By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ‘ਸੱਤਿਆਮੇਵ ਜਯਤੇ’ ਆਮਿਰ ਖ਼ਾਨ ਦੀਆਂ ਅੱਖਾਂ ਦਾ ਟੀਰ – ਡਾ. ਅਮ੍ਰਿਤ ਪਾਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ‘ਸੱਤਿਆਮੇਵ ਜਯਤੇ’ ਆਮਿਰ ਖ਼ਾਨ ਦੀਆਂ ਅੱਖਾਂ ਦਾ ਟੀਰ – ਡਾ. ਅਮ੍ਰਿਤ ਪਾਲ
ਨਜ਼ਰੀਆ view

‘ਸੱਤਿਆਮੇਵ ਜਯਤੇ’ ਆਮਿਰ ਖ਼ਾਨ ਦੀਆਂ ਅੱਖਾਂ ਦਾ ਟੀਰ – ਡਾ. ਅਮ੍ਰਿਤ ਪਾਲ

ckitadmin
Last updated: October 25, 2025 3:44 am
ckitadmin
Published: July 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਆਮਿਰ ਖਾਨ ਬਾਲੀਵੁੱਡ ਦਾ ਉਹ ਅਭਿਨੇਤਾ ਹੈ, ਜਿਸ ਨੂੰ ਵਾਕਈ ਕਲਾਕਾਰ ਕਿਹਾ ਜਾ ਸਕਦਾ ਹੈ ਅਤੇ ਜਿਸ ਦੀਆਂ ਫਿਲਮਾਂ ਨੂੰ ਲੋਕੀਂ ਸੱਚਮੁਚ ਉਡੀਕਦੇ ਹਨ| ਦੂਜੀ ਖਾਸ ਗੱਲ ਇਹ ਵੀ ਹੈ ਕਿ ਆਮਿਰ ਖਾਨ ਅਕਸਰ ਆਪਣੀਆਂ ਫਿਲਮਾਂ ਸਮਾਜ ਨਾਲ ਜੁੜੇ ਮੁੱਦਿਆਂ ਜਾਂ ਇਤਿਹਾਸਕ ਪਾਤਰਾਂ ਦੇ ਆਧਾਰ ਬਣਾਉਂਦਾ ਹੈ| ਇਸ ਤੋਂ ਇਲਾਵਾ ਉਹ ਫਿਲਮਾਂ ਤੋਂ ਬਾਹਰ ਵੀ ਆਪਣੇ ਸਮਾਜਿਕ ਸਰੋਕਾਰਾਂ ਲਈ ਜਾਣਿਆ ਜਾਂਦਾ ਹੈ ਭਾਵੇਂ ਇਹ ਨਰਮਦਾ ਬਚਾਓ ਅੰਦੋਲਨ ਲਈ ਹਮਾਇਤ ਹੋਵੇ ਜਾਂ ਅਜਿਹਾ ਹੀ ਕੁਝ ਹੋਰ| ਇਸੇ ਤਹਿਤ ਆਮਿਰ ਖਾਨ ਨੇ ਹੁਣ ਇੱਕ ਟੀਵੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਨਾਮ ਹੈ “ਸੱਤਿਆਮੇਵ ਜਯਤੇ”|

ਇਸ ਪ੍ਰੋਗਰਾਮ ਦੀ ਹਰ ਕਿਸ਼ਤ ਵਿੱਚ ਆਮਿਰ ਖਾਨ ਕਿਸੇ ਇੱਕ ਸਮਾਜਿਕ ਮੁੱਦੇ ਨੂੰ ਉਠਾਉਂਦਾ ਹੈ ਜਿਸ ਵਿੱਚ ਉਹ ਖੁਦ ਅਤੇ ਬੁਲਾਏ ਗਏ ਮਾਹਿਰਾਂ ਰਾਹੀਂ ਉਸ ਸਮਾਜਿਕ ਕੁਰੀਤੀ ਜਾਂ ਮੁੱਦੇ ਦੇ ਕਾਰਨਾਂ, ਪ੍ਰਭਾਵਾਂ ਅਤੇ ਸੰਭਵ ਹੱਲ ਨੂੰ ਪੇਸ਼ ਕਰਦਾ ਹੈ| ਇਸੇ ਪ੍ਰੋਗਰਾਮ ‘ਚ ਪੇਸ਼ ਹੋਏ ਵਿਚਾਰਾਂ ਦੇ ਅਧਾਰ ‘ਤੇ ਆਮਿਰ ਖਾਨ ਅਖਬਾਰਾਂ ਲਈ ਵੀ ਸੰਬੰਧਿਤ ਮੁੱਦੇ ਉੱਤੇ ਲੇਖ ਲਿਖਦਾ ਹੈ ਜਿਸਦਾ ਅੰਗਰੇਜ਼ੀ ਰੂਪ “ਦ ਹਿੰਦੂ” ਵਿੱਚ ਪ੍ਰੋਗਰਾਮ ਤੋਂ ਅਗਲੇ ਦਿਨ ਭਾਵ ਸੋਮਵਾਰ ਨੂੰ ਛਪਦਾ ਹੈ| ਪੰਜਾਬ ‘ਚ ਇਸਦਾ ਪੰਜਾਬੀ ਤੇ ਹਿੰਦੀ ਅਨੁਵਾਦ ਕ੍ਰਮਵਾਰ ‘ਪੰਜਾਬੀ ਜਾਗਰਣ’ ਤੇ ‘ਦੈਨਿਕ ਜਾਗਰਣ’ ਨਾਂ ਦੇ ਅਖਬਾਰਾਂ ‘ਚ ਛਪਦਾ ਹੈ| ਟੀਵੀ ਦੇਖਣ ਦੇ ਸ਼ੌਕੀਨਾਂ, ਸਮਾਜਿਕ ਮਸਲਿਆਂ ‘ਤੇ ਗੱਲਾਂਬਾਤਾਂ ਕਰਕੇ ਵਿਹਲਾ ਵਕਤ ਬਿਤਾਉਣ ਵਾਲੇ ਬਾਬੂਆਂ, ਪੜਿਆਂ-ਲਿਖਿਆਂ ਅਤੇ ਅੰਨਾ ਦੇ ਭ੍ਰਿਸ਼ਟਾਚਾਰ-ਵਿਰੋਧੀ ਅੰਦੋਲਨ ਤੋਂ ‘ਬੋਰ’ ਹੋ ਚੁੱਕੇ ਮਧਵਰਗ ਦੇ ਵੱਡੇ ਹਿੱਸੇ ਨੂੰ ਇਹ ਪ੍ਰੋਗਰਾਮ ਖੂਬ ਭਾਅ ਰਿਹਾ ਹੈ, ਉਹ ਆਮਿਰ ਖਾਨ ਦੀ ਤਾਰੀਫ਼ ਦੇ ਕਸੀਦੇ ਪੜ੍ਹਦੇ ਨਹੀਂ ਥੱਕ ਰਹੇ ਅਤੇ ਕਰੋੜਪਤੀ ਜਾਂ ਗੀਤ-ਨਾਚ ਮੁਕਾਬਲਿਆਂ ਦੇ ਜੱਜ ਬਣੇ ਜਾਂ ਫਿਰ ਕ੍ਰਿਕਟ ਟੀਮ ਦੇ ਮਾਲਕ ਬਣੇ ਫਿਲਮੀ ਸਿਤਾਰਿਆਂ ‘ਤੇ ਜੁੱਤੀ ਚਾੜਦੇ ਹੋਏ ਕਹਿੰਦੇ ਹਨ ਕਿ “ਆਮਿਰ ਖਾਨ ਤੋਂ ਕੁਝ ਸਿੱਖੋ! ਇਹ ਹੈ ਅਸਲੀ ਕਲਾਕਾਰ, ਅਸਲੀ ਹੀਰੋ ਜੋ ਸਿਰਫ਼ ਫਿਲਮਾਂ ‘ਚ ਹੀ ਨਹੀਂ ਆਮ ਜੀਵਨ ‘ਚ ਵੀ ਮਨੁੱਖਤਾ ਦਾ ਪੱਖ ਲੈਂਦਾ ਹੈ|” ਇਹਨਾਂ ਤੋਂ ਇਲਾਵਾ, ਕੁਝ ਅਗਾਂਹਵਧੂ ਤੇ ਇੱਥੋਂ ਤੱਕ ਕਿ ਇਨਕਲਾਬੀ ਧਿਰਾਂ ਦੇ ਕਾਰਕੁੰਨ ਵੀ ਆਮਿਰ ਖਾਨ ਦੀ “ਪਹਿਲਕਦਮੀ” ਤੋਂ ਕਾਫੀ ਪ੍ਰਭਾਵਿਤ ਹਨ|

ਹੁਣ ਤੱਕ ਪੇਸ਼ ਕਿਸ਼ਤਾਂ ‘ਚ, ਆਮਿਰ ਖਾਨ ਨੇ ਮਾਦਾ ਭਰੂਣ ਹੱਤਿਆ, ਔਰਤਾਂ ਪ੍ਰਤੀ ਘਰੇਲੂ ਹਿੰਸਾ, ਬੱਚਿਆਂ ਦਾ ਜਿਨਸੀ ਸੋਸ਼ਣ ਤੇ ਗਰੀਬ ਲੋਕਾਂ ਨੂੰ ਸਿਹਤ ਸੇਵਾਵਾਂ ਨਾ ਮਿਲਣ ਜਿਹੇ ਅਹਿਮ ਮਸਲਿਆਂ ਨੂੰ ਚੁੱਕਿਆ ਹੈ| ਸਭ ਤੋਂ ਪਹਿਲਾਂ ਮਾਦਾ ਭਰੂਣ ਹੱਤਿਆ ਵਾਲੇ ਮੁੱਦੇ ਨੂੰ ਲੈਂਦੇ ਹਾਂ| ਪਹਿਲੀ ਹੀ ਕਿਸ਼ਤ ਵਿੱਚ ਮਾਦਾ ਭਰੂਣ ਹੱਤਿਆ ਦਾ ਮੁੱਦਾ ਉਠਾਇਆ ਗਿਆ, ਪ੍ਰੋਗਰਾਮ ਹਿਟ ਹੋ ਗਿਆ ਕਿਉਂਕਿ ਇਹ ਇੱਕ ਅਜਿਹਾ ਮਾਮਲਾ ਹੈ ਜਿਸ ‘ਤੇ ਹਰ ਭਾਰਤੀ ਅੱਥਰੂ ਵਹਾ ਸਕਦਾ ਹੈ, ਭਰੂਣ ਹੱਤਿਆ ਕਰਨ ਵਾਲੇ ਲੋਕਾਂ ਤੇ ਡਾਕਟਰਾਂ ਨੂੰ ਬੁਰਾ-ਭਲਾ ਕਹਿਕੇ ਖੁਦ ਨੂੰ ਸਭ ਤੋਂ ਵੱਡਾ ‘ਮਾਨਵਤਾਵਾਦੀ’ ਸਮਝਣ ਲੱਗਦਾ ਹੈ| ਆਮਿਰ ਖਾਨ ਨੇ ਸ਼ੋਅ ਦੌਰਾਨ ਉਹਨਾਂ ਔਰਤਾਂ ਨਾਲ ਮੁਲਾਕਾਤ ਕਰਵਾਈ ਜਿਹਨਾਂ ਵਿਰੋਧ ਦੇ ਬਾਵਜੂਦ ਲੜਕੀਆਂ ਨੂੰ ਕੁੱਖ ‘ਚ ਨਾ ਮਰਨ ਦਿੱਤਾ ਅਤੇ ਉਹਨਾਂ ਨੂੰ ਜਨਮ ਦਿੱਤਾ| ਉਸਨੇ ਉਹ ਔਖਿਆਈਆਂ ਦਿਖਾਈਆਂ ਜਿਹਨਾਂ ਵਿੱਚੋਂ ਇਹਨਾਂ ਔਰਤਾਂ ਨੂੰ ਇਸ ਦੌਰਾਨ ਗੁਜ਼ਰਨਾ ਪਿਆ| ਇਸਦੇ ਨਾਲ ਆਮਿਰ ਖਾਨ ਨੇ ਦੱਸਿਆ ਕਿ ਗਰਭ ਦੌਰਾਨ ਭਰੂਣ ਦਾ ਲਿੰਗ ਪਤਾ ਲਗਾਉਣ ਤੋਂ ਰੋਕਣ ਲਈ ਬਣੇ ਕਾਨੂੰਨ (ਪੀ.ਐਨ.ਡੀ.ਟੀ. ਐਕਟ) ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਹੈ, ਜਿੱਥੇ ਇਸ ਕਾਨੂੰਨ ਤਹਿਤ ਹਸਪਤਾਲਾਂ/ਡਾਕਟਰਾਂ ‘ਤੇ ਛਾਪੇ ਮਾਰੇ ਵੀ ਜਾਂਦੇ ਹਨ ਉੱਥੇ ਵੀ ਸਜ਼ਾ ਬਹੁਤ ਘੱਟ ਮਾਮਲਿਆਂ ‘ਚ ਮਿਲਦੀ ਹੈ| ਆਮਿਰ ਖਾਨ ਦੇ ਪ੍ਰੋਗਰਾਮ ਦਾ ਸਾਰ ਇਹ ਨਿਕਲਦਾ ਹੈ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਔਰਤਾਂ ਨੂੰ ਵਿਰੋਧ ਕਰਦੇ ਹੋਏ ਲੜਕੀ ਨੂੰ ਜਨਮ ਦੇਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਸਰਕਾਰ ਨੂੰ ਕਾਨੂੰਨ ਦੀ ਪਾਲਣਾ ਸਖਤੀ ਨਾਲ ਕਰਵਾਉਣੀ ਚਾਹੀਦੀ ਹੈ, ਵੱਧ ਤੋਂ ਵੱਧ ਦੋਸ਼ੀਆਂ ਨੂੰ ਸਜਾਵਾਂ ਦੇਣੀਆਂ ਚਾਹੀਦੀਆਂ ਹਨ ਤੇ ਕਾਨੂੰਨ ਨੂੰ ਹੋਰ ਸਖ਼ਤ ਬਣਾਉਣਾ ਚਾਹੀਦਾ ਹੈ|

 

 

ਪਰੰਤੂ ਪੂਰੇ ਪ੍ਰੋਗਰਾਮ ਦੌਰਾਨ ਸਮਾਜਿਕ ਸਰੋਕਾਰਾਂ ਦੇ “ਚੈਂਪੀਅਨ” ਆਮਿਰ ਖਾਨ ਦੁਆਰਾ ਇੱਕ ਵਾਰ ਵੀ ਇਸ ਮੁੱਦੇ ਦੀ ਸਮਾਜਿਕ ਬੁਨਿਆਦ ਬਾਰੇ ਗੱਲ ਨਹੀਂ ਕੀਤੀ ਜਾਂਦੀ ਹੈ| ਸਮਾਜਿਕ ਬੁਨਿਆਦ ਜੋ ਨਿੱਜੀ ਜਾਇਦਾਦ ਵਿੱਚ ਪਈ ਹੈ ਜਿਸਦਾ ਮਾਲਕ ਮਰਦ ਹੁੰਦਾ ਹੈ| ਮਰਦ ਨੂੰ ਔਰਤ ਨਾਂ ਦੀ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਤੋਂ ਸਭ ਤੋਂ ਪਹਿਲਾਂ ਆਪਣੀ ਜਾਇਦਾਦ ਦਾ ਉੱਤਰਾਧਿਕਾਰੀ ਚਾਹੀਦਾ ਹੈ ਜੋ ਕਿ ਲੜਕਾ ਹੀ ਹੋ ਸਕਦਾ ਹੈ| ਇਸੇ ਕਾਰਨ ਹੀ ਭਰੂਣ ਹੱਤਿਆ ਦੀ ਅਣਮਨੁੱਖੀ ਰਵਾਇਤ ਜਾਇਦਾਦ ਦੇ ਮਾਲਕ ਸਮਾਜਿਕ ਤਬਕਿਆਂ ‘ਚ ਜ਼ਿਆਦਾ ਹੈ ਖਾਸ ਤੌਰ ‘ਤੇ ਉੱਚ ਮਧਵਰਗ ‘ਚ| ਦੂਸਰਾ ਵੱਡਾ ਕਾਰਨ ਜੋ ਭਾਰਤ ਦੇ ਸੰਬੰਧ ‘ਚ ਖਾਸ ਹੈ ਭਾਰਤ ਦਾ ਭਿਅੰਕਰ ਗੈਰ-ਜਮਹੂਰੀ ਸਮਾਜ ਤੇ ਕੁੜੀ ਦੇ ਵਿਆਹ ‘ਤੇ ਹੋਣ ਵਾਲਾ ਅੰਨ੍ਹਾ ਖਰਚਾ| ਕਿਸੇ ਜਮਹੂਰੀ ਇਨਕਲਾਬ ਦੀ ਇਤਿਹਾਸਕ ਅਣਹੋਂਦ ਕਾਰਨ ਭਾਰਤ ‘ਚ ਜਮਹੂਰੀ ਚੇਤਨਾ ਦਾ ਵਿਕਾਸ ਬਹੁਤ ਪਛੜਿਆ ਹੋਇਆ ਹੈ| ਔਰਤ ਨੂੰ ਪੈਰ-ਪੈਰ ‘ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ; ਬਲਾਤਕਾਰ ਤੇ ਛੇੜਛਾੜ ਦੇ ਅਪਰਾਧ ਇੱਕ ਰੁਟੀਨੀ ਹਰਕਤ ਬਣ ਗਏ ਹਨ ਅਤੇ ਚਾਰੇ ਪਾਸਿਆਂ ਤੋਂ ਘੂਰਦੀਆਂ ਅੱਖਾਂ ਉਸ ਨੂੰ ਪੂਰੀ ਜ਼ਿੰਦਗੀ ਲੂੰਹਦੀਆਂ ਰਹਿੰਦੀਆਂ ਹਨ|

ਦੂਸਰੇ ਪਾਸੇ ਔਰਤ ਨਾਲ ਪਰਿਵਾਰ ਦੇ ਸਾਰੇ ਮਰਦਾਂ ਦੀ “ਇੱਜਤ” ਜੁੜੀ ਹੁੰਦੀ ਹੈ ਜੋ ਨਾ ਸਿਰਫ਼ ਔਰਤ ਨਾਲ ਕੋਈ ਜਬਰ-ਜਿਨਾਹ ਹੋਣ ਨਾਲ ਨੁਕਸਾਨੀ ਜਾਂਦੀ ਹੈ ਸਗੋਂ ਔਰਤ ਵੱਲੋਂ ਕੋਈ ਅਜ਼ਾਦ ਫੈਸਲਾ ਲੈਣ ਕਾਰਨ ਵੀ ਖੇਰੂੰ-ਖੇਰੂੰ ਹੋ ਜਾਂਦੀ ਹੈ| ਇਸ ਲਈ ਮਰਦ ਲੜਕੀ ਪੈਦਾ ਹੀ ਨਾ ਕਰਕੇ ਆਪਣੀ “ਇੱਜਤ” ਨੂੰ ਅਗਾਊਂ ਹੀ ਸੁਰੱਖਿਅਤ ਕਰਨਾ ਚਾਹੁੰਦਾ ਹੈ| ਵਿਆਹ ਦੌਰਾਨ ਚਲਦੀ ਦਹੇਜ-ਪ੍ਰਥਾ ਨੂੰ ਵੀ ਕੁਝ-ਕੁਝ ਮਾਦਾ ਭਰੂਣ ਹੱਤਿਆ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ| ਪਰ ਪਿਛਲੇ ਦੋ ਕਾਰਨ ਵੀ ਅਸਲ ‘ਚ ਨਿੱਜੀ ਜਾਇਦਾਦ ਨਾਲ ਹੀ ਜੁੜੇ ਹੋਏ ਹਨ| ਹੁਣ ਨਿੱਜੀ ਜਾਇਦਾਦ ਦਾ ਸਵਾਲ ਉਠਾਉਣਾ ਮੌਜੂਦਾ ਆਰਥਕ-ਸਿਆਸੀ ਢਾਂਚੇ ‘ਤੇ ਸਵਾਲ ਖੜ੍ਹਾ ਕਰਨਾ ਹੈ, ਸਰਮਾਏਦਾਰੀ ਨਿਜ਼ਾਮ ‘ਤੇ ਸਵਾਲ ਖੜ੍ਹਾ ਕਰਨਾ ਹੈ ਜੋ ਕਿ ਆਮਿਰ ਖਾਨ ਕਦੇ ਵੀ ਨਹੀਂ ਚਾਹੇਗਾ ਕਿਉਂਕਿ ਉਹ ਖੁਦ ਸਰਮਾਏਦਾਰਾ ਤਬਕੇ ‘ਚੋਂ ਹੈ, ਉਹਦਾ ਸਵਰਗ ਇਸੇ ਢਾਂਚੇ ‘ਚ ਹੈ| ਉਸਦੀ ਇਸੇ ਸੋਚ ‘ਚੋਂ ਮਸਲੇ ਦੇ ਹੱਲ ਨਿਕਲਦੇ ਹਨ; ਔਰਤਾਂ ਵਿਰੋਧ ਕਰਦੇ ਹੋਏ ਲੜਕੀ ਨੂੰ ਜਨਮ ਦੇਣ, ਸਖ਼ਤ ਕਾਨੂੰਨ, ਕਾਨੂੰਨ ਦੀ ਸਖਤੀ ਨਾਲ ਪਾਲਣਾ ਦਾ ਰੋਣਾ-ਪਿੱਟਣਾ ਜਿਸ ਨਾਲ ਢਾਂਚੇ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ|

ਔਰਤਾਂ ਖਿਲਾਫ਼ ਘਰੇਲੂ ਹਿੰਸਾ ਵਾਲੇ ਮੁੱਦੇ ‘ਤੇ ਗੱਲ ਕਰਦੇ ਹੋਏ ਵੀ ਆਮਿਰ ਖਾਨ ਨੇ ਸੱਚ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੀ ਹੈ| ਔਰਤਾਂ ਖਿਲਾਫ਼ ਹਿੰਸਾ ਦੇ ਕਾਰਨਾਂ ਦੀ ਜਾਂਚ-ਪੜਤਾਲ ਕਰਦੇ ਹੋਏ ਉਹ ਮਰਦਾਂ ‘ਚ ਪਿੱਤਰਸੱਤ੍ਹਾ ਦੀ ਮਾਨਸਿਕਤਾ ਨੂੰ ਮੁੱਖ ਕਾਰਨ ਮੰਨਦਾ ਹੈ| ਇਹ ਗੱਲ ਹੈ ਤਾਂ ਸੱਚ, ਪਰ ਇਹ ਅਧੂਰਾ ਸੱਚ ਹੈ| ਇਸ ਤੋਂ ਅਗਲਾ ਸਵਾਲ ਜੋ ਪੁੱਛਿਆ ਜਾਣਾ ਚਾਹੀਦਾ ਸੀ ਕਿ ਪਿੱਤਰਸੱਤ੍ਹਾ ਦੀ ਮਾਨਸਿਕਤਾ ਦਾ ਸਮਾਜਿਕ ਸ੍ਰੋਤ ਜਾਂ ਬੁਨਿਆਦ ਕੀ ਹੈ? ਪਰ ਆਮਿਰ ਖਾਨ ਇਸ ਅਸੁਵਿਧਾਜਨਕ ਸਵਾਲ ਤੋਂ ਪਾਸਾ ਵੱਟ ਜਾਂਦਾ ਹੈ| ਇਸਦੀ ਬੁਨਿਆਦ ਅਸਲ ਵਿੱਚ ਇੱਕ ਵਾਰ ਫਿਰ ਨਿੱਜੀ ਜਾਇਦਾਦ ‘ਤੇ ਟਿਕੇ ਆਰਥਕ-ਸਮਾਜਿਕ ਢਾਂਚੇ ‘ਚ ਹੀ ਪਈ ਹੈ| ਨਿੱਜੀ ਜਾਇਦਾਦ ਦੀ ਮਾਲਕੀ ਮਰਦ ਕੋਲ ਹੈ, ਅੱਜ ਵੀ ਪੂਰੀ ਦੁਨੀਆਂ ਦੀ ਧਨ-ਸੰਪਤੀ ਦਾ 10% ਤੋਂ ਘੱਟ ਹਿੱਸਾ ਔਰਤਾਂ ਦੀ ਮਾਲਕੀ ਹੇਠ ਹੈ, ਉਹ ਵੀ ਕਾਫ਼ੀ ਮਾਮਲਿਆਂ ‘ਚ ਸਿਰਫ਼ ਨਾਮ ਦੀ ਮਾਲਕੀ ਹੈ ਅਸਲੀਅਤ ‘ਚ ਨਹੀਂ| ਔਰਤ ਆਰਥਕ ਤੌਰ ‘ਤੇ ਮਰਦ ‘ਤੇ ਨਿਰਭਰ ਹੈ, ਫਿਰ ਸਮਾਜਿਕ ਤਾਣਾ-ਬਾਣਾ ਅਜਿਹਾ ਹੈ ਕਿ ਘਰ ਤੋਂ ਬਾਹਰ ਨਿਕਲ ਕੇ ਆਪਣੀ ਅਜ਼ਾਦ ਹੋਂਦ ਕਾਇਮ ਕਰ ਸਕਣਾ ਹਰ ਔਰਤ ਲਈ ਮੁਸ਼ਕਿਲਾਂ ਨਾਲ ਭਰਿਆ ਰਸਤਾ ਹੈ ਜੋ ਬਹੁਤ ਥੋੜ੍ਹੀਆਂ ਔਰਤਾਂ ਲਈ ਸੰਭਵ ਹੈ| ਜਿਸ ਸਮਾਜ ‘ਚ ਅਣਖ ਦੇ ਨਾਮ ‘ਤੇ ਕਤਲ ਹੋਣਾ ਆਮ ਗੱਲ ਹੋਵੇ ਉੱਥੇ ਔਰਤ ਲਈ ਘਰੋਂ ਨਿਕਲ ਕੇ ਅਜ਼ਾਦ ਰਹਿ ਸਕਣਾ ਕਿੰਨਾ ਕੁ ਸੰਭਵ ਹੈ, ਕਹਿਣ ਦੀ ਲੋੜ ਨਹੀਂ ਹੈ| ਔਰਤ ਦੀ ਸਮਾਜਿਕ ਅਜ਼ਾਦੀ ਲਈ ਉਸਦੀ ਆਰਥਕ ਅਜ਼ਾਦੀ ਲਾਜ਼ਮੀ ਹੈ, ਸਮਾਜਿਕ ਪੈਦਾਵਾਰ ‘ਚ ਔਰਤ ਦੀ ਬਰਾਬਰ ਦੀ ਭੂਮਿਕਾ ਹੋਣਾ ਜ਼ਰੂਰੀ ਹੈ, ਔਰਤ ਦੀ ਆਰਥਕ ਅਜ਼ਾਦੀ ਦੀ ਗੱਲ ਕਰੇ ਬਿਨਾ ਔਰਤ ਦੀ ਸਮਾਜਿਕ ਅਜ਼ਾਦੀ ਦੀ ਗੱਲ ਕਰਨਾ ਨਿਰੀ ਫੋਕੀ ਬਕਵਾਸ ਹੈ, ਬੌਧਿਕ ਬੇਈਮਾਨੀ ਹੈ ਅਤੇ ਔਰਤਾਂ ਨੂੰ ਤੇ ਲੋਕਾਂ ਨੂੰ ਧੋਖੇ ‘ਚ ਰੱਖਣਾ ਹੈ|

ਕੋਈ ਕਹਿ ਸਕਦਾ ਹੈ ਕਿ ਭਾਰਤ ‘ਚ ਕਾਨੂੰਨ ਅਨੁਸਾਰ ਔਰਤ ਆਪਣੇ ਬਾਪ ਤੇ ਪਤੀ ਦੀ ਜਾਇਦਾਦ ‘ਚ ਹਿੱਸੇਦਾਰ ਹੈ, ਆਮਿਰ ਖਾਨ ਨੇ ਵੀ ਕਾਨੂੰਨ ਦੀ ਗੱਲ ਕੀਤੀ ਹੈ| ਪਹਿਲੀ ਗੱਲ ਤਾਂ ਇਹ ਕਿ ਕਾਨੂੰਨ ਨਾਂ ਦੀ ਸ਼ੈਅ ਮੌਜੂਦਾ ਸਮਾਜ ‘ਚ ਚਿੱਟੇ ਹਾਥੀ ਤੋਂ ਵੱਧ ਕੁਝ ਨਹੀਂ, ਕਾਨੂੰਨ ਦੀ ਮਦਦ ਲੈਣ ਲਈ ਤੁਹਾਨੂੰ ਵਕੀਲ ਕਰਾਉਣੇ ਪੈਂਦੇ ਹਨ ਤੇ ਉਸ ਲਈ ਚਾਹੀਦਾ ਹੈ ਪੈਸਾ| ਜਿਸ ਦੇਸ਼ ‘ਚ 77% ਆਬਾਦੀ 20 ਰੁਪੈ/ਦਿਨ ਤੋਂ ਘੱਟ ‘ਤੇ ਗੁਜ਼ਾਰਾ ਕਰਦੀ ਹੋਵੇ ਉੱਥੇ ਅਜਿਹੇ ਵਕੀਲੀ ਕਿਸਮ ਦੇ ਕਾਨੂੰਨੀ ਨੁਸਖੇ ਵੈਸੇ ਹੀ ਹਾਸੋਹੀਣੇ ਬਣ ਜਾਂਦੇ ਹਨ| ਦੂਜੀ ਗੱਲ, ਜੇ ਕਾਨੂੰਨ ਬਣਾਉਣ ਨਾਲ ਸਭ ਕੁਝ ਹੁੰਦਾ ਹੁੰਦਾ ਤਾਂ ਭਾਰਤ ‘ਚ ਕਦੋਂ ਦਾ ਸਮਾਜਵਾਦ ਆ ਗਿਆ ਹੁੰਦਾ ਕਿਉਂਕਿ ਭਾਰਤ ਦਾ ਸੰਵਿਧਾਨ ਭਾਰਤ ਦੇ ਢਾਂਚੇ ‘ਚ ਸਮਾਜਵਾਦ ਦੀ ਗੱਲ ਕਰਦਾ ਹੈ| ਅਸਲ ‘ਚ ਕਾਨੂੰਨ ਬਣਾਉਣ ਤੇ ਲਾਗੂ ਕਰਨ ਦੀ ਪ੍ਰਕਿਰਿਆ ਵੀ ਉਸ ਸਮਾਜ ‘ਚ ਭਾਰੂ ਸਮਾਜਿਕ ਤਬਕੇ ਦੇ ਹਿਤਾਂ ਦੇ ਅਨੁਸਾਰੀ ਹੀ ਹੁੰਦੀ ਹੈ| ਭਾਰਤ ‘ਚ ਇਸ ਸਮੇਂ ਸਰਮਾਏਦਾਰਾਂ ਦਾ ਰਾਜ ਹੈ, ਕਾਨੂੰਨ ਉਹਨਾਂ ਦੇ ਹਿਤਾਂ ਨੂੰ ਧਿਆਨ ‘ਚ ਰੱਖ ਕੇ ਬਣਦੇ ਹਨ ਅਤੇ ਉਸੇ ਹੱਦ ਤੱਕ ਲਾਗੂ ਹੁੰਦੇ ਹਨ ਜਿਸ ਹੱਦ ਤੱਕ ਉਹਨਾਂ ਦੇ ਹਿਤਾਂ ਨੂੰ ਕੋਈ ਠੇਸ ਨਹੀਂ ਪੁੱਜਦੀ| ਜੇ ਔਰਤ ਨੇ ਅਜ਼ਾਦੀ ਹਾਸਲ ਕਰਨੀ ਹੈ ਤਾਂ ਨਾ ਸਿਰਫ਼ ਉਸਨੂੰ ਮਰਦ ਦੀ ਗੁਲਾਮੀ ਤੋਂ ਹੀ, ਸਗੋਂ ਇਸ ਆਰਥਿਕ-ਸਿਆਸੀ ਢਾਂਚੇ ਤੋਂ ਵੀ ਮੁਕਤੀ ਹਾਸਿਲ ਕਰਨੀ ਹੋਵੇਗੀ ਅਤੇ ਇਹ ਦੋਵੇਂ ਲੜਾਈਆਂ ਨਾਲੋ-ਨਾਲ ਚੱਲਣਗੀਆਂ ਨਾ ਕਿ ਨਿਖੜ ਕੇ|

ਅਗਲਾ ਅਹਿਮ ਮੁੱਦਾ ਜੋ ਆਮਿਰ ਖਾਨ ਨੇ ਉਠਾਇਆ ਹੈ ਉਹ ਹੈ ਆਮ ਲੋਕਾਂ ਲਈ ਸਿਹਤ ਸੇਵਾਵਾਂ ਤੇ ਦਵਾਈਆਂ ਦਾ ਮਸਲਾ| ਇੱਥੇ ਵੀ ਆਮਿਰ ਖਾਨ ਸਰਮਾਏਦਾਰੀ ਦੇ ਟਰੱਕ ਪਿੱਛੇ ਲਿਖਿਆ “ਕੀਪ ਡਿਸਟੈਂਸ” ਬਖੂਬੀ ਪੜ੍ਹ ਲੈਂਦਾ ਹੈ ਅਤੇ ਆਪਣੀ “ਸੱਚ ਦੀ ਮਰਸੀਡੀਜ਼” ਨੂੰ ਸੁਰੱਖਿਅਤ ਦੂਰੀ ‘ਤੇ ਰੱਖਦਾ ਹੈ| ਆਮਿਰ ਖਾਨ ਨੇ ਇਸ ਕਿਸ਼ਤ ‘ਚ ਵੀ ਕਈ ਸੱਚ ਵੀ ਬੋਲੇ ਜਿਵੇਂ ਕਿ ਡਾਕਟਰਾਂ ਦੁਆਰਾ ਖਾਸ ਬਰਾਂਡ ਦੀਆਂ ਦਵਾਈਆਂ ਲਿਖਣਾ, ਦਵਾ ਕੰਪਨੀਆਂ ਦੁਆਰਾ ਦਵਾਈਆਂ ਦੀ ਕੀਮਤ ‘ਚ ਅੰਨ੍ਹੀ ਲੁੱਟ ਆਦਿ ਜਿਹਨਾਂ ਦਾ ਡਾਕਟਰਾਂ ਨੇ ਖਾਸ ਤੌਰ ‘ਤੇ “ਬੁਰਾ ਮਨਾਇਆ” ਅਤੇ ਆਮਿਰ ਖਾਨ ਦੀਆਂ ਫਿਲਮਾਂ ਦਾ “ਬਾਈਕਾਟ” ਕਰਨ ਦੀਆਂ ਧਮਕੀਆਂ ਦਿੱਤੀਆਂ, ਆਮਿਰ ਖਾਨ ‘ਤੇ ਮੈਡੀਕਲ ਕਿੱਤੇ ਨੂੰ ਬਦਨਾਮ ਕਰਨ ਦਾ ਦੋਸ਼ ਵੀ ਲਾਇਆ| ਖੈਰ, ਇਹਨਾਂ ਦੋਸ਼ਾਂ ‘ਚ ਕੋਈ ਦਮ ਨਹੀਂ ਕਿਉਂਕਿ ਮੈਡੀਕਲ ਕਿੱਤੇ ਬਾਰੇ ਆਮਿਰ ਖਾਨ ਦੁਆਰਾ ਪੇਸ਼ ਕੀਤੇ ਸੱਚ ਪਹਿਲਾਂ ਵੀ ਬਹੁਤ ਹੱਦ ਤੱਕ ਲੋਕਾਂ ਨੂੰ ਪਤਾ ਹੀ ਹਨ ਅਤੇ ਡਾਕਟਰਾਂ ਦੀ ਨੇਕਨਾਮੀ ਲੋਕਾਂ ਤੋਂ ਕੋਈ ਲੁਕੀ ਹੋਈ ਨਹੀਂ ਹੈ| ਆਮਿਰ ਖਾਨ ਨੇ ਕਈ ਸਵਾਲ ਵੀ ਕੀਤੇ ਮਸਲਨ ਸਰਕਾਰਾਂ ਖੁਦ ਮੈਡੀਕਲ ਕਾਲਜ ਕਿਉਂ ਨਹੀਂ ਖੋਲਦੀਆਂ, ਸਰਕਾਰੀ ਹਸਪਤਾਲਾਂ ‘ਤੇ ਖਰਚਾ ਇੰਨਾ ਘੱਟ ਕਿਉਂ, ਆਮ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਅਸਿੱਧੇ ਟੈਕਸਾਂ ਦਾ ਪੈਸਾ ਕਿੱਥੇ ਜਾਂਦਾ ਹੈ ਆਦਿ| ਆਮ ਜਾਣੇ ਜਾਂਦੇ ਇਹ ਤੱਥ ਪੇਸ਼ ਕਰਨ ਤੋਂ ਆਮਿਰ ਖਾਨ ਮਸਲੇ ਦੇ ਹੱਲ ਵੱਲ ਆਉਂਦਾ ਹੈ| ਇਸ ਕਿਸ਼ਤ ਵਿੱਚ ਆਮਿਰ ਖਾਨ ਦੀ ਢਾਂਚੇ ਨੂੰ ਬਦਲਣ ਦੀ ਥਾਂ ਇਸ ਵਿੱਚ ਟਾਕੀਆਂ ਲਾ ਕੇ ਚੱਲਣ ਯੋਗ ਕਰੀ ਰੱਖਣ ਦੀ ਸੁਧਾਰਵਾਦੀ ਸਿਆਸਤ ਸਾਫ਼-ਸਾਫ਼ ਸਾਹਮਣੇ ਆ ਖੜ੍ਹੀ ਹੁੰਦੀ ਹੈ| ਉਸ ਅਨੁਸਾਰ ਲੋਕਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਸਤੀਆਂ ਜੇਨੇਰਿਕ ਦਵਾਈਆਂ ਲੋਕਾਂ ਤੱਕ ਪਹੁੰਚਾਈਆਂ ਜਾਣੀਆਂ ਚਾਹੀਦੀਆਂ ਹਨ| ਨਾਲ ਹੀ ਉਹ ਸਰਕਾਰ ਦੀਆਂ ਪਾਲਸੀਆਂ ਤੋਂ ਲਾਭ ਲੈਣ ਦੀ ਗੱਲ ਕਰਦਾ ਹੈ|

ਆਮਿਰ ਖਾਨ ਜੀ, ਜਾਂ ਤਾਂ ਤੁਸੀਂ ਬੜੇ ਭੋਲੇ ਹੋ ਜਿਸਦੀ ਸੰਭਾਵਨਾ ਬਹੁਤ ਘੱਟ ਹੈ, ਜਾਂ ਤੁਸੀਂ ਬਿਨਾਂ ਕੁਝ ਜਾਣੇ-ਸਮਝੇ ਲੋਕਾਂ ਨੂੰ ਉਪਦੇਸ਼ ਦੇਣ ਨਿਕਲ ਪਏ ਹੋ ਜਾਂ ਫਿਰ ਤੁਸੀਂ “ਸੱਤਿਆਮੇਵ ਜਯਤੇ” ਵਿੱਚ ਵੀ “ਐਕਟਿੰਗ” ਹੀ ਕਰ ਰਹੇ ਹੋ ਤੇ ਤੁਸੀਂ ਲੋਕਾਂ ਨੂੰ ਜਾਣਬੁੱਝ ਕੇ ਮੂਰਖ ਬਣਾ ਰਹੇ ਹੋ? ਡਾਕਟਰੀ ਦਾ ਪੇਸ਼ਾ ਪੂਰੀ ਤਰ੍ਹਾਂ ਕਾਰੋਬਾਰ ਬਣ ਚੁੱਕਾ ਹੈ ਜਿੱਥੇ ਮਰੀਜ਼ ਦੀ ਹੈਸੀਅਤ ਗਾਹਕ ਦੀ ਹੈ ਅਤੇ ਡਾਕਟਰ ਇੱਕ ਦੁਕਾਨਦਾਰ ਦੀ ਤਰ੍ਹਾਂ ਉਸਤੋਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਬਣਾਉਣ ਲਈ ਬੈਠਾ ਹੈ| ਜੇਨੇਰਿਕ ਦਵਾਈਆਂ ਦੀ ਗੱਲ ਭਾਵੇਂ ਕੁਝ ਹੱਦ ਠੀਕ ਹੈ, ਪਰ ਸਾਰੀਆਂ ਜੇਨੇਰਿਕ ਦਵਾਈਆਂ ਚੰਗੀਆਂ ਹੀ ਹੁੰਦੀਆਂ ਹਨ ਅਜਿਹਾ ਵੀ ਨਹੀਂ ਹੈ| ਬਾਕੀ ਜੇਨੇਰਿਕ ਦਵਾਈਆਂ ਤੇ ਬਰਾਂਡ ਦੀਆਂ ਦਵਾਈਆਂ ਦੀਆਂ ਕੀਮਤਾਂ ‘ਚ ਇੰਨਾ ਫ਼ਰਕ ਹੀ ਕਿਉਂ ਹੈ? ਅਸਲ ਵਿੱਚ ਜਿਹੜਾ ਢਾਂਚਾ ਟਿਕਿਆ ਹੀ ਮੁਨਾਫਾ ਕਮਾਉਣ ‘ਤੇ ਹੋਵੇ, ਜਿੱਥੇ ਵੱਧ ਤੋਂ ਵੱਧ ਮੁਨਾਫੇ ਕੁੱਟਣ ਲਈ ਅੰਨ੍ਹੀਂ ਦੌੜ ਲੱਗੀ ਹੋਵੇ, ਉੱਥੇ ਦਵਾ ਕੰਪਨੀਆਂ ਅਤੇ ਡਾਕਟਰਾਂ ਤੋਂ “ਮਾਨਵਤਾਵਾਦੀ” ਹੋਣ ਦੀ ਆਸ ਜਾਂ ਕੋਈ ਭੋਲਾ-ਪੰਛੀ ਤੇ ਮੂਰਖ ਕਰ ਸਕਦਾ ਹੈ ਜਾਂ ਫਿਰ ਬਹੁਤ ਚਲਾਕ ਆਦਮੀ, ਤੁਸੀਂ ਇਹਦੇ ‘ਚੋਂ ਕੀ ਹੋ, ਤੁਸੀਂ ਹੀ ਬਿਹਤਰ ਜਾਣਦੇ ਹੋਵੋਗੇ? ਤੁਹਾਡੇ ਪੂਰੇ ਪ੍ਰੋਗਰਾਮ ‘ਚ “ਮੁਨਾਫ਼ਾ ਕੇਂਦਰਤ ਢਾਂਚਾ” ਗਾਇਬ ਹੈ, ਉਲਟਾ ਤੁਸੀਂ ਤਾਂ ਇਸਨੂੰ ਗਲਤ ਵੀ ਨਹੀਂ ਸਮਝਦੇ ਕਿਉਂਕਿ ਤੁਹਾਡੇ ਅਨੁਸਾਰ ਨਿੱਜੀ ਹਸਪਤਾਲ ਤਾਂ ਚੱਲਣੇ ਚਾਹੀਦੇ ਹਨ, ਬਸ ਹਾਂ ਸਰਕਾਰ ਕੁਝ ਸਰਕਾਰੀ ਸਸਤੇ ਹਸਪਤਾਲ ਖੋਲ ਦੇਵੇ ਤਾਂ ਮਾਮਲਾ ਠੀਕ ਹੋ ਜਾਵੇਗਾ, ਤੁਹਾਡੇ ਅਨੁਸਾਰ ਇਸ ਨਾਲ ਜਿੱਥੇ ਲੋਕਾਂ ਨੂੰ ਸਿਹਤ ਸੇਵਾਵਾਂ ਮਿਲ ਸਕਣਗੀਆਂ (ਇੱਥੇ ਤੁਹਾਡਾ ਅਸਲੀ ਅਰਥ ਲੋਕਾਂ ਨੂੰ ਸਿਹਤ ਸੇਵਾਵਾਂ ਮਿਲਣਾ ਨਹੀਂ, ਸਗੋਂ ਲੋਕਾਂ ਦਾ ਗੁੱਸਾ ਕੁਝ ਠੰਡਾ ਰਹਿਣ ਦਾ ਹੈ) ਅਤੇ ਨਾਲ ਹੀ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਹਸਪਤਾਲਾਂ ਨਾਲ ਮੁਕਾਬਲਾ ਕਰਨਾ ਪਵੇਗਾ ਜਿਸ ਨਾਲ ਉਹਨਾਂ ਦੀ ਗੁਣਵਤਾ ਵਧੇਗੀ| ਕੱਲ੍ਹ ਨੂੰ ਜਦੋਂ ਸਰਕਾਰੀ ਹਸਪਤਾਲ “ਜ਼ਿਆਦਾ” ਹੋ ਗਏ ਤਾਂ ਹੋ ਸਕਦਾ ਤੁਸੀਂ ਕਹੋ, ਕਿ ਸਰਕਾਰ ਨੂੰ ਹੁਣ ਨਿੱਜੀ ਹਸਪਤਾਲ ਖੋਲਣੇ ਚਾਹੀਦੇ ਹਨ ਤਾਂ ਕਿ ਸਰਕਾਰੀ ਹਸਪਤਾਲ ਨਿੱਜੀ ਹਸਪਤਾਲਾਂ ਨਾਲ ਮੁਕਾਬਲਾ ਕਰਨ ਤੇ ਉਹਨਾਂ ਦੀ ਗੁਣਵਤਾ ‘ਚ ਸੁਧਾਰ ਆਵੇ? ਫਿਰ ਇਹ ਵੀ ਹੋ ਸਕਦਾ ਹੈ ਸਰਕਾਰ ਅੱਜਕੱਲ ਇਹੀ ਕੁਝ ਕਰ ਰਹੀ ਹੋਵੇ!! ਇਹ ਹੈ ਤੁਹਾਡਾ ਗੂੜ੍ਹ-ਗਿਆਨ!! ਵੈਸੇ ਤੁਸੀਂ ਕਦੇ ਇਹ ਕਿਉਂ ਨਹੀਂ ਸੋਚਦੇ ਕਿ ਨਿੱਜੀ ਹਸਪਤਾਲ ਹੋਣ ਹੀ ਕਿਉਂ? ਕੀ ਮੈਡੀਕਲ ਖੇਤਰ ਦਾ ਗਿਆਨ ਕਿਸੇ ਦੀ ਨਿੱਜੀ ਜਾਇਦਾਦ ਹੈ ਜੋ ਉਸਨੂੰ ਚਾਰ ਕਿਤਾਬਾਂ ਪੜ੍ਹਕੇ ਆਪਣੇ ਮਹਿਲ ਖੜ੍ਹੇ ਕਰਨ ਲਈ ਵਰਤ ਸਕਦਾ ਹੈ? ਜਦੋਂ ਗਿਆਨ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ ਤਾਂ ਉਸਦੀ ਵਰਤੋਂ ਵੀ ਸਮੁੱਚੀ ਮਨੁੱਖਤਾ ਲਈ ਹੋਣੀ ਚਾਹੀਦੀ ਹੈ, ਨਾ ਕਿ ਕੁਝ ਲੋਕਾਂ ਦੀ ਅਯਾਸ਼ ਜ਼ਿੰਦਗੀ ਲਈ| ਕੀ ਸਮਾਜ ‘ਚ ਸਿਰਫ਼ ਡਾਕਟਰ ਹੀ ਹਨ ਜੋ ਮਿਹਨਤ ਕਰਦੇ ਹਨ ਜਾਂ ਕੀ ਕਿਸੇ 12-14 ਘੰਟੇ, ਇੱਥੋਂ ਤੱਕ ਲਗਾਤਾਰ 36-36 ਘੰਟੇ ਫੈਕਟਰੀਆਂ ‘ਚ ਕੰਮ ਕਰਨ ਵਾਲੇ ਮਜ਼ਦੂਰ ਜਾਂ ਸਾਰੀ ਜ਼ਿੰਦਗੀ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਸਾਨ ਤੋਂ ਕਿਸੇ ਪੱਖੋਂ ਰੱਤੀ ਭਰ ਵੀ ਜ਼ਿਆਦਾ ਮਿਹਨਤ ਕਰਦੇ ਹਨ? ਉੱਕਾ ਹੀ ਨਹੀਂ| ਜਿੰਨਾ ਚਿਰ ਕੋਈ ਡਾਕਟਰੀ ਦੀ ਪੜ੍ਹਾਈ ਕਰਦਾ ਹੈ ਤੇ ਬਾਅਦ ‘ਚ ਡਾਕਟਰੀ ਦਾ ਕੰਮ ਕਰਦਾ ਹੈ ਤਾਂ ਉਸਦੀ ਜ਼ਰੂਰਤ ਦੀ ਹਰ ਚੀਜ਼ ਕੱਪੜੇ, ਕਿਤਾਬਾਂ, ਅਨਾਜ, ਇੱਥੋਂ ਹਸਪਤਾਲਾਂ ਕਾਲਜਾਂ ਦੀਆਂ ਇਮਾਰਤਾਂ ਅਤੇ ਇਲਾਜ ‘ਚ ਵਰਤੇ ਜਾਣ ਵਾਲੇ ਸੰਦ ਤੇ ਦਵਾਈਆਂ ਹਰ ਚੀਜ਼ ਮਜ਼ਦੂਰ ਤੇ ਕਿਸਾਨ ਪੈਦਾ ਕਰਦੇ ਹਨ ਪਰ ਉਹ ਖੁਦ ਗੰਦੀਆਂ ਬਸਤੀਆਂ ‘ਚ ਰਹਿੰਦੇ ਹਨ, ਢੰਗ ਨਾਲ ਖਾਣਾ ਵੀ ਨਹੀਂ ਕਹਾ ਸਕਦੇ ਤੇ ਇਲਾਜ ਕਰਵਾ ਸਕਣਾ ਅਕਸਰ ਵੱਸੋਂ ਬਾਹਰ ਹੁੰਦਾ ਹੈ, ਤਾਂ ਫਿਰ ਡਾਕਟਰਾਂ ਨੂੰ ਲੱਖਾਂ-ਕਰੋੜਾਂ ਕਮਾਉਣ ਦਾ, ਆਲੀਸ਼ਾਨ ਘਰਾਂ ‘ਚ ਰਹਿਣ ਦਾ ਹੱਕ ਕਿੱਥੋਂ ਮਿਲ ਜਾਂਦਾ ਹੈ? ਇਹ ਸਰਮਾਏਦਾਰੀ ਢਾਂਚਾ ਹੈ ਜਨਾਬ ਆਮਿਰ ਖਾਨ ਜਿਹੜਾ ਗਿਆਨ ਨੂੰ ਨਿੱਜੀ ਜਾਇਦਾਦ ਬਣਾ ਦਿੰਦਾ ਹੈ, ਕੁਝ ਲੋਕਾਂ ਨੂੰ ਬਹੁਗਿਣਤੀ ਲੋਕਾਂ ਦੀ ਕੀਮਤ ‘ਤੇ ਆਰਾਮਦੇਹ ਜ਼ਿੰਦਗੀ ਜਿਉਣ ਦਾ “ਹੱਕ” ਦਿੰਦਾ ਹੈ| ਇਸ ਸਰਮਾਏਦਾਰੀ ਢਾਂਚੇ ਦੀ ਗੱਲ ਕੀਤੇ ਬਿਨਾ ਤੇ ਇਸਨੂੰ ਉਲਟਾਏ ਬਿਨਾ ਬਹੁਗਿਣਤੀ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਖਾਮਖਿਆਲੀ ਹੈ|

ਅੰਤ ਵਿੱਚ, ਆਮਿਰ ਖਾਨ ਦੇ ਇਸ “ਸਮਾਜਿਕ ਪ੍ਰਯੋਗ” ਬਾਰੇ ਕੁਝ ਹੋਰ ਗੱਲਾਂ| ਆਮਿਰ ਖਾਨ ਇਸ ਪ੍ਰੋਗਰਾਮ ਦੀ ਇੱਕ ਕਿਸ਼ਤ ਲਈ ਤਿੰਨ ਕਰੋੜ ਰੁਪੈ ਵਸੂਲਦਾ ਹੈ, ਭਾਵ ਜੇ ਕੋਈ ਗਰੀਬ ਚਾਰ-ਪੰਜ ਹਜ਼ਾਰ ਰੁਪੈ ਪਿੱਛੇ ਇਲਾਜ ਖੁਣੋਂ ਮਰ ਜਾਂਦਾ ਹੈ ਤਾਂ ਇਹ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਤੀ ਮਿੰਟ ਪੰਜ ਲੱਖ ਰੁਪੈ ਉਸਦੀ ਜੇਬ ‘ਚ ਚਲੇ ਜਾਂਦੇ ਹਨ| ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਕੌਣ ਹਨ, ਇਹ ਵੀ ਪ੍ਰੋਗਰਾਮ ਦੀ ਸਿਆਸਤ ਨੂੰ ਨੰਗਾ ਕਰ ਦਿੰਦਾ ਹੈ| ਧੀਰੂ ਭਾਈ ਅੰਬਾਨੀ ਫਾਉਂਡੇਸ਼ਨ ਜਿਸਦੀ ਕਰਤਾ ਧਰਤਾ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਹੈ, ਇਸ ਪ੍ਰੋਗਰਾਮ ਨੂੰ ਚਲਾ ਰਹੀ ਹੈ| ਭਾਰਤ ਤੇ ਭਾਰਤ ਤੋਂ ਬਾਹਰ ਮਜ਼ਦੂਰਾਂ ਤੇ ਆਮ ਲੋਕਾਂ ਨੂੰ ਲੁੱਟ ਕੇ ਕਾਰੋਬਾਰ ਦਾ ਸਾਮਰਾਜ ਖੜਾ ਕਰਨ ਵਾਲਿਆਂ ਤੇ ਅਰਬਾਂ ਦੀ ਲਾਗਤ ਨਾਲ ਬਣੇ 27-ਮੰਜ਼ਿਲਾ ਘਰ ‘ਚ ਰਹਿਣ ਵਾਲਿਆਂ ਨੂੰ ਆਮ ਲੋਕਾਂ ਦੀ ਚਿੰਤਾ ਹੋਣ ਲੱਗੀ ਹੈ, ਇਹ ਆਪਣੇ ਆਪ ‘ਚ ਪੂਰੀ ਕਹਾਣੀ ਕਹਿ ਦਿੰਦਾ ਹੈ| ਹੋਰ ਤਾਂ ਹੋਰ, ਪ੍ਰੋਗਰਾਮ ਤੋਂ ਬਾਅਦ ਦਰਸ਼ਕਾਂ ਨੂੰ ਇੱਕ ਨੰਬਰ ‘ਤੇ ਐੱਸਐਮਐੱਸ ਕਰਨ ਲਈ ਕਿਹਾ ਜਾਂਦਾ ਹੈ ਜਿਸਦਾ ਪੈਸਾ ਬਕੌਲ ਆਮਿਰ ਖਾਨ ਉਕਤ ਸੰਸਥਾ ਜੋ ਇੱਕ ਐਨ.ਜੀ.ਓ. ਹੈ, ਕੋਲ ਜਾਏਗਾ ਜੋ ਇਸਨੂੰ ਉਸ ਕਿਸ਼ਤ ‘ਚ ਉਠਾਏ ਗਏ ਮੁੱਦੇ ਜਾਂ ਮਸਲੇ ਨੂੰ ਦੂਰ ਕਰਨ ਲਈ ਇਸਤੇਮਾਲ ਕਰੇਗੀ!! ਨਾਲ ਹੀ ਇਹਨਾਂ ਮਸਲਿਆਂ ਨੂੰ ਸੁਲਝਾਉਣ ਲਈ ਆਮਿਰ ਖਾਨ ਹੁਰੀਂ ਕਈ ਸਿਆਸੀ ਨੇਤਾਵਾਂ, ਮੁੱਖ-ਮੰਤਰੀਆਂ ਕੋਲ ਵੀ ਚੱਕਰ ਲਾ ਰਹੇ ਹਨ ਅਤੇ ਉਹਨਾਂ ਨਾਲ ਬੈਠਕੇ ਪੱਤਰਕਾਰਾਂ ਨਾਲ ਗੱਲਬਾਤ ਵੀ ਕਰ ਰਹੇ ਹਨ ਜਿੱਥੇ ਮੁੱਖ-ਮੰਤਰੀ ਜਾਂ ਸਿਆਸੀ ਨੇਤਾ ਆਮਿਰ ਖਾਨ ਦੁਆਰਾ ਉਠਾਏ ਮੁੱਦਿਆਂ ਨੂੰ ਸੁਲਝਾਉਣ ਲਈ ਹਰ ਸੰਭਵ ਕੋਸ਼ਿਸ਼ ਤੇ ਹਰ ਸੰਭਵ ਮਦਦ ਕਰਨ ਦਾ “ਵਾਅਦਾ” ਕਰਦੇ ਹਨ| ਆਮਿਰ ਖਾਨ ਜੀ, ਤੁਹਾਡੇ ਨਾਲੋਂ ਤਾਂ ਆਮ ਲੋਕ ਸਿਆਣੇ ਹਨ ਜਿਹੜੇ ਇਹਨਾਂ “ਵਾਅਦਿਆਂ” ਦੀ ਅਸਲੀਅਤ ਚੰਗੀ ਤਰ੍ਹਾਂ ਸਮਝਦੇ ਹਨ| “ਸੱਤਿਆਮੇਵ ਜਯਤੇ” ਭਾਵ ਸੱਚ ਦੀ ਸਦਾ ਜਿੱਤ ਪੂਰੇ, ਪ੍ਰਗਟਾਵੇ ਦੀ ਅਜ਼ਾਦੀ ਹਰ ਖਤਰਾ ਮੁੱਲ ਲੈ ਕੇ ਬੇਬਾਕ ਕਹੇ ਗਏ ਸੱਚ ਲਈ ਹੈ, ਨਾ ਕਿ ਅਧੂਰੇ, ਅਪਾਹਜ ਕੀਤੇ ਹੋਏ ਤੇ ਸਰਮਾਏਦਾਰਾਂ ਤੋਂ ਮਨਜ਼ੂਰਸੁਦਾ ਸੱਚ ਲਈ|

ਸੰਪਰਕ: 75089 87982
ਸਿੱਖ ਵਿਦਵਾਨ ਭੰਬਲਭੂਸੇ ਦਾ ਸ਼ਿਕਾਰ ਜਾਂ ਬੇਈਮਾਨ?
ਭਾਰਤੀ ਲੋਕਤੰਤਰ ਇੱਕ ਵਿਅਕਤੀ ਅਧਾਰਤ ਨਹੀਂ ਹੈ- ਗੁਰਚਰਨ ਪੱਖੋਕਲਾਂ
ਝੂਠੇ ਪੁਲਿਸ ਮੁਕਾਬਲਿਆਂ ਨੂੰ ਰੋਕਿਆ ਜਾਵੇ – ਗੁਰਤੇਜ ਸਿੱਧੂ
ਕਿਸੇ ਵੀ ਇੱਕ ਦਿਨ ਦਾ ਅਖ਼ਬਾਰ: ਭਗਵੀ ‘ਸਹਿਣਸ਼ੀਲਤਾ’ ਦਾ ਦਰਪਨ! -ਗੁਰਬਚਨ ਸਿੰਘ ਭੁੱਲਰ
ਇਸਲਾਮਿਕ ਸਟੇਟ, ਸਾਮਰਾਜ ਦੀ ਇਕ ਨਵੀਂ ਦੇਣ -ਪੁਸ਼ਪਿੰਦਰ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਵਿਸ਼ਵ ਵਪਾਰ ਸੰਸਥਾ ਦੀ ਨੈਰੋਬੀ ਮੀਟਿੰਗ ਕਿਸਾਨਾਂ ਉੱਤੇ ਮਾਰੂ ਹੱਲਾ -ਮੋਹਨ ਸਿੰਘ

ckitadmin
ckitadmin
January 2, 2016
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਸਿਆਸਤ ਅਤੇ ਪਰਿਵਾਰਵਾਦ ਭਾਰੂ -ਭਾਵਨਾ ਮਲਿਕ
ਸਮੁੰਦਰ ਦੀ ਆਗੋਸ਼ ਵਿੱਚ ਸਮਾ ਰਹੇ ਦੇਸ਼ ਅਤੇ ਦੀਪ ਸਮੂਹ – ਹਰਜਿੰਦਰ ਸਿੰਘ ਗੁਲਪੁਰ
ਗ਼ਜ਼ਲ – ਗੁਰਪ੍ਰੀਤ ਸਿੰਘ ਰੰਗੀਲਪੁਰ
ਕੰਮੀਆਂ ਦੇ ਵਿਹੜਿਆਂ ਨੂੰ ਮਸ਼ੀਨੀਕਰਨ ਦਾ ਸਰਾਪ – ਜਸਪਾਲ ਸਿੰਘ ਜੱਸੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?