ਉਹ ਬੰਦੇ ਜਿਹੜੇ ਪੰਜਾਬੀਅਤ ਅਤੇ ਇਨਸਾਨੀਅਤ ਦੇ ਮੁਦੱਈ ਰਹੇ, ਮਨ ਉਹਨਾਂ ਨਾਲ ਗੱਲਬਾਤ ਕਰਨ, ਸੰਵਾਦ ਰਚਾਉਣ ਲਈ ਸਦਾ ਹੀ ਤਤਪਰ ਰਿਹਾ। ਅਜਿਹਾ ਹੀ ਇਕ ਸ਼ਖ਼ਸ ਦਾ ਨਾਮ ਕਾਮਰੇਡ ਸੁਰਜੀਤ ਗਿੱਲ ਹੈ ਜੋ ਹੁਣ ਸੀ ਹੋ ਗਿਆ। ਕਾਮਰੇਡ ਸੁਰਜੀਤ ਗਿੱਲ ਨੂੰ ਸਾਡੇ ਸਾਰੇ ਇਲਾਕੇ ਦੇ ਸਾਹਿਤਕਾਰ ਅਤੇ ਖੱਬੇਪੱਖੀ ਕਾਰਕੁੰਨ ਬਾਪੂ ਕਹਿ ਕੇ ਹੀ ਬੁਲਾਉਂਦੇ ਹਨ। ਬਾਪੂ ਦਾ ਸੁਭਾਅ ਵੀ ਬਾਪੂਆਂ ਵਰਗਾ ਹੀ ਸੀ। ਜੇ ਕੋਈ ਗਲਤੀ ਲੱਗਣੀ ਤਾਂ ਸ਼ੁੱਧ ਮਲਵਈ ਗਾਲ੍ਹ ਵੀ ਵਾਹ ਦੇਣੀ ਤੇ ਜੇ ਮੋਹ ਆਉਣਾ ਤਾਂ ਗਲਵਕੜੀ ਵੀ ਲੈ ਲੈਣਾ।
ਮੇਰਾ ਵਾਹ ਬਾਪੂ ਨਾਲ ਤਕਰੀਬਨ ਪੰਜ ਕੁ ਸਾਲ ਪਹਿਲਾ ਮੇਰੇ ਵਿਛੜ ਚੁੱਕੇ ਯਾਰ ਸਵਰਨ ਬਰਾੜ ਕਰਕੇ ਪਿਆ। ਜੋ ਬਾਪੂ ਦੇ ਪੁੱਤਰ ਬਾਈ ਅਮਰਦੀਪ ਗਿੱਲ ਦਾ ਚੇਲਾ ਤੇ ਬਾਪੂ ਦਾ ਪਿਆਰਾ ਪੁੱਤਰ ਸੀ। ਸਾਡਾ ਪਿੰਡ ਬਾਪੂ ਦੇ ਪਿੰਡ ਘੋਲੀਏ ਤੋਂ ਪੰਦਰਾ ਕੁ ਕਿਲੋਮੀਟਰ ਦੂਰ ਹੈ। ਉਦੋਂ ਬਾਪੂ ਤੁਰਦਾ-ਫਿਰਦਾ ਸੀ ਤੇ ਪਿੰਡ ਹੀ ਰਹਿੰਦਾ ਸੀ। ਜਿੱਥੇ ਅਸੀਂ ਬਾਪੂ ਕੋਲ ਕਈ ਗੇੜੇ ਲਾਏ। ਕਿਉਂ ਜੋ ਅਸੀਂ ਉਹਨਾਂ ਦਿਨਾਂ ਵਿੱਚ ਸਾਹਿਤਕ ਪਰਚਾ ਕੱਢਣ ਲਈ ਹੱਥ ਪੈਰ ਮਾਰ ਰਹੇ ਸਾਂ ਤੇ ਬਾਪੂ ਕਈ ਸਾਹਿਤਕ ਪਰਚਿਆਂ ਦਾ ਪਿਤਾਮਾ ਜੋ ਰਿਹਾ ਸੀ। ਇਸ ਕਰਕੇ ਸਾਡੇ ਲਈ ਬਾਪੂ ਤੋਂ ਵੱਡਾ ਜਾਣਕਾਰ ਹੋਰ ਹੈ ਹੀ ਨਹੀਂ ਸੀ।
ਪਹਿਲੀ ਵਾਰੀ ਤਾਂ ਬਾਪੂ ਮੈਨੂੰ ਅੱਖੜ ਜੇ ਸੁਭਾਅ ਦਾ ਲੱਗਿਆ ਜੋ ਅਕਸਰ ਬਾਪੂ ਦੇ ਪੁੱਤ ਵਾਰੇ ਵੀ ਪਹਿਲੀ ਵਾਰ ਲੱਗਦਾ ਹੈ। ਪਰ ਕਈ ਮਿਲਣੀਆਂ ਤੋਂ ਬਾਅਦ ਬਾਪੂ, ਆੜੀਆਂ ਵਰਗਾ ਹੀ ਲੱਗਣ ਲੱਗ ਪਿਆ ਜਿੱਥੇ ਉਹ ਸਾਡੀ ਉਮਰ ਦੀਆਂ ਗੱਲਾਂ ਕਰ ਲੈਦਾਂ ਸੀ। ਉ¥ਥੇ ਸਾਥੋ ਕਿਤੇ ਵੱਡੀਆਂ ਗੱਲਾਂ ਦਾ ਭੰਡਾਰ ਵੀ ਉਸ ਕੋਲ ਸੀ। ਖੱਬੇਪੱਖੀ ਸਾਹਿਤ, ਰਾਜਨੀਤੀ ਦਾ ਉਹ ਸਿਕੰਦਰ ਸੀ ਉਸ ਸਾਹਿਤ ਰੱਜ ਕੇ ਪੜਿਆ ਸੀ ਤੇ ਉਹਨੂੰ ਜਿੰਦਗੀ ‘ਤੇ ਪ੍ਰਯੋਗ ਵੀ ਕੀਤਾ ਸੀ? ਬਾਪੂ ਵਾਰੇ ਜੇਕਰ ਗੱਲ੍ਹ ਕੀਤੀ ਜਾਵੇ ਤਾਂ ਉਹ ਇਤਿਹਾਸ ਦੀ ਇਕ ਜਰਖ਼ੇਜ ਪੰਨਾ ਸੀ, ਵਰਤਮਾਨ ਦੀ ਪ੍ਰਯੋਗਸ਼ਾਲਾ ਅਤੇ ਭਵਿੱਖ ਦਾ ਅੰਦਾਜ਼ਾ।
ਉਸ ਦੀ ਆਪਣੀ ਜ਼ਿੰਦਗੀ ਵੀ ਇੱਕ ਨਾਵਲ ਤੋਂ ਘੱਟ ਨਹੀਂ ਸੀ। ਇਸ ਕਰਕੇ ਸ਼ਾਇਦ ਉਸ ਨੂੰ ਨਾਵਲਾ ਨਾਲ ਪਿਆਰ ਸੀ। ਜ਼ਿੰਦਗੀ ਨਾਲ ਪਿਆਰ ਸੀ। ਰਸ਼ੀਆ ਤੋਂ ਲੈ ਕੇ ਗੋਲੀਏ ਤੱਕ ਹਰ ਮੁੱਦੇ ‘ਤੇ ਪਕੜ ਰੱਖਣ ਵਾਲਾ ਬਾਪੂ ਸਦਾ ਲਾਹੌਰ ਦੇ ਰੇਡੀਓ ਸਟੇਸ਼ਨ ਵਾਂਗ ਗੜਕਦਾ ਸੀ। ਉਸ ਦੀ ਇਸ ਗੜਕ ਵਿੱਚੋਂ ਗਿਆਨ, ਵਿਗਿਆਨ ਸਮਾਂਤਰ ਚੱਲਦੇ ਸਨ। ਸਾਰੀ ਉਮਰ ਉਸ ਨੇ ਸਮਝੋਤਾ ਨਹੀਂ ਕੀਤਾ ਜੇ ਕੀਤਾ ਹੁੰਦਾ ਤਾਂ ਸਾਹਿਤ ਅਕਾਦਮੀ ਐਵਾਰਡ ਜਾਂ ਸੀ.ਪੀ.ਐਮ ਦਾ ਕੇਂਦਰੀ ਪੋਲਿਟ ਬਿਊਰੋ ਮੈਂਬਰ ਉਸ ਦੇ ਲਈ ਦੋਵੇ ਹੀ ਛੋਟੀਆਂ ਚੀਜਾਂ ਸਨ। ਉਸਨੇ ਸਾਹਿਤ ਵੀ ਸੱਚ ਦਾ ਪੜਿਆ ਅਤੇ ਲਿਖਿਆ। ਉਸ ਸਿਆਸਤ ਵੀ ਸੱਚ ਦੀ ਕੀਤੀ। ਪੰਜਾਬ ਦੇ ਖੱਬੇਪੱਖੀ ਨਾਵਲਾਂ ਉਪਰ ਉਸਦੀ ਕਿਤਾਬ ਇਸਦੀ ਗਵਾਹ ਹੈ। ਇਹ ਬਾਪੂ ਹੀ ਸੀ ਜਿਸਨੇ ਮੈਨੂੰ ਕਿਹਾ ਕਾਮਰੇਡ ਸੁਦਾਗਰ ਕਿਆ ਮੁੰਡਿਆ ਮੇਰੀ ਗੱਲ੍ਹ ਧਿਆਨ ਨਾਲ ਸੁਣ, ਚਾਰ ਕਵਿਤਾਵਾਂ ਪੜ੍ਹ ਕੇ ਜਾਂ ਸੁਣ ਕੇ ਕਵੀ ਨਹੀਂ ਬਣੀਦਾ। ਨਾ ਹੀ ਇਹਨਾਂ ਕਵਿਤਾਵਾਂ ਨਾਲ ਇਨਕਲਾਬ ਆਉਂਦੈ।ਪਹਿਲਾਂ ਪੜ, ਰੜ, ਤੁਰ ਫੇਰ ਕੁਛ ਕਰ ਪੁੱਤਰਾ। ਇਹ ਬਾਪੂ ਹੀ ਸੀ ਜਿਸਨੇ ਯੂਨਿਵਰਸਿਟੀ ਪੜਨ ਲਈ ਪ੍ਰੇਰਿਤ ਕੀਤਾ। ਮੇਰੇ ਯੂਨਿਵਰਸਿਟੀ ਦੇ ਅਰਸੇ ਦੌਰਾਨ ਹੀ ਬਾਪੂ ਦੀ ਸਿਹਤ ਢਿੱਲੀ ਰਹਿਣ ਲੱਗ ਪਈ। ਤੋ ਬਾਈ ਅਮਰਦੀਪ ਨੂੰ ਬਠਿੰਡੇ ਲੈ ਗਿਆ।
ਜਿਸ ਦੌਰਾਨ ਦੋ-ਚਾਰ ਵਾਰ ਟੈਲੀਫੋਨ ‘ਤੇ ਗੱਲ ਹੋਈ। ਪਰ ਹੁਣ ਬਾਪੂ ਦੀ ਉਮਰ ਦੇ ਵਧਣ, ਬਿਮਾਰੀਆਂ ਕਰਕੇ ਅਤੇ ਤੀਸਰਾ ਬੇਬੇ ਦੇ ਚਲਾਣਾ ਕਰਮ ਕਰਕੇ ਗੜਕੇ ਫਿੱਕੀ ਪੈ ਗਈ। ਮੈਂ ਇਸ ਵਾਰੇ ਚਿੰਤਤ ਰਹਿੰਦਾ ਇਕ ਦੋ ਵਾਰ ਸੁਤੰਤਰ ਨਾਲ ਵੀ ਗੱਲ ਸਾਂਝੀ ਹੋਈ। ਪਰ ਮਿਲਣ ਦਾ ਸਬੱਬ ਨਹੀਂ ਬਣਿਆ। ਮੈਂ ਸ਼ਿਵਇੰਦਰ (ਸੂਹੀ ਸਵੇਰ ਵਾਲਾ) ਨੂੰ ਵੀ ਕਹਿੰਦਾ ਰਿਹਾ ਯਾਰ ਆਪਾਂ ਬਾਪੂ ਦੀ ਇੱਕ ਲੰਬੀ ਇੰਟਰਵਿਊ ਕਰੀਏ ਤਾਂ ਕਿ ਪਿਛਲੇ ਸੱਠ ਸਾਲਾਂ ਦੇ ਸਾਹਿਤ ਅਤੇ ਰਾਜਨੀਤੀ ਵਾਰੇ ਖੁੱਲ੍ਹ ਕੇ ਗੱਲ੍ਹਾਂ ਹੋਣ ਜਿਸ ਵਿਚ ਕਈ ਪੱਖ ਸਾਹਮਣੇ ਆ ਸਕਦੇ ਹਨ। ਪਰ ਉਹ ਟਾਇਮ ਹੀ ਨਹੀਂ ਕੱਢ ਸਕਿਆ। ਸ਼ਾਇਦ ਹੁਣ ਬਹੁਤ ਦੇਰ ਹੋ ਚੁੱਕੀ ਹੈ। ਕਿਉਂ ਜੋ ਇਨਸਾਨੀਅਤ ਦਾ ਇਨਸਾਈਕਲੋਪੀਡੀਆ ਸਾਡੇ ਵਿਚਕਾਰ ਜੋ ਨਹੀਂ ਹੈ। ਜੋ ਸਾਡਾ ਯਾਰ ਵੀ ਸੀ ਤਾ ਸਾਡਾ ਬਾਪੂ ਵੀ ਇਹ ਦਾਇਰਾ ਸਿਰਫ਼ ਸਾਡੇ ਤੱਕ ਹੀ ਨਹੀ ਹੋਵੇਗਾ ਪੰਜਾਬ ਵਿਚ ਇਸ ਤਰ੍ਹਾਂ ਦੇ ਹੋਰ ਵੀ ਹੋਣਗੇ ਜਿਹਨਾਂ ਦਾ ਯਾਰ ਤੇ ਬਾਪੂ ਸੀ ਘੋਲੀਏ ਵਾਲਾ ਕਾਮਰੇਡ ਸੁਰਜੀਤ ਗਿੱਲ। ਜੋ ਸਦਾ ਸਾਡੇ ਵਿੱਚ ਆਪਣੇ ਸੱਚੇ ਮਾਰਗ ਸਦਕਾ ਅਕੀਦਾ ਬਣਿਆ ਰਹੇਗਾ। ਆਮੀਨ!
ਸੰਪਰਕ: 99149 00729

