By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾਬ ਦਾ ਸਾਂਝਾ ਸਭਿਆਚਾਰਕ ਤਿਉਹਾਰ ਲੋਹੜੀ -ਡਾ. ਕਰਮਜੀਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਪੰਜਾਬ ਦਾ ਸਾਂਝਾ ਸਭਿਆਚਾਰਕ ਤਿਉਹਾਰ ਲੋਹੜੀ -ਡਾ. ਕਰਮਜੀਤ ਸਿੰਘ
ਨਿਬੰਧ essay

ਪੰਜਾਬ ਦਾ ਸਾਂਝਾ ਸਭਿਆਚਾਰਕ ਤਿਉਹਾਰ ਲੋਹੜੀ -ਡਾ. ਕਰਮਜੀਤ ਸਿੰਘ

ckitadmin
Last updated: October 23, 2025 5:48 am
ckitadmin
Published: May 23, 2020
Share
SHARE
ਲਿਖਤ ਨੂੰ ਇੱਥੇ ਸੁਣੋ

ਲੋਹੜੀ ਪੰਜਾਬ ਦਾ ਮੌਸਮ ਨਾਲ ਜੁੜਿਆ ਅਜਿਹਾ ਤਿਉਹਾਰ ਹੈ ਜਿਸ ਦੀਆਂ ਆਪਣੀਆਂ ਮੌਲਿਕ ਵਿਸ਼ੇਸ਼ਤਾਵਾਂ ਹਨ। ਜਿਵੇਂ ਇਹ ਤਿਉਹਾਰ ਪੋਹ ਦੀ ਆਖ਼ਰੀ ਰਾਤ ਨੂੰ ਮਨਾਇਆ ਜਾਂਦਾ ਹੈ। ਜਦ ਕਿ ਭਾਰਤ ਦੇ ਦੂਜੇ ਹਿੱਸਿਆਂ ਵਿਚ ਅਗਲੇ ਦਿਨ ‘ਸੰਕ੍ਰਾਂਤੀ‘ ਮਨਾਈ ਜਾਂਦੀ ਹੈ। ਪੰਜਾਬੀ ਪੋਹ ਦੀ ਆਖ਼ਰੀ ਰਾਤ ਨੂੰ ਮਾਘ ਦੇ ਪਹਿਲੇ ਦਿਨ ਨਾਲ ਮਿਲਾਉਂਦੇ ਹਨ। ‘ਪੋਹ ਰਿੱਧੀ ਮਾਘ ਖਾਧੀ‘ ਦਾ ਇਹੀ ਸੰਕਲਪ ਹੈ। ਪੰਜਾਬੀ ਇਸ ਤਿਉਹਾਰ ਉੱਪਰ ਅੱਗ ਬਾਲਦੇ ਹਨ। ਸੰਕ੍ਰਾਂਤੀ ਉੱਪਰ ਅਜਿਹਾ ਕੁਝ ਨਹੀਂ ਹੁੰਦਾ, ਸਿਰਫ਼ ਦਰਿਆਵਾਂ, ਸਰੋਵਰਾਂ ਵਿਚ ਇਸ਼ਨਾਨ ਕੀਤਾ ਜਾਂਦਾ ਹੈ। ਲੋਹੜੀ ਵਿਚ ਤਿਲਾਂ ਅਤੇ ਤਿਲ਼ਾਂ ਦੀਆਂ ਰਿਉੜੀਆਂ ਦੀ ਆਹੂਤੀ ਦਿੱਤੀ ਜਾਂਦੀ ਹੈ। ਲੋਹੜੀ ਉੱਪਰ ਅਜਿਹਾ ਸ਼ਗਨ ਹੋਰ ਕਿਧਰੇ ਮੌਜੂਦ ਨਹੀਂ। ਇਨ੍ਹਾਂ ਵਿਸ਼ੇਸ਼ਤਾਵਾਂ ਤੋਂ ਨਵੇਂ ਪ੍ਰਸ਼ਨ ਵੀ ਉੱਭਰਦੇ ਹਨ ਜਿਨ੍ਹਾਂ ਦੇ ਉੱਤਰ ਇਹ ਮੰਨ ਕੇ ਹੀ ਲੱਭੇ ਜਾ ਸਕਦੇ ਹਨ ਕਿ ਲੋਹੜੀ ਦੇ ਤਿਉਹਾਰ ਦੀ ਆਪਣੀ ਵੱਖਰੀ ਪਹਿਚਾਣ ਹੈ। ਪਰੰਤੂ ਪੰਜਾਬੀ ਦੇ ਵਿਦਵਾਨ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੰਦੇ। ਕੁਝ ਵਿਦਵਾਨਾਂ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕਰਕੇ ਇਹ ਗੱਲ ਹੋਰ ਵਧੇਰੇ ਸਪੱਸ਼ਟ ਹੋ ਜਾਵੇਗੀ।

  ਡਾ.ਵਣਜਾਰਾ ਬੇਦੀ ਨੇ ਲੋਹੜੀ ਸੰਬੰਧੀ ਵਿਚਾਰ ਕਰਦਿਆਂ ਕੁਝ ਨੁਕਤੇ ਸਾਹਮਣੇ ਲਿਆਂਦੇ ਹਨ। ਪਹਿਲਾ ਇਹ ਕਿ ਲੋਹੜੀ ਮੰਗਣਾ ‘ਖ਼ੈਰ ਨਹੀਂ ਲਾਗ ਹੈ‘ ਕਿਉਂਕਿ ਇਸ ਦਿਨ ਲੋਹੜੀ ਮੰਗਣ ਆਏ ਬੱਚਿਆਂ ਨੂੰ ਘਰੋਂ ਖਾਲੀ ਮੋੜਨਾ ਬਦਸ਼ਗਨੀ ਮੰਨੀ ਜਾਂਦੀ ਹੈ। ਇਉਂ ਲਾਗ ਦੀ ਥਾਂ ਸ਼ਗਨ ਦਾ ਹਿੱਸਾ ਜਾਂ ਵਧਾਈ ਹੀ ਕਹਿਣਾ ਚਾਹੀਦਾ ਹੈ, ਜੋ ਮੁੰਡੇ ਕੁੜੀਆਂ ਲੋਹੜੀ ਦੇ ਬਾਲਣ ਦੇ ਨਾਲ ਨਾਲ ਲੈਂਦੇ ਹਨ। ਇਹ ਨੋਟ ਕਰਨਾ ਬੜਾ ਮਨੋਰੰਜਕ ਹੋਵੇਗਾ ਕਿ ਵਿਸ਼ਵ ਭਰ ਵਿਚ ਅਗਨੀ-ਪੂਜਾ ਦੇ ਤਿਉਹਾਰਾਂ ‘ਤੇ ਬੱਚੇ ਹੀ ਬਾਲਣ ਇਕੱਤਰ ਕਰਦੇ ਹਨ। ਕਈ ਥਾਈਂ ਉਹ ਗੱਡਿਆਂ ਜਾਂ ਰੇੜ੍ਹੀਆਂ ਉੱਪਰ ਬਾਲਣ ਲੈ ਕੇ ਆਉਂਦੇ ਹਨ।

 

 

ਇਹ ਵੀ ਤੱਥ ਹੈ ਕਿ ਸੋਗ ਵਾਲੇ ਘਰੋਂ ਲੋਹੜੀ ਨਹੀਂ ਮੰਗੀ ਜਾਂਦੀ ਤੇ ਨਾ ਹੀ ਸੋਗ ਵਿਚ ਡੁੱਬਾ ਪਰਿਵਾਰ ਲੋਹੜੀ ‘ਪਾਉਂਦਾ‘ ਹੈ। ਇਸ ਲਈ ਇਹ ਸਪੱਸ਼ਟ ਹੀ ਹੈ ਕਿ ਲੋਹੜੀ ਖੁਸ਼ੀਆਂ ਦਾ ਤਿਉਹਾਰ ਹੈ। ਲੋਹੜੀ ਨੂੰ ਇਕ ਤਰ੍ਹਾਂ ‘ਦੇਵੀ‘ ਮੰਨਿਆ ਜਾਂਦਾ ਹੈ। ਹੜੱਪਾ ਮਹਿੰਜੋਦਾਰੋ ਦੇ ਸਭਿਆਚਾਰ ਵਿਚ ਦੋ ਸੋਟੀਆ ਦੀ ਰਗੜ ਤੋਂ ਉਪਜੀ ਅੱਗ ਨੂੰ ਦੇਵੀ ਮੰਨਅਿਾ ਗਿਆ ਹੈ। ਪਰੰਤੂ ਵੈਦਿਕ ਕਾਲ ਵਿਚ ਉਹ ਮਰਦ ਬਣ ਜਾਂਦਾ ਹੈ ਤੇ ਅਖੀਰ ਤੇ ਜਾਤੀ ਸਿਸਟਮ ਦੇ ਅਧੀਨ ਬ੍ਰਾਹਮਣ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ। ਇੱਥੇ ਦੇਵਤਿਆਂ ਨੂੰ ਵੀ ਜਾਤ ਦੇ ਆਧਾਰ ਉਪਰ ਵੰਡ ਦਿੱਤਾ ਗਿਆ ਹੈ। ਅਗਨੀ ਦੇ ਨਾਲ ਬ੍ਰਹਿਸਪਤੀ ਵੀ ਬ੍ਰਾਹਮਣ ਦੇਵਤਾ ਹੈ। ਇੰਦਰ, ਵਰੁਣ, ਸੋਮ ਅਤੇ ਯਮ ਕਸ਼ਤਰੀ ਕਹੇ ਗਏ ਹਨ। ਵਾਸੂ ਰੁਦ੍ਰ, ਵਿਸ਼ਵਦੇਵਾਸ ਅਤੇ ਮਾਰੂਤ ਵੈਸ਼ ਦੇਵਤੇ ਹਨ। ਪੂਸ਼ਣ ਦੇਵਤਾ ਜੋ ਸੂਰਜ ਦਾ ਹੀ ਇਕ ਨਾਮ ਹੈ ਸ਼ੂਦਰ ਬਣ ਜਾਂਦਾ ਹੈ। 4 ਰਾਮਾਇਣ, ਮਹਾਭਾਰਤ ਅਤੇ ਪੁਰਾਣਾਂ ਵਿਚ ਇਕ ਮਿੱਥ ਹੈ ਕਿ ਸ਼ਿਵ ਦੇ ਸਹੁਰੇ ਦਕਸ਼ ਨੇ ਸ਼ਿਵ ਨੂੰ ਭੋਜ ਉਪਰ ਬੁਲਾਵਾ ਨਹੀਂ ਭੇਜਿਆ। ਉਸਦੀ ਅਣਹੋਂਦ ਵਿਚ ਉਸਨੂੰ ਦਿੱਤੀ ਬੈਂਟ ਪੂਸ਼ਣ ਦੇਵਤਾ ਖਾਣ ਲੱਗਾ। ਸ਼ਿਵ ਨੇ ਤੀਰ ਨਾਲ ਉਸਦਾ ਦੰਦ ਤੋੜ ਦਿੱਤਾ।5 ਅਗਨੀ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਜੇ ਉੇਹ ਪੁੱਤਰ ਦੀ ਦਾਤ ਦੇਵੇਗੀ ਤਾਂ ਅਗਲੇ ਵਰ੍ਹੇ, ਉਸਨੂੰ ਚਰਖਾ ਭੇਂਟ ਕੀਤਾ ਜਾਵੇਗਾ। ਚਰਖਾ ਹੀ ਕਿਉਂ?

 ਡਾ. ਵਣਜਾਰਾ ਬੇਦੀ ਲੋਹੜੀ ਦਾ ਆਰੰਭ ‘ਸੂਰਜ ਪੂਜਾ ਤੋਂ ਹੀ ਬੱਝਿਆ‘ ਖ਼ਿਆਲ ਕਰਦਾ ਹੈ। ਮਾਨਵ ਵਿਗਿਆਨੀਆਂ ਨੇ ਅਗਨੀ ਪੂਜਾ ਦੀ ਵਿਆਖਿਆ ਦੇ ਦੋ ਸਿਧਾਂਤ ਦਿੱਤੇ ਹਨ। ਉਨ੍ਹਾਂ ਵਿਚੋਂ ਇਕ ਹੈ ‘ਸੂਰਜੀ ਸਿਧਾਂਤ‘। ਇਹ ਸਿਧਾਂਤ ਮੈਨਹਰਟ ਨੇ ਦਿੱਤਾ। ਜਿਸਦੀ ਵਿਆਖਿਆ ਕਰਦਾ ਹੋਇਆ ਜੇਮਜ਼ ਫਰੇਜ਼ਰ ਲਿਖਦਾ ਹੈ ਕਿ “ਅਗਨੀ ਪੂਜਾ ਦੀਆਂ ਰਸਮਾਂ ਦੀ ਅਤੇ ਵਿਸ਼ਵਾਸ਼ਾਂ ਦੀ ਇਕ ਵਿਆਖਿਆ ਇਹ ਕੀਤੀ ਜਾਂਦੀ ਹੈ ਕਿ ਇਹ ਜਾਦੂ ਦੀਆਂ ਰਸਮਾਂ ਜਾਂ ਸੂਰਜੀ ਜਾਦੂ ਹੈ ਜਿਸ ਦਾ ਆਧਾਰ ਅਨੁਕਰਣ-ਜਾਦੂ ਨਾਲ ਜੁੜਿਆ ਹੋਇਆ ਹੈ। ਸੂਰਜ ਦੀ ਰੌਸ਼ਨੀ ਮਨੁੱਖਾਂ, ਪਸ਼ੂਆਂ ਅਤੇ ਪੌਦਿਆਂ ਲਈ ਸੁਨਿਸ਼ਚਿਤ ਕਰਨ ਲਈ ਅੱਗਾਂ ਬਾਲਣਾ, ਧਰਤੀ ਉੱਤੇ ਆਕਾਸ਼ ਵਿਚਲੇ ਰੌਸ਼ਨੀ ਅਤੇ ਗਰਮੀ ਦੇ ਮਹਾਨ ਸ੍ਰੋਤ ਸੂਰਜ ਦੀ ਨਕਲ ਕਰਨਾ ਹੀ ਹੈ।“6 ਡਾ.ਵਣਜਾਰਾ ਬੇਦੀ ਕਿਸੇ ਵੀ ਸਿਧਾਂਤ ਦਾ ਹਵਾਲਾ ਤਾਂ ਨਹੀਂ ਦਿੰਦਾ ਪਰੰਤੂ ਉਸ ਵਲੋਂ ਦਿੱਤਾ ਵਿਚਾਰ ਸੂਰਜੀ-ਜਾਦੂ-ਸਿਧਾਂਤ ਵੱਲ ਇਸ਼ਾਰਾ ਕਰਦਾ ਹੈ। ਇਸ ਵਿਚਾਰ ਨੂੰ ਅਗਾਂਹ ਵਿਸਤਾਰ ਦੇਣ ਦੀ ਲੋੜ ਸੀ ਪਰੰਤੂ ਇਹ ਵਿਚਾਰ ਡਾ.ਵਣਜਾਰਾ ਬੇਦੀ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।

 ਡਾ. ਵਣਜਾਰਾ ਬੇਦੀ ਨੇ ਕੁਝ ਹੋਰ ਮਹੱਤਵਪੂਰਣ ਵਿਚਾਰ ਪੇਸ਼ ਕੀਤੇ ਹਨ। ਜਿਵੇਂ ਸੂਰਜ ਦਕਸ਼ਣਾਇਣ ਵਿਚੋਂ ਉਤਰਾਇਣ ਵਿਚ ਦਾਖਲ ਹੁੰਦਾ ਹੈ। ਸੁੱਤੇ ਦੇਵਤੇ ਜਾਗ ਪੈਂਦੇ ਹਨ।‘ ਇਸੇ ਖੁਸ਼ੀ ਵਿਚ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰੰਤੂ ਲੋਹੜੀ ਲਈ ਹੋਰ ਵਿਚਾਰ ਦੀ ਲੋੜ ਮਹਿਸੂਸ ਹੁੰਦੀ ਹੈ। ਡਾ.ਵਣਜਾਰਾ ਬੇਦੀ ਇਕ ਰਸਮ ਦਾ ਜ਼ਿਕਰ ਕਰਦਾ ਹੈ ਜਿਹੜੀ ਪੰਜਾਬ ਵਿਚ ਲੋਹੜੀ ਦੇ ਮੌਕੇ ‘ਤੇ ਕੀਤੀ ਜਾਂਦੀ ਰਹੀ ਹੈ ਜੋ ਬੇਹੱਦ ਮਹੱਤਵਪੂਰਣ ਹੈ। ਉਸ ਮੁਤਾਬਿਕ, “ਹਰ ਸਾਲ ਲੋਹੜੀ ਤੇ ਇਕ ਵੱਡੀ ਅੱਗ ਬਾਲੀ ਜਾਂਦੀ, ਜਿੱਥੇ ਨਾ ਸਿਰਫ਼ ਸਭ ਦੇ ਘਰਾਂ ਵਿਚੋਂ ਬਾਲਣ ਹੀ ਆਉਂਦਾ ਸੀ ਸਗੋਂ ਅੱਗ ਵੀ ਅਤੇ ਇਸ ਸਾਂਝੀ ਅੱਗ ਵਿਚੋਂ ਨਵੀਂ ਅੱਗ ਲੈ ਕੇ ਫਿਰ ਚੁੱਲ੍ਹੇ ਵਿਚ ਦੱਬ ਦਿੱਤੀ ਜਾਂਦੀ ਸੀ। ਇਹ ਰਿਵਾਜ ਹੁਣ ਤੱਕ ਚੱਲਿਆ ਆ ਰਿਹਾ ਹੈ।“7 ਇਸ ਰਸਮ ਦਾ ਇਕ ਹੋਰ ਰੂਪ ਇਹ ਵੀ ਰਿਹਾ ਹੈ ਜਿਸਦੀ ਦੱਸ ਮੈਨੂੰ ਮੇਰੇ ਇਕ ਵਿਦਿਆਰਥੀ ਨੇ ਪਾਈ ਸੀ ਕਿ ਖਰੜ ਨੇੜੇ ਪਿੰਡਾਂ ਵਿਚ ਲੋਹੜੀ ਵਾਲੇ ਦਿਨ ਸਾਰੇ ਪਿੰਡ ਦੀ ਅੱਗ ਬੁਝਾ ਦਿੱਤੀ ਜਾਂਦੀ ਸੀ ਅਤੇ ਲੋਹੜੀ ਦੀ ਅੱਗ ਵਿਚੋਂ ਅੱਗ ਲੈ ਕੇ ਦੁਬਾਰਾ ਘਰਾਂ ਵਿਚ ਅੱਗ ਲਿਜਾ ਕੇ ਅੱਗ ਦੱਬ ਦਿੱਤੀ ਜਾਂਦੀ ਸੀ। “ਭਾਰਤ ਵਿਚ ਛੋਟਾ ਨਾਗਪੁਰ ਦੇ ਬਿਹੋਸ ਕਬੀਲੇ ਵਿਚ ਦੋ ਸੋਟੀਆਂ ਨੂੰ ਰਗੜ ਕੇ ਅੱਜ ਵੀ ਅੱਗ ਪੈਦਾ ਕੀਤੀ ਜਾਂਦੀ ਹੈ। ਹੇਠਾਂ ਰੱਖੀ ਲਕੜੀ ਨੂੰ ਔਰਤ ਅਤੇ ਤਿੱਖੀ ਨੋਕ ਵਾਲੀ ਲਕੜੀ ਜਿਸ ਨੂੰ ਘੁਮਾਉਣ ਨਾਲ ਰਗੜਨ ਤੇ ਅਗਨੀ ਪ੍ਰਜਵਲਿਤ ਹੁੰਦੀ ਹੈ-ਨੂੰ ਮਰਦ ਖ਼ਿਆਲ ਕੀਤਾ ਜਾਂਦਾ ਹੈ।“ ਇਹ ਰਸਮ ਕਈ ਕਬੀਲਿਆਂ (ਯੂਰਪ ਵਿਚ) ਦੇ ਇਸ ਵਿਚਾਰ ਨਾਲ ਮੇਲ ਖਾਂਦੀ ਹੈ ਕਿ ਇਸ ਸਮੇਂ ਅਗਨੀ ਬੇਹੱਦ ਕਮਜ਼ੋਰ ਹੋ ਜਾਂਦੀ ਹੈ ਅਤੇ ਦੁਬਾਰਾ ਰਗੜ ਕੇ ਰਸਮਾਂ ਨਾਲ ਪੈਦਾ ਕੀਤੀ ਅਗਨੀ ਪੂਰੀ ਸ਼ਕਤੀ ਵਾਲੀ ਹੁੰਦੀ ਹੈ, ਜਿਸ ਨੂੰ ਸਾਰਾ ਸਾਲ ਵਰਤਿਆ ਜਾਣਾ ਹੁੰਦਾ ਹੈ।

 ਸੁਖਦੇਵ ਮਾਦਪੁਰੀ ਆਪਣੀ ਪੁਸਤਕ “ਫੁੱਲਾਂ ਭਰੀ ਚੰਗੇਰ“ ਵਿਚ ਲੋਹੜੀ ਤੋਂ ਨਵੇਂ ਵਰ੍ਹੇ ਦਾ ਆਰੰਭ ਮੰਨਦਾ ਹੈ। ਇਸ ਵੇਲੇ ਬਣਨ ਵਾਲੀਆਂ ਵਸਤਾਂ ਵਿਚ ਉਸਨੇ ਤਿਲੋਏ, ਰਸ ਦੀ ਖੀਰ, ਸਾਗ, ਖਿਚੜੀ ਅਤੇ ਗਜਰੇਲੇ ਆਦਿ ਦਾ ਜ਼ਿਕਰ ਕੀਤਾ ਹੈ। ਇਵੇਂ ਹੀ ਇਸ ਵੇਲੇ ਰਿਉੜੀਆਂ, ਗੱਚਕ, ਮੂੰਗਫਲੀ ਵੰਡਣ ਦਾ ਵੀ ਰਿਵਾਜ ਹੈ। ਇਸੇ ਦਿਨ ਹੀ ਇਹ ਅਖਾਣ ਪਾਇਆ ਜਾਂਦਾ ਹੈ ਕਿ ‘ਇੱਸਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਪੱਟੀ ਜਾਏ‘। ਤਿਲ ਸੁੱਟਣ ਸਮੇਂ ਪਾਇਆ ਜਾਂਦਾ ਇਕ ਹੋਰ ਅਖਾਣ ਵਿਚਾਰਨਯੋਗ ਹੈ ਕਿ, ‘ਜਿਤਨੇ ਜਠਾਣੀ ਤਿਲ ਸੁੱਟੇਗੀ, ਉਤਨੇ ਦਰਾਣੀ ਪੁੱਤ ਜਣੇਗੀ‘। ਤਿਲਾਂ ਨੂੰ ਇਥੇ ਸੰਤਾਨ ਉਤਪਤੀ ਨਾਲ ਜੋੜ ਦਿੱਤਾ ਗਿਆ ਹੈ ਅਤੇ ਇਹ ਵਿਚਾਰ ਅੱਜ ਦਾ ਨਹੀਂ ਹਜ਼ਾਰਾਂ ਸਾਲ ਪੁਰਾਣਾ ਹੈ। ਤਿਲਾਂ ਦੇ ਬੀਜ ਨੂੰ ਸਭ ਤੋਂ ਪੁਰਾਣਾ ਬੀਜ ਮੰਨਿਆ ਗਿਆ ਹੈ। ਇਸ ਨੂੰ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਭਾਰਤੀ ਮਿੱਥ ਅਨੁਸਾਰ ਤਿਲ ਅਮਰ ਹੋਣ ਦਾ ਪ੍ਰਤੀਕ ਹਨ। ਮਹਾਂ ਵਿਸ਼ਨੂੰ ਦੀ ਇਸਤਰੀ ਮਹਾਂ ਸ੍ਰੀ ਦੇਵੀ ਵਿਚ ਵੀ ਤਿਲਾਂ ਦੇ ਗੁਣ ਹਨ। ਘਿਉ ਤੋਂ ਬਾਅਦ ਤਿਲਾਂ ਨੂੰ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ। ਅਥਰਵੇਦ ਵਿਚ ਮਾਸਾਹਾਰੀ ਪਿਸਾਚਾਂ ਅਤੇ ਰਾਕਸ਼ਸਾਂ ਅਤੇ ਭੈੜੀਆ ਰੂਹਾਂ ਨੂੰ ਅਗਨੀ ਦੇਵਤਾ ਦੂਰ ਭਜਾ ਦਿੰਦਾ ਹੈ। ਅਜਿਹਾ ਕਰਨ ਲਈ ਯੱਗ ਵਿਚ ਅਗਨੀ ਦੇਵਤਾ ਨੂੰ  ਦੇਸੀ ਘਿਉ ਅਤੇ ਤਿਲਾਂ ਦੇ ਤੇਲ ਦੀ ਆਹੂਤੀ ਦਿੱਤੀ ਜਾਂਦੀ ਹੈ। ਅਸੀਰੀਅਨ ਮਿੱਥ ਅਨੁਸਾਰ ਸੰਸਾਰ ਰਚਣ ਲਈ ਇਕੱਠੇ ਹੋਏ ਦੇਵਤਿਆਂ ਨੇ ਤਿਲਾਂ ਤੋਂ ਬਣੀ ਸ਼ਰਾਬ ਦਾ ਸੇਵਨ ਕੀਤਾ। ਲੋਹੜੀ ਦੇ ਤਿਉਹਾਰ ਨੂੰ ਸਮਝਣ ਲਈ ਤਿਲਾਂ ਦੀ ਅਜਿਹੀ ਜਾਣਕਾਰੀ ਸਾਨੂੰ ਦੂਰ ਭੂਤਕਾਲ ਤੱਕ ਲੈ ਜਾਂਦੀ ਹੈ। ਲੋਹੜੀ ਉੱਤੇ ਤਿਲਾਂ ਦੀ ਆਹੂਤੀ ਦੇਣ ਪਿੱਛੇ ਵਿਚਾਰ ਇਸ ਦੀ ਉਪਜਾਇਕ ਸ਼ਕਤੀ ਦਾ ਵਿਚਾਰ ਹੀ ਹੈ। ਇਨ੍ਹਾਂ ਦਾ ਅਗਨੀ ਨੂੰ ਅਰਪਣ ਇਕ ਤਰ੍ਹਾਂ ਨਾਲ ਮਹਾਂ ਸ੍ਰੀ ਦੇਵੀ ਨੂੰ ਅਰਪਣ ਹੈ ਜਿਸ ਤੋਂ ਵਰ ਮੰਗਿਆ ਜਾ ਰਿਹਾ ਹੈ। ਤਿਲਾਂ ਸੰਬੰਧੀ ਗੁਰਦਿੱਤ ਸਿੰਘ ਨੇ ਇਕ ਹੋਰ ਅਖਾਣ ਦਿੱਤਾ ਹੈ, ‘ਤਿਲ ਤਿੜਕਣ ਤੇ ਦਿਨ ਸਰਕਣ‘। ਇਹ ਮੰਨਿਆ ਜਾਂਦਾ ਹੈ ਕਿ ਲੋਹੜੀ ਨੂੰ ਇਕ ਘੜੀ ਦਿਨ ਵੱਡਾ ਹੋ ਜਾਂਦਾ ਹੈ। ਵੇਦਾਂ ਵਿਚ ਅਗਨੀ ਦੇਵਤਾ ਪੁਰਸ਼ ਹੈ, ਪਰ ਪੰਜਾਬੀ ਵਿਚ ਅੱਗ ਇਸਤਰੀ ਲਿੰਗ ਹੈ ਜੋ ਲੋਹੜੀ ਦੀ ਦੇਵੀ ਮੰਨੀ ਗਈ ਹੈ। ਇਹ ਤੱਥ ਇਸ ਤੱਥ ਵੱਲ ਇਸ਼ਾਰਾ ਕਰਦਾ ਹੈ ਕਿ ਲੋਹੜੀ ਦਾ ਤਿਉਹਾਰ ਪੁਰਸ਼ ਪ੍ਰਧਾਨ ਸਮਾਜ ਤੋਂ ਵੀ ਪੁਰਾਣਾ ਹੈ।

 ਸਰ ਜੇਮਜ਼ ਫਰੇਜ਼ਰ ਨੇ ਆਪਣੇ ਜਗਤ ਪ੍ਰਸਿੱਧ ਗ੍ਰੰਥ ‘ਦਾ ਗੋਲਡਨ ਬੋਅ‘ (ਸਟੱਡੀ ਇਨ ਮੈਜਿਕ ਐਂਡ ਰਿਲੀਜਨ) ਵਿਚ ਸਮੁੱਚੇ ਯੂਰਪ ਦੇ ਅਗਨੀ ਤਿਉਹਾਰਾਂ ਨੂੰ ਸੱਤ ਵਰਗਾਂ ਵਿਚ ਵੰਡਿਆ ਹੈ। 1ਥ ਦਾ ਲੈਂਟਨ ਫਾਇਰਜ਼ 2ਥ ਦਾ ਈਸਟਰ ਫਾਇਰਜ਼ 3ਥ ਦਾ ਬੈਲਟੇਨ ਫਾਇਰਜ਼ 4ਥ ਦਾ ਮਿੱਡ-ਸਮਰ ਫਾਇਰਜ਼ 5ਥ ਦਾ ਹੈਲੋਵਿਨ ਫਾਇਰਜ਼ 6ਥ ਦਾ ਮਿੱਡ ਵਿੰਟਰ ਫਾਇਰਜ਼ ਅਤੇ 7ਥ ਦਾ ਨੀਡ ਫਾਇਰਜ਼ ਇਨ੍ਹਾਂ ਸਾਰੇ ਤਿਉਹਾਰਾਂ ਦਾ ਨਿਚੋੜ ਕੱਢਦਾ ਫਰੇਜ਼ਰ ਲਿਖਦਾ ਹੈ ਕਿ, ਇਹ ਮਾਅਰਕੇ ਦੀ ਗੱਲ ਹੈ ਕਿ ਇਨ੍ਹਾਂ ਤਿਉਹਾਰਾਂ ਵਿਚ ਇਹ ਵਿਸ਼ਵਾਸ਼ ਸਾਂਝਾ ਹੈ ਕਿ ਬਲੂਤ ਦੀ ਗੇਲੀ (ੈੁਲ ਲੋਗ) ਦੀ ਅਗਨੀ ਤੋਂ ਪੈਦਾ ਹੋਈ ਰਾਖ ਨੂੰ ਸਾਰਾ ਸਾਲ ਸਾਂਭ ਕੇ ਰੱਖਿਆ ਜਾਂਦਾ ਹੈ ਕਿਉਂਕਿ ਇਸ ਨਾਲ ਘਰ ਸੁਰੱਖਿਅਤ ਰਹਿੰਦਾ ਹੈ। ਵਿਸ਼ੇਸ਼ ਤੌਰ ‘ਤੇ ਅਸਮਾਨੀ ਬਿਜਲੀ ਤੋਂ ਬਚਾਅ ਹੁੰਦਾ ਹੈ। ਫਰੇਜ਼ਰ ਇਹ ਸੰਭਵਨਾ ਵੀ ਵਿਅਕਤ ਕਰਦਾ ਹੈ ਕਿ ਸ਼ਾਇਦ ਇਹ ਆਰੀਆਂ ਦੇ ਵਿਸ਼ਵਾਸ਼ਾਂ ਦੇ ਚਿੰਨ੍ਹ ਹੋਣ ਜੋ ਬਲੂਤ ਨੂੰ (ਸੀਤਾ-ਬਿ੍ਰਖ, ਜਿਸ ਨੂੰ ਸੀਤਾ ਫ਼ਲ ਲਗਦੇ ਹਨ) ਗਰਜਣਾ ਦੇ ਦੇਵਤਾ ਵਜੋਂ ਸਵੀਕਾਰਦੇ ਹਨ। ਬਲੂਤ-ਗੇਲੀ ਦੀ ਰਾਖ਼ ਪਸ਼ੂਆਂ ਤੇ ਮਨੁੱਖਾਂ ਨੂੰ ਨਰੋਆ ਬਣਾਉਂਦੀ ਹੈ। ਇਹ ਗਾਵਾਂ ਨੂੰ ਵੱਛੇ ਪੈਦਾ ਕਰਨ ਦਾ ਬਲ ਦਿੰਦੀ ਹੈ, ਇਸ ਰਾਹੀਂ ਧਰਤੀ ਸ਼ਕਤੀ ਗ੍ਰਹਿਣ ਕਰਕੇ ਵੱਧ ਪੈਦਾਵਾਰ ਦਿੰਦੀ ਹੈ।

 ਇਸ ਉਪਰੰਤ ਫਰੇਜ਼ਰ ਅਗਨੀ ਪੂਜਾ ਦੇ ਦੋ ਸਿਧਾਂਤਾਂ ਦਾ ਜ਼ਿਕਰ ਕਰਦਾ ਹੈ। ਪਹਿਲਾ ਅਗਨੀ ਤਿਉਹਾਰ ਦਾ ਸੂਰਜੀ ਸਿਧਾਂਤ ਅਤੇ ਦੂਜਾ ਸ਼ੁੱਧੀਕਰਣ ਸਿਧਾਂਤ। ਪਰੰਤੂ ਸਾਡੇ ਲਈ ਸੂਰਜੀ ਸਿਧਾਂਤ ਵਧੇਰੇ ਮਹੱਤਵਪੂਰਣ ਹੈ ਕਿਉਂਕਿ ਭਾਰਤ ਵਿਚ ਵੀ ਸੂਰਜ ਨੂੰ ਪਹਿਲ ਦਿੱਤੀ ਜਾਂਦੀ ਹੈ। ਪਰਾ-ਇਤਿਹਾਸਕ ਕਾਲ ਤੋਂ ਹੀ ਸੂਰਜ ਦੇ ਪ੍ਰਤੀਕ ਮਿਲ ਜਾਂਦੇ ਹਨ। ਉੱਤਰ-ਇਤਿਹਾਸਕ ਕਾਲ ਅਤੇ ਹੜੱਪਾ ਮਹਿੰਜੋਦੜੋ ਦੀ ਸਭਿਅਤਾ ਵਿਚ ਵੀ ਇਹ ਚਿੰਨ੍ਹ ਮਿਲਦੇ ਹਨ। ਆਦਿ ਕਾਲੀ ਮਨੁੱਖ ਸੂਰਜ ਦੀ ਰੌਸ਼ਨੀ ਪ੍ਰਾਪਤ ਕਰਨ ਲਈ ਜਾਦੂ ਟੂਣੇ ਕਰਦਾ ਹੈ। ਇਸ ਜਾਦੂ ਦਾ ਪ੍ਰਭਾਵ ਮੌਸਮ ਅਤੇ ਬਨਸਪਤੀ ਉੱਪਰ ਪੈਂਦਾ ਮੰਨਿਆ ਗਿਆ ਹੈ। ਸੂਰਜ ਜਦੋਂ ਧਰਤੀ ਤੋਂ ਸਭ ਤੋਂ ਵੱਧ ਦੂਰ ਜਾਂ ਫਿਰ ਸਭ ਤੋਂ ਵੱਧ ਨੇੜੇ ਹੁੰਦਾ ਹੈ ਤਾਂ ਅਗਨੀ ਪੂਜਾ ਦੇ ਤਿਉਹਾਰ ਕੀਤੇ ਜਾਂਦੇ ਹਨ। ਪੋਹ ਮਹੀਨੇ ਸੂਰਜ ਧਰਤੀ ਤੋਂ ਸਭ ਤੋਂ ਦੂਰ ਮੰਨਿਆ ਜਾਂਦਾ ਹੈ ਅਤੇ ਇਸੇ ਦਿਨ ਤੋਂ ਵੱਡੇ ਦਿਨ ਸ਼ੁਰੂ ਹੁੰਦੇ ਮੰਨੇ ਗਏ ਹਨ। ਇਹ ਇਕ ਤਰ੍ਹਾਂ ਨਾਲ ਪਰਿਵਰਤਨ ਬਿੰਦੂ ਹੈ। ਇਸਾਈ ਮੱਤ ਤੋਂ ਪਹਿਲਾਂ ਵੀ ਨਾਸਤਿਕ ਤਿਉਹਾਰਾਂ ਉੱਪਰ ਸੂਰਜ ਦੇ ਜਨਮ ਦਾ ਜਸ਼ਨ ਮਨਾਇਆ ਜਾਂਦਾ ਸੀ ਅਤੇ ਇਹ ਵੀ ਮੰਨਿਆ ਜਾਂਦਾ ਸੀ ਕਿ ਸੂਰਜ ਸਾਲ ਦੇ ਸਭ ਤੋਂ ਛੋਟੇ ਦਿਨ, ਦੁਬਾਰਾ ਜਨਮ ਲੈਂਦਾ ਹੈ। ਹੰਗਰੀ, ਸਵਾਬੀਆ, ਓਬਰਮੈਡਲਿੰਗਮ ਵਿਚ 15 ਜੂਨ ਨੂੰ ਸੇਂਟ ਵਿਟਰਸ ਡੇਅ ‘ਤੇ ਗੱਡੇ ਦੇ ਪਹੀਏ ਨੂੰ ਲੁੱਕ ਲਾ ਕੇ, ਘਾਹ ਫੂਸ ਬੰਨ੍ਹ ਕੇ, ਬਾਰਾਂ ਫੁੱਟੇ ਪੋਲ ਉੱਪਰ ਟੰਗ ਕੇ ਅੱਗ ਲਾਈ ਜਾਂਦੀ ਸੀ। ਪੋਲ ਨੂੰ ਲੱਠ ਦੀ ਥਾਂ ਲਾਇਆ ਜਾਂਦਾ ਸੀ। ਪਹਾੜ ਦੀ ਸਿਖ਼ਰ ‘ਤੇ ਇਸ ਰਸਮ ਨੂੰ ਸਿਰੇ ਚੜ੍ਹਾਇਆ ਜਾਂਦਾ ਸੀ। ਲੋਹੜੀ ਸਮੇਂ ਚਰਖ਼ੇ ਦਾ ਸਾੜਨਾ ਇਸੇ ਦਾ ਪ੍ਰਤੀਕ-ਪ੍ਰਗਟਾ ਹੀ ਹੈ। ਚਰਖ਼ੇ ਦਾ ਚੱਕਰ ਸੂਰਜ ਨਾਲ ਮੇਲ ਖਾਂਦਾ ਹੈ ਅਤੇ ਇਸ ਨੂੰ ਘੁਮਾਉਣ ਦੀ ਦਿਸ਼ਾ ਵੀ ਸੂਰਜ ਵਾਲੀ ਹੀ ਹੈ।

 ਸੂਰਜ ਅਤੇ ਅਗਨੀ ਉਤਪਾਦਨ ਨੂੰ ਵਧਾਉਂਦੇ ਹਨ। ਇਹ ਵਿਸ਼ਾਵਾਸ਼ ਬਨਸਪਤੀ/ਸਾਗ ਸਬਜ਼ੀਆਂ ਤੱਕ ਹੀ ਸੀਮਤ ਨਹੀਂ, ਇਨ੍ਹਾਂ ਦਾ ਪ੍ਰਭਾਵ ਪਸ਼ੂਆਂ ਅਤੇ ਮਨੁੱਖਾਂ ਉੱਪਰ ਵੀ ਮੰਨਿਆ ਗਿਆ ਹੈ। ਮੋਰਾਕੋ ਵਿਚ ਉਹ ਜੋੜੇ ਜਿਨ੍ਹਾਂ ਦੇ ਘਰ ਔਲਾਦ ਨਹੀਂ ਉਹ ਮਿਡਸਮਰ ਅਗਨੀ ਉੱਪਰੋਂ ਟੱਪਦੇ ਹਨ ਤਾਂ ਜੋ ਉਨ੍ਹਾਂ ਦੇ ਘਰ ਔਲਾਦ ਹੋਵੇ। ਅਗਨੀ ਦੀ ਰਾਖ਼ ਖੇਤਾਂ ਵਿਚ ਖਿਲਾਰੀ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਫ਼ਸਲਾਂ ਵਿਚ ਵਾਧਾ ਹੁੰਦਾ ਮੰਨਿਆ ਗਿਆ ਹੈ। ਅਗਨੀ ਤੋਂ ਜਲਾਈ ਮਸ਼ਾਲ ਫ਼ਲਦਾਰ ਦਰਖੱਤਾਂ ਹੇਠਾਂ ਘੁਮਾਈ ਜਾਂਦੀ ਹੈ। ਪਸ਼ੂਆਂ ਨੂੰ ਅਗਨੀ ਉੱਪਰੋਂ ਲੰਘਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਵੱਧ ਤੋਂ ਵੱਧ ਵਾਧਾ ਹੋਵੇ।

 ਦੂਸਰਾ ਸਿਧਾਂਤ ਸ਼ੁੱਧੀਕਰਣ ਦਾ ਸਿਧਾਂਤ ਹੈ। ਇਸ ਸਿਧਾਂਤ ਅਨੁਸਾਰ ਅਗਨੀ ਸ਼ੁੱਧੀਕਰਣ ਕਰਦੀ ਹੈ। ਇਹ ਭੂਤ ਪ੍ਰੇਤਾਂ ਨੂੰ ਜਲਾ ਦਿੰਦੀ ਹੈ ਅਤੇ ਭੈੜੀਆਂ ਰੂਹਾਂ ਦਾ ਨਾਸ ਕਰਦੀ ਹੈ। ਜੇਮਜ਼ ਫਰੇਜ਼ਰ ਨੇ ਯੂਰਪ ਵਿਚੋਂ ਇਸ ਦੀਆਂ ਅਣਗਿਣਤ ਉਦਾਹਰਣਾਂ ਦਿੱਤੀਆਂ ਹਨ, ਪਰੰਤੂ ਜਿਵੇਂ ਕਿ ਅਸੀਂ ਕਿਹਾ ਹੈ ਕਿ ਸਾਡੀ ਲੋਹੜੀ ਸੂਰਜੀ ਸਿਧਾਂਤ ਨਾਲ ਜੁੜੀ ਹੋਈ ਹੈ। ਇਸ ਲਈ ਅਸੀਂ ਇੱਥੇ ਸ਼ੁੱਧੀਕਰਣ ਸਿਧਾਂਤ ਉੱਪਰ ਚਰਚਾ ਨਹੀਂ ਕਰ ਰਹੇ।
 ਭਾਰਤ ਵਿਚ ਹੜੱਪਾ-ਮਹਿੰਜੋਦੜੋ ਦੇ ਪੜਾਅ ਤੋਂ ਵੀ ਪਹਿਲਾਂ (3500 ਬੀਥਸੀਥ-2500 ਬੀਥਸੀਥ) ਅਗਨੀ ਪੂਜਾ ਦੇ ਨਿਸ਼ਾਨ ਮਿਲਦੇ ਹਨ। ਪਹਿਲੇ ਪੜਾਅ ਨੂੰ ਕਾਲੀਬੰਗਨ-1 ਜਾਂ ਪਹਿਲਾ ਪੜਾਅ ਕਿਹਾ ਜਾਂਦਾ ਹੈ। ਇੱਥੋਂ ਅਗਨੀ ਕੁੰਡ ਪ੍ਰਾਪਤ ਹੋਏ ਹਨ ਜਿੱਥੋਂ ਅਗਨੀ ਪੂਜਾ ਕੀਤੇ ਜਾਣ ਦੇ ਪ੍ਰਮਾਣ ਮਿਲਦੇ ਹਨ। ਨਾਲ ਹੀ ਬਲੀ ਦਿੱਤੇ ਜਾਣ ਵਾਲੀ ਜਗ੍ਹਾ ਵੀ ਮਿਲਦੀ ਹੈ। ਕੁੰਡ ਵਿਚ ਟੈਰਾਕੋਟਾ-ਪਿੰਡ ਵੀ ਮਿਲਦੇ ਹਨ ਜਿਨ੍ਹਾਂ ਦੀ ਬਲੀ ਦਿੱਤੀ ਜਾਂਦੀ ਹੋਵੇਗੀ। ਕੁਝ ਕੁੰਡਾਂ ਕੋਲੋਂ ਪਸ਼ੂਆਂ ਦੇ ਅਵਸ਼ੇਸ਼ ਮਿਲੇ ਹਨ ਜਿਨ੍ਹਾਂ ਤੋਂ ਪਸ਼ੂਆਂ ਦੀ ਬਲੀ ਦਿੱਤੇ ਜਾਣ ਦੀ ਸੰਭਾਵਨਾ ਵੀ ਨਜ਼ਰ ਆਉਂਦੀ ਹੈ।15 ਇੱਥੇ ਘਰਾਂ ਵਿਚ ਕੀਤੀ ਜਾਂਦੀ ਅਗਨੀ ਪੂਜਾ ਦੀ ਥਾਂ ਵੀ ਮਿਲੀ ਹੈ ਅਤੇ ਸਮੂਹਿਕ ਅਗਨੀ ਪੂਜਾ ਦੀ ਵੀ। ਲੋਹੜੀ ਦਾ ਸੰਬੰਧ ਸਮੂਹਿਕ ਅਗਨੀ ਪੂਜਾ ਨਾਲ ਜਾ ਜੁੜਦਾ ਹੈ।

 ਵੈਦਿਕ ਕਾਲ ਸਮੇਂ ਯੱਗ ਵਿਚ ਅਗਨੀ ਦਾ ਪ੍ਰਮੁੱਖ ਥਾਂ ਹੈ। ਅਗਨੀ ਪੁਜਾਰੀ ਅਤੇ ਦੇਵਤੇ ਵਿਚ ਵਿਚੋਲੇ ਦਾ ਕਾਰਜ ਕਰਦੀ ਹੈ। ਵੈਸ਼ਨਵ ਮੱਤ ਵਿਚ ਅਗਨੀ ਨੂੰ ਮਹਾਂਨਾਰਾਇਣ ਦੀ ਜੀਹਵਾ ਮੰਨਿਆ ਗਿਆ ਹੈ। ਇਸ ਲਈ ਅਗਨੀ ਨੂੰ ਦਿੱਤੀ ਭੇਂਟ ਮਹਾਂਨਾਰਾਇਣ ਨੂੰ ਪਹੁੰਚਦੀ ਮੰਨੀ ਜਾਂਦੀ ਹੈ। ਅਯੁਰਵੇਦ ਵਿਚ ਅਗਨੀ ਨੂੰ ਅਗਨੇਯਾਸਤਰ ਦਾ ਨਿਰਮਾਤਾ ਮੰਨਿਆ ਗਿਆ ਹੈ। ਰਿਗਵੇਦ ਵਿਚ 200 ਰਿਚਾਂ ਅਗਨੀ ਦੀ ਉਸਤਤਿ ਵਿਚ ਮਿਲਦੀਆਂ ਹਨ। ਇੱਥੇ ਇਹ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਅਗਨੀ ਪੂਜਾ ਰਿਸ਼ੀ ਹੀ ਕਰਦੇ ਸਨ, ਆਮ ਆਦਮੀ ਨਹੀਂ। ਯੱਗ ਇੰਨੇ ਕਰੜੇ ਅਨੁਸ਼ਾਸ਼ਨ ਦੀ ਮੰਗ ਕਰਦੇ ਸਨ ਕਿ ਇਨ੍ਹਾਂ ਵਿਚ ਹਰੇਕ ਤਰ੍ਹਾਂ ਦੇ ਪਸ਼ੂ ਦੀ ਬਲੀ ਦਿੱਤੀ ਜਾਂਦੀ ਸੀ। ਇਹ ਆਮ ਲੋਕਾਂ ਤੋਂ ਦੂਰ ਹੋ ਗਏ, ਇਸੇ ਲਈ ਬੁੱਧ ਧਰਮ ਅਤੇ ਜੈਨ ਮੱਤ ਇਸਦੇ ਵਿਰੁੱਧ ਖੜੇ ਹੋਏ। ਅਗਨੀ ਦਾ ਮੂੰਹ ਪੂਰਬ ਵੱਲ ਹੋਵੇਗਾ ਜਦੋਂ ਦੇਵਤੇ ਨੂੰ ਬਲੀ ਦੇਣ ਲਈ ਅਗਨੀ ਬਾਲੀ ਜਾਵੇਗੀ। ਆਤਮਾਵਾਂ ਅਤੇ ਮਰਿਆਂ ਨੂੰ ਬਲੀ ਦੇਣ ਲਈ ਇਸਦੀ ਦਿਸ਼ਾ ਦੱਖਣ ਵੱਲ ਹੋਵੇਗੀ ਅਤੇ ਖਾਣਾ ਪਕਾਉਣ ਲਈ ਅਗਨੀ ਦਾ ਮੂੰਹ ਪੱਛਮ ਵੱਲ ਹੋਵੇਗਾ। ਅਗਨੀ ਦੇ ਤਿੰਨ ਜਨਮ ਮੰਨੇ ਗਏ ਹਨ, ਇਕ ਵਾਰ ਸਵਰਗ ਵਿਚ ਸੂਰਜ ਦੇ ਰੂਪ ਵਿਚ, ਦੂਸਰਾ ਅਸਮਾਨੀ ਬਿਜਲੀ ਦੇ ਰੂਪ ਵਿਚ ਅਤੇ ਤੀਸਰਾ ਧਰਤੀ ਉਪਰਲੀ ਅੱਗ ਦੇ ਰੂਪ ਵਿਚ। ਅਗਨੀ ਦੀ ਪਤਨੀ ਸਵਾਹਾ ਹੈ ਜਿਸਦਾ ਨਾਮ ਲੈ ਕੇ ਆਹੂਤੀ ਦਿੱਤੀ ਜਾਂਦੀ ਹੈ। ਭਾਰਤੀ ਅਗਨੀ ਨੂੰ ਪਵਿੱਤਰ ਕਰਨ ਵਾਲੀ ਮੰਨਦੇ ਹਨ।16 ਇਸੇ ਲਈ ਅਗਨੀ ਪ੍ਰੀਖਿਆ ਦਾ ਵਿਚਾਰ ਵੀ ਪ੍ਰਚਲਿਤ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਰਤ ਵਿਚ ਸੂਰਜੀ ਸਿਧਾਂਤ ਅਤੇ ਸ਼ੁੱਧੀਕਰਣ ਸਿਧਾਂਤ ਮਿਸ਼ਰਤ ਰੂਪ ਵਿਚ ਪ੍ਰਚਲਿਤ ਹਨ। ਸੂਰਜੀ-ਅਗਨੀ ਧਰਤੀ ਦੇ ਮਨੁੱਖਾਂ, ਜੀਵ-ਜੰਤੂਆਂ ਅਤੇ ਬਨਸਪਤੀ ਲਈ ਜ਼ਰੂਰੀ ਹੈ, ਅਸਮਾਨੀ ਬਿਜਲੀ ਤਬਾਹੀ ਕਰਦੀ ਹੈ ਅਤੇ ਘਰੇਲੂ ਅਗਨੀ ਮਨੁੱਖ ਦੇ ਵੱਸ ਵਿਚ ਆ ਕੇ ਖਾਣਾ ਬਣਾਉਣ ਤੋਂ ਲੈ ਕੇ ਸਮੁੱਚੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ।

 ਪੁਰਾਣਾਂ ਵਿਚ ਅਗਨੀ ਕਾਮ ਦਾ ਪ੍ਰਤੀਕ ਵੀ ਹੈ ਅਤੇ ਮਾਨਵੀ ਅੰਸ਼ ਨੂੰ ਅਗਾਂਹ ਤੋਰਨ ਲਈ ਸਹਾਇਕ। ਇਕ ਮਿੱਥ ਹੈ ਕਿ ਇਕ ਵਾਰ ਪਾਰਬਤੀ ਨੇ ਦੇਵਤਿਆਂ ਨੂੰ ਸਰਾਪ ਦੇ ਦਿੱਤਾ ਉਹ ਨਿਰਸੰਤਾਨ ਰਹਿਣਗੇ। ਜਦੋਂ ਇਹ ਸਰਾਪ ਦਿੱਤਾ ਗਿਆ ਉਸ ਸਮੇਂ ਦੇਵਤਿਆਂ ਵਿਚ ਅਗਨੀ ਦੇਵਤਾ ਹਾਜ਼ਰ ਨਹੀਂ ਸੀ। ਇਕ ਸਮੇਂ ਦੇਵਤਿਆਂ ਨੂੰ ਲੋੜ ਪਈ ਕਿ ਉਹ ਵਿਰੋਧੀਆਂ ਉੱਪਰ ਵਿਜੈ ਪ੍ਰਾਪਤ ਕਰਨ। ਦੇਵਤਿਆਂ ਨੇ ਅਗਨੀ ਦੀ ਭਾਲ ਆਰੰਭ ਕੀਤੀ। ਜਿਸ ਵੀ ਜੀਵ-ਜੰਤੂ ਨੇ ਅਗਨੀ ਦਾ ਪਤਾ ਦਿੱਤਾ ਉਸਨੂੰ ਹੀ ਸਰਾਪ ਮਿਲਿਆ। ਡੱਡੂ ਨੇ ਦੱਸਿਆ ਕਿ ਅਗਨੀ ਜਲ਼ ਵਿਚ ਹੈ ਤਾਂ ਉਸਨੂੰ ਜੀਭ ਨਾ ਹੋਣ ਦਾ ਸਰਾਪ ਦਿੱਤਾ। ਹਾਥੀ ਨੇ ਦੇਵਤਿਆਂ ਨੂੰ ਕਿਹਾ ਕਿ ਅਸ਼ਵੱਥ (ਸੂਰਜ ਦਾ ਨਾਂ) ਅੱਗ ਦਾ ਹੀ ਰੂਪ ਹੈ। ਅਗਨੀ ਨੇ ਉਸਨੂੰ ਵੀ ਪੁੱਠੀ ਜੀਭ ਵਾਲਾ ਬਣਾ ਦਿੱਤਾ। ਤੋਤੇ ਨੇ ਦੱਸਿਆ ਕਿ ਅਗਨੀ ਜੰਡ18 ਦੇ ਦਰੱਖਤ ਵਿਚ ਹੈ ਤਾਂ ਉਸਨੂੰ ਵੀ ਪੁੱਠੀ ਜੀਭ ਲਾ ਦਿੱਤੀ। ਦੇਵਤਿਆਂ ਨੇ ਜੰਡ ਵਿਚ ਅਗਨੀ ਦੇ ਦਰਸ਼ਨ ਕਰਕੇ ਉਸਨੂੰ ਪੁੱਤਰ ਪੈਦਾ ਕਰਨ ਲਈ ਕਿਹਾ ਤਾਂ ਕਿ ਤਾਰਕਾਸੁਰ ਦੈਂਤ ਦਾ ਵਧ ਕੀਤਾ ਜਾ ਸਕੇ। ਅਗਨੀ ਦੇਵ ਨੇ ਸ਼ਿਵ ਦੇ ਬੀਰਜ ਨੂੰ ਗੰਗਾ ਵਿਚ ਲਿਆ ਕੇ ਸੁੱਟਿਆ ਜਿਸ ਤੋਂ ਕਾਰਤਕੇਯ ਦਾ ਜਨਮ ਹੋਇਆ। ਉਸਨੇ ਤਾਰਕਾਸੁਰ ਦਾ ਖਾਤਮਾ ਕੀਤਾ। ਇਸ ਮਿੱਥ ਦੇ ਕਈ ਵਿਸਤਾਰ ਹਨ ਪਰ ਇਸਦਾ ਪ੍ਰਤੀਕ ਇਹ ਹੀ ਬਣਦਾ ਹੈ ਕਿ ਅਗਨੀ ਦੇਵਤਾ ਪੁੱਤਰ ਪੈਦਾ ਕਰਨ ਦਾ ਸਾਧਨ ਬਣਦਾ ਹੈ। ਸਿਵਥ ਜੀ ਕੋਲ ਜਾਣ ਲਈ ਅਗਨੀ ਨੇ ਤੋਤੇ ਦਾ ਰੂਪ ਧਾਰਣ ਕੀਤਾ ਜਿਸ ਕਾਰਣ ਤੋਤਾ ਵੀ ਕਾਮ ਦਾ ਵਾਹਨ ਬਣਦਾ ਹੈ।19 ਉਪਰੋਕਤ ਲੰਬੀ ਵਿਚਾਰ ਤੋਂ ਬਾਅਦ ਅਸੀਂ ਲੋਹੜੀ ਦੇ ਸਮੁੱਚੇ ਪੱਖਾਂ ਉੱਪਰ ਵਿਚਾਰ ਕਰਨ ਦੇ ਸਮਰੱਥ ਹੋ ਗਏ ਹਾਂ।

ਲੋਹੜੀ ਅਗਨੀ ਪੂਜਾ ਦਾ ਤਿਉਹਾਰ ਹੈ ਜਿਸਦਾ ਸੰਬੰਧ ਪੂਰਵ-ਹੜੱਪਾ ਸਭਿਆਚਾਰ ਨਾਲ ਜਾ ਜੁੜਦਾ ਹੈ। ਉੱਥੇ ਅਗਨੀ ਦੀ ਸਮੂਹਿਕ ਪੂਜਾ ਨੂੰ ਲੋਕਾਂ ਨੇ ਸਾਂਭ ਕੇ ਰੱਖਿਆ। ਅਗਨੀਹੋਤਰੀਆਂ ਨੇ ਅਗਨੀ ਪੂਜਾ ਜਾਂ ਯੱਗ ਕਰਨ ਲਈ ਇਕ ਵੱਖਰਾ ਬ੍ਰਾਹਮਣ ਵਰਗ ਤਿਆਰ ਕਰ ਲਿਆ ਜਿਸ ਵਿਚ ਆਮ ਲੋਕਾਂ ਦਾ ਕੋਈ ਯੋਗਦਾਨ ਨਹੀਂ ਸੀ। ਪਰੰਤੂ ਆਮ ਲੋਕਾਂ ਨੇ ਅਗਨੀ ਪੂਜਾ ਨੂੰ ਆਪਣੇ ਢੰਗ ਨਾਲ ਜੀਵਤ ਰੱਖਿਆ। ਪੰਜਾਬੀ ਲੋਕਾਂ ਨੇ ਇਸਨੂੰ ਲੋਹੜੀ ਦੇ ਰੂਪ ਵਿਚ ਸਾਂਭਿਆ। ਉਨ੍ਹਾਂ ਨੇ ਇਸਨੂੰ ਪੋਹ ਦੀ ਆਖ਼ਰੀ ਰਾਤ ਲਈ ਰਾਖਵਾਂ ਕੀਤਾ। ਬ੍ਰਾਹਮਣੀ ਰਸਮਾਂ ਨੇ ਸੰਕ੍ਰਾਂਤੀ ਨੂੰ ਪਹਿਲ ਦਿੱਤੀ ਪਰ ਆਮ ਲੋਕਾਂ ਨੇ ਆਪਣੇ ਦਿਨ ਦਾ ਤਿਆਗ ਨਹੀਂ ਕੀਤਾ। ਅਗਨੀ ਦੇਵ ਦੀ ਪੂਜਾ ਇਸ ਲਈ ਵੀ ਕੀਤੀ ਜਾਂਦੀ ਹੈ ਕਿ ਇਹ ਪੁੱਤਰ ਦੀ ਦਾਤ ਦਿੰਦਾ ਹੈ। ਨਵੇਂ ਜੋੜਿਆਂ ਨੂੰ ਬੱਚੇ ਪੈਦਾ ਕਰਨ ਦਾ ਬਲ ਬਖ਼ਸ਼ਦਾ ਹੈ। ਅੱਗ ਵਿਚ ਤਿਲਾਂ ਵਰਗੇ ਪਵਿੱਤਰ ਬੀਜ਼ਾਂ ਦੀ ਆਹੂਤੀ ਦਿੱਤੀ ਜਾਂਦੀ ਹੈਂ ਜੋ ਫਿਰ ਉਤਪਾਦਕਤਾ ਦਾ ਪ੍ਰਤੀਕ ਹਨ ਅਤੇ ਮਾਨਵ ਵਿਰੋਧੀ ਕਾਲੀਆਂ ਸ਼ਕਤੀਆ ਦਾ ਨਾਸ਼ ਕਰਦਾ ਹੈ। ਜਠਾਣੀ ਦੇ ਵੱਧ ਤਿਲ ਸੁੱਟਣ ਨਾਲ ਪਰਿਵਾਰ ਵਿਚ ਦਰਾਣੀ ਦੇ ਘਰ ਵਧੇਰੇ ਸੰਤਾਨ ਦੀ ਸੰਭਾਵਨਾ ਹੈ। ਸੂਰਜ ਦੇ ਪ੍ਰਤੀਕ ਚਰਖੇ ਨੂੰ ਵੀ ਅਗਨੀ ਨੂੰ ਸੌਂਪਿਆ ਜਾਂਦਾ ਹੈ। ਰਾਮ ਸਰੂਪ ਰਿਖੀ ਅਤੇ ਉਸਦੀ ਪਤਨੀ (ਸਿਰਸਾ) ਨੇ ਜਾਣਕਾਰੀ ਦਿੱਤੀ ਕਿ ਲੋਹੜੀ ਸਮੇਂ ਗਾਂ ਦੀਆਂ ਦੇ ਗੋਹੇ ਦੀਆਂ ਪੰਜ ਪਾਥੀਆਂ ਲੋਹਵੀ ਬਾਲਣ ਤੋਂ ਪਹਿਲਾਂ ਹੇਠਾਂ ਰੱਖੀਆਂ ਜਾਂਦੀਆਂ। ਇਨ੍ਹਾਂ ਦੀ ਰਾਖ਼ ਬੱਚਿਆਂ ਦੇ ਤਾਲ਼ੂ ਨੂੰ ਲਾ ਕੇ ਉਨ੍ਹਾਂ ਦੀ ਕੌਡੀ ਚੁੱਕੀ ਜਾਂਦੀ ਹੈ। ਅੱਗ ਉਪਰ ਪੰਜ ਗੰਨਿਆਂ ਨੂੰ ਵੀ ‘ਪ੍ਰਸੇਕਿਆ‘ (ਗਰਮ ਕੀਤਾ) ਜਾਂਦਾ ਹੈ ਅਤੇ ਦੂਜੇ ਦਿਨ ਉਸ ਗੰਨੇ ਨੂੰ ਚੂਪਿਆ ਜਾਂਦਾ ਹੈ। ਪੰਜ ਮੂਲੀਆਂ ਨੂੰ ਅੱਗ ਉਤੋਂ ਵਾਰ ਕੇ ਅਗਲੇ ਦਿਨ ਖਾਧਾ ਜਾਂਦਾ ਹੈ।

 ਗਿਆਨੀ ਗੁਰਦਿੱਤ ਸਿੰਘ ਨੇ ਲੋਹੜੀ ਦੇ ਇਕ ਹੋਰ ਪੱਖ ਵੱਲ ਵੀ ਧਿਆਨ ਦੁਆਇਆ ਹੈ। ਉਹ ਲਿਖਦਾ ਹੈ, “ਸਵੇਰ ਹੋਣ ਤੱਕ ਉਸ ਧੂਣੀ ਦੀ ਸੁਆਹ ਵੀ ਨਹੀਂ ਲੱਭਦੀ। ਉਸ ਪਵਿੱਤਰ ਸੁਆਹ ਨੂੰ ਲੋਕ ਮੂੰਹ ਹਨੇਰੇ ਹੀ ਚੁੱਕ ਲਿਜਾਂਦੇ ਹਨ।“ ਗੁਰਦਿੱਤ ਸਿੰਘ ਨੇ ਇਹ ਤਾਂ ਨਹੀਂ ਦੱਸਿਆ ਕਿ ਇਸ ਧੂਣੀ ਦੀ ਸੁਆਹ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਂਦੀ ਹੈ। ਪ੍ਰੋਫੈਸਰ ਬੂਟਾ ਸਿੰਘ ਬਰਾੜ (ਰਿਜਨਲ ਸੈਂਟਰ, ਬਠਿੰਡਾ) ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਬਠਿੰਡੇ ਦੇ ਇਲਾਕੇ ਵਿਚ ਇਹ ਰਾਖ਼ ਡੰਗਰਾ ਹੇਠ ਖਿਲਾਰੀ ਜਾਂਦੀ ਹੈ ਅਤੇ ਲੁਧਿਆਣੇ ਦੇ ਆਸ ਪਾਸ ਇਸਨੂੰ ਖੇਤਾਂ ਵਿਚ ਖਿਲਾਰਿਆ ਜਾਂਦਾ ਹੈ। ਡੰਗਰਾਂ ਹੇਠ ਖਿਲਾਰਨ ਨਾਲ ਮਾਲ ਡੰਗਰ ਵਿਚ ਵਾਧਾ ਹੁੰਦਾ ਹੈ ਅਤੇ ਖੇਤਾਂ ਵਿਚ ਖਿਲਾਰਨ ਨਾਲ਼ ਫਸਲਾਂ ਦਾ ਝਾੜ ਵਧੇਰੇ ਮਿਲ਼ਦਾ ਹੈ।। ਇਹ ਪ੍ਰਤਾਪ ਅਗਨੀ ਦੇਵਤਾ ਦਾ ਹੀ ਹੈ। ਇਸਨੂੰ ਘਰ ਵਿਚ ਰੱਖਣ ਨਾਲ ਹੀ ਬਾਹਰੀ ਦੁਸ਼ਮਣਾਂ ਤੋਂ ਰੱਖਿਆ ਹੁੰਦੀ ਹੈ। ਦੁਆਬੇ ਵਿਚ ਲੋਹੜੀ ਦੀ ਰਾਖ਼ ਨੂੰ ਪੈਰਾਂ ਹੇਠ ਆਉਣ ਤੋਂ ਬਚਾਉਣ ਲਈ ਇਸਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ।

 ਪੰਜਾਬੀ ਲੋਕਧਾਰਾ ਵਿਚ ਅਗਨੀ-ਦੇਵ ਨਾਲ ਅਨੇਕਾਂ ਵਿਸ਼ਵਾਸ਼ ਜੁੜੇ ਹੋਏ ਹਨ। ਅਗਨੀ ਨੂੰ ਬਝਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਚੁੱਲੇ ਵਿਚ ਫੂਕ ਮਾਰਨ ਦੀ ਬਜਾਇ ਪੱਖਾ ਆਦਿ ਝੱਲ ਕੇ ਇਸਨੂੰ ਮਘਾਇਆ ਜਾਂਦਾ ਸੀ। ਅਗਨੀ ਦੇ ਰੂਪ ਦੀਵੇ ਨੂੰ ਬਝਾਉਣਾ ਨਹੀਂ ਕਿਹਾ ਜਾਂਦਾ, ‘ਵੱਡਾ ਕਰਨਾ‘ ਕਿਹਾ ਜਾਂਦਾ ਹੈ। ਅਖੰਡ ਪਾਠ ਸਮੇਂ ਲਗਾਤਾਰ ਦੇਸੀ ਘਿਉ ਦੀ ਜੋਤ ਜਗਾਈ ਜਾਂਦੀ ਹੈ। ਅਗਨੀ ਦੇਵ ਨੂੰ ਸਾਕਸ਼ੀ ਮੰਨ ਕੇ ਹਿੰਦੂ ਪਰਿਵਾਰਾਂ ਵਿਚ ਲਾਵਾਂ ਲਈਆਂ ਜਾਂਦੀਆਂ ਹਨ। ਸਿੱਖਾਂ ਦੇ ਇਕ ਸੰਪ੍ਰਦਾਇ ਨਾਮਧਾਰੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਅਗਨੀ (ਵੇਦੀ) ਦੁਆਲੇ ਵੀ ਲਾਵਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਸਾਰੇ ਭਾਰਤ ਵਿਚ ਅਗਨੀ ਦੇ ਮੰਦਰਾਂ ਵਿਚ ਇਸ ਦਾ ਪੂਜਨ ਹੁੰਦਾ ਹੈ। ਪੰਜਾਬ ਵਿਚ ਵੈਸ਼ਨੋ ਦੇਵੀ ਦੀ ਲਾਟ ਪ੍ਰਸਿੱਧ ਹੈ। ਜਵਾਲਾ ਜੀ ਦਾ ਤਾਂ ਨਾਂ ਹੀ ਸਪੱਸ਼ਟ ਹੈ। ਮੰਦਰਾਂ ਗੁਰਦਵਾਰਿਆਂ ਵਿਚ ਆਖੰਡ ਜੋਤੀ ਜਗਾਉਣਾ ਵੀ ਅਗਨੀ-ਪੂਜਾ ਦੇ ਵਿਸ਼ਵਾਸ਼ਾਂ ਨਾਲ ਹੀ ਜੁੜਿਆ ਹੋਇਆ ਹੈ। ਆਰਤੀ ਲੇਣੀ ਵੀ ਇਸੇ ਇਸੇ ਦਾ ਹੀ ਰੂਪ ਹੈ।  

 ਲੋਹੜੀ ਤੇ ਬੱਚੇ ਅਗਨੀ ਪ੍ਰਜਵਲਿਤ ਕਰਨ ਲਈ ਬਾਲਣ ਦਾ ਪ੍ਰਬੰਧ ਕਰਦੇ ਹਨ। ਲੋਹੜੀ ਅਗਨੀ ਪੂਜਾ ਦਾ ਤਿਉਹਾਰ ਸ਼ਾਇਦ ਦੁਨੀਆਂ ਦਾ ਇਕੋ ਇਕ ਤਿਉਹਾਰ ਹੈ ਜਿਸ ਉੱਪਰ ਬੱਚੇ ਗੀਤ ਵੀ ਗਾਉਂਦੇ ਹਨ। ਇਨ੍ਹਾਂ ਗੀਤਾਂ ਦਾ ਅਧਿਐਨ ਆਪਣੇ ਆਪ ਵਿਚ ਦਿਲਚਸਪ ਹੈ। ਇਨ੍ਹਾਂ ਗੀਤਾਂ ਵਿਚ ਪ੍ਰਮੁੱਖਤਾ ਬਾਲਣ ਇਕੱਠਾ ਕਰਨ ਨੂੰ ਹੈ ਜਿਸ ਨਾਲ ਅਗਨੀ ਨੂੰ ਪ੍ਰਜਵਲਿਤ ਕਰਨਾ ਹੁੰਦਾ ਹੈ। ਦਿਉ ਲੱਕੜੀ ਦਾ ਛੱਜ, ਲਿਆਉ ਗੋਹਿਆਂ ਦਾ ਛੱਜ, ਲਿਆ ਮਾਈ ਲੱਕੜੀ, ਲਿਆ ਲੱਕੜੀਆਂ ਦਾ ਗੱਡਾ, ਲਿਆ ਮਾਈ ਗੋਹਾ/ਮਾਈ ਦਾ ਬੱਚੜਾ ਨਵਾਂ ਨਰੋਆ, ਅਸੀਂ ਪਾਥੀ ਲੈ ਕੇ ਹਿੱਲਾਂਗੇ‘ ਲੋਹੜੀ ਦੇ ਗੀਤਾਂ ਵਿਚ ਦੂਸਰੀ ਵਸਤ ਮੰਗੀ ਜਾਂਦੀ ਹੈ ‘ਗੁੜ‘। ਨਾ ਸ਼ੱਕਰ (ਸ਼ੱਕਰ ਤੇਰੀ ਕੌੜੀ) ਨਾ ਹੀ ਕੋਈ ਹੋਰ ਵਸਤ ਸਿਰਫ਼ ਗੁੜ ਦੀ ਰੋੜੀ। ਕਿਸੇ ਵੀ ਸ਼ਗਨ ਵਿਹਾਰ ‘ਤੇ ਪੰਜਾਬੀ ਸਭਿਆਚਾਰ ਵਿਚ ਜਾਂ ਤਾਂ ਗੁੜ ਦਿੱਤਾ ਜਾਂਦਾ ਹੈ ਜਾਂ ਫਿਰ ਲੱਡੂ। ਇਸ ਲਈ ਇਹ ਸ਼ਗਨਾਂ ਨਾਲ ਜੁੜੀਆਂ ਵਸਤਾਂ ਮੰਨੀਆਂ ਗਈਆਂ ਹਨ। ਗੁੜ ਤਿਲਾਂ ਵਿਚ ਵੀ ਰਲਦਾ ਹੈ ਇਸ ਲਈ ਵੀ ਇਸ ਦਾ ਮਹੱਤਵ ਹੈ। ਲੋਹੜੀ ਦੇ ਗੀਤਾਂ ਵਿਚ ਤੀਸਰਾ ਪੱਖ ਹੈ ਵਰ ਜਾਂ ਅਸ਼ੀਰਵਾਦ ਦੇਣ ਦਾ। ਅਗਨੀ ਦੇਵਤਾ ਦੇ ਨਾਂ ਤੇ ਦਿੱਤੀਆਂ ਵਸਤਾਂ ਦਾ ਫ਼ਲ ਤਾਂ ਮਿਲਣਾ ਹੀ ਹੈ। ਇਸ ਲਈ ਨਵ-ਜੰਮੇ ਮੁੰਡੇ, ਉਸਦੇ ਪਿਉ, ਨਾਨੇ, ਇੱਥੋਂ ਤੱਕ ਕੇ ਵੱਡੇ ਹੋ ਕੇ ਬਣਨ ਵਾਲੇ ਸਹੁਰਿਆਂ ਨੂੰ ਵੀ ਲੰਮੀ ਉਮਰ ਭੋਗਣ ਦਾ ਵਰ ਦਿੱਤਾ ਜਾਂਦਾ ਹੈ। ‘ਤੇਰੇ ਮੁੰਡੇ ਹੋਣਗੇ ਚਾਲ਼ੀ‘, ‘ਤੇਰੇ ਮੁੰਡੇ ਜੰਮਣ ਸੱਤ‘, ‘ਆਉਣ ਬਹੂਆਂ ਚਾਲ਼ੀ‘, ‘ਘਰ ਵਹੁਟੀ ਅਵੇ ਛਣਕਦੀ‘ ਆਦਿ ਵਚਨਾਂ ਰਾਹੀਂ ਅਸੀਸਾਂ ਦਿੱਤੀਆਂ ਜਾਂਦੀਆਂ ਹਨ। ਗਿਆਨੀ ਗੁਰਦਿੱਤ ਸਿੰਘ ਅਨੁਸਾਰ ਲੋਹੜੀ ‘ਤੇ ‘ਹਰਿਆ ਭਾਗੀਂ ਭਰਿਆ‘ ਵਰਗੇ ਜਨਮ ਸਮੇਂ ਦੇ (ਬ੍ਹਿਆਈਆਂ) ਗੀਤ ਵੀ ਗਾਏ ਜਾਂਦੇ ਹਨ।

 ਦੁਆਬੇ ਵਿਚ ਖੇਤਰੀ ਕਾਰਜ ਕਰਦਿਆਂ ਉਪਰੋਕਤ ਗੀਤਾਂ ਤੋਂ ਇਲਾਵਾ ਮੈਨੂੰ ਕੁੜੀਆਂ ਦੁਆਰਾ ਗਾਏ ਜਾਣ ਵਾਲੇ ਲੰਮੇ ਗੀਤ ਵੀ ਮਿਲੇ ਹਨ। ਇਨ੍ਹਾਂ ਗੀਤਾਂ ਵਿਚ ਵੀਰ ਨੂੰ ਭੈਣ ਵਲੋਂ ਆਪਣੇ ਦੇਸ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ, ਨਾਲ ਹੀ ਸੱਸੂ ਦੀ ਬੇਰੁਖ਼ੀ ਦੀ ਉਦਾਸੀ ਵੀ ਝਲਕਦੀ ਹੈ। ਅਸਲ ਵਿਚ ਲੋਹੜੀ ਕੁੜੀਆਂ ਲਈ ਅਜਿਹਾ ਤਿਉਹਾਰ ਹੈ ਜਿਸ ‘ਤੇ ਮਾਪਿਆਂ ਵਲੋਂ ਆਪਣੀਆਂ ਧੀਆਂ ਨੂੰ ਸੌਗਾਤਾਂ ਭੇਜੀਆਂ ਜਾਂਦੀਆਂ ਹਨ। ਤਿਉਰਾਂ (ਤਿੰਨੇ ਕੱਪੜਿਆਂ) ਦੇ ਨਾਲ ਨਾਲ ਸਮੂਹ ਪਰਿਵਾਰ ਲਈ ਕੁਝ ਨਾ ਕੁਝ ਭੇਜਿਆ ਜਾਂਦਾ ਹੈ। ਇਨ੍ਹਾਂ ਗੀਤਾਂ ਵਿਚ ਇਸ ਸਭ ਦਾ ਵਿਸਤਿ੍ਰਤ ਵਰਣਨ ਮਿਲ ਜਾਂਦਾ ਹੈ। ‘ਲੋਹੜੀ ਦਾ ਮਹੀਨਾ ਚੜ੍ਹਿਆ ਮਿਲ ਜਾਈਂ ਵੀਰ ਵੇ‘ ਦੀ ਭਾਵਨਾ ਬਿਰਹਾਮਈ ਹੈ। ਜੇ ਵੀਰ ਫੌਜ ਵਿਚ ਹੈ ਤਾਂ ਉਸ ਨੂੰ ਦੁੱਧ ਪੀ ਕੇ ਜਾਣ ਦਾ ਤਰਲਾ ਹੈ। ਪਰੰਤੂ ਦੂਰ ਗਈਆਂ ਫੌਜਾਂ ਦਾ ਵਾਸਤਾ ਪਾ ਕੇ ਵੀਰ ਬਿਨਾਂ ਦੁੱਧ ਪੀਤਿਆਂ ਹੀ ਤੁਰ ਜਾਂਦਾ ਹੈ। ਭਰਾ ਵਲੋਂ ਲੋਹੜੀ ਲੈ ਕੇ ਆਉਣ ਦਾ ਭੈਣਾਂ ਦਾ ਚਾਅ ਵੀ ਇਨ੍ਹਾਂ ਗੀਤਾਂ ਵਿਚ ਸ਼ਾਮਿਲ ਹੈ ਅਤੇ ਨਾਲ ਹੀ ਵੀਰਾਂ ਦੀ ਸੁੱਖ ਵੀ ਮੰਗੀ ਗਈ ਹੈ। ਹੇਠ ਲਿਖੇ ਪੂਰੇ ਗੀਤ ਨੂੰ ਵਾਚਣ ਦੀ ਜ਼ਰੂਰਤ ਹੈ ਜਿਸ ਵਿਚ ਵੀਰ ਵਲੋਂ ਲਿਆਂਦੀਆਂ ਸੌਗਾਤਾਂ ਦੇ ਚਾਅ ਤੋਂ ਇਲਾਵਾ ਕਾਣੀ ਵੰਡ ਕਾਰਣ ਇਕ ਭੈਣ ਵਲੋਂ ਪਾਏ ‘ਭੜਥੂ‘ ਦਾ ਵੀ ਜ਼ਿਕਰ ਹੈ। ਇਨ੍ਹਾਂ ਗੀਤਾਂ ਵਿਚ ਸੌਗਾਤ ਦੇ ਰੂਪ ਵਿਚ ਗਹਿਣੇ ਲਿਆਉਣ ਦਾ ਹਵਾਲਾ ਵੀ ਆਇਆ ਹੈ। ਗੀਤ ਹੈ :

 ਲੋਹੜੀ ਦਾ ਮਹੀਨਾ ਚੜ੍ਹਿਆ, ਵੀਰ ਪ੍ਰਾਹੁਣਾ ਆਇਆ।
 ਆਉਂਦਾ ਆਉਂਦਾ ਮੰਜੀ ਤੇ ਬੈਠਾ, ਕੱਚੀ ਲੱਸੀ ਦਾ ਤਿਹਾਇਆ।
ਕੱਚੀ ਲੱਸੀ ਬਾਹਰ ਕਢਾਵਾਂ, ਕੜ੍ਹਿਆ ਦੁੱਧ ਪਿਲਾਇਆ।
ਕੜ੍ਹੇ ਹੋਏ ਦੁੱਧ ਵਿਚ ਮਿਸ਼ਰੀ ਪਾਵਾਂ, ਪੀ ਮੇਰੀ ਅੰਮਾਂ ਜਾਇਆ।
ਹੱਥਾਂ ਨੂੰ ਗੱਜਰੇ ਪੈਰਾਂ ਨੂੰ ਸਗਲੇ, ਸੱਤ ਸੱਤ ਸੂਟ ਲਿਆਇਆ।
ਇਕ ਭੈਣ ਨੂੰ ਥੋੜ੍ਹਾ ਆਇਆ ਓਨੇ ਭੜਥੂ ਪਾਇਆ।

ਕੁੜੀਆਂ ਜਦੋਂ ਕਿਸੇ ਘਰ ਜਾ ਕੇ ਲੋਹੜੀ ਮੰਗਦੀਆਂ ਲੰਮੇ ਗਾਉਣ ਦੀਆਂ ਹੇਕਾਂ ਲਾਉਂਦੀਆਂ ਹਨ ਤਾਂ ਉਨ੍ਹਾਂ ਦੀ ਆਵਾਜ਼ ਸਾਰੇ ਪਿੰਡ ਵਿਚ ਸੁਣਾਈ ਦਿੰਦੀ ਰਹੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਲੋਹੜੀ ਨਾਲ ਵਧਾਈਆ ਲੈਣ ਦੇ ਤੁਕਾਂਤ ਗੀਤ ਹੀ ਸ਼ਾਮਿਲ ਨਹੀਂ ਸਗੋਂ ਬੜੇ ਮਾਰਮਿਕ ਭਾਵਨਾ ਵਾਲੇ ਗੀਤ ਵੀ ਸ਼ਾਮਿਲ ਹਨ।

 ਇਨ੍ਹਾਂ ਸਾਰੇ ਕਾਰਣਾਂ ਕਰਕੇ ਹੀ ਲੋਹੜੀ ਸਾਰੇ ਪੰਜਾਬੀਆਂ ਦਾ ਸਾਂਝਾ ਤਿਉਹਾਰ ਹੈ। ਸਦੀਆਂ ਬਾਅਦ ਵੀ ਇਸ ਤਿਉਹਾਰ ਉੱਪਰ ਕਿਸੇ ਕਿਸਮ ਦਾ ਸੰਪ੍ਰਦਾਇਕ ਰੰਗ ਨਹੀਂ ਚੜ੍ਹ ਸਕਿਆ। ਕੇਵਲ ਇਕ ਦੰਤ ਕਥਾ ਹੀ ਇਸ ਨਾਲ ਜੁੜਦੀ ਹੈ। ਉਸਦਾ ਰੰਗ ਵੀ ਮਾਨਵਤਾਵਾਦੀ ਹੈ। ਇਹ ਹੈ ਦੁੱਲਾ ਭੱਟੀ ਦੀ ਦੰਤ ਕਥਾ। ਲੋਹੜੀ ਅਗਨੀ ਪੂਜਾ ਦਾ ਤਿਉਹਾਰ ਹੈ ਜਿਸ ਦੀਆਂ ਜੜ੍ਹਾਂ ਪੂਰਵ-ਹੜੱਪਾ ਕਾਲ ਵਿਚ ਪਈਆਂ ਹਨ। ਉਸ ਨਾਲ ਅਕਬਰ ਕਾਲ ਦੀ ਦੰਤ ਕਥਾ ਦਾ ਜੁੜਨਾ ਦੋ ਸਭਿਆਚਾਰਾਂ ਦੇ ਸਮਨਵੈ ਦਾ ਹੀ ਪ੍ਰਤੀਕ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ਲੋਹੜੀ ਸੰਬੰਧੀ ਕੁਝ ਅਣ ਸੁਲਝੇ ਸਵਾਲਾਂ ਨੂੰ ਵੀ ਸੁਲਝਾਉਣ ਦਾ ਰਾਹ ਪੱਧਰਾ ਹੋ ਸਕੇਗਾ।

(ਲੇਖਕ ਸਾਬਕਾ ਪ੍ਰੋਫੇਸਰ ਤੇ ਚੇਅਰਮੈਂਨ,  ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਹਨ)
ਸੰਪਰਕ: +91 98763-23862
ਹਰਮਨ ਪਿਆਰੇ ਅਧਿਆਪਕ ਸਨ ਡਾ. ਅੰਮ੍ਰਿਤਪਾਲ ਸਿੰਘ
ਧਰਮ ਅਤੇ ਆਬਾਦੀ – ਸਾਹਿਤਕਾਰ ਅਮਨਪ੍ਰੀਤ ਸਿੰਘ
ਵਿਰਾਸਤ ਅਤੇ ਸਭਿਆਚਾਰ ਦਾ ਫਰਕ -ਗੁਰਚਰਨ ਪੱਖੋਕਲਾਂ
ਕਿਸਾਨਾਂ ਦੀ ਹੌਸਲਾ ਅਫਜ਼ਾਈ -ਰਵੇਲ ਸਿੰਘ ਇਟਲੀ
ਨਵੇਂ ਵਰ੍ਹੇ 2016 ਨੂੰ ਜੀ ਆਇਆਂ – ਰਾਣਾ ਬੁਢਲਾਡਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਵਾਹਗੇ ਪਾਰੋਂ

ਖਾਲਿਸਤਾਨੀ ਗੁਰਪਤਵੰਤ ਪੰਨੂ ਖਿਲਾਫ ਭਾਰਤ ਸਰਕਾਰ ਦਾ ਵੱਡਾ ਐਕਸ਼ਨ! ਪਾਕਿਸਤਾਨ ਪਹੁੰਚ ਵੱਡੇ ਐਲਾਨ ਮਗਰੋਂ ਕਾਰਵਾਈ

ckitadmin
ckitadmin
September 26, 2025
ਵਿਨੋਦ ਮਿੱਤਲ ਦੀਆਂ ਕੁਝ ਕਵਿਤਾਵਾਂ
ਪ੍ਰਚੰਡ ਬਹੁਮਤ ਦਾ ਸੱਚ -ਪਰਮ ਪੜਤੇਵਾਲਾ
ਅਰਬ ਲੋਕਾਂ ਦਾ ਖ਼ੂਨ ਖਰਾਬਾ ਅਤੇ ਅਮਰੀਕੀ ਸਾਮਰਾਜਵਾਦ – ਮੁਖਤਿਆਰ ਪੂਹਲਾ
ਮਨ ਦਾ ਮੀਤ –ਐੱਸ. ਸੁਰਿੰਦਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?