..

ਜਿਹੜੇ ਥਾਂ ਨੂੰ ਉਹ ਘਰ ਦੱਸਦੇ ਨੇ ਉਹ ਸਰਕਾਰੀ ਜਗਾ ਰਾਣਾ ਗੁਰਜੀਤ ਸਿੰਘ ਐਮ ਐਲ ਏ ਨੇ ਵਾਲਮੀਕਿ ਮੰਦਰ ਲਈ ਦੇ ਦਿੱਤੀ, ਮੰਦਰ ਕਮੇਟੀ ਵਾਲਿਆਂ ਨੇ ਸਨੀ ਤੇ ਉਸ ਦੇ ਭਰਾ ਤੇ ਪਿਓ ਨੂੰ ਉਥੋਂ ਕੱਢਣ ਲਈ ਗੁੰਡਾਗਰਦੀ ਵੀ ਕੀਤੀ, ਪਰ ਆਂਢ ਗੁਆਂਢ ਦੇ ਦਖਲ ‘ਤੇ ਕਿ ਗੁਰਬਤ ਮਾਰੇ ਨੇ ਰੱਬ ਦੀ ਥਾਂ ‘ਤੇ ਓਟ ਆਸਰਾ ਨਾ ਲੈਣ ਤਾਂ ਕਿੱਥੇ ਲੈਣਗੇ..? ਰੱਬ ਦੇ ਨੌਂਅ ‘ਤੇ ਮੰਦਰ ਕਮੇਟੀ ਦਾ ਗੁੱਸਾ ਮੱਠਾ ਪੈ ਗਿਆ, ਪਰ ਕੋਈ ਵੀ ਉਸਾਰੀ ਕਰਨ ਤੋਂ ਵਰਜ ਦਿੱਤਾ। ਉਂਞ ਸਭ ਦੇ ਵੋਟਰ ਕਾਰਡ., ਅਧਾਰ ਕਾਰਡ ਇਸੇ ਪਤੇ ਦੇ ਬਣੇ ਨੇ, ਬਿਜਲੀ ਦਾ ਮੀਟਰ ਵੀ ਲੱਗਿਆ ਹੈ। ਪਰ ਫਿਰ ਵੀ ਇਹ ਪ੍ਰਾਪਰਟੀ ਇਹਨਾਂ ਦੀ ਨਹੀਂ ਹੈ, ਸਰਕਾਰੀ ਜਰਬਾਂ ਤਕਸੀਮਾਂ ਨੇ .. ਕੌਣ ਜਾਣੇ..?

ਸਨੀ ਕਹਿੰਦਾ ਮੈਂ ਕਦੇ ਵੋਟ ਨਹੀਂ ਪਾਈ, ਸਾਡੀਆਂ ਮਾਵਾਂ ਧੀਆਂ ਨੂੰ ਕਿੱਲੋ ਕਿੱਲੋ ਦਾਲ ਕਣਕ ਖਾਤਰ ‘ਉਹਨਾਂ ਦੇ’ ਘਰੀਂ ਗੇੜੇ ਲਾਉਣੇ ਪੈਂਦੇ ਨੇ, ਅਗਲੇ ਮਸ਼ਕਰੀਆਂ ਕਰਦੇ ਨੇ, ਫੇਰ ਸੱਦਦੇ ਨੇ, ਸਾਡੀ ਗਰੀਬਾਂ ਦੀ ਕੋਈ ਅਣਖ ਨਹੀਂ?? ਸਾਨੂੰ ਭਿਖਾਰੀ ਬਣਾ ਕੇ ਥੱਲੇ ਲਾਉਂਦੇ ਨੇ, ਅਸੀਂ ਵਿਕਾਊ ਨਹੀਂ.. ਕਿਰਤੀ ਆਂ..

ਬਾਬਾ ਨਾਨਕ ਦੇ ਅਸਲੀ ਵਾਰਸ ਕਿਰਤ ਕਰੋ ਵੰਡ ਛਕੋ ਨਾਮ ਜਪੋ.. ਦੇ ਧਾਰਨੀ.. ਇਸ ਪਰਿਵਾਰ ਦੀ 10 ਬਾਇ 10 ਦੀ ਜ਼ਿੰਦਗੀ ਸਿਰੜ, ਸਬਰ, ਸੰਤੋਖ ਦੀ ਮਿਸਾਲ ਹੈ, ਖਾਸ ਕਰਕੇ ਖੁਦਕੁਸ਼ੀਆਂ ਦੇ ਰਾਹ ਤੁਰਨ ਦੀ ਸੋਚ ਵਾਲਿਆਂ ਲਈ..।

ਸੰਪਰਕ: +91 94641 95272
ਨੀਮ ਪਹਾੜੀ ਖੇਤਰ ਦੇ ਪੇਂਡੂ ਕਿਸਾਨਾ ਨੇ ਮੂੰਗਫਲੀ ਅਤੇ ਪੇਠਾ ਬੀਜਣ ਤੋਂ ਮੂੰਹ ਫੇਰਿਆ
ਮਾਨਸਾ ਵਿੱਚ 17 ਆਰ.ਓ ਪਲਾਂਟਾਂ ਨੂੰ ਬੰਦ ਕਰਨ ਦੇ ਹੁਕਮ -ਜਸਪਾਲ ਸਿੰਘ ਜੱਸੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਸਿਆਸਤ ਅਤੇ ਪਰਿਵਾਰਵਾਦ ਭਾਰੂ -ਭਾਵਨਾ ਮਲਿਕ
ਕ੍ਰਿਸ਼ਮਾ ਮੋਤੀ ਮਹਿਲ ਦਾ ਬਿਜਲੀ ਬਿੱਲ 25 ਰੁਪਏ ! -ਚਰਨਜੀਤ ਭੁੱਲਰ
ਕਿਸਾਨ ਫੂਲਾ ਸਿੰਘ ਵੱਲੋਂ ਪੁਲੀਸ ਤੋਂ ਇਨਸਾਫ ਦੀ ਮੰਗ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਬ੍ਰਹਿਮੰਡੀ ਚੇਤਨਾ ਦਾ ਸਾਹਿਤਕਾਰ: ਰਵਿੰਦਰ ਰਵੀ

ckitadmin
ckitadmin
February 3, 2013
ਸਾਨੂੰ ਗੁੰਡਾਗਰਦੀ ਕਰਨ ਦੀ ਖੁੱਲ ਚਾਹੀਦੀ ਹੈ! – ਨਰਾਇਣ ਦੱਤ
ਪੁਸਤਕ: ਉਚੇਰੀ ਸੋਚ ਚੰਗੇਰੀ ਜ਼ਿੰਦਗੀ
ਸ਼ੁਤਰਮੁਰਗੀ ਵਿਹਾਰ ਅਤੇ ਸਾਡੀ ਅਜੋਕੀ ਸਰਕਾਰ -ਸੁਕੀਰਤ
ਕਿੱਸਾਕਾਵਿ `ਚ ਵਿੱਲਖਣ ਛਾਪ: ਕਿੱਸਾ ਬਾਗ਼ੀ ਸੁਭਾਸ਼ (ਕਰਨੈਲ ਸਿੰਘ ਪਾਰਸ) -ਅਵਤਾਰ ਸਿੰਘ ਬਿਲਿੰਗ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?