ਨਿਊਯਾਰਕ ਸ਼ਹਿਰ ਤੋਂ 60 ਮੀਲ ਦੂਰ ਇੱਕ ਖੇਤੀ ਫਾਰਮ ਨੂੰ ਅਸੀਂ ਦੇਖਣ ਲਈ ਗਏ। ਫਾਰਮ ਦੇ ਮਾਲਕ ਕਰਿਸ ਪਾਵਲੈਸਕੀ ਨੇ ਕਿਹਾ, ‘‘ਮੇਰੇ ਪਿਆਜ਼ ਮੋਟੇ ਆਕਾਰ ਦੇ ਹਨ, ਪਤਾ ਹੈ ਕਿਉਂ?” ਉਸ ਨੇ ਸਾਨੂੰ ਪੁੱਛਿਆ। ‘‘ਗ੍ਰਾਹਕ ਅਜਿਹੇ ਪਿਆਜ਼ ਪਸੰਦ ਕਰਦੇ ਹੋਣਗੇ।” ਸਾਡਾ ਜਵਾਬ ਸੀ। ‘‘ਨਹੀਂ, ਪਿਆਜ਼ ਦਾ ਸਾਈਜ਼ ਵੀ ਖ਼ੁਦਰਾ ਸਟੋਰਾਂ ਵਾਲੇ ਤੈਅ ਕਰਦੇ ਹਨ, ਤਕਰੀਬਨ ਹਰ ਚੀਜ਼ ਉਨ੍ਹਾਂ ਦੇ ਹੁਕਮਾਂ ਮੁਤਾਬਿਕ ਚਲਦੀ ਹੈ।”
ਕਰਿਸ ਨੇ ਦੱਸਿਆ ਕਿ ਉਸ ਦਾ ਪਰਿਵਾਰ 1903 ਵਿੱਚ ਪੋਲੈਂਡ ਤੋਂ ਅਮਰੀਕਾ ਆਇਆ ਸੀ। ਇੱਕ ਸਦੀ ਤੋਂ ਉਹ ਇਸ ਜ਼ਮੀਨ ‘ਤੇ ਖੇਤੀ ਕਰ ਰਹੇ ਹਨ। ਕਰਿਸ ਪਰਿਵਾਰ ਦੀ ਚੌਥੀ ਪੀੜ੍ਹੀ ਦਾ ਵਾਰਿਸ ਹੈ। ‘ਤਕਰੀਬਨ ਸਭ ਕੁਝ’ ਵਿੱਚ ਖੇਤੀ ਵਸਤਾਂ ਦੀਆਂ ਕੀਮਤਾਂ ਵੀ ਸ਼ਾਮਲ ਹਨ। ਵਾਲਮਾਰਟ, ਸ਼ਾਪ ਰਾਇਟਸ ਆਦਿ ਸਟੋਰਾਂ ਵਾਲੇ ਇਹ ਪਿਆਜ਼ 1.49 ਤੋਂ ਲੈ ਕੇ 1.89 ਡਾਲਰ ਪ੍ਰਤੀ ਪੌਂਡ ਦੇ ਹਿਸਾਬ ਨਾਲ ਵੇਚਦੇ ਹਨ, ਜਦ ਕਿ ਕਰਿਸ ਵਰਗੇ ਕਿਸਾਨਾਂ ਤੋਂ 17 ਸੈਂਟ ਦੇ ਭਾਅ ਖਰੀਦੇ ਜਾਂਦੇ ਹਨ। ਇਹ ਵੀ ਵਧੀ ਹੋਈ ਕੀਮਤ ਹੈ। 1983 ਤੋਂ ਲੈ ਕੇ 2012 ਤੱਕ ਦੇ ਸਮੇਂ ਵਿੱਚ ਕਿਸਾਨਾਂ ਨੂੰ ਔਸਤ 12 ਸੈਂਟ ਪ੍ਰਤੀ ਪੌਂਡ ਕੀਮਤ ਮਿਲੀ ਹੈ। ਖੇਤੀ ਲਈ ਜ਼ਰੂਰੀ ਸਾਰੀਆਂ ਖਾਦਾਂ, ਕੀੜੇਮਾਰ ਦਵਾਈਆਂ ਦੀਆਂ ਕੀਮਤਾਂ ਵਿੱਚ ਚੌਖਾ ਵਾਧਾ ਹੋਇਆ ਹੈ, ਪਰ ਕਿਸਾਨਾਂ ਨੂੰ 50 ਪੌਂਡ ਦੇ ਪਿਆਜ਼ ਦੇ ਥੈਲੇ ਲਈ 6 ਡਾਲਰ ਮਿਲੇ ਸਨ, ਜਦ ਕਿ ਇਸੇ ਸਮੇਂ ਦੌਰਾਨ ਪ੍ਰਚੂਨ ਕੀਮਤਾਂ ਵਿੱਚ ਚੌਖਾ ਵਾਧਾ ਕੀਤਾ ਗਿਆ ਹੈ। ਵੱਡੇ ਸਟੋਰਾਂ ਵਾਲਿਆਂ ਨੂੰ ਦੂਰੀ ਦੀ ਵੀ ਕੋਈ ਸਮੱਸਿਆ ਨਹੀਂ ਹੈ। ਪੀਰੂ, ਚੀਨ ਵਰਗੇ ਦੇਸ਼ਾਂ ਤੋਂ ਸਸਤੇ ਭਾਅ ਖੇਤੀ ਵਸਤਾਂ ਖਰੀਦੀਆਂ ਜਾਂਦੀਆਂ ਹਨ, ਜਿਸ ਨਾਲ ਸਥਾਨਕ ਮੰਡੀ ਵਿੱਚ ਜਿਣਸਾਂ ਦੇ ਭਾਅ ਡਿੱਗ ਜਾਂਦੇ ਹਨ। ਇਨ੍ਹਾਂ ਸਟੋਰਾਂ ਦੀਆਂ ਬਹੁਤ ਸਾਰੀਆਂ ਸ਼ਾਖ਼ਾਵਾਂ ਹਨ।
‘‘ਤੁਹਾਡੇ ਵਿੱਚੋਂ ਕੋਈ ਆਪਣਾ ਖਾਣਾ ਆਪ ਬਣਾਉਂਦਾ ਹੈ?” ਉਸ ਨੇ ਸਾਡੇ ਗਰੁੱਪ ਨੂੰ ਮੁਖ਼ਾਤਿਬ ਹੁੰਦਿਆਂ ਪੁੱਛਿਆ। ਕੁਝ ਨੇ ਹਾਂ ਵਿੱਚ ਸਿਰ ਹਿਲਾਇਆ। ਇੱਕ ਪਿਆਜ਼ ਉਸ ਨੇ ਹੱਥ ਵਿੱਚ ਲੈ ਕੇ ਕਿਹਾ, ‘‘ਉਹ ਇਸ ਸਾਈਜ਼ ਦਾ ਪਿਆਜ ਉਗਾਉਣ ਨੂੰ ਕਹਿੰਦੇ ਹਨ। ਇਸ ਦਾ ਅੱਧਾ ਹਿੱਸਾ ਤੁਸੀਂ ਕੱਟ ਕੇ ਵਰਤ ਲਵੋਗੇ ਅਤੇ ਬਾਕੀ ਦਾ ਅੱਧਾ ਅਕਸਰ ਬੇਕਾਰ ਜਾਵੇਗਾ। ਜਿੰਨਾ ਬੇਕਾਰ ਕਰੋਗੇ ਉਨ੍ਹਾਂ ਹੀ ਜ਼ਿਆਦਾ ਖਰੀਦੋਗੇ। ਇਸ ਤਰ੍ਹਾਂ ਵੱਡੇ ਸਾਈਜ਼ ਦਾ ਪਿਆਜ ਤਿਆਰ ਕਰਨਾ ਵੀ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਹੈ। ਜ਼ਿਆਦਾ ਲਾਭ ਕਮਾਉਣ ਦੀ ਨੀਤੀ।”
ਕਰਿਸ ਪਾਵਲੋਸਕੀ ਦਾ ਫਾਰਮ ਛੋਟੇ ਫਾਰਮਾਂ ਦੀ ਸੂਚੀ ਵਿੱਚ ਆਉਂਦਾ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਅਨੁਸਾਰ ਜਿਨ੍ਹਾਂ ਦੀ ਸਾਲਾਨਾ ਆਮਦਨ 250,000 ਡਾਲਰ ਤੋਂ ਘੱਟ ਹੈ, ਛੋਟੇ ਫਾਰਮ ਕਹਿਲਾਉਂਦੇ ਹਨ। 91 ਪ੍ਰਤੀਸ਼ਤ ਫਾਰਮ ਇਸ ਸੂਚੀ ਵਿੱਚ ਆਉਂਦੇ ਹਨ। 60 ਪ੍ਰਤੀਸ਼ਤ ਫਾਰਮਾਂ ਦੀ ਆਮਦਨ 10,000 ਡਾਲਰ ਤੋਂ ਘੱਟ ਹੈ। ਪਾਵਲੋਸਕੀ ਪਰਿਵਾਰ 100 ਏਕੜ ਜ਼ਮੀਨ ‘ਤੇ ਖੇਤੀ ਕਰਦੇ ਹਨ। 60 ਏਕੜ ਉਨ੍ਹਾਂ ਦੀ ਆਪਣੀ ਹੈ ਤੇ 40 ਏਕੜ ਠੇਕੇ ‘ਤੇ ਲੈਂਦੇ ਹਨ। ਸਿਰਫ ਮਲਟੀ-ਬਰਾਂਡ ਸਟੋਰਾਂ ਵਾਲੇ ਹੀ ਕਿਸਾਨ ਦੀ ਮਿਹਨਤ ‘ਤੇ ਡਾਕਾ ਨਹੀਂ ਮਾਰਦੇ। ਕੁਦਰਤ ਵੀ ਪਿੱਛੇ ਨਹੀਂ ਰਹਿੰਦੀ। ਹੜ੍ਹ, ਸੋਕਾ, ਗੜ੍ਹੇਮਾਰੀ, ਈਰੀਨ ਵਰਗੇ ਸਮੁੰਦਰੀ ਤੁਫ਼ਾਨ ਵੀ ਕਿਸਾਨਾਂ ਨੂੰ ਲੁੱਟ ਕੇ ਲੈ ਜਾਂਦੇ ਹਨ। ਸਾਲ 2009 ਵਿੱਚ ਉਸ ਦੀ 150,000 ਡਾਲਰ ਦੀ ਫਸਲ ਤਬਾਹ ਹੋ ਗਈ, ਪਰ ਮੁਆਵਜ਼ਾ ਮਿਲਿਆ 6000 ਡਾਲਰ ਦਾ, ਦਸ ਹਜ਼ਾਰ ਡਾਲਰ ਦੀਆਂ ਬੀਮਾ ਕਿਸ਼ਤਾਂ ਉਸ ਨੇ ਭਰੀਆਂ ਸਨ। ਜਰਖੇਜ਼ ਭੂਮੀ ਦਾ ਮਾਲਕ ਪਾਵਲੋਸਕੀ ਕਰਜ਼ਾਈ ਹੋ ਗਿਆ ਹੈ।
ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਦੀ ਸਰਕਾਰੀ ਵਿਵਸਥਾ ਛੋਟੇ ਫ਼ਾਰਮਾਂ ਦੇ ਖ਼ਿਲਾਫ ਚੱਲ ਰਹੀ ਹੈ। ਪਹਿਲਾਂ ਪਾਵਲੋਸਕੀ ਪਰਿਵਾਰ ਆਪਣੇ ਫ਼ਾਰਮ ਦੀ ਆਮਦਨ ਤੋਂ ਵਧੀਆ ਗੁਜ਼ਾਰਾ ਕਰਦਾ ਹੁੰਦਾ ਸੀ।
ਕਰਿਸ ਨੇ ਆਪ ਯੂਨੀਵਰਸਿਟੀ ਤੋਂ ਸੰਚਾਰ ਦੀ ਐਮਏ ਕੀਤੀ ਸੀ। ਉਸ ਦਾ ਪੜਦਾਦਾ ਜਦੋਂ ਅਮਰੀਕਾ ਪਹੁੰਚਿਆ ਸੀ ਤਾਂ ਉਸ ਦੀ ਜੇਬ੍ਹ ਵਿੱਚ ਪੰਜ ਡਾਲਰ ਸਨ। ਹੁਣ ਉਸ ਦੇ ਪੜਪੋਤੇ ਦੇ ਸਿਰ ‘ਤੇ 120,000 ਡਾਲਰ ਦਾ ਕਰਜ਼ਾ ਹੈ। ਅਮਰੀਕਾ ਦੀ ਖੇਤੀਬਾੜੀ ਨੀਤੀ ਦਾ ਸਾਰਾ ਜ਼ੋਰ ਪਰਿਵਾਰਕ ਫ਼ਾਰਮਾਂ ਨੂੰ ਨਸ਼ਟ ਕਰਕੇ ਕਾਰਪੋਰੇਟ ਖੇਤੀ ਨੂੰ ਪ੍ਰਫ਼ੁੱਲਤ ਕਰਨ ‘ਤੇ ਲੱਗਾ ਹੋਇਆ ਹੈ। ਕਰਿਸ ਦੀ ਪਤਨੀ ਸਕੂਲ ਵਿੱਚ ਲਾਈਬ੍ਰੇਰੀਅਨ ਦਾ ਕੰਮ ਕਰਦੀ ਹੈ। ਖੇਤੀਬਾੜੀ ਵਿੱਚ ਉਸ ਦੀ ਵਿੱਤੀ ਮਦਦ ਵੀ ਕਰਦੀ ਹੈ। ਉਸ ਦਾ ਭਰਾ ਵੀ ਖੇਤੀਬਾੜੀ ਦਾ ਧੰਦਾ ਛੱਡ ਗਿਆ ਹੈ। ਮਾਪੇ ਸਰਕਾਰੀ ਪੈਨਸ਼ਨ ਨਾਲ ਗੁਜ਼ਾਰਾ ਕਰਦੇ ਹਨ। ਪਿਛਲੇ ਸਾਲ ਉਸ ਨੇ 1 ਲੱਖ 50 ਹਜ਼ਾਰ ਡਾਲਰ ਖੇਤੀ ਉ¥ਪਰ ਖਰਚ ਕੀਤੇ ਅਤੇ 2 ਲੱਖ ਦੀ ਫਸਲ ਹੋਈ। ਬਾਕੀ ਬਚਦੇ 40 ਹਜ਼ਾਰ ਡਾਲਰਾਂ ਵਿੱਚੋਂ ਉਸ ਨੇ ਟੈਕਸ ਵੀ ਦਿੱਤੇ ਤੇ ਆਪਣਾ ਗ੍ਰਹਿਸਥੀ ਖਰਚਾ ਵੀ ਚਲਾਇਆ।
ਆਮ ਉਹ ਚਾਰ ਮਜ਼ਦੂਰ ਫਾਰਮ ‘ਤੇ ਰੱਖਦਾ ਹੈ, ਪਰ ਹੁਣ ਤਿੰਨ ਕੰਮ ਛੱਡ ਕੇ ਚਲੇ ਗਏ ਹਨ, ਇੱਕ ਬਾਕੀ ਹੈ। ਛੋਟੇ ਫਾਰਮਾਂ ‘ਤੇ ਮਜ਼ਦੂਰਾਂ ਦੀ ਲੋੜ ਜ਼ਿਆਦਾ ਹੁੰਦੀ ਹੈ, ਕਿਉਂਕਿ ਆਮਦਨ ਵਧਾਉਣ ਲਈ ਜ਼ਮੀਨ ਠੇਕੇ ‘ਤੇ ਵੀ ਲਈ ਜਾਂਦੀ ਹੈ।
ਤਕਰੀਬਨ ਸਾਰੇ ਖੇਤੀ ਮਜ਼ਦੂਰ ਵਿਦੇਸ਼ਾਂ ਤੋਂ ਆ ਕੇ ਵਸਦੇ ਹਨ। 1950ਵਿਆਂ ਵਿੱਚ ਜ਼ਿਆਦਾ ਅਫ਼ਰੀਕਨ-ਅਮਰੀਕੀ ਸਨ, 70ਵਿਆਂ ਵਿੱਚ ਪੋਰਟੇ ਰਿਕਨ ਆਏ ਅਤੇ ਹੁਣ ਜ਼ਿਆਦਾਤਰ ਗੈਟਮਾਲ ਤੋਂ ਹਨ। ਇਨ੍ਹਾਂ ਵਿੱਚੋਂ ਕਈ ਗੈਰ-ਕਾਨੂੰਨੀ ਵੀ ਹੁੰਦੇ ਹਨ, ਜਿਨ੍ਹਾਂ ਬਾਰੇ ਛੋਟੇ ਕਿਸਾਨਾਂ ਨੂੰ ਪਤਾ ਨਹੀਂ ਚਲਦਾ, ਉਹ ਦੇਸ਼ ਦੇ ਕਾਨੂੰਨ ਮੁਤਾਬਿਕ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਕਰਿਸ ਵਿਵਸਥਾ ਦੇ ਖਿਲਾਫ਼ ਸੰਘਰਸ਼ ਵੀ ਕਰ ਰਿਹਾ ਹੈ। ਉਹ ਆਪਣਾ ਜਥਾ ਲੈ ਕੇ ‘ਕੈਪੀਟੋਲ ਹਿਲਜ਼’ ਵੀ ਜਾਂਦਾ ਹੈ ਅਤੇ ਕਾਂਗਰਸ ਤੇ ਸੈਨੇਟ ਮੈਂਬਰਾਂ ਨੂੰ ਖੇਤੀਬਾੜੀ ਦੀਆਂ ਸਮੱਸਿਆਵਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਐਮਏ ਉਸ ਦੇ ਕੰਮ ਆਉਂਦੀ ਹੈ, ਪਰ ਕਾਰਪੋਰੇਟ ਜਗਤ ਦੇ ਕਰੋੜਾਂ ਡਾਲਰਾਂ ਦੇ ਸਾਹਮਣੇ ਉਨ੍ਹਾਂ ਦੀ ਪੇਸ਼ ਨਹੀਂ ਜਾਂਦੀ। ਉਹ ਖੇਤੀਬਾੜੀ ਦੇ ਖੇਤਰ ਨੂੰ ਆਪਣੀ ਗ੍ਰਿਫ਼ਤ ਵਿੱਚੋਂ ਨਿਕਲਣ ਨਹੀਂ ਦੇਣਾ ਚਾਹੁੰਦੇ। ਜਦੋਂ ਪੰਜਾਂ ਸਾਲਾਂ ਬਾਅਦ ਫਾਰਮ ਬਿਲ ਪੇਸ਼ ਹੁੰਦਾ ਹੈ ਤਾਂ ਇਹ ਕਰੋੜਾਂ ਡਾਲਰ ਕੰਮ ਅਉਂਦੇ ਹਨ।
ਅਮਰੀਕਾ ਦੀ ਸੰਚਾਰ ਏਜੰਸੀ ਏਪੀ ਨੇ 2001 ਵਿੱਚ ਇੱਕ ਜਾਂਚ ਰਿਪੋਰਟ ਪ੍ਰਕਾਸ਼ਤ ਕੀਤੀ ਸੀ ਕਿ ਖੇਤੀ ਖੇਤਰ ਦੀ ਸਹਾਇਤਾ ਲਈ ਦਿੱਤਾ ਜਾਂਦਾ ਜਨਤਕ ਪੈਸਾ ਕਿੱਥੇ ਜਾਂਦਾ ਹੈ? ਉਸ ਦਾ ਖੁਲਾਸਾ ਸੀ ਕਿ 2.2 ਕਰੋੜ ਅਮਰੀਕੀ ਡਾਲਰਾਂ ਦੇ ਚੈ¥ਕ ਦੱਸਦੇ ਹਨ ‘‘63 ਪ੍ਰਤੀਸ਼ਤ ਪੈਸਾ ਉਪਰਲੇ 10 ਪ੍ਰਤੀਸ਼ਤ ਨੂੰ ਮਿਲਿਆ ਸੀ। ਖੇਤੀ ਰਿਆਇਤਾਂ ਲੈਣ ਵਾਲਿਆਂ ਵਿੱਚ ‘ਫਾਰਚੂਨ-500′ ਦੀਆਂ 20 ਕੰਪਨੀਆਂ ਅਤੇ ਅਰਬਾਂਪਤੀ ਡੇਵਿਡ ਰਾਕਫ਼ੈਲਰ ਵੀ ਸੀ, ਜਿਸ ਦਾ ਫਾਰਮ ਵੀ ਹਡਸਨ ਵੈਲੀ ਵਿੱਚ ਹੈ, ਜਿੱਥੇ ਕਰਿਸ ਵਸਦਾ ਹੈ। ਕਰਿਸ ਪਾਵਲੋਸਕੀ ਨੇ ਅਮਰੀਕੀ ਕਾਂਗਰਸ ਸਾਹਮਣੇ ਬੋਲਦਿਆਂ ਕਿਹਾ ਸੀ ਕਿ ਮੈਂ ਸਿਰਫ਼ ਆਪਣੀ ਜੀਵਿਕਾ ਕਮਾਉਣ ਬਾਰੇ ਨਹੀਂ ਸੋਚ ਰਿਹਾ, ਨਾ ਹੀ ਮੈਂ ਐਲਸਰ ਫ਼ਡ (ਇੱਕ ਕਾਰਟੂਨ ਪਾਤਰ) ਦੀ ਤਰ੍ਹਾਂ ਕਰੋੜਾਂਪਤੀ ਬਣਨਾ ਲੋਚਦਾ ਹਾਂ।” ਉਸ ਨੂੰ ਕਰੋੜਪਤੀ ਬਣਨ ਦਾ ਖ਼ਤਰਾ ਤਾਂ ਨਹੀਂ ਹੈ, ਸਵਾਲ ਇਹ ਹੈ, ਕੀ ਸਦੀ ਪੁਰਾਣੇ ਇਸ ਫਾਰਮ ਤੋਂ ਅਗਲੀ ਪੀੜ੍ਹੀ ਆਪਣੀ ਰੋਜ਼ੀ ਰੋਟੀ ਕਮਾ ਸਕੇਗੀ?

