By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੋਰੋਨਾਵਾਇਰਸ ਬਾਰੇ ਜਾਣੋ: ਉਪਜ ਬਣਤਰ ਅਤੇ ਵਿਕਾਸ – ਸ਼ੁੱਭਕਰਮਦੀਪ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਕੋਰੋਨਾਵਾਇਰਸ ਬਾਰੇ ਜਾਣੋ: ਉਪਜ ਬਣਤਰ ਅਤੇ ਵਿਕਾਸ – ਸ਼ੁੱਭਕਰਮਦੀਪ ਸਿੰਘ
ਹੈਲਥ ਲਾਈਨ

ਕੋਰੋਨਾਵਾਇਰਸ ਬਾਰੇ ਜਾਣੋ: ਉਪਜ ਬਣਤਰ ਅਤੇ ਵਿਕਾਸ – ਸ਼ੁੱਭਕਰਮਦੀਪ ਸਿੰਘ

ckitadmin
Last updated: October 22, 2025 12:11 pm
ckitadmin
Published: June 22, 2020
Share
SHARE
ਲਿਖਤ ਨੂੰ ਇੱਥੇ ਸੁਣੋ

ਕੋਰੋਨਾ ਕਿੱਥੋਂ ਅਤੇ ਕਿਵੇਂ ਆਇਆ ਮਨੁੱਖਾਂ ਵਿੱਚ?

ਅੱਜ ਕੱਲ੍ਹ ਮਨੁੱਖਾਂ ਵਿੱਚ ਫੈਲੀ ਮਹਾਂਮਾਰੀ ਕੋਵਿਡ-19 ਬਾਰੇ ਜੋ ਗੱਲ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੈ ਉਹ ਹੈ ਇਸ ਦੇ ਸਰੋਤ ਅਤੇ ਉਸ ਸਰੋਤ ਤੋਂ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਨ ਬਾਰੇ। ਇਸ ਬਾਰੇ ਵੱਖ ਵੱਖ ਲੋਕਾਂ ਵੱਲੋਂ ਵੱਖ ਵੱਖ ਕਿਆਸ ਲਗਾਏ ਜਾ ਰਹੇ ਹਨ। ਸਭ ਤੋਂ ਪਹਿਲਾਂ ਅਸੀਂ ਵਾਇਰਸ, ਮਹਾਂਮਾਰੀ ਅਤੇ ਕੋਰੋਨਾ ਵਾਇਰਸ ਬਾਬਤ ਕੁਝ ਮੁੱਢਲੀ ਜਾਣਕਾਰੀ ਤੋਂ ਸ਼ੁਰੂ ਕਰਦੇ ਹਾਂ।

ਬਿਮਾਰੀਆਂ ਦੇ ਪ੍ਰਕਾਰ

ਬਿਮਾਰੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ :

– ਛੂਤ ਦੀਆਂ ਜਾਂ ਕਮਿਊਨੀਕੇਬਲ ਬਿਮਾਰੀਆਂ (Communicable Diseases): ਇਹ ਉਹ ਬਿਮਾਰੀਆਂ ਹਨ ਜੋ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਹੋ ਜਾਂਦੀਆਂ ਹਨ ਜਿਵੇਂ ਟੀ.ਬੀ., ਜ਼ੁਖਾਮ, ਕੋਰੋਨਾ, ਏਡਸ ਆਦਿ। ਇਨ੍ਹਾਂ ਬਿਮਾਰੀਆਂ ਦੇ ਫੈਲਣ ਦਾ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਅਤੇ ਇਹ ਕਈ ਵਾਰ ਮਹਾਂਮਾਰੀ ਦਾ ਰੂਪ ਵੀ ਧਾਰ ਸਕਦੀਆਂ ਹਨ।

– ਛੂਤ ਰਾਹੀਂ ਨਾ ਫੈਲਣ ਵਾਲੀਆਂ ਜਾਂ ਨਾਨ-ਕਮਿਊਨੀਕੇਬਲ ਬਿਮਾਰੀਆਂ (Non-Communicable Diseases): ਇਹ ਉਹ ਬਿਮਾਰੀਆਂ ਹਨ ਜੋ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਨਹੀਂ ਹੁੰਦੀਆਂ ਜਿਵੇਂ ਕੈਂਸਰ, ਸ਼ੂਗਰ, ਬੀ.ਪੀ. ਆਦਿ।

 

 

ਮਹਾਂਮਾਰੀ ਕੀ ਹੈ?

ਕਿਸੇ ਇੱਕ ਬਿਮਾਰੀ ਦਾ ਇੱਕ ਖਾਸ ਆਬਾਦੀ ਦੇ ਇੱਕ ਹਿੱਸੇ ਵਿੱਚ ਥੋੜੇ ਸਮੇਂ ਵਿੱਚ ਫੈਲ ਜਾਣਾ ਮਹਾਂਮਾਰੀ (Epidemic) ਕਹਾਉਂਦਾ ਹੈ। ਇਹ ਇੱਕ ਖਾਸ ਸਥਾਨ ਤੱਕ ਸੀਮਤ ਹੁੰਦੀ ਹੈ। ਜੇ ਬਿਮਾਰੀ ਸਿਰਫ ਇੱਕ ਖਾਸ ਇਲਾਕੇ ਦੀ ਬਜਾਏ ਕਈ ਮੁਲਕਾਂ ਅਤੇ ਮਹਾਂਦੀਪਾਂ ਤੱਕ ਫੈਲ ਜਾਏ ਤਾਂ ਇਸਨੂੰ ਵਿਸ਼ਵ-ਵਿਆਪੀ ਮਹਾਂਮਾਰੀ (Pandemic) ਕਹਿੰਦੇ ਹਨ।

ਇਸ ਲੇਖ ਵਿੱਚ ਮਹਾਂਮਾਰੀ ਵਿਸ਼ਵ-ਵਿਆਪੀ ਮਹਾਂਮਾਰੀ ਭਾਵ Pandemic ਲਈ ਵਰਤਿਆ ਗਿਆ ਹੈ।

ਮਹਾਂਮਾਰੀ ਫੈਲਣ ਦੇ ਕਈ ਕਾਰਨ ਹੋ ਸਕਦੇ ਹਨ:

– ਬਿਮਾਰੀ ਫੈਲਾਉਣ ਵਾਲੇ ਰੋਗਾਣੂ ਦੀ ਸਮਰਥਾ ਵੱਧ ਜਾਣਾ (Increased Virulence of Pathogen)

– ਇੱਕ ਨਵੀਂ ਤਰ੍ਹਾਂ ਦੇ ਰੋਗਾਣੂ ਦੀ ਉਤਪਤੀ (Novel Pathogen)

– ਹੋਸਟ ਦੀ ਬਿਮਾਰੀਆਂ ਨਾਲ ਲੜਣ ਦੀ ਸਮਰਥਾ ਵਿੱਚ ਬਦਲਾਵ

ਵਾਇਰਸ ਕੀ ਹੈ?

ਵਾਇਰਸ ਜਾਂ ਵਿਸ਼ਾਣੂ ਅਤਿ ਸੂਖਮ ਪਰਜੀਵੀ ਹੁੰਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਛੂਤ ਦੀਆਂ ਬਿਮਾਰੀਆਂ ਕਰਦੇ ਹਨ। ਇਹ ਸਿਰਫ ਕਿਸੇ ਮੇਜ਼ਬਾਨ ਭਾਵ ਹੋਸਟ (Host) ਦੇ ਸਰੀਰ ਵਿੱਚ ਜਾ ਕੇ ਹੀ ਜੀਵਤ ਹੁੰਦਾ ਹੈ ਅਤੇ ਆਪਣੇ ਸਰੀਰ ਦੀ ਪ੍ਰਜਣਨ  ਪ੍ਰਕਿਰਿਆ ਪੂਰੀ ਕਰਦਾ ਹੈ। ਬੈਕਟੀਰੀਆ ਜਾਂ ਜੀਵਾਣੂ ਵਾਂਗ ਇਹ ਆਪਣੇ ਆਪ ਵਿੱਚ ਜੀਵਿਤ ਨਹੀਂ ਹੁੰਦੇ। ਬੈਕਟੀਰੀਆ ਵਰਗੇ ਸੂਖਮ ਜੀਵਾਂ ਤੋਂ ਲੈ ਕੇ ਜਾਨਵਰਾਂ ਵਰਗੇ ਵੱਡ ਅਕਾਰੀ ਜੀਵਾਂ ਤੱਕ ਇਹ ਸਭ ਨੂੰ ਛੂਤ ਦੇ ਰੋਗ ਕਰ ਸਕਦਾ  ਹੈ।

images.jpg

ਵਾਇਰਸ ਦੀ ਬਣਤਰ ਕੈਸੀ ਹੁੰਦੀ ਹੈ?

ਜਦ ਵਾਇਰਸ ਕਿਸੇ ਹੋਸਟ ਸੈੱਲ ਵਿੱਚ ਨਹੀਂ ਹੁੰਦਾ ਤਾਂ ਇਹ ਅਤਿ ਸੂਖਮ ਕਣਾਂ ਦੇ ਰੂਪ ਵਿੱਚ ਰਹਿੰਦਾ ਹੈ ਜਿਸ ਨੂੰ ਵਾਇਰਾੱਨ (Virion) ਕਹਿੰਦੇ ਹਨ। ਆਮ ਤੌਰ ਤੇ ਵਾਇਰਾੱਨ ਤਿੰਨ ਹਿੱਸਿਆਂ ਦਾ ਬਣਿਆ ਹੁੰਦਾ ਹੈ:

1. ਜੈਨੇਟਿਕ ਜਾਂ ਜਿਣਸੀ ਸਮੱਗਰੀ: ਇਹ ਡੀਐੱਨਏ ਜਾਂ ਆਰਐੱਨਏ ਦੇ ਰੂਪ ਵਿੱਚ ਮੌਜੂਦ ਹੁੰਦੀ ਹੈ।

2. ਕੈਪਸਿੱਡ ਜਾਂ ਪ੍ਰੋਟੀਨ ਕੋਟ: ਇਹ ਜਿਣਸੀ ਸਮੱਗਰੀ ਦੇ ਆਲੇ-ਦੁਆਲੇ ਇੱਕ ਪ੍ਰੋਟੀਨ ਦੀ ਪਰਤ ਹੁੰਦੀ ਹੈ।

3. ਬਾਹਰਲੀ ਪਰਤ: ਲਿਪਿਡ (Lipid) ਦੀ ਬਣੀ ਹੋਈ ਇੱਕ ਬਾਹਰੀ ਪਰਤ।

ਆਪਣੀ ਪ੍ਰਜਣਨ  ਪ੍ਰਕਿਰਿਆ ਪੂਰੀ ਕਰਨ ਲਈ ਵਾਇਰਸ ਪੂਰਨ ਤੌਰ ਤੇ ਹੋਸਟ ਦੇ ਸੈੱਲ ਉੱਤੇ ਹੀ ਨਿਰਭਰ ਕਰਦਾ ਹੈ ਕਿਉਂਕਿ ਉਸ ਕੋਲ ਇਸ ਲਈ ਲੋੜੀਂਦੀ ਜਟਿਲ ਮਸ਼ੀਨਰੀ ਨਹੀਂ ਹੁੰਦੀ। ਇਹ ਆਕਾਰ ਵਿੱਚ ਬੈਕਟੀਰੀਆ ਨਾਲੋਂ ਵੀ ਕਈ ਗੁਣਾ ਛੋਟੇ ਹੁੰਦੇ ਹਨ ਅਤੇ ਖੁਰਦਬੀਨ ਰਾਹੀਂ ਹੀ ਵੇਖੇ ਜਾ ਸਕਦੇ ਹਨ। ਇਹ 20 ਨੈਨੋਮੀਟਰ ਤੋਂ 500 ਨੈਨੋਮੀਟਰ ਤੱਕ ਦੇ ਹੁੰਦੇ ਹਨ। ਕਾਲਾ ਪੀਲੀਆ (Hepatitis) ਕਰਨ ਵਾਲਾ ਵਾਇਰਸ ਆਮ ਬੈਕਟੀਰਿਆ ਤੋਂ 40 ਗੁਣਾ ਛੋਟਾ ਹੁੰਦਾ ਹੈ। ਪੋਲੀਓ ਕਰਨ ਵਾਲਾ ਵਾਇਰਸ ਨਮਕ ਦੇ ਇੱਕ ਦਾਣੇ ਤੋਂ 10,000 ਗੁਣਾ ਛੋਟਾ ਹੁੰਦਾ ਹੈ।

ਵਾਇਰਸ ਕੀ ਕਰਦੇ ਹਨ?

ਇਨ੍ਹਾਂ ਵਿੱਚੋਂ ਬਹੁਤੇ ਮਨੁੱਖਾਂ ਅਤੇ ਹੋਰ ਜੀਵਾਂ ਵਿੱਚ ਕਈ ਤਰ੍ਹਾਂ ਦੀਆਂ ਛੂਤ ਦੀਆਂ ਬਿਮਾਰੀਆਂ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਫੇਫੜਿਆਂ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਹੁੰਦੀਆਂ ਹਨ। ਵਾਇਰਸਾਂ ਦੀਆਂ ਪੰਜ ਪਰਿਵਾਰ ਜਾਂ ਫੈਮਿਲੀਆਂ ਹਨ ਜੋ ਕਿ ਸਾਹ ਦੀਆਂ ਬਿਮਾਰੀਆਂ ਕਰਦੀਆਂ ਹਨ:

1. ਆਰਥੋਮਿਕਸੋਵਿਰੀਡੇਈ ਜਾਂ ਇਨਫਲੂਐਂਜ਼ਾ ਵਾਇਰਸ (Orthomyxoviridae)

2. ਪੈਰਾਮਿਕਸੋਵਿਰੀਡੇਈ ਜਾਂ ਪੈਰਾਮਿਕਸੋ ਵਾਇਰਸ (Paramyxoviridae), ਜੋ ਖਸਰਾ (Measles) ਅਤੇ ਨੀਪਾਹ ਵਾਇਰਸ (Nipah Virus) ਬਿਮਾਰੀਆਂ ਕਰਦੇ ਹਨ।

3. ਟੋਗਾਵਿਰੀਡੇਈ (Togaviridae), ਜੋ ਰੁਬੇਲਾ (Rubella) ਦੀ ਬਿਮਾਰੀ ਕਰਦੇ ਹਨ।

4. ਪੀਕੋਰਨਾਵਿਰੀਡੇਈ (Picornaviridae), ਜੋ ਆਮ ਜ਼ੁਖਾਮ ਕਰਦੇ ਹਨ।

5. ਕੋਰੋਨਾਵਿਰੀਡੇਈ (Coronavirodae), ਜੋ ਆਮ ਜ਼ੁਖਾਮ ਅਤੇ ਕੋਵਿਡ-19 ਕਰਦੇ ਹਨ।

ਕੋਰੋਨਾ ਵਾਇਰਸ ਕੀ ਹਨ?

ਕੋਰੋਨਾ ਵਾਇਰਸ, ਕੋਰੋਨਾਵਿਰੀਡੇਈ ਪਰਿਵਾਰ ਦੇ ਵਾਇਰਸ ਹਨ ਜਿਨ੍ਹਾਂ ਵਿੱਚ ਸਿੰਗਲ ਸਟਰੈਂਡ ਪਾਜ਼ੇਟਿਵ ਆਰ.ਐੱਨ.ਏ. ਮੌਜੂਦ ਹੁੰਦਾ ਹੈ। ਇਨ੍ਹਾਂ ਦਾ ਉਪ ਪਰਿਵਾਰ ਜਾਂ ਸਭ ਫੈਮਿਲੀ ਔਰਥੋ-ਕੋਰੋਨਾਵਿਰੀਡੇਈ ਹੈ ਜਿਸ ਨੂੰ ਅਲਫਾ, ਬੀਟਾ, ਡੈਲਟਾ ਅਤੇ ਗਾਮਾ ਜੈਨਰਾ ਵਿੱਚ ਵੰਡਿਆ ਜਾ ਸਕਦਾ ਹੈ। ਕੋਰੋਨਾ ਵਾਇਰਸ ਵਾਇਰਸਾਂ ਦਾ ਇੱਕ ਅਜਿਹਾ ਸਮੂਹ ਹੈ ਜਿਹੜੇ ਥਣਧਾਰੀ ਪਸ਼ੂਆਂ (Mammals) ਅਤੇ ਪੰਛੀਆਂ ਵਿੱਚ ਸਾਹ ਦੀਆਂ ਬਿਮਾਰੀਆਂ ਕਰਦੇ ਹਨ। ਇਹ ਆਮ ਬਿਮਾਰੀਆਂ ਤੋਂ ਲੈ ਕੇ ਜਾਨਲੇਵਾ ਬਿਮਾਰੀਆਂ ਤੱਕ ਕਰਦੇ ਹਨ।

ਮਨੁੱਖਾਂ ਵਿੱਚ ਕੋਰੋਨਾ ਵਾਇਰਸ ਦੀਆਂ ਛੇ ਪ੍ਰਜਾਤੀਆਂ (Species) ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਦੇ ਦੋ ਵੱਖ ਵੱਖ ਸਟਰੇਨ (Strains) ਹਨ। ਸੋ ਕੁੱਲ ਮਿਲਾ ਕੇ ਮਨੁੱਖਾਂ ਵਿੱਚ ਕੋਰੋਨਾ ਵਾਇਰਸ ਦੇ ਸੱਤ ਵੱਖ-ਵੱਖ ਸਟਰੇਨ ਪਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਚਾਰ (HKU1, NL63, OC43 ਅਤੇ 229E) ਸਿਰਫ਼ ਆਮ ਨਜ਼ਲਾ/ਜੁਖਾਮ ਕਰਦੇ ਹਨ ਅਤੇ ਤਿੰਨ ਗੰਭੀਰ ਰੋਗ ਕਰਦੇ ਹਨ।

ਇਹ ਤਿੰਨ ਗੰਭੀਰ ਰੋਗ ਹਨ :

1. ਸਾਰਸ (SARS) ਭਾਵ ਸਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ (Severe Actue Respiratory Syndrome), ਜੋ ਸੰਨ 2002-2004 ਦੇ ਸਮੇਂ ਚੀਨ ਦੇ ਗੁਆਂਗਡਾਂਗ ਪ੍ਰਾਂਤ ਵਿੱਚ ਫੈਲੀ।

2. ਮਰਸ (MERS) ਭਾਵ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (Middle East Respiratory Syndrome), ਜੋ 2012 ਵਿੱਚ ਸਾਊਦੀ ਅਰਬ ਅਤੇ ਹੋਰਨਾਂ ਅਰਬ ਮੁਲਕਾਂ ਵਿੱਚ ਫੈਲੀ।

3. ਕੋਵਿਡ-19 (COVID-19) ਭਾਵ ਕੋਰੋਨਾਵਾਇਰਸ ਡਿਜ਼ੀਜ਼ – 2019, ਜਿਸਦੀ ਮਹਾਂਮਾਰੀ ਅੱਜਕੱਲ ਫੈਲੀ ਹੋਈ ਹੈ।

ਕੋਵਿਡ-19 ਕੀ ਹੈ?

ਸੰਨ 2019 ਦੀ ਸਰਦ ਰੁੱਤੇ ਚੀਨ ਦੇ ਵੁਹਾਨ ਵਿੱਚ ਅਣਪਛਾਤੇ ਕਾਰਨਾਂ ਕਰਕੇ ਹੋਏ ਨਮੂਨੀਏ ਦੇ ਇੱਕ ਮਰੀਜ਼ ਦੇ ਹੇਠਲੇ ਸਾਹ ਤੰਤਰ (Lower Respiratory Tract) ਵਿੱਚੋਂ ਇੱਕ ਨਵੀਂ ਕਿਸਮ ਦਾ ਕੋਰੋਨਾਵਾਇਰਸ ਮਿਲਿਆ। ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਇਸ ਦਾ ਨਾਮ 2019-nCoV(2019-ਐੱਨ ਕੋ ਵੀ) ਰੱਖਿਆ ਗਿਆ; 2019 ਨਵੀਨ ਕੋਰੋਨਾਵਾਇਰਸ (2019 novel Coronavirus) ਅਤੇ ਵਾਇਰਸਾਂ ਦੇ ਨਾਮ ਰੱਖਣ ਸੰਬੰਧੀ ਬਣੀ ਅੰਤਰਰਾਸ਼ਟਰੀ ਕਮੇਟੀ ਆਈ.ਸੀ.ਟੀ.ਵੀ. ਜਾਂ ਇੰਟਰਨੈਸ਼ਨਲ ਕਮੇਟੀ ਆਨ ਦਾ ਟੈਕਸਾੱਨਮੀ ਆੱਫ ਵਾਇਰਸਿਜ਼ (ICTV : International Committee on the Taxonomy Of Viruses) ਵੱਲੋਂ ਇਸ ਦਾ ਨਾਮ SARS-CoV-2 (ਸਾਰਸ ਕੋ ਵੀ-2) ਰੱਖਿਆ ਗਿਆ। ਕਿਉਂਕਿ ਭਾਵੇਂ ਕਿ ਨਵਾਂ ਮਿਲਿਆ ਇਹ ਕੋਰੋਨਾਵਾਇਰਸ ਮਨੁੱਖਾਂ ਵਿੱਚ ਮਿਲਣ ਵਾਲੇ ਪਿਛਲੇ ਛੇ ਕੋਰੋਨਾ ਵਾਇਰਸਾਂ ਵਰਗਾ ਹੀ ਹੈ ਪਰ ਇਸ ਦੀ ਜੈਵਿਕ ਬਣਤਰ ਸਭ ਤੋਂ ਵੱਧ ਸਾਰਸ ਕੋਰੋਨਾ ਵਾਇਰਸ SARS-CoV (ਸਾਰਸ ਕੋ ਵੀ) ਨਾਲ ਮੇਲ ਖਾਂਦੀ ਹੈ।

ਇਹ ਇੱਕ ਗੋਲਾਕਾਰ ਵਾਇਰਸ ਹੈ ਜਿਸਦਾ ਔਸਤਨ ਵਿਆਸ 125 ਨੈਨੋਮੀਟਰ ਦੇ ਕਰੀਬ ਹੈ। ਇਸ ਕੋਰੋਨਾਵਾਇਰਸ ਦੀ ਉੱਤੇ ਇੱਕ ਸਪਾਈਕ ਪ੍ਰੋਟੀਨ (Spike Protein) ਮੌਜੂਦ ਹੈ ਜੋ ਇੱਕ ਸੋਟੀ ਵਰਗੀ ਸੰਰਚਨਾ ਬਣਾਉਂਦੇ ਹਨ। ਕੋਵਿਡ-19 ਜਾਂ ਕੋਰੋਨਾਵਾਇਰਸ ਡਿਜ਼ੀਜ਼-19 ਇਸ ਨਵੇਂ ਮਿਲੇ ਕੋਰੋਨਾਵਾਇਰਸ ਤੋਂ ਹੋਣ ਵਾਲੀ ਬਿਮਾਰੀ ਹੈ।

ਹੁਣ ਅਸੀਂ ਮੁੜ ਆਪਣੀ ਮੁੱਢਲੀ ਗੱਲ ‘ਤੇ ਪਰਤਦੇ ਹਾਂ ਕਿ ਇਸ ਕੋਰੋਨਾਵਾਇਰਸ ਦੀ ਬਿਮਾਰੀ ਦਾ ਸਰੋਤ ਕੀ ਰਿਹਾ ਅਤੇ ਉਸ ਸਰੋਤ ਤੋਂ ਮਨੁੱਖੀ ਸ਼ਰੀਰ ਵਿੱਚ ਇਸਨੇ ਕਿਵੇਂ ਪ੍ਰਵੇਸ਼ ਕੀਤਾ।

ਇਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਅਸੀਂ ਪਿਛਲੇ ਤਿੰਨ ਮਹੀਨਿਆਂ ਜਾਂ ਬਹੁਤਾ ਕਰਕੇ ਪਿਛਲੇ ਦੋ ਮਹੀਨਿਆਂ ਤੋਂ ਸੁਣ ਰਹੇ ਹਾਂ। ਕਿਸੇ ਦੇ ਵਿਚਾਰ ਵਿੱਚ ਇਹ ਸਿਰਫ ਇੱਕ ਰੌਲਾ ਹੈ ਤੇ ਕਿਸੇ ਦੇ ਵਿਚਾਰ ਵਿੱਚ ਕੁੱਝ ਹੋਰ। ਕੁੱਝ ਡਾਕਟਰ ਇਸਨੂੰ ਸਿਰਫ ਇੱਕ ਆਮ ਫਲੂ ਵਰਗਾ ਹੀ ਇੱਕ ਫਲੂ ਦੱਸ ਰਹੇ ਨੇ। ਪਰ ਇੱਕ ਗੱਲ ਜੋ ਇਸ ਬਾਰੇ ਆਮ ਲੋਗਾਂ ਤੋਂ ਲੈ ਕੇ ਰੋਗਾਂ ਦੇ ਮਾਹਰਾਂ ਤੱਕ ਵੱਲੋਂ ਦੁਹਰਾਈ ਜਾਂਦੀ ਰਹੀ ਉਹ ਇਹ ਸੀ ਕਿ ਇਹ ਜੈਵਿਕ ਹਥਿਆਰ (Bioweapon) ਹੈ ਜਾਂ ਫਿਰ ਇਸਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਕਰਕੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਭੇਜਿਆ ਗਿਆ ਹੈ। ਕਿਉਂਕਿ ਇਸ ਬਿਮਾਰੀ ਦੇ ਪਹਿਲੇ ਮਰੀਜ਼ ਚੀਨ ਤੋਂ ਸਨ ਤਾਂ ਅਜਿਹੇ ਕਿਆਸਾਂ ਦਾ ਫੈਲਣਾ ਹੋਰ ਵੀ ਸੁਭਾਵਿਕ ਹੋ ਜਾਂਦਾ ਹੈ। ਇੱਕ ਤਾਂ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਜੰਗ ਚੱਲ ਰਹੀ ਹੈ ਤੇ ਰਿਸ਼ਤੇ ਤਣਾਅ ਵਿੱਚ ਹਨ। ਦੂਜਾ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਆਪਣੀ ਗ਼ਲਤੀ ਲੁਕਾਉਣ ਲਈ ਹੁਣ ਮੂਲ ਰੂਪ ਵਿੱਚ ਕੋਰੋਨਾਵਾਇਰਸ ਵਾਸਤੇ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਮੈਡੀਕਲ ਵਿਗਿਆਨ ਦੇ ਵਿਸ਼ਵ ਪ੍ਰਸਿੱਧ ਖੋਜ ਰਸਾਲੇ “ਨੇਚਰ ਮੈਡੀਸਿਨ” (Nature Medicine) ਵਿੱਚ 17 ਮਾਰਚ ਨੂੰ ਛਪੇ ਇੱਕ ਲੇਖ “ਸਾਰਸ ਕੋ ਵੀ-2 ਦਾ ਨੇੜਲਾ ਸਰੋਤ” (The Proximal Origin of SARS-CoV-2) ਵਿੱਚ ਇਸਦੇ ਸਰੋਤਾਂ ਬਾਰੇ ਵਿਗਿਆਨਕ ਜਾਣਕਾਰੀ ਦਿੱਤੀ ਗਈ। ਇਹ ਲੇਖ ਕੈਲੀਫੋਰਨੀਆ ਦੇ ਕ੍ਰਿਸਟੀਆਨ ਜੀ. ਐਂਡਰਸਨ ਜੋ ਇਨਫੈਕਸ਼ੀਅਸ ਡਿਜ਼ੀਜ਼ ਜੀਨੋਮਿਕਸ (Infectious Disease Genomics) ਦੇ ਰਿਸਰਚ ਡਾਇਰੈਕਟਰ ਹਨ; ਯੂਨੀਵਰਸਿਟੀ ਆੱਫ ਈਡਨਬਰਾੱਹ ਦੇ ਮਾੱਲੀਕਿਊਲਰ ਐਵੋਲਿਊਸ਼ਨ (Molecular Evolution) ਦੇ ਮਾਹਰ ਐਂਡਰੀਊ ਰਾਮਬਾੱਟ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਵਿਸ਼ਵ ਪ੍ਰਸਿੱਧ ਮਹਾਂਮਾਰੀ ਮਾਹਿਰ (Epidemiologist) ਇਆਨ ਲਿਪਕਨ ਨੇ ਲਿਖਿਆ ਹੈ। ਲਿਪਕਿਨ ਨੂੰ “ਵਾਇਰਸ ਦੇ ਸ਼ਿਕਾਰੀ” (virus hunter) ਵੀ ਕਿਹਾ ਜਾਂਦਾ ਹੈ। ਕੋਰੋਨਾਵਾਇਰਸ ਤੋਂ ਪਹਿਲਾਂ ਇਹ ਤਿੰਨੇਂ ਇਬੋਲਾ ਵਾਇਰਸ ਤੇ ਵੀ ਖੋਜ ਕਰ ਚੁੱਕੇ ਹਨ।

ਇਨ੍ਹਾਂ ਨੇ ਇਸ ਲੇਖ ਵਿੱਚ ਦੱਸਿਆ ਕਿ ਇਨ੍ਹਾਂ ਵੱਲੋਂ ਕੀਤੇ ਗਏ ਸਾਰਸ ਕੋ ਵੀ-2 (SARS-CoV-2) ਦੇ ਜਿਣਸੀ ਸਮੱਗਰੀ ਦੇ ਆਂਕੜਿਆਂ (Genomic Data) ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਹ ਕੋਈ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਜਾਂ ਕਿਸੇ ਖਾਸ ਮਕਸਦ ਲਈ ਸੋਧ ਕੇ ਬਣਾਇਆ ਗਿਆ ਵਾਇਰਸ ਨਹੀਂ ਹੈ।

ਸਾਰਸ ਕੋ ਵੀ-2 (SARS-CoV-2)  ਦੀ ਜੈਵਿਕ ਸਮੱਗਰੀ ਦੇ ਦੋ ਖਾਸ ਲੱਛਣ ਹਨ:

1. ਸੰਰਚਨਾਤਮਕ ਅਧਿਐਨ ਅਤੇ ਬਾਇਓ-ਕੈਮੀਕਲ ਪ੍ਰਯੋਗਾਂ ਤੋਂ ਪਤਾ ਲੱਗਦਾ ਹੈ ਕਿ ਸਾਰਸ ਕੋ ਵੀ-2 ਮਨੁੱਖੀ ਰਿਸੇਪਟਰ ਏਸ-2 (Human Receptor ACE-2) ਨਾਲ ਜੁੜਣ ਦੇ ਯੋਗ ਹੈ।

2. ਸਾਰਸ ਕੋ ਵੀ-2 (SARS-CoV-2) ਦੇ ਸਪਾਈਕ ਪ੍ਰੋਟੀਨ ਉੱਪਰ ਇੱਕ ਫੰਕਸ਼ਨਲ ਪਾੱਲੀ-ਬੇਸਿਕ (ਫਿਊਰਿਨ) ਕਲੀਵੇਜ ਸਾਈਟ (functional polybasic (furin) cleavage site) ਹੈ।

ਸਾਰਸ ਕੋ ਵੀ-2 ਦੇ ਰਿਸੈਪਟਰ ਬਾਈਂਡਿੰਗ ਡੋਮੇਨ Receptor Binding Domain (RBD) ਵਿੱਚ ਆਈਆਂ ਤਬਦੀਲੀਆਂ (Mutations): ਸੰਰਚਨਾਤਮਕ ਅਧਿਐਨ ਅਤੇ ਬਾਇਓ-ਕੈਮੀਕਲ ਪ੍ਰਯੋਗਾਂ ਤੋਂ ਪਤਾ ਲੱਗਦਾ ਹੈ ਕਿ ਸਾਰਸ ਕੋ ਵੀ-2 (SARS-CoV-2) ਦਾ ਰਿਸੈਪਟਰ ਬਾਈਂਡਿੰਗ ਡੋਮੇਨ ਮਨੁੱਖੀ ਰਿਸੇਪਟਰ ਏਸ-2 (ACE-2) ਨਾਲ ਜੁੜਣ ਦੀ ਕਾਫੀ ਤਾਂਘ (high affinity) ਰੱਖਦਾ ਹੈ। ਇਹ ਮਨੁੱਖੀ ਜਾਂ ਇਸ ਤਰ੍ਹਾਂ ਦੇ ਏਸ-2 ਉੱਪਰ ਹੋਈ ਕੁਦਰਤੀ ਚੋਣ (natural selection) ਕਾਰਨ ਹੀ ਹੋ ਸਕਦਾ ਹੈ। ਇਹ ਇਸ ਗੱਲ ਦਾ ਮਜਬੂਤ ਦਾਅਵਾ ਹੈ ਕਿ ਸਾਰਸ ਕੋ ਵੀ-2 ਕਿਸੇ ਖਾਸ ਮਕਸਦ ਲਈ ਸੋਧ ਕੇ ਬਣਾਇਆ ਗਿਆ ਵਾਇਰਸ ਨਹੀਂ ਹੈ।

ਪਾੱਲੀ-ਬੇਸਿਕ ਫਿਊਰਿਨ ਕਲੀਵੇਜ ਸਾਈਟ: ਸਾਰਸ ਕੋ ਵੀ-2 ਦੇ ਸਪਾਈਕ ਦੇ ਦੋ ਸਬ-ਯੂਨਿਟਾਂ, ਐੱਸ-1 (S1) ਅਤੇ ਐੱਸ-2 (S2) ਦੇ ਜੋੜ ਉੱਪਰ ਇੱਕ ਪਾੱਲੀ-ਬੇਸਿਕ ਫਿਊਰਿਨ ਕਲੀਵੇਜ ਸਾਈਟ (RRAR) ਮੌਜੂਦ ਹੈ। ਜੇ ਇਸਨੂੰ ਬਣਾਉਣ ਲਈ ਜੈਵਿਕ ਤਬਦੀਲੀ ਕੀਤੀ ਗਈ ਹੁੰਦੀ ਤਾਂ ਬੀਟਾ ਕੋਰੋਨਾਵਾਇਰਸਾਂ ਲਈ ਉਪਲਬਧ ਰਿਵਰਸ ਜੈਨਿਟਿਕ ਸਿਸਟਮ ਦੀ ਵਰਤੋਂ ਕੀਤੀ ਜਾਣੀ ਲਾਜ਼ਮੀ ਸੀ। ਪਰ ਜੈਵਿਕ ਸਮੱਗਰੀ ਦਾ ਅਧੀਐਨ ਇਹ ਸਿੱਧ ਕਰਦਾ ਹੈ ਕਿ ਸਾਰਸ ਕੋ ਵੀ-2 ਪਹਿਲਾਂ ਵਰਤੇ ਕਿਸੇ ਵੀ ਵਾਇਰਸ ਦੀ ਰੀੜ੍ਹ (Virus Backbone) ਤੋਂ ਪ੍ਰਾਪਤ ਨਹੀਂ ਕੀਤਾ ਗਿਆ।

ਸਾਰਸ ਕੋ ਵੀ-2 ਦੀ ਉਪਜ ਬਾਰੇ ਹੇਠ ਲਿਖੀਆਂ ਵੱਧ ਮੰਨਣਯੋਗ ਪ੍ਰਸਤਾਨਾਵਾਂ ਵੀ ਹਨ:

1. ਪਸ਼ੂਆਂ ਤੋਂ ਮਨੁੱਖਾਂ ਵਿੱਚ (Zoonotic transfer) ਆਉਣ ਤੋਂ ਪਹਿਲਾਂ ਕਿਸੇ ਪਸ਼ੂ ਮੇਜ਼ਬਾਨ (ਹੋਸਟ) ਵਿੱਚ ਹੋਈ ਕੁਦਰਤੀ ਚੋਣ:

ਕਿਉਂਕਿ ਕੋਵਿਡ-19 ਦੇ ਬਹੁਤੇ ਪਹਿਲੇ ਕੇਸ ਵੂਹਾਨ ਦੇ ਬਾਜ਼ਾਰ ਨਾਲ ਜੁੜੇ ਸਨ, ਇਹ ਹੋ ਸਕਦਾ ਹੈ ਕਿ ਇਸ ਥਾਂ ਤੇ ਕੋਈ ਪਸ਼ੂ ਸਰੋਤ (animal source) ਮੌਜੂਦ ਹੋਵੇ। ਸਾਰਸ ਕੋ ਵੀ-2 ਅਤੇ ਚਮਗਿੱਦੜ ਵਿੱਚ ਮਿਲਦੇ ਸਾਰਸ ਕੋ ਵੀ ਵਰਗੇ ਕੋਰੋਨਾਵਾਇਰਸਾਂ ਦੀਆਂ ਸਮਾਨਤਾਵਾਂ ਨੂੰ ਵੇਖਦਿਆਂ, ਇਹ ਸੰਭਵ ਹੈ ਕਿ ਚਮਗਿੱਦੜ ਇਸਦੇ ਪੂਰਵਜਾਂ ਦੇ ਵੱਡੇ ਭੰਡਾਰ ਵਾਲੇ ਹੋਸਟ (reservoir hosts) ਵਜੋਂ ਕੰਮ ਕਰਦੇ ਹੋਣ। ਰ੍ਹਾਈਨੋਲੋਫਸ ਐਫਿਨਿਸ ਚਮਗਾਦੜ (Rhinolophus affinis) ਵਿੱਚੋਂ ਮਿਲੇ RaTG 13 ਸਮੁੱਚੇ ਸਾਰਸ ਕੋ ਵੀ-2 ਨਾਲ 96 % ਮੇਲ ਖਾਂਦੇ ਹਨ।

ਗੁਆਂਗਡਾਂਗ ਸੂਬੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਆਯਾਤ ਕੀਤੇ ਮਲਾਇਅਨ ਪੈਂਗੋਲਿਨ; ਮਾਨਿਸ ਜਵਾਨਿਕਾ (Manis javanica) ਵਿੱਚ ਮਿਲਦੇ ਕੋਰੋਨਾਵਾਇਰਸ ਸਾਰਸ ਕੋ ਵੀ-2 ਵਰਗੇ ਹੀ ਹਨ। ਭਾਵੇਂ ਕਿ RaTG 13 ਚਮਗਿੱਦੜ ਵਾਲੇ ਵਾਇਰਸ ਦੀ ਜੈਵਿਕ ਸਮੱਗਰੀ ਸਾਰਸ ਕੋ ਵੀ-2 ਦੇ ਸਭ ਤੋਂ ਨੇੜਲੀ ਹੈ ਪਰ ਕੁੱਝ ਪੈਂਗੋਲਿਨ ਕੋਰੋਨਾਵਾਇਰਸਾਂ ਦੇ ਆਰ ਬੀ ਡੀ ਸਾਰਸ ਕੋ ਵੀ-2 ਦੇ ਆਰ ਬੀ ਡੀ ਨਾਲ ਕਾਫੀ ਜ਼ਿਆਦਾ ਸਮਾਨਤਾ ਰੱਖਦੇ ਹਨ। ਇੱਥੋਂ ਇਸ ਗੱਲ ਨੂੰ ਵੀ ਬਲ ਮਿਲਦਾ ਹੈ ਕਿ ਮਨੁੱਖਾਂ ਵਰਗੇ ਏਸ-2 ਨਾਲ ਜੁੜਣ ਵਾਲਾ ਸਾਰਸ ਕੋ ਵੀ-2 ਦਾ ਸਪਾਈਕ ਪ੍ਰੋਟੀਨ ਕੁਦਰਤੀ ਚੋਣ ਦਾ ਨਤੀਜਾ ਹੈ।

2. ਪਸ਼ੂਆਂ ਤੋਂ ਮਨੁੱਖਾਂ ਵਿੱਚ ਆਉਣ ਤੋਂ ਮਗਰੋਂ ਮਨੁੱਖਾਂ ਵਿੱਚ ਹੋਈ ਕੁਦਰਤੀ ਚੋਣ:

ਇਹ ਵੀ ਹੋ ਸਕਦਾ ਹੈ ਕਿ ਸਾਰਸ ਕੋ ਵੀ-2 ਦੇ ਪੂਰਵਜ ਨੇ ਇੱਕ ਵਾਰ ਪਸ਼ੂਆਂ ਤੋਂ ਮਨੁੱਖਾਂ ਵਿੱਚ ਆਉਣ ਮਗਰੋਂ, ਮਨੁੱਖਾਂ ਤੋਂ ਮਨੁੱਖਾਂ ਵਿੱਚ ਫੈਲਦੇ ਹੋਏ ਅਣਪਛਾਤੇ ਫੈਲਾਅ ਦੌਰਾਨ ਆਪਣੀ ਜੈਵਿਕ ਸਮੱਗਰੀ ਨੂੰ ਢਾਲ ਲਿਆ ਹੋਵੇ। ਜੈਵਿਕ ਸਮੱਗਰੀ ਨੂੰ ਢਾਲਣ ਮਗਰੋਂ ਮਹਾਂਮਾਰੀ ਦੀ ਸ਼ੁਰੂਆਤ ਹੋ ਗਈ ਹੋਵੇ ਅਤੇ ਇਹ ਟੈਸਟਾਂ ਜਾਂ ਹੋਰ ਤਰੀਕਿਆਂ ਨਾਲ ਇਸਦੀ ਪਛਾਣ ਲਈ ਲੋੜੀਂਦੇ ਵਿਸ਼ਾਲ ਸਮੂਹ ਵਿੱਚ ਫੈਲ ਗਿਆ ਹੋਵੇ, ਜਿੱਥੋਂ ਇਹ ਲੱਭਿਆ ਗਿਆ। ਸਾਰਸ ਕੋ ਵੀ-2 ਦੀ ਜੈਵਿਕ ਸਮੱਗਰੀ ਤੋਂ ਤਿਆਰ ਕੀਤੇ ਹੁਣ ਤੱਕ ਦੇ ਸਾਰੇ ਸੀਕੁਐਂਸਾਂ ਵਿੱਚ ਉੱਪਰ ਦਿੱਤੇ ਸਾਰੇ ਜੈਵਿਕ ਫੀਚਰ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਦਾ ਇੱਕ ਸਾਂਝਾ ਪੂਰਵਜ ਸੀ ਜਿਸ ਵਿੱਚ ਵੀ ਇਹ ਮੌਜੂਦ ਸਨ। ਪੈਂਗੋਲਿਨਾਂ ਵਿੱਚ ਮਿਲਦੇ ਵਾਇਰਸਾਂ ਦੇ ਆਰ ਬੀ ਡੀ ਦੀ ਸਾਰਸ ਕੋ ਵੀ-2 ਦੇ ਆਰ ਬੀ ਡੀ ਨਾਲ ਜਿੰਨੀ ਜ਼ਿਆਦਾ ਸਮਾਨਤਾ ਹੈ, ਉਸ ਤੋਂ ਇਹ ਲੱਗਦਾ ਹੈ ਕਿ ਇਹ ਉਸ ਵਾਇਰਸ ਵਿੱਚ ਵੀ ਸਨ ਜੋ ਮਨੁੱਖਾਂ ਵਿੱਚ ਪਹਿਲੀ ਵਾਰ ਆਇਆ ਸੀ।

ਸਾਰਸ ਕੋ ਵੀ-2 ਦੇ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਜਾਣ ਬਾਰੇ:

ਦੁਨੀਆਂ ਵਿੱਚ ਕਈ ਬਾਇਓਸੇਫਟੀ ਲੇਵਲ-2 ਪ੍ਰਯੋਗਸ਼ਾਲਾਵਾਂ ਵਿੱਚ ਸਾਰਸ ਕੋ ਵੀ ਵਰਗੇ ਕੋਰੋਨਾਵਾਇਰਸਾਂ ਉੱਪਰ ਸੈੱਲ ਕਲਚਰ ਵਿੱਚ ਅਤੇ ਪਸ਼ੂ ਮਾਡਲਾਂ ਵਿੱਚ ਕਈ ਵਰ੍ਹਿਆਂ ਤੋਂ ਪ੍ਰਯੋਗ ਚੱਲ ਰਹੇ ਹਨ। ਇਨ੍ਹਾਂ ਵਾਇਰਸਾਂ ਦੇ ਇੱਥੋਂ ਬਾਹਰ ਨਿੱਕਲ ਜਾਣ ਦੇ ਦਸਤਾਵੇਜ਼ੀ ਸਬੂਤ ਮੌਜੂਦ ਹਨ। ਸਾਨੂੰ ਸਾਰਸ ਕੋ ਵੀ-2 ਦੇ ਇੱਥੋਂ ਅਚੇਤਨ ਤੌਰ ਤੇ ਫੈਲਣ ਦੀ ਸੰਭਾਵਨਾ ਬਾਰੇ ਵੀ ਦੇਖਣਾ ਚਾਹੀਦਾ ਹੈ। ਸਿਧਾਂਤਕ ਤੌਰ ਤੇ ਇਹ ਸੰਭਵ ਹੈ ਕਿ ਸਾਰਸ ਕੋ ਵੀ-2 ਨੇ ਸੈੱਲ ਕਲਚਰ ਵਿੱਚ ਆਰ ਬੀ ਡੀ ਵਿੱਚ ਬਦਲਾਅ ਹਾਸਲ ਕਰ ਲਏ ਹੋਣ। ਪਰ ਪੈਂਗੋਲਿਨਾਂ ਵਿੱਚ ਮਿਲਦੇ ਸਾਰਸ ਕੋ ਵੀ ਵਰਗੇ ਕੋਰੋਨਾਵਾਇਰਸਾਂ ਵਿੱਚ ਵੀ ਸਾਰਸ ਕੋ ਵੀ-2 ਦੇ ਆਰ ਬੀ ਡੀ ਦੇ ਹੂ-ਬਹੂ ਆਰ ਬੀ ਡੀ ਦਾ ਮਿਲਣਾ ਇਸਦੀ ਕਿਤੇ ਜ਼ਿਆਦਾ ਤਕੜੀ ਵਿਆਖਿਆ ਕਰਦੇ ਹਨ ਕਿ ਸਾਰਸ ਕੋ ਵੀ-2 ਨੇ ਇਹ ਰੀਕੰਬੀਨੇਸ਼ਨ ਜਾਂ ਮਿਊਟੇਸ਼ਨ ਤੋਂ ਗ੍ਰਹਿਣ ਕੀਤੇ ਹਨ।

ਪਾੱਲੀਬੇਸਿਕ ਕਲੀਵੇਜ ਸਾਈਟਾਂ ਦੀ ਮੌਜੂਦਗੀ ਵੀ ਇਸਦੇ ਉਲਟ ਸਬੂਤ ਹੈ। ਸਾਰਸ ਕੋ ਵੀ-2 ਨੂੰ ਸੈੱਲ ਕਲਚਰ ਵਿੱਚ ਤਿਆਰ ਲਈ, ਇਸਦੀ ਜੈਵਿਕ ਸੰਰਵਨਾ ਨਾਲ ਕਾਫੀ ਮੇਲ ਖਾਂਦੀ ਜੈਵਿਕ ਸੰਰਚਨਾ ਵਾਲੇ ਇੱਕ ਪੂਰਵਜ ਵਾਇਰਸ ਦੀ ਲੋੜ ਸੀ, ਜਿਸ ਬਾਰੇ ਕਿਤੇ ਵੀ ਕੋਈ ਵਿਆਖਿਆ ਨਹੀਂ ਕੀਤੀ ਗਈ। ਇਸ ਮਗਰੋਂ ਪਾੱਲੀਬੇਸਿਕ ਕਲੀਵੇਜ ਸਾਈਟ ਬਣਾਉਣ ਲਈ ਵੀ ਸੈੱਲ ਕਲਚਰ ਵਿੱਚ ਜਾਂ ਮਨੁੱਖਾਂ ਵਰਗੇ ਏਸ-2 ਰਿਸੈਪਟਰਾਂ ਵਾਲੇ ਪਸ਼ੂਆਂ ਵਿੱਚ ਦੀ ਇਸਨੂੰ ਕਈ ਵਾਰ ਲੰਘਣਾ ਪੈਣਾ ਸੀ ਪਰ ਅਜਿਹੇ ਕੰਮ ਬਾਰੇ ਪਹਿਲਾਂ ਕਿਤੇ ਵਿਆਖਿਆ ਨਹੀਂ ਕੀਤੀ ਗਈ।

ਇਸ ਖੋਜ ਦਾ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਸਦੇ ਜ਼ਿਆਦਾ ਆਸਾਰ ਹਨ ਕਿ ਸਾਰਸ ਕੋ ਵੀ-2 ਕਿਸੇ ਪ੍ਰਯੋਗਸ਼ਾਲਾ ਚ ਤਿਆਰ ਨਹੀਂ ਬਲਕਿ ਕੁਦਰਤੀ ਚੋਣ ਅਤੇ ਕੁਦਰਤੀ ਐਵੋਲਿਊਸ਼ਨ ਦੌਰਾਨ ਵਿਕਸਿਤ ਹੋਇਆ ਹੈ।

ਕੋਰੋਨਾ ਅਤੇ ਫਲੂ ਵਿੱਚ ਕੀ ਫਰਕ ਹੈ?

ਫਲੂ ਜਾਂ ਇਨਫਲੂਐਂਜ਼ਾ (Influenza) ਵਾਇਰਸ ਰਾਹੀਂ ਫੈਲਣ ਵਾਲੀ ਸਾਹ ਦੀ ਬਿਮਾਰੀ ਹੈ। ਇਹ ਆਰਥੋਮਿਕਸੋਵਿਰੀਡੇਈ (Orthomyxoviridae) ਪਰਿਵਾਰ ਦੇ ਵਾਇਰਸਾਂ ਕਰਕੇ ਹੁੰਦੀ ਹੈ। ਇਹ ਬਹੁਤੀ ਵਾਰ ਠੰਡੇ ਮੁਲਕਾਂ ਵਿੱਚ ਹੀ ਹੁੰਦੀ ਹੈ। ਜਦਕਿ ਕੋਵਿਡ-19 ਕੋਰੋਨਾ ਵਾਇਰਸ ਕਰਕੇ ਹੁੰਦੀ ਹੈ ਜੋ ਇੱਕ ਵੱਖਰੇ ਪਰਿਵਾਰ ਦਾ ਵਾਇਰਸ ਹੈ ਜਿਸਦੀ ਬਣਤਰ ਅਤੇ ਕੰਮ ਕਰਨ ਦਾ ਢੰਗ ਬਿਲਕੁਲ ਵੱਖਰਾ ਹੈ। ਇਸ ਬਿਮਾਰੀ ਬਾਰੇ ਵਿਗਿਆਨ ਕੋਲ ਕਾਫੀ ਜਾਣਕਾਰੀ ਹੈ, ਇਹ ਕਿੱਥੇ ਅਤੇ ਕਿਵੇਂ ਹੁੰਦੀ ਹੈ, ਕਿਹੜੇ ਮੁਲਕਾਂ ਵਿੱਚ ਜ਼ਿਆਦਾ ਹੁੰਦੀ ਹੈ, ਇਸਦਾ ਇਲਾਜ ਕੀ ਹੈ ਆਦਿ। ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਦੇ ਸਰੀਰ ਤੇ ਇਸ ਬਿਮਾਰੀ ਕਾਰਨ ਹੋਰ ਕੀ ਅਸਰ ਹੋਏ ਹਨ ਅਤੇ ਭਵਿੱਖ ਵਿੱਚ ਕੀ ਹੋ ਸਕਦੇ ਹਨ, ਇਸ ਬਾਰੇ ਅਜੇ ਖੋਜ ਕੀਤੀ ਜਾ ਰਹੀ ਹੈ ਜਦਕਿ ਫਲੂ ਬਾਰੇ ਅਜਿਹੇ ਹਰ ਪਹਿਲੂਆਂ ਦੀ ਕਾਫੀ ਡੂੰਘੀ ਜਾਣਕਾਰੀ ਮੌਜੂਦ ਹੈ।

ਫਲੂ ਨਾਲ ਇਸ ਸਾਲ 1,70,000 ਦੇ ਕਰੀਬ ਮੌਤਾਂ ਹੋਈਆਂ ਹਨ ਅਤੇ ਕੋਰੋਨਾ ਨਾਲ ਅੱਜ ਤੱਕ 2,60,000 ਤੋਂ ਵੱਧ ਹੋ ਚੁੱਕੀਆਂ ਹਨ।

ਜ਼ੂਨੌਟਿਕ ਬਿਮਾਰੀਆਂ ਕੀ ਹਨ? ਜ਼ੂਨੌਟਿਕ ਬਿਮਾਰੀਆਂ ਉਹ ਛੂਤ ਦੀ ਬਿਮਾਰੀਆਂ ਹਨ ਜੋ ਕਿਸੇ ਰੋਗਾਣੂ ਰਾਹੀਂ ਪਸ਼ੂਆਂ ਤੋਂ ਮਨੁੱਖਾਂ ਨੂੰ ਹੁੰਦੀਆਂ ਹਨ। ਰੋਗਾਣੂਆਂ ਦੀ ਇੱਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ ਵਿੱਚ ਜਾਣ ਦੀ ਗੱਲ ਕੋਈ ਨਵੀਂ ਨਹੀਂ ਹੈ। ਮਨੁੱਖਾਂ ਵਿੱਚ ਹੋਣ ਵਾਲੀਆਂ 60% ਛੂਤ ਦੀਆਂ ਬਿਮਾਰੀਆਂ ਇਸ ਪ੍ਰਕਾਰ ਦੀਆਂ ਹੁੰਦੀਆਂ ਹਨ। ਬੈਕਟੀਰੀਆ, ਫੰਗਸ ਦੀ ਬਜਾਏ ਵਾਇਰਸ ਬਹੁਤੇ ਕਰਕੇ ਇਹ ਕਰਦੇ ਹਨ, ਕਿਉਂਕਿ ਵਾਇਰਸ ਇਨ੍ਹਾਂ ਨਾਲੋਂ ਵੱਧ ਪ੍ਰਕਾਰ ਦੇ ਹੋਸਟ ਵਿੱਚ ਰਹਿ ਸਕਦੇ ਹਨ।

ਮਨੁੱਖ ਨੂੰ ਅਜਿਹੀਆਂ ਬਿਮਾਰੀਆਂ ਦਾ ਖਤਰਾ ਕਿੱਥੋਂ ਪੈਦਾ ਹੁੰਦਾ ਹੈ? ਕਿਉਂਕਿ ਮਨੁੱਖ ਦਾ ਜਾਨਵਰਾਂ ਨਾਲ ਗੂੜ੍ਹਾ ਰਿਸ਼ਤਾ ਹੈ ਅਤੇ ਉਹ ਕਈ ਪਾਲਤੂ ਪਸ਼ੂ ਰੱਖਦਾ ਹੈ ਅਤੇ ਕਈ ਵਾਰ ਜੰਗਲੀ ਪਸ਼ੂਆਂ ਦੇ ਸੰਪਰਕ ਵਿੱਚ ਵੀ ਆਉਂਦਾ ਹੈ। ਇਸ ਤਰ੍ਹਾਂ ਉਹ ਇਨ੍ਹਾਂ ਦੇ ਨਿਰੰਤਰ ਸੰਪਰਕ ਵਿੱਚ ਰਹਿੰਦਾ ਹੈ, ਜਿੱਥੋਂ ਉਸਨੂੰ ਅਜਿਹੀਆਂ ਬਿਮਾਰੀਆਂ ਹੋਣ ਦਾ ਹਮੇਸ਼ਾ ਖਤਰਾ ਰਹਿੰਦਾ ਹੈ। ਪਾਲਤੂ ਪਸ਼ੂ ਇਨ੍ਹਾਂ ਬਿਮਾਰੀਆਂ ਲਈ ਜੰਗਲੀ ਪਸ਼ੂਆਂ ਅਤੇ ਮਨੁੱਖਾਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ।

ਜ਼ੂਨੌਟਿਕ ਬਿਮਾਰੀਆਂ ਵਾਤਾਵਰਣ ਦੇ ਬਦਲਾਵਾਂ ਜਾਂ ਉਸ ਨਾਲ ਛੇੜਛਾੜ ਕਰਨ ਨਾਲ; ਜੰਗਲਾਂ ਵਿੱਚ ਕਬਜ਼ੇ ਕਰਨ ਨਾਲ, ਬਹੁਤ ਤੇਜ਼ੀ ਨਾਲ ਖੇਤੀਬਾੜੀ ਲਈ ਜਾਂ ਰਹਿਣ ਲਈ ਜੰਗਲ ਸਾਫ ਕਰਨ ਆਦਿ ਨਾਲ ਜੁੜੀਆਂ ਹੁੰਦੀਆਂ ਹਨ। ਪੂੰਜੀਵਾਦੀ ਪ੍ਰਬੰਧ ਕਾਰਨ ਵਾਤਾਵਰਣ ਨੂੰ ਬਿਨ੍ਹਾਂ ਧਿਆਨ ਵਿੱਚ ਰੱਖਦਿਆਂ, ਸਿਰਫ ਵੱਧ ਤੋਂ ਵੱਧ ਮੁਨਾਫਾ ਹਾਸਲ ਕਰਨ ਲਈ ਜਿਸ ਤੇਜ਼ੀ ਨਾਲ ਜੰਗਲ ਸਾਫ ਕੀਤੇ ਜਾ ਰਹੇ ਹਨ; ਉਸ ਨਾਲ ਅਜਿਹੀਆਂ ਬਿਮਾਰੀਆਂ ਦੇ ਫੈਲਣ ਦੇ ਮੌਕੇ ਵੀ ਵਧਦੇ ਜਾ ਰਹੇ ਹਨ।

ਪਿਛਲੇ ਸਮੇਂ ਦੌਰਾਨ ਹੇਠ ਲਿਖੀਆਂ ਜ਼ੂਨੌਟਿਕ ਬਿਮਾਰੀਆਂ ਫੈਲੀਆਂ ਹਨ :

– ਬਰਡ ਫਲੂ: ਇਸਨੂੰ ਏਵੀਅਨ ਇੰਨਫਲੂਏਂਜ਼ਾ ਵੀ ਕਹਿੰਦੇ ਹਨ; 2004 ਵਿੱਚ ਏਸ਼ੀਆ ਵਿੱਚ ਫੈਲਿਆ ਜਿਸ ਨਾਲ ਅਗਲੇ ਪੰਜ ਸਾਲਾਂ ਦੌਰਾਨ 20 ਬਿਲੀਅਨ ਡਾਲਰ ਦਾ ਘਾਟਾ ਹੋਇਆ। 2015 ਵਿੱਚ ਅਮਰੀਕਾ ਵਿੱਚ ਫੈਲਿਆ ਜਿਸ ਨਾਲ ਪੋਲਟਰੀ ਉਦਯੋਗ ਨੂੰ 3.3 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ 48 ਮਿਲੀਅਨ ਪੰਛੀਆਂ ਦੀ ਜਾਨ ਗਈ।

– ਇਬੋਲਾ: 2014 ਵਿੱਚ ਇਹ ਅਫਰੀਕਾ ਦੇ ਕੁੱਝ ਇਲਾਕਿਆਂ ਵਿੱਚ ਫੈਲੀ। ਇਸਦੇ 28,616 ਕੇਸ ਆਏ ਸਨ ਤੇ 11,310 ਮੌਤਾਂ ਹੋਈਆਂ।

– ਮਰਸ: 2012 ਤੋਂ ਇਹ 27 ਦੇਸ਼ਾਂ ਵਿੱਚ ਫੈਲੀ ਹੈ; ਇਸ ਨਾਲ 624 ਮੌਤਾਂ ਹੋਈਆਂ।  

– ਸਾਰਸ: 2002 ਵਿੱਚ ਚੀਨ ਵਿੱਚ ਫੈਲੀ; 41 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ; 8000 ਕੇਸ ਸਨ ਅਤੇ 800 ਮੌਤਾਂ ਹੋਈਆਂ।

– ਨੀਪਾਹ ਵਾਇਰਸ: 1998 ਵਿੱਚ ਮਲੇਸ਼ੀਆ ਵਿੱਚ ਫੈਲੀ ਜਿਸ ਕਾਰਨ 100 ਮੌਤਾਂ ਅਤੇ 671 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

ਕੋਰੋਨਾ ਵਾਇਰਸ ਮਨੁੱਖੀ ਸ਼ਰੀਰ ਵਿੱਚ ਕਿਸ ਤਰ੍ਹਾਂ ਦਾਖਲ ਹੁੰਦਾ ਹੈ?

ਕੋਰੋਨਾਵਾਇਰਸ ਕਿਸੇ ਮਰੀਜ਼ ਵੱਲੋਂ ਖੰਗਣ ਜਾਂ ਛਿੱਕ ਮਾਰਣ ਮਗਰੋਂ ਹਵਾ ਵਿੱਚ ਫੈਲੇ ਤੁਪਕਿਆਂ (respiratory droplets) ਰਾਹੀਂ ਫੈਲਦਾ ਹੈ। ਇੱਕ ਤੰਦਰੁਸਤ ਇਨਸਾਨ ਦੇ ਸ਼ਰੀਰ ਅੰਦਰ ਇਹ ਤੁਪਕੇ ਨੱਕ ਰਾਹੀਂ ਦਾਖਲ ਹੁੰਦਿਆਂ; ਸਾਹ ਦੀ ਨਾਲੀ ਵਿੱਚੋਂ ਹੁੰਦੇ ਹੋਏ ਫੇਫੜਿਆਂ ਤੱਕ ਪਹੁੰਚਦੇ ਹਨ। ਕਈ ਵਾਰ ਅਸਿੱਧੇ ਤੌਰ ਤੇ ਕਿਸੇ ਦੂਸ਼ਿਤ ਸਤਹ (ਜਿੱਥੇ ਇਹ ਤੁਪਕੇ ਪਹਿਲਾਂ ਮੌਜੂਦ ਹੋਣ) ਨੂੰ ਛੂਹਣ ਮਗਰੋਂ ਨੱਕ, ਅੱਖ ਜਾਂ ਮੂੰਹ ਨੂੰ ਛੂਹਣ ਨਾਲ ਵੀ ਦਾਖਲ ਹੋ ਸਕਦੇ ਹਨ।

ਕੋਰੋਨਾਵਾਇਰਸ ਦੇ ਸਪਾਈਕ ਪ੍ਰੋਟੀਨ ਵਿੱਚ ਮੌਜੂਦ ਰਿਸੈਪਟਰ ਬਾਈਂਡਿੰਗ ਡੋਮੇਨ ਇਸਨੂੰ ਮਨੁੱਖੀ ਸੈੱਲ ਦੇ ਏਸ-2 ਰਿਸੈਪਟਰ (ACE-2; Angiotensin Converting Enzyme-2) ਨਾਲ ਜੋੜਦਾ ਹੈ। ਇੱਕ ਤੰਦਰੁਸਤ ਮਨੁੱਖ ਵਿੱਚ ਏਸ-2 ਬਲੱਡ ਪ੍ਰੈਸ਼ਰ ਨੂੰ ਨਿਯਮਿਤ ਰੱਖਣ ਦਾ ਕੰਮ ਕਰਦਾ ਹੈ। ਪਰ ਜਦੋਂ ਕੋਰੋਨਾਵਾਇਰਸ ਇਸ ਨਾਲ ਜੁੜ ਜਾਂਦਾ ਹੈ ਤਾਂ ਉਹ ਇਸ ਵਿੱਚ ਕੁੱਝ ਰਸਾਇਣਿਕ ਬਦਲਾਅ ਕਰ ਦਿੰਦਾ ਹੈ, ਜੋ ਸੈੱਲ ਦੀ ਸਤਹ ਨਾਲ ਵਾਇਰਸ ਨੂੰ ਚੰਗੀ ਤਰ੍ਹਾਂ ਜੋੜ ਦਿੰਦਾ ਹੈ। ਜਿਸ ਮਗਰੋਂ ਵਾਇਰਸ ਦਾ ਆਰ ਐੱਨ ਏ ਸੈੱਲ ਵਿੱਚ ਦਾਖਲ ਹੋ ਜਾਂਦਾ ਹੈ। ਇਸ ਉਪਰੰਤ ਵਾਇਰਸ ਇਸ ਹੋਸਟ ਸੈੱਲ ਦੀ ਪ੍ਰੋਟੀਨ ਬਣਾਉਣ ਵਾਲੀ ਮਸ਼ੀਨਰੀ ਨੂੰ ਆਪਣੇ ਨਿਯੰਤਰਣ ਹੇਠ ਕਰ ਲੈਂਦਾ ਹੈ ਅਤੇ ਉਸ ਕੋਲੋਂ ਆਪਣੇ ਆਰ ਐੱਨ ਏ ਦੀਆਂ ਨਕਲਾਂ ਬਣਵਾਉਂਦਾ ਹੈ। ਜੋ ਇਸ ਵਾਇਰਸ ਦੀਆਂ ਨਕਲਾਂ ਤਿਆਰ ਕਰਦੇ ਹਨ। ਇਸ ਤਰ੍ਹਾਂ ਸਿਰਫ ਕੁੱਝ ਘੰਟਿਆਂ ਵਿੱਚ ਹੀ, ਸਿਰਫ ਇੱਕ ਸੈੱਲ ਕੋਲੋਂ ਹਜ਼ਾਰਾਂ ਵਾਇਰਸ ਬਣਵਾਏ ਜਾ ਸਕਦੇ ਹਨ ਜੋ ਹਜ਼ਾਰਾਂ ਹੋਰ ਸੈੱਲਾਂ ਤੇ ਹਮਲਾ ਕਰ ਸਕਦੇ ਹਨ।

ਵਾਇਰਸ ਕੁੱਝ ਹੋਰ ਪ੍ਰੋਟੀਨ ਵੀ ਸੈੱਲ ਵਿੱਚ ਛੱਡ ਦਿੰਦਾ ਹੈ। ਇਨ੍ਹਾਂ ਵਿੱਚੋਂ ਇੱਕ ਹੋਸਟ ਸੈੱਲ ਨੂੰ ਰੋਗ ਨਾਲ ਲੜਣ ਵਾਲੇ ਪ੍ਰਬੰਧ (immune system) ਨੂੰ ਇਸ ਹਮਲੇ ਬਾਰੇ ਕੋਈ ਸੰਦੇਸ਼ ਭੇਜਣ ਤੋਂ ਰੋਕ ਦਿੰਦਾ ਹੈ। ਦੂਜਾ ਸੈੱਲ ਨੂੰ ਹੋਰ ਨਵੇਂ ਵਾਇਰਸ ਤੇਜ਼ੀ ਨਾਲ ਛੱਡਣ ਲਈ ਮਜਬੂਰ ਕਰਦਾ ਹੈ। ਇੱਕ ਹੋਰ ਵਾਇਰਸ ਨੂੰ ਸ਼ਰੀਰ ਦੀ ਕੁਦਰਤੀ ਇਮਿਊਨਿਟੀ (innate immunity) ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਕੋਰੋਨਾਵਾਇਰਸ ਮਨੁੱਖੀ ਸੈੱਲ ਦੀ ਮਦਦ ਨਾਲ ਮਨੁੱਖੀ ਸ਼ਰੀਰ ਵਿੱਚ ਘਰ ਕਰ ਲੈਂਦਾ ਹੈ।

ਹਵਾਲੇ:

1. Proximal Origin of SARS-CoV-2; Nature Medicine Vol 26
2. Why pathogens travel in search of a host; The Hindu, April 26

ਸੰਪਰਕ: +91 82838 28222
ਚੱਲ ਪਰਤ ਚਲੀਏ -ਡਾ. ਅਮਰਜੀਤ ਟਾਂਡਾ
ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵੱਲੋਂ ਸ਼ਾਇਰ ਬੀਬੀ ਬਲਵੰਤ ਗੁਰਦਾਸਪੁਰੀ ਦਾ ਸਨਮਾਨ
ਤੰਦਰੁਸਤੀ ਲਈ ਯੋਗ -ਸੁਰਜੀਤ ਸਿੰਘ
ਹੈਪਾਟਾਈਟਸ ਦੀ ਜਾਣ-ਪਛਾਣ, ਬਚਾਅ ਸਕਦੀ ਹੈ ਪ੍ਰਾਣ -ਵਿਕਰਮ ਸਿੰਘ ਸੰਗਰੂਰ
ਸਿਹਤ ਵਿਭਾਗ ਦੀਆਂ ਪ੍ਰਮੁੱਖ ਸਿਹਤ ਯੋਜਨਾਵਾਂ-ਵਿਕਰਮ ਸਿੰਘ ਸੰਗਰੂਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਇਸ਼ਰਤ ਜਹਾਂ ਦੀ ਬੇਗੁਨਾਹੀ ਅਤੇ ਪੁਲਿਸ ਵੱਲੋਂ ਕੀਤਾ ਜ਼ਾਲਮਾਨਾ ਕਤਲ -ਸੀਮਾ ਮੁਸਤਫ਼ਾ

ckitadmin
ckitadmin
August 4, 2013
ਪੇਕਿਆਂ ਦਾ ਸੂਟ – ਕਰਨ ਬਰਾੜ ਹਰੀ ਕੇ ਕਲਾਂ
ਇੱਟਾਂ ਨੂੰ ਕੀ ਕਰੀਏ ਜਦ ‘ਤੇ ਤੁਰਨ ਵਾਲੇ ਗੱਭਰੂ ਹੀ ਨਾ ਰਹੇ – ਅਮਨਦੀਪ ਹਾਂਸ
ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਪਣੇ ਹੱਕਾਂ ਲਈ ਜੱਥੇਬੰਦ ਹੋਣਾ ਸਮੇਂ ਦੀ ਵੱਡੀ ਲੋੜ -ਹਰਸ਼ਵਿੰਦਰ
ਜ਼ਿੰਦਗੀ ਦਾ ਸਿਰਨਾਵਾਂ – ਗੋਬਿੰਦਰ ਸਿੰਘ ਢੀਂਡਸਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?