ਸਮਾਂ ਬੜਾ ਬਲਵਾਨ ਹੈ, ਪਤਾ ਹੀ ਨਹੀਂ ਲੱਗਦਾ ਕਿ ਬੰਦਾ ਕਦੋਂ ਲੱਖਾਂ ਦਾ ਹੋ ਜਾਵੇ ਤੇ ਕਦੋਂ ਕੱਖਾਂ ਦਾ। ਉਤਾਰ ਚੜਾਅ ਜ਼ਿੰਦਗੀ ਦੇ ਸਦੀਵੀ ਨਿਯਮ ਹਨ ਅਤੇ ਦੁਨੀਆਂ ਦਾ ਚੜ੍ਹਦੇ ਨੂੰ ਸਲਾਮ ਕਰਨਾ ਤੇ ਛੁਪਦੇ ਨੂੰ ਪਿੱਠ ਦਿਖਾਉਂਣਾ ਦਸਤੂਰ ਰਿਹਾ ਹੈ।
ਜ਼ਿੰਦਗੀ ਸੁੱਖ ਜਾਂ ਖੁਸ਼ੀਆਂ ਦਾ ਵਣਜ ਨਹੀਂ, ਨਮਕ ਵਾਂਗ ਦੁੱਖ ਅਤੇ ਔਕੜਾਂ ਇਸ ਦੇ ਸਵਾਦ ਨੂੰ ਦੁੱਗਣਾ ਕਰ ਦਿੰਦੀਆਂ ਹਨ। ਡਿੱਗ ਕੇ ਉੱਠ ਤੁਰਣਾ ਹੀ ਜ਼ਿੰਦਗੀ ਦਾ ਅਸਲੀ ਸਿਰਨਾਵਾਂ ਹੈ।ਡੁੱਬਣ ਦੇ ਡਰ ਨਾਲ ਦਰਿਆ ਦੇ ਕੰਢੇ ਬਹਿ ਕੇ ਰੋਣੇ ਰੋਈ ਜਾਣ ਨਾਲ ਦਰਿਆ ਪਾਰ ਨਹੀਂ ਹੁੰਦੇ, ਦਰਿਆ ਪਾਰ ਕਰਨ ਲਈ ਕੋਸ਼ਿਸ਼ ਜ਼ਰੂਰੀ ਹੈ। ਉਦਾਸੀਆਂ, ਨਮੋਸ਼ੀਆਂ, ਅਸਫ਼ਲਤਾਵਾਂ ਨੂੰ ਅੰਤ ਮੰਨ ਕੇ ਢੇਰੀ ਢਾਹ ਕੇ ਬਹਿ ਜਾਣਾ ਮਨੁੱਖੀ ਜੀਵਨ ਲਈ ਸਭ ਤੋਂ ਵੱਡਾ ਉਲਾਂਭਾ ਹੈ। ਪਾਣੀ ਵਹਿੰਦਾ ਹੀ ਵਧੀਆ ਰਹਿੰਦਾ ਹੈ, ਖੜੇ ਪਾਣੀ ਵਿੱਚ ਜੀਅ ਪੈ ਜਾਂਦੇ ਹਨ ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ, ਐਦਾਂ ਹੀ ਜ਼ਿੰਦਗੀ ਦਾ ਫ਼ਲਸਫ਼ਾ ਹੈ।
ਜਨਮ ਲੈਣਾ ਤੇ ਮਰ ਜਾਣਾ ਜ਼ਿੰਦਗੀ ਦੀ ਅਸਲ ਪਰਿਭਾਸ਼ਾ ਨਹੀਂ ਕਹੀਂ ਜਾ ਸਕਦੀ, ਜਿਊਂਦੇ ਜੀਅ ਤੁਹਾਡਾ ਆਪਣੀ ਗਰੀਬੀ, ਮੁਸ਼ਕਲਾਂ, ਆਪਣੇ ਟੀਚਿਆਂ ਲਈ ਸਿਦਕ, ਸਿਰੜ ਅਤੇ ਦ੍ਰਿੜਤਾ ਨਾਲ ਲੜਣਾ ਹੀ ਜ਼ਿੰਦਗੀ ਜਿਊਣ ਦੀ ਅਸਲ ਪਰਿਭਾਸ਼ਾ ਘੜਦਾ ਹੈ। ਸਫ਼ਲ ਨਾ ਹੋਣ ਤੇ ਸਿਰ ਸੁੱਟਣ ਦੀ ਲੋੜ ਨਹੀਂ, ਹਾਰਾਂ ਤੋਂ ਬਾਦ ਮਿਲੀ ਜਿੱਤ ਦਾ ਸਕੂਨ ਵੀ ਵੱਖਰਾ ਹੁੰਦਾ ਹੈ। ਸੰਘਰਸ਼ ਕਰਦੇ ਤੁਹਾਡੀ ਸਫ਼ਲਤਾ ਜਾਂ ਅਸਫ਼ਲਤਾ ਤੋਂ ਵੱਡੀ ਗੱਲ ਤੁਹਾਡਾ ਕੋਸ਼ਿਸ਼ ਕਰਨਾ ਹੋ ਨਿਬੜਦੀ ਹੈ, ਜੋ ਤੁਹਾਡੇ ਜਿਊਂਦੇ ਹੋਣ ਦਾ ਸਬੂਤ ਹੈ। ਜ਼ਿੰਦਗੀ ਦੀ ਸਾਰਥਕਤਾ ਜਿਊਣ ਵਿੱਚ ਹੈ ਨਾ ਕਿ ਉਮਰ ਭੋਗਣ। ਜ਼ਿੰਦਗੀ ਜ਼ਿੰਦਾਦਲੀ ਦਾ ਨਾਂ ਹੈ, ਇਸਨੂੰ ਮਾਨਣਾ ਚਾਹੀਦਾ ਹੈ ਨਾ ਕਿ ਢਾਉਣਾ।
ਸੂਝਵਾਨ ਜ਼ਿੰਦਗੀ ਦੀ ਜਾਂਚ ਵਿੱਚ ਦੂਜੇ ਦੀਆਂ ਗਲਤੀਆਂ ਤੋਂ ਵੱਡਾ ਸਬਕ ਲੈਂਦੇ ਹਨ, ਜਦਕਿ ਆਮ ਗਲਤੀ ਦਾ ਦੁਹਰਾ ਕਰਕੇ ਸਿੱਖਦੇ ਹਨ। ਕਿਤਾਬਾਂ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਉਸ ਗਿਆਨ ਦੀ ਵਰਤੋਂ ਨਾ ਕਰਨ ਤੇ ਕਿਤਾਬ ਪੜ੍ਹਣ ਨੂੰ ਦਿੱਤਾ ਸਮਾਂ, ਸਮੇਂ ਦੀ ਬਰਬਾਦੀ ਤੋਂ ਵੱਧ ਕੇ ਕੁੱਝ ਨਹੀਂ। ਗਿਆਨ ਦੀ ਸਾਰਥਕਤਾ ਉਸਦੀ ਵਰਤੋਂ ਅਤੇ ਵੰਡ ਤੋਂ ਹੈ।

