ਸਭਿਆਚਾਰ ਦੇ ਸਬਦ ਰੂਪੀ ਅਰਥ ਹਨ ਸਭਿਅਤਾ + ਆਚਾਰ ਜਾਂ ਆਚਰਣ ਜਿਸ ਦਾ ਭਾਵ ਸਭਿਅਤਾ ਦਾ ਆਚਰਣ ਹੀ ਸਭਿਆਚਾਰ ਅਖਵਾਉਂਦਾ ਹੈ। ਸਭਿਆਚਾਰਕ ਹੋਣ ਦਾ ਦਾਅਵਾ ਕਰਕੇ ਕੋਈ ਚੰਗਾ ਹੋਣ ਦਾ ਸਰਟੀਫਿਕੇਟ ਨਹੀਂ ਪਰਾਪਤ ਕਰ ਸਕਦਾ। ਸਮਾਜ ਦਾ ਤਿਰਸਕਾਰਿਆ ਜਾਣ ਵਾਲਾ ਵਰਗ ਵੀ ਸਮਾਜ ਦਾ ਹੀ ਇੱਕ ਅੰਗ ਹੁੰਦਾ ਹੈ ਇਤਿਹਾਸ ਜਦ ਫੈਸਲਾ ਕਰਦਾ ਹੈ ਤਦ ਉਹ ਕਿਸੇ ਵਿਸੇਸ ਸਮੇਂ ਦੇ ਸਭਿਆਚਾਰ ਦਾ ਫੈਸਲਾ ਸਮੂਹਕ ਰੂਪ ਵਿੱਚ ਹੀ ਕਰਦਾ ਹੈ।
ਕਿਸੇ ਵੀ ਸਮੇਂ ਦੇ ਸਭਿਆਚਾਰ ਦੀ ਗੱਲ ਕਰੋ ਦੋਨੋਂ ਪੱਖ ਚੰਗੇ ਅਤੇ ਮਾੜੇ ਮੌਜੂਦ ਹੁੰਦੇ ਹਨ। ਪੁਰਾਣੇ ਸਮਿਆਂ ਦੀ ਵਿਰਾਸਤ ਦੱਸਦੀ ਹੈ ਕਿ ਜਿਵੇਂ ਸ੍ਰੀ ਰਾਮ ਦੇ ਜਮਾਨੇ ਵਿੱਚ ਇੱਕ ਪਾਸੇ ਲਾਲਚਾਂ ਦੀ ਬਾਤ ਪੈਂਦੀ ਹੈ ਦੂਸਰੇ ਪਾਸੇ ਆਪਣੀ ਔਲਾਦ ਲਈ ਕੁਰਸੀ ਪੱਕੀ ਕਰਨ ਵਾਸਤੇ ਦੂਸਰੇ ਦੀ ਔਲਾਦ ਨੂੰ ਬਣਵਾਸ ਦੀ ਸਜ਼ਾ ਦਿਵਾਈ ਜਾਂਦੀ ਹੈ। ਇੱਕ ਪਾਸੇ ਬਾਪ ਦੇ ਹੁਕਮ ਦੀ ਪਾਲਣਾ ਦੀ ਮਰਿਯਾਦਾ ਨਿਭਾਈ ਜਾਂਦੀ ਹੈ ਦੂਸਰੇ ਪਾਸੇ ਲਾਲਚ ਲਈ ਮਰਿਯਾਦਾ ਤੋੜੀ ਜਾਂਦੀ ਹੈ। ਇਸ ਤਰਾਂ ਹੀ ਗੁਰੂ ਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਵਕਤ ਕੋਈ ਹਾ ਦਾ ਨਾਅਰਾ ਮਾਰਦਾ ਹੈ ਕੋਈ ਬੱਚਿਆਂ ਨੂੰ ਸੱਪ ਦੀ ਔਲਾਦ ਦੇ ਖਿਤਾਬ ਦੇ ਰਿਹਾ ਹੈ। ਸੋ ਇਸ ਤਰਾਂ ਹੀ ਸਮਾਜ ਦੇ ਵਰਤਾਰੇ ਆਪੋ ਆਪਣੇ ਸਮੇਂ ਦਾ ਸਭਿਆਚਾਰ ਸਿਰਜਦੇ ਰਹਿੰਦੇ ਹਨ।
ਅੱਜ ਦੇ ਸਮੇਂ ਦੇ ਰਾਜੇ ਧਰਮ ਵਿਹੂਣੇ ਹੋ ਕੇ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਦੂਸਰੇ ਪਾਸੇ ਕਿਰਤੀ ਲੋਕ ਧਰਤੀ ਦਾ ਧੌਲ ਬਲਦ ਬਣਕੇ ਸਬਰ ਦੇ ਆਸਰੇ ਆਪਣੀ ਲੁੱਟ ਕਰਵਾਕੇ ਵੀ ਦਿਨ ਕੱਟੀ ਕਰੀ ਜਾ ਰਹੇ ਹਨ। ਇੱਕ ਵਰਗ ਸੱਤ ਪੁਸਤਾਂ ਦਾ ਧਨ ਜੋੜ ਕੇ ਵੀ ਬੇਸਬਰਾ ਹੋਇਆ ਪਿਆ ਹੈ ਦੂਸਰਾ ਵਰਗ ਗਰੀਬੀ ਦੀ ਜਿੱਲਤ ਵਿੱਚ ਨਿੱਤ ਦਿਨ ਨਿੱਤ ਦੀ ਰੋਟੀ ਵਾਸਤੇ ਜੂਝਦਾ ਰਹਿੰਦਾਂ ਹੈ। ਸਰਕਾਰਾਂ ਦੇ ਯਾਰ ਅਤੇ ਰਖਵਾਲੇ ਸਰਕਾਰੀ ਮੁਲਾਜ਼ਮ ਲੋੜਾਂ ਤੋਂ ਕਿਤੇ ਵੱਧ ਤਨਖਾਹਾਂ ਲੈਕੇ ਵੀ ਆਮ ਲੋਕਾਂ ਨੂੰ ਲੁੱਟਣੋ ਨਹੀਂ ਹੱਟਦੇ ਅਤੇ ਫਿਰ ਵੀ ਨਿੱਤ ਨਵੇਂ ਤਨਖਾਹ ਕਮਿਸ਼ਨਾਂ ਦੀ ਮੰਗ ਕਰਦੇ ਹਨ ਦੂਸਰੇ ਪਾਸੇ ਕਿਰਤੀ ਵਰਗ ਨਿੱਤ ਦਿਨ ਟੈਕਸਾਂ ਅਤੇ ਮਹਿੰਗਾਈ ਦੀ ਚੱਕੀ ਵਿੱਚ ਪੀਸਿਆਂ ਜਾ ਰਿਹਾ ਹੈ। ਅੱਜ ਭਾਵੇਂ ਲੁਟੇਰਾ ਮੁਲਾਜਮ ਅਤੇ ਰਾਜਨੀਤਕ ਗੱਠਜੋੜ ਧਰਮਾਤਮਾ ਹੋਣ ਦਾ ਸਰਟੀ ਫਿਕੇਟ ਵੀ ਆਪ ਹੀ ਹਾਸਲ ਕਰੀ ਜਾ ਰਿਹਾ ਹੈ ਅਤੇ ਇਸਨੂੰ ਪੜਿਆਂ ਲਿਖਿਆਂ ਦਾ ਵਿਕਸਿਤ ਸਮਾਜ ਵਾਲੇ ਸਭਿਆਚਾਰ ਦੇ ਦਾਅਵੇ ਕਰ ਰਿਹਾ ਹੈ। ਦੋਸਤੋ ਸਮੇਂ ਅਤੇ ਇਤਿਹਾਸ ਨੇ ਜਦ ਵੀ ਇਸ ਸਮੇਂ ਦੇ ਸਭਿਆਚਾਰ ਦੀ ਬਾਤ ਪਾਵੇਗਾ ਤਦ ਉਹ ਇਸ਼ ਧਰਮਾਤਮਾ ਵਰਗ ਦੀਆਂ ਧੱਜੀਆਂ ਉਡਾਵੇਗਾ । ਅੱਜ ਦੇ ਸਮੇਂ ਨੂੰ ਹਿਟਲਰਾਂ , ਚੰਗੇਜ਼ ਖਾਨਾਂ, ਸਿਕੰਦਰਾਂ ਤੋਂ ਵੀ ਬੁਰਾ ਗਰਦਾਨੇਗਾ। ਸੋ ਦੋਸਤੋ ਕੋਈ ਪੜ ਲਿਖ ਕੇ ਅਤੇ ਸਰਕਾਰਾਂ ਦਾ ਯਾਰ ਬਣਕੇ ਲੋਟੂ ਟੋਲਿਆਂ ਦੇ ਪੱਖ ਵਿੱਚ ਭੁਗਤ ਕੇ ਸਭਿਆਚਾਰਕ ਹੋਣ ਦੇ ਦਾਅਵੇ ਅਸਲ ਵਿੱਚ ਲੋਟੂ ਸਭਿਆਚਾਰ ਦਾ ਪਰਤੀਕ ਹੀ ਹੈ। ਲੋਕ ਪੱਖੀ ਸਭਿਆਚਾਰ ਦੇ ਵਾਰਸਾਂ ਦੀ ਪਛਾਣ ਨਿਤਾਣੇ ,ਨਿਮਾਣੇ, ਨਿਉਟਿਆਂ ਦੀ ਬਾਂਹਾਂ ਬਣਨ ਵਾਲੇ ਹੀ ਹੁੰਦੇ ਹਨ। ਸਾਡਾ ਸਭਿਆਚਾਰ ਜਦ ਵਿਰਾਸਤ ਦਾ ਰੂਪ ਹੋ ਕੇ ਇਤਿਹਾਸ ਬਣ ਜਾਵੇਗਾ ਤਦ ਹੀ ਅਸਲ ਪਤਾ ਲੱਗੇਗਾ ਕਿ ਅੱਜ ਦੇ ਸਮੇਂ ਦਾ ਸਭਿਆਚਾਰ ਕਿਹੋ ਜਿਹਾ ਸੀ।

