ਕੈਰੀਅਰ ਬਣਾਉਣ ਵਾਲੇ ਜੋੜਿਆਂ ਵਿਚ ਔਲਾਦ ਪ੍ਰਾਪਤੀ ’ਚ ਇਕ ਵੱਡੀ ਰੁਕਾਵਟ ਅਜੋਕੇ ਦੌਰ ਦੀਆਂ ਕੰਪਨੀਆਂ ਵੀ ਹਨ। ਕਰੀਬ ਕਰੀਬ ਸਾਰੇ ਹੀ ਕੰਪਨੀ ਪ੍ਰਬੰਧਕਾਂ ਦੀ ਇਹ ਸੋਚ ਤਾਂ ਬਣ ਹੀ ਚੁੱਕੀ ਹੈ ਕਿ ਜੇਕਰ ਕਿਸੇ ਔਰਤ ਦੇ ਨੌਕਰੀ ਦੌਰਾਨ ਬੱਚਾ ਹੁੰਦਾ ਹੈ ਜਾਂ ਉਹ ਬੱਚੇ ਵਾਲੀ ਹੈ ਤਾਂ ਉਨ੍ਹਾਂ ਦੀ ਕੰਪਨੀ ਦਾ ਕੰਮ ਪ੍ਰਭਾਵਤ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਕੰਪਨੀ ਪ੍ਰਬੰਧਕ ਵੀ ਸੋਚ ਰੱਖਦੇ ਹਨ ਕਿ ਨਵਜਨਮੇ ਬੱਚੇ ਵੱਲ ਨੌਕਰੀਪੇਸ਼ਾ ਔਰਤ ਦਾ ਧਿਆਨ ਹੋ ਜਾਂਦਾ ਹੈ ਤੇ ਉਸ ਦਾ ਕੰਮ ਪ੍ਰਭਾਵਤ ਹੋਣ ਲਾਜ਼ਮੀ ਹੈ। ਇਹ ਦੇਖਿਆ ਗਿਆ ਹੈ ਕਿ ਅੱਜ ਕੱਲ੍ਹ ਦੇ ਮੁਕਾਬਲੇ ਦੇ ਦੌਰ ’ਚ ਪਹਿਲਾਂ ਉਚ ਪੱਧਰ ਦੀ ਪੜ੍ਹਾਈ ਤੇ ਨੌਕਰੀ ਪ੍ਰਾਪਤ ਕਰਨ ਦੀ ਰੁਝੇਵੇਂ ਭਰੀ ਭੱਜਦੌੜ ’ਚ ਅਕਸਰ ਔਰਤਾਂ ਬੱਚੇ ਪੈਦਾ ਕਰਨ ਨੂੰ ਦੂਜੀ ਤਰਜ਼ੀਹ ਦੇਣ ਲੱਗ ਪਈਆਂ ਹਨ।
ਜੇਕਰ ਨੌਕਰੀਪੇਸ਼ਾ ਜੋੜਿਆਂ ਦੀ ਔਲਾਦ ਪ੍ਰਾਪਤੀ ਦੇ ਸਮੇਂ ਦੀ ਚੋਣ ਨੂੰ ਉਨ੍ਹਾਂ ਦਾ ਨਿੱਜੀ ਮਾਮਲਾ ਮੰਨ ਕੇ ਛੱਡ ਵੀ ਦਿੱਤਾ ਜਾਵੇ ਤਾਂ ਵੀ ਇਹ ਗੱਲ ਤਾਂ ਸਾਰੇ ਨੌਕਰੀਪੇਸ਼ਾ ਜੋੜਿਆਂ ਯਾਦ ਰੱਖਣੀ ਹੀ ਚਾਹੀਦੀ ਹੀ ਹੈ ਕਿ ਔਰਤ ਦੀ ਬੱਚੇ ਪੈਦਾ ਕਰਨ ਦੀ ਸਭ ਤੋਂ ਵੱਧ ਸਮੱਰਥਾ 20 ਤੋਂ 30 ਸਾਲ ਦੀ ਉਮਰ ਦੇ ਦਰਮਿਆਨ ਹੀ ਹੁੰਦੀ ਹੈ। ਇਸ ਤੋਂ ਬਾਅਦ ਔਰਤ ਦੇ ਬੱਚਾ ਪੈਦਾ ਕਰਨ ਦੀ ਸਮੱਰਥਾ ਘਟਣ ਲੱਗ ਪੈਂਦੀ ਹੈ ਤੇ 35 ਸਾਲ ਤੋਂ ਬਾਅਦ ਤਾਂ ਇਹ ਤੇਜ਼ੀ ਨਾਲ ਘਟਣ ਲੱਗ ਜਾਂਦੀ ਹੈ ਪਰ ਇਸ ਤੱਥ ਨੂੰ ਪੜ੍ਹ ਸੁਣ ਕੇ ਬੇਕਾਰ ਦੀ ਚਿੰਤਾ ’ਚ ਪੈਣ ਦੀ ਵੀ ਲੋੜ ਨਹੀਂ, ਸਗੋਂ ਯਤਨ ਕਰਨਾ ਚਾਹੀਦਾ ਹੈ ਕਿ ਗੁਜ਼ਰ ਰਹੇ ਸਮੇਂ ਨੂੰ ਦੇਖਦੇ ਹੋਏ ਸਹੀ ਫੈਸਲਾ ਲਿਆ ਜਾਵੇ।

