ਇਹ ਮਨੁੱਖੀ ਸੁਭਾਅ ਦਾ ਇੱਕ ਅਟੁੱਟ ਹਿੱਸਾ ਹੈ ਕਿ ਉਹ ਆਪਣਿਆਂ ਵਿੱਚ ਖ਼ੁਦ ਨੂੰ ਸੁਰੱਖਿਅਤ ਅਤੇ ਬੇਗ਼ਾਨਿਆਂ ਵਿੱਚ ਘਬਰਾਇਆ ਹੋਇਆ ਮਹਿਸੂਸ ਕਰਦਾ ਹੈ।ਇਸ ਤਰ੍ਹਾਂ ਦੀ ਸਥਿਤੀ ਭਾਵੇਂ ਮਨੁੱਖੀ ਜ਼ਿੰਦਗੀ ਦੇ ਹਰ ਪੜਾਅ ਵਿੱਚ ਅਸਰ ਰੱਖਦੀ ਹੈ,ਪਰ ਖ਼ਾਸ ਕਰ ਗਰਭਵਤੀ ਔਰਤ ਦੇ ਜਣੇਪੇ ਦੌਰਾਨ ਉਹ ਲੇਬਰ ਰੂਮ (ਉਹ ਜਗ੍ਹਾ ਜਿੱਥੇ ਜਣੇਪਾ ਹੁੰਦਾ ਹੈ) ਦੇ ਅੰਦਰ ਅਣਜਾਨ ਡਾਕਟਰਾਂ ਅਤੇ ਹੋਰ ਸਟਾਫ ਵਿੱਚ ਕਈ ਵਾਰ ਤਨਾਅ ਅਤੇ ਬੈਚੇਨੀ ਵਿੱਚ ਆ ਜਾਂਦੀ ਹੈ, ਜਿਸ ਦਾ ਸਿੱਧਾ ਪ੍ਰਭਾਵ ਜਣੇਪੇ ਦੇ ਨਤੀਜੇ ’ਤੇ ਵੀ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ।ਜਣੇਪੇ ਦੌਰਾਨ ਗਰਭਵਤੀ ਔਰਤ ਦੀ ਮਾਨਸਿਕਤਾ ਨੂੰ ਸਮਝਦਿਆਂ ਅਤੇ ਉਸ ਨੂੰ ਕਿਸੇ ਕਿਸਮ ਦੇ ਤਨਾਓ ਤੋਂ ਮੁਕਤ ਰੱਖਣ ਲਈ ਸਿਹਤ ਵਿਭਾਗ ਵੱਲੋਂ ‘ਜਨਮ ਸਾਥੀ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਯੋਜਨਾ ਤਹਿਤ ‘ਜਨਮ ਸਾਥੀ’ ਤੋਂ ਭਾਵ ਇੱਕ ਅਜਿਹੀ ਔਰਤ ਸਾਥੀ ਤੋਂ ਹੈ ਜੋ ਗਰਭਵਤੀ ਔਰਤ ਦੇ ਜਣੇਪੇ ਦੌਰਾਨ ਉਸ ਦੇ ਨਾਲ ਲੇਬਰ ਰੂਮ ਵਿੱਚ ਜਾਵੇਗੀ ਅਤੇ ਜਣੇਪੇ ਦੇ ਪੂਰੇ ਸਮੇਂ ਦੌਰਾਨ ਉਸ ਦੇ ਨਾਲ ਰਹੇਗੀ। ਇਸ ਯੋਜਨਾ ਦੇ ਆਉਣ ਤੋਂ ਪਹਿਲਾਂ ਜਣੇਪੇ ਦੌਰਾਨ ਲੇਬਰ ਰੂਮ ਅੰਦਰ ਸਿਰਫ ਡਾਕਟਰਾਂ ਅਤੇ ਸਬੰਧਤ ਸਟਾਫ ਨੂੰ ਹੀ ਜਾਣ ਦੀ ਆਗਿਆ ਹੁੰਦੀ ਸੀ ਨਾ ਕਿ ਗਰਭਵਤੀ ਔਰਤ ਦੇ ਰਿਸ਼ਤੇਦਾਰਾਂ ਨੂੰ।ਪੰਜਾਬ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਸ ਯੋਜਨਾ ਦੇ ਲਾਗੂ ਹੋਣ ਨਾਲ ਹੁਣ ਗਰਭਵਤੀ ਔਰਤ ਦੀ ਨਜ਼ਦੀਕੀ ਰਿਸ਼ਤੇਦਾਰ ਜਿਵੇਂ ਕਿ ਮਾਂ, ਸੱਸ, ਭੈਣ, ਨਨਾਣ ਜਾਂ ਕੋਈ ਵੀ ਅਜਿਹੀ ਔਰਤ ਗਰਭਵਤੀ ਔਰਤ ਨਾਲ ਲੇਬਰ ਰੂਮ ਅੰਦਰ ਜਣੇਪੇ ਦੌਰਾਨ ਰਹਿਸਕੇਗੀ ,ਜਿਸ ਨੂੰ ਗਰਭਵਤੀ ਅੋਰਤ ਆਪਣੇ ਜਣੇਪੇ ਦੀ ਪ੍ਰਕਿਰਿਆ ਸਮੇਂ ਆਪਣੇ ਨਾਲ ਰੱਖਣਾ ਚਾਹੁੰਦੀ ਹੋਵੇ।
ਇਸ ਯੋਜਨਾ ਤਹਿਤ ਜਨਮ ਸਾਥੀ ਬਨਣ ਦੀ ਇੱਕ ਸ਼ਰਤ ਇਹ ਵੀ ਹੈ ਕਿ ਸਬੰਧਤ ਔਰਤ ਪਹਿਲਾਂ ਖ਼ੁਦ ਕਿਸੇ ਬੱਚੇ ਦੀ ਮਾਂ ਹੋਵੇ।ਇਹ ਇਸ ਲਈ ਕਿਉਂਕਿ ਉਹ ਜਣੇਪੇ ਦੀ ਪ੍ਰਕਿਰਿਆ ਸਬੰਧੀ ਅਤੇ ਬੱਚੇ ਦੀ ਦੇਖ-ਰੇਖ ਸਬੰਧੀ ਆਪਣਾ ਗਿਆਨ ਅਤੇ ਤਜ਼ਰਬਾ,ਗਰਭਵਤੀ ਔਰਤ ਦੇ ਨਾਲ ਸਾਂਝਾ ਕਰ ਸਕੇਗੀ।ਇਸ ਦੇ ਨਾਲ ਹੀ ਉਹ ਜਲਦ ਤੋਂ ਜਲਦ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਯਕੀਨੀ ਬਣਾਉਣ ਵਿੱਚ ਵੀ ਮਦਦ ਕਰੇਗੀ ਅਤੇ ਨਵ ਜੰਮੇ ਬੱਚੇ ਨੂੰ ਤੁਰੰਤ ਗੁੜ੍ਹਤੀ ਨਾ ਖਵਾਉਣ ਸਬੰਧੀ ਦੂਜੇ ਰਿਸ਼ਤੇਦਾਰਾਂ ਨੂੰ ਜਾਗਰੂਕ ਕਰੇਗੀ।ਜਨਮ ਸਾਥੀ ਬਨਣ ਲਈ ਇਹ ਵੀ ਜ਼ਰੂਰੀ ਹੋਵੇਗਾ ਕਿ ਉਹ ਕਿਸੇ ਪ੍ਰਕਾਰ ਦੀ ਛੂਤ ਦੀ ਬਿਮਾਰੀ ਤੋਂ ਗ੍ਰਸਤ ਨਾ ਹੋਵੇ ਅਤੇ ਉਸਨੇ ਸਾਫ ਸੁਥਰੇ ਕੱਪੜੇ ਪਹਿਨੇ ਹੋਣ।ਜਣੇਪੇ ਦੌਰਾਨ ਉਸ ਨੂੰ ਸਟਾਫ ਦੇ ਕੰਮ ਅਤੇ ਇਲਾਜ ਦੇ ਤਰੀਕਿਆਂ ਵਿੱਚ ਕੋਈ ਦਖਲ-ਅੰਦਾਜ਼ੀ ਕਰਨ ਦੀ ਆਗਿਆ ਨਹੀਂ ਹੋਵੇਗੀ।

