ਆਪਣੇ ਪਿਆਰਿਆਂ ’ਤੇ ਨਿਰਦੋਸ਼ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦਿਵਾ ਕੇ ਇਨਸਾਫ ਪ੍ਰਾਪਤ ਕਰਨ ਲਈ ਉੱਠੀ ਹਰ ਆਵਾਜ਼ ਨੂੰ ਦਬਾਉਣ ਤੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰ ਜਾਬਰ ਭਾਰਤੀ ਫੌਜ਼ ਨੂੰ ਦੋਸ਼ਮੁਕਤ ਕਰਨ ਲਈ ਆਰਮਡ ਫੋਰਸਜ ਸ਼ਪੈਸ਼ਲ ਪਾਵਰ ਐਕਟ (ਅਫ਼ਸਪਾ) ਵਰਗੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦਾ ਸਹਾਰਾ ਲਿਆ ਜਾਂਦਾ ਹੈ। ਇਸ ਐਕਟ ਤਹਿਤ ਕਿਸੇ ਵੀ ਵਿਅਕਤੀ ਨੂੰ ਬਿਨਾ ਨੋਟਿਸ ਦੇ ਸਿਰਫ ਸ਼ੱਕ ਦੇ ਅਧਾਰ ’ਤੇ ਗ੍ਰਿਫਤਾਰ ਕਰਨ ਤੇ ਉਸ ਨੂੰ ਕਤਲ ਤੱਕ ਕਰ ਦੇਣ ਦੇ ਬੇਲਗਾਮ ਹੱਕ ਸੁਰੱਖਿਆ ਦੇ ਨਾਂ ਹੇਠ ਭਾਰਤੀ ਫੌਜ਼ ਤੇ ਪੁਲਿਸ ਨੂੰ ਪ੍ਰਦਾਨ ਕੀਤੇ ਗਏ ਹਨ।ਉਂਝ ਦਹਿਸ਼ਤਗਰਦ ਕਹਿਕੇ ਝੂਠਾ ਪੁਲਿਸ ਮੁਕਾਬਲਾ ਬਣਾ ਦੇਣ ਦਾ ਰਵਾਇਤੀ ਤੇ ਸੁਰੱਖਿਅਤ ਢੰਗ ਤਾਂ ਆਮ ਹੀ ਵਰਤਿਆ ਜਾਂਦਾ ਹੈ।ਕਸ਼ਮੀਰ ਘਾਟੀ ’ਚ ਅਜਿਹੀਆਂ ਅਣਮਨੁੱਖੀ ਘਟਨਾਵਾਂ ਸ਼ਰੇਆਮ ਵਾਪਰਦੀਆਂ ਹਨ।ਅਜਿਹੀਆਂ ਹੀ ਅਣਮਨੁੱਖੀ ਘਟਨਾਵਾਂ ਦੇ ਖੁਲਾਸੇ ਸੀ.ਸੀ.ਜੇ. ਨਾਂ ਦੀ ਇੱਕ ਗੈਰ-ਸਰਕਾਰੀ ਸੰਸਥਾ ਨੇ ਆਪਣੀ ਰਿਪੋਰਟ ਵਿੱਚ ਕੀਤੇ ਹਨ।
ਸਤੰਬਰ, 2012 ’ਚ ‘ਦਾ ਸਿਟੀਜਨ ਕੌਂਸਲ ਫ਼ਾਰ ਜਸਟਿਸ’ CCJ ਨਾਂ ਦੀ ਗੈਰ-ਸਰਕਾਰੀ ਸੰਸਥਾ ਵੱਲੋਂ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੇ ਕੁਪਵਾੜਾ ਨਾਂ ਦੇ ਦੋ ਜ਼ਿਲ੍ਹਿਆਂ ਦੇ ਪੰਜਾਹ ਪਿੰਡਾਂ ਦੇ ਲੋਕਾਂ ਉਪਰ 1990 ਤੋਂ 2011 ਤੱਕ ਹੋਏ ਅਤਿਆਚਾਰਾਂ ਸਬੰਧੀ ਇਕ ਸਰਵੇਖਣ ਰਿਪੋਰਟ ਤਿਆਰ ਕੀਤੀ ਗਈ ।ਇਸ ਦਿਲ ਦਹਿਲਾਉਣ ਵਾਲੀ ਰਿਪੋਰਟ ਨੂੰ ਦੇਖਦਿਆਂ ਧਰਤੀ ਦੀ ਜੰਨਤ ਤੇ ਨਰਕੀ ਜ਼ਿੰਦਗੀ ਜਿਊਣ ਵਾਲੇ ਬਾਸ਼ਿੰਦਿਆਂ ਦੀ ਅਸਲ ਹਾਲਤ ਦਾ ਅੰਦਾਜ਼ਾ ਚੰਗੀ ਤਰ੍ਹਾਂ ਲਗਾਇਆ ਜਾ ਸਕਦਾ ਹੈ।
CCJ ਨੇ ਆਪਣੀ ਰਿਪੋਰਟ ਵਿਚ 1990 ਤੋਂ 2011 ਤੱਕ ਹੋਏ ਕਤਲ,ਲਾਪਤਾ,ਤਸ਼ੱਦਦ,ਜਬਰੀ ਮਜ਼ਦੂਰੀ,ਬਲਾਤਕਾਰ ਤੇ ਛੇੜਛਾੜ ਦੀਆਂ ਘਟਨਾਵਾਂ ਨੂੰ ਅੰਕੜਿਆਂ ਸਮੇਤ ਦਰਜ ਕੀਤਾ।ਰਿਪੋਰਟ ਮੁਤਬਕ ਇਨ੍ਹਾਂ ਪੰਜਾਹ ਪਿੰਡਾਂ ਦੀ ਕੁੱਲ ਵਸੋਂ 1,61,086 ਬਣਦੀ ਹੈ।1990 ਤੋਂ ਜੰਮੂ-ਕਸ਼ਮੀਰ ਵਿਚ ਹਥਿਆਰਬੰਦ ਸੈਨਾ ਸਰਗਰਮ ਹੋਣ ਲੱਗੀ।ਹਥਿਆਰਬੰਦ ਸੈਨਾ ਦੀ ਸਰਗਰਮ ਭੂਮਿਕਾ ਤੋਂ ਲੈ ਕੇ ਅੱਜ ਤੱਕ ਇਸ ਖੇਤਰ ਵਿਚ ਕਤਲ ਤੇ ਲਾਪਤਾ ਦੀਆਂ 502 ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਅੱਗੋਂ ਵੀ ਜਾਰੀ ਹਨ। ਇਹਨਾਂ 502 ਘਟਨਾਵਾਂ ਵਿਚੋਂ 437 ਲੋਕਾਂ ਦਾ ਕਤਲ ਤੇ 65 ਕੇਸ ਲਾਪਤਾ ਦੇ ਸਾਹਮਣੇ ਆਏ ਹਨ।ਕਤਲ ਤੇ ਅਲੋਪ ਹੋਏ ਲੋਕਾਂ ਵਿਚ 499 ਮੁਸਲਿਮ,2 ਹਿੰਦੂ ਤੇ ਇਕ ਸਿੱਖ ਮੱਤ ’ਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਸ਼ਾਮਲ ਸੀ।ਕਤਲ ਕੀਤੇ 437 ਲੋਕਾਂ ਵਿੱਚ 16 ਔਰਤਾਂ ਸ਼ਾਮਲ ਸਨ।ਮੌਤ ਦਾ ਸ਼ਿਕਾਰ ਇਨ੍ਹਾਂ ਲੋਕਾਂ ਵਿਚ ਪੰਜ ਸਾਲ ਦੇ ਬਾਲਾਂ ਤੋਂ ਲੈ ਕੇ 75 ਸਾਲ ਦੇ ਬਜ਼ੁਰਗਾਂ ਦੀ ਸੂਚੀ ਤਿਆਰ ਕੀਤੀ ਗਈ ਹੈ।ਸੂਚੀ ਵਿੱਚ 19 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਗੋਲੀਆਂ ਦੇ ਜ਼ਿਆਦਾ ਸ਼ਿਕਾਰ ਹੋਏ ਨੋਟ ਕੀਤੇ ਗਏ।
ਮੌਤ ਦੇ ਸਹਿਮ ਹੇਠ ਦਿਨ ਕੱਟ ਰਹੀ ਵਸੋਂ ਦਾ ਵੱਡਾ ਹਿੱਸਾ ਸ਼ਰੀਰਕ ਤਸ਼ੱਦਦ ਦੀ ਮਾਰ ਝੱਲ ਰਿਹਾ ਹੈ।ਅਜਿਹੇ ਤਸ਼ੱਦਦ ਦੇ 2048 ਕੇਸ ਸਾਹਮਣੇ ਆਏ।ਇਹ ਤਸ਼ੱਦਦ ਘਰਾਂ,ਖੇਤਾਂ,ਧਾਰਮਿਕ ਅਸਥਾਨਾਂ ਤੇ ਗਲੀਆਂ-ਸੜਕਾਂ ਤੋਂ ਲੈ ਕੇ 57 ਫੌਜੀ ਤਸੀਹਾ ਕੈਂਪਾਂ ਤੇ ਪੁਲਿਸ ਸਟੇਸ਼ਨਾਂ ਵਿੱਚ ਢਾਹਿਆ ਗਿਆ।ਬਹੁਤੇ ਲੋਕ ਇਕ ਤੋਂ ਵੱਧ ਤਸੀਹਾ ਕੈਂਪਾਂ ਦਾ ਦਰਦ ਹੰਢਾ ਚੁੱਕੇ ਹਨ।ਇਸੇ ਕਾਰਨ ਕੁਲ ਕਤਲਾਂ ਚੋਂ 40 ਕਤਲ ਹਥਿਆਰਬੰਦ ਫੌਜ਼ ਤੇ ਪੁਲਿਸ ਹਿਰਾਸਤ ਵਿੱਚ ਹੋਏ ਹਨ।ਫੌਜ਼ ਤੇ ਪੁਲਿਸ ਹਿਰਾਸਤ ਵਿੱਚ ਹੋਏ ਕਤਲਾਂ ’ਚ ਜ਼ਿਆਦਾਤਰ 17 ਸਾਲ ਦੇ ਨੌਜਵਾਨ ਸਨ।ਫੌਜ਼ ਤੇ ਪੁਲਿਸ ਤਸ਼ੱਦਦ ਨੇ 49 ਲੋਕਾਂ ਨੂੰ ਅਪਹਾਜ ਬਣਾਇਆ।ਇਸ ਤੋਂ ਇਲਾਵਾ 6888 ਵਿਅਕਤੀਆਂ ਤੋਂ ਜ਼ਬਰੀ ਮਜ਼ਦੂਰੀ ਕਰਵਾਉਣ ਦਾ ਮਾਮਲਾ ਵੀ ਸਾਹਮਣੇ ਆਇਆ।
ਕਸ਼ਮੀਰ ਅੰਦਰ ਤਾਇਨਾਤ ਭਾਰਤੀ ਫੌਜ਼ ਨੇ ਕਸ਼ਮੀਰੀ ਲੋਕਾਂ,ਕਮਿਊਨਟੀ ਸੈਂਟਰਾਂ ਤੇ ਸਰਕਾਰੀ ਭੋਇੰ ਦੇ 2047 ਕਨਾਲ ਹਿੱਸੇ ਉਪਰ ਕਬਜਾ ਕੀਤਾ ਹੋਇਆ ਹੈ।ਜਿਹਦੇ ਵਿੱਚ 19 ਫੌਜ਼ੀ ਕੈਂਪ ਤੇ ਹਥਿਆਰਬੰਦ ਸੈਨਾ ਦੇ 126 ਬੰਕਰ ਹਨ।11 ਸਰਕਾਰੀ ਤੇ ਪ੍ਰਾਇਵੇਟ ਇਮਾਰਤਾਂ ਤੇ ਘਰਾਂ ਉਪਰ ਫੌਜ਼ ਦਾ ਪੂਰਾ ਕੰਟਰੋਲ ਹੈ।ਰਿਪੋਰਟ ਵਿਚ ਦਰਜ ਇਹ ਵੇਰਵੇ ਕੇਵਲ ਦੋ ਜ਼ਿਲ੍ਹਿਆਂ ਦੇ ਪੰਜਾਹ ਪਿੰਡਾਂ ਦੇ ਲੋਕਾਂ ਦੀ ਦਾਸਤਾਨ ਬਿਆਨ ਕਰਦੇ ਹਨ। ਸਮੁੱਚੀ ਹਾਲਤ ਇਸ ਤੋਂ ਵੀ ਭਿਅੰਕਰ ਹੈ।
ਰਿਪੋਰਟ ’ਚ ਦਰਜ ਉਪਰੋਕਤ ਸਾਰੇ ਅਣਮਨੁੱਖੀ ਕਾਰਨਾਮੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਬਾੱਰਡਰ ਸਕਿਊਰਟੀ ਫੌਰਸ ਜੰਮੂ-ਕਸ਼ਮੀਰ ਪੁਲਿਸ ਤੇ ਸਰਕਾਰੀ ਸ਼ਹਿ ਪ੍ਰਾਪਤ ਅੱਤਵਾਦੀਆਂ ਨੇ ਕੀਤੇ ਹਨ।
ਇਹ ਹੈ ਭਾਰਤ ਦਾ ਅਨਿਖੜਵਾਂ ਅੰਗ ਮੰਨੀ ਜਾਣ ਵਾਲ ਸਵਰਗੀ ਧਰਤ ਦਾ ਸੰਤਾਪ ਜਿਸ ਧਰਤ ਦੇ ਲੋਕਾਂ ਲਈ ਅਮਨ-ਸ਼ਾਂਤੀ ਦਾ ਅਰਥ ਇਕ-ਇਕ ਦਿਨ ਦਾ ਬਿਨਾਂ ਕਿਸੇ ਮਾੜੀ ਘਟਨਾ ਦੇ ਵਾਪਰ ਜਾਣਾ ਹੈ।ਇਹਨਾਂ ਲੋਕਾਂ ਨੂੰ ਫਿਰਕੂ ਦਹਿਸ਼ਤਗਰਦੀ ਤੇ ਜਾਬਰ ਭਾਰਤੀ ਹਥਿਆਰਬੰਦ ਸੈਨਾ ਦੋਵਾਂ ਦੀ ਮਾਰ ਪੈ ਰਹੀ ਹੈ।ਉਹ ਇਸ ਆਸ ਤੇ ਜੀਅ ਰਹੇ ਹਨ ਕਿ ਕਦੇ ਨਾ ਕਦੇ ਉਨ੍ਹਾਂ ਦੇ ਹੱਕ ਜ਼ਰੂਰ ਸੁਰੱਖਿਅਤ ਕੀਤੇ ਜਾਣਗੇ ਪਰ ਜਿੱਥੇ ਜਮਹੂਰੀਅਤ ਦੇ ਨਾਂ ਹੇਠ ਜਮਹੂਰੀ ਢੰਗ ਨਾਲ ਰੋਸ ਪ੍ਰਗਟ ਕਰਨ ਤੇ ਸਵੈਮਾਨ ਨਾਲ ਜਿਊਣ ਤੱਕ ਦਾ ਵੀ ਅਧਿਕਾਰ ਨਹੀਂ ਉੱਥੇ ਹੋਰ ਕਿਹੜੇ ਹੱਕਾਂ ਦੀ ਸੁਰੱਖਿਆ ਦੀ ਤੇ ਕਿਸ ਤੋਂ ਤਵੱਕੋਂ ਕੀਤੀ ਜਾ ਸਕਦੀ ਹੈ ?
ਕਸ਼ਮੀਰ ਮਸਲੇ ਦੇ ਹੱਲ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ, ਧਾਰਮਿਕ ਮੂਲਵਾਦੀ ਤਾਕਤਾਂ ਤੇ ਦਹਿਸ਼ਤਗਰਦ ਕੋਈ ਵੀ ਧਿਰ ਸੁਹਿਰਦ ਨਹੀਂ।ਸਭ ਆਪਣੇ-ਆਪਣੇ ਹਿੱਤਾਂ ਦੀ ਸਲਾਮਤੀ ਲਈ ਆਮ ਅਵਾਮ ਨੂੰ ਮੌਤ ਦੇ ਮੂੰਹ ਸੁੱਟ ਰਹੇ ਹਨ।ਇਹਨਾਂ ਤਾਕਤਾਂ ਦੇ ਲੋਟੂ ਮਨਸ਼ਿਆਂ ਦਾ ਸ਼ਿਕਾਰ ਲੋਕ ਆਪਣਾ ਰੋਸ ਜ਼ਾਹਰ ਕਰ ਰਹੇ ਹਨ।ਪਿਛਲੇ ਦਿਨੀਂ ਵਾਦੀ ਦੇ ਅਨੇਕਾਂ ਨੌਜਵਾਨ ਰੋਸ ’ਚ ਪੱਥਰਬਾਜ਼ੀ ਕਰਨ ਤੇ ਉਤਰ ਆਏ ਸਨ। ਉਹਨਾਂ ਵਿੱਚੋਂ ਇਕ ਕਸ਼ਮੀਰੀ ਨੌਜਵਾਨ ਦੇ ਕਹੇ ਇਹਨਾਂ ਸ਼ਬਦਾਂ ਤੋਂ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਦਾ ਸੌਖਿਆਂ ਹੀ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ “ਉਹ ਸਾਡੀਆਂ ਝੀਲਾਂ ਤੇ ਕਰਫਿਊ ਲਾ ਸਕਦੇ ਹਨ ਪਰ ਸਾਡੇ ਮਰ-ਮਿਟਣ ਦੇ ਹੌਂਸਲਿਆਂ ਤੇ ਨਹੀਂ।”
ਇਸ ਤੋਂ ਭਾਰਤੀ ਹਾਕਮਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਸ਼ਮੀਰੀ ਲੋਕਾਂ ਨੂੰ ਸੰਗੀਨਾਂ ਦੀ ਨੋਕ ਦੇ ਜ਼ੋਰ ਤੇ ਦਬਾਕੇ ਰੱਖਣ ਦੀ ਨੀਤੀ ਬਿਲਕੁੱਲ ਨਹੀਂ ਚੱਲੇਗੀ।ਭਾਰਤ ਦੀਆਂ ਵੱਖ-ਵੱਖ ਕੌਮੀਅਤਾ ਅਤੇ ਕਬਾਇਲੀ,ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਕਿਸੇ ਨਾ ਕਿਸੇ ਰੂਪ ਵਿੱਚ ਕਸ਼ਮੀਰੀ ਲੋਕਾਂ ਵਾਂਗ ਭਾਰਤੀ ਰਾਜ ਪ੍ਰਬੰਧ ਦੇ ਲੁੱਟ-ਜਬਰ ਦਾ ਸ਼ਿਕਾਰ ਹਨ।ਆਪਾ ਨਿਰਣੇ ਦੇ ਹੱਕ ਤਹਿਤ ਭਾਰਤ ਦੀਆਂ ਵੱਖ-ਵੱਖ ਕੌਮੀਅਤਾ ਅਤੇ ਕਬਾਇਲੀ,ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੱਕਾਂ,ਅਮਨ-ਸ਼ਾਂਤੀ ਤੇ ਅਜ਼ਾਦੀ ਨੂੰ ਹਾਸਲ ਕਰਨ ਲਈ ਸੰਘਰਸ਼ਾਂ ਨੂੰ ਹੋਰ ਵੱਧ ਇਕਜੁਟ ਤੇ ਤੇਜ਼ ਕਰਨ।
ਸੰਪਰਕ: 98764 42052

