ਕੁਝ ਕਲਾ ਕ੍ਰਿਤਾਂ ਬੁੱਧੀਮਤਾ ਦਾ ਪ੍ਰਮਾਣ ਹੋ ਨਿਬੜਦੀਆਂ ਹਨ । ਕਿਰਿਆਤਮਕ ਲੋਕਾਂ ਕੋਲ ਦਿਬਦ੍ਰਿਸ਼ਟੀ ਹੁੰਦੀ ਹੈ ।ਇੱਕ ਅਸਧਾਰਨ ਦ੍ਰਿਸ਼ਟੀ ਜੋ ਸਮੇਂ ਦੇ ਗਰਭ ਵਿੱਚ ਤੱਕ ਲੈਂਦੀ ਹੈ ,ਇੱਕ ਚਿੰਤਨ ਜੋ ਲੁਕਾਈ ਨੂੰ ਚੈਤੰਨ ਕਰਨਾ ਲੋਚਦਾ ਹੈ । ਉਹ ਬਹੁਤ ਦੂਰ ਤੱਕ ਦੇਖ ਸਕਦੇ ਹੁੰਦੇ ਹਨ । ਜ਼ਿੰਦਗੀ ਦੇ ਸੁਨਹਿਰੇ ਰੰਗਾਂ ਨੂੰ ਫਿਲਮ ਦੇ ਪਰਦੇ ਤੇ ਉਤਾਰਨ ਵਾਲੇ ਬਿਮਲ ਰਾਏ ਵੀ ਉਹਨਾਂ ਵਿੱਚੋਂ ਇੱਕ ਸਨ । ਅਨੇਕਾਂ ਮੀਲ ਦੀਆਂ ਪੱਥਰ ਕਹੀਆਂ ਜਾਂਦੀਆਂ ਫਿਲਮਾਂ ਦੇਣ ਵਾਲੇ ਬਿਮਲ ਰਾਏ ਦੀ ਕਿਰਤ ‘‘ਪਰਖ’’ (1960) ਨੂੰ ਜ਼ਿਆਦਾ ਯਾਦ ਨਹੀਂ ਕੀਤਾ ਜਾਂਦਾ ਪਰ ਇਹ ਕਿਰਤ ਉਹਨਾਂ ਦੇ ਅਸਧਾਰਨ ਨਜ਼ਰਿਏ ਨੂੰ ਪ੍ਰਤੱਖ ਰੂਪ ਵਿੱਚ ਪ੍ਰਮਾਨਿਤ ਕਰਦੀ ਹੈ । ਜਦੋਂ ਇਸ ਫਿਲਮ ਦਾ ਨਿਰਮਾਣ ਹੋਇਆ ,ਫਿਲਮ ਸੋਚੀ ਗਈ ਹੋਣੀ ਐ ,ਉਦੋਂ ਭਾਰਤ ਨਵੀਂ ਨਵੀਂ ਮਿਲੀ ਅਜ਼ਾਦੀ ਦਾ ਨਿੱਘ ਮਾਣ ਰਿਹਾ ਸੀ ,ਖੁਮਾਰ ਵਿੱਚ ਸੀ।ਸੁਪਨਿਆ ਤੇ ਚਾਵਾਂ ਨੇ ਜਿਵੇਂ ਸਿਖਰ ਛੂਹ ਲੈਣਾ ਹੁੰਦਾ ਹੈ ।
ਖੁਮਾਰ ਅਤੇ ਉਨੀਂਦਰੇ ਦੇ ਇਸੇ ਮਾਹੌਲ ਵਿੱਚੋਂ ਸੰਗੀਤਕਾਰ ਸਲਿਲ ਚੌਧਰੀ ਤੇ ਬਿਮਲ ਰਾਏ ਨੇ ਨਿਘਾਰ ਦਾ ਇੱਕ ਸੱਚ ਤੱਕਿਆ ਜੋ ਅੱਜ ਸਾਡਾ ਰਾਜਨੀਤਿਕ ਤੇ ਸਮਾਜਿਕ ਸੱਚ ਸਥਾਪਿਤ ਹੋ ਚੁੱਕਿਆ ਹੈ। ਕਈ ਦਹਾਕੇ ਪਹਿਲਾਂ ਉਹਨਾਂ ਦੀ ਸੋਚ ਨੇ ਅੱਜ ਦੇ ਸੱਚ ਨੂੰ ਪੇਸ਼ ਕਰਦਿਆਂ ਲੋਕਾਂ ਨੂੰ ਚੇਤੰਨ ਕਰਨ ਦਾ ਯਤਨ ਕੀਤਾ ।
ਫਿਲਮ ਦੀ ਦਿਲਚਸਪ ਕਹਾਣੀ ਸੰਗੀਤਕਾਰ ਸਲਿਲ ਚੌਧਰੀ ਨੇ ਲਿਖੀ ਸੰਵਾਦ ਗੀਤਕਾਰ ਸ਼ਲੇਂਦਰ ਨੇ ਤੇ ਫਿਲਮ ਦਾ ਨਿਰਮਾਣ ਤੇ ਨਿਰਦੇਸ਼ਨ ਬਿਮਲ ਰਾਏ ਨੇ । ਫਿਲਮ ਬੰਗਲਾ ਪਿੱਠ-ਭੂਮੀ ਤੇ ਬਣੀ ਪਰਖ ਪਿੰਡ ਦੇ ਇੱਕ ਓਸ ਮਾਸਟਰ ਨਿਰਵਾਨ (ਜਾਕਰ ਹੂਸੈਨ ) ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਇੱਕ ਭਲਾ ਤੇ ਸਿੱਧਾ-ਸਾਦਾ ਆਦਮੀ ਹੈ। ਉਸ ਦਾ ਸਹਾਇਕ ਹਰਧਨ (ਮੋਤੀ ਲਾਲ ) ਮਿਹਨਤੀ ਤੇ ਚੁਸਤ ਆਦਮੀ ਹੈ ।ਸੀਮਾ (ਸਾਧਨਾ) ਨਿਰਵਾਨ ਦੀ ਧੀ ਹੈ ਜੋ ਪਿੰਡ ਵਿੱਚ ਭਲਾਈ ਦੇ ਕੰਮਾਂ ਵਿੱਚ ਰੁੱਝੇ ਸਮਾਜ ਨੂੰ ਸਮਰਪਿਤ ਪ੍ਰੋਫੈਸਰ (ਰਜ਼ਤ ਸੇਨ ) ਨੂੰ ਚਾਹੁੰਦੀ ਹੈ । ਇਹਨਾਂ ਤੋਂ ਇਲਾਵਾ ਕਹਾਣੀ ਵਿੱਚ ਮੁੱਖ ਤੌਰ ਤੇ ਚਾਰ ਹੋਰ ਕਿਰਦਾਰ ਹਨ ਜੋ ਪਿੰਡ ਵਿੱਚ ਮੋਹਤਬਰ ਹਨ ,ਪੂੰਜੀਪਤੀ ਹਨ ਤੇ ਰਸੂਖ਼ ਰੱਖਦੇ ਹਨ ।ਮੰਦਿਰ ਦਾ ਪੁਜਾਰੀ (ਕਨ੍ਹੱਈਆ ਲਾਲ),ਰਾਏ ਬਹਾਦਰ ਤਰਫ਼ਦਾਰ (ਜੈਯੰਤ )ਭਾਂਜੂ ਬਾਬੂ ( ਅਸਿਤ ਸੇਨ) ਤੇ ਪਿੰਡ ਦਾ ਡਾਕਟਰ (ਰਾਸਿ਼ਦ ਖ਼ਾਨ) ।
ਨਿਰਵਾਨ ਦੀ ਜ਼ਿੰਦਗੀ ਤੰਗ-ਤੁਰਸ਼ੀ ਵਿੱਚ ਚਲ ਰਹੀ ਹੈ ਕਿ ਅਚਾਨਕ ਡਾਕ ਵਿੱਚ ਉਸਨੂੰ ਪੰਜ ਲੱਖ ਰੁਪਏ ਦਾ ਚੈਕ ਮਿਲਦਾ ਹੈ ਜਿਸ ਵਿੱਚ ਭੇਜਣ ਵਾਲੇ ਨੇ ਤਾਕੀਦ ਕੀਤੀ ਹੈ ਕਿ ਇਹ ਰਾਸ਼ੀ ਪਿੰਡ ਦੇ ਇਮਾਨਦਾਰ ਇਨਸਾਨ ਨੂੰ ਦਿੱਤੀ ਜਾਵੇ ਤਾਂ ਕਿ ਪਿੰਡ ਦਾ ਭਲਾ ਹੋ ਸਕੇ । ਨਿਰਵਾਨ ਭਲਾ ਆਦਮੀ ਹੈ ਉਹ ਡਰ ਜਾਂਦਾ ਹੈ ,ਉਹ ਪਿੰਡ ਦੇ ਮੋਹਤਬਰ ਲੋਕਾਂ ਕੋਲ ਜਾਂਦਾ ਹੈ ਕਿ ਕੀ ਕੀਤਾ ਜਾਵੇ । ਪਿੰਡ ਦੇ ਮੋਹਤਬਰ ਲਾਲਚੀ ਤੇ ਖੁਦਗਰਜ਼ ਹਨ । ਫੈਸਲਾ ਲਿਆ ਜਾਂਦਾ ਹੈ ਕਿ ਇਸ ਮਕਸਦ ਲਈ ਚੋਣ ਕਰਵਾਈ ਜਾਏਗੀ ,ਜਿਸ ਦੇ ਉਮੀਦਵਾਰ ਹੋਣਗੇ ਪਿੰਡ ਦਾ ਜਮੀਂਦਾਰ , ਪਿੰਡ ਦਾ ਪੁਜਾਰੀ , ਸ਼ਾਹੂਕਾਰ , ਪਿੰਡ ਦਾ ਡਾਕਟਰ ਤੇ ਪ੍ਰੋਫੈਸਰ ਰਜਤ ਸੇਨ । ਨਾ ਚਾਹੁੰਦਿਆਂ ਹੋਇਆਂ ਵੀ ਪ੍ਰੋਫੈਸਰ ਰਜਤ ਸੇਨ ਨੂੰ ਉਮੀਦਵਾਰ ਬਣਾ ਲਿਆ ਜਾਂਦਾ ਹੈ । ਚੋਣਾਂ ਦੇ ਐਲਾਨ ਹੋਣ ਨਾਲ ਹੀ ਸਰਗਰਮੀਆਂ ਵਧ ਜਾਂਦੀਆਂ ਹਨ ਹਰ ਕੋਈ ਰਾਸ਼ੀ ਪਾ ਲੈਣਾ ਚਾਹੁੰਦਾ ਹੈ । ਜਿਮੀਂਦਾਰ ਕਰ ਮਾਫ਼ੀ ਦਾ ਐਲਾਨ ਕਰਦਾ ਹੈ ਤਾਂ ਭਾਂਜੂ ਬਾਬੂ ਪਿੰਡ ਵਿੱਚ ਭਲਾਈ ਦੇ ਕੰਮ ਸ਼ੁਰੂ ਕਰ ਦਿੰਦਾ ਹੈ ।
ਪਿੰਡ ਦਾ ਪੁਜਾਰੀ ਆਸਥਾ ਦੇ ਸਹਾਰੇ ਪਿੰਡ ਦੇ ਲੋਕਾਂ ਨੂੰ ਆਪਣੇ ਮਗਰ ਲਾਉਣ ਦੀਆਂ ਕੋਝੀਆਂ ਚਾਲਾਂ ਚਲਦਾ ਹੈ । ਅਜੀਬੋ-ਗਰੀਬ ਹਾਲਾਤ ਪੈਦਾ ਹੁੰਦੇ ਹਨ ਸਮਾਜਿਕ ਢਾਂਚੇ ਦੇ ਖੋਖਲੇਪਣ ਦੇ ਕਈ ਸੱਚ ਨੁਮਾਇਆ ਹੁੰਦੇ ਹਨ । ਪੋਫੈਸਰ ਰਜਤ ਜਿਸ ਨੂੰ ਰਾਸ਼ੀ ਵਿੱਚ ਦਿਲਚਸਪੀ ਨਹੀਂ ਪਰ ਲੋਕ ੳਹਨਾਂ ਨੂੰ ਪਸੰਦ ਕਰਦੇ ਹਨ । ਪ੍ਰੋਫੈਸਰ ਨੂੰ ਹਰਾਉਣ ਲਈ ਦੂਜੇ ਉਮੀਦਵਾਰ ਆਪਸ ਵਿੱਚ ਸਮਝੋਤੇ ਵੀ ਕਰਦੇ ਹਨ ਤੇ ਸਾਜ਼ਸ਼ਾਂ ਵੀ । ਕਈ ਦਿਲਚਸਪ ਪਹਿਲੂ ਪਰਦੇ ਤੇ ਆਉਂਦੇ ਹਨ । ਪੁਜਾਰੀ ਪਿੰਡ ਦੇ ਗੰਦੇ ਛੱਪੜ ਦੇ ਪਾਣੀ ਨੂੰ ਪਵਿੱਤਰ ਐਲਾਨ ਦਿੰਦਾ ਹੈ । ਡਾਕਟਰ ਪਹਿਲਾਂ ਲੋਕਾਂ ਨੂੰ ਬਿਮਾਰ ਕਰਦਾ ਹੈ ਤੇ ਫਿਰ ਮੁਫ਼ਤ ਵਿੱਚ ਉਹਨਾਂ ਦਾ ਇਲਾਜ ਕਰਦਾ ਹੈ । ਹਾਲਾਤ ਕਰਵਟ ਲੈਂਦੇ ਹਨ ,ਮਜਬੂਰੀ ਵਸ ਪ੍ਰੋਫੈਸਰ ਰਜ਼ਤ ਨੂੰ ਆਪਣਾ ਨਾਂ ਵਾਪਸ ਲੈਣਾ ਪੈਂਦਾ ਹੈ ।
ਹੁਣ ਬਾਕੀ ਦੇ ਚਾਰ ਉਮੀਦਵਾਰ ਕਿਸੇ ਵੀ ਹਾਲਤ ਵਿੱਚ ਆਪਣੀ ਚਾਹੁੰਦੇ ਹਨ । ਲਠੈਤ ਵੀ ਤਿਆਰ ਕਰ ਲਏ ਜਾਂਦੇ ਹਨ । ਵੋਟਾਂ ਵਾਲੇ ਦਿਨ ਦੇ ਦ੍ਰਿਸ਼ਾਂ ਵਿੱਚ ਲੋਕਾਂ ਦੀ ਮਾਨਸਿਕਤਾ ਤੇ ਉਹਨਾਂ ਦੇ ਪਰਖ ਦ੍ਰਿਸ਼ਟੀਕੋਣ ਨੂੰ ਬੜੇ ਦਿਲਚਸਪ ਢੰਗ ਨਾਲ ਬਿਆਨ ਕੀਤਾ ਗਿਆ । ਕਮਜ਼ੋਰ ਨਿਸ਼ਚਾ ਤੇ ਕਮਜ਼ੋਰ ਨੈਤਿਕਤਾ ।
ਵੋਟਾਂ ਵਾਲੇ ਦਿਨ ਹਿੰਸਾ ਸ਼ੁਰੂ ਹੋ ਜਾਂਦੀ ਹੈ । ਇਸੇ ਝਗੜੇ ਦੇ ਦਰਮਿਆਨ ਪੋਸਟ ਮਾਸਟਰ ਦਾ ਸਹਾਇਕ ਹਰਧਨ ਉੱਥੇ ਆ ਕੇ ਦੱਸਦਾ ਹੈ ਕਿ ਦਰਅਸਲ ਉਹੀ ਜੇ.ਸੀ ਰਾਏ ਹੈ ਜਿਸ ਨੇ ਪਿੰਡ ਦੀ ਭਲਾਈ ਵਾਸਤੇ ਪੈਸੇ ਭੇਜੇ ਸਨ । ਆਪਣੀ ਮਾਤ-ਭੂੰਮੀ ਦੇ ਭਲੇ ਲਈ ਉਹੀ ਪਿੰਡ ਵਿੱਚ ਪੋਸਟ ਮਾਸਟਰ ਦਾ ਸਹਾਇਕ ਬਣ ਕੇ ਰਹਿ ਰਿਹਾ ਸੀ । ਪਿੰਡ ਦੀ ਜਨਤਾ ਉਸਨੂੰ ਨਹੀਂ ਸੁਣਦੀ ਉਸ ਦੇ ਵੀ ਲਾਠੀਆਂ ਵੱਜਦੀਆਂ ਹਨ ।ਅਖੀਰ ਜੇ.ਸੀ ਰਾਏ ਦੀ ਮਾਂ ਆ ਕੇ ਸੱਚਾਈ ਦੱਸਦੀ ਹੈ ਤੇ ਸੱਚਾਈ ਦੀ ਜਿੱਤ ਵੀ ਹੁੰਦੀ ਹੈ । ਬਿਮਲ ਰਾਏ ਫਿਲਮ ਦੀ ਵਿਚਾਰਕ ਮਹਾਨਤਾ ਨੂੰ ਸਮਝਦੇ ਸਨ । ਕਿਰਦਾਰਾਂ ਦੀ ਗਹਿਰਾਈ ਨੂੰ ਜਾਣਦੇ ਸਨ । ਇਸ ਲਈ ਉਹਨਾਂ ਨੇ ਇਸ ਵਿੱਚ ਕਿਸੇ ਵੱਡੇ ਅਭਿਨੇਤਾ ਨੂੰ ਹੀਰੋ ਵਜੋਂ ਪੇਸ਼ ਨਹੀਂ ਕੀਤਾ ਬਲਕਿ ਸਮਰੱਥ ਚਰਿੱਤਰ ਅਭਿਨੇਤਾਵਾਂ ਕਨ੍ਹੱਈਆ ਲਾਲ ,ਮੋਤੀ ਲਾਲ ,ਜੈਯੰਤ , ਅਤਿਸ ਸੇਨ ਰਾਹੀਂ ਆਪਣੀ ਗੱਲ ਨੂੰ ਲੋਕਾਂ ਅੱਗੇ ਰੱਖਿਆ । ਕਿਹਾ ਜਾਂਦਾ ਹੈ ਕਿ ਇਸ ਫਿਲਮ ਨੂੰ ਲੋਕਾਂ ਦੀ ਉਹ ਹਮਾਇਤ ਹਾਸਲ ਨਾ ਹੋਈ ਜਿਸ ਦੀ ਇਹ ਹੱਕਦਾਰ ਸੀ ।ਸਮੇਂ ਮੁਤਾਬਿਕ ਇਹ ਸ਼ਾਇਦ ਸਮੇਂ ਤੋਂ ਪਹਿਲਾਂ ਕਹੀ ਗਈ ਗੱਲ ਸੀ । ਫਿਲਮ ਦੇਖਦਿਆਂ ਇਹਨਾਂ ਮਹਾਨ ਲੋਕਾਂ ਦੀ ਵਿਚਾਰਕ ਮਹਾਨਤਾ ਨੂੰ ਸਿਜ਼ਦਾ ਕਰਨ ਲਈ ਦਿਲ ਕਰਦਾ ਹੈ । ਨਵੀਂ ਮਿਲੀ ਆਜਾਦੀ ਅਤੇ ਲੋਕਤੰਤਰ ਵਿੱਚ ‘‘ਪਰਖ’’ ਦੇ ਦ੍ਰਿਸ਼ਟੀਕੋਣ ਦੇ ਮਹੱਤਵ ਨੂੰ ਦਰਸ਼ਾਉਣ ਲਈ ਬਿਮਲ ਰਾਏ ਦੀ ਕਿਰਤ ਪਰਖ ਦਰਅਸਲ ਇੱਕ ਸੰਵੇਦਨਸ਼ੀਲ ਇਨਸਾਨ ਦੀ ਨਿਭਾਈ ਗਈ ਇੱਕ ਜਿੰਮੇਵਾਰੀ ਸੀ ,ਜਿਸ ਵਿੱਚ ਉਹ ਸਫਲ ਰਹੇ ਸਨ ।ਉਹ ਦੱਸਣਾ ਚਾਹੁੰਦੇ ਸਨ ਕਿ ਲੋਕਤੰਤਰ ਵਿੱਚ ਕਮਜ਼ੋਰ ਪਰਖ ਦ੍ਰਿਸ਼ਟੀ ਢਾਂਚੇ ਨੂੰ ਬਦਸੂਰਤ ਬਣਾ ਸਕਦੀ ਹੈ । ਭਾਰਤੀ ਸਿਨੇਮਾਂ ਦੇ ਇਤਿਹਾਸ ਵਿੱਚ ਪਰਖ ਹਰ ਪੱਖੋਂ ਮੀਲ ਦਾ ਇੱਕ ਪੱਥਰ ਹੈ ।

