25 ਮਾਰਚ, 2012 ਨੂੰ ਪੰਜਾਬੀ ਭਵਨ , ਲੁਧਿਆਣਾ ਵਿਖੇ ‘ਪੰਜਾਬੀ ਰੰਗਮੰਚ ਦੇ ਸੌ ਵਰ੍ਹਿਆਂ ਦੇ ਸੰਦਰਭ ਵਿੱਚ ਸੰਤੋਖ ਸੁਖਾਣਾ ਅਤੇ ਸੋਮਪਾਲ ਹੀਰਾ ਦੇ ਉਦਮਾਂ ਸਦਕਾ ਇੱਕ ਪੰਜਾਬ ਪੱਧਰ ਦਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸਦੀ ਵਿਸਤ੍ਰਿਤ ਰਿਪੋਰਟ ‘ਮੰਚਣ ਪੰਜਾਬ’ ਦੇ ਪਿਛਲੇ ਅੰਕ ਵਿੱਚ ਪ੍ਰਕਾਸ਼ਿਤ ਹੋਈ ਸੀ। ਸੈਮੀਨਾਰ ਸਫ਼ਲ ਰਿਹਾ ਪਰ ਕੁਝ ਮਸਲੇ ਵੀ ਉੱਭਰ ਕੇ ਸਾਹਮਣੇ ਆਏ। ਮੇਰੀ ਬੇਨਤੀ ਹੈ ਕਿ ਮੇਰੇ ਨਾਲ ਜੋ ਰੰਗਕਰਮੀ ਇਸ ਸੈਮੀਨਾਰ ਵਿੱਚ ਸ਼ਾਮਿਲ ਸਨ, ਇਨ੍ਹਾਂ ਮਸਲਿਆਂ ਬਾਰੇ ਵਿਚਾਰ ਕਰਨ।ਸਭ ਤੋਂ ਪਹਿਲੀ ਗੱਲ ਜੋ ਮੈਨੂੰ ਰੜਕੀ ਉਹ ਇਹ ਹੈ ਕਿ ਇਕਬਾਲ ਮਾਹਲ ਮਾਹਲ ਹੁਰਾਂ ਨੇ ਆਪਣੀ ਸਟੇਟਮੈਂਟ ਵਿੱਚ ਕਿਹਾ ਕਿ ‘ਪੰਜਾਬੀ ਰੰਗਮੰਚ ਨਿਘਾਰ ਵੱਲ ਜਾ ਰਿਹਾ ਹੈ’। ਇਕਬਾਲ ਮਾਹਲ ਨੇ ਨਾ ਤਾਂ ਪੰਜਾਬੀ ਰੰਗਮੰਚ ਦੇਖਿਆ ਹੈ ਤੇ ਨਾ ਹੀ ਇਸ ਦਾ ਅਧਿਐਨ ਕੀਤਾ ਹੈ। ਫੇਰ ਉਹਨਾਂ ਨੇ ਕਿਹੜੇ ਅਧਾਰਾਂ ‘ਤੇ ਇੰਨੀ ਤਿੱਖੀ ਤੇ ਢਾਹ ਲਾਊ ਗੱਲ ਕੀਤੀ। ਕੀ ਤੁਸੀਂ ਇਕਬਾਲ ਮਾਹਲ ਨਾਲ ਸਹਿਮਤ ਹੋ ?
ਦੂਸਰਾ ਮੁੱਦਾ ਇਹ ਹੈ ਕਿ ਮੈਂ ਸੈਮੀਨਾਰ ਵਿੱਚ ਇੱਕ ਪੇਪਰ ਪੜ੍ਹਿਆ ਸੀ ਜਿਸਦਾ ਵਿਸ਼ਾ ਸੀ ‘ਸਾਹਿਤ ਵਿਧਾਵਾਂ ਦਾ ਰੰਗਮੰਚੀ ਰੂਪਾਂਤਰਨ’। ਮੈਂ ਆਪਣੇ ਪੇਪਰ ਵਿੱਚ ਇਕ ਗੱਲ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕਹੀ ਸੀ ਕਿ ਪੰਜਾਬੀ ਸਾਹਿਤ ਵਿੱਚ ਸਾਹਿਤ ਵਿਧਾਵਾਂ ਦੇ ਰੰਗਮੰਚੀ ਰੂਪਾਂਤਰਨ ਉੱਤੇ ਕਿਸੇ ਵੀ ਆਲੋਚਕ ਜਾਂ ਨਾਟਕਕਾਰ ਨੇ ਇੱਕ ਵੀ ਸਿਧਾਂਤਕ ਲਾਈਨ ਨਹੀਂ ਲਿਖੀ। ਪੇਪਰ ਉੱਤੇ ਬਹਿਸ ਕਰਦਿਆਂ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ –“ਪੰਜਾਬੀ ਸਾਹਿਤ ਵਿੱਚ ਇੱਕ ਲਾਈਨ ਤਾਂ ਕੀ ਬਲਕਿ ਪੰਜ ਹਜ਼ਾਰ ਲਾਈਨਾਂ ਮੌਜ਼ੂਦ ਹਨ, ਤੂੰ ਪੜ੍ਹੀਆਂ ਹੀ ਨਹੀਂ।” ਉਸ ਤੋਂ ਬਾਅਦ ਮੈਂ ਲਾਇਬ੍ਰੇਰੀਆਂ ਵੀ ਛਾਣੀਆਂ ਤੇ ਡਾ. ਸਤੀਸ਼ ਕੁਮਾਰ ਵਰਮਾ ਜੀ ਨੂੰ ਵੀ ਚਾਰ-ਪੰਜ ਵਾਰ ਮਿਲਿਆ ਪਰ ਕੁਝ ਵੀ ਨਹੀਂ ਮਿਲਿਆ। ਮੈਨੂੰ ਦੁੱਖ ਹੈ ਕਿ ਮੇਰੀ ਚਾਰ ਸਾਲਾਂ ਦੀ ਮਿਹਨਤ ਨਾਲ ਲਿਖੇ ਪੀ. ਐੱਚਡੀ ਦੇ ਇਸ ਖੋਜ-ਪੱਤਰ ਨੂੰ ਡਾ. ਸਤੀਸ਼ ਵਰਮਾ ਜੀ ਨੇ ਇਸ ਸਟੇਟਮੈਂਟ ਨਾਲ ਜ਼ੀਰੋ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਡਾ. ਸਤੀਸ਼ ਕੁਮਾਰ ਵਰਮਾ ਜੀ ਆਪਣੀ ਉਸ ਟਿੱਪਣੀ ਦਾ ਸਪਸ਼ਟੀਕਰਨ ਦੇਣ ਜਾਂ ਫੇਰ ਸੈਮੀਨਾਰ ਵਿੱਚ ਮੌਜੂਦ ਕੋਈ ਵੀ ਰੰਗਕਰਮੀ ਦੱਸਣ ਦੀ ਖੇਚਲ ਕਰੇ ਕਿ ਉਹ ਪੰਜ ਹਜ਼ਾਰ ਲਾਈਨਾਂ ਕਿੱਥੇ ਹਨ।
ਮੇਰਾ ਤੀਜਾ ਇਤਰਾਜ਼ ‘ਮੰਚਣ ਪੰਜਾਬ’ ਸਹਿ-ਸੰਪਾਦਕ ਜਗਦੀਪ ਸੰਧੂ ਤੇ ਹੈ ਜਿਸਨੇ ਸੋਮਪਾਲ ਦੀ ਸੋਲੋ-ਨਾਟ ਪੇਸ਼ਕਾਰੀ ‘ਕਿਹੜੀ ਸਾਡੀ ਧਰਤ ਵੇ ਲੋਕਾ’ ਉੱਤੇ ਟਿੱਪਣੀ ਕਰਦਿਆਂ ਇਹ ਲਿਖਿਆ ਕਿ ਪੇਸ਼ਕਾਰੀ ਵਿੱਚ ਰੰਗਮੰਚ ਨਹੀਂ ਸੀ।ਮੇਰੀ ਨਿਮਰ ਬੇਨਤੀ ਹੈ ਕਿ ਸੰਧੂ ਇਹ ਦੱਸਣ ਦੀ ਖੇਚਲ ਕਰੇ ਕਿ ਇਸ ਨਾਟਕ ਦਾ ਰੀਵਿਊ ਲਿਖਣ ਵੇਲੇ ਉਸਦੇ ਸਾਹਮਣੇ ਪੰਜਾਬੀ, ਹਿੰਦੁਸਤਾਨੀ ਜਾਂ ਦੁਨੀਆ ਦਾ ਕਿਹੜਾ ਸੋਲੋ ਨਾਟਕ ਸੀ, ਜਿਸਨੂੰ ਰੋਲ ਮਾਡਲ ਮੰਨ ਕੇ ਸੋਮਪਾਲ ਦੇ ਨਾਟਕ ਦੀ ਪੇਸ਼ਕਾਰੀ ਉੱਤੇ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ? ਉਹ ਲਿਖਦਾ ਹੈ ਕਿ ਨਾਟਕ ਹਰ ਤਿੰਨ ਮਿੰਟ ਬਾਅਦ ਭਾਵੁਕ ਕਰ ਦਿੰਦਾ ਸੀ। ਸੋਮਪਾਲ ਨੇ ਤਾਂ ਨਾਟਕ ਉਵੇਂ ਕੀਤਾ ਜਿਵੇਂ ਨਿੰਦਰ ਗਿੱਲ ਨੇ ਲਿਖਿਆ ਸੀ, ਜਦੋਂ ਮੁੱਖ ਪਾਤਰ ਦਾ ਜੀਵਨ ਹੀ ਦੁਖਾਂਤ ਭਰਿਆ ਸੀ ਤਾਂ ਹਰ ਦੋ ਤਿੰਨ ਮਿੰਟ ਬਾਅਦ ਦੁਖਾਂਤ ਆਉਣਾ ਹੀ ਸੀ। ਉਹ ਫੇਰ ਲਿਖਦਾ ਹੈ, ਨਾਟਕ ਭਾਵੁਕ ਸੀ ਪਰ ਸੋਮਪਾਲ ਨੇ (ਫ਼ੀਲ) ਅਹਿਸਾਸ ਨਹੀਂ ਮਰਨ ਦਿੱਤਾ। ਹੁਣ ਭਾਵੁਕਤਾ, (ਫੀਲ) ਅਹਿਸਾਸ ਇਹ ਵੱਖ ਚੀਜ਼ਾਂ ਹਨ ! ਜਗਦੀਪ ਸੰਧੂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ।