ਵਿਸ਼ਵ ਇਤਿਹਾਸ ’ਚ ਅਜਿਹੇ ਬਹੁਤ ਹੀ ਵਿਰਲੇ ਸ਼ਾਸ਼ਕ ਹੋਏ ਹਨ, ਜੋ ਆਪਣੇ ਸ਼ਾਸ਼ਨ ਸਦਕਾ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਸਕੇ। ਅਜਿਹੇ ਹੀ ਸ਼ਾਸ਼ਕਾਂ ’ਚੋਂ ਇੱਕ ਮਹਾਨ ਸ਼ਾਸ਼ਕ ਸਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਬਾਰੇ ਸ਼ਾਹ ਮੁਹੰਮਦ ਲਿਖਦੇ ਹਨ :-
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ
ਜੰਮੂ, ਕਾਂਗੜਾ, ਕੋਟ ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦ ਜਾਣ ਪਚਾਸ ਬਰਸਾ,
ਅੱਛਾ ਰੱਜ ਕੇ ਰਾਜ ਕਮਾਇ ਗਿਆ।
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੀਵਨ ਕਾਲ ’ਚ ਕਈ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ । ਉਹ ਇੱਕ ਮਹਾਨ ਜਰਨੈਲ ਅਤੇ ਸੈਨਾਪਤੀ ਸਨ। ਉਨ੍ਹਾਂ ਆਪਣੀ ਕੂਟਨੀਤੀ ਸਦਕਾ ਪੰਜਾਬ ਨੂੰ ਅੰਗਰੇਜ਼ਾਂ ਅਤੇ ਅਫ਼ਗਾਨਾਂ ਤੋਂ ਬਚਾਈ ਰੱਖਿਆ । ਉਨ੍ਹਾਂ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਜਨਤਾ ਦੇ ਭਲ਼ੇ ਲਈ ਕੰਮ ਕਰਨਾ ਸੀ । ਉਨ੍ਹਾਂ ਦੀ ਦਿਆਲਤਾ ਦੀਆਂ ਅੱਜ ਤੱਕ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਬੱਚਿਆਂ ਵੱਲੋਂ ਬੇਰੀ ਨੂੰ ਪੱਥਰ ਮਾਰਨ ਦੀ ਘਟਨਾ, ਪਾਰਸ ਵਾਲੀ ਘਟਨਾ, ਬੁੱਢੇ ਦਾ ਰਾਸ਼ਨ ਘਰ ਛੱਡ ਕੇ ਆਉਣ ਦੀ ਘਟਨਾ ਜਿਹੀਆਂ ਅਨੇਕਾਂ ਮਿਸਾਲਾਂ ਹਨ ਜੋ ਉਨ੍ਹਾਂ ਨੂੰ ਮਹਾਨ ਬਣਾਉਦੀਆਂ ਹਨ।ਮਹਾਰਾਜਾ ਰਣਜੀਤ ਸਿੰਘ ਬਹਾਦਰੀ, ਕੂਟਨੀਤੀ, ਦਿਆਲਤਾ, ਨਿਮਰਤਾ, ਸਾਦਗੀ ਜਿਹੇ ਗੁਣਾਂ ਦਾ ਮੁਜੱਸਮਾ ਸਨ। ਉਹ ਸਾਰੇ ਧਰਮਾਂ ਨੂੰ ਇੱਕ ਨਜ਼ਰ ਨਾਲ ਦੇਖਦੇ ਸਨ । ਉਹ ਭਾਵੇਂ ਅਨਪੜ੍ਹ ਸਨ ਪਰ ਬੜੀ ਤੀਖਣ ਬੁੱਧੀ ਦੇ ਮਾਲਕ ਸਨ। ਹਜ਼ਾਰਾਂ ਪਿੰਡਾਂ ਦੇ ਨਾਂ ਅਤੇ ਭੂਗੋਲਿਕ ਸਥਿਤੀ ਉਨ੍ਹਾਂ ਦੇ ਜ਼ੁਬਾਨੀ ਯਾਦ ਸੀ। ਉਹ ਸ਼ਾਸਕ ਅਤੇ ਮਹਾਰਾਜਾ ਹੋਣ ਦੇ ਬਾਵਜੂਦ ਸਾਦਗੀ ਪਸੰਦ ਸਨ। ਉਹ ਪਰਜਾ ਦੀ ਸਥਿਤੀ ਜਾਣਨ ਲਈ ਅਕਸਰ ਭੇਸ ਬਦਲ ਕੇ ਰਾਜ ਦਾ ਦੌਰਾ ਕਰਿਆ ਕਰਦੇ ਸਨ। ਉਨ੍ਹਾਂ ਦੇ ਸ਼ਾਸਨ ਕਾਲ ’ਚ ਪਰਜਾ ਬੜੀ ਖੁਸ਼ਹਾਲ ਸੀ। ਉਨ੍ਹਾਂ ਦਾ ਸਿਵਲ ਅਤੇ ਸੈਨਿਕ ਪ੍ਰਬੰਧ ਏਨਾ ਵਧੀਆ ਸੀ ਕਿ ਕਈ ਅੰਗਰੇਜ਼ ਲੇਖਕਾਂ ਜਿਵੇਂ ਜਾਰਜ ਫਾਰਸਟਰ, ਬੈਰਨ ਚਾਰਲਸ ਹਿਊਗਲ, ਜੇਮਜ਼ ਬ੍ਰਾਊਨ, ਵਿਲੀਅਮ ਓਸਬੋਰਨ ਨੇ ਵੀ ਉਨ੍ਹਾਂ ਦੀ ਸਿਫ਼ਤ ਕੀਤੀ ਹੈ । ਉਨ੍ਹਾਂ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ। ਮੌਤ ਦੀ ਸਜ਼ਾ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਜਜ਼ੀਆ ਕਰ ਵੀ ਖ਼ਤਮ ਕਰ ਦਿੱਤਾ ਸੀ । ਉਨ੍ਹਾਂ ਦੇ ਦਰਬਾਰ ’ਚ ਸਭ ਧਰਮਾਂ ਦੇ ਵਿਅਕਤੀ ਉੱਚ ਅਹੁਦਿਆਂ ’ਤੇ ਨਿਯੁਕਤ ਸਨ।
ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਮੰਤਰੀ ਫਕੀਰ ਅਜੀਜ਼-ਉਦ-ਦੀਨ ਤੋਂ ਭਾਰਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਪੁੱਛਿਆ ਕਿ ਮਹਾਰਾਜਾ ਦੀ ਕਿਹੜੀ ਅੱਖ ’ਚ ਨੁਕਸ ਹੈ ਤਾਂ ਉਸ ਨੇ ਜਵਾਬ ਦਿੱਤਾ, ‘‘ਮਹਾਰਾਜਾ ਸੂਰਜ ਵਾਂਗ ਹੈ । ਉਸ ਦੀ ਇੱਕੋ ਅੱਖ ਦੀ ਚਮਕ ਤੇ ਤਾਬਾਨੀ ਐਨੀ ਹੈ ਕਿ ਮੈਨੂੰ ਕਦੇ ਉਸ ਦੀ ਦੂਜੀ ਅੱਖ ਵੱਲ ਵੇਖਣ ਦੀ ਜੁਰਅੱਤ ਹੀ ਨਹੀਂ ਹੋਈ।’’ ਗਵਰਨਰ ਜਨਰਲ ਇਸ ਜਵਾਬ ਤੋਂ ਏਨਾ ਖੁਸ਼ ਹੋਇਆ ਕਿ ਉਸ ਨੇ ਆਪਣੀ ਸੋਨੇ ਦੀ ਘੜੀ ਅਜੀਜ਼-ਉਦ-ਦੀਨ ਨੂੰ ਦੇ ਦਿੱਤੀ। ਬੈਰਨ ਚਾਰਲਸ ਹਿੳੂਗਲ ਨੇ ਆਪਣੀ ਕਿਤਾਬ ’ਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਹੁਕਮਰਾਨੀ ’ਚ ਪੰਜਾਬ, ਅੰਗਰੇਜ਼ਾਂ ਦੇ ਸ਼ਾਸਕ ਵਾਲੇ ਹਿੰਦੁਸਤਾਨੀ ਇਲਾਕਿਆਂ ਤੋਂ ਜ਼ਿਆਦਾ ਮਹਿਫੂਜ਼ ਸੀ। ਉਹ ਆਪਣੇ ਦਰਬਾਰ ’ਚ ਆਉਣ ਵਾਲੇ ਵਿਦੇਸ਼ੀਆਂ ਤੋਂ ਲਿਆਕਤ ਅਤੇ ਰਹੱਸ ਭਰੇ ਅਜਿਹੇ ਸਵਾਲ ਕਰਦਾ ਸੀ ਕਿ ਵਿਦੇਸ਼ੀ ਵਿਦਵਾਨ ਵੀ ਸੋਚੀਂ ਪੈ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਆਪਣੀ ਹਰ ਮੁਹਿੰਮ ’ਤੇ ਜਾਣ ਤੋਂ ਪਹਿਲਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਤੇ ਜਿੱਤ ਤੋਂ ਬਾਅਦ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਦੇ। ਉਨ੍ਹਾਂ ਦੀ ਦੂਰ ਦਿ੍ਰਸ਼ਟੀ, ਤਾਕਤ, ਬਹਾਦਰੀ ਅਤੇ ਫ਼ੌਜ ਤੋਂ ਤਾਂ ਅੰਗਰੇਜ਼ ਅਤੇ ਅਫ਼ਗਾਨ ਵੀ ਥਰ-ਥਰ ਕੰਬਦੇ ਸਨ। ਉਹ ਲਿਖਾਰੀਆਂ ਅਤੇ ਵਿਦਵਾਨਾਂ ਦੇ ਕਦਰਦਾਨ ਸਨ। ਮੁਨਸ਼ੀ ਸੋਹਨ ਲਾਲ, ਦੀਵਾਨ ਅਮਰ ਨਾਥ, ਗਣੇਸ਼ ਦਾਸ, ਕਾਦਰਯਾਰ ਤੇ ਹਾਸ਼ਮ ਸ਼ਾਹ ਮਹਾਰਾਜੇ ਦੇ ਪਿਆਰ ਤੇ ਸਤਿਕਾਰ ਦੇ ਪਾਤਰ ਸਨ।
ਮਹਾਰਾਜਾ ਰਣਜੀਤ ਸਿੰਘ ਨੂੰ ਭਾਰਤੀ ਇਤਿਹਾਸ ’ਚ ਹੀ ਨਹੀਂ ਸਗੋਂ ਵਿਸ਼ਵ ਦੇ ਇਤਿਹਾਸ ’ਚ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਉਸਦੀ ਤੁਲਨਾ ਮਹਾਨ ਜੇਤੂ ਨੈਪੋਲੀਅਨ ਤੇ ਦਿਆਲੂ ਅਕਬਰ ਨਾਲ ਕੀਤੀ ਜਾਂਦੀ ਹੈ । ਪੰਜਾਬੀਆਂ ਦੇ ਇਸ ਹਰਮਨ ਪਿਆਰੇ ਸ਼ਾਸਕ ਤੇ ਭਾਰਤ ਦੇ ਮਹਾਨ ਸਪੂਤ ਦੀ 29 ਜੂਨ, 1839 ਨੂੰ ਮੌਤ ਹੋ ਗਈ। ਇਹ ਖ਼ਬਰ ਫੈਲਦਿਆਂ ਹੀ ਪੂਰੇ ਪੰਜਾਬ ’ਚ ਸੋਗ ਦੀ ਲਹਿਰ ਦੌੜ ਗਈ । ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ ਏਨਾ ਡਰਦੇ ਸਨ ਕਿ ਮਹਾਰਾਜੇ ਦੀ ਮੌਤ ਤੋਂ ਬਾਅਦ ਦਸ ਸਾਲ ਤੱਕ ਉਨ੍ਹਾਂ ਦੀ ਪੰਜਾਬ ’ਤੇ ਕਬਜ਼ਾ ਕਰਨ ਦੀ ਹਿੰਮਤ ਨਾ ਪਈ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਆਪਣਿਆਂ ਦੀ ਗੱਦਾਰੀ ਕਾਰਨ ਰਾਜ ਪ੍ਰਬੰਧ ਖੇਰੂੰ- ਖੇਰੂੰ ਹੋ ਗਿਆ । ਆਖਰ ਉਨ੍ਹਾਂ ਦੀ ਮੌਤ ਤਂਸ ਦਸ ਸਾਲ ਬਾਅਦ 29 ਅਪਰੈਲ, 1849 ਨੂੰ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ’ਚ ਸ਼ਾਮਲ ਕਰ ਲਿਆ । ਭਾਵੇਂ ਉਨ੍ਹਾਂ ਦੀ ਮੌਤ ਹੋਇਆ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਅੱਜ ਵੀ ਪੰਜਾਬੀ ਉਨ੍ਹਾਂ ਨੂੰ ‘ਸ਼ੇਰ-ਏ-ਪੰਜਾਬ’ ਦੇ ਨਾਂਅ ਨਾਲ ਯਾਦ ਕਰਦੇ ਹਨ । ਪੰਜਾਬ ਦੀ ਇਸ ਮਹਾਨ ਧਰਤੀ ਨੂੰ ਹਮੇਸ਼ਾਂ ਇਸ ਗੱਲ ਦਾ ਮਾਣ ਰਹੇਗਾ ਕਿ ਉਸ ਨੇ ਅਜਿਹੇ ਮਹਾਨ ਸਪੂਤ ਨੂੰ ਜਨਮ ਦਿੱਤਾ।

