ਘਰ ਆ ਮੈਂ ਸਿੱਧਾ ਕਮਰੇ ਵਿੱਚ ਜਾ ਕੇ ਬਿਸਤਰੇ ਤੇ ਅੱਖਾਂ ਬੰਦ ਕਰਕੇ ਲੇਟ ਗਈ। ਹਾਲੇ ਵੀ ਉਸ ਨਿੱਕੀ ਜਿਹੀ ਕੁੜੀ ਦਾ ਹੱਸਦਾ ਮਾਸੂਮ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਰਿਹਾ ਸੀ ਤੇ ਉਸਦੇ ਬੋਲ ,”ਥੈਂਕ ਊ ਦੀਦੀ” ਕੰਨਾਂ ਵਿੱਚ ਮਿਸ਼ਰੀ ਘੋਲ ਰਹੇ ਸੀ। ਅੱਜ ਤੱਕ ਕਿਸੇ ਨੇ ਇੰਨੇ ਆਪਣੇਪਨ ਨਾਲ ‘ਥੈਂਕ ਊ’ ਨਹੀਂ ਕਿਹਾ ਸੀ। ਪਰ ਮਨ ਹੋਰ ਉਲਝ ਗਿਆ ਸੀ।
ਸਮਾਰੋਹ ਖਤਮ ਹੋਣ ਤੋਂ ਪਹਿਲਾਂ ਹੀ ਹੋਟਲ ਦੇ ਬਾਹਰ ਆ ਕੇ ਜਿਵੇਂ ਹੀ ਮੈਂ ਸਕੂਟਰੀ ਨੂੰ ਹੱਥ ਪਾਇਆ ਤਾਂ ਪਿੱਛੋਂ ਕਿਸੇ ਦੇ ਪੋਲੇ ਜਿਹੇ ਹੱਥ ਨੇ ਮੇਰੀ ਬਾਂਹ ਨੂੰ ਛੂਹਿਆ ਤਾਂ ਮੈਂ ਇੱਕ ਦਮ ਠੰਠਬਰ ਗਈ । ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਪੰਦਰਾਂ ਕੁ ਵਰ੍ਹਿਆਂ ਦੀ ਸਾਂਵਲੀ ਜਿਹੀ ਕੁੜੀ ਨੇ ਮੇਰੇ ਅੱਗੇ ਆਪਣਾ ਹੱਥ ਕਰ ਦਿੱਤਾ ਤੇ ਬੜੇ ਤਰਲੇ ਨਾਲ ਕਿਹਾ ,”ਏ ਦੀਦੀ ਕੁੱਝ ਦੇ-ਦੇ ਨਾ , ਮੈਨੂੰ ਭੁੱਖ ਲੱਗੀ ਹੈ।” ਜਿਵੇਂ ਹੀ ਮੈਂ ਉਸਦੇ ਹੱਥ ਤੇ ਦਸਾਂ ਦਾ ਨੋਟ ਰੱਖਿਆ ਤਾਂ ਉਸਦੇ ਪਿੱਛੋਂ ਦੋ ਹੋਰ ਉਸ ਵਰਗੀਆਂ ਕੁੜੀਆਂ ਆ ਖੜੀਆਂ।
ਮੈਂ ਹੱਸਦੇ ਹੋਏ ਕਿਹਾ,”ਉਏ ਤੁਸੀਂ ਤਾਂ ਭੈਣਾਂ ਹੋ ਤਿੰਨੇ?” ਤਾਂ ਜੋ ਸਭ ਤੋਂ ਛੋਟੀ ਸੀ ਤਾਂ ਝੱਟ ਬੋਲੀ,” ਨਾ ਦੀਦੀ ਜੀ ਅਸਾਂ ਤਾਂ ਅੱਡ-ਅੱਡ ਹਾਂ। ” ਮੇਰਾ ਹਾਸਾ ਨਿਕਲ ਗਿਆ । ਮੈਂ ਉਹਨਾਂ ਨੂੰ ਵੀ ਪੈਸੇ ਦਿੱਤੇ ਤਾਂ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਕਿ ,”ਦੀਦੀ ਇੱਥੇ ਕੀ ਹੈ ਅੱਜ?” ਮੈਂ ਹੋਟਲ ਦੇ ਵੱਲ ਇੱਕ ਨਜ਼ਰ ਮਾਰੀ ਤੇ ਆਪ ਮੁਹਾਰੇ ਕਿਹਾ,” ਇੱਥੇ ਗੱਠੜੀ ਦਾ ਭਾਰ ਘੱਟ ਹੋ ਰਿਹਾ”। ਉਹਨਾਂ ਦੇ ਕੁੱਝ ਸਮਝ ਨਾ ਪਿਆ। ਉਹ ਪੈਸੇ ਲੈ ਕੇ ਚੱਲੀਆਂ ਗਈਆਂ ਤੇ ਮੈਂ ਸਕੂਟਰੀ ਸਟਾਰਟ ਕਰਕੇ ਚੱਲਣ ਲੱਗੀ ਤਾਂ ਉਹੀ ਸਾਂਵਲੀ ਕੁੱੜੀ ਮੇਰੇ ਕੋਲ ਭ਼ੱਜ ਕੇ ਆਈ ।
ਮੈਂ ਸਕਟੂਰੀ ਬੰਦ ਕਰਕੇ ਥੋੜੇ ਗੁੱਸੇ ਨਾਲ ਪੁੱਛਿਆ,”ਉਏ ਹੁਣ ਕੀ ਹੋਇਆ?” ਉਸਨੇ ਮੇਰੇ ਵੱਲ ਧਿਆਨ ਨਾਲ ਦੇਖਿਆ ਤੇ ਦਸਾਂ ਦਾ ਨੋਟ ਮੇਰੇ ਵੱਲ ਵਧਾ ਦਿੱਤਾ। ਮੇਰੇ ਕੁੱਝ ਸਮਝ ਨਹੀਂ ਆਇਆ। ਇਸਤੋਂ ਪਹਿਲਾਂ ਕਿ ਮੈਂ ਕੁੱਝ ਬੋਲਦੀ ਉਸਨੇ ਬੋਲਣਾ ਸੁਰੂ ਕਰ ਦਿੱਤਾ,”ਦੀਦੀ ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਮੈਨੂੰ ਤੇ ਮੇਰੀ ਬੀਬੀ ਨੂੰ ਬਾਲਣ ਦੀ ਗੱਠੜੀ ਚੁਕਾਈ ਸੀ?” ਮੈਂ ਬੇਧਿਆਨੀ ਜਿਹੀ ਨਾਲ ਕਿਹਾ ,”ਪਤਾ ਨਹੀਂ” ਉਹਨੇ ਮੇਰੇ ਹੱਥ ਤੇ ਨੋਟ ਰੱਖਦੇ ਕਿਹਾ ,”ਇਹ ਤੁਹਾਡੇ ਨੇ । ਦੀਦੀ ਤੁਸੀਂ ਚੋਂਕ ਵਾਲੇ ਗੁਰਦੁਆਰੇ ਕੋਲ ਰਹਿੰਦੇ ਹੋ ਨਾ । ਅਸੀਂ ਬਾਲਣ ਚੁਗਣ ਆਉਂਦੇ ਸੀ। ਮੇਰੀ ਬੀਬੀ ਦੀ ਗੱਠੜੀ ਡਿੱਗ ਪਈ ਸੀ ਤੇ ਤੁਸੀਂ ਚੁਕਾਈ ਸੀ ਤੇ ਨਾਲ ਮੇਰੀ ਬੀਬੀ ਨੂੰ ਮੈਨੂੰ ਪੜਾਉਣ ਲਈ ਕਿਹਾ ਸੀ। ” ਮੈਂ ਇੱਕ ਦਮ ਉਸ ਵੱਲ ਗਹੁ ਨਾਲ ਦੇਖਿਆ ਤਾਂ ਮੇਰੇ ਯਾਦ ਆਇਆ।
ਸਾਲ ਕੁ ਪਹਿਲਾਂ ਇਹ ਕੁੜੀ ਤੇ ਇਸ ਮਾਂ ਘਰ ਦੇ ਖਾਲੀ ਪਲਾਟਾਂ ਵਿੱਚ ਬਾਲਣ ਚੁਗਣ ਆਉਂਦੀਆਂ ਸਨ ਤੇ ਅਕਸਰ ਮਾਤਾ ਜੀ ਤੋਂ ਪਾਣੀ ਦੀ ਬੋਤਲ ਤੇ ਕੁੱਝ ਖਾਣ ਲਈ ਲੈ ਜਾਂਦੀਆਂ ਸੀ। ਅਚਾਨਕ ਇੱਕ ਦਿਨ ਰਸਤੇ ਵਿੱਚ ਇਸਦੀ ਮਾਤਾ ਦੀ ਗੱਠੜੀ ਡਿੱਗ ਗਈ ਸੀ ਤੇ ਮੈਂ ਤੇ ਇਸ ਕੁੜੀ ਨੇ ਮਿਲ ਕੇ ਮਸਾਂ ਚੁਕਾਈ ਸੀ। ਇਹਨੇ ਗੁੱਸੇ ਨਾਲ ਕਿਹਾ ਸੀ,”ਬੀਬੀ ਤੇਰੀ ਆ ਬਾਲਣ ਦੀ ਗੱਠੜੀ ਬਾਹਲੀ ਭਾਰੀ ਹੈ। ਮੇਰੇ ਤੋਂ ਨਹੀਂ ਚੱਕ ਹੁੰਦੀ।” ਮੈਂ ਹੱਸਦੇ ਕਿਹਾ,” ਹਾਂ ਭਾਰੀ ਤਾਂ ਬਹੁਤ ਹੈ ਪਰ ਬੱਚੇ ਮੰਗਣ ਦੀ ਗੱਠੜੀ ਨਾਲੋਂ ਬਹੁਤ ਹਲਕੀ ਹੈ ਇਹ।”

