By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬਾਬਾ ਗੁਜਿਆਣਿਆ -ਮਕਸੂਦ ਸਾਕਿਬ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਬਾਬਾ ਗੁਜਿਆਣਿਆ -ਮਕਸੂਦ ਸਾਕਿਬ
ਕਹਾਣੀ

ਬਾਬਾ ਗੁਜਿਆਣਿਆ -ਮਕਸੂਦ ਸਾਕਿਬ

ckitadmin
Last updated: October 22, 2025 12:02 pm
ckitadmin
Published: June 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਅਦਬ ਦੀ ਦੁਨੀਆਂ ਵਿੱਚ ਮਕ਼ਸੂਦ ਸਾਕਿਬ ਦਾ ਨਾਮ ਕਿਸੇ ਜਾਣ-ਪਹਿਚਾਣ ਦਾ ਮਹੁਤਾਜ ਨਹੀਂ। ਉਹ ਲਹਿੰਦੇ ਪੰਜਾਬ ਦੇ ਚੜ੍ਹਦੇ ਅਦੀਬ ਹਨ। ਲਹਿੰਦੇ ਪੰਜਾਬ ਦੀ ਪੰਜਾਬੀ ਕਹਾਣੀ `ਚ ਜਿੱਥੇ ਆਪ ਦਾ ਅਹਿਮ ਮੁਕਾਮ ਹੈ ਉੱਥੇ ਸੰਪਾਦਨ ਤੇ ਪ੍ਰਕਾਸ਼ਨ ਦੇ ਖੇਤਰ `ਚ ਵੀ ਆਪ ਨੇ ਨਾਮਣਾ ਖੱਟਿਆ ਹੈ । ਆਪ ਨੇ ਪਹਿਲਾਂ `ਮਾਂ ਬੋਲੀ` ਨਾਮ ਦੇ ਪਰਚੇ ਦਾ ਸੰਪਾਦਨ ਕੀਤਾ ਤੇ ਅੱਜ ਕੱਲ੍ਹ ਸ਼ਾਹਮੁਖੀ“ ਚ `ਪੰਚਮ` ਨਾਂ ਦੇ ਪ੍ਰਸਿੱਧ ਮਾਸਿਕ ਪਰਚੇ ਦਾ ਸੰਪਾਦਨ ਕਰ ਰਹੇ ਹਨ।` ਉਹਨਾਂ ਦਾ` ਸੁਚੇਤ ਪੰਜਾਬੀ ਕਿਤਾਬ ਘਰ ` ਪੰਜਾਬੀ ਵਿੱਚ ਉੱਚ ਪਾਏਦਾਰ ਸਾਹਿਤ ਲਈ ਜਾਣਿਆ ਜਾਂਦਾ ਹੈ । ਉਹਨਾਂ ਦੀ ਇਹ ਕਹਾਣੀ ‘ਸੂਹੀ ਸਵੇਰ’ ਦੇ ਸੱਜਣਾਂ ਦੇ ਸਨਮੁਖ ਕਰਨ ਲੱਗੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ( ਸੰਪਾਦਕ )

ਬਾਬੇ ਗੁਜਿਆਣੀਏ ਨੂੰ ਜਦੋਂ ਮੈਂ ਪਹਿਲੀ ਵਾਰ ਵੇਖਿਆ, ਮੈਨੂੰ ਉੱਕਾ ਨਹੀਂ ਸੀ ਪਤਾ ਪਈ ਇਸ ਬੰਦੇ ਦਾ ਨਾਂ ਰਹਿਮੋ ਗੁਜਿਆਣਿਆ ਏ ਤੇ ਇਹ ਵੇਲੇ ਦੇ ਸਭ ਤੋਂ ਨਾਮੀ-ਗ੍ਰਾਮੀ ਬੰਦਿਆਂ ਵਿੱਚੋਂ ਇੱਕ ਏ। ਉਦੋਂ ਮੈਂ ਹੋਵਾਂਗਾ ਇਹੋ ਸੱਤਾਂ-ਅੱਠਾਂ ਵਰ੍ਹਿਆਂ ਦਾ। ਉਮਰ ਤੇ ਮੇਰੀ ਸਕੂਲ ਜਾਣ  ਦੀ ਹੋ ਗਈ ਹੋਈ ਸੀ ਪਰ ਬੇਬੇ ਦਾ ਖਿਆਲ ਸੀ, ਮੈਂ ਅਜੇ ਘਰ ਤੋਂ ਦੁਰਾਡਿਆਂ ਦਿਹਾੜੀ ਡੰਗ ਕੱਢਣ ਜੋਗਾ ਨਹੀ ਸਾਂ ਹੋਇਆ। ਅਸਲ ਵਿੱਚ ਬੇਬੇ ਦਾ ਆਪਣਾ ਜਿਗਰਾ ਨਹੀਂ ਸੀ ਪੈਂਦਾ ਕਿ ਮੈਨੂੰ ਪੇਟ ਘਰੋੜੀ ਦੇ ਨੂੰ ਰੋਜ਼ ਦਿਹਾੜੀ ਏਨਾ ਚਿਰ ਅੱਖੋਂ ਉਹਲੇ ਕੀਤੀ ਰਖੇ। ਇਸ ਲਈ ਮੈਂ ਸਾਰਾ ਦਿਨ  ਘਰ ਬਰਾਂਡੇ, ਵਿਹੜੇ ਵਿੱਚ ਜਾਂ ਅਸਲੋਂ ਬੂਹੇ ਅੱਗੇ ਖੇਡਦਾ ਰਹਿਨਾ ਸਾਂ। ਵਿੱਚ ਵਿੱਚ ਬੇਬੇ ਦੇ ਗੋਡੇ ਮੁੱਢ ਬਹਿ ਕੇ ਬਾਲ ਰਸਾਲਿਆਂ ਵਿੱਚੋਂ ਉੱਚੀ-ਉ¥ਚੀ ਕਹਾਣੀਆਂ ਪੜ੍ਹ ਕੇ ਵੀ ਸੁਣਾਉਂਦਾ ਰਹਿੰਦਾ ਸਾਂ। ਬੇਬੇ ਨੇ ਪੜ੍ਹਣ ਦਾ ਵਲ਼ ਮੈਨੂੰ ਚਿਰੋਕਣਾ ਸਿਖਾ ਦਿੱਤਾ ਹੋਇਆ ਸੀ।

ਉਹਨਾਂ ਵੇਲਿਆਂ ਦੀ ਈ ਗੱਲ ਏ ਮੇਰੀ ਬਾਬੇ ਗੁਜਿਆਣੀਏ ਨੂੰ ਵੇਖਣ ਵਾਲੀ । ਬਾਬੇ ਦਾ ਮੁਹਾਂਦਰਾ ਪਹਿਰਾਵਾ ਤੇ ਡੀਲ ਡੌਲ ਅਜੇ ਤੀਕਰ ਮੇਰੀਆਂ ਅੱਖਾਂ ਵਿਚ ਉਂਜੇ ਦੀ ਉਂਜੇ ਸੱਜਰੀ ਏ ! ਭਾਵੇਂ ਇਸ ਗੱਲ ਨੂੰ ਕਈ ਵਰ੍ਹੇ ਬੀਤ ਗਏ ਨੇ।

ਹਵੇਲੀ ਵਿਚ ਸ਼ਰੀਂਹ ਦੇ ਰੁੱਖ ਥੱਲੇ ਮੰਜੀ ਉਤੇ ਮੇਰਾ ਨਾਨਾ ਲੰਮਾ ਪਿਆ ਹੋਇਆ ਸੀ। ਮੰਜੀ ਦੇ ਇੱਕ ਪਾਵੇ ਉੱਤੇ ਉਹਦੀ ਚਿੱਟੀ ਮਲ਼ਮਲ਼ ਦੀ ਸੁਹਣੀ ਪੱਗ ਬੱਝੀ ਬਝਾਈ ਟੰਗੀ ਹੋਈ ਸੀ ਤੇ ਦੂਜੇ ਪਾਵੇ ਨਾਲ ਉਹਦਾ ਵੱਡਾ ਸਾਰਾ ਖੁੰਡਾ ਲੇਟਿਆ ਹੋਇਆ ਸੀ। ਮੈਂ ਵੀ ਨਾਲ ਈ ਪਰ੍ਹਾਂ ਮਿੱਟੀ ਉਤੇ ਖੇਡਦਾ ਪਿਆ ਸਾਂ ਕਿ ਇਕ ਉ¥ਚਾ ਲੰਮਾ ਬੰਦਾ ਹਵੇਲੀ ਦੇ ਬੂਹੇ ਥਾਣੀਓਂ ਲੰਘ ਕੇ ਅੰਦਰ ਆਇਆ। ਉਹਦਾ ਕੁੜਤਾ ਲਕਦੀ ਸਗਵਾਂ ਮੇਰੇ ਨਾਨੇ ਵਰਗਾ ਸੀ। ਮੇਰੇ ਨਾਨੇ ਦੀ ਦਾੜ੍ਹੀ ਵੀ ਠੱਪਵੀਂ ਸੀ ਪਰ ਚਿੱਟੀ ਦੁੱਧ। ਉਸ ਬੰਦੇ ਦੀ ਦਾੜ੍ਹੀ ਠੱਪਵੀਂ ਸੀ ਪਰ ਚਿੱਟੀ ਦੁੱਧ। ਉਸ ਬੰਦੇ ਦੀ ਦਾੜ੍ਹੀ ਠੱਪਵੀਂ ਤੇ ਹੈ ਸੀ ਪਰ ਕਰੜਬਰੜੀ। ਲੰਮਕਵੀਆਂ ਮੁੱਛਾਂ। ਨੱਕ ਦੀ ਬੇਣੀ ਹੇਠੋਂ ਅਲਫੀ ਕੱਢੀ ਹੋਈ ਸੀ। ਮੁੱਛਾਂ ਦਾ ਇਹ ਸਵਾਂਧਾ ਮੈਨੂੰ ਬੜਾ ਈ ਨਿਵੇਕਲਾ ਲੱਗਾ। ਮੇਰੇ ਕੋਲ ਆ ਕੇ ਉਹ ਬੰਦਾ ਖਲੋ ਗਿਆ।

‘‘ਲੈ ਬਈ ਅੱਗੇ ਤੇ ਕਾਲੂ ਮਿਲ ਪਿਆ ਏ। ਲਗਦਾ ਏ ਕਾਕੀ ਬੀਬਾਂ ਆਈ ਹੋਈ ਏ।” ਉਹਨੇ ਚਾ ਕਰਦਿਆਂ ਮੈਨੂੰ ਚੌੜੀਉਂ ਫੜ ਕੇ ਉਤਾਂਹ ਹਿੱਕ ਨਾਲ ਘੁੱਟ ਲਿਆ, ‘‘ਹਾਂ ਬਈ ਦੋਹਤਰਿਆ ਕੀ ਹਾਲ ਨੇ ਮੁੜ ਤੇਰੇ? ਕਦੋਂ ਆਇਆ ਏ? ਉਹਨੇ ਦਾੜ੍ਹੀ ਦੇ ਖਰਵ੍ਹੇਂ ਵਾਲ ਮੇਰੀਆ ਗਲ੍ਹਾਂ ਵਿੱਚ ਚੋਭਦਿਆਂ ਪੁੱਛਿਆ।

ਮੈਂ  ਅਗੋਂ ਚੁੱਪ ਸਾਂ ਇਕ ਵਾਰ ਤੇ ਮੇਰਾ ਸੰਘ ਜਿਹਾ ਮਿਲ ਗਿਆ। ਓਪਰੇ  ਬੰਦੇ ਦੇ ਕੁਛੜ ਚੜ੍ਹਿਆਂ ਮੇਰਾ ਰੋਣ ਨੂੰ ਵੀ ਦਿਲ ਕੀਤਾ ਫੇਰ ਮੈਂ ਆਪਣੇ ਆਪ ਨੂੰ ਕਰੜਾ ਕਰ ਲਿਆ। ਖ਼ਬਰੇ ਇਸ ਕਰਕੇ ਵੀ ਮੈਂ ਧਰਵਾਸ ਵਿਚ ਹੋ ਗਿਆ ਕਿ ਮੇਰੇ ਕੰਨਾ ਵਿੱਚ ਨਾਨੇ ਦੀ ਵਾਜ ਆਉਣ ਲੱਗ ਪਈ ਸੀ। ਨਾਨਾ ਉਸ ਬੰਦੇ  ਦੀ ਵਾਜ ਸੁਣ ਕੇ ਉੱਠ ਬੈਠਾ ਸੀ। ਤੇ ਉਹਨੂੰ ਆਂਹਦਾ ਪਿਆ ਸੀ, ‘‘ਲੈ ਬਈ ਇਹਨੂੰ ਆਂਹਦੇ ਨੀ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਏ। ਮੈਂ ਸੁਫਨੇ ਵਿਚ ਤੈਨੂੰ ਈ ਮਿਲਣ ਟਰਿਆ ਸਾਂ। ਇੱਧਰ ਤੂੰ ਆਪ ਈ  ਹੱਡੀ-ਮਾਸੀਂ ਆਇਆ ਖਲ੍ਹਾ ਐਂ। ਇਹ ਹੋਂਦੇ ਨੀ ਰੱਬ ਦੇ ਕੰਮ। ਬੱਲੇ ਵਈ-ਚਲ ਆ ਜਾ ਤੇ  ਮੇਰੇ  ਕੋਲ ਬਹੁ।”

 

 

ਉਹ ਬੰਦਾ ਮੇਰੀ ਗਲ੍ਹ ਨਾਲ ਆਪਣਾ ਨਕ ਰਗੜਦਾ ਅਗਾਂਹ ਵਧਿਆ ਤੇ ਨਾਨੇ ਕੋਲ ਬਹਿ ਗਿਆ-
‘‘ਕਦੋਂ ਆਈ ਏ ਬੀਬਾਂ?”
‘‘ਅੱਜ ਸਵੇਰੇ ਈ।”
‘‘ਖ਼ੈਰ ਨਾਲ ਈ ਏ ਨਾ?”
‘‘ਆਹੋ, ਜ਼ਰਾ ਓਦਰੀ ਹੋਈ ਸੀ, ਆਪੇ ਈ ਛੱਡ ਗਿਆ ਏ, ਰਹਿਮਤ ਸਵੇਰੇ ।”
‘‘ਰਹਿਮਤ ਵੀ ਆਇਆ ਸੀ, ਕੀ ਹਾਲ ਸੂ?”
‘‘ਬੜੀ ਖ਼ੈਰ ਸੂ।”
‘‘ਸ਼ੁਕਰ ਏ ਸੁਹਣੇ ਦਾ।”
ਏਨੇ ਵਿਚ ਨਾਨੇ ਨੂੰ ਝੱਟ ਕਰਕੇ ਕੋਈ ਗਲ ਚੇਤੇ ਆਈ ਤੇ  ਉਹਨੂੰ ਆਖਣ ਲੱਗਾ 
‘‘ਇਹਨੂੰ ਲਾਹੀਂ ਕੁੱਛੜੋਂ ਜ਼ਰਾ ਕਾਲੂ ਨੂੰ।” ਫੇਰ ਨਾਨਾ ਮੇਰੇ ਵੱਲ  ਹੋਇਆ, ‘‘ਚੱਲ ਬਾਈ ਕਾਲੂ ਖਾਂ ਅੰਦਰ ਜਾ ਕੇ ਮਾਂ ਆਪਣੀ ਨੂੰ ਦੱਸ, ਉਹਦਾ ਚਾਚਾ ਆਇਆ  ਏ, ਤੇ ਰੋਟੀ-ਪਾਣੀ ਦਾ ਕੋਈ ਪਰਬੰਧ ਕਰੇ।”
ਮੈਂ ਆਪ ਈ ਉਹਦੇ ਕੁਛੜੋਂ ਪਲਮ ਪਿਆ।

ਬੇਬੇ ਮੇਰੀ ਗੱਲ ਸੁਣੀ ਤੇ ਛੇਤੀ ਨਾਲ  ਕੱਪੜਾ ਸਿਰ ’ਤੇ ਲੈ ਕੇ ਮੈਨੂੰ ਕੁਛੜ ਚੁੱਕ ਕੇ ਅੰਦਰੋਂ ਬਾਹਰ ਟੁਰ ਪਈ।
ਉਹ ਬੰਦਾ ਝੱਟ ਮੰਜੀ ਤੋਂ ਉਠ  ਕੇ ਖਲੋ  ਗਿਆ, ‘‘ਸਲਾਮ ਆਹਨੀਂ ਆਂ, ਬਾਬਾ।” ਮੇਰੀ ਮਾਂ ਨੇ ਉਹਨੂੰ ਸਲਾਮ ਕੀਤਾ।
‘‘ਜਿਊਂਦੀ, ਵਸਦੀ ਰਹੁ ਧੀਏ।”

ਉਹਨਾਂ ਸਲਾਮ ਦਾ ਜਵਾਬ ਮੋੜਿਆ ਤੇ ਮੇਰੀ ਮਾਂ ਦੇ ਸਿਰ ਉਤੇ ਪਿਆਰ ਦਿੱਤਾ। ਨਾਲ ਈ ਉਹਨੇ ਇੱਕ ਵਾਰ ਫਿਰ ਮੇਰੀ ਗਲ੍ਹ ਪਲੋਸੀ, ‘‘ਮੈਂ ਤੇ ਕਾਲੂ ਨੂੰ ਵੇਖਦਿਆਂ ਈ ਬੁੱਝ ਲਿਆ ਸੀ ਪਈ ਅੱਜ ਕਾਕੀ ਰਾਣੀ ਆਈ ਹੋਈ ਏ, ਹੋਰ ਪੁੱਤਰਾ ਸਾਰੀ ਖ਼ੈਰ ਏ ਨਾ।”

‘‘ਆਹੋ ਬਾਬਾ, ਤੂੰ ਸੁਣਾ। ਮੇਰੇ ਭੈਣ-ਭਰਾ ਤੇ ਚਾਚੀ ਤਕੜੇ ਨੇ?”
‘‘ਮੌਜਾਂ ਵਿੱਚ ਨੇ। ਮੈਂ, ਅੱਜ ਤਰੀਕ ਸੀ ਨਾ, ਉੱਥੇ ਆਇਆ ਹੋਇਆ ਏ|Í
ਬੰਦੇ ਹੋਰ ਵੀ ਸਨ। ਮੈਂ ਆਪਣੇ ਭਰਾ ਨੂੰ ਮਿਲਣ ਲਈ ਅਟਕ ਗਿਆ।”

‘‘ਚੰਗਾ ਚਾਚਾ ਮੈਂ ਫੇਰ ਤੇਰੇ ਲਈ ਪਾਣੀ-ਧਾਣੀ ਦਾ ਸਰਬੰਧ ਕਰਾਂ।” ਮੇਰੀ ਮਾਂ ਛੇਤੀ ਨਾਲ ਪਿਛਾਂਹ ਪਰਤੀ ਮੇਰੇ ਸਣੇ।
ਦੂਜੀ ਵਾਰੀ ਉਹ ਸਾਡੇ ਘਰ ਆਇਆ। ਅੱਬੇ ਮੇਰੇ ਨਾਲ ਕੋਈ ਕੰਮ ਸਾ ਸੂ। ਵਿਹੜੇ ਵਿਚ ਦੋਹਰ ਵਿੱਛੀ ਤੇ ਸਿਰਹਾਣੇ ਲਗੀ ਮੰਜੀ ਉਤੇ ਬੈਠਿਆਂ ਉਹ ਅੱਬੇ ਮੇਰੇ ਨਾਲ ਕਿੰਨਾ ਚਿਰ ਗੱਲਾਂ ਕਰਦਾ ਰਿਹਾ। ਫਿਰ ਅੰਨ-ਪਾਣੀ ਵਰਤ ਕੇ ਮੈਨੂੰ ਪਿਆਰ ਦੇਂਦਾ ਚਲਾ ਗਿਆ।

ਇਹ ਤੇ ਸੀ ਉਹਨੂੰ ਵੇਖਣ ਦੀ ਗੱਲ। ਇਹੋ ਦੋ ਵਾਰ ਈ ਵੇਖਿਆ ਉਹਨੂੰ। ਪਰ ਇਹਨਾਂ ਦੋਂਹ ਤੱਕਣੀਆਂ ਵਿਚ ਮੈਨੂੰ ਉਹਦੇ ਬਾਰੇ ਏਨਾ ਈ ਪਤਾ ਲਗਾ ਪਈ ਉਹ ਮੇਰੇ ਨਾਨੇ ਦਾ ਯਾਰ ਬੇਲੀ ਏ ਤੇ ਉਹਦੇ ਨਾਲ ਸਾਡੇ ਟੱਬਰ ਦੀ ਗੂੜ੍ਹੀ ਸਾਂਝ ਏ। ਬਾਕੀ ਉਹ ਕੌਣ ਏ, ਕੀ ਏ. . . ਇਹਦੇ ਬਾਰੇ ਮੈਨੂੰ ਅਜੇ ਵੀ ਕੂਝ ਪਤਾ ਨਹੀਂ ਸੀ।

ਇਕ ਦਿਹਾੜੇ ਮੇਰਾ ਨਾਨਾ ਸਾਡੇ ਘਰ ਆਇਆ, ਡੱਬ ਵਿੱਚੋਂ ਇਕ ਵੱਡਾ ਸਾਰਾ ਸੁੱਚਾ ਰੁਮਾਲ ਦੱਢਿਓਸ ਤੇ ਮੇਰੀ ਬੇਬੇ ਵੱਲ ਵਧਾਉਂਦਾ ਆਖਣ ਲੱਗਾ, ‘‘ਇਹ ਲੈ ਕਾਕੀ ਤੇਰੇ ਮਾਮੇ ਕਰੀਮ ਬਖ਼ਸ਼ ਦੇ ਪੇਸੈ ਨੇ। ਅੱਜ ਈ ਗੁਜਿਆਣਿਆ ਦੇ ਕੇ ਗਿਆ ਏ। ਉਹਨਾਂ ਨੂੰ ਮੋੜ ਦੇਵੀ।”

‘‘ਚੰਗਾ ਚਾਚਾ।” ਬੇਬੇ ਨੇ ਰੁਮਾਲ ਫ਼ੜ ਕੇ ਮਾੜਾ ਜਿਹਾ ਟੋਹਿਆ, ‘‘ਇਹ ਤੇ ਚਾਚਾ ਵਾਹਵਾ ਢੇਰ ਸਾਰੇ ਪੇਸੈ ਜਾਪਦੇ ਨੇ।” ਬੇਬੇ ਮੇਰੇ ਨਾਨੇ ਨੂੰ ਪੁੱਛਣ ਲੱਗੀ।

‘‘ਆਹੋ ਕੁੜੀਏ, ਤੇਰੇ ਮਾਮੇ ਸੰਧੂ ਨੇ ਕਿਧਰੋਂ ਲੈਣੇ ਸਨ। ਤੇਰੇ ਚਾਚੇ ਗੁਜਿਆਣੀਏ ਨੂੰ ਆਖਿਆ ਹੋਇਆ ਸੀ, ਉਹਨੇ ਲਿਆ ਦਿੱਤੇ ਨੇ। ਬਸ ਤੂੰ ਇਹਨਾਂ ਨੂੰ ਸਾਂਭ ਲੈ। ਅੱਜ ਭਲਕ ਮਾਮਾ ਆਵੇਗਾ ਤੇ ਉਹਨੂੰ ਮੋੜ ਦੇਵੀ।”
ਇਹ ਪੈਸਿਆਂ ਵਾਲੀ ਗੱਲ ਕੀ ਸੀ, ਇਹਦਾ ਮੈਨੂੰ ਮਗਰੋਂ ਪਤਾ ਲੱਗਾ। ਏਸਰਾਂ ਸੀ ਪਈ ਮੇਰੀ ਮਾਂ ਦੇ ਨਾਨਕਿਆਂ ਨੇ ਕਿਸੇ ਤੋਂ ਜ਼ਮੀਨ ਲਈ ਸੀ। ਸਾਈ ਫੜਾ ਦਿੱਤੀ ਹੋਈ ਸਾ ਨੇ। ਛੱਜ ਜਿੰਨੀ ਰਕਮ ਸੀ। ਕਿਸੇ ਗਲੋਂ ਸੌਦਾ ਤੋੜ ਨਾ ਚੜ੍ਹਿਆ। ਅਗਲੀ ਧਿਰ ਪੇਸੈ ਮੋੜਨ ਦੀ ਥਾਂ ਵੇਹਰ ਖਲੋਤੀ। ਹੈ ਵੀ ਕੋਈ ਕਲੈਹਣੀ ਟਾਬਰੀ ਸੀ। ਵਾੜੇ ਸਿਧਵਾਂ (ਮੇਰੇ ਪੜਨਾਨਕਿਆਂ) ਜਾਣਾ ਪਰ ਅਗੋਂ ਉਸ ਬੰਦੇ ਡਾਹੀ ਨਾ ਦਿੱਤੀ। ਇਹ ਫੇਰੇ ਮਾਰ-ਮਾਰ ਕੇ ਅੱਕ ਗਏ। ਓੜਕ ਮੇਰੇ ਨਾਨੇ ਨੂੰ ਕੁਝ ਕਰਨ ਲਈ ਆਖਿਓ ਨੇ। ਨਾਨੇ ਨੇ ਆਪਣੇ ਬੇਲੀ ਗੁਜਿਆਣੀਏ ਨਾਲ ਗੱਲ ਕੀਤੀ। ਗੁਜਿਆਣੀਏ ਉਸ ਬੰਦੇ ਨੂੰ ਜੋਤਰਾ ਵਾਹੁੰਦੇ ਨੂੰ ਜਾ ਨੱਪਿਆ। ਉਹ ਉਥੋਂ ਨੱਸ ਪਿਆ। ਗੁਜਿਆਣੀਏ ਮਗਰੋਂ ਆਪਣਾ ਨਾਂ ਦੱਸਿਆ ਤੇ ਉਹ ਪਰਤ ਆਇਆ, ਅਖੇ ਤੂੰ ਵੇਂ ਗੁਜਿਆਣਿਏ, ਤੈਨੂੰ ਨੱਸਦੇ ਨੂੰ ਤੇ ਸੁਣਿਆ ਏ ਘੋੜੀਆਂ ਨਹੀਂ ਅਪੜੀਆਂ ਕਦੀ ਫੇਰ ਮੇਰੀ ਸ਼ੋਹਦੇ ਦੀ ਕੀ ਜਾ ਏ ਤੇਰੇ ਅੱਗੇ। ਆ ਜਾ ਬਾਬਾ ਲੈ ਜਾ ਪੈਸੇ, ਤੇਰਾ ਮੇਲ ਸਿਧਵਾਂ ਤੇ ਪੈਸਿਆਂ ਤੋਂ ਮਹਿੰਗਾ ਨਹੀਂ। ਉਸ ਬੰਦੇ ਉਸੇ ਵੇਲੇ ਘਰ ਪਰਤ ਕੇ ਸਾਰੀ ਰਕਮ ਮੋੜ ਦਿੱਤੀ।

ਮੈਂ ਇਹ ਸਾਰੀ ਗੱਲ ਸੁਣੀ ਪਰ ਮੈਨੂੰ ਕੁਝ ਸਮਝ ਨਾ ਆਈ ਪਈ ਇਹ ਰਹਿਮੋ ਗੁਜਿਆਣਿਆ ਹੈ ਕੌਣ?

ਕੁਝ ਚਿਰ ਵਿਚ ਮੈਂ ਇੱਕ ਵਾਰ ਫੇਰ ਇਸ ਰਹਿਮੋ ਗੁਜਿਆਣੀਏ ਦੀ ਗੁਣ ਚਰਚਾ ਸੁਣੀ। ਮੇਰਾ ਵੱਡਾ ਮਾਮਾ ਪਹਿਲਵਾਨ ਸੀ ਤੇ ਨਾਲੇ ਲੜਾਈ-ਝਗੜੇ ਦਾ ਸ਼ੌਕੀ। ਦਿਲ ਵਾਲਾ ਵੀ ਸੀ ਧੇਲਾ ਸੁੱਟ ਕੇ ਲੜਾਈ ਲੈਂਦਾ ਸੀ। ਪੁੱਠੇ-ਸਿੱਧੇ ਕੰਮ ਉਹਦਾ ਰੋਜ਼ ਦਾ ਟੀਚਾ ਬਣ ਗਏ ਹੋਏ ਸਨ। ਥਾਣੇ ਵਿਚ ਵੀ ਨਾਂ ਹੋ ਗਿਆ ਹੋਇਆ ਸਾ ਸੂ। ਇੰਜ ਈ ਉਹਨੇ ਕਿਸੇ ਨੂੰ ਕੁਟਿਆ ਮਾਰਿਆ ਤੇ ਹੋਰ ਵੀ ਵਾਧਾ-ਘਾਟਾ ਵੀ ਕੀਤਾ। ਅਗਲੇ ਥਾਣਿਉਂ ਉਰਾਂ ਕਿਥੇ ਖਲੌਣੇ ਸਨ। ਪੁਲਿਸ ਮਾਮੇ ਦੇ ਪਿੱਛੇ ਚੜ੍ਹ ਗਈ। ਉਹ ਅੱਗੋਂ ਕਿਧਰੇ ਹੋਰਦੇ ਮੂੰਹ ਕਰ ਗਿਆ। ਪੁਲਿਸ ਨੇ ਛਿੱਥਿਆਂ ਪੈ ਕੇ ਮੇਰੇ ਪਿਉ ਨੂੰ ਆਣ ਫੜਿਆ। ਅਖੇ ਜਿਨਾ ਚਿਰ ਕਾਦਰ ਹੱਥ ਨਹੀਂ ਆਉਂਦਾ, ਓਨਾ ਚਿਰ ਰਹਿਮਤ ਥਾਣੇ ਰਹੇਗਾ। ਸਾਡੇ ਸਾਰੇ ਟੱਬਰ ਦੇ ਲਹੂ ਸੁੱਕ ਗਏ। ਨਾਨੀ ਨਾਨਾ ਵੀ ਸੁਣ ਕੇ ਸਾਡੇ ਵਲੇ ਆ ਗਏ। ਬੇਬੇ ਮੇਰੀ ਦਾ ਸਾਰਾ ਦਿਨ ਦੁਆਵਾਂ ਮੰਗਣ ਵਿਚ ਲੰਘ ਗਿਆ। ਆਹ ਹੈ ਪਈ ਸ਼ਾਮ ਤੋਂ ਅਗਦੀ-ਆਗਦੀ ਮੇਰਾ ਪਿਓ ਥਾਣਿਓਂ ਘਰ ਪਰਤ ਆਇਆ। ਬਾਬੇ ਦੱਸਿਆ ਪਈ ਥਾਣੇ ਅਪੜਿਆ ਤਾਂ ਅੱਗੇ ਚਾਚਾ ਗੁਜਿਆਣਿਆ ਵੀ ਉਥੇ ਈ ਸੀ। ਪੁਲਿਸ ਨੇ ਕਿਸੇ ਗੱਲ ਲਈ ਉਹਨੂੰ ਪਹਿਲੋਂ ਈ ਥਾਣੇ ਸੱਦਿਆ ਹੋਇਆ ਸੀ। ਉਹਨੇ ਜਦੋਂ ਮੇਰੇ ਅੱਬੇ ਨੂੰ ਵੇਖਿਆ ਤਾਂ ਥਾਣੇਦਾਰ ਨੂੰ ਪੁੱਛਣ ਲੱਗਾ ‘‘ਹਾਂ ਬਈ ਤੂੰ ਸਾਨੂੰ ਸੱਦਿਆ ਤੇ ਅਸੀਂ ਆਏ ਵੀ ਬੈਠੇ ਆਂ। ਗੱਲ ਸਮਝ ਵਿੱਚ ਨਹੀਂ ਆਉਂਦੀ ਏ ਪਈ ਸਾਡੇ ਵਰਗਿਆਂ ਦੀ ਤੇ ਪੁਲਿਸ ਨਾਲ ਸਾਕਾਚਾਰੀ ਹੁੰਦੀ ਏ। ਪਰ ਇਸ ਸ਼ਰੀਫ਼ ਬੰਦੇ ਨੂੰ ਥਾਣੇ ਲਿਆਂਦਾ ਜੇ  ਇਸ ਦੀ ਕੁਝ ਸਮਝ ਨਹੀਂ ਪਈ ਆਉਂਦੀ।” ਅੱਗੋਂ ਥਾਣੇਦਾਰ ਕੂਲਾ ਬੋਲਿਆ ਤੇ ਗੁਜਿਆਣਿਆ ਵੀ ਝੱਟ ਸਾਹਵਾਂ ਹੋ ਗਿਆ, ‘‘ਤੂੰ ਨਵਾਂ ਆਇਆ ਏਂ ਤੇ ਹੋਸ਼ ਨਾਲ ਕਰੀ ਏਥੇ ਥਾਣੇਦਾਰੀ ਮਤਾਂ ਉਹ ਨਾ ਹੋਵੇ ਆਪਣੀ ਆਹਤਰ ਝੰਡ ਵੀ ਕਰਵਾ ਲਵੇਂ ਤੇ ਝੁੱਗਾ ਵੀ ਸੜਵਾ ਬੈਠੇਂ। ਅਸਾਂ ਏਥੇ ਗਊ ਬੰਦਿਆਂ ਨੂੰ ਨਹੀਂਓ ਆਵਣ ਦਿੱਤਾ।” ਥਾਣੇਦਾਰ ਵਾਲੇ ਤੇ ਇਕ ਵਾਰੀ ਭਾਂਬੜ ਬਲ ਖਲੋਤੇ। ਉਹ ਤੇ ਕੋਲੋਂ ਦੂਜਿਆਂ ਮੁਲਾਜ਼ਮਾਂ ਨੇ ਵੱਖਰਿਆਂ ਕਰਕੇ ਆਖਿਆ, ਦਸਿਆ ਤੇ ਉਹਨੂੰ ਗੱਲ ਦੀ ਸਮਝ ਆ ਗਈ ਤੇ ਖ਼ਬਰੇ ਥਾਣੇ ਵਿਚ ਕੀ ਬਣਦੀਆਂ। ਗੁਜਿਆਣੀਏ ਨੂੰ ਅੰਦਰ ਸੱਦ ਕੇ ਕਿੰਨਾ ਚਿਰ ਰਾਜ਼ੀਨਾਮਾ ਕਰਦਾ ਰਿਹਾ। ਓੜਕ ਮੇਰੇ ਅੱਬੇ ਨੂੰ ਘਰ ਜਾਣ ਦੀ ਛੁੱਟੀ ਦੇ ਦਿੱਤੀ ਓਸ।

ਅੱਬਾ ਰੋਟੀ ਖਾ ਕੇ ਹੁੱਕਾ ਛਿੱਕਣ ਤੁੰਗਾ ਦੇ ਡੇਰੇ ਚਲਾ ਗਿਆ। ਉਸ ਵੇਲੇ ਮੈਂ ਆਪਣੀ ਭੈਣ ਕੋਲ ਬੈਠਾ ਸਾਂ। ਕੋਲ ਮੇਰੀ ਮਾਂ ਵੀ ਹੈ ਸੀ।
‘‘ਬਾਜੋ, ਇਹ ਬਾਬਾ ਗੁਜਿਆਣਿਆ ਕਿਹੜਾ ਏ?” ਮੈਂ ਆਪਣੀ ਭੈਣ ਤੋਂ ਪੁੱਛਿਆਂ।
‘‘ਵੇ ਇਹ ਬੜਾ ਵੱਡਾ ਚੋਰ ਏ ਤੇ ਸਨ੍ਹਾਂ ਮਾਰਦਾ ਏ। ਸਾਡੇ ਨਾਨੇ ਨਾਲ ਪੱਗ ਵਟਾਈ ਹੋਈ ਸੂ।”

ਉਸ ਵੇਲੇ ਤੋੜੀ ਮੈਨੂੰ ਸਾਰ ਹੋ ਗਈ ਹੋਈ ਸੀ ਪਈ ਸੰਨ੍ਹ ਕੀ ਹੁੰਦੀ ਏ ਤੇ ਪੱਗ ਵਟਾਈ ਦੇ ਮਾਇਨੇ ਕੀ ਹੁੰਦੇ ਨੇ। ਅਚਨਚੇਤ ਮੇਰੇ ਮਨ ਉਹਨੂੰ ਵੇਖਣ ਦੀ ਤਾਂਘ ਜਾਗ ਪਈ। ਇਹੋ ਜਿਹੇ ਅਨੋਖੇ ਚੋਰ ਨੂੰ ਵੇਖਣ ਦੀ ਤਾਂਘ। ਚੋਰ ਤੇ ਮਾੜੇ ਬੰਦੇ ਸੁਣੀਂਦੇ ਨੇ ਪਰ ਇਹ ਚੋਰ ਤੇ ਮਾੜਾ ਨਹੀਂ ਸੀ। ‘‘ਭਲਾ ਮੈਂ ਵੇਖਿਆ ਹੋਇਆ ਏ ਉਹਨੂੰ?” ਮੈਂ ਪੁੱਛਿਆ।

ਕੋਲੋਂ ਮੇਰੀ ਮਾਂ ਬੋਲ ਪਈ, ‘‘ਲੈ ਤੈਨੂੰ ਤੇ ਉਹਨੇ ਕੁੱਛੜ ਚਾਇਆ ਹੋਇਆ ਏ, ਚੇਤੇ ਨਹੀਂ ਜਦੋਂ ਆਪਣੇ ਨਾਨੇ ਦੇ ਘਰ ਗਿਆ ਸੈਂ ਤੇ ਇਕ ਬੰਦਾ ਆਇਆ ਸੀ ਜਿਹੜਾ ਤੈਨੂੰ ਹਿੱਕ ਨਾਲੋਂ ਲਾਹੁੰਦਾ ਨਹੀਂ ਸੀ। ਜਿਹਦੇ ਲਈ ਅੰਨ-ਪਾਣੀ ਦਾ ਆਖਣ ਤੂੰ ਅੰਦਰ ਆਇਆ ਸੈਂ।”
‘‘ਅੱਛਾ ਤੇ ਉਹ ਰਹਿਮੋ ਗੁਜਿਆਣਿਆ ਸੀ। ਉਹ ਤੇ ਇਕ ਵਾਰੀ ਸਾਡੇ ਘਰ ਵੀ ਆਇਆ ਸੀ ਅੱਬੇ ਨੂੰ ਮਿਲਣਾ।” ਮੈਂ ਹੈਰਾਨ ਹੁੰਦਿਆਂ ਆਖਿਆ।
‘‘ਉਹੋ ਈ ਏ ਕਿ, ਹੋਰ ਕੌਣ ਈ ਬਾਬਾ ਗੁਜਿਆਣਿਆ?
‘‘ਪਰ ਬੇਬੇ ਉਹ ਤੇ ਚੋਰ ਨਹੀਂ ਜਾਪਦਾ। ਬਾਜੋ ਕਹਿੰਦੀ ਏ ਉਹ ਬੜਾ ਵੱਡਾ ਚੋਰ ਏ।”
‘‘ਸੱਚ ਆਂਹਦੀ ਏ ਤੇਰੀ ਬਾਜੋ। ਹੈ ਤੇ ਉਹ ਚੋਰ ਈ ਏ। ਚਲ ਤੂੰ ਹੁਣ ਦੁੱਧ ਪੀ ਲੈ ਤੇ ਸੌਂ ਜਾ। ਸਵੇਰੇ ਸਕੂਲੋਂ ਕਵੇਲਾ ਨਾ ਕਰੀ।”

ਮੈਂ ਦੁੱਧ ਪੀ ਕੇ ਲੰਮਾ ਪਿਆ ਤੇ ਤਾਰਿਆਂ ਨਾਲ ਭਰੇ ਖੁੱਲ੍ਹੇ ਅਸਮਾਨ ਨੂੰ ਤਕਦਾ ਬਾਬਾ ਗੁਜਿਆਣਿਆ ਬਾਰੇ ਸੋਚਦਾ ਰਿਹਾ। ਪਤਾ ਨਹੀਂ ਕਿਹੜੇ ਵੇਲੇ ਮੇਰੀ ਅੱਖ ਲੱਗੀ। ਸੁੱਤਿਆਂ ਪਿਆਂ ਵੀ ਮੈਨੂੰ ਗੁਜਿਆਣਿਆ ਦੇ ਸੁਫ਼ਨੇ ਆਉਦੇ ਰਹੇ। ਮੈਂ ਫ਼ਿਲਮਾਂ ਵਿਚ ਵੇਖੇ ਚੋਰਾਂ-ਡਾਕੂਆਂ ਦੇ ਕੱਪੜਿਆਂ ਵਿਚ ਸਾਵੀ ਘੋੜੀ ਤੇ ਚੜ੍ਹੇ ਗੁਜਾਣੀਏ ਨੂੰ ਵੇਖਦਾ ਰਿਹਾ। ਪਰ ਸਵੇਰੇ ਮੇਰੀਆਂ ਅੱਖਾਂ ਵਿਚ ਫੇਰ ਉਹੋ ਸੁਹਣੇ ਤਹਿਮਤ ਕੁੜਤੇ ਤੇ ਵੱਡੀ ਸਾਰੀ ਪੱਗ ਵਾਲਾ ਬਾਬਾ ਦਿਸਦਾ ਸੀ ਜਿਹਦੀ ਕਰੜਬਰੜੀ ਦਾੜ੍ਹੀ ਮੇਰੇ ਨਾਨੇ ਦੀ ਬੱਗੀ ਦਾੜ੍ਹੀ ਵਾਂਗ ਦੀ ਠੱਪੀ ਹੋਈ ਸੀ ਤੇ ਨੱਕ ਦੀ ਬੇਣੀ ਹੇਠ ਚੌੜੀ ਜਿਹੀ ਅਲਫ਼ੀ, ਹੇਠਾਂ ਨੂੰ ਲੰਮਕਦੀਆਂ ਸੰਘਣੀਆਂ ਮੁੱਛਾਂ ਦੇ ਸਵਾਂਧੇ ਵਾਂਗ ਜਾਪਦੀ ਸੀ।

ਉਸ ਦਿਹਾੜੇ ਮੈਂ ਸਕੂਲ ਵਿੱਚ ਸਾਰਾ ਵੇਲਾ ਆਪਣੇ ਬੇਲੀਆਂ ਨੂੰ ਬਾਬੇ ਗੁਜਿਆਣੀਏ ਦੀਆਂ ਗੱਲਾਂ ਈ ਸੁਣਾਉਂਦਾ ਰਿਹਾ। ਸਗੋਂ ਏਥੋਂ ਤੀਕਰ ਕਿ ਸਕੂਲੋਂ ਪਰਤਦਿਆਂ ਖ਼ੂਨੀ ਕਬਰਾਂ ਵਿਚ ਘਾਹ ਉਤੇ ਬਹਿ ਕੇ ਵੀ ਮੈਂ ਆਪਣੇ ਬੇਲੀਆਂ ਨਾਲ ਬਾਬੇ ਦੀਆਂ ਕਹਾਣੀਆਂ ਈ ਪਾਉਂਦਾ ਰਿਹਾ। ਤੇ ਮੇਰੀ ਮਾਂ ਨੂੰ ਪਤਾ ਕਰਨ ਲਈ ਵੱਡੇ ਵੀਰ ਨੂੰ ਘੱਲਣਾ ਪਿਆ।

ਮੈਨੂੰ ਅੱਜ ਵੀ ਚੇਤੇ ਆਉਂਦਾ ਏ ਪੀ ਉਸ ਦਿਹਾੜੇ ਆਪਣੇ ਬੇਲੀਆਂ ਨੂੰ ਬਾਬੇ ਦੀਆਂ ਜਿੰਨੀਆਂ ਕਹਾਣੀਆਂ ਸਣਾਉਂਦਾ ਉਹ ਸਾਰੀਆਂ ਆਪਣੀਆਂ ਘੜੀਆਂ ਤੇ ਜੋੜੀਆਂ ਹੋਈਆਂ ਸਨ। ਇਹਨਾਂ ਸਾਰੀਆਂ ਕਹਾਣੀਆਂ ਵਿੱਚ ਮੈਂ ਬਾਬੇ ਹੱਥੋਂ ਕਈ ਬੰਦੇ ਮਰਦੇ ਹੋਏ ਦੱਸੇ ਕਈ ਝੁੱਗੇ ਲੁਟੀਂਦੇ ਸੁਣਾਏ, ਕਈ ਥਾਣੇਦਾਰਾਂ ਨੂੰ ਜੁੱਤੀਆਂ ਪੈਂਦੀਆਂ ਵਿਖਾਈਆਂ।

ਇਹ ਗੱਲ ਬੜੀ ਅਚੰਭਾ ਜਾਪਦੀ ਏ ਮੈਨੂੰ ਪਈ ਮੈਂ ਆਪਣੀ ਹਰ ਕਹਾਣੀ ਵਿਚ ਬਾਬੇ ਰਹਿਮੇ ਗੁਜਿਆਣੀਏ ਨੂੰ ਸੁਖੀ ਤੇ ਗ਼ਰੀਬ ਗਰਬਾ ਉਤੇ ਦਯਾ ਕਰਨ ਵਾਲਾ ਜ਼ਰੂਰ ਵਿਖਾਉਦਾ ਸਾਂ ਔਖੇ ਵੇਲੇ ਗ਼ਰੀਬਾਂ ਨੂੰ ਬਹੁੜਨ ਵਾਲਾ। ਨਿਮਾਣਿਆਂ ਉਤੇ ਉਠਦੇ ਹੱਥਾਂ, ਉਘਰੀਆਂ ਤਲਵਾਰਾਂ ਬਰਛਿਆਂ ਨੂੰ ਠੱਲਣ ਵਾਲਾ। ਖ਼ਬਰੇ ਇਹਦੀ ਵਜ੍ਹਾ ਉਹ ਪਿਆਰ ਸੀ, ਜਿਹੜਾ ਬਾਬੇ ਨੇ ਆਪਣੀਆਂ ਦੋਵਾਂ ਮਿਲਣੀਆਂ ਵਿਚ ਮੈਨੂੰ ਕੀਤਾ ਸੀ ਜਾਂ ਉਹਦਾ ਉਹ ਸਲੂਕ ਸੀ, ਜਿਹੜਾ ਉਹ ਸਾਡੇ ਟੱਬਰ ਨਾਲ ਕਰਦਾ ਸੀ। ਤਾਂ ਵੀ ਮੈਂ ਆਪਣੇਂ ਵਲੋਂ ਇਹਦਾ ਕੋਈ ਇਕ ਢੁਕਵਾਂ ਕਾਰਨ ਨਹੀਂ ਦੱਸ ਸਕਦਾ। ਇਹ ਵੀ ਹੋ ਸਕਦਾ ਏ ਪਈ ਆਲ-ਦਵਾਲਿਓਂ ਜਿਹੜਿਆਂ ਪੁਰਾਣੇ ਡਾਕੂਆਂ ਚੋਰਾਂ ਦੀਆਂ ਕਹਾਣੀਆਂ ਸੁਣੀਦੀਆਂ ਸਨ, ਉਹਨਾਂ ਵਿੱਚ ਡਾਕੂ ਚੋਰ ਇੰਜ ਦੇ ਈ ਹੁੰਦੇ ਸਨ, ਇਸ ਕਰਕੇ।

ਮੈਂ ਪ੍ਰਾਇਮਰੀ ਪਾਸ ਕਰਕੇ ਹਾਈ ਸਕੂਲ ਅਪੜ ਗਿਆ। ਇਸ ਸਾਰੇ ਵੇਲੇ ਵਿਚ ਮੈਂ ਕਦੇ ਵੀ ਬਾਬੇ ਗੁਜਿਆਣੀਏ ਨੂੰ ਨਾ ਵੇਖ ਸਕਿਆ। ਨਾਨੇ ਨਾਲ ਉਹਦੀ ਯਾਰੀ ਸੀ, ਭਰੱਪਪੁਣਾ ਸੀ। ਮੈਂ ਇਹ ਸੋਚ ਕੇ ਕਈ ਵਾਰ ਨਾਨੇ ਵੱਲ ਉਚੇਚਾ ਗਿਆ ਵੀ। ਪਰ ਮੇਰੇ ਹੁੰਦਿਆਂ ਖ਼ਬਰੇ ਉਸ ਉਦੋਂ ਈ ਆਉਣਾ ਸੀ, ਇਕੋ ਵਾਰੀ। ਅਗੋਂ ਇਹੋ ਈ ਪਤਾ ਲਗਦਾ ਪਈ ਕੱਲ੍ਹ ਆਇਆ ਸੀ, ਪਤਾ ਨਹੀਂ ਹੁਣ ਕਦੋਂ ਆਉਂਦਾ ਏ।

ਇਕ ਦਿਹਾੜੇ ਮੈਂ ਨਾਨੇ ਵੱਲ ਗਿਆ ਅੱਗੇ ਨਾਨੀ ਕੋਲ ਕਿੰਨੀਆਂ ਈ ਜ਼ਨਾਨੀਆਂ ਬੈਠੀਆਂ ਹੋਈਆਂ ਸਨ। ਮੇਰੀ ਨਾਨੀ ਨੇ ਜਦੋਂ ਉਹਨਾਂ ਨੂੰ ਦੱਸਿਆਂ ਪਈ ਇਹ ਬੀਬਾਂ ਦਾ ਸਭ ਤੋਂ ਨਿੱਕਾ ਛੋਹਰ ਏ ਤਾਂ ਉਹਨਾਂ ਨੂੰ ਤੇ ਜਿਵੇਂ ਚਾ ਚੜ੍ਹ ਗਿਆ। ਸਭ ਤੋਂ ਵੱਡੀ ਉਮਰ ਦੀ ਜ਼ਨਾਨੀ ਨੇ ਮੈਨੂੰ ਸੱਦ ਕੇ ਆਪਣੀ ਕੱਛ ਵਿਚ ਬਹਾ ਲਿਆ ਤੇ ਮੇਰਾ ਮੂੰਹ ਸਿਰ ਚੁੰਮਣ ਲੱਗ ਪਈ।
‘‘ਲੈ ਫੇਰ ਵੱਡੀਏ ਇਹ ਤੇ ਦੋਹਤਰਾ ਹੋਇਆ ਕਿ ਆਪਣਾ।” ਉਹ ਮੇਰੀ ਧੌਣ ਚੁੰਮਦੀ ਹੋਈ ਬੋਲੀ।

ਮੈਨੂੰ ਬਾਬੇ ਰਹਿਮੋ ਗੁਜਿਆਣੀਏ ਨਾਲ ਆਪਣੀ ਪਹਿਲੀ ਮਿਲਣੀ ਚੇਤੇ ਆ ਗਈ। ਉਹਨੇ ਵੀ ਤੇ ਇੰਜ ਈ ਮੈਨੂੰ ਆਪਣਾ ਦੋਹਤਰਾ ਆਖਿਆ ਸੀ। ਮੈਨੂੰ ਲਗਾ ਜਿਵੇਂ ਉਸ ਜ਼ਨਾਨੀ ਦਾ ਤੇ ਦੂਜੀਆਂ ਤਿੰਨਾਂ ਭਰ ਜਵਾਨ ਕੁੜੀਆਂ ਦਾ ਬਾਬੇ ਨਾਲ ਕੋਈ ਸਾਂਗਾ ਸੀ। ਪਰ ਮੈਂ ਚੁੱਪ ਰਿਹਾ।

ਉਹ ਬੀਬੀ ਮੈਨੂੰ ਆਪਣੇ ਗੋਡੇ ਮੁੱਢ ਬਿਠਾ ਕੇ ਮੇਰੇ ਮਾਂ ਦੀ ਖ਼ੈਰ ਮਿਹਰ ਪੁੱਛਦੀ ਪਈ ਸੀ। ਮੇਰੇ ਤੋਂ ਜ਼ਨਾਨੀਆਂ ਦੀ ਏਡੀ ਨੇੜ ਪਾਰੋਂ ਗੱਲ ਨਹੀਂ ਸੀ ਪਈ ਹੁੰਦੀ। ਮੈਂ ਨੀਵੀਂ ਪਾਈ ਹੋਈ ਹੌਲੀ ਜਿਹੀ ਵਾਜ ਵਿਚ ਉਹਦੀਆਂ ਪੁੱਛਾਂ ਦਾ ਵਲਦਾ ਦੇਂਦਾ ਪਿਆ ਸਾਂ। ਕੁਝ ਚਿਰ ਪਿਛੋਂ ਉਹ ਬੀਬੀ ਪਹਿਲੋਂ ਤੋਂ ਛੋਹੀ ਹੋਈ ਗੱਲ ਮੇਰੀ ਨਾਨੀ ਨੂੰ ਸੁਣਾਉਣ ਲੱਗ ਪਈ।

‘‘ਤੇ ਭੈਣ ਵੱਡੀਏ, ਭਰਾ ਤੇਰਾ ਅੱਗੇ ਵੀ ਤੇ ਕਈ ਵੇਰੀ ਅੰਦਰ ਟੁਰ ਜਾਂਦਾ ਰਿਹਾ ਏ। ਕਿਹੜੀ ਕੋਈ ਨਵੀ ਗੱਲ ਏ। ਸਾਡੀ ਤੇ ਉਮਰ ਈ ਸਾਰੀ ਲੰਘ ਗਈ ਇਹੋ ਕੁਝ ਵੇਖਦਿਆਂ। ਉਹ ਨਿੱਕੀ ਜ਼ਰਾਂ ਡੋਲੀ ਹੋਈ ਏ, ਸਾਹਿਬੋ। ਅੱਜ ਮੁਲਾਕਾਤ ਤੇ ਵੀ ਪਿਓ ਨੂੰ ਵੇਖ ਕੇ ਡੁਸਕਣ ਲੱਗ ਪਈ ਸਾਈ। ਉਹਨੇ ਮੇਰੀ ਨਾਨੀ ਦੇ ਸੱਜੇ ਗੋਡੇ ਨਾਲ ਬੈਠੀ ਕੁੜੀ ਵੱਲ ਮੁਸਕਰਾਉਂਦਿਆਂ ਆਖਿਆ।

ਮੇਰੀ ਨਾਨੀ ਨੇ ਛੇਤੀ ਨਾਲ ਉਸ ਕੁੜੀ ਨੂੰ ਕਲਾਵੇ ਲੈ ਕੇ ਹਿੱਕ ਨਾਲ ਲਾ ਲਿਆ ਤੇ ਉਹਦਾ ਸਿਰ ਚੁੰਮਣ ਲੱਗ ਪਈ। ਉਹ ਕੁੜੀ ਫੇਰ ਡੁਸਕ ਪਈ। ਮੈਂ ਉਥੋਂ ਝੋਲੀ ਬੈਠਿਆਂ ਈ ਨੀਝ ਨਾਲ ਉਹਦੇ ਮੂੰਹ ਵੱਲ ਵੇਖਿਆਂ, ਤੱਤੀਆਂ-ਤੱਤੀਆਂ ਅੱਥਰਾਂ ਉਹਦੀਆਂ ਅੱਖਾਂ ਵਿੱਚੋਂ ਸਿਮ ਕੇ ਨੱਕ ਦੀ ਕਰੂੰਬਲੀ ਤੋਂ ਹੁੰਦੀਆਂ ਮੇਰੀ ਨਾਨੀ ਦੀ ਹਿੱਕ ਵਿਚ ਗਵਾਚਦੀਆਂ ਪਈਆਂ ਸਨ।
‘‘ਲੈ ਕਮਲੀ ਧੀ। ਕਿਉਂ ਰੋਂਦੀ ਪਈ ਏ ਇਹਦੀ ਹੋਸ਼ ਵਿੱਚ ਪਹਿਲੀ ਵਾਰੀ ਇੰਜ ਹੋਇਆ ਏ ਨਾ। ਇਸ ਪਾਰੋਂ . . . . ” ਨਾਨੀ ਉਹਨੂੰ ਤਸੱਲੀ ਦੇਂਦੀ ਬੋਲੀ।

ਮੇਰਾ ਦਿਲ ਕੀਤਾ, ਜਾਂ ਤੇ ਆਪਣੇ ਝੱਗੇ ਨਾਲ ਉਹਦੀਆਂ ਅੱਖਾਂ ਪੂੰਝ ਦੇਵਾਂ। ਮੈਨੂੰ ਸਮਝ ਆ ਗਈ ਸੀ ਪਈ ਇਹ ਮੇਰੇ ਬਾਬੇ ਦਾ ਜੀਆਜੰਤ ਆਇਆ ਹੋਇਆ ਏ ਤੇ ਬਾਬਾ ਕਿਸੇ ਮੁਕੱਦਮੇ ਵਿੱਚ ਅੰਦਰ ਹੋ ਗਿਆ ਏ। ਮੇਰਾ ਮਨ ਕਾਹਲਾ ਪੈ ਗਿਆ ਤੇ ਮੈਂ ਬਾਬੇ ਦੀ ਘਰ ਵਾਲੀ ਕੋਲੋਂ ਉਠ ਖਲੋਤਾ। ਮੇਰੀਆਂ ਆਪਣੀਆਂ ਅੱਖਾਂ ਵੀਭਰ ਆਈਆਂ ਸਨ। ਜਿਸ ਵੇਲੇ ਬਾਬੇ ਦੀ ਘਰੋਂ ਨੇ ਦੱਸਿਆ, ‘‘ਵੱਡੀਏ ਇਹਨੂੰ ਰੁੰਨਾ ਵੇਖ ਕੇ ਵੀਰ ਤੇਰਾ ਤਪ ਗਿਆ ਤੇ ਮੈਨੂੰ ਆਖਣ ਲੱਗਾ, ਸਭਰਾਈਏ ਇਹਨੂੰ ਉਥੇ ਗੋਪੇ ਰਾਵਾਂ ਵੱਲ ਈ ਛੱਡ ਆਉਂਣਾ ਸੀ। ਐਵੇਂ ਨਾਲ ਲਿਆਵਣ ਦੀਕੀ ਲੋੜ ਸੀ?”
ਇਹ ਸੁਣ ਕੇ ਸਾਹਿਬੋ ਹੋਰ ਹੁਬਕੇ ਲੈ ਲੈ ਕੇ ਰੋਣ ਲੱਗ ਪਈ ਤੇ ਫੇਰ ਮੈਨੂੰ ਖ਼ਬਰੇ ਕੀ ਹੋਇਆ, ਮੇਰੀਆ, ਆਪਣੀਆਂ ਅੱਖਾਂ ਵੀ ਉਛਾਲ ਤਾਰੂ ਹੋਈਆਂ।
ਨੀ ਫੜੋ ਨੀ ਭਣੇਂਵੇ ਨੂੰ। ਮਾਮੀ ਨੂੰ ਰੋਂਦਾ ਵੇਖ ਕੇ ਇਹ ਵੀ ਫਿੱਸ ਪਿਆ ਏ।” ਬੀਬੀ ਨੇ ਆਪਣੀਆਂ ਬਾਕੀ ਦੋਵਾਂ ਕੁੜੀਆਂ ਨੂੰ ਆਖਿਆ।

ਉਹਨਾਂ ਮੈਨੂੰ ਝੱਟ ਆਪਣੇ ਵੱਲ ਧਰੂ ਲਿਆ ਤੇ ਲੱਗ ਪਈਆਂ ਪਰਚਾਣ-ਵਲਾਂਣ।
‘‘ਮੈਂ ਤੇ ਏਸੇ ਗਲੋਂ ਡਰਦੀ, ਧੀ ਬੀਬਾਂ ਵੱਲ ਨਹੀਂ ਗਈ ਭਾਂਵੇ ਉਹਦਾ ਘਰ ਤੁਹਾਡੇ ਤੋਂ ਪਹਿਲਾਂ ਅਉਂਦਾ ਸੀ। ਪਰ ਮੈਂਨੂੰ ਤੱਤੀ ਨੂੰ ਕੀ ਪਤਾ ਸੀ ਅਗੋਂ ਦੋਹਤਰਾ ਟੱਕਰ ਪਵੇਗਾ ਤੇ ਮੈਂ ਵਾਲੀ ਕਸਰ ਕੱਢ ਦੇਵੇਗਾ।”
ਉਹ ਚਾਰੇ ਮਾਵਾਂ-ਧੀਆਂ ਸਾਰਾ ਦਿਨ ਨਾਨੀ ਵੱਲ ਰਹੀਆਂ। ਉਹਨਾਂ ਮੈਨੂੰ ਵੱਡੇ ਸਾਰੇ ਨੂੰ ਆਪਣੇ ਕੁਛੜੋਂ ਨਾ ਲੱਥਣ ਦਿੱਤਾ। ਨਿੱਕੀ ਸਾਹਿਬੋ ਨੇ ਮੇਰੇ ਰੋਣ ਪਿਛੋਂ ਧਰਵਾਸ ਬੰਨ੍ਹ ਲਈ। ਅੱਖਾਂ ਪੂੰਝ ਲਈਆ ਤੇ ਮੈਨੂੰ ਆਪਣੇ ਕੋਲ ਸੱਦ ਕੇ ਬਹਾ ਲਿਆ। ਮੂੰਹੋਂ ਉਹ ਕੁਝ ਨਾ ਬੋਲੀ।

ਜਦੋਂ ਉਹ ਚੱਲੀਆਂ ਤੇ ਨਾਨੀ ਨੇ ਟਰੰਕ ਖੋਲ੍ਹ ਕੇ ਉਹਨਾਂ ਨੂੰ ਝੱਗਾ-ਚੁੰਨੀ ਦੇ ਕੇ ਟੋਰਿਆ।

ਬਾਬੇ ਦਾ ਇਕ ਪੁਰਾਣਾ ਬਲਵੇ ਦਾ ਮੁਕੱਦਮਾ ਸੀ। ਇਕ-ਦੋ ਪੇਸ਼ੀਆਂ ਭੁਗਤਣ ਮਗਰੋਂ ਉਸ ਅਦਾਲਤ ਜਾਣਾ ਛੱਡ ਦਿੱਤਾ। ਉਹਦੀ ਪਾਰੋਂ ਉਹਦੇ ਵਰੰਟ ਨਿਕਲ ਆਏ। ਪੁਲਿਸ ਨੇ ਫੜ ਕੇ ਉਹਨੂੰ ਅੰਦਰ ਦੇ ਦਿੱਤਾ। ਗੱਲ ਕੋਈ ਏਡੀ ਵੱਡੀ ਨਹੀਂ ਸੀ। ਇਹਨੂੰ ਮੈਜਿਸਟਰੇਟ ਨੇ ਰੋਹ ਖਾ ਕੇ ਕਾਰਵਾਈ ਠੋਕ ਦਿੱਤੀ ਸੀ। ਕੁਝ ਦਿਨ ਡੱਕੇ ਰਹਿਣ ਪਿੱਛੋਂ ਉਹ ਬਾਹਰ ਆ ਗਿਆ।
ਬਾਬੇ ਨੂੰ ਮੈਂ ਜਿੰਨਾਂ ਮਿਲਣ ਲਈ ਸਿਕਦਾ ਸਾਂ, ਉਨਾ ਈ ਮੇਰੀ ਉਹਦੀ ਮਿਲਣੀ ਦਾ ਸੂਤਰ ਨਹੀਂ ਸੀ ਪਿਆ ਬੱਝਦਾ। ਹੁਣ ਉਹ ਨਾਨੇ ਦੇ ਘਰ ਵੀ ਕਦੀ-ਕਦਾਈਂ ਈ ਆਉਂਦਾ ਸੀ। ਮੈਂ ਨਾਨੇ ਨੂੰ ਪੁੱਛਿਆ ਉਹ ਆਖਣ ਲੱਗਾ, ‘‘ਪੁੱਤਰ ਉਹ ਕੰਮਾਂ-ਕਾਰਨਿਆਂ ਵਾਲਾ ਬੰਦਾ ਏ। ਜਦੋਂ ਕਦੀ ਟਾਂਗ ਲਗੂ ਸੂ ਆਪੇ ਆਉਂਦਾ ਰਵ੍ਹੇਗਾ।”

ਪਰ ਮੇਰਾ ਸ਼ੌਕ ਤੇ ਜਿਵੇਂ ਜਿੰਨ ਦਾ ਰੂਪ ਵਟਾ ਗਿਆ ਹੋਇਆ ਸੀ। ਕਦੀ ਨਾਨੇ-ਨਾਨੀ ਤੋਂ ਕਦੀਂ ਆਪਣੇਂ ਮਾਂ ਪਿਓ ਤੋਂ ਮੈਂ ਬਾਬੇ ਬਾਰੇ ਖੋਤਰਾ-ਖੋਤਰੀ ਕੀਤੀ ਰਖਦਾ।
ਬਾਬੇ ਗੁਜਿਆਣਿਆ ਨਾਲ ਮੇਰੀ ਮਿਲਣੀ ਤੇ ਨਾ ਹੋਈ ਪਰ ਕਰਦਿਆਂ-ਕਰਦਿਆਂ ਮੇਰੇ ਕੋਲ ਉਹਦੇ ਬਾਰੇ ਵਾਹਵਾ ਸਾਰੀ ਜਾਣਕਾਰੀ ਜ਼ਰੂਰ ਇਕੱਠੀ ਹੋ ਗਈ।

ਬਾਬੇ ਦਾ ਨਾਨਕਾ ਪਿੰਡ ਗੁਜਿਆਣਾ ਸੀ। ਉਹ ਜੰਮਿਆ ਵੀ ਉਥੇ ਈ ਸੀ। ਮਾਵਾਂ ਅਕਸਰ ਪੇਕਿਆਂ ਦੇ ਈ ਵਿਅੰਮ ਕੱਟਦੀਆਂ ਨੇ। ਪਰ ਬਾਬਾ ਜੰਮਣ ਪਿਛੋਂ ਚੋਖਾ ਚਿਰ ਗੁਜਿਆਣੇ ਈ ਰਿਹਾ। ਆਪਣੇ ਪਿੰਡ ਜਦੋਂ ਉਹ ਮੁੜਿਆ ਤਾਂ ਨੱਸਣ-ਭੱਜਣ ਜੋਗਾ ਹੋ ਗਿਆ ਹੋਇਆ ਸੀ। ਏਨਾ ਚਿਰ ਉਹਦੇ ਨਾਨਕੇ ਰਹਿਣ ਦੀ ਵਜ੍ਹਾ ਇਹੋ ਈ ਸੀ, ਉਹਦਾ ਪਿਓ ਆਪ ਵੀ ਨਾਮੀ ਗ੍ਰਾਮੀ ਚੋਰ ਸੀ। ਚੋਰੀ ਦੇ ਇਕ ਮੁਕੱਦਮੇਂ ਵਿਚ ਬੱਝ ਗਿਆ। ਜਿਨਾਂ ਚਿਰ ਉਹ ਜੇਲ੍ਹੇ ਰਿਹਾ, ਬਾਬੇ ਦੀ ਮਾਂ ਨੂੰ ਸਹੁਰਿਆਂ ਵਲੋਂ ਲੈਣ ਕੋਈ ਨਾ ਗਿਆ। ਉਹ ਜੇਲ੍ਹੋਂ ਛੁੱਟਿਆ ਤੇ ਸਿੱਧਾ ਸਹੁਰਿਆਂ ਦੇ ਪੁੱਜਿਆ। ਇੰਜ ਇਹ ਦੋਵੇਂ ਮਾਂ-ਪੁੱਤਰ ਆਪਣੇ ਘਰ ਮੁੜੇ ਗੁਜਿਆਣੇ ਵਿਚ ਜੰਮਣ ਤੇ ਫੇਰ ਉਥੇ ਈ ਵੱਡਾ ਹੋਵਣ ਪਾਰੋਂ ਬਾਬੇ ਦਾ ਪਿਓ ਉਹਨੂੰ ਗੁਜਿਆਣਿਆ ਆਖ ਕੇ ਕੁਵਾਉਂਦਾ ਬੁਲਾਉਂਦਾ। ਏਥੇ ਈ ਗੁਜਿਆਣਿਆ ਉਹਦੇ ਨਾਲ ਦਾ ਅਨਿਖੜਵਾਂ ਅੰਗ ਬਣ ਗਿਆ। ਚੋਰੀ ਕਰਨਾ ਬਾਬੇ ਨੇ ਆਪਣੇ ਪਿਓ ਤੋਂ ਸਿਖਿਆ। ਝੁੱਗਾ ਭੰਨਣ ਮਾਲ ਡੰਗਰ ਕੱਢਣ ਦੇ ਜਿੰਨੇ ਵੀ ਗੁਰ ਸਨ, ਉਹਨੂੰ ਪਿਓ ਨੇ ਈ ਦਸੇ। ਨੱਸਣ-ਟੱਪਣ ਤੇ ਡਾਂਗ ਸੋਟਾ ਵਰਤਣ ਦੀ ਜਾਚ ਉਹਨੇ ਆਪ ਸਿੱਖੀ। ਕੌਡੀ ਤੇ ਪਹਿਲਵਾਨੀ ਦਾ ਵੀ ਚੰਗਾ-ਚੋਖਾ ਜਾਣੂ ਸੀ। ਆਂਹਦੇ ਨੇ – ਕੌਡੀ ਵਿਚ ਹੱਥ ਲਾਉਂਦਿਆਂ ਸਾਰ ਉਹਦੇ ਵਿਚ ਬਿਜਲੀ ਭਰ ਜਾਂਦੀ ਸੀ ਤੇ ਫੇਰ ਉਹ ਇੰਜ ਸ਼ੂਟ ਵੱਟਦਾ ਸੀ ਕਿ ਖਡਾਰ ਤਾਂ ਇਕ ਪਾਸੇ ਰਿਹਾ, ਹਵਾ ਵੀ ਉਹਨੂੰ ਤਕਦੀ ਰਹਿ ਜਾਂਦੀ ਹੁੰਦੀ ਸੀ। ਉਹਨੇ ਮੇਲਿਆਂ ਛਿੰਜਾਂ ਉਤੇ ਕਿਸੇ ਇਕ ਪਾਸਿਓਂ ਲੀੜੇ ਲਾਹ ਕੇ ਪਿੜ ਵਿਚ ਨਿਕਲਣਾ, ਦੂਜੇ ਪਾਸੇ ਨੇ ਖੇਡਣ ਤੋਂ ਇਨਕਾਰੀ ਹੋ ਜਾਣਾ ਕਿਉਂ ਜੋ ਜਿਹੜੇ ਪਾਸੇ ਰਹਿਮੋਂ ਗੁਜਿਆਣੀਏ ਨਿਕਲ ਪੈਣਾ ਉਹਦੀ ਜਿੱਤ ਪੱਕੀ ਹੋ ਜਾਂਦੀ ਸੀ। ਪਹਿਲਵਾਨੀ ਉਹਨੇ ਚੋਖਾ ਚਿਰ ਨਾ ਕੀਤੀ। ਪਰ ਦੱਸਣ ਵਾਲੇ ਦਸਦੇ ਨੇ ਉਹਦੇ ਨਾਲ ਦਾ ਪਹਿਲਵਾਨ ਵੀ ਪੂਰੇ ਇਲਾਕੇ ਵਿਚ ਕੋਈ ਨਹੀਂ ਸੀ।

ਪਹਿਲਾਂ-ਪਹਿਲਾਂ ਤੇ ਬਾਬਾ ਆਪਣੇ ਪਿਉ ਨਾਲ ਈ ਰਲ ਕੇ ਚੋਰੀ ਕਰਦਾ। ਫੇਰ ਉਹਦੇ ਤੋਂ ਵੱਖਰਾ ਜਾਣ ਲਗ ਪਿਆ ਤੇ ਛੇਤੀ ਈ ਉਹੀਦਆਂ ਧੁੰਮਾਂ ਪਿਉ ਤੋਂ ਵਧੇਰੀਆਂ ਹੋ ਗਈਆਂ। ਚੋਰੀ ਦੇ ਕਸਬ ਨੂੰ ਉਹ ਹੋਰਨਾਂ ਚੋਰਾਂ ਤੋਂ ਵੱਖਰਾ ਈ ਲੈਂਦਾ ਸੀ। ਕੰਮ ਤੇ ਜਾਣ ਤੋਂ ਦੋ ਚਾਰ ਦਿਨ ਅਗਦੋਂ ਉਹ ਚਿਲ੍ਹੇ ਵਿਚ ਪੈ ਜਾਂਦਾ। ਨਾ ਕਿਸੇ ਨਾਲ ਗੱਲ ਕਰਦਾ, ਨਾ ਕਿਸੇ ਨਾਲ ਬਹਿੰਦਾ। ਬਸ ਚੁੱਪਚਾਨ ਜਾਂ ਤੇ ਅੰਦਰ ਕੋਠੇ ਵਿਚ ਬੈਠਾ ਰਹਿੰਦਾ ਤੇ ਜਾਂ ਫੇਰ ਪਿੰਡੋਂ ਦੁਰਾਡਿਆਂ ਨਿਕਲ ਕੇ ਕਿਸੇ ਸੁੰਡੀ ਥਾਵੇਂ ਲੰਮਿਆਂ ਪਿਆ ਕਿੰਨਾ ਕਿੰਨਾ ਚਿਰ ਅਸਮਾਨ ਵਲ ਤਕਦਾ ਰਹਿੰਦਾ। ਕਦੀ-ਕਦੀ ਵਿਚ ਉਹਦੇ ਬੁੱਲ੍ਹ ਵੀ ਹਿੱਲਣ ਲਗ ਪੈਂਦੇ ਜਿਵੇਂ ਕੁਝ ਪੜ੍ਹਦਾ ਪਿਆ ਹੋਵੇ। ਉਹ ਕੀ ਪੜ੍ਹਦਾ ਸੀ ਤੇ ਕਿਹੜੇ ਖਿਆਲਾਂ ਵਿਚ ਗੁਆਚਾ ਰਹਿੰਦਾ ਸੀ ਇਸ ਬਾਰੇ ਉਹਨੇ ਕਦੀ ਵੀ ਕਿਸੇ ਨੂੰ ਭੋਗ ਨਹੀਂ ਸੀ ਪੈਣ ਦਿੱਤਾ। ਫੇਰ ਉਹਦੇ ਕਸਬ ਉਤੇ ਨਿਕਲਣ ਦੀ ਰਾਤ ਆ ਜਾਂਦੀ। ਉਸ ਰਾਤ ਦੀ ਸ਼ਾਮ ਨੂੰ ਈ ਪਿੰਡਾਂ ਗ੍ਰਾਵਾਂ ਦੇ ਸਿਆਣੇ ਬੰਦੇ ਸਿਆਣ ਲੈਂਦੇ ‘‘ਲਗਦਾ ਪਿਆ ਏ ਪਈ ਇਹ ਰਾਤ ਗੁਜਿਆਣੀਏ ਦੀ ਏ।” ਅਗਲੇ ਜਾਂ ਤਰੀਜੇ-ਚੌਥੇ ਦਿਹਾੜੇ ਪਿੰਡ ਦੀ ਲਹਿੰਦੀ ਗੁੱਠੇ ਪੁਰਾਣੇ ਦਰਬਾਰ ਦੀ ਚੌਖੰਡੀ ਵਿਚ ਗੁਜਿਆਣਿਆ ਦੁਪਹਿਰਾਂ ਤਾਈਂ ਸੁੱਤਾ ਪਿਆ ਹੁੰਦਾ ਤੇ ਪੰਜਾਬ ਵਿਚ ਕਿਧਰੇ ਨਾ ਕਿਧਰੇ ਖੋਜੀ ਪੁਲਸ ਨੂੰ ਦਸਦੇ ਪਏ ਹੁੰਦੇ – ‘‘ਇਹ ਖੁਰਾ ਗੁਜਿਆਣਿਏ ਦਾ ਏ ਪਿੰਡ ਦੇ ਦਵਾਲਿਉਂ ਇਹਨੇ ਅਗਾਂਹ ਨਹੀਂ ਟੁਰਨਾ।”

ਬਾਬੇ ਗੁਜਿਆਣੀਏ ਦਾ ਵਾਧਾ ਸੀ ਕਿ ਉਹ ਲੋਹੇ ਦੀ ਕੰਧ ਨੂੰ ਵੀ ਸੰਨ੍ਹ ਲਾ ਸਕਦਾ ਸੀ ਤੇ ਸੌ ਬੰਦੇ ਦੇ ਘੇਰੇ ਵਿਚੋਂ ਵੀ ਡੰਗਰ ਕੱਢ ਕੇ ਟੋਰ ਸਕਦਾ ਸੀ। ਪੱਕੀ ਤੋਂ ਪੱਕੀ ਕੰਧ ਵਿਚੋਂ ਵੀ ਇੰਜ ਟਾਕੀ ਕੱਢ ਲੈਂਦਾ ਸੀ ਜਿਵੇਂ ਕੰਧ ਨਾ ਹੋਵੇ ਕੋਈ ਹਦਵਾਣਾ ਹੋਵੇ। ਉਹਦੀ ਸਭ ਤੋਂ ਮਸ਼ਹੂਰ ਚੋਰੀ ਕਿਲ੍ਹੇ ਦੀ ਸੀ। ਕਿਸੇ ਮਿਹਣਾ ਮਾਰਿਆ, ‘‘ਗੁਜਿਆਣਿਆ ਏਡਾ ਜੁ ਚੋਰ ਏ ਤਾਂ ਕਿਲ੍ਹੇ ਵਿਚ ਲੁਕੇ ਹਾਂ।” ਬਾਬੇ ਸੁਣਿਆ ਤੇ ਉਹਨੂੰ ਇਹ ਮਿਹਣਾ ਲੜ ਗਿਆ ਤੇ ਫੇਰ ਉਹਨੇ ਕਿਲ੍ਹੇ ਵਿਚ ਚੋਰੀ ਕਰਕੇ ਵਿਖਾ ਦਿੱਤੀ। ਆਂਹਦੇ ਨੇ, ਬਾਬਾ ਗਊ ਦੀ ਪੂਛਲ ਨਾਲ ਰੱਸਾ ਬੰਨ੍ਹ ਕੇ ਮੋਹਲੜ ਸ਼ਾਹ ਵਾਲੇ ਪਾਸਿਓਂ ਸੰਗੀਆਂ ਸਣੇ ਕਿਲ੍ਹੇ ਤੇ ਜਾ ਚੜ੍ਹਿਆ ਤੇ ਰਾਣੀ ਦੀਆਂ ਟੂੰਬਾਂ ਕੱਢ ਲਿਓ ਸੂ। ਪਾਹਰਵਾਂ ਨੂੰ ਲਾਧ ਹੋ ਗਈ। ਉਹਨਾਂ ਰੱਸੇ ਵਾਲੀ ਥਾਂ ਜਾ ਮੱਲੀ। ਬਾਬੇ ਨੇ ਜਦੋਂ ਉਥੋਂ ਨਿਕਲਣ ਦੇ ਸਾਰੇ ਰਾਹ ਬੰਦ ਡਿੱਠੇ ਤਾਂ ਸੰਗੀਆਂ ਦੇ ਕੰਨਾਂ ਵਿਚ ਵਾਰੀ ਵਾਰੀ ਇਕ ਗੱਲ ਸਮਝਾਈ ਤੇ ਫੇਰ ਉਹ ਸਾਰੇ ਜਣੇ ਪੈੜੀਆਂ ਲੈ ਕੇ ਕਿਲ੍ਹੇ ਤੋਂ ਗਗੜੀਆਂ ਦੀਆਂ ਝੁੱਗੀਆਂ ਵਾਲੇ ਪਾਸੇ ਛਾਲਾਂ ਮਾਰ ਗਏ। ਪਾਹਵਾਂ ਨੇ ਉਹਨਾਂ ਉਤੇ ਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਪਰ ਉਹ ਨਿਕਲ ਗਏ। ਬਾਬੇ ਦੇ ਮੋਢੇ ਦਾ ਜੋੜ ਖਿਸਕਣ ਤੋਂ ਅੱਡ ਕਿਸੇ ਨੂੰ ਮਾੜੀ ਜਿਹੀ ਝਰੀਟ ਵੀ ਨਾ ਆਈ।

ਗੱਲਾਂ ਤੇ ਬਾਬੇ ਦੇ ਕਾਰਨਿਆਂ ਦੀਆਂ ਬੇਅੰਤ ਸਨ, ਪੂਰੀ ਜ਼ਿੰਦਗੀ ਉਹਦੀ ਵਿਚ ਏਨੇ ਕੁ ਕਾਰਨੇ ਸਨ ਕਿ ਦਫ਼ਤਰਾਂ ਦੇ ਦਫ਼ਤਰ ਭਰੇ ਜਾਣ ਤੇ ਤਾਂ ਵੀ ਨਾ ਮੁੱਕਣ। ਸਭ ਤੋਂ ਵੱਧ ਸਵਾਦਲੀ ਗੱਲ ਇਹ ਈ ਏ ਪਈ ਬਾਬੇ ਨੇ ਕਦੀ ਚੋਰੀ ਕੀਤਾ ਮਾਲ ਮੋੜਿਆ ਨਹੀਂ ਸੀ। ਪੁਲਸੀਆਂ ਨੇ ਜਿਥੋਂ ਤੀਕਰ ਲਗਦੀ ਵਾਹ ਲਾ ਵੇਖਣੀ ਪਰ ਹਰਾਮ ਏ ਜੇ ਉਸ ਕਦੀ ਤੀਲ੍ਹਾ ਵੀ ਪਰਤਾਇਆ ਹੋਵੇ।

ਮੈਂ ਬਾਬੇ ਨੂੰ ਦੋ ਵਾਰੀ ਵੇਖਿਆ ਸੀ, ਤ੍ਰੀਜੀ ਵਾਰ ਵੇਖਣਾ ਚਾਹੁੰਦਾ ਸਾਂ ਪਰ ਸਵੱਬ ਈ ਕੋਈ ਨਹੀਂ ਸੀ ਬਣਦਾ। ਬਾਬੇ ਨੇ ਹੁਣ ਵੀ ਸੰਗ ਜੋੜਿਆ ਹੋਇਆ ਸੀ। ਜਦੋਂ ਭੁੱਖਾ-ਨੰਗਾ ਹੋਵਣ ਲੱਗਦਾ ਕਿਸੇ ਨਾ ਕਿਸੇ ਲਾਹਮ ਨੂੰ ਮੂੰਹ ਕਰ ਜਾਂਦਾ।
ਉਹਦੇ ਸੰਗ ਵਿਚ ਉਹਦਾ ਇਕੋ ਇਕ ਪੁੱਤਰ, ਦੋ ਜਵਾਈ ਇਕ ਮਾਲੂ ਸਾਹੀ ਸੀ, ਜਿਹੜਾ ਉਹਨੂੰ ਗੁਰੂ ਮੰਨਦਾ ਸੀ ਤੇ ਬੜੇ ਵਾਸਤਿਆਂ ਤਰਲਿਆਂ ਨਾਲ ਉਹਦਾ ਚੇਲਾ ਹੋਇਆ ਸੀ। ਇਹ ਚਾਰ ਤੇ ਪੰਜਵਾਂ ਉਹ ਆਪ। ਛੇਵਾਂ ਬੰਦਾ ਰਾਤ ਤੇ ਅਨ੍ਹੇਰਿਆਂ ਵਿਚ ਕਦੀ ਉਹਦੇ ਨਾਲ ਨਹੀਂ ਸੀ ਹੁੰਦਾ। ਬਾਬੇ ਨੇ ਚਾਰਾਂ ਨੂੰ ਆਪੋ ਆਪਣੀ ਥਾਈਂ ਕਸਬ ਦਾ ਚੰਗਾ ਵਜਰੀ ਕਰ ਦਿੱਤਾ ਹੋਇਆ ਸੀ।

ਫੇਰ ਇਕ ਸ਼ਾਮ ਮੇਰੇ ਰੱਬ ਨੇ ਸਵੱਬ ਬਣਾ ਦਿੱਤਾ। ਉਸ ਜਿਵੇਂ ਮੇਰੀ ਸੁਣ ਲਈ ਸੀ। ਉਹ ਸ਼ਾਮ ਮੈਨੂੰ ਪੂਰੀ ਜ਼ਿੰਦਗੀ ਨਹੀਂ ਭੁੱਲਣੀ। ਮੈਂ ਕਿਸੇ ਜ਼ਰੂਰੀ ਕੰਮ ਲਈ ਨਾਨੇ ਦੇ ਘਰ ਗਿਆ ਤੇ ਅੱਗੇ ਨਾਨੇ ਕੋਲ ਬਾਬਾ ਗੁਜਿਆਣਿਆ ਬੈਠਾ ਹੋਇਆ ਸੀ ਮੈਂ ਸਲਾਮ ਆਖਿਆ ਤੇ ਬੈਠਿਆਂ-ਬੈਠਿਆਂ ਈ ਮੇਰੇ ਸਿਰ ਉਤੇ ਪਿਆਰ ਦਿਤੋਸ। ਮੇਰਾ ਖਿਆਲ ਸੀ ਪਈ ਉਹ ਮੈਨੂੰ ਪਹਿਲੇ ਵਾਂਗ ਹਿੱਕ ਨਾਲ ਲਾ ਕੇ ਘੁੱਟ ਲਵੇਗਾ ਤੇ ਆਖੇਗਾ, ਲੈ ਬਈ ਗੋਪੇ ਰਾਵਾ ਦੋਹਤਰਾ ਤੇ ਆਪਣਾ ਸ਼ੀਂਹ ਬਣਿਆ ਪਿਆ ਏ, ਪਰ ਉਹਨੇ ਏਹੋ ਜਿਹੀ ਕੋਈ ਗੱਲ ਵਾਤੋਂ ਨਾ ਕੱਢੀ, ਸਗੋਂ ਚੁੱਪ ਜਿਹਾ ਹੋ ਗਿਆ। ਜਿਵੇਂ ਮੈਨੂੰ ਵੇਖ ਕੇ ਉਹ ਰਾਜੀ ਨਾ ਹੋਇਆ ਹੋਵੇ। ਉਂਜ ਵੀ ਉਹ ਕੁਝ ਹਿਰਖਿਆ ਹੋਇਆ ਵਿਖਾਈ ਦੇਂਦਾ ਪਿਆ ਸੀ। ਮੈਂ ਕੋਲ ਬਹਿ ਕੇ ਉਹਦੀਆਂ ਗੱਲਾਂ ਸੁਣਨੀਆਂ ਚਾਹੁੰਦਾ ਸਾਂ, ਉਹਦੇ ਤੋਂ ਕਈ ਕੁਝ ਪੁੱਛਣਾ ਚਾਹੁੰਦਾ ਸਾਂ। ਉਹਨੂੰ ਵੇਖਣਾ ਚਾਹੁੰਦਾ ਸੀ। ਪਰ ਉਹ ਤੇ ਮੇਰਾ ਨਾਨਾ ਦੋਵੇਂ ਈ ਕਿਸੇ ਡੂੰਘੇ ਵਹਿਣ ਵਿਚ ਡੁੱਬੇ ਹੋਏ ਸਨ। ਉਸ ਸ਼ਾਮ ਬਾਬਾ ਮੇਰੇ ਖਿਆਲ ਤੋਂ ਕਿਤੇ ਚੋਖਾ ਵਡੇਰਾ ਵੀ ਨਜ਼ਰੀ ਪੈਂਦਾ ਪਿਆ ਸੀ।

‘‘ਕਾਲੂ ਪੁੱਤਰ! ਤੂੰ ਉਧਰ ਬਹੋ ਆਪਣੀ ਨਾਨੀ ਕੋਲ….” ਓੜਕ ਨਾਨੇ ਨੇ ਮੈਨੂੰ ਆਖ ਈ
ਦਿੱਤਾ ।
ਬਾਬਾ ਗੁਜਿਆਣਿਆ ਮੇਰੇ ਪਰੇਰੇ ਹੋਣ ਪਿਛੋਂ ਵਾਹਵਾ ਝੱਟ ਕੁ ਹੋਰ ਬੈਠਾ, ਮੇਰੇ ਨਾਨੇ ਨਾਲ  ਸਿਰ ਜੋੜੀ ਤੇ ਫੇਰ ਨਾਨੀ ਨੂੰ ਸਲਾਮ ਤੇ ਮੇਰੇ ਸਿਰ ਉਤੇ ਸੁੱਕੇ ਜਿਹੇ ਹੱਥ ਨਾਲ ਪਿਆਰ ਦੇਂਦਾ ਟੁਰ ਗਿਆ।
ਨਾਨੇ-ਨਾਨੀ ਦੀਆਂ ਗੱਲਾਂ ਵਿੱਚੋਂ ਮੈਨੂੰ ਪਤਾ ਲਗਾ, ਬਾਬੇ ਦੀ ਨਿੱਕੀ ਧੀ ਉਹਦੇ ਸ਼ਾਗਿਰਦ ਚੋਰ ਸਾਹੀ ਨਾਲ ਨਿਕਲ ਗਈ ਏ। ਬਾਬੇ ਨੇ ਦੋਵਾਂ ਪਿੱਛੇ ਬੰਦੇ ਲਾਏ ਹੋਏ ਨੇ। ਅਜੇ ਦੋਵਾਂ ਦਾ ਕੁਝ ਪਤਾ ਨਹੀ ਪਿਆ ਲਗਦਾ। ਬਾਬਾ ਰੋਹ ਤੇ ਹਿਰਖ ਨਾਲ ਅੰਨ੍ਹਾ ਹੋਇਆ ਪਿਆ ਸੀ।

ਆਪਣੇ ਘਰ ਪਰਤ ਕੇ ਮੈਂ ਆਪਣੀ ਮਾਂ ਨੂੰ ਏਹੋ ਕਥਾ ਸੁਣਾਈ ਤਾਂ ਉਹਨੂੰ ਵੀ ਹਿਰਖ ਲਗ ਪਿਆ। ਘੜੀ-ਮੁੜੀ ਏਹੋ ਈ ਆਖੇ ਮਾਲੋ ਨੂੰ ਤੇ ਸਾਹਿਬੋ ਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਮਾੜਾ ਕੀਤਾ ਨੇ। ਹੁਣ ਵੇਖੋ ਕੀ ਬਣਦਾ ਏ। ਚਾਚੇ ਤੋਂ ਕਿੰਨਾ ਲੁਕੇ ਰਹਿਣਗੇ। ਉਹਨੇ ਤੇ ਇਹਨਾਂ ਨੂੰ ਧੁਰ ਜ਼ਮੀਨ ਵਿੱਚੋਂ ਵੀ ਕੱਢ ਲੈਣਾ ਏ।

ਓੜਕ ਉਹੋ ਈ ਹੋਇਆਂ। ਤ੍ਰੀਜੇ ਚੌਥੇ ਦਿਨ ਬਾਬਾ ਗੁਜਿਆਣਿਆਂ ਆਪਣੀ ਧੀ ਸਾਹਿਬੋ ਤੇ ਸ਼ਾਗਿਰਦ ਮਾਲੋ ਦੇ ਸਿਰ ਉਤੇ ਜਾ ਅਪੜਿਆ। ਧੀ ਨੇ ਬਥੇਰੇ ਵਾਸਤੇ ਘੱਤੇ ਪਰ ਉਹਨੇ ਜਵਾਈਆਂ ਤੇ ਪੁੱਤਰਾਂ ਹੱਥੋ ਮਾਲੋਂ ਨੂੰ ਛੱਵ੍ਹੀਆਂ ਤੇ ਬਰਛਿਆਂ ਨਾਲ ਥਾਂ ਮਰਵਾ ਦਿੱਤਾ ਤੇ ਸਾਹਿਬੋ ਰੋਂਦੀ ਕੁਰਲਾਂਦੀ ਨੂੰ ਉਥੇ ਈ ਛੱਡ ਕੇ ਪਿਛਾਂਹ ਪਰਤ ਆਇਆ। ਸਾਹਿਬੋ ਉਹਨੂੰ ਆਂਹਦੀ ਰਹਿ ਗਈ, ‘‘ਮੈਨੂੰ ਕਾਹਦੇ ਲਈ ਛੱਡ ਚਲਿਆ ਏਂ। ਮੇਰਾ ਵੀ ਸੰਘ ਘੁੱਟਦਾ ਜਾ। ਜ਼ੁਲਮੀ ਪਿਉਵਾ।”

ਉਹ ਪਿੰਡ ਮਾਲੋਂ ਦੇ ਲਗਦਿਆਂ ਲਾਣਿਆਂ ਦਾ ਸੀ। ਜਿੰਨਾ ਚਿਰ ਬਾਬਾ ਗੁਜਿਆਣਿਆ ਉਥੇ ਰਿਹਾ ਉਦੋਂ ਤੀਕਰ ਤੇ ਕਿਸੇ ਦਾ ਜਿਗਰਾ ਨਾ ਪਿਆ ਉਹਨੂੰ ਠੱਲ੍ਹਣ ਦਾ। ਪਰ ਜਦੋਂ ਸਾਹਿਬੋ ਨੇ ਵਰਲਾਪ ਘੱਤੇ ਤਾਂ ਸਾਰੇ ਆਣ ਜੁੜੇ। ਪੁਲਿਸ ਨੂੰ ਵੀ ਖ਼ਬਰ ਹੋ ਗਈ। ਸਾਹਿਬੋ ਨੇ ਪਿਓ ਭਰਾ ਤੇ ਭਣੈਵਿਆਂ ਦਾ ਨਾਂ ਲਿਖਵਾ ਦਿੱਤਾ। ਆਪ ਉਹ ਮੌਕਿਆ ਦੀ ਸ਼ਾਹਦਤੀ ਬਣ ਗਈ।

ਬਾਬਾ, ਪੁੱਤਰ ਤੇ ਜਵਾਈਆਂ ਸਣੇ ਫੜਿਆ ਗਿਆ। ਸਾਹਿਬੋਂ ਨੂੰ ਖ਼ਬਰੇ ਕੀ ਹੋ ਗਿਆ ਸੀ। ਉਹੋ ਈ ਸਾਹਿਬੋ ਜਿਹੜੀ ਪਿਓ ਨੂੰ ਸੀਖਾਂ ਪਿਛੇ ਦੇਖ ਕੇ ਦਿਲ ਨਹੀਂ ਸੀ ਧਰਦੀ। ਹੁਣ ਪਿਓ ਨੂੰ ਫਾਹੇ ਲਵਾਣ ਤੇ ਚੜ੍ਹ ਖਲੋਤੀ ਸੀ।

ਮੇਰਾ ਨਾਨਾ ਤੇ ਹੋਰ ਕਿੰਨੇ ਈ ਬਾਬੇ ਦੇ ਸਿਰ ਸਾਂਝ ਵਾਲੇ ਬੰਦੇ ਸਾਹਿਬੋ ਨੂੰ ਵਾਹ ਲਾ ਹਟੇ ਪਰ ਉਹ ਕਿਸੇ ਗੱਲ ਉਤੇ ਆਉਂਦੀ ਈ ਨਹੀਂ ਸੀ। ਅਗੋਂ ਇਹੋ ਈ ਆਂਹਦੀ ਸੀ-

‘‘ਉਹਨੇ ਮੇਰੇ ਸਾਈਂ ਨੂੰ ਮੇਰੀਆਂ ਅੱਖਾਂ ਸਾਹਮਣੇ ਵੱਡਿਆ। ਮੈਂ ਕਿੰਨੇ ਹਾੜ੍ਹੇ ਪਾਏ ਸਨ ਉਹਨੂੰ। ਪਿਉ ਹੁੰਦਾ ਤਾਂ ਖਲੋ ਨਾ ਜਾਂਦਾ। ਉਹ ਨਾ ਟਲ਼ਿਆ। ਮੈਂ ਤੇ ਆਖਿਆ ਸੀ ਮੈਨੂੰ ਵੀ ਮਾਰ ਘੱਤ ਪਰ ਉਹ ਮੈਨੂੰ ਸਦਾ ਲਈ ਰੋਂਦੀ ਕਰਲਾਉਂਦੀ ਰਹਿਣ ਲਈ ਛੱਡ ਗਿਆ। ਲੈ ਫੇਰ ਸਾਮਾ ਕਰ ਲੈ ਜ਼ਾਲਮ ਪਿਉਵਾ। ਮੈਂ ਵੀ ਤੇਰੀ ਈ ਧੀ ਆਂ। ਹੁਣ ਵੱਟਾ ਲੈ ਕੇ ਈ ਛੱਡਾਂਗੀ ਤੈਥੋਂ।”

ਸਾਹਿਬੋ ਸੱਚੀ ਮੁੱਚੀ ਪਿਉ ਦੇ ਰੱਸੇ ਵੱਟਣ ਟੁਰ ਪਈ। ਪੁਲੀਸ ਨੇ ਦੋਵਾਂ ਧਿਰਾਂ ਨੂੰ ਆਹਣੇ-ਸਾਹਮਣੇ ਵੀ ਲਿਆਂਦਾ। ਸਾਹਿਬੋ ਨੇ ਪਿਉ-ਭਰਾ ਤੇ ਭਣੇਵਿਆਂ ਦੇ ਮੂੰਹ ਉਤੇ ਉਹੋ ਸੁਣਾਈ, ਜੋ ਉਹਦੀਆਂ ਅੱਖਾਂ ਸਾਹਮਣੇ ਵਰਤੀ ਸੀ। ਭਰਾ ਨੇ ਉਹਨੂੰ ਅੱਗੋਂ ਕਿਹਾ ਤੂੰ ਇਹ ਮੰਦਾ ਕੀਤਾ ਤੇ ਬਾਬੇ ਨੇ ਉਸ ਨੂੰ ਡੱਕ ਦਿੱਤਾ।

‘‘ਨਾ ਬਈ ਨਾ ਇਹ ਜੋ ਆਂਹਦੀ ਏ ਇਹਨੂੰ ਆਖਣ ਦੇ। ਤੇ ਕੰਨ ਖੋਲ੍ਹ ਕੇ ਸੁਣ ਲੈ! ਮੇਰੇ ਸਾਹਮਣੇ ਇਹਨੂੰ ਦੁਰਫਿਟੇ ਮੂੰਹ ਵੀ ਨਾ ਆਖੀ, ਨਹੀਂ ਤੇ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ”।

ਸਾਹਿਬੋ ਦਾ ਹਰ ਥਾਵੇਂ ਇਕ ਈ ਬਿਆਨ ਸੀ ਪਈ ਉਹਦੇ ਸਾਈਂ ਉਤੇ ਹੱਲਾ ਤੇ ਸਾਰਿਆ ਨੇ ਕੀਤਾ ਏ ਪਰ ਉਹ ਮੋਇਆ ਉਹਦੇ ਪਿਉ ਦੇ ਹੱਥੋਂ ਏ। ਉਹਨੂੰ ਮਾਰਨ ਵਾਲਾ ਉਹਦਾ ਪਿਉ ਈ ਏ।

ਬਾਬਾ ਰਹਿਮੋ ਗੁਜਿਆਣਿਆ ਪੱਕਾ ਮੂੰਹ ਕਰਕੇ ਸਾਹਿਬੋ ਦਾ ਬਿਆਨ ਹਰ ਵਾਰੀ ਸੁਣਦਾ ਪਰ ਉਹਨੂੰ ਅਗੋਂ ਜਵਾਬ ਵਿਚ ਇਕ ਲ਼ਫ਼ਜ਼ ਵੀ ਨਾ ਆਖਦਾ। ਉਹਦੇ ਮੂੰਹ ਵੱਲ ਵੀ ਸਿੱਧਾ ਸਵਾਹਰਾ ਨਾ ਝਾਕਦਾ। ਉਹਦੇ ਸਿਰ ਸਾਂਝ ਵਾਲੇ ਬੰਦੇ ਜਿੰਨੇ ਵੀ ਸਾਹਿਬੋ ਨੂੰ ਮੇਲ ਪਾਣ ਗਏ ਸਨ ਸਾਰੇ ਆਪਣੀ ਮਰਜ਼ੀ ਨਾਲ ਈ ਗਏ ਸਨ। ਬਾਬੇ ਨੇ ਕਿਸੇ ਨੂੰ ਵੀ ਨਹੀਂ ਆਖਿਆ, ਆਪਣੀ ਧੀ ਸਾਹਿਬੋ ਕੋਲ ਜਾਣ ਦਾ। ਆਪਣੀ ਵਹੁਟੀ ਕੁੜੀਆਂ ਤੇ ਹੋਰ ਸਾਕਾਂ ਨੂੰ ਤੇ ਉਹਨੇ ਅਸਲੋਂ ਈ ਹੋੜ ਦਿਤਾ ਸੀ, ‘‘ਖ਼ਬਰਦਾਰ ਤੁਹਾਡੇ ਵਿਚੋਂ ਜੇ ਕੋਈ ਵੀ ਉਹਦੇ ਮੱਥੇ ਲਗਿਆ, ਉਹਦੇ ਅਗੇ ਰੁੰਨਾ ਜਾਂ ਬੋਲਿਆ।”

ਸਾਡੇ ਘਰ ਸਾਹਿਬੋ ਦੀ ਅੜੀ ਦੀਆਂ ਗੱਲਾਂ ਰੋਜ਼ ਛਿੜੀਆਂ ਰਹਿੰਦੀਆਂ ਮੇਰੀ ਮਾਂ ਨਾਨੀ ਤੇ ਹੋਰ ਉਰੋਂ-ਪਾਰੋਂ ਆਈਆਂ ਗਈਆਂ ਅਕਸਰ ਏਹੋ ਆਂਹਦੀਆਂ, ‘‘ਵੇਖ ਕੁੜੀ ਨੇ ਪਿਓ ਨੂੰ ਮਰਵਾਣ ਤੇ ਈ ਲੱਕ ਬੰਨ੍ਹ ਲਿਆ ਏ। ਪਹਿਲਾਂ ਯਾਰ ਨਾਲ ਉਧਲ ਗਈ। ਹੁਣ ਗੁਜਿਆਣੀਏ ਵਰਗਾ ਸ਼ੇਰ ਬੰਦਾ ਕਿਵੇਂ ਜਰਦਾਏ ਸਾਰਾ ਕੁਝ। ਉਸ ਮਾਲੋ ਨੂੰ ਛੱਡਣਾ ਕਿਵੇਂ ਸੀ? ਆਂਹਦੇ ਨੇ, ਗੁਜਿਆਣਿਆ ਮਾਲੋ ਨੂੰ ਪੁੱਤਰ ਤੋਂ ਵੱਧ ਕੇ ਪਿਆਰ ਕਰਦਾ ਸੀ। ਉਹ ਨਿਕੰੜਮਾ ਸੁਹਣਾ ਵੀ ਸੁਣਿਆ ਏ ਰੱਜ ਕੇ ਸੀ। ਵੇਖਣ ਵਾਲੇ ਦਸਦੇ ਨੇ। ਅੱਖ ਨਹੀਂ ਸੀ ਟਿਕਦੀ ਉਹਦੇ ਉੱਤੇ। ਇਹ ਸਾਹਿਬੋ ਵੀ ਕਿਹੜੀ ਘੱਟ ਏ। ਕਿੱਡੀਆਂ ਸੁਹਣੀਆਂ ਨੀ ਵੱਡੀਆਂ, ਇਹ ਤੇ ਉਹਨਾਂ ਤੋਂ ਵੀ ਚਾਰ ਹਿੱਸੇ ਵੱਧ ਏ। ਬਸ ਨਾ ਉਹਨੇ ਪਿਓ ਦੀ ਪੱਤ ਵੇਖੀ ਤੇ ਨਾ ਉਹਨੇ ਪੀਰ-ਉਸਤਾਦ ਦੀ ਪੱਗ ਦਾ ਖਿਆਲ ਕੀਤਾ।”

‘‘ਨੀ ਤੁਹਾਨੂੰ ਕੀ ਪਤਾ ਹੋਵੇ ਇਹ ਚੇਟਕ  ਈ ਅਜੇਹਾ ਹੁੰਦਾ ਏ। ਕਿਸੇ ਦਾ ਵਸ ਈ ਨਹੀਂ ਰਹਿੰਦਾ ਆਪਣੇ ਆਪ ਉਤੇ ਤੇ ਉਹ ਵਿਚਾਰੀ ਕੀ ਕਰਦੀ। ਮੈਂ ਦੋਵਾਂ ਨੂੰ ਵੇਖਿਆ ਤੇ ਨਹੀਂ ਪਰ ਜੋੜੀ ਬਣੀ ਹੋਈ ਏ। ਹਾਏ ਨੀ! ਉਹ ਕੀ ਆਂਹਦੇ ਹੁੰਦੇ ਨੇ, ‘‘ਇਹ ਇਸ਼ਕ ਨਾ ਛੱਡਦਾ ਫੱਕਾ ਕੁੜੇ।” ਸਾਡੀ ਗੁਵਾਂਢਣ ਮਾਈ ਮਲੰਗਣੀ ਇਹ ਗੱਲਾਂ ਕਰਦੀ ਕਿਸੇ ਹੋਰ ਜਗ ਤੋਂ ਈ ਬੋਲਦੀ ਜਾਪਦੀ। ਉਹਦੇ ਬੋਲਣ ਪਿਛੋਂ ਕਿਸੇ ਨੂੰ ਵੀ ਕੋਈ ਗੱਲ ਨਾ ਸੁਝਦੀ । ਸਾਰੀਆਂ ਚੁੱਪ ਈ ਜਾਂਦੀਆਂ।

ਅਖ਼ੀਰ ਬਾਬਾ ਤੇ ਦੂਜੇ ਬੰਦੇ ਮਾਲੋਂ ਦੇ ਕਤਲ ਦੇ ਦੋਸ਼ ਵਿਚ ਸੈਸ਼ਨ ਦੇ ਸਪੁਰਦ ਹੋ ਗਏ। ਦੁਨੀਆ ਨੇ ਬਥੇਰਾ ਵਾਹ ਲਾਈ ਪਿਓ ਧੀ ਵਿਚਾਲੇ ਸੁਲਾਹ ਦੀ ਪਰ ਨਾ ਤੇ ਕਿਸੇ, ਨੂੰ ਬਾਬੇ ਗੁਜਿਆਣੀਏ ਆਪ ਚੋਰਿਆ ਤੇ ਨਾ ਈ ਸਾਹਿਬੋ ਆਖੇ ਲਗੀ। ਬਾਬੇ ਦੀ ਚੋਰ ਡਕੈਤ ਬਰਾਦਰੀ ਨੇ ਜੇਲ੍ਹ ਵਿੱਚ ਮੁਲਾਕਾਤਾਂ ਕਰਕੇ ਸਾਹਿਬੋ ਨੂੰ ਮਾਰਨ ਦੀਆਂ ਇਜਾਜ਼ਤਾਂ ਵੀ ਮੰਗੀਆਂ ਪਰ ਬਾਬੇ ਨੇ ਅਗੋਂ ਸਭਨਾਂ ਨੂੰ ਏਹੋ ਈ ਆਖਿਆ, ‘‘ਜਿਹਨੇ ਮੇਰੀ ਧੀ ਵੱਲ ਉਂਗਲ ਵੀ ਕੀਤੀ ਮੈਂ ਬਰੀ ਹੋ ਕੇ ਉਹਦਾ ਘਾਣ ਬਚਾ ਕੋਹਲੂ ਕਰ ਦਿਆਗਾਂ?”

ਸਾਹਿਬੋ ਨੇ ਸੈਸ਼ਨ ਅੱਗੇ ਵੀ ਪਿਓ ਦੇ ਬਰਖਿਲਾਫ਼ ਠੁੱਕ ਕੇ ਸ਼ਹਾਦਤ ਦਿੱਤੀ ਸੀ ਫੇਰ ਵੀ ਗੁਜਿਆਣਿਆਂ ਬੰਨੇ ਆਵਣ ਦੀ ਗੱਲ ਕਰਦਾ ਸੀ, ਕਿਸੇ ਨੂੰ ਸਮਝ ਨਾ ਆਉਂਦੀ। ਕਸਬ ਦੇ ਪੀਰ ਉਸਤਾਦਾਂ ਨੂੰ ਪੱਕ ਸੀ ਪਈ ਕੋਈ ਅਜਿਹਾ ਨੁਕਤਾ ਜ਼ਰੂਰ ਹੈ ਵੇ ਗੁਜਿਆਣੀਏ ਕੋਲ, ਉਹਨੇ ਅਸਲ ਅੰਤਲੇ ਖੋਲ੍ਹਣਾ ਏ ਤੇ ਬਰੀ ਹੋ ਜਾਣਾ ਏ। ਉਹ ਇਹ ਵੀ ਆਖਦੇ ਸਨ ਧੀ ਨਾਲ ਗੁਜਿਆਣੀਏ ਨੇ ਨਿਬੜਨਾ ਵੀ ਆਪ ਈ ਏ।

ਸਾਹਿਬੋ ਨਾਲ ਉਤਲੀ ਜਿਰਹ ਵਿੱਚ ਵਕੀਲਾਂ ਬੜਾ ਟਿੱਲ ਮਾਰਿਆ ਪਈ ਉਹ ਕਿਸੇ ਤਰ੍ਹਾਂ ਵੀ ਆਪਣੀ ਗੱਲ ਤੋਂ ਥਿੜਕ ਜਾਵੇ ਪਰ ਕੀ ਮਜਾਲ ਜੇ ਉਹ ਵਾਲ ਜਿੰਨਾਂ ਵੀ ਕਿਧਰੇ ਥਿੜਕੀ ਹੋਵੇ। ਵਕੀਲਾਂ ਦੀ ਬਸ ਹੋਈ ਵੇਖ ਕੇ ਬਾਬੇ ਗੁਜਿਆਣੀਏ ਜੱਜ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ। ਜੱਜ ਨੇ ਇਜਜ਼ਾਤ ਦਿੱਤੀ ਤਾਂ ਉਹ ਆਖਣ ਲੱਗਾ, ‘‘ਵਾਲੀ ਜਨਾਬ ਸ਼ਹਾਦਤੀ ਆਂਹਦੇ ਏ ਪਈ ਮਕਤੂਲ ਦੀ ਮੌਤ ਸਿਰ ਦੀ ਸੱਟ ਨਾਲ ਹੋਈ ਏ। ਪਰ ਵਾਲੀ ਜਨਾਬ ਮੇਰੀਆਂ ਦੋਵੇਂ ਬਾਹਵਾਂ ਉਤਾਂਹ ਉੱਠੀਆਂ ਈ ਨਹੀਂ ਏ ਮਕਤੂਲ ਨੂੰ ਡਾਂਗ ਉਘਰੇ ਬਿਨ੍ਹਾਂ ਤੇ ਮੈਂ ਏਡੀ ਸੱਟ ਨਹੀਂ ਲਾ ਸਕਦਾ ਜਿਹਦੇ ਨਾਲ ਉਹ ਥਾਂ ਤੇ ਮਰ ਜਾਏ। ਇਹ ਵੇਖ ਲਵੋ ਨਾਲੇ ਡਾਕਟਰਾਂ ਨੂੰ ਵਿਖਾ ਲਵੋ।” ਬਾਬੇ ਨੇ ਬਾਹਵਾਂ ਉਤਾਂਹ ਲਿਜਾਣ ਦਾ ਜਤਨ ਕਰਦਿਆਂ ਆਖਿਆ।

ਉਹਦੀ ਇਕ ਬਾਂਹ ਤੇ ਸੱਚੀ ਮੁੱਚੀ ਉਤਾਂਹ ਨਹੀਂ ਸੀ ਹੁੰਦੀ। ਉਹੋ ਬਾਂਹ ਜਿਹਦਾ ਮੋਢੇ ਤੋਂ ਜੋੜ ਖਜਗ ਗਿਆ ਸੀ ਕਦੀ।
ਬੜਾ ਨੁਕਤਾ ਸਾਂਭਿਆ  ਹੋਇਆ ਸੀ ਬਾਬੇ ਨੇ। ਹਰ ਕੋਈ ਅਦਾਲਤ ਵਿਚ ਉਹਦੀ ਅਕਲ ਨੂੰ ਵਡਿਆਉਣ ਲਗ ਪਿਆ। ਹਰ ਕਿਸੇ ਨੂੰ ਪੱਕ ਹੋ ਗਿਆ ਪਈ ਹੁਣ ਗਜਿਆਣਿਆ ਬਚ ਗਿਆ ਏ। ਧੀ ਦਾ ਪਿਓ ਨੂੰ ਮਰਵਾਣ ਦਾ ਕਾਰਨਾ ਸਿਰੇ ਨਹੀਂ ਚੜ੍ਹ ਸਕਿਆ। ਧੀ ਪਿਓ ਤੋਂ ਵੱਟਾ ਨਹੀਂ ਲੈ ਸਕੀ। ਜੱਜ ਤੇ ਵਕੀਲਾਂ ਨੂੰ ਆਪਣੀ ਥਾਵੇਂ ਮੁੜਕਾ ਆ ਗਿਆ ਪਈ ਏਨੀਆਂ ਪੜਤਾਂ-ਲਿਖਤਾਂ ਕਰਕੇ ਵੀ ਉਹਨਾਂ ਦੇ ਦਿਮਾਗਾਂ ਵਿਚ ਇਸ ਅਨਪੜ੍ਹ ਚੋਰ ਵਰਗੀ ਬਾਰੀਕ ਤੇ ਮਹੀਨ ਗੱਲ ਨਹੀਂ ਆ ਸਕੀ। ਉਹਨਾਂ ਨੇ ਇਕਦਮ ਆਪਣੇ ਥੋਥੇ ਹੋਵਣ ਦੀ ਰੜਕ ਸਹੀ ਹੋਵਣ ਲਗ ਪਈ ਤੇ ਉਹਨਾਂ  ਦੇ ਮੂੰਹ ਅੱਡੇ ਦੇ ਅੱਡੇ ਰਹਿ ਗਏ।

ਏਨੇ ਵਿਚ ਸਾਹਿਬੋ ਬੋਲ ਉ¥ਠੀ, ‘‘ਜੱਜ ਸਾਹਿਬ, ਡਾਕਟਰੀ ਰਿਪੋਰਟ ਵਿਚ ‘ਦੋ ਸੱਟਾਂ’ ਸਾਬਤ ਹੋਈਆਂ  ਨੇ। ਇਕ ਸਿਰ ਵਿਚ ਸੋਟੇ ਦੀ ਤੇ ਦੂਜੀ ਫਰ ਫਰ ਵਿਚ ਛਵ੍ਹੀ ਦੀ। ਮੇਰਾ ਪਿਉ ਠੀਕ ਆਂਹਦਾ ਏ ਪਈ ਉਹਦੀਆਂ ਦੋਵੇਂ ਬਾਹਵਾਂ ਸੋਟਾ ਉਘਾਰਣ ਲਈ ਉਤਾਂਹ ਨਹੀਂ ਜਾ ਸਕਦੀਆਂ। ਇਹ ਵੀ ਠੀਕ ਆਂਹਦਾ ਏ ਪਈ ਉਘਰੇ ਬਿਨਾਂ ਸੱਟ ਏਡੀ ਕਾਰਗਰ ਨਹੀਂ ਹੋ ਸਕਦੀ ਪਰ ਜੱਜ ਸਾਹਿਬ ਮੇਰੇ ਪਿਓ ਦੀਆਂ ਬਾਹਵਾਂ ਹੁੱਜ ਤੇ ਮਾਰ ਸਕਦੀਆਂ  ਨੇ. . .ਛਵ੍ਹੀ ਹੁੱਜ ਨਾਲ ਮਾਰੀ ਜਾਂਦੀ ਏ ਜਾਂ ਨਹੀਂ।”

ਅਦਾਲਤ ਵਿਚ ਢੁੱਕੀ ਖਲੀ ਦੁਨੀਆਂ ਜੱਜ ਤੇ ਵਕੀਲਾਂ ਸਣੇ ਚੁੱਪ ਦੀ ਚੁੱਪ ਰਹਿ ਗਈ। ਬਾਬੇ ਵਿਚ ਵੀ ਸਿਰ ਉਤਾਂਹ ਰੱਖਣ ਦੀ ਆਂਗਸ ਨਾ ਰਹੀ।

ਜੱਜ ਆਪਣੇ ਸਾਹਮਣੇ ਪਈ ਡਾਕਟਰੀ ਰਿਪੋਰਟ ਨੂੰ ਮੋਟਿਆਂ ਸੀਸਿਆਂ ਦੀ ਐਨਕ ਨਾਲ ਮੁੜ ਕੇ ਪੜ੍ਹਨ ਲਗ ਪਿਆ। ਤੇ ਫੇਰ ਮਾਲੋ ਦੇ ਕਤਲ ਦਾ ਫੈਸਲਾ ਹੋ ਗਿਆ। ਬਾਬੇ ਨੂੰ ਮੌਤ ਦੀ ਸਜ਼ਾ ਹੋ ਗਈ ਤੇ ਉਹਦੇ ਜਵਾਈਆਂ ਤੇ ਪੁੱਤਰਾਂ ਨੂੰ ਦੋ-ਦੋ ਢਾਈ ਢਾਈ ਵਰ੍ਹੇ ਕੈਦ ਦੀ।

ਬਾਬੇ ਰਹਿਮੋ ਗੁਜਿਆਣੀਏ ਨੇ ਜੇਲ੍ਹ ਦੀ ਗੱਡੀ ਵਿਚ ਚੜ੍ਹਨ ਤੋਂ ਪਹਿਲਾਂ ਮੇਰੇ ਨਾਨੇ ਨੂੰ ਸੱਦਿਆ ਤੇ ਆਖਣ ਲੱਗਾ, ‘‘ਗੋਪੇ ਭਾਵਾ ਮੇਰੀ ਕੀਤੀ ਮੇਰੇ ਅੱਗੇ ਆਈ ਊ। ਮੈਂ ਜ਼ੁਲਮ ਕੀਤਾ ਸੀ ਉਹਦਾ ਫਲ ਮੈਨੂੰ ਮਿਲ ਗਿਆ ਏ।  ਸਾਹਿਬੋ ਨਾਲ ਮੈਨੂੰ ਕੋਈ ਗਿਲਾ ਨਹੀਂ। ਤੂੰ ਮੇਰਾ ਭਰਾ ਏ। ਸਾਹਿਬੋ ਨੂੰ ਆਪਣੇ ਘਰ ਲਿਜਾਈਂ। ਮੁੰਡਿਆਂ ਤੇ ਟਲਣਾ ਕੋਈ ਨਹੀਂ। ਦੋ ਢਾਈ ਵਰ੍ਹੇ  ਇਹਨਾਂ ਨੂੰ ਕੁਝ ਨਹੀਂ ਆਖਣ ਲਗੇ। ਇਹਨਾਂ ਦਿਨਾਂ ਵਾਂਗ ਲੰਘਾ ਲੈਣੇ ਨੇ ਤੇ ਫਿਰ ਸਾਹਿਬੋ ਨੂੰ ਜਾ ਅਪੜਨਾ ਏ। ਤੇਰੇ ਕੋਲ ਹੋਈ ਤੇ ਵਲਾ ਜਾਣਗੇ।  ਮੇਰੀ ਗੱਲ ਦਾ ਮੁੱਲ ਹੁਣ ਤੂੰ ਈ ਪਾਣਾ ਏ। ਸਾਹਿਬੋ ਨੂੰ ਆਖੀਂ ਜੇ ਹੋਵੇ ਤਾਂ ਪਿਉ ਨੂੰ ਮਾਫ਼ ਕਰ ਛੱਡੇ। ਚੰਗਾ ਅੱਲ੍ਹਾ ਬੇਲੀ।”

ਮੇਰਾ ਨਾਨਾ ਭੁੱਬੀਂ ਰੋਂਦਾ ਘਰ ਪਰਤ ਆਇਆ।
ਸ਼ੈਸ਼ਨ ਦੇ ਫੈਸਲੇਦੇ ਬਰਖਿਲਾਫ਼ ਹਾਈ ਕੋਰਟ ਵਿਚ ਅਪੀਲ ਹੋ ਸਕਦੀ ਸੀ ਪਰ ਬਾਬੇ ਨੇ ਮਨਾਹੀ ਕਰ ਦਿੱਤੀ ਤੇ ਓੜਕ ਬਾਬਾ ਰਹਿਮੋ ਗੁਜਿਆਣਿਆ ਧੀ ਦੀ ਸ਼ਹਾਦਤ ਉਤੇ ਫੱਟੇ ਲਗ ਗਿਆ।

ਬਾਬੇ ਦੇ ਕੁੱਲਾਂ ਤੋ ਉ¥ਠ ਕੇ ਨਾਨਾ ਸਿੱਧਾ ਸਾਹੀਆਂ ਦੀ ਪੱਤੀ ਸਾਹਿਬੋ ਕੋਲ ਅਪੜਿਆ। ਸਾਹਿਬੋ ਨੇ ਪਿਉ ਦੇ ਪੱਗ ਵੱਟ ਭਰਾ ਨੂੰ ਆਪਣੀਆਂ ਬਰੂਹਾਂ ਤੇ ਵੇਖਦਿਆਂ ਸਾਰ ਧਾ ਕੇ ਜੱਫੀ ਘੱਤ ਲਈ ਤੇ ਉ¥ਚੀ ਉ¥ਚੀ ਰੋਣ ਲਗ ਪਈ।
‘‘ਮੇਰੇ ਬਾਬਲ ਦਿਆ ਵੀਰਾ, ਵੇਖੇ ਨੀ ਹੋਣੀ ਦੇ ਕਾਰਨੇ। ਕਿਵੇਂ ਵਰ੍ਹੀ ਉ ਅਸਾਂ ਨਿਮਾਣਿਆਂ ਤੇ।”

ਕੁਝ ਚਿਰ ਦੋਵੇਂ ਬਾਬਾ ਭਤਰੀਅ ਇਕ ਦੂਜੇ ਦੇ ਗਲ਼ ਲੱਗੇ ਰੋਂਦੇ ਰਹੇ। ਥੋੜ੍ਹਾ ਭਾਰ ਹੌਲਾ ਹੋਇਆ ਤੇ ਨਾਨੇ ਨੇ ਸਾਹਿਬੋ ਨੂੰ ਆਪਣੇ ਜੁੰਮੇ ਲਗਿਆ  ਛੇਕੜਲਾ ਕੰਮ ਦਸਿਆ। ਸਾਹਿਬੋ ਅੱਗੋਂ ਕੁਝ ਨਾ ਬੋਲੀ। ਚੁੱਪ ਕੀਤੀ ਸੁਣਦੀ ਰਹੀ ਤੇ ਚੁੰਨੀ ਨਾਲ ਨੱਕ ਤੇ ਅੱਖਾਂ ਪੂੰਝਦੀ ਰਹੀ।

ਲੌਢੇ ਵੇਲੇ ਜਦੋਂ ਨਾਨਾ ਉੱਥੋਂ ਟੁਰਨ ਲਗਾ ਤੇ ਸਾਹਿਬੋ ਵੀ ਇਕ ਪੋਟਲੀ ਫੜ ਕੇ ਉਹਦੇ ਨਾਲ ਹੋ ਟੁਰੀ। ਪੱਤੀ ਦੇ ਸਾਰੇ ਲੋਕ ਵੇਂਹਦੇ ਰਹਿ ਗਏ।
ਸਾਹਿਬੋ ਕਿੰਨੇ ਈ ਵਰ੍ਹੇ ਮੇਰੇ ਨਾਨਕੇ ਘਰ ਰਹੀ ਉਹ ਜਿਨਾਂ ਚਿਰ ਰਹੀ ਮੇਰਾ ਨਾਨਾ ਮੁੜ ਕੇ ਕਦੀ ਉਹਦੇ ਸਾਹਮਣੇ ਨਾ ਹੋਇਆ। ਅਖੇ “ਮੈਨੂੰ ਮੇਰਾ ਯਾਰ ਰਹਿਮੋ ਗੁਜਿਆਣਿਆ ਚੇਤੇ ਆਉਣ ਲੱਗ ਪੈਂਦਾ ਏ।”

ਬਦਲ ਤੂੰ ਵੀ -ਕ੍ਰਿਸ਼ਨ ਬੇਤਾਬ
ਬਰਫ਼ ਦਾ ਆਦਮੀ –ਕ੍ਰਿਸ਼ਨ ਬੇਤਾਬ
ਬੇਨਾਮ ਰਿਸ਼ਤਾ – ਹਰਮਨਦੀਪ ‘ਚੜ੍ਹਿੱਕ’
ਮੀਟ-ਮਾਰਕੀਟ – ਪ੍ਰੋ. ਤਰਸਪਾਲ ਕੌਰ
ਬਦਲਾਵ -ਰੁਚੀ ਕੰਬੋਜ ਫਾਜ਼ਿਲਕਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਦੋਂ ਚੜ੍ਹੇਗਾ ਪੰਜਾਬ ਦਿਆ ਸੂਰਜਾ ਦੁਨੀਆਂ ’ਤੇ ਫੇਰ ਮੁੜ ਕੇ … – ਗੁਰਪ੍ਰੀਤ ਸਿੰਘ ਖੋਖਰ

ckitadmin
ckitadmin
October 24, 2016
ਕਦੇ ਆਪ ਕੀ ਤੇ ਕਦੇ ਬਾਪ ਕੀ -ਮਿੰਟੂ ਬਰਾੜ
ਪਿਓ ਤੇ ਧੀ -ਵਰਿੰਦਰ ਕੌਰ ਰੰਧਾਵਾ
ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ
ਬੱਚੀ ਦੇ ਪਿਤਾ ਨੇ ਕਿਹਾ, “ਸ਼ਾਮ ਪੰਜ ਵਜੇ ਮੇਰੀ ਬੱਚੀ ਟਿਊਸ਼ਨ ਲਈ ਜਾਂਦੀ ਸੀ, ਇਸ ਲਈ ਜਦੋਂ ਸਮੇਂ ‘ਤੇ ਘਰ ਨਾ ਪਹੁੰਚੀ ਤਾਂ ਮੇਰੀ ਪਤਨੀ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਸਾਢੇ ਸੱਤ ਵਜੇ ਦੇ ਕਰੀਬ ਮੇਰੀ ਪਤਨੀ ਨੇ ਮੈ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?