ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਕਿ ਮੌਸਮੀ ਬਦਲਾਅ, ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਸੰਬੰਧੀ ਜਨ ਜਾਗਰੂਕਤਾ ਲਈ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਮਲੇਰੀਆ ਦਿਵਸ ਦੀ ਸਥਾਪਨਾ ਮਈ 2007 ਵਿੱਚ 60ਵੇਂ ਵਿਸ਼ਵ ਸਿਹਤ ਸਭਾ ਦੇ ਸੈਸ਼ਨ ਦੌਰਾਨ ਕੀਤੀ ਗਈ। ਮਲੇਰੀਆ ਦਿਵਸ ਪਹਿਲੀ ਵਾਰ 25 ਅਪ੍ਰੈਲ 2008 ਨੂੰ ਮਨਾਇਆ ਗਿਆ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ਼) ਦੁਆਰਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਮਲੇਰੀਆ ਵਰਗੇ ਰੋਗ ਤੇ ਜਨਤਾ ਦਾ ਧਿਆਨ ਦਿਵਾਉਣਾ ਅਤੇ ਜਾਗਰੂਕ ਕਰਨਾ ਹੈ ਜਿਸਦੀ ਵਜ੍ਹਾ ਕਰਕੇ ਹਰ ਸਾਲ ਲੱਖਾਂ ਲੋਕ ਮਰਦੇ ਹਨ।
ਮਲੇਰੀਆ ਦੇ ਪੀ.ਵਾਈਵੈਕਸ, ਪੀ.ਫੈਲਸੀਪੈਰਮ, ਪੀ.ਮਲੇਰੀ ਅਤੇ ਪੀ. ਓਵੇਲ ਚਾਰ ਤਰ੍ਹਾਂ ਦੇ ਪਰਜੀਵੀ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਪੀ.ਵਾਈਵੈਕਸ ਸਾਰੇ ਵਿਸ਼ਵ ’ਚ ਫੈਲਿਆ ਹੋਇਆ ਹੈ ਅਤੇ ਪੀ.ਫੈਲਸੀਪੈਰਮ ਸਭ ਤੋਂ ਵਧ ਘਾਤਕ ਹੈ। ਮਲੇਰੀਆ ਦਾ ਸੰਕ੍ਰਮਣ ਹੋਣ ਅਤੇ ਬਿਮਾਰੀ ਫੈਲਣ ਵਿੱਚ ਰੋਗਾਣੂ ਦੀ ਕਿਸਮ ਦੇ ਆਧਾਰ ਤੇ ਸੱਤ ਤੋ ਚਾਲੀ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਮਲੇਰੀਆਂ ਦੇ ਸ਼ੁਰੂਆਤੀ ਦੌਰ ਵਿੱਚ ਸਰਦੀ-ਜ਼ੁਕਾਮ ਜਾਂ ਪੇਟ ਦੀ ਗੜਬੜੀ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸਦੇ ਬਾਅਦ ਸਿਰ, ਸਰੀਰ ਅਤੇ ਜੋੜਾਂ ਵਿੱਚ ਦਰਦ, ਠੰਡ ਲੱਗ ਕੇ ਬੁਖਾਰ ਹੋਣਾ, ਨਬਜ਼ ਤੇਜ਼ ਹੋ ਜਾਣਾ, ਉਲਟੀ ਜਾਂ ਪਤਲੇ ਦਸਤ ਲੱਗਣਾ ਆਦਿ ਲੱਛਣ ਹਨ ਪਰੰਤੂ ਜਦ ਬੁਖਾਰ ਅਚਾਨਕ ਚੜ੍ਹ ਕੇ 3-4 ਘੰਟੇ ਰਹਿੰਦਾ ਹੈ ਅਤੇ ਅਚਾਨਕ ਉੱਤਰ ਜਾਂਦਾ ਹੈ ਇਸਨੂੰ ਮਲੇਰੀਆ ਦੀ ਸਭ ਤੋਂ ਖ਼ਤਰਨਾਕ ਸਥਿਤੀ ਮੰਨ੍ਹਿਆ ਜਾਂਦਾ ਹੈ।
ਮਲੇਰੀਆ ਤੋਂ ਬਚਾਅ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਸਾਵਧਾਨੀ ਵਜੋਂ ਵਰਤੋਂ ਵਿੱਚ ਆਉਣ ਵਾਲੇ ਕੂਲਰ ਦਾ ਪਾਣੀ ਸਮੇਂ ਸਮੇਂ ਦੇ ਬਦਲਦੇ ਰਹਿਣਾ, ਟੈਂਕੀਆਂ ਨੂੰ ਢੱਕ ਕੇ ਰੱਖਣਾ, ਕਬਾੜ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ, ਘਰਾਂ ਦੇ ਆਲੇ ਦੁਆਲੇ ਤੇ ਛੱਤਾਂ ਤੇ ਪਾਣੀ ਇੱਕਠਾ ਨਾ ਹੋਣ ਦੇਣਾ, ਮੱਛਰਦਾਨੀ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜਿਆਂ ਦੀ ਵਰਤੋਂ, ਮੱਛਰ ਸੰਬੰਧੀ ਕੀਟਨਾਸ਼ਕਾਂ ਆਦਿ ਦੀ ਯੋਗ ਵਰਤੋਂ ਸਦਕਾ ਮਲੇਰੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ।ਇੱਥੇ ਇਹ ਵਰਣਨਯੋਗ ਹੈ ਕਿ ਮਲੇਰੀਆ ਤੋਂ ਪੀੜਤ ਰੋਗੀ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਸਕਦੇ ਹਨ।
ਈਮੇਲ : bardwal.gobinder@gmail.com

