ਸਾਡੇ ਆਪਣੇ ਗੁਆਂਢੀ ਮੁਲਕ ਬੰਗਲਾਦੇਸ਼ ਦੀ ਕੌਮੀ ਮੁਕਤੀ ਦੇ ਸੰਘਰਸ਼ ਦਾ ਇਤਿਹਾਸ ਅਜਿਹੇ ਬਿਰਤਾਂਤ ਦੀ ਤਲਾਸ਼ ਵਿੱਚ ਹੈ ਜੋ ਵੱਖ-ਵੱਖ ਵਰਗਾਂ, ਅੰਦੋਲਨਾਂ, ਰਾਜਸੀ ਸਰਗਰਮੀਆਂ, ਸੈਨਿਕ ਪੱਖ ਆਦਿ ਦੀ ਸਹੀ ਪੇਸ਼ਕਾਰੀ ਕਰ ਸਕੇ। ਇਸ ਬਿਰਤਾਂਤ ਦਾ ਸਵਾਲ ਬੰਗਲਾਦੇਸ਼ ਦੀ ਕੌਮੀ ਸ਼ਨਾਖਤ ਨਾਲ ਜੁੜਿਆ ਹੋਣ ਕਰਕੇ ਇਸ ਦੇ ਨਿਰਣੇ ਵਿਵਾਦ-ਗ੍ਰਸਤ ਰਹਿਣਗੇ। ਇਹ ਵੀ ਸੰਭਵ ਹੋ ਸਕਦਾ ਹੈ ਕਿ ਪਹਿਲਾਂ ਪੁੱਜੇ ਨਿਰਣਿਆਂ ਵਿੱਚ ਚੋਖੀ ਤਰਮੀਮ ਜਾਂ ਮੁੱਢੋਂ ਰੱਦ ਕਰ ਦੇਣ ਦਾ ਅਮਲ ਵੀ ਅਪਣਾਇਆ ਜਾ ਸਕਦਾ ਹੈ। ਮਸਲਨ, ਸਾਡੇ ਆਪਣੇ ਦੇਸ਼ ਵਿੱਚ ਐਨ.ਡੀ.ਏ. ਦੀ ਸਰਕਾਰ ਵੱਲੋਂ ਪਾਠ-ਪੁਸਤਕਾਂ ਰੱਦ ਕਰ ਦੇਣ ਜਾਂ ਬਦਲ ਦੇਣ ਦੀ ਕਵਾਇਦ ਕੀਤੀ ਜਾ ਚੁੱਕੀ ਹੈ। ਸੰਨ 2004 ਵਿੱਚ ਯੂ.ਪੀ.ਏ. ਦੀ ਪਹਿਲੀ ਸਰਕਾਰ ਨੇ ਨਵੇਂ ਮਾਨਦੰਡਾਂ ਉੱਪਰ ਅਧਾਰਤ ਪਾਠ-ਪੁਸਤਕਾਂ ਤਿਆਰ ਕਰਵਾਈਆਂ। ਹੁਣੇ ਹੀ ਸੰਨ 2012 ਵਿੱਚ ਸੰਸਦ ਮੈਂਬਰਾਂ ਦੇ ਕਾਰਟੂਨਾਂ ’ਤੇ ਉਠਾਏ ਮੰਦਭਾਗੇ ਸ਼ੋਰ-ਸ਼ਰਾਬੇ ਨਾਲ ਇਹ ਸਾਰੀਆਂ ਪਾਠ-ਪੁਸਤਕਾਂ ਮੁੜ ਤੋਂ ਖ਼ਤਰੇ ਵਿੱਚ ਹਨ। ਪੰਜਾਬ ਵਿੱਚ 80ਵਿਆਂ ਅਤੇ 90ਵਿਆਂ ਦਾ ਦਹਾਕਾ ਵੀ ਅਜਿਹੀ ਵਿਵਾਦਗ੍ਰਸਤ ਵਿਰਾਸਤ ਦੇ ਕਈ ਪਾਸਾਰਾਂ ਦੀ ਨਿਸ਼ਾਨਦੇਹੀ ਉਡੀਕ ਰਿਹਾ ਹੈ।
ਕੋਈ ਵੀ ਸਮਾਜ ਆਪਣੇ ਸੰਕਟਾਂ ਨਾਲ ਕਿਹੋ ਜਿਹੀ ਸਮਰੱਥਾ ਨਾਲ ਮੁੱਠਭੇੜ ਕਰਦਾ ਹੈ, ਉਸ ਕੋਲ ਕਿਹੜੀਆਂ ਬੌਧਿਕ ਪਰੰਪਰਾਵਾਂ ਹਨ, ਕਿਹੋ ਜਿਹੀਆਂ ਸੰਸਥਾਵਾਂ ਹਨ ਅਤੇ ਸਵਾਲ ਖੜ੍ਹੇ ਕਰਨ ਦੀ ਨੈਤਿਕਤਾ, ਗਹਿਰਾਈ ਅਤੇ ਨਿਭਾਅ, ਕਿਤੇ ਨਾ ਕਿਤੇ ਅਜਿਹੇ ਵਿਵਾਦਾਂ ਜਾਂ ਦੌਰਾਂ ਦੇ ਵਿਰਾਸਤੀ ਫ਼ੈਸਲੇ ਕਰਦਿਆਂ ਸਮਾਜ ਆਪਣੀ ਹਕੀਕਤ ਬਿਆਨ ਕਰ ਜਾਂਦਾ ਹੈ। ਮਸਲਨ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਨੀਲਾ ਤਾਰਾ ਸਬੰਧੀ ਯਾਦਗਾਰ ਦਾ ਮਸਲਾ ਸਾਡੇ ਸਾਹਮਣੇ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਇਸ ਦੀ ਉਸਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਫ਼ੈਸਲਾ ਹੋਇਆ ਹੈ ਕਿ ਇਹ ਯਾਦਗਾਰ ਇੱਕ ਗੁਰਦੁਆਰੇ ਦੇ ਰੂਪ ਵਿੱਚ ਅਕਾਲ ਤਖ਼ਤ ਤੋਂ ਥੋੜ੍ਹਾ ਹਟ ਕੇ ਤਾਮੀਰ ਕੀਤੀ ਜਾਵੇਗੀ। ਹੋ ਸਕਦਾ ਹੈ ਕਿ ਇੱਕ ਮੁੱਖ ਸੱਤਾਧਾਰੀ ਧਿਰ ਦੀ ਪਰਦੇ-ਪਿੱਛੋਂ ਇਮਦਾਦ ਨਾਲ ਦਮਦਮੀ ਟਕਸਾਲ ਨੂੰ ਮਾਨਤਾ ਪ੍ਰਪੱਕ ਹੋ ਗਈ ਹੈ। ਨਾਲ ਹੀ ਕਿਸੇ ‘ਅਵੈੜੇ’ ਜਾਂ ‘ਗੈਰ-ਮਨਜ਼ੂਰਸ਼ੁਦਾ’ ਇਤਿਹਾਸਕ ਬਿਰਤਾਂਤ ਤੋਂ ਬਚਣ ਲਈ, ਇਸ ਨੂੰ ਗੁਰਦੁਆਰੇ ਵਜੋਂ ਚਿਤਵਣ ਦੇ ਅਮਲ ਨੂੰ ਸਹਿਜੇ ਹੀ ਇਸ ਧਿਰ ਦੀ ਨੀਤੀਗਤ ਕੁਸ਼ਲਤਾ ਵਜੋਂ ਲਿਆ ਜਾ ਸਕਦਾ ਹੈ। ਸਾਕਾ ਨੀਲਾ ਤਾਰਾ ਅਤੇ ਇਸ ਦੇ ਨਾਲ ਜੁੜੇ ਮਸਲੇ ਗੁਰਦੁਆਰੇ ਦੀ ਸ਼ਰਧਾ-ਮਰਿਆਦਾ ਵਿੱਚ ਸ਼ਾਇਦ ਕਿਸੇ ਹੱਦ ਤਕ ਸੰਵੇਦਨਾ ਨੂੰ ਜ਼ਹਿਰੀ ਹੋਣ ਤੋਂ ਬਚਾ ਜਾਣ ਪਰ ਇਸ ਦੇ ਸਮਾਜਕ-ਸਭਿਆਚਾਰਕ ਪਹਿਲੂਆਂ ਦੀ ਜ਼ਿੰਮੇਵਾਰ ਪੜਚੋਲ, ਆਪਾ-ਚੀਨਣ ਦਾ ਹੌਸਲਾ ਅਤੇ ਇਨਸਾਫ਼-ਪਸੰਦਗੀ ਦਾ ਤਕਾਜ਼ਾ ਸ਼ਾਇਦ ਹਾਸਲ ਨਾ ਕੀਤਾ ਜਾ ਸਕੇ। ਇਸ ਯਾਦਗਾਰ ਦੇ ਬਹਾਨੇ ਇਹ ਸਾਰੇ ਪੰਜਾਬੀਆਂ ਦੇ ਸੋਚਣ-ਵਿਚਾਰਨ ਅਤੇ ਉਨ੍ਹਾਂ ਦੀ ਚਿੰਤਨ-ਪ੍ਰੋੜਤਾ ਦੀ ਪਰਖ ਦਾ ਮੁਕਾਮ ਹੈ।
ਪੰਜਾਬੀ ਸਮਾਜ ਗੌਰ ਕਰੇ ਕਿ ਇਸ ਸਾਕੇ ਦੀ ਦਾਸਤਾਨ ਲਈ ਤਾਂ ਗੁਰਦੁਆਰਾ ਤਜਵੀਜ਼ ਕੀਤਾ ਜਾ ਰਿਹਾ ਹੈ ਪਰ ਇਤਿਹਾਸਕ ਵਰਤਾਰਿਆਂ ਲਈ ਵਿਸ਼ੇਸ਼ ਖਰਚੇ, ਆਧੁਨਿਕ ਤਕਨੀਕ, ਸੰਕਲਪਾਂ ਅਤੇ ਪ੍ਰਬੰਧਨ ਭਰਪੂਰ ਯਾਦਗਾਰਾਂ ਉਸਾਰੀਆਂ ਜਾ ਰਹੀਆਂ ਹਨ। ਆਨੰਦਪੁਰ ਸਾਹਿਬ ਵਿੱਚ ਖ਼ਾਲਸੇ ਦੀ ਸਿਰਜਣਾ ਦਾ ਕੇਂਦਰ ਤਖ਼ਤ ਕੇਸਗੜ੍ਹ ਸਾਹਿਬ ਦਾ ਗੁਰਦੁਆਰਾ ਮੌਜੂਦ ਹੈ ਪਰ ਉਸ ਤੋਂ ਰਤਾ ਕੁ ਦੂਰ ਬਣੇ ਖ਼ਾਲਸਾ ਵਿਰਾਸਤੀ ਕੰਪਲੈਕਸ ਦੀ ਛੱਤ ਇਸ ਕਾਟਵੇਂ ਰੁਖ਼ ਹੈ ਕਿ ਸੂਰਜ ਅਤੇ ਚੰਦ ਦੀ ਰੌਸ਼ਨੀ ਨੂੰ ਪਰਿਵਰਤਤ ਕਰਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਗੁੰਬਦ ’ਤੇ ਸੁੱਟੇ। ਅਰਥ ਹੈ ਕਿ ਖ਼ਾਲਸੇ ਦੀ ਸਿਰਜਣਾ ਨੂੰ ਵਿਰਾਸਤੀ ਕੰਪਲੈਕਸ ਦੇ ਅਨੁਭਵ ਵਿੱਚੋਂ ਗੁਜ਼ਰ ਕੇ ਇਸ ਤਖ਼ਤ ਦੀ ਮਹਿਮਾ ਨੂੰ ਬਿਹਤਰ ਜਾਣਿਆ ਜਾ ਸਕਦਾ ਹੈ। ਇਸ ਅਜਾਇਬ ਘਰ ਜਾਂ ‘ਅਜੂਬੇ’ ਦੇ ਇਸ ਅਰਥ ਨੂੰ ਚਾਹੇ ਰੱਦ ਕੀਤਾ ਜਾ ਸਕਦਾ ਹੈ ਕਿ ਸਾਨੂੰ ਖ਼ਾਲਸੇ ਦੀ ਮਹਿਮਾ ਲਈ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ ਪਰ ਜੇ ਇਹ ਅਜੂਬਾ ਸਾਡੇ ਅਨੁਭਵ ਨੂੰ ਬਹੁ-ਪਰਤੀ ਬਣਾਉਂਦਾ ਹੋਵੇ, ਜਗਿਆਸਾ ਤੋਂ ਸ਼ੁਰੂ ਹੋ ਕੇ ਸਾਡੇ ਇਤਿਹਾਸ-ਬੋਧ ਤਕ ਪਹੁੰਚਦਾ ਹੋਵੇ, ਕੋਈ ਅੰਤਿਮ ਬਿਰਤਾਂਤ ਨਾ ਹੋ ਕੇ ਵੀ ਇਤਿਹਾਸਕ ਵਰਤਾਰੇ ਦਾ ਜ਼ਿਕਰਯੋਗ ਬਿਰਤਾਂਤ ਦਿੰਦਾ ਹੋਵੇ ਤਾਂ ਇਹ ਕਿਸੇ ਹੱਦ ਤਕ ਸਵਾਲਾਂ ਅਤੇ ਖ਼ਦਸ਼ਿਆਂ ਨੂੰ ਖੋਰ ਦੇਣ ਵਾਲੀ ਸ਼ਰਧਾ ਦਾ ਟਾਕਰਾ ਵੀ ਕਰਦਾ ਹੈ।
ਦੂਜੇ ਪਾਸੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਸ ਅਜੂਬੇ ਵਿੱਚ ਵਿਸ਼ਲੇਸ਼ਣੀ ਜੁਗਤ ਨਾਲ ਪੰਜਾਬੀਆਂ ਦੀ ਪਛਾਣ ਕਰਾਉਣ ਦੀ ਥਾਂ ਉਤਸਵੀ ਸੁਰ ਦਾ ਬੋਲ-ਬਾਲਾ ਹੈ। ਗੰਭੀਰ ਸਵਾਲਾਂ ਤੋਂ ਟਾਲਾ ਵੱਟਿਆ ਗਿਆ ਹੈ ਜਾਂ ਮੌਨ ਧਾਰਿਆ ਗਿਆ ਹੈ, ਕਿ ਇਹ ਸ਼ਰਧਾ ਦਾ ਇੱਕੀਵੀਂ ਸਦੀ ਵਿੱਚ ਮਲਟੀਮੀਡੀਆ ਭਰਪੂਰ ਨਵੀਨ ਪੇਸ਼ਕਾਰੀ ਹੈ। ਇਸ ਵਰਤਾਰੇ ਦੀ ਵਿਲੱਖਣ ਮਿਸਾਲ ਇਹ ਹੈ ਕਿ ਨਿਰੋਲ ਤਕਨੀਕੀ ਅਤੇ ਆਰਥਿਕ ਸਾਧਨਾਂ ਨਾਲ ਓਤਪੋਤ ਹੋਣ ਦੇ ਬਾਵਜੂਦ ਮੁੱਢਲੇ ਸਿੱਖ-ਇਤਿਹਾਸ ਦੇ ਕਿਸੇ ਪ੍ਰਚਲਿਤ-ਪ੍ਰਵਾਨਤ ਬਿਰਤਾਂਤ ਤੋਂ ਲਾਂਭੇ ਵੀ ਨਹੀਂ ਹੋਇਆ ਗਿਆ ਅਤੇ ਵਾਹ-ਲਗਦੀ ਇਸੇ ਬਿਰਤਾਂਤ ਨੂੰ ਅਕਾਦਮਿਕ ਕੁਸ਼ਲਤਾ ਦਾ ਜਾਮਾ ਵੀ ਪੁਆਇਆ ਗਿਆ ਹੈ। ਪੰਜਾਬੀਆਂ ਦੀ ਆਲੋਚਨਾਤਮਕ ਬਿਰਤੀ ਨੂੰ ਖੁੰਢਾ ਕਰਦਿਆਂ, ਪ੍ਰਸ਼ਨਾਤਮਕ ਸੰਵੇਦਨਾ ਨੂੰ ਖੋਰਦਿਆਂ, ਪ੍ਰਦਰਸ਼ਨੀ ਦੇ ਮਾਧਿਅਮ ਰਾਹੀਂ ਦਰਅਸਲ ਰਵਾਇਤੀ ਬਿਰਤਾਂਤ ਨੂੰ ਹੀ ਦ੍ਰਿੜਾਇਆ ਗਿਆ ਹੈ। ਇਨ੍ਹਾਂ ਸਵਾਲਾਂ ਦੀ ਪੜਚੋਲ ਰਾਹੀਂ ਹੀ ਅਸੀਂ ਆਪਣੇ ਇਤਿਹਾਸ-ਬੋਧ ਨੂੰ ਆਪਣੇ ਦੌਰ ਦੀਆਂ ਚੁਣੌਤੀਆਂ ਦੇ ਹਾਣ ਦਾ ਕਰ ਸਕਦੇ ਹਾਂ।
ਸਵਾਲ ਜਾਇਜ਼ ਹੈ ਕਿ ਖ਼ਾਲਸਾ ਸਾਜਣ ਤਕ ਦੇ ਇਤਿਹਾਸ ਨੂੰ ਬਾਕਾਇਦਾ ਤਿਆਰੀ ਨਾਲ ਤੇਜ਼ਧਾਰ, ਮਲਟੀਮੀਡੀਆ ਦੇ ਸਾਧਨ ਰਾਹੀਂ ਆਧੁਨਿਕਤਾ ਨਾਲ ਬਰ ਮੇਚਣ ਦੀ ਕੋਸ਼ਿਸ਼ ਵਜੋਂ ਲਿਆ ਗਿਆ ਹੈ, ਜਦੋਂਕਿ ਸਾਡੇ ਨੇੜੇ ਵਾਪਰੇ ਸਾਕਾ ਨੀਲਾ ਤਾਰਾ ਦੇ ਨਾਲ ਜੁੜੇ ਅੰਮ੍ਰਿਤਸਰ ਵਾਸੀਆਂ ਦੇ ਹੱਡਬੀਤੇ ਅਨੁਭਵਾਂ ਦੀ ਗ਼ੈਰ-ਹਾਜ਼ਰੀ ਅਤੇ ਪੰਜਾਬੀ ਇਤਿਹਾਸ ਦੀਆਂ ਪ੍ਰਕਿਰਿਆਵਾਂ ਨੂੰ ਹੂੰਝ ਕੇ ਸ਼ਰਧਾ ਦੇ ਚੰਦੋਏ ਨਾਲ ਢਕਣ ਦੀ ਕਾਰਵਾਈ ਚੱਲ ਰਹੀ ਹੈ।
ਕਿਸੇ ਢੁੱਕਵੀਂ ਯਾਦਗਾਰ ਲਈ ਜਨਤਕ ਬਹਿਸ ਨੂੰ ਸੱਦਾ ਦੇਣਾ; ਢੁੱਕਵੇਂ ਸੰਕਲਪਾਂ, ਇਨਸਾਫ਼-ਪਸੰਦਗੀ ਦਾ ਪੈਮਾਨਾ, ਵੰਨ-ਸੁਵੰਨਤਾ ਦੇ ਆਦਰਸ਼, ਨੈਤਿਕ ਪਹਿਲਕਦਮੀ ਅਤੇ ਖੁੱਲ੍ਹ-ਦਿਲੀ ਨਾਲ ਇਸ ਨੂੰ ਵਿਚਾਰਨ ਦਾ ਮੌਕਾ, ਜਨਤਕ ਪ੍ਰਕਿਰਿਆ ਰਾਹੀਂ ਸਾਕਾ ਨੀਲਾ ਤਾਰਾ ਦੀ ਯਾਦਗਾਰ ਇਸ ਡੂੰਘੇ ਜ਼ਖ਼ਮ ਦੇ ਇਲਾਜ ਲਈ ਜ਼ਮੀਨ ਹਮਵਾਰ ਕਰ ਸਕਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤਸਾਜ਼ੀ, ਸੰਗੀਤ ਅਤੇ ਸਰੋਵਰ, ਲੰਗਰ, ਚਹੁੰਕੂੰਟੀ ਖੁੱਲ੍ਹੇ ਦਰਵਾਜ਼ੇ ਅਜਿਹੀ ਪ੍ਰਕਿਰਿਆ ਦੇ ਗਵਾਹ ਹਨ। ਇਹ ਪੰਜਾਬੀ ਸਮਾਜ ਦੇ ਵਿਵੇਕ ਦਾ ਵੀ ਸਵਾਲ ਹੈ ਕਿ ਉਹ ਕਿਸ ਜਿਗਰੇ ਨਾਲ ਆਪਣੇ ਜਟਿਲ ਸਵਾਲ ਨਜਿੱਠ ਸਕਦਾ ਹੈ? ਅਕਸਰ ਹੀ ਕਿਸੇ ਦੌਰ ਬਾਰੇ ਚੱਲੀ ਬਹਿਸ ਹੀ ਉਸ ਦੌਰ ਦੀ ਢੁੱਕਵੀਂ ਯਾਦਗਾਰ ਵੀ ਹੋ ਜਾਂਦੀ ਹੈ।
ਇਸ ਤੋਂ ਅਗਲਾ ਸਵਾਲ ਸਾਡੀਆਂ ਬੌਧਿਕ ਪਰੰਪਰਾਵਾਂ ਅਤੇ ਸੰਸਥਾਈ ਗਿਆਨ ਨਾਲ ਜੁੜੀਆਂ ਉੱਚ ਸਿੱਖਿਆ ਸੰਸਥਾਵਾਂ ਦੇ ਚਰਿੱਤਰ ਬਾਰੇ ਹੈ। ਪੰਜਾਬ ਵਿੱਚ ਸਮਾਜਿਕ ਵਿਗਿਆਨਾਂ ਦੀ ਪੜ੍ਹਾਈ ਅਤੇ ਖੋਜ ਪਤਾਲੀਂ ਗਰਕ ਚੁੱਕੀ ਹੈ। ਸਾਡੇ ਗਿਆਨਬੋਧ ਅਤੇ ਸਮਾਜਿਕ ਵਿਵੇਕ ਡੋਲਨ ਦੀ ਪ੍ਰਕਿਰਿਆ ਨੂੰ ਸਿਉਂਕ ਲੱਗੀ ਹੋਈ ਹੈ। ਕੌਮੀ ਪੱਧਰ ’ਤੇ ਵੀ ਖ਼ਬਰ ਹੈ ਕਿ ਨਵੀਆਂ ਖੁੱਲ੍ਹ ਰਹੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਇਤਿਹਾਸ ਦੇ ਵਿਸ਼ੇ ਨੂੰ ਹਟਾ ਕੇ ਇਸ ਦੇ ਵਿਹਾਰਕ ਪੱਖਾਂ ’ਤੇ ਜ਼ੋਰ ਦਿੱਤਾ ਜਾਵੇਗਾ ਪਰ ਇਤਿਹਾਸ-ਬੋਧ ਤੋਂ ਵਿਰਵੀ ਵਿਹਾਰਕਤਾ ਕਿੰਨੀ ਕੁ ਸਹੁੰਢਣੀ ਹੋਵੇਗੀ? ਕੀ ਸਿਰਫ਼ ਸੈਰ-ਸਪਾਟਾ ਉਦਯੋਗ ਲਈ ਜ਼ਰੂਰੀ ਗਾਈਡ, ਪ੍ਰਦਰਸ਼ਨੀਕਾਰ ਜਾਂ ਮੈਨੇਜਰ ਹੀ ਹੁਣ ਸਾਡੇ ਵਿਵੇਕ ਦੇ ਪਹਿਰੇਦਾਰ ਹੋਣਗੇ? ਉਚੇਰੀ ਸਿੱਖਿਆ ਨੂੰ ਇਉਂ ਰੁਜ਼ਗਾਰਵਾਦ ਤਕ ਬੰਨ੍ਹ ਲੈਣਾ ਦਰਅਸਲ ਉਚੇਰੀ ਸਿੱਖਿਆ ਦਾ ਹੀ ਨਿਖੇਧ ਹੈ। ਨਿਰੋਲ ਤਕਨੀਕੀ, ਮੈਨੇਜਮੈਂਟ ਜਾਂ ਵਿਹਾਰਕ ਵਿਸ਼ਿਆਂ ਆਸਰੇ ਕਿਸੇ ਵੀ ਸਮਾਜ ਦੀ ਸਰਬਪੱਖੀ ਤੇ ਪਾਏਦਾਰ ਤਰੱਕੀ ਦੇ ਦਾਅਵੇ 1960ਵਿਆਂ ਦੇ ਹਰੇ ਇਨਕਲਾਬ ਤੋਂ ਤੁਰ ਕੇ ਦੁਰਸੁਪਨੇ ਤੋਂ ਵੀ ਅਗਾਂਹ ਸਰਬਾਂਗੀ ਤ੍ਰਾਸਦੀ ਤਕ ਜਾ ਚੁੱਕੇ ਹਨ। ਸਾਡੇ ਹਰੇ ਇਨਕਲਾਬੀ ਅਤਿਵਾਦ ਅਤੇ ਇੰਤਹਾਪਸੰਦ ਤਰੱਕੀ ਦੇ ਤਰਕ ਦਾ ਸ਼ਿਕਾਰ ਹੋਈਆਂ ਮੁਸ਼ੱਕਤੀ, ਕਿਰਤੀ ਜਿੰਦਾਂ ਦੇ ਸਾਕੇ ਦੀ ਯਾਦਗਾਰ ਕਿੱਥੇ ਬਣੇ? ਕੌਣ ਬਣਾਏਗਾ? ਇਸ ਦਾ ਦੋਸ਼ੀ ਕੌਣ ਹੈ? ਇਨ੍ਹਾਂ ਸਵਾਲਾਂ ਨਾਲ ਕਿਤੇ ਗਹਿਰੇ ਮਸਲੇ ਸਾਡੇ ਸਾਹਮਣੇ ਆਉਂਦੇ ਹਨ। ਪੰਜਾਬ ਦਾ ਅਸਲੀ ਸਾਕਾ ਆਪਣੀ ਹੀ ਹੋਣੀ ਦੇ ਪਾਸਾਰਾਂ ਬਾਬਤ ਵਿਵੇਕੀ ਸੰਸਾਰ ਨਾ ਸਿਰਜ ਸਕਣ ਦਾ ਹੈ।
ਜ਼ਾਹਰ ਹੈ ਕਿ ਇਨ੍ਹਾਂ ਮਸਲਿਆਂ ਨਾਲ ਜਿਹੜੇ ਸਮਾਜ ਵਿਗਿਆਨੀ ਦਸਤਪੰਜਾ ਲੈ ਰਹੇ ਹਨ ਉਨ੍ਹਾਂ ਦੀ ਗਿਣਤੀ ਥੋੜ੍ਹੀ ਹੈ; ਉਨ੍ਹਾਂ ਦੇ ਕੰਮ ਬਾਰੇ ਸਾਡੀ ਵਾਕਫ਼ੀਅਤ ਨਾਂਹ ਦੇ ਬਰਾਬਰ ਹੈ; ਉਨ੍ਹਾਂ ਦਾ ਕੰਮ ਸਾਡੀ ਸੰਵੇਦਨਾ ਦੇ ਉਚੇਰੇ ਮੰਡਲਾਂ ਤੋਂ ਬਹੁਤ ਹੇਠਾਂ ਹੈ; ਸਾਡੀ ਦਾਰਸ਼ਨਿਕ ਗਹਿਰਾਈ ਦੇ ਮੇਚ ਦੀ ਤ੍ਰਾਸਦੀ ਇਹ ਨਹੀਂ ਹੈ। ਇਸ ਖਲਾਅ ਵਿੱਚ ਕਈ ਲੋਕ ਆਪਣੇ ਜ਼ਹਿਰੀਲੇ ਔਜ਼ਾਰਾਂ ਨਾਲ ਸਾਡੇ ਮਰਜ਼ ਦਾ ‘ਸ਼ਰਤੀਆ ਇਲਾਜ’ ਕਰਨ ਦਾ ਹੋਕਾ ਦਿੰਦੇ ਫਿਰਦੇ ਹਨ। ਦੇਸੀ ਵੈਦਾਂ ਦੀ ਤਰਜ਼ ’ਤੇ ‘ਗ਼ੁਲਾਮੀ ਤੋਂ ਛੁੱਟਣ’ ਅਤੇ ‘ਅਣਚਿਤਵੇ ਕਹਿਰ ਦਾ ਤੋੜ, ਭਰਾ ਮਾਰੂ ਜ਼ਹਿਰ’ ਦਾ ਨੁਸਖਾ, ਜੋ ਉਨ੍ਹਾਂ ਲੰਮੀ ਸਾਧਨਾ ਮਗਰੋਂ ਹਾਸਲ ਕੀਤਾ ਹੈ-ਉਸ ਦੀ ਡੱਗੀ ਲਾਈ ਫਿਰਦੇ ਹਨ। ਅਜਿਹਾ ਦਾਅਵਾ ਕਰਨਾ ਕਿਸੇ ਦਾ ਵੀ ਹੱਕ ਹੈ, ਮੇਰਾ ਇਸ਼ਾਰਾ ਵਿਵੇਕੀ ਵਿਸ਼ਲੇਸ਼ਣ, ਸਮਾਜ ਵਿਗਿਆਨੀ ਵਿਧੀਆਂ ਅਤੇ ਇਤਿਹਾਸ ਬੋਧ ਦੇ ਗਾਇਬ ਹੋਣ ਨਾਲ ਵਾਪਰਨ ਵਾਲੀ ਹੋਣੀ ਵੱਲ ਹੈ। ਅਜਿਹੇ ਮਾਹੌਲ ਵਿੱਚ ਸ਼ੋਖ ਸ਼ਬਦਾਵਲੀ, ਮਸਾਲੇਦਾਰ ਵਿਸ਼ਲੇਸ਼ਣ ਅਤੇ ਤੱਤ ਫੱਟ ਉਪਾਅ ਲੋਕਾਂ ਸਾਹਮਣੇ ਪਰੋਸੇ ਜਾਂਦੇ ਹਨ। ਨਵ-ਉਦਾਰ ਆਰਥਿਕ ਪ੍ਰਬੰਧ ਦੀਆਂ ਨੀਹਾਂ ਉੱਪਰ ਸਿਰਫ਼ ਤਕਨੀਕੀ, ਮੈਨੇਜਮੈਂਟ, ਵਣਜ ਵਪਾਰ ਦਾ ਉਸਾਰਿਆ ਸਮਾਜਚਾਰਾ ਆਪਣੀ ਭਾਵਨਾਤਮਕ ਸੱਖਣ ਨੂੰ ਤੱਤ ਫੱਟ ਧਾਰਮਿਕਤਾ ਨਾਲ ਭਰਦਾ ਹੈ। ਗੁਜਰਾਤ ਇਸ ਵਰਤਾਰੇ ਦੀ ਮਿਸਾਲ ਹੈ ਅਤੇ ਪੰਜਾਬ ਛੋਹਲੇ ਪੈਰੀਂ ਉਸੇ ਮੰਜ਼ਿਲ ਵੱਲ ਧਾਈ ਕਰ ਰਿਹਾ ਹੈ।
ਕਿਸੇ ਵੀ ਵਿਰਾਸਤ ਦਾ ਸਬੰਧ ਸ਼ਨਾਖਤ ਦੀ ਨਿਸ਼ਾਨਦੇਹੀ ਨਾਲ ਹੈ ਜਦੋਂ ਕਿ ਇਤਿਹਾਸ ਬੀਤੇ ਨੂੰ ਸਮਝਣ ਦਾ ਇੱਕ ਉਪਰਾਲਾ ਹੈ। ਇਹ ਜਟਿਲ, ਅਣਸੁਖਾਵੇਂ ਸਵਾਲ ਉਘਾੜ ਦਿੰਦਾ ਹੈ ਅਤੇ ‘ਵਿਰਾਸਤੀਕਰਨ’ ਤੋਂ ਚੱਲ ਕੇ ਸ਼ਨਾਖਤਸਾਜ਼ੀ ਦੇ ‘ਸੁਹਾਨੇ ਸਫ਼ਰ’ (ਉਤਸਵੀ ਸੁਰ) ਅਤੇ ‘ਮੌਸਮ ਹਸੀ’ (ਮਲਟੀਮੀਡੀਆ ਅਨੁਭਵ) ਦੇ ਸਾਹਮਣੇ ਸ਼ੀਸ਼ਾ ਲਿਆ ਖੜ੍ਹਾ ਕਰਦਾ ਹੈ। ਸਮਾਂ ਹੈ ਕਿ ਪੰਜਾਬੀ ਸਮਾਜ ਆਪਣੇ ਵਿਵੇਕ ਅਤੇ ਵਿਸ਼ਲੇਸ਼ਣ ਦੇ ਸੱਖਣੇਪਣ ਬਾਰੇ ਗੰਭੀਰਤਾ ਨਾਲ ਸੋਚੇ। ਆਪਣੀਆਂ ਉੱਚ ਸਿੱਖਿਆ ਸੰਸਥਾਵਾਂ ਦੇ ਪੰਜਾਬੀ ਸੰਕਟਾਂ ਨਾਲ ਰਿਸ਼ਤੇ ਬਾਬਤ ਪਹਿਲਕਦਮੀ ਦਿਖਾਵੇ। ਸਿਰਫ਼ ਯਾਦਗਾਰਾਂ ਹੀ ਨਹੀਂ, ਸਗੋਂ ਆਪਣੇ ਇਤਿਹਾਸਕ ਬੋਧ ਦੀ ਉਸਾਰੀ ਬਾਰੇ ਸ਼ਿੱਦਤ, ਸੰਵੇਦਨਾ ਅਤੇ ਸੰਵਾਦ ਦੇ ਅਭਿਆਸ ਨੂੰ ਕਿਰਿਆਸ਼ੀਲ ਕੀਤਾ ਜਾਵੇ। ਇਸੇ ਅਮਲ ਵਿੱਚੋਂ ਹੀ ਅਸੀਂ ਆਪਣੇ ਜਸ਼ਨਾਂ ਅਤੇ ਸਾਕਿਆਂ ਨਾਲ ਇਨਸਾਫ਼ ਕਰ ਸਕਾਂਗੇ।

