By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੌੜੀ – ਲਾਲ ਸਿੰਘ ਦਸੂਹਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਪੌੜੀ – ਲਾਲ ਸਿੰਘ ਦਸੂਹਾ
ਕਹਾਣੀ

ਪੌੜੀ – ਲਾਲ ਸਿੰਘ ਦਸੂਹਾ

ckitadmin
Last updated: October 22, 2025 12:01 pm
ckitadmin
Published: June 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਉਸ ਦੀ ਤਿੱਖੀ-ਬਰੀਕ ਆਵਾਜ਼ ਮੈਨੂੰ ਜਾਣੀ –ਪਛਾਣੀ ਲੱਗੀ ,ਪਰ ਉਸਦਾ ਘੋਨ-ਮੋਨ ਜਿਹਾ ਚਿਹਰਾ , ਭਰਵੀਂ –ਭਰਵੀਂ ਦੇਹ , ਢਿੱਲੜ ਜਿਹੇ ਅੰਗ-ਪੈਰ ਮੇਰੇ ਕਿਸੇ ਵੀ ਵਾਕਿਫ਼ਕਾਰ ਨਾਲ ਮੇਲ ਨਾ ਖਾਂਦੇ ।

‘ਕਿੱਥੇ ਜਾਣਾ ਬਾਊ …। ‘ ਦਾ ਸੰਖੇਪ ਜਿਹਾ ਵਾਕ ਮੇਰੇ ਜ਼ਿਹਨ ‘ਤੇ ਬੋਝ ਬਣਿਆ , ਇਕ-ਟੱਕ ਉਸ ਵੱਲ ਦੇਖਦਾ ਰਿਹਾ ।

ਮੇਰੇ ਮੂੰਹੋਂ ਨਿਕਲਿਆ ਮੇਰੇ ਪਿੰਡ ਦਾ ਨਾਂ “ਫਤੇਪੁਰ “ ਪਤਾ ਨਹੀਂ ਉਸ ਤੱਕ ਪੁੱਜਾ ਵੀ ਸੀ ਕਿ ਨਹੀਂ, ਪਰ ਇੱਕ ਛੀਂਟਕੜਾ ਜਿਹਾ ਮੁੰਡਾ ਖੱਬੇ ਹੱਥ ਦੀ ਤਾਕੀ ਖੋਲ੍ਹ ਕੇ ਝੱਟ ਮੇਰੇ ਸਾਹਮਣੇ ਆ ਖੜੋਇਆ – “ ਐਹੋ ਜਿਹੀ ਨਿੱਕੀ ਸ਼ੈਅ ਕੋਈ ਨਈਂ ਖੜਦਾ , ਮੋਟੇ ਭਾੜੇ ਨੂੰ ਪੈਂਦੇ ਆ ਸਾਰੇ …। “

ਅਗਲੇ ਹੀ ਪਲ ਉਸਨੇ ਮੇਰੇ ਪੈਰਾਂ ਲਾਗੇ ਪਈ ਪੌੜੀ ਪਹਿਲਾਂ ਟਰੱਕ-ਬਾਡੀ ਨਾਲ ਢੋਅ ਲਾ ਕੇ ਖੜ੍ਹੀ ਕਰ ਲਈ । ਫਿਰ ਡਾਲੇ ਵੰਨੀਉਂ ਉੱਪਰ ਚੜ੍ਹ ਕੇ ਇਸ ਅੰਦਰ ਭਰੀ ਬੱਜਰੀ ‘ਤੇ ਟਿਕਦੀ ਕਰ ਲਈ ।
“ ਤੁਸੀਂ ਅੰਦਰ ਆ ਜਾਓ ਐਥੇ , ਮੇਰੇ ਲਾਗੇ , “ ਕਲੱਚ – ਰੇਸ ਦੀ ਤਰਤੀਬ ਮੁੜ ਤੋਂ ਜੋੜ ਕੇ ਸਹਿਜ ਚਾਲੇ ਤੁਰਨ ਲੱਗੇ ਟਰੱਕ-ਕੈਬਿਨ ‘ਚ ਆਈ ਆਵਾਜ਼ ਇਸ ਵਾਰ ਬੇ-ਹੱਦ ਅਦਬ-ਭਰਪੂਰ ਸੀ । ਮੈਨੂੰ ਸਮਝ ਨਹੀਂ ਸੀ ਲੱਗੀ ਕਰੀਬ ਦੋ-ਘੰਟੇ ਦੇ ਉਡੀਕ ਨਾਟਕ ਦਾ ਅਗਲਾ ਸੀਨ ਪਲਾਂ-ਛਿਣਾਂ ਅੰਦਰ ਕਿਵੇਂ ਬਦਲ ਗਿਆ ਸੀ । ਆਪਣੇ ਆਪ ।
ਇਸ ਨਵੇਂ –ਨਕੋਰ ਟਰੱਕ ਨੂੰ ਤਾਂ ਮੈਂ ਹੱਥ ਵੀ ਨਹੀਂ ਸੀ ਦਿੱਤਾ ਤੇ ਜਿਹਨਾਂ ਨੂੰ ਹੁਣ ਤੱਕ ਰੋਕਦਾ ਰਿਹਾਂ ਸਾਂ , ਉਹਨਾਂ ਵਿਚੋਂ ਕਈਆਂ ਨੇ ਤਾਂ ਮੇਰੀ ਉੱਪਰ-ਹੇਠਾਂ ਹਿਲਦੀ ਬਾਂਹ ਵਲ੍ਹ ਦੇਖਿਆ ਤੱਕ ਵੀ ਨਹੀਂ ਸੀ ।

ਇਕਹਿਰੀ ਵੱਡੀ ਸੜਕ ਉੱਤੇ ਦੋ-ਪਹੀਆ , ਚਾਰ-ਪਹੀਆ ਵਾਹਨਾਂ ਦੀ ਦੋ-ਪਾਸੀਂ ਆਵਾਜਾਈ ਕਦੀ ਸੰਘਣੀ ਹੋ ਜਾਂਦੀ , ਕਦੀ ਥੋੜ੍ਹੀ ਕੁ ਜਿੰਨੀ ਪੇਤਲੀ ਪੈ ਜਾਂਦੀ ।
ਇਸ ਘਟਦੇ –ਵਧਦੇ ਸ਼ੋਰ ਅੰਦਰ , ਮੇਰੇ ਸੱਜੇ ਹੱਥ ਬੈਠੇ ਟਰੱਕ-ਚਾਲਕ ਨੂੰ ਪਛਾਣ ਸਕਣ ਦੀ ਕੋਈ ਵੀ ਤੰਦ ਅਜੇ ਤੱਕ ਮੇਰੇ ਹੱਥ ਨਹੀਂ ਸੀ ਲੱਗੀ ਕਿ ਉਸਦੀ ਬਰੀਕ-ਸੁਰੀਲੀ ਅਵਾਜ਼ ਫਿਰ ਮੇਰੇ ਕੰਨਾਂ ਅੰਦਰ ਗੂੰਜੀ – “ ਕਿੰਨੇ ਡੰਡੇ ਦੀ ਆ ਪੌੜੀ , ਬਾਊ ਜੀਈ ….।“

 

 

 “ ਬਾਰਾਂ ਦੀ ਆ , “ ਮੈਨੂੰ ਲੱਗਾ ਉਸਨੇ ਮੇਰੇ ਨਾਲ ਬਾਤ-ਚੀਤ ਜਾਰੀ ਕਰਨ ਲਈ ਸਹਿਵਨ ਹੀ ਪੁੱਛਿਆ ਸੀ । ਪਰ ਅਗਲੇ ਹੀ ਪਲ ਉਸਦਾ ਖਿੜ-ਖਿੜਾ ਕੇ ਕੈਬਿਨ ਅੰਦਰ ਪਸਰਿਆ ਹਾਸਾ ਮੈਨੂੰ ਹੋਰ ਵੀ ਅਚੰਭਤ ਕਰ ਗਿਆ ।

“ ਕੀ ਗੱਲ ਹੋਈ ! ਹੱਸਿਆ ਕਿਉਂ ਜੁਆਨ ….?” ਹੈਰਾਨ-ਪ੍ਰੇਸ਼ਾਨ ਹੋਏ ਨੇ ਝੱਟ ਦੇਣੀ ਆਪਣਾ ਤੌਖਲਾ ਉਸ ਵੱਲ ਨੂੰ ਤੋਰ ਦਿੱਤਾ ।

“ ਬੱਸ ਐਮੇਂ ਈ ….ਓਦਾਂ ਈ …..। “ ਉਸਦੇ ਬੁੱਲ੍ਹਾਂ ‘ਤੇ ਪੱਸਰੀ ਖਚਰੀ ਜਿਹੀ ਮੁਸਕਾਨ ਅਜੇ ਵੀ ਖਿਲਰੀ ਪਈ ਸੀ । “ ਫੇਰ ਵੀ ਕੋਈ ਗੱਲ ਤਾਂ ਚੇਤੇ ਆਈ ਈ ਹੋਣੀ ਆ ਨਾ ….। “ ਮੈਨੂੰ ਉਸਦੀ ਪਛਾਣ ਦੇ ਥੋੜ੍ਹੇ-ਥੋੜ੍ਹੇ ਚਿੰਨ੍ਹ ਲੱਭਦੇ ਆਖ਼ਰ ਸਾਰੇ ਹੀ ਲੱਭ ਪਏ …..। ਉਹ ਇਕ ਸੀਨੀਅਰ ਕਲਾਸ ਦਾ ਵਿਦਿਆਰਥੀ ਸੀ , ਮੇਰੇ ਕਾਲਜ । ਭੰਗੜਾ ਟੀਮ ਦਾ ਸਿਰਕੱਢ ਖਿਡਾਰੀ , ਪੜ੍ਹਾਈ ਪੱਖੋਂ ਇਕ ਨੰਬਰ , ਲੰਮੀ ਹੇਕ ਦਾ ਗੀਤ – ਗਾਇਕ । ਮਿਰਜ਼ਾ , ਹੀਰ , ਸੱਸੀ –ਪੰਨੂੰ ਇਸ ਦੇ ਮਨ-ਭਾਉਂਦੇ ਵਿਸ਼ੇ ਸਨ ਗਾਇਕੀ ਦੇ । ਜੋਨਲ ,ਇੰਟਰ-ਜ਼ੋਨਲ ਮੁਕਾਬਲਿਆਂ ‘ਚ ਇਸ ਦੇ ਬਰਾਬਰ ਕੋਈ ਨਾ ਖੜ੍ਹਦਾ । ਪਰ ਉਸ ਵਾਰ ….ਉਸ ਵਾਰ ਇਸ ਨੂੰ ਇੰਟਰ ਜ਼ੋਨਲ ਮੀਟ ‘ਚ ਹੋਸਟ ਕਾਲਜ ਨੇ ਤੀਜੇ ਨੰਬਰ ‘ਤੇ ਸੁੱਟ ਮਾਰਿਆ । ਇਹ ਤੜਫ਼ ਉੱਠਿਆ ਸੀ । ਇਸ ਵੀ ਵਾਹ-ਪੇਸ਼ ਕੋਈ ਨਹੀਂ ਸੀ ਗਈ ਇੱਕੇਲੇ ਦੀ ।ਗਰੁੱਪ ਇੰਚਾਰਜ ਮੈਂ ਤੇ ਮੈਡਮ ਗੁਪਤਾ ਕਿਧਰੇ ਐਧਰ-ਓਧਰ ਸਾਂ । ਕਿਸੇ ਹੋਰ ਮੁਕਾਬਲੇ ਵਾਲੀ ਥਾਂ ਹੋਵਾਂਗੇ , ਜਾਂ …..। ਇਹਨੇ ਸਾਰੀ ਰਿਪੋਰਟ ਪ੍ਰਿੰਸੀਪਲ ਨੂੰ ਆ ਦੱਸੀ । ਪੂਰੀ ਦੀ ਪੂਰੀ ਤਫ਼ਸੀਲ ਆ ਸੁਣਾਈ ਕਿ ਦੋਨੋਂ ਇੰਜਾਰਜ ਗਾਇਬ ਰਹੇ ਸਨ , ਕਿਧਰੇ । ਤਿੰਨੋਂ ਦਿਨ । ਤੁਰਦੀ –ਤੁਰਦੀ ਗੱਲ ਪ੍ਰਬੰਧਕੀ ਕਮੇਟੀ ਤੱਕ ਪਹੁੰਚ ਗਈ । ਪੇਸ਼ੀ ਹੋਈ ਸਭ ਦੀ । ਪਰ ਅਸੀਂ , ਮੈਂ ਤੇ ਮੈਡਮ ਗੁਪਤਾ ਨੇ ਪੈਰਾਂ ‘ਤੇ ਪਾਣੀ ਤਕ ਨਹੀਂ ਸੀ ਪੈਣ ਦਿੱਤਾ । ਉਂਝ ਵੀ ਅਧਿਆਪਕ ਸਾਂ ਅਸੀਂ । ਮੈਡਮ ਭਾਵੇਂ ਨਵੀਂ ਆਈ ਸੀ , ਐਡਹਾਕ ‘ਤੇ ਸੀ , ਮੈਂ ਤਾਂ ਸੀਨੀਅਰ ਸਾਂ । ਵਰ੍ਹਿਆਂ ਤੋਂ ਇੰਚਾਰਜ ਚੱਲਿਆ ਆਉਂਦਾ ਸੀ ਸੱਭਿਆਚਾਰਕ ਟੀਮਾਂ ਦਾ । ਕਈ ਸਾਰੇ ਇਨਾਮ ਸਨਮਾਨ ਲਿਆ ਕੇ ਦਿੱਤੇ ਸਨ ਕਾਲਜ ਨੂੰ । ਫਿਰ ਮੇਰੇ ‘ਤੇ ਵਿਸ਼ਵਾਸ਼ ਤਾਂ ਕਰਨਾ ਹੀ ਕਰਨਾ ਸੀ ਪ੍ਰਧਾਨ ਜੀ ਨੇ ਮੈਨੇਜਰ ਸਾਬ੍ਹ ਨੇ ਤੇ ਹੋਰ ਵੀ ਸਭ ਨੇ । ਇਸ ਭਲੇਮਾਣਸ ਦੀ ਕਿਸੇ ਨੇ ਇਕ ਵੀ ਨਹੀਂ ਸੀ ਸੁਣੀ । ਉਲਟਾ ਇਸ ਨੂੰ ਦੋਸ਼ੀ ਹੋਣ ਦੇ ਇਲਜ਼ਾਮ ‘ਚ ਸਸਪੈਂਡ ਕਰ ਦਿੱਤਾ ਸੀ ਕਾਲਜੋਂ । …ਸੁਣਿਆ ਇਹ ਬੜਾ ਰੋਇਆ ਸੀ ; ਬੜਾ ਤੜਫਿਆ ਸੀ । ਮਿੰਨਤਾਂ-ਤਰਲੇ ਕਰਦੇ ਦੀ ਹਾਲਤ ਪਾਗਲਾਂ ਵਰਗੀ ਹੋ  ਗਈ ਸੀ ਇਸਦੀ । ਪ੍ਰਿੰਸੀਪਲ ਮੈਡਮ , ਸਾਰੇ ਪ੍ਰਬੰਧਕੀ ਅਮਲੇ ਦਾ ਦੋ-ਟੁੱਕ ਜਵਾਬ ਇਕੋ ਸੀ – “ ਤੂੰ…ਤੂੰ ਕਾਲਜ ਅਧਿਆਪਕਾਂ ‘ਤੇ ਘਟੀਆ ਇਲਜ਼ਾਮ ਲਾਇਆ ….। ਏਹ ਸਾਰੇ ਕਾਲਜ ਦੀ ਤੌਹੀਨ ਐ …ਏਹ ਗ਼ਲਤੀ ਨਹੀਂ ਜੁਰਮ ਕੀਤਾ ਐ ਤੂੰ , ਨਾ ਬਖਸ਼ਣ ਯੋਗ ਗੁਨਾਹ । “

ਉਸ ਗੁਨਾਹਗਾਰ ਦੇ ਖੱਬੇ ਹੱਥ ਬੈਠਾ ਮੈਂ ਪਾਣਿਓਂ ਪਤਲਾ ਹੁੰਦਾ ਗਿਆ । ਫਿਰ ਝੱਟ ਹੀ ਮੈਨੂੰ ਉਸਦਾ ਰੋਲ ਨੰਬਰ ਯਾਦ ਆ ਗਿਆ …ਰੋਲ ਨੰਬਰ ਬਾਰਾਂ । ਕਿੱਡਾ ਵੱਡਾ ਮੌਕਾ ਮੇਲ ਸੀ ਇਹ । ਸ਼ਾਇਦ ਏਸੇ ਲਈ ਪੌੜੀ ਦੇ ਡੰਡਿਆਂ ਦੀ ਗਿਣਤੀ ਬਾਰਾਂ ਸੁਣ ਕੇ ਹਾਸਾ ਆਇਆ ਸੀ ਉਸਨੂੰ । ਤਨਜ਼-ਭਰਪੂਰ ਹਾਸਾ , ਜਿਸ ਨੇ ਮੇਰੇ ਰੋਮ-ਰੋਮ ਨੂੰ ਨੱਪ-ਘੁੱਟ ਲਿਆ ਸੀ । ਇਕ ਤਰ੍ਹਾਂ ਦਾ ਲੇਪਣ ਕਰ ਦਿੱਤਾ ਸੀ ਮੇਰੇ ਸਾਰੇ ਵਜੂਦ ‘ਤੇ  । ਇਹ ਲੇਪਣ ਸ਼ਰਮਿੰਦਗੀ ਦਾ ਸੀ ਜਾਂ ਪਛਤਾਵੇ ਦਾ ,ਮੈਨੂੰ ਸਮਝ ਨਹੀਂ ਸੀ ਲੱਗ ਰਹੀ । ਪਰ ਜਿਸ ਗੱਲ ਦੀ ਸਮਝ ਲੱਗਦੀ ਮਹਿਸੂਸ ਹੋ ਰਹੀ ਸੀ , ਉਹ ਸੀ ਰੋਲ ਨੰਬਰ ਬਾਰਾਂ ਨੇ ਪਛਾਣਿਆਂ ਨਹੀਂ ਸੀ ਮੈਨੂੰ । ਮੈਨੂੰ ਆਪਣੇ ਸ਼ਰਮਾ ਸਰ ਨੂੰ । ਸੱਭਿਆਚਰਕ ਸਰਗਰਮੀਆਂ ਦੇ ਇੰਚਾਰਜ ਪ੍ਰੋਫੈਸਰ ਨੂੰ ।

ਆਪਣੇ ਤਨ-ਬਦਨ ‘ਤੇ ਛਾਈ ਸ਼ਰਮਿੰਦਗੀ ਤੋਂ ਖਹਿੜਾ ਛੁੜਾਉਣ ਲਈ ਮੈਂ ਉਚੇਚ ਨਾਲ਼ ਉਸ ਵੱਲ ਨਿਗਾਹ ਘੁਮਾ ਲਈ । ਉਸਦਾ ਹੁਣੇ-ਹੁਣੇ ਖਿੜਿਆ ਹੱਸਿਆ ਚਿਹਰਾ ਇਕਦਮ ਹਰਖੀਲਾ ਹੋਇਆ ਪਿਆ ਸੀ । ਚਾਲਕ ਕਿਰਿਆ ‘ਚ ਰੁੱਝਾ ਵੀ ਉਹ ਸਟੇਰਿੰਗ ‘ਤੇ ਨਹੀਂ ਕਿਧਰੇ ਦੂਰ , ਕਾਫੀ ਦੂਰ ਬੈਠਾ ਜਾਪਿਆ ਮੈਨੂੰ ।

ਸਾਹਮਣਿਓਂ ਆਉਂਦੀ ਸਰਕਾਰੀ ਬੱਸ ਨੂੰ ਓਵਰ ਟੇਕ ਕਰਦੀ ਤੇਜ਼ ਤਰਾਰ ਪ੍ਰਾਈਵੇਟ ਬੱਸ ਨੂੰ ਫ਼ਸਵਾਂ ਲਾਂਘਾ ਦਿੰਦਾ ਉਹ ਰਤੀ ਭਰ ਵੀ ਨਾ ਡੋਲਿਆ , ਨਾ ਘਬਰਾਇਆ ।

ਕੱਚੇ ਲਾਹੇ ਟਾਇਰਾਂ ਨੂੰ ਮੁੜ ਪੱਕੀ ਚਾੜ੍ਹ ਕੇ ਉਸਨੇ ਜਿਵੇਂ ਜ਼ੋਰਦਾਰ ਹਉਕਾ ਭਰਿਆ – “ ਕਿੰਨੇ ਘਟੀਆ ਲੋਕ ਆ ਸਾਲੇ , ਕਿੰਨਾ ਝੂਠ ਬਕਦੇ ਆ ….।“ਮੇਰੇ ਤੇ ਜਿਵੇਂ ਨੀਲੇ ਅਸਮਾਨ ਤੋਂ ਬਿਜਲੀ ਆ ਡਿਗੀ । ਮੈਨੂੰ ਲੱਗਾ ਮੈਂ ਹੁਣ ਤੱਕ ਐਵੇਂ ਖੁਸ਼ਫਹਿਮੀਂ ‘ਚ ਵਿਚਰਦਾ ਰਿਹਾ । …ਉਸਨੇ ਐਵੇਂ ਨਹੀਂ ਸੀ ਰੋਕ ਲਈ ਗੱਡੀ । ਮੈਨੂੰ ਪਛਾਣ ਕੇ ਹੀ ਰੋਕੀ ਸੀ ਤੇ ਹੱਸਿਆ ਵੀ ਉਹ ਪੂਰੀ ਤਨਜ਼ ਨਾਲ ਮੇਰੇ ਉੱਤੇ ਹੀ ਸੀ ਤੇ ਹੁਣ ਸਿੱਧਾ ਵਾਰ ਵੀ ਉਸਨੇ ਮੇਰੇ ‘ਤੇ ਹੀ ਕੀਤਾ ਸੀ , ਮੇਰੇ ਸਮੇਤ ਮਿਸ ਗੁਪਤਾ ਉੱਤੇ ਵੀ । ਇਸੇ ਲਈ ਉਸਨੇ ਆਪਣੇ ਵਾਕ ਨੂੰ ਇੱਕ-ਬਚਨੀ ਨਹੀਂ ਬਹੁਬਚਨੀ ਰੱਖਿਆ ਸੀ – ‘ ਘਟੀਆ ਲੋਕ….ਝੂਠ ਬਕਦੇ ਆ …..। ‘

ਉਸਦੇ ਰੁੱਖੇ-ਖ਼ਰ੍ਹਵੇ ਬੋਲਾਂ ਤੋਂ ਬੇ-ਅਸਰ ਹੋਣ ਲਈ , ਮੈਂ ਝੱਟ ਹੀ ਇਕ ਸ਼ਾਨਦਾਰ ਕਾਢ ਕੱਢ ਲਈ । ਆਪਣੇ ਵੱਡੇ ਭਰਾ ਦਾ ਹੁਲੀਆ ਉਸਨੂੰ ਦੱਸਣ ਲਈ ਝੱਟ ਤਿਆਰ ਹੋ ਗਿਆ ।ਮੈਂ ਕਹਿਣਾ ਸੀ – ਨੌਜਵਾਨ ਤੈਨੂੰ ਕੋਈ ਗ਼ਲਤ ਫ਼ਹਿਮੀ ਹੋਈ   ਆ । ਮੈਂ ….ਮੈਂ ਤਾਂ ਕਰਿਆਨੇ ਦੀ ਦੁਕਾਨ ਕਰਦਾਂ ਪਿੰਡ ‘ਚ । ਉੱਥੇ ਰਹਿਨਾਂ ਛੋਟੇ ਜਿਹੇ ਘਰ ‘ਚ । ਮੈਂ ਉਹ ਨਈਂ ਜਿਹਦੇ ਬਾਰੇ ਤੈਨੂੰ ਕੋਈ ਗਿਲਾ ਐ । ਮੈਂ ….ਮੈਂ ਪ੍ਰੋਫੈਸਰ ਸ਼ਰਮਾ ਨਹੀਂ ਆਂ , ਨਾ ਹੀ ਮੇਰੇ ਕਿਸੇ ਮਿਸ ਗੁਪਤਾ ਨਾਲ ….।‘ ਪਰ ਝੱਟ ਹੀ ਮੈਂ ਆਪਣਾ ਆਪ ਸੰਭਲ ਲਿਆ । ਸੁੱਤੇ-ਸਿੱਧ ਹੋਣ ਲੱਗੀ ਬੇਵਕੂਫੀ ਨੂੰ ਕਾਬੂ ਕਰ ਲਿਆ ।

ਇਉਂ ਤਾਂ ਆਪਣਾ ਪੋਲ ਆਪ ਹੀ ਖੁੱਲ ਜਾਣਾ ਸੀ ਮੇਰੇ ਤੋਂ ।
ਆਪਣੀ ਸ਼ਾਨਦਾਰ ਕਾਢ ਨੂੰ ਮੋੜਾ ਦੇਣ ਤੋਂ ਪਹਿਲਾਂ ਮੈਂ ਇਹ ਪੱਕ ਕਰਨਾ ਚਾਹਿਆ ਕਿ ਸੱਚਮੁੱਚ ਹੀ ਉਹ ‘ਸਾਨੂੰ ’  ਮੁਖਾਤਿਬ ਸੀ ਜਾਂ ਕਿਸੇ ‘ਹੋਰ ’ ਨੂੰ ।
ਆਪਣੇ ਅੰਦਰਲੇ ਕਾਂਬੇ ਨੂੰ ਥੋੜ੍ਹਾ ਕੁ ਸਹਿਜ ਕਰਦਿਆਂ ਮੈਂ ਉਸਦਾ ਚਿਹਰਾ ਫਿਰ ਧਿਆਨ ਨਾਲ ਵਾਚਿਆ । ਉਸਦੇ ਖਿਝੇ-ਖ਼ਫੇ ਬੋਲ ਲਗਾਤਾਰ ਕਿਰੀ ਜਾ ਰਹੇ ਸਨ । “ ਸੈਂਕੜੇ ਪੌੜੀਆਂ ਉੱਤਰ ਕੇ ਰਾਤ ਭਰ ਖੇਹ ਖਾਂਦੇ ਰਹੇ , ਹੇਠਾਂ ਤ੍ਰਿਪਤੀ ਹੋਟਲ ‘ਚ ਸਵੇਰੇ ਉੱਪਰ ਪਹੁੰਚ ਕੇ ਮੰਦਰ ਲਾਗਲੀ ਕੋਠੀ ‘ਚ ,ਬਾਲ ਬੱਚਿਆਂ ਨੂੰ ਘਰ-ਵਾਲੀਆਂ ਨੂੰ ਜਾ ਦੱਸਿਆ । ਅਸੀਂ ਤਾਂ ‘ਬਾਲਾ ਜੀ ‘ ਦੇ ਦਰਸ਼ਨ ਕਰ ਵੀ ਆਏ । ਲੈਨ ਬੜੀ ਲੰਮੀ ਸੀ , ਸਾਰੀ ਰਾਤ ਖੜੋਣਾ ਪਿਆ , ਤਾਂ ਕਿਤੇ ਵਾਰੀ ਆਈ ਤੜਕ ਸਾਰ …। ਕਿੰਨੇ ਘਟੀਆ ਲੋਕ ਆ ਸਾਲੇ । “

ਮੇਰੇ ਅੰਦਰਲੇ ਤੌਖਲੇ ਨੂੰ ਢੇਰ ਸਾਰੀ ਢਾਰਸ ਮਿਲ ਗਈ । ਮੈਨੂੰ ਸੱਚ ਵਰਗਾ ਯਕੀਨ ਹੋਣ ਲੱਗਾ ਕਿ ਰੋਲ ਨੰਬਰ ਬਾਰਾਂ ਨੇ ਮੈਨੂੰ ਸੱਚ-ਮੁੱਚ ਨਹੀਂ ਸੀ ਪਛਾਣਿਆ ਤੇ ਮੈਂ …ਮੈਂ ਹੁਣ ਤੱਕ ਖਾਹ-ਮਖਾਹ ਹੀ ਆਪਣੇ ਅੰਦਰ ਆਪ ਪਸਾਰੀ ਠੰਡ ਨਾਲ ਠਰਦਾ –ਕੰਬਦਾ ਰਿਹਾ ।

ਇਕ ਨਿੱਘਾ-ਗਰਮ ਹਉਕਾ , ਮੇਰੀ ਛਾਤੀ ‘ਤੇ ਪਿਆ ਮਣਾਂ-ਮੂੰਹੀ ਭਾਰ ਆਪਣੀ ਬੁੱਕਲ ‘ਚ ਲਕੋ ਕੇ ਮੇਰੇ ਅੰਦਰੋਂ ਬਾਹਰ ਕੱਢ ਲਿਆਇਆ ।

ਮੈਂ ਬੜੇ ਇਤਮੀਨਾਨ ਨਾਲ ਰੋਲ ਨੰਬਰ ਬਾਰਾਂ ਦੀ ਹਾਂ ‘ਚ ਹਾਂ ਮਿਲਾਉਣੀ ਚਾਹੀ – “ ਕਿਹਦੀ ਗੱਲ ਕਰਦਾ ਆਂ ਉਸਤਾਦ ? “ ਮੈਂ ਉਸਨੂੰ ਆਪਣੀ ਨਹੀਂ ਉਸਦੇ ਕਿੱਤੇ ਦੀ ਭਾਸ਼ਾ ਨਾਲ ਸੰਬੋਧਤ ਹੋਇਆ ।

“ ਛੋਟੇ ਮਾਲਕਾਂ ਦੀ ਹੋਰ ਕੇਦ੍ਹੀ । ਆਹ ਤਾਡੀ ਪੌੜੀ ਨੇ ਯਾਦ ਕਰਾਤੀ । ….ਦੇਖਣ ਨੂੰ ਸਾਲੇ ਮੇਰੇ ਐਂ ਲੱਗਦੇ ਆ , ਜਿਮੇਂ ਰਿਸ਼ੀਆਂ-ਮੁਨੀਆਂ ਦੀ ਜੇਠੀ ‘ਲਾਦ ਹੋਣ , ਲਿਸ਼ਕੇ-ਪੁਸ਼ਕੇ । ਊਂ ਵੀ ਆਏ ਦਿਨ ਤੁਰੇ ਈ ਰਿਹੰਦੇ ਆ ,ਕਦੀ ਕਿਸੇ ਤੀਰਥ , ਕਦੀ ਕਿਸੇ ਮੰਦਰ  ।ਮੁੜਦੀ ਵੇਰ ਮੈਨੂੰ ਪੱਕ ਕਰਦੇ ਫਿਰਨਗੇ – ਪਾਲਾ ਸਿਆਂ ਦੱਸੀ ਨਾ ਕਿਸੇ ਨੂੰ , ਨਾ ਘਰ ਨਾ ਬਾਹਰ । ਲਓ ਸਾਬ੍ਹ ਮੈਂ ਭਲਾ ਦੱਸ ਕੇ ਛਿੱਕੂ ਲੈਣਾ ।…ਅੱਗੇ ਦੇਖ ਈ ਲਈ ਸੀ , ਇਕ ਵਾਰ ਸ਼ਕੈਤ ਲਾ ਕੇ । ਕੀ ਲੱਭਾ …ਜੂਆਂ । “ਥੋੜ੍ਹਾ ਕੁ ਸਹਿਜ –ਚਿੱਤ ਹੋਇਆ ਮੈਂ ਉਸਦੇ ਮੂੰਹੋ ਉਸਦਾ ਨਾਂ ਪਾਲਾ ਸਿੰਘ ਸੁਣ ਕੇ ਫਿਰ ਬੇਚੈਨ ਹੋ ਗਿਆ । ਗੁਰਪਾਲ ਸਿੰਘ ਹਾਂ ਗੁਰਪਾਲ ਸਿੰਘ ਪਾਲ ਸੀ ਉਸਦਾ ਨਾਮ । ਪਾਲ ਨੇ ਬੜੇ ਤਰਲੇ ਕੀਤੇ ਸਨ ਸਾਡੇ ਦੋਨਾਂ ਦੇ । ਮੇਰੇ ਅਤੇ ਮਿਸ ਗੁਪਤਾ ਦੇ  । ਪ੍ਰਿੰਸੀਪਲ ਮੈਡਮ ਸਮੇਤ ਕਮੇਟੀ ਮੈਂਬਰਾਂ ਆਖਿਰ ਏਨੀ ਕੁ ਛੋਟ ਦੇ ਦਿੱਤੀ – ‘ ਸਾਡੀ ਵੱਲੋਂ ਮੁਆਫੀ ਸਮਝ , ਬੱਸ ਆਪਣੇ ਇੰਚਾਰਜ ਸਰ ਤੋਂ ਮੁਆਫੀਨਾਮਾ  ਲੈ ਲਾ । ਮੈਡਮ ਤੋਂ ਸੌਰੀਨਾਮਾ ਲਿਖਵਾ ਲਾ । ‘

ਪ੍ਰਬੰਧਕਾਂ ਦੀ ਸੁਰ ਜਾਚ ਕੇ ਅਸੀਂ ਵੀ ਕਾਫੀ ਸਾਰੇ ਨਰਮ ਹੋ ਗਏ । ਅਸੀਂ ਵੀ ਸੋਚਿਆ –‘ ਛੱਡੋ ਪਰ੍ਹਾਂ ਵਿਦਿਆਰਥੀ ਹੋਣਦਾਰ ਐ ,ਆਗਿਆਕਾਰ ਐ , ਗਾਇਕ ਇਕ ਨੰਬਰ ਦਾ । ਕਾਲਜ ਨੂੰ ਹੋਰ ਦੋ ਸਾਲ ਕਈ ਸਾਰੇ ਇਨਾਮ-ਸਨਮਾਨ ਮਿਲ ਸਕਦੇ ਆ , ਇਹਦੀ ਪ੍ਰਫਾਰਮੈਂਸ ਤੇ । ਛੱਡੋ ਪਰ੍ਹਾਂ ਕਾਹਨੂੰ ਏਦ੍ਹੀ ਜ਼ਿੰਦਗੀ ਤਬਾਹ ਕਰਨੀ ਐ । ਬੀ.ਏ. , ਐੱਮ.ਏ . ਕਰਦੇ ਕਿਸੇ ਸਿਰੇ ਲੱਗੂ । ਸਾਡਾ ਕੀ ਸੀ , ਉਹਨੇ ਕਿਹੜਾ ਝੂਠ ਕਿਹਾ ਸੀ ਕੁਝ । ਸਾਡੇ ਬਾਰੇ , ਸਾਡੀ ਦੋਸਤੀ ਬਾਰੇ । …ਫੇਰ ਜਦ ਸਾਨੂੰ ਪਤਾ ਲੱਗਾ ਇਹ ਮੁੰਡਾ ਚਮਾਰ ਐ , ਸਿੱਖ ਰਾਮਦਾਸੀਆ । ਫੇਰ ਸੱਚੀ ਗੱਲ ਐ ਸਾਡੇ ਤੋਂ ਰਿਹਾ ਨਹੀਂ ਗਿਆ ਸੀ , ਖਾਸ ਕਰਕੇ ਮੇਰੇ ਤੋਂ  । ਮੈਂ ਲੋਹੇ ਦਾ ਕੀ ਸਟੀਲ ਦਾ ਥਣ ਬਣ ਗਿਆ । ਮੈਂ ਪੱਕ-ਠੱਕ ਫੈਸਲਾ ਕਰ ਲਿਆ –ਏਸ ਮੁੰਡੇ ਨੂੰ ਆਪਣੇ ਤਾਂ ਕੀ ਆਂਢ-ਗੁਆਂਡ ਦੇ ਕਿਸੇ ਸ਼ਹਿਰ-ਕਸਬੇ ਵਿਚ ਪੜ੍ਹਨ ਜੋਗਾ ਨਹੀਂ ਛੱਡਣਾ ।ਏਦ੍ਹੀ ਹਿੰਮਤ ਕਿੱਦਾਂ ਪਈ ਬ੍ਰਾਹਮਣਾਂ-ਬਾਣੀਆਂ ਵੱਲ ਉਂਗਲ ਚੁੱਕਣ ਦੀ । ਇਹ ਆਪਣੀ ਔਕਾਤ ਭੁੱਲ ਕਿਮੇਂ ਗਿਆ ਹੁਣੇ ਅਜੇ । ਅਜੇ ਬੀ.ਏ . ਟੂ ‘ਚ ਆ ਏਹ  । ਅੱਗੇ ਪੁੱਜ ਕੇ ਤਾਂ ਸਾਡੀ ਪਿੱਠੇ ‘ਤੇ ਨਹੀਂ ਸਿਰ ‘ਤੇ ਸਵਾਰ ਹੋ ਕੇ ਬੈਠੂ ਏਹ । ‘

ਟਰੱਕ ਚਾਲਕ ਗੁਰਪਾਲ ਸਿੰਘ ਪਾਲ ਦੇ ਖੱਬੇ ਹੱਥ ਬੈਠੇ ਨੂੰ ਮੈਨੂੰ ਥੋੜ੍ਹਾ ਨਹੀਂ ਢੇਰ ਸਾਰਾ ਪਛਤਾਵਾ ਹੋਣ ਲੱਗਾ । ਪਛਤਾਵਾ ਹੀ ਨਹੀਂ ਬਹੁਤ ਵੱਡਾ ਗੁਨਾਹਗਾਰ ਸਮਝਣ ਲੱਗ ਪਿਆ ਸੀ ਮੈਂ ਆਪਣੇ ਆਪ ਨੂੰ । ਏਹ ਮੈਂ ਹੀ ਸਾਂ ਜਿਸ ਨੇ ਉਸਨੂੰ ਅੱਧ-ਵਿਚਕਾਰੋਂ ਧੱਕਾ ਦਿੱਤਾ ਸੀ । ਹੇਠਾਂ ਡੇਗ ਦਿੱਤਾ ਸੀ ਕਰੜੀ-ਬੰਜਰ ਥਾਂ ‘ਤੇ ਆਪਣੇ ਆਪ ਪੱਕੇ ਪੈਰੀਂ ਪੌੜੀਆਂ ਚੜ੍ਹਦੇ ਨੂੰ । ਇਹ ਮੈਂ ਹੀ ਸਾਂ ਜਿਸ ਨੇ ਕਿਸੇ ਅਫ਼ਸਰੀ / ਅਧਿਆਪਕੀ ਦੀ ਥਾਂ ਡਰਾਈਵਰੀ –ਸੀਟ ਰਾਖਵ੍ਹੀ ਕੀਤੀ ਸੀ ਉਸ ਲਈ । ਮੈਡਮ ਗੁਪਤਾ ਤਾਂ ਮੇਰੇ ਆਖੇ ਅਨੁਸਾਰ ਹੀ ਚੱਲੀ ਸੀ ਉਸੇ ਵਿਰੁੱਧ । ਉਂਝ ਸੀ ਉਹ ਬਹੁਤ ਨਰਮ ਦਿਲ ਔਰਤ । ਨਰਮ ਦਿਲ ਵੀ ਤੇ ਫ਼ਰਾਖ ਦਿਲ ਵੀ । ਉਸਨੇ ਤਾਂ ਕਈ ਵਾਰ ਆਖਿਆ ਸੀ ਮੈਨੂੰ – ‘ਛੱਡੋ ਪਰ੍ਹਾਂ ਸਰ , ਏਨਾਂ ਪੜ੍ਹ-ਲਿਖ ਕੇ ਵੀ ਤੁਸੀਂ ਜਾਤ-ਜੰਜਾਲ ‘ਚ ਫਸੇ ਬੈਠੇ ਓ …। ਬਹੁਤ ਬੁਰੀ ਗੱਲ ਆ ਏਹ । ਤੋੜੋ ਪਰ੍ਹਾਂ ਇਸ ਨੂੰ ਤੇ ਮੁਆਫੀ ਦਿਉ ਇਸ ਮੁੰਡੇ ਨੂੰ । ….ਇਹ ਮੈਂ ਹੀ ਸਾਂ ਜਿਹੜਾ ਉਸ ਦੇ ਆਖੇ ਵੀ ਜਾਤ-ਜੰਜਾਲ ਨੂੰ ਤੋੜ ਕੇ ਰੋਲ ਨੰਬਰ ਬਾਰਾਂ ਨੂੰ ਮੁਆਫ਼ ਨਹੀਂ ਸੀ ਕਰ ਸਕਿਆ ।

ਪਰ ਹੁਣ  ….ਹੁਣ ਕੁਝ ਵੀ ਨਹੀਂ ਸੀ ਹੋ ਸਕਦਾ । ਇਕ ਸੁੱਚੇ ਅਖਾਣ ਦੀ ਭਾਵਨਾ ਵਾਂਗ ਗੁਰਪਾਲ ਸਿੰਘ ਪਾਲ ਦੇ ਖੇਤ ਵਿਚੋਂ , ਬਾਜਰੇ ਦਾ ਇਕ-ਇਕ ਦਾਣਾ ਤਕ ਚਿੜੀਆਂ ਛਾਰਕਾਂ ਚੁੱਗ ਗਈਆਂ ਸਨ ,ਹੁਣ ਤੱਕ ।

ਆਪਦੇ ਚਿਹਰੇ ‘ਤੇ ਪੂਰੀ ਤਰ੍ਹਾਂ ਗੱਡ ਹੋਈ ਮੇਰੀ ਨਿਗਾਹ ਨੂੰ ਭਰਵਾਂ ਹੁੰਗਾਰਾਂ ਸਮਝ ਕੇ ਉਸਨੇ ਆਪਣੇ ਆਪ ਤੋਰੀ ਕਥਾ ਵਿਥਿਆ , ਥੋੜ੍ਹਾ ਕੁ ਅਟਕ ਕੇ ਫਿਰ ਅੱਗੇ ਤੋਰ ਲਈ ….” ਪਹਿਲਾਂ ਮੈਂ ਸੋਚਿਆ , ਕਾਲੇ –ਸੇਠਾਂ ਦੀ ਡਰੈਵਰੀ ਈ ਛੱਡ ਦਿਆਂ , ਹੋਰ ਥਾਂ ਕਿਤੇ ਲੱਭ ਲਾਂ । ਮੈਥੋਂ ਨਈਂ ਦੇਖ ਹੁੰਦਾ ਰੋਜ਼-ਰੋਜ਼ ਦਾ ਗੰਦ-ਗੁਬਾਰ ।…ਫੇਰ ਸੋਚਿਆ , ਹੋਰ ਕੇੜ੍ਹੇ ਦੁੱਧ ਧੋਤੇ ਮਿਲਣੇ ਆਂ । ਉਹ ਵੀ ਐਹੋ ਜਿਹੇ ਹੋਣੇ ਆਂ ਇਹਨਾਂ ਵਰਗੇ । ਜਿਹੋ ਜਿਹੀ ਚਾਲ ਇਹਨਾਂ ਦੀ ਉਹੋ ਜਿਹੀ ਉਨ੍ਹਾਂ ਦੀ ਹੋਣੀ ਆਂ । …ਊਂ ਸੱਚੀ ਗੱਲ ਆ ਬਾਊ ਜੀ ਈ , ਮੀਨ੍ਹਾ ਖੰਭ ਲਾਇਆ ਵੀ ਅੰਬਰਸਰੀਆਂ ਦੇ । ਐਧਰੋਂ ਲੁਕ-ਲੁਕਾ ਕੇ , ਬਮਾਰ –ਠਮਾਰ ਹੋਣ ਦਾ ਬਹਾਨਾ ਮਾਰ ਕੇ ।ਪਰ ਉਹ ਗਿੱਠ-ਮੁਠੀਏ ਜਿਹੇ ਭਾਪੇ ਸੌਹਰੀ ਦੇ ਨਿਰੇ ਈ ਚੋਰ । ਨਾਲੇ ਚੋਰ ਨਾਲੇ ਚਤਰ । ਮੂੰਹ ਦੇ ਜਿੰਨੇ ਮਿੱਠੇ , ਅੰਦਰੋਂ ਓਨੇ ਛੁਰੀ ਮਾਰ , ਅੰਦਰ ਸੜੀਏ । ਅੱਧੇ ਮਹੀਨੇ ਦੀ ਤਨਖਾਹ ਊਂਈ ਦੱਬ ਗਏ ।ਅਖੇ ਤੂੰ ਪੁੱਜਦਾ ਨਈਂ ਰਿਹਾ ਟੈਮ ਸਿਰ ਸਕੂਲੇ ਛੁੱਟੀ ਵੇਲੇ , ਬੱਚੇ ਲੈਣ । ਮੈਂ ਕਿਹਾ ਮਨਾਂ ਕਿਥੇ ਆ ਫਸਿਆ । ਛੱਡ ਇਹਨਾਂ ਨੂੰ ,ਚੱਲ ਓਸੇ ਈ ਟਿਕਾਣੇ । ਏਥੇ ਹੋਰ ਨਈਂ ਤਾਂ ਉਹੋ ਜਿਹੀ ਬੱਕ-ਬੱਕ ਤਾਂ ਕੋਈ ਨਈਂ ਕਰਦਾ । ਏਥੇ ਰੂਹ ਵੀ ਸਾਲੀ ਬਾਹਲੀ ਰਲੀਓ ਆਪੋ ਵਿਚਦੀ । ਸੌਹਰੀ ਦੀਆਂ ਗੁਪਤੀਆਂ ਮੋਹ ਵੀ ਬੜਾ ਕਰਦੀਆਂ ਆਪਣੇ ਨਾ । ਉਂਝ ਤਾਂ ਹੋਰ ਵੀ ਡਰੈਵਰ ਆ ਕਿੰਨੇ ਸਾਰੇ , ਪਰ ਕਾਰ-ਡਰੈਵਰੀ ਮੈਤੋਂ ਈ ਸਿੱਖੀ ਆ ਸਭ ਨੇ । ਦੂਰ-ਪਾਰ ਜਾਣਾ ਹੋਵੇ ਤਾਂ ਵੀ ਮੇਰੇ ਨਾਲ । …ਧਰਮ ਨਾ “ ਪਹਿਲੇ ਤੋੜ ਦਾ ਨਸ਼ਾ ਰਹਿੰਦਾ ਉਨ੍ਹਾਂ ਨਾਲ ਜੁੜ ਕੇ ਬੈਠੇ ਨੂੰ । “

ਘੜੀ ਪਲ ਪਹਿਲਾਂ ਗਹਿਰ –ਗੰਭੀਰ ਦਿਸਦਾ ਪਾਲਾ ਸਿੰਘ ਦਾ ਚਿਹਰਾ ਹੁਣ ਅੱਛੀ ਖਾਸੀ ਲਿਸ਼ਕ ਮਾਰਨ ਲੱਗ ਪਿਆ ਸੀ । ਉਸਦੀਆਂ ਰੁੱਖੀਆਂ –ਮਿੱਸੀਆਂ ਅੱਖਾਂ ਅੰਦਰ ਕਿੰਨੀ ਸਾਰੀ ਚਮਕ ਭਰ ਗਈ ਸੀ ।

ਇਹੋ ਜਿਹੀ ਲਿਸ਼ਕ ਚਮਕ ਮੇਰੇ ਚਿਹਰੇ , ਮੇਰੀਆਂ ਅੱਖਾਂ ਅੰਦਰ ਵੀ ਛਾਈ ਰਹਿੰਦੀ ਸੀ । ਮਿਸ ਗੁਪਤਾ ਨੂੰ ਮਿਲਦਿਆਂ , ਉਸ ਨਾਲ ਬੈਠਦਿਆਂ-ਉਠਦਿਆਂ । ਮਨ-ਚਿੱਤ ਹਲਕਾ-ਫੁਲਕਾ , ਬਾਗੋ-ਬਾਗ ਹੋਇਆ ਰਹਿੰਦਾ ਸੀ । ਉਸ ਨਾਲ ਘੁੰਮਦਿਆਂ-ਫਿਰਦਿਆਂ । ਮੈਂ ਜਿਵੇਂ ਹਵਾ ਵਿਚ ਤਾਰੀਆਂ ਲਾਉਂਦਾ , ਨੀਲੇ ਆਕਾਸ਼ ਦੀਆਂ ਧੁਰ ਡੂੰਘਾਈਆਂ ‘ਚ ਉੱਡਦਾ ਮਹਿਸੂਸ ਕਰਦਾਂ ਸਾਂ । ਪਰ, ਹੁਣ ਉਹੀ ਲਿਸ਼ਕ , ਓਸੇ ਤਰ੍ਹਾਂ ਦੀ ਚਮਕ ਪਾਲਾ ਸਿੰਘ ਦੀਆਂ ਅੱਖਾਂ ‘ਚ ਤਰਦੀ ਦੇਖ ਮੈਨੂੰ ਢੇਰ ਸਾਰਾ ਭੈਅ ਆਉਣ ਲੱਗ ਪਿਆ । …ਮੈਨੂੰ ਲੱਗਾ ਉਸਦੀਆਂ ਲਿਸ਼ਕ-ਚਮਕ ਕੜਕਦੀ ਅਸਮਾਨੀ ਬਿਜਲੀ ਬਣ ਕੇ ਮੇਰੇ ਉੱਪਰ ਡਿੱਗੀ ਕਿ ਡਿੱਗੀ । ਉਸਦੇ ਚਾਲ-ਚਲਣ ਨੂੰ ਭੈੜਾ ਲਿਖਣ ਵਾਲੇ ਹੱਥਾਂ ਨੂੰ , ਉਸਦੇ ਭਵਿੱਖ ਨੂੰ ਤਬਾਹ ਕਰਨ ਵਾਲੀ ਜ਼ਿੱਦ ਨੂੰ ਸਜ਼ਾ ਮਿਲੀ ਕਿ ਮਿਲੀ । ਉਸ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਬਚਾ ਕਰਨ ਕੇ ਇਰਾਦੇ ਨਾਲ ,ਮੈਂ ਆਪਣੇ ਅੰਦਰਲੇ ਕਾਂਬੇ ਨੂੰ ਥੋੜ੍ਹਾ ਕੁ ਕਾਬੂ ਕਰਦਿਆਂ , ਗੁਰਪਾਲ ਸਿੰਘ ਪਾਲ ਨੂੰ ਕਹਿਣਾ ਚਾਹਿਆ –ਮੈਨੂੰ ਐਥੇ ਈ ਉਤਾਰ ਦਿਉ ਡਰੈਵਰ ਸਾਬ੍ਹ , ਬੱਸ ਲਾਗੇ ਹੀ ਆ ਪਿੰਡ ਫਤ੍ਹੇਪੁਰ ਚੜ੍ਹਦੇ ਬੰਨੇ । ਪਰ ਪਿੰਡ ਤਾਂ ਅਜੇ ਕਰੀਬ ਦਸ ਕਿਲੋਮੀਟਰ ਹੋਰ ਅਗਾਂਹ ਸੀ  ਮੇਰਾ ।

ਹੁਣੇ ਹੁਣ ਨਿਕਲੇ ਉਡੀਕ ਚੱਕਰ ‘ਚ ਮੁੜ ਕੇ ਫਸ ਜਾਣ ਦੇ ਡਰ ਤੋਂ ਡਰਦੇ ਦੀ ਮੇਰੀ ਰੋਲ ਨੰਬਰ ਬਾਰਾਂ ਨੂੰ ਇਉਂ ਕਹਿਣ ਦੀ ਹਿੰਮਤ ਵੀ ਨਾ ਪਈ ।
ਡੌਰ-ਭੌਰ ਹੋਇਆ ਮੈਂ ਕਦੀ ਸਾਹਮਣੇ ਦੂਰ ਤੱਕ ਪੱਕੀ  ਸੜਕ ਵੱਲ ਦੇਖ ਲੈਂਦਾ , ਕਦੀ ਉਸਦੇ ਪਲੋ-ਪਲੀ ਰੰਗ ਬਦਲਦੇ ਚਿਹਰੇ ਵੱਲ ।

ਉਸਦੇ ਮੂੰਹ-ਮੱਥੇ ‘ਤੇ ਘੜੀ ਪਲ ਪਹਿਲਾਂ ਪਸਰਿਆਂ ਜਲ-ਜਲੌਅ ਫਿਰ ਕਿਧਰੇ ਓਝਲ ਹੋ ਗਿਆ ਇਕਦਮ । ਉਸਦਾ ਰੁੱਖਾ-ਮਿੱਸਾ ਚਿਹਰਾ ਹੋਰ ਵੀ ਖ਼ਰ੍ਹਵਾ ਲੱਗਣ ਲੱਗ ਪਿਆ । ਹੌਲੀ ਕੀਤੇ ਟਰੱਕ ਨੂੰ ਕੱਚੀ ਥਾਂ ਰੋਕ ਕੇ ਉਸਨੇ ਝੱਟ ਦੇਣੀ ਤਾਕੀਉਂ ਬਾਹਰ ਛਾਲ ਕੱਢ ਮਾਰੀ । ਮੇਰੇ ਅੰਦਰਲੇ ਡਰ-ਸਹਿਮ ਨੇ ਮੇਰੇ ਖੂਨ ਦੀ ਗਰਦਿਸ਼ ਥਾਏਂ ਰੋਕ ਦਿੱਤੀ । ਮੈਨੂੰ ਲੱਗਾ –ਰੋਲ ਨੰਬਰ ਬਾਰਾਂ ਨੇ ਮੈਨੂੰ ਟਰੱਕ ਕੈਬਿਨ ‘ਚ ਧੂਹ ਕੇ ਹੇਠਾਂ ਖਿੱਚ ਲਿਆ ਹੈ । ਪੱਕੀ ਸੜਕ ਦੇ ਐਨ ਵਿਚਕਾਰ ਖੜਾ ਕਰਕੇ ਪਹਿਲਾਂ ਮੇਰੇ ਤਨ ਦੇ ਸਾਰੇ ਕੱਪੜੇ ਉਤਾਰ ਦਿੱਤੇ ਹਨ  , ਫਿਰ ਜ਼ੋਰਦਾਰ ਧੱਕਾ ਦੇ ਕੇ ਕੱਚੀ ਲੀਹ ਤੇ ਸੁੱਟ ਲਿਆ ਹੈ । ਮੇਰੇ ਗਲ਼ ਪਏ ਜਨੇਊ ਦਾ ਖੁੰਡ-ਗਲਾਵਾਂ ਮੇਰੀ ਧੋਣ ਨੂੰ ਮਾਰ ਕੇ ਉਹ ਮੈਨੂੰ ਕੱਚਿਉਂ ਪੱਕੀ ਵੱਲ ਨੂੰ ਪੱਕੀਉਂ ਕੱਚੇ ਵੱਲ ਨੂੰ ਖਿੱਚ ਰਿਹਾ ਹੈ ਤੇ ਮੈਂ ….ਮੈਂ ਆਪਣੇ ਢਿੱਲੇ-ਪਿੱਲੇ ਸਰੀਰ ਤੇ ਲਗਦੀਆਂ ਬਗੜਾਂ-ਸੱਟਾਂ ਦੀ ਪੀੜ ਨੂੰ ਦੜ ਵੱਟ ਕੇ ਸਹੀ ਜਾ ਰਿਹਾ ਹਾਂ , ਚੁੱਪ-ਚਾਪ । “…ਏ ਬਾਊ ਜੀਈ , ਬਾਊ ਜੀਈ …ਕੀ ਗੱਲ ਆ ਨੀਂਦ ਆ ਗਈ , ਹਿਲਦੇ ਬੋਲਦੇ ਈ ਨਈਂ …ਮੈਂ ਐਨੀਆਂ ‘ਵਾਜਾਂ ਮਾਰੀਆਂ । “ ਖੁੱਲ੍ਹੀ ਤਾਕੀ ਵੱਲੋਂ ਅੰਦਰ ਆਏ ਕਲੀਨਰ ਮੁੰਡੂ ਨੇ ਮੇਰਾ ਮੋਢਾ ਹਿਲੂਣਦਿਆਂ , ਮੇਰੀ ਗੁੰਮੀਂ-ਗੁਆਚੀ ਸੁਰਤੀ ਕਿਧਰੋਂ ਦੂਰੋਂ-ਪਾਰੋਂ ਲੱਭ ਲਿਆਂਦੀ । “ ਉਸਤਾਦ ‘ਵਾਜ਼ਾਂ ਮਾਰਦਾ , ਔਹ ਸਾਹਮਣੇ …..ਚਾਹ ਪੀ ਲਊ …।“

ਮੇਰੀ ਨਾਂਹ ਦਾ ਉੱਤਰ , ਉੱਚੀ ਆਵਾਜ਼ ਨਾਲ ਮੁੰਡੂ ਨੇ ਰੋਲ ਨੰਬਰ ਬਾਰਾਂ ਤੱਕ ਅੱਪੜਦਾ ਕਰ ਦਿੱਤਾ ਸੜਕੋਂ ਪਾਰ  । ਮੋਟੇ ਭਾਰੇ ਸਫੈਦੇ ਦੀ ਚਿੱਤਰਕਬਰੀ ਛਾਂ ਹੇਠਾਂ ਖੜੇ ਖੜੇ ਨੇ ਚਾਹ ਪੀਂਦੇ ਨੇ ਉਸਨੇ , ਖੋਖੇ ‘ਤੇ ਬੈਠੀ ਥੱਕੀ-ਹਾਰੀ ਅੱਧਖੜ ਇਸਤਰੀ ਨਾਲ ਪੰਜ-ਸੱਤ ਮਿੰਟ ਕੋਈ ਬਾਤ-ਚਾਤ ਕੀਤੀ ,ਫਿਰ ਮੁੜਦੇ ਪੈਰੀਂ ਉਹ ਸਟੇਰਿੰਗ ਸੀਟ ‘ਤੇ ਆ ਬੈਠਾ ।

ਘੜੀ-ਦੋ ਘੜੀਆਂ ਰੋਕੀ ਗੱਡੀ ਉਸਦੇ ਫਿਰ ਪਹਿਲੀ ਚਾਲੇ ਦੌੜਦੀ ਕਰ ਲਈ ।
“ ਏਨੂੰ ਜਾਣਦਾ ਆਂ ਬਾਊ , ਏਹ ਤੁਹਾਡੇ ਈ ਐਨ੍ਹਾਂ ਪਿੰਡਾਂ ‘ਚੋਂ ਕਿਸੇ ਪਿੰਡ ਦੀ ਆ । ਏਦ੍ਹੀ ਬਾਰਾਂ ਚੌਦਾਂ ਸਾਲ ਦੀ ਧੀ ਪਰੂੰ-ਪਰਾਰ ਕਿਸੇ ਗੱਡੀ ਆਲੇ ਨੇ ਚੜ੍ਹਾ ਲਈ । ਅਜੇ ਤੱਕ ਕੋਈ  ਉੱਘ-ਸੁੱਘ ਨਹੀਂ ਲੱਗੀ । ਚੰਗਾ-ਭਲਾ ਕੰਮ ਚਲਦਾ ਸੀ ਏਦਾ ਚਾਹ-ਖੋਖੇ ਦਾ , ਉਹ ਵੀ ਜਾਂਦਾ ਲੱਗਾ । ਬੰਦਾ ਏਦਾਂ ਊਈਂ ਕਿਸੇ ਕੰਮ ਦਾ ਨਈਂ ਅਮਲੀ ਜਿਆ । ਆਪ ਏਹ ਜਾਣ ਜੋਗੀ ਨਈਂ ਕਿਧਰੇ , ਲੰਗੜੀ ਆ ਇਕ ਲੱਤੋਂ ।ਬੱਸ ਹਮਾਂ-ਤੁਮਾਂ ਨੂੰ ਆਖ ਛੱਡਦੀ ਆ – ਵੇ ਬੱਚਿਓ , ਵੇ ਪੁੱਤੋ…ਮੇਰੀ ਧੀ ਰਾਣੀ ਨੂੰ ਕਿਤੋਂ ਲੱਭ ਲਿਆਓ  ਵੇ , ਜੀਣ ਜੋਗਿਓ …। ਮੈਂ ਜ਼ਿੰਦਗੀ ਭਰ ਸੀਸਾਂ ਦੇਊ ਵੇ ਤੁਆਨੂੰ ਸ਼ੇਰ ਬੱਚਿਆਂ ਨੂੰ ….।

ਮੇਰੀ ਜਿਵੇਂ ਇਕ-ਦਮ ਜਾਗ ਖੁੱਲ੍ਹ ਗਈ ਹੋਵੇ । ਮੇਰੇ ਕੰਨਾਂ ‘ਚ ਗੂੰਜਦੇ ਬੋਲ ਮੇਰੇ ਸੱਜੇ ਹੱਥ ਬੈਠੇ ਟਰੱਕ ਚਾਲਕ ਦੇ ਸਨ ਜਾਂ ਚਾਹ ਵਾਲੇ ਖੋਖੇ ‘ਤੇ ਬੈਠੀ ਇਸਤਰੀ ਦੇ , ਪਲ ਦੀ ਪਲ ਮੈਨੂੰ ਸਮਝ ਨਹੀਂ ਲੱਗੀ । ਆਪਣੇ  ਅੰਦਰ ਬਾਹਰ ਪੱਸਰੇ ਡਰ-ਭੈਅ ‘ਚੋਂ ਆਪਣਾ ਆਪ ਬਾਹਰ ਧੂਹ ਕੇ ਮੈਂ ਪਾਲਾ ਸਿੰਘ ਵੱਲ ਨੂੰ ਧਿਆਨ ਨਾਲ ਦੇਖਿਆ । ਉਸਦਾ ਸਾਰਾ ਵਜੂਦ ਕਿਸੇ ਇਕ ਬਿੰਦੂ ‘ਤੇ ਸਥਿਰ ਹੋਇਆ ਪਿਆ ਸੀ । ਖੋਖੇ ਵਾਲੀ ਇਸਤਰੀ ਦੀ ਕੁੱਲ ਵੇਦਨਾ ਉਸਦੇ ਆਪਣੇ ਚਿਹਰੇ ‘ਤੇ ਚਿਪਕ ਗਈ ਸੀ । ਸਾਹਮਣੇ , ਪੱਕੀ ਪਟੜੀ ਉੱਤੇ ਟਿਕੀਆਂ ਅੱਖਾਂ ਖਾਰੇ ਪਾਣੀ ਨਾਲ ਤਰ ਹੋ ਗਈਆਂ ਸਨ ।

ਬੇ-ਹੱਦ ਟਿਕਵੀਂ ਗਤੀ ਨਾਲ ਦੌੜਦੇ ਟਰੱਕ ਦੇ ਡੈਸ਼-ਬੋਰਡ ‘ਤੇ ਪਿਆ ਧਾਰੀਦਾਰ ਪਰਨਾ ਚੁੱਕ ਕੇ ਪਾਲਾ ਸਿੰਘ ਨੇ ਪਹਿਲਾਂ ਮੂੰਹ-ਚਿਹਰੇ ‘ਤੇ ਫੇਰਿਆਂ , ਫਿਰ ਪਲਕਾਂ ‘ਚੋਂ ਡਿਗੂੰ-ਡਿਗੂੰ ਕਰਦੇ ਅੱਥਰੂ ਸਾਫ਼ ਕੀਤੇ ।

ਉਸਦੀ ਇਸ ਅਵਸਥਾ ਨੇ ਮੈਨੂੰ ਉਸ ਤੋਂ ਥੋੜ੍ਹੀ ਕੁ ਦੇਰ ਪਹਿਲਾਂ ਆਏ ਡਰ-ਭੈਅ ਤੋਂ ਮੁਕਤ ਕਰ ਦਿੱਤਾ । ਮੈਂ ਆਪਣੇ ਆਪ ਨੂੰ ਸਾਧਾਰਨ ਕਿਸਮ ਦਾ ਦੋਸ਼ੀ ਨਹੀਂ ਵੱਡਾ ਕਸੂਰਵਾਰ ਸਮਝਣ ਲੱਗ ਪਿਆ , ਉਸਨੂੰ ਗੁਰਪਾਲ ਸਿੰਘ ਪਾਲ ਦੀ ਸੰਗਿਆ ਦੇ ਕੇ । ਮੈਨੂੰ ਪੱਕ-ਠੱਕ ਨਿਸਚਾ ਹੋ ਗਿਆ ਸੀ , ਉਹ ਰੋਲ ਨੰਬਰ ਬਾਰਾਂ ਨਹੀਂ ਹੈ । ਉਹ …ਉਸਨੇ ਤਾਂ ਕਾਲਜੋਂ ਨਿਕਲ ਕੇ ਨੱਕ ‘ਚ ਦਮ ਕਰ ਰੱਖਿਆ ਸੀ ਮੇਰਾ । ਮੇਰੇ ਟੱਬਰ –ਟੀਰ ਦਾ , ਬਾਲ –ਬੱਚੇ ਦਾ । ਉਸ ਅੰਦਰਲੀ ਸ਼ਰਾਫ਼ਤ, ਆਗਿਆਕਾਰਤਾ ਕਿਧਰੇ ਪਰ ਲਾ ਕੇ ਉੱਡ ਗਈ ਸੀ । ਗੇਟੋਂ ਬਾਹਰ ਨਿਕਲਦੇ ਨੇ ਪਹਿਲੇ ਦਿਨ ਹੀ ਜ਼ੋਰਦਾਰ ਤੜੀ ਦਿੱਤੀ ਸੀ ਮੈਨੂੰ- “ ਓਏ ਸਾਲਿਆ ਸ਼ਰਮਿਆਂ ਦਿਆਂ ,ਹੁਣ ਦੇਖੀਂ ਰਮਦਾਸੀਏ ਚਮਾਰ ਦੇ ਹੱਥ …।‘ ਅੱਗੋਂ ਇਸ ਤੋਂ ਵੀ ਮੋਟੀ ਭਾਰੀ ਵਲਾਂਵੇਂਦਾਰ ਗਾਲ੍ਹ ਕੱਢ ਕੇ ਉਸਨੇ ਹੋਰ ਵੀ ਖ਼ਤਰਨਾਕ ਬੋਲ ਬੋਲੇ ਸਨ , ਜਿਹੜੇ ਮੇਰੀ ਜ਼ੁਬਾਨ ‘ਤੇ ਕਿਸੇ ਵੀ ਤਰ੍ਹਾਂ ਨਹੀਂ ਸੀ ਚੜ੍ਹ ਸਕੇ , ਸ਼ਿਕਾਇਤ ਕਰਦਿਆਂ ਵੀ ਨਹੀਂ ।ਇਹ ਬੋਲ ਉਸਨੇ ਮੂੰਹ ਜ਼ਬਾਨੀ ਤੱਕ ਸੀਮਤ ਨਹੀਂ ਸੀ ਰੱਖੇ । …ਵੱਡੀ ਕੁੜੀ ਪਿੰਕੀ ਨਿੱਤ ਨਵੇਂ ਕੋਈ ਨਾ ਕੋਈ ਸ਼ਿਕਾਇਤ ਲੈ ਬੈਠਦੀ – ‘ ਫ਼ਲਾਨੇ ਥਾਂ ਰੋਲ ਨੰਬਰ ਬਾਰਾਂ ਨੇ ਮੈਨੂੰ ਆਹ ਕਿਹਾ , ਔਂਕੜੀ ਥਾਂ ਆਹ ਕੀਤਾ । ‘  ਉਸਦੇ ਉਜੱਡਪੁਣੇ ਤੋਂ ਤੰਗ ਆਏ ਨੇ ਮੈਂ ਉਸਦੀ ਦੋ ਕੁ ਵਾਰ ‘ਸੇਵਾ ‘ ਵੀ ਕਰਵਾਈ । ਪੁਲਿਸ ‘ਤੇ ਆਪਣਾ ਅਸਰ ਰਸੂਖ ਵਰਤ ਕੇ , ਵਾਈਸਸ਼ਿਪ ਵਾਲਾ । ਪਰ ਉਹ ਸਿੱਧਾ ਹੋਣ ਦੀ ਥਾਂ ਹੋਰ ਵਿੰਗਾ ਹੁੰਦਾ ਗਿਆ । ਇਕਦਮ ਅਵਾਰਾ ।

ਕਿਥੇ ਉਹ ਗੁਰਪਾਲ ਸਿੰਘ , ਕਿਥੇ ਆਹ ਪਾਲਾ ਸਿੰਘ । ਆਹ ਏਨੀ ਪਿਆਰੀ ਰੂਹ । ਹਰ ਜਾਣ-ਅਣਜਾਣ ,ਗ਼ਰੀਬ-ਗੁਰਬੇ ਦੇ ਔਖ-ਮੁਸ਼ਕਿਲ ਨੂੰ , ਦੁੱਖ-ਦਰਦ ਨੂੰ ਆਪਣਾ ਦੁੱਖ-ਦਰਦ ਮਿੱਥ ਲੈਣ ਵਾਲਾ ਨੇਕ-ਦਿਲ ਨੌਜਵਾਨ । …ਚਾਹ ਵਾਲੇ ਖੋਖੇ ‘ਤੇ ਬੈਠੀ ਇਸਤਰੀ ਦੀ ਪੀੜ-ਵੇਦਨਾ , ਹੁਣ ਤੱਕ ਉਸਦੇ ਸਾਰੇ ਦੇ ਸਾਰੇ ਵਜੂਦ ਨੂੰ ਜ਼ਖ਼ਮੀ ਕਰ ਗਈ ਸੀ । ਉਸਦੀਆਂ ਮੋਟੀਂਆਂ ਅੱਖਾਂ ਅੰਦਰ ਵਗਦੇ ਪਾਣੀ ਦਾ  ਵਹਾ ਹੋ ਵੀ ਭਰਵਾਂ ਹੋ ਗਿਆ ।

ਇਕ ਵਾਰ ਫਿਰ ਉਸ  ਨੇ ਉਸ ਪਰਨੇ ਨਾਲ ਪਹਿਲੀ ਕਿਰਿਆ ਦੁਹਰਾਈ ।
ਮੈਨੂੰ ਲੱਗਾ ਇਹ ਪਾਲਾ ਸਿੰਘ ਡਰਾਇਵਰ ਨਹੀਂ ,ਮੈਂ ਆਪਣੀਆਂ ਅੱਖਾਂ ‘ਚੋਂ ਟਪਕ ਆਏ ਅੱਥਰੂ ,ਉਸਦੇ ਧਾਰੀਦਾਰ ਪਰਨੇ ਨਾਲ਼ ਸਾਫ਼ ਕਰ ਰਿਹਾ ਹਾਂ । ਮੈਂ ਪ੍ਰੋਫੈਸਰ ਸ਼ਰਮਾ । ਵਾਈਸ ਪ੍ਰਿੰਸੀਪਲ ਡੀ.ਏ.ਵੀ. ਡਿਗਰੀ ਕਾਲਜ ।

ਇਸ ਵਾਈਪਸ਼ਿਪ ਨੇ ਹੀ ਮੇਰੀ ਇਹ ਬਾਬ ਕੀਤੀ ਸੀ । ਇਕ ਤਰ੍ਹਾਂ ਨੀਵੇਂ ਲਾਹ ਛੱਡਿਆ ਸੀ ਮੈਨੂੰ ਪੈਰ-ਦਰ-ਪੈਰ ਉੱਪਰ ਵੱਲ ਨੂੰ ਚੜ੍ਹਦੇ ਨੂੰ । …ਪਿੰਡ ਕਈ ਜਣੇ ਸਾਂ ਅਸੀਂ ਅਧਿਆਪਕੀ ਕਿੱਤੇ ਨਾਲ਼ ਸੰਬੰਧਤ । ਪਰ , ਸਾਰੇ ਦੇ ਸਾਰੇ ਸਕੂਲ ਟੀਚਰ । ਬਹੁਤੇ ਜੇ.ਬੀ.ਟੀ. ਕੋਈ ਕੋਈ ਬੀ.ਐਡ. । ਕਾਲਜ ਪ੍ਰੋਫੈਸਰ ਮੈਂ ਹੀ ਸਾਂ ਇਕੱਲਾ , ਐੱਮ.ਏ.ਐੱਮ. ਫਿੱਲ । ਪਿੰਡ ਦੇ ਅਨਪੜ੍ਹਾਂ ਸਮੇਤ ਪੜ੍ਹੇ ਅੱਧ-ਪੜ੍ਹੇ ਲੋਕ ਮੈਨੂੰ ਵੀ ਮਾਸਟਰ ਹੀ ਸਮਝਦੇ । ਮਾਸਟਰ ਹੀ ਕਹਿ ਕੇ ਬੁਲਾਉਂਦੇ , ‘ਵਾਜ ਮਾਰਦੇ । ਸੱਚੀ ਗੱਲ ਐ ਆਪਣੇ ਤੋਂ ਉਹਨਾਂ ਦੀ ਬੋਲਚਾਲ ,ਗੱਲਬਾਤ ਬਰਦਾਸ਼ਤ ਹੋਣੋਂ ਹਟ ਗਈ । ਖਾਸ ਕਰ ਓਦੋਂ ਜਦੋਂ ਨੰਬਰ ਦੋ ਬਣਿਆ ਸੀ ਮੈਂ ,ਸੈਕਿੰਡ-ਇੰਚਾਰਜ ।

ਕਾਲਜ ਅੰਦਰ ਸਰ-ਜੀ , ਸਰ – ਜੀ  ਹੁੰਦੀ , ਪਿੰਡ ਪੁੱਜਦਾ ਤਾਂ ਫਿਰ ‘ ਮਾਹਟਰ ਦਾ ਮਾਹਟਰ ‘ ।

ਆਪਣੇ ਅਹੁਦੇ ਦੀ ਇੱਜ਼ਤ-ਆਬਰੂ ਸਾਂਭ ਰੱਖਣ ਲਈ ਆਖਿਰ ਮੈਂ ਪਿੰਡ ਹੀ ਛੱਡ ਦਿੱਤਾ । ਸ਼ਹਿਰ ਜਾ ਪੁੱਜਾ ਸੀ ,ਜਲੰਧਰ । ਥੋੜ੍ਹਾ ਕੁ ਚਿਰ ਕਰਾਏ ਤੇ ਰਿਹਾ , ਫਿਰ ਨਵੀਂ ਨਿਕੋਰ ਕੋਠੀ ਖ਼ਰੀਦ ਲਈ , ਮਾਡਲ-ਗਰਾਮ ‘ਚ ਪੋਸ਼ ਇਲਾਕੇ ‘ਚ ।
ਆਲੇ-ਦੁਆਲੇ ਰਹਿੰਦੇ –ਵਸਦੇ ਲੋਕ ਸਭ ਆਪਣੇ ਆਪਣੇ ਕਾਰ-ਕਿੱਤੇ ‘ਚ ਮੌਜ-ਮੇਲੇ ‘ਚ ਮਸਤ । ਨਾ ਕਿਸੇ ਦੀ ਨਿੰਦਿਆ-ਚੁਗਲੀ , ਨਾ ਭੰਡੀ-ਪ੍ਰਚਾਰ । ਇਕ ਦੂਜੇ ਦੇ ਕੰਮ-ਕਾਜ , ਮੇਲ-ਜੋਲ ‘ਚ ਕਿਸੇ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ । ਸ਼ਹਿਰੋਂ , ਕਾਲਜ ਆਉਣ ਜਾਣ ਕਰਦਿਆਂ ਮਿਸ ਗੁਪਤਾ ਨਾਲ ਸਾਂਝ ਪੈ ਗਈ । ਉਹ ਹੋਰ ਵੀ ਅਗਲੇ ਸ਼ਹਿਰੋਂ ਆਉਂਦੀ ਸੀ ਫਗਵਾੜਿਉਂ । ਮੈਂ ਉਸਦੀ ਉਡੀਕ ਬੱਸ ਅੱਡੇ ‘ਤੇ ਖੜੋ ਕੇ ਕਰਦਾ । ਫਿਰ ਕਾਲਜ ਤਕ ਦਾ ਪੰਜਾਹ ਕਿਲੋਮੀਟਰ ਦਾ ਸਫ਼ਰ ਮੈਨੂੰ ਪੰਜ ਕਿਲੋਮੀਟਰ ਤੋਂ ਵੱਧ ਨਾ ਜਾਪਦਾ ।
ਰੰਗ ਭਾਵੇਂ ਗੂੜ੍ਹਾ ਪੱਕਾ ਸੀ ਉਸਦਾ ,ਪਰ ਨੈਣ –ਨਕਸ਼ ਤਿੱਖੇ ।ਸੁਭਾਅ ਦੀ ਚੁਲਬਲੀ । ਸਿਰੇ ਦੀ ਚੁਸਤ-ਫੁਸਤ । ਸਫ਼ਰ ਕਰਦਾ ਤਿੰਨ ਸ਼ੈਸ਼ਨ ਜਿਵੇਂ ਧੁਰ ਅਸਮਾਨੀਂ ਉਡਿਆ ਰਿਹਾ ।

ਹੁਣ …ਹੁਣ ਉਹਨਾਂ ਹੀ ਅਸਮਾਨਾਂ ਤੋਂ ਹੇਠਾਂ ਪਟਾਕ ਕਰਕੇ ਡਿਗਿਆ ਮੈਂ ਮੁੜ ਪਿੰਡ ਪਰਤ ਆਇਆ ਸਾਂ । ਪਿੰਡ ਦੇ ਅੱਧੇ ਘਰ ‘ਚ । ਬੇ-ਬਸੀ , ਨਿਮੋਸ਼ੀ ਤੇ ਲਾਚਾਰਗੀ ਨਾਲ ਅੱਟੇ ਆਪਣੇ ਹਿੱਸੇ ਦੀ ਝਾੜ-ਪੂੰਝ ਕਰਦਾ ਮੈਂ ਕਦੀ ਹੁਬਕੀ ਰੋ ਲੈਂਦਾ , ਕਦੀ ਅੰਦਰੋਂ-ਅੰਦਰ ਨਪੀੜ ਹੋਇਆ ਤਰਲੋ-ਮੱਛੀ ਹੋਇਆ ਰਹਿੰਦਾ ।

ਇਹੋ ਹਾਲ ਮੇਰੀ ਪਤਨੀ ਸਮੇਤ ਛੋਟੀ ਬੇਟੀ ਦੀਪੀ ਦਾ ਸੀ । ਦੂਰ ਪਿਛਾਂਹ , ਵੱਡੇ ਸ਼ਹਿਰ ਰਹਿ ਗਈ ਵੱਡੀ ਕੁੜੀ ਪਿੰਕੀ ਦੇ ਕੋਰਟ-ਮੈਰਿਜ ਸਰਟੀਫਿਕੇਟ ਨੇ ਜਿਵੇਂ ਲੂੰ-ਲੂੰ ਪੱਛ ਕੇ ਰੱਖ ਦਿੱਤਾ ਸੀ , ਸਾਰੇ ਟੱਬਰ ਦਾ । ….ਕਿੰਨੀ ਭਾਰੀ ਨਿਮੋਸ਼ੀ ਝੱਲਣੀ ਪਈ ਸੀ ਮੈਨੂੰ , ਪ੍ਰੋਫੈਸਰ ਸ਼ਰਮਾ ਨੂੰ । ਖਾਨਦਾਨੀ ਪੰਡਿਤ-ਪ੍ਰੋਹਿਤ ਬਾਪ ਨੂੰ । ਜ਼ਿਲਾ ਜੱਜ ਸਾਹਮਣੇ । ਉਸਦੀ ਇਕੋ-ਇਕ ਘੁਰਕੀ ਨੇ ਜੁਬਾਨ ਬੰਦ ਕਰ ਦਿੱਤੀ ਸੀ ਮੇਰੀ – ‘ਏ ਮਿਸਟਰ , ਅਟੈਚਮੈਂਟ ਇਜ਼ ਅਬੱਵ ਐਵਰੀ ਥਿੰਗ , ਕਾਸਟ-ਕਰੀਡ ਐੱਡ ਰਿਲੀਜ਼ਨ । ਮਾਈਂਡ ਇਟ । ‘

ਖਿੰਡੀ –ਬਿਖਰੀ ਬਚਦੀ ਹਿੰਮਤ ਇਕੱਠੀ ਕਰਕੇ ਮੈਂ ਰਿਹਾ ਬਚਿਆ ਬਚਾ-ਪੱਖ ਫਿਰ ਪੇਸ਼ ਕੀਤਾ ਸੀ ਕੋਰਟ ‘ਚ – ‘ ਆਈ ਡੂ ਐਗਰੀ ਸਰ , ਬਟ ਮਾਈ ਕੰਨਸਰਨ ਇਜ਼ ਹਰ ਕੈਰੀਅਰ । ਸ਼ੀ ਇਜ਼ ਐਨ ਡਾਕਟਰ ਇੰਨ ਮੇਕਿੰਗ , ਐਂਡ ਹੀ …ਹੀ ਇਜ਼ ਮੀਅਰ ਏ ਮਾਲੀ । ‘

‘ਡੋਂਟ ਬਓਦਰ ,ਦੇ ਆਰ ਅਡਲਟਸ ‘ ਆਖਦਿਆਂ ਜੱਜ ਨੇ ਭਾਵੇਂ ਆਪਣੀ ਵੱਲੋਂ ਕਿਸੇ ਸੰਭਾਵੀ ਸਭਿਅ-ਸਮਾਜ ਦੇ ਹੱਕ ‘ਚ ਫੈਸਲਾ ਦਿੱਤਾ ਹੋਵੇ , ਪਰ ਮੈਂ …ਮੈਂ ਜੱਦੀ-ਪੁਸ਼ਤੀ ਬ੍ਰਾਹਮਣ, ਜਾਤ-ਗੋਤ ਦਾ ਸ਼ਰਮਾ , ਕਿਸੇ ਪਾਸੇ ਮੂੰਹ ਦੇਣ ਜੋਗਾ ਨਹੀਂ ਸੀ ਰਿਹਾ ।

ਪੋਸ਼ ਕਾਲੌਨੀ ਮਾਡਲ-ਗਰਾਮ ਸਮੇਤ ਸਾਰੇ ਸ਼ਹਿਰ ‘ਚ ਮਿੱਟੀ ਪਲੀਤ ਕਰ ਦਿੱਤੀ ਸੀ ਮੇਰੀ , ਪੋਸਟ-ਗਰੈਜੂਏਟ ਲੈਕਚਰਾਰ ਪਿੰਕੀ ਨੇ।

ਮਹਿੰਗੇ ਭਾਅ ਖ਼ਰੀਦੀ ਕੋਠੀ ਕੌਡੀਆਂ ਘੱਟੇ ਕਰਕੇ ਪਿੰਡ ਮੁੜੇ ਨੂੰ ਮੈਨੂੰ ਵੱਡੇ ਭਾਈ ਨੇ ਵੀ ਰਤਾ ਭਰ ਮੂੰਹ ਨਹੀਂ ਸੀ ਲਾਇਆ । ਮੈਂ ਅਛੂਤ ਹੋ ਗਿਆ ਸਾਂ ਉਸ ਲਈ , ਉਸਦੇ ਬਾਲ-ਬੱਚੇ ਲਈ ।

ਵਿਹੜਾ ਅੱਧ-ਵਿਚਕਾਰੋਂ ਚੀਰ ਕੇ ਉਸਨੇ ਕੰਧ ਮਾਰ ਲਈ । ਮੈਨੂੰ ਉਸਦੀ ਤਲਖ਼ ਬਾਣੀ ਕੰਧ ਉੱਪਰੋਂ ਦੀ ਹਰ – ਰੋਜ਼ ਸੁਣਦੀ । ਉਸਦਾ ਹਿਰਖ਼ ਸੀ – ‘ ਪਿੰਡ ਹੋਰ ਨਈਂ , ਤਾਂ ਗਲੀ-ਗੁਆਂਡ ਦੀ ਸ਼ਰਮ ਤਾਂ ਹੁੰਦੀ ਆ , ਕੋਈ ਕਿਸੇ ਨੂੰ ਉਲ੍ਹਾਮਾ ਦੇਣ ਜੋਗਾ ਤਾਂ ਬਣਦਾ ਈ ਨਾ …। ‘ ਜਦ ਕੋਈ ਉਸਦਾ ਯਾਰ-ਬੇਲੀ ਉਸਦੀ ਹੱਟੀ ‘ਤੇ ਆ ਬੈਠਦਾ ਤਾਂ ਉਸਦੀ ਸੁਰ ਹੋਰ ਵੀ ਗੁਸੈਲੀ ਹੋ ਜਾਂਦੀ – ‘ਐਥੇ ਕਰਨ ਕੀ ਆ ਬੈਠਾ , ਕਾਲਾ ਮੂੰਹ ਲੈ ਕੇ , ਸਾਡੇ ਸਰ੍ਹਾਣੇ …ਮਰ ਕਿਉਂ ਨਈਂ ਗਿਆ ਕਿਸੇ ਖੂਹ-ਖਾਤੇ ‘ਚ ਡਿੱਗ ਕੇ ……। ‘

ਤੇ ਸੱਚ –ਮੁੱਚ ਮੈਂ ਮਰਨ ਤੋਂ ਵੀ ਵੱਧ ਮਰਿਆ ਪਿਆ ਸਾਂ । ਖੂਹ-ਖਾਤੇ ਨਾਲੋਂ ਵੀ ਵੱਧ ਕਿਸੇ ਡੂੰਘੀ ਨਿਵਾਣ ਵਿਚ ਡਿਗਿਆ ਪਿਆ ਸਾਂ , ਪਿੰਕੀ ਕਾਰਨ । ਜਿਥੇ ਨਾ ਮੇਰਾ ਰੋਣ-ਧੋਣ ਸੁਣਾਈ ਦਿੰਦਾ ਸੀ ਕਿਸੇ ਨੂੰ , ਨਾ ਹਓਕੇ –ਹਾਵੇ ।

ਪਰ ਟਰੱਕ-ਚਾਲਕ ਪਾਲਾ ਸਿੰਘ ਨੇ ਤਾਂ ਜਿਵੇਂ ਮੇਰੇ ਅੰਦਰੋਂ ਨਿਕਲਿਆ ਹਰ ਗਰਮ ਸਾਹ , ਆਪਣੇ ਸਟੇਰਿੰਗ ਸਾਂਭਦੇ ਹੱਥਾਂ ਤੇ ਮਹਿਸੂਸ ਕਰ ਲਿਆ ਸੀ । ਮੇਰੀਆਂ ਅੱਖਾਂ ‘ਚ ਧਾਰ ਬਣ ਕੇ ਵਗੇ ਹੰਝੂ ਆਪਣੇ ਧਾਰੀਦਾਰ ਪਰਨੇ ‘ਤੇ ਬੋਚ ਲਏ ਸਨ ।

“ ਸ਼ਾਹਣੀ ਕੀ ਗੱਲ ਹੋਈ ਬਾਬੂ ਜੀਈ…ਤੁਹੀਂ ਤਾਂ  ਰੋਟੀ ਜਾਨੇ ਓ ਕਿੰਨੇ ਚਿਰ ਤੋਂ । ਕਿਧਰੇ…ਕਿਧਰੇ ਤੁਆਡੇ ਨਾਲ ਵੀ ਹਭੀ-ਨਭੀ ਤਾਂ ਨਈਂ ਹੋ ਗਈ ਸ਼ਾਹਣੀ ਅਰਗੀ  ਨਾਲੋਂ ਕਿਧਰੇ ਵੱਧ ਹੋਈ ਆ ਮੇਰੇ ਨਾਲ । ਮੇਰੀ ਪੀੜ-ਵੇਦਨਾ ,ਮੇਰਾ ਦੁੱਖ-ਦਰਦ ਸ਼ਾਹਣੀ ਨਾਲੋਂ ਕਈ ਗੁਣਾਂ ਵੱਧ ਡੂੰਘਾ ਐ ਪਾਲਾ ਸਿੰਆਂ ….।“ ਮੇਰੇ ਅੰਦਰਲਾ ਗੁੱਭ-ਗੁਭਾਰ ਇਕਦਮ ਮੇਰੀ ਜੀਭ ‘ਤੇ ਚੜ੍ਹ ਕੇ ਰੋਣ –ਹਾਕੇ ਬੋਲ ਬਣ ਉੱਤਰਿਆ । ਉਸਦੇ ਧਾਰੀਦਾਰ ਪਰਨੇ ਨਾਲ ਅੱਖਾਂ ਪੂੰਝ ਕੇ ਮੈਂ ਸਾਰਾ ਆਪਾ ਉਸ ਸਾਹਮਣੇ ਪਲਟ ਦੇਣਾ ਚਾਹਿਆ । ਪਰ ਮੇਰੇ ਵੱਲ ਤਾਂ ਉਸਦਾ ਰੱਤੀ ਭਰ ਵੀ ਧਿਆਨ ਨਹੀਂ ਸੀ ਰਿਹਾ । ਉਸਦਾ ਹੁਣੇ-ਹੁਣੇ ਬੁਝਿਆ ਦਿੱਸਦਾ ਚਿਹਰਾ , ਹੁਣੇ –ਹੁਣੇ ਭਖ਼ਣ ਲੱਗ ਪਿਆ ਸੀ । ਸ਼ਾਹਣੀ ਦੇ ਰੋਣ-ਧੋਣ ਦਾ ਦੁਹਰਾਓ ਕਰਦੇ ਬੈਠਵੇਂ ਜਿਹੇ ਬੋਲ , ਇਕਦਮ ਭੜਕ ਉੱਠੇ ਸਨ ।

ਆਪਣੇ ਪੇਸ਼ੇ ਦੇ ਸਾਰੇ ਬੰਦਿਆਂ ਨੂੰ ਉਸਨੇ ਇਕ ਭਰਵੀਂ ਜਿਹੀ ਗਾਲ੍ਹ ਕੱਢੀ – “ ਭੈਣ ….ਹਰਾਮਜ਼ਾਦੇ ਕੁੱਤੇ , ਗੁਪਤਿਆਂ-ਭਾਪਿਆਂ ਦੀ ਰੀਸ ਕਰਦੇ ਆ ,ਸਾਲੇ ਰਾਣੀ ਖਾਂ ਦੇ । …ਪਤਾ ਲੱਗ ਜੇਏ ਸਈ ਮੈਨੂੰ ਕਿੰਨੇ ਮਾਂ ….ਆ , ਮੈ ਤਾਂ ਬਣਾ ਦਊਂ ਉਂਨੂੰ ਬੰਦੇ ਦਾ ਪੁੱਤ । ਪਹਿਲਾਂ ਸੌ ਮਾਰੂੰ ਜੁੱਤੀਆਂ ਗਿਣ ਕੇ , ਫੇਅਰ ਪੁੱਛੂੰ ਉਹਨੂੰ ਮਾਮੇ ਨੂੰ –ਏਨੂੰ ਮਾਂ ਨੂੰ ਤਾਂ ਰੰਨ ਬਣਾਈ ਐਧਰ ਬੈਠਾਂ , ਪਿੱਛੇ ਤੇਰੀ ਧੀ ਭੈਣ ਕਿਧਰੇ ਹੋਦਰੇ ਤੁਰੀ ਫਿਰੇ ਫੇਅਰ …..।“

ਪਾਲਾ ਸਿੰਘ ਦੀ ਰੁੱਖੀ –ਗੁਸੈਲੀ ਬੋਲ-ਬਾਣੀ ਮੈਨੂੰ ਅੰਦਰੋ-ਬਾਹਰੋ ਹੋਰ ਵੀ ਵਿੰਨ ਗਈ । ਮੈਨੂੰ ਲੱਗਾ , ਉਸਨੇ ਚਾਹ ਵਾਲੇ ਖੋਖੇ ‘ਤੇ ਬੈਠੀ ਇਸਤਰੀ ਦੀ ਬਾਲੜੀ ਜਿਹੀ ਧੀ ਨੂੰ ਅਗ਼ਵਾ ਕਰਨ ਵਾਲੇ ਨੂੰ ਕੱਢੀ ਗਾਲ੍ਹ, ਅਸਲ ‘ਮੈਨੂੰ ਕੱਢੀ ਆ । ਪ੍ਰੋਫੈਸਰ ਸ਼ਰਮਾ ਨੂੰ ,ਵਾਈਸ ਪ੍ਰਿੰਸੀਪਲ ਸ਼ਰਮਾ ਨੂੰ , ਮੈਨੂੰ ਜਿਵੇਂ ਉਸਨੇ ਮੇਰੇ ਆਪੇ ਸਾਹਮਣੇ ਨੰਗਾ ਕਰਕੇ ਕਿਹਾ ਹੈ – ‘ ਆਪ ਵੀ ਤਾਂ ਤੂੰ ਗੁਪਤਾ ਮੈਡਮ ਨੂੰ ਈ ਲਈ ਫਿਰਦਾਂ ਰਿਹਾਂ ਐਧਰ ਓਧਰ , ਫੇਅਰ  ਕੀ ਹੋਇਆ ਜੇ ਤੇਰੀ ਪਿੰਕੀ ….।‘

ਸ਼ਰਮ ਤੇ ਪਛਤਾਵੇ ਦੀ ਘੋਰ-ਸੰਘਣੀ ਪਰਤ ਹੇਠ ਦੱਬੇ ਹੋਏ ਦੀ ਮੇਰੀ ਖਾਲੀ ਨਿਗਾਹ ਅਕਾਰਨ ਹੀ ਪਾਲਾ ਸਿੰਘ ‘ਤੇ ਟਿਕੀ ਰਹੀ । ਉਸਦੀ ਟਰੱਕ-ਚਾਲਕ ਕਿਰਿਆ ‘ਤੇ । …ਚਾਹ ਵਾਲੀ ਇਸਤਰੀ ਸਮੇਤ ਪਤਾ ਨਈਂ ਕਿਸ ਕਿਸ ਦੇ ਗ਼ਮ-ਦਰਦ ਨਾਲ ਠੰਡੇ ਹੋਏ ਉਸਦੇ ਸਟੇਰਿੰਗ ਸਾਂਭਦੇ ਹੱਥ ਲਗਾਤਾਰ ਕੰਬਣ ਲੱਗ ਪਏ ਸਨ । ਉਸਦੀ ਨਵੀਂ ਨਿਕੋਰ ਗੱਡੀ ਕਦੀ ਸੜਕ ਦੇ ਵਿਚਕਾਰ ਹੋ ਕੇ ਦੌੜਨ ਲੱਗਦੀ , ਕਦੀ ਸੱਜੇ ਖੱਬੇ ।
ਨਾ ਉਸਨੂੰ ਸਾਹਮਣਿਉਂ ਆਉਂਦੀਆਂ ਮੋਟਰਾਂ-ਗੱਡੀਆਂ ਨੂੰ ਲਾਂਘਾ ਦੇਣ ਦੀ ਸੁਰਤ ਸੀ , ਨਾ ਪਾਸ ਮੰਗਦੇ ਹਾਰਨਾਂ ਨੂੰ ਰਾਹ ਦੇਣ ਦੀ ।

ਉਸਦੀ ਡਾਵਾਂਡੋਲ ਹਾਲਤ ਦੇਖ ਕੇ ਮੈਂ ਬਹੁਤ ਹੀ ਡਰ ਗਿਆ । ਮੈਨੂੰ ਆਪਣੀ ਉਲਝੀ-ਬਿਖਰੀ ਸਥਿਤੀ ਕਰੀਬ ਕਰੀਬ ਭੁੱਲ ਹੀ ਗਈ । ਉਸਦੇ ਹਰ-ਘੜੀ ਬਦਲਦੇ ਤੇਵਰ ਮੈਨੂੰ ਹੋਰ ਵੀ ਚਿੰਤਾਵਾਨ ਕਰਦੇ ਗਏ । ਮੈਨੂੰ ਫਿਕਰ ਸੀ , ਉਸਦਾ ਬੇ-ਤਹਾਸ਼ਾ ਦੌੜਦਾ ਟਰੱਕ , ਉਸਦੇ ਕਾਬੂ ਤੋਂ ਬਾਹਰ ਹੋਇਆ ਕਿ ਹੋਇਆ ! ਕਿਸੇ ਵੀ ਮੋਟਰ –ਗੱਡੀ ਨਾਲ ਟੱਕਰਾ ਕੇ ਜਾਂ ਸੜਕ ਕੰਢੇ ਸ਼ਾਂਤ ਚਿੱਤ ਖੜ੍ਹੇ ਮੋਟੇ-ਭਾਰੇ  ਸਫੈਦਿਆਂ ਵਿਚੋਂ ਕਿਸ ਵਿਚ ਵੱਜ ਕੇ ਫੀਤਾ-ਫੀਤਾ ਹੋਇਆ ਕਿ ਹੋਇਆ !!

ਪਰ ,ਇੰਝ ਹੋਇਆ ਨਹੀਂ । ਘੜੀ-ਦੋ ਘੜੀਆਂ ਪਿੱਛੋਂ ਉਹ ਬਿਲਕੁਲ ਸਹਿਜ ਸੀ । ਸਹਿਜ ਤੋਂ ਵੀ ਵੱਧ ਉਹ ਕਾਫੀ ਸਾਰੇ ਰੰਗ ‘ਚ ਰੰਗਿਆ ਗਿਆ ਸੀ । ਉਸਦੇ ਦੋਨੋਂ ਹੱਥਾਂ ਦੀਆਂ ਵੱਡੀਆਂ ਉਂਗਲਾਂ ਸਟੇਰਿੰਗ ਵੀਲ੍ਹ ‘ਤੇ ਜਿਵੇਂ ਨੱਚ ਰਹੀਆਂ ਸਨ । ਉਸਦੇ ਭਾਰੇ ਬੁੱਲ੍ਹ ਕਿਸੇ ਮੰਨ ਭਾਉਂਦੇ ਗੀਤ ਦੀ ਸੁਰ ਅਲਾਪ ਰਹੇ ਸਨ ।

ਬੇ-ਤਹਾਸ਼ਾ , ਬੇ-ਹਿਸਾਬੀ ਦੌੜਦੀ ਗੱਡੀ ਮੁੜ ਠੀਕ-ਪਾਸੇ , ਠੀਕ ਲੀਹੇ ਚੱਲਣ ਲੱਗ ਪਈ ਸੀ , ਪੂਰੀ ਦੀ ਪੂਰੀ ਠਰੰਮੇਂ ਨਾਲ ।

ਉਸਦੇ ਚਿਹਰੇ ਦਾ ਰੰਗ-ਤਰੰਗ ਇਕਦਮ ਬਦਲ ਗਿਆ ਸੀ । ਮੈਨੂੰ ਵੀ ਉਸਨੇ ਕਿਧਰੇ ਧੁਰ ਪਾਤਾਲ ਅੰਦਰ ਡਿੱਗੇ ਨੂੰ ਕਿੰਨਾ ਸਾਰਾ ਬਾਹਰ ਕੱਢ ਲਿਆਂਦਾ । ਪਰ ਮੈਂ ਆਪਣਾ ਰੰਗ-ਢੰਗ ਉਸ ਵਾਂਗ ਬਦਲ ਨਾ ਸਕਿਆ ।

ਮੇਰਾ ਗ਼ਮ , ਮੇਰੀ ਪੀੜ ਕਿਸੇ ਵੀ ਤਰ੍ਹਾਂ ਘਟਣ ਦਾ ਨਾਂ ਨਹੀਂ ਸੀ ਲੈਂਦੀ । ਤਾਂ ਵੀ , ਪਾਲਾ ਸਿੰਘ ਦੇ ਅੰਗਾਂ –ਪੈਰਾਂ ‘ਤੇ ਛਾਈ ਮਸਤੀ ਨੂੰ ਰਤਾ ਕੁ ਹੁੰਗਾਰਾ ਭਰਨ ਲਈ ਮੈਂ ਉਸਨੂੰ ਉਸਦੇ ਟਰੱਕ-ਮਾਲਕਾਂ ਦਾ ਨਾਂ ਗਰਾਂ ਸਹਿਵਨ ਪੁੱਛ ਲਿਆ ।

ਇਕਦਮ ਤਾਂ ਉਸਨੇ ਕੋਈ ਉੱਤਰ ਦਿੱਤਾ ਨਾ , ਪਰ ਥੋੜ੍ਹਾ ਕੁ ਅਟਕ ਕੇ ਥੋੜ੍ਹਾ ਕੁ ਮੁਸਕਰਾ ਕੇ ਦਿੱਤੇ ਉਸਦੇ ਦੋ-ਹਰਫੀ ਉੱਤਰ ਨੇ ਮੈਨੂੰ ਜਿਵੇਂ ਪਟਾਕ ਕਰਕੇ ਕਾਲੀ-ਪੱਕੀ ਸੜਕ ‘ਤੇ ਸੁੱਟ ਦਿੱਤਾ ਹੋਵੇ , ‘ ਹਰੀ ਗੁਪਤਾ ਕੰਪਨੀ , ਫਗਵਾੜਾ ।‘ ਇਹ ਚਾਰੇ ਸ਼ਬਦ ਉਸਦੇ ਬੇਹੱਦ ਲਮਕਾ ਕੇ ਬੋਲੇ ।

ਪਾਲਾ ਸਿੰਘ ਡਰਾਈਵਰ ਦੀ ਟਰਾਂਸਪੋਰਟ ਕੰਪਨੀ ਦੇ ਗੁਪਤਾ-ਮਾਲਕ ਲੈਕਚਰਾਰ ਮਿਸ ਗੁਪਤਾ ਦੇ ਭਰਾ-ਭਾਈ ਸਨ । ਮੇਰਾ ਸਾਰਾ ਵਜੂਦ ਜਿਵੇਂ ਤੇਜ਼-ਤਰਾਰ ਛੁਰੀ ਨਾਲ ਪੱਛ ਹੋ ਗਿਆ ਸੀ । ਪਾਲਾ ਸਿੰਘ ਦੇ ਲਾਗੇ ਬੈਠਣਾ , ਮੈਨੂੰ ਨੰਗੀ ਤਲਵਾਰ ਦੀ ਧਾਰ ‘ਤੇ ਬੈਠਣ ਵਾਂਗ ਅਸਹਿ ਹੁੰਦਾ ਗਿਆ । ਫਤ੍ਹੇਪੁਰ ਨੂੰ ਜਾਂਦੀ ਲਿੰਕ-ਸੜਕ ਅਜੇ ਅੱਧਾ ਕੁ ਕਿਲੋਮੀਟਰ ਹੋਰ ਅਗਾਂਹ ਸੀ , ਪਰ ਮੈਂ ਉਸਨੂੰ ਪਿੰਡ ਨੂੰ ਜਾਂਦੇ ਰਾਹ ‘ਤੇ ਪੁੱਜ ਜਾਣ ਦੀ ਝੂਠੀ-ਮੂਠੀ ਸੂਚਨਾ ਦੇ ਦਿੱਤੀ ।
ਸਹਿਜ –ਚਾਲੇ ਚਲਦੀ ਗੱਡੀ , ਉਸਨੇ ਕੱਚੀ ਵੰਨੀ ‘ਤੇ ਲਾਹ ਕੇ ਰੋਕ ਲਈ । ਆਪਣੇ ਪਾਸੇ ਦੀ ਤਾਕੀ ਖੋਲ੍ਹ ਕੇ ਉਹ ਛਾਲ ਮਾਰ ਕੇ ਹੇਠਾਂ ਉੱਤਰ ਆਇਆ ।
ਤਿੰਨ ਸੌ ਫੁੱਟ ਲੋਡ ਬੱਜਰੀ ‘ਤੇ ਰੱਖੀ ਪੌੜੀ ਉਸਨੇ ਮੁੰਡੂ ਨੂੰ ‘ਵਾਜ਼ ਦੇ ਕੇ ਹੇਠਾਂ ਉਤਰਵਾ ਲਈ । ਤੇ ਆਪ ਟਰੱਕ ਦੀ ਪਿਛਵਾੜੀ ਵੰਨੀਉਂ ਟਹਿਲਦਾ , ਮੇਰੇ ਹੇਠਾਂ ਉਤਰਨ ਤੱਕ ਮੇਰੇ ਲਾਗੇ ਆ ਖੜੋਇਆ ।

ਏਥੋਂ ਤੱਕ ਮੈਨੂੰ ਉਸਦਾ ਇਉਂ ਦਾ ਵਰਤਾਰਾ ਬਿਲਕੁਲ ਓਪਰਾ ਨਾ ਲੱਗਾ , ਪਰ ਦੋਨੋਂ ਹੱਥ ਜੋੜ ਕੇ , ਸਿਰ ਨਿਵਾ ਕੇ ਮੇਰੇ ਗੋਡੀ ਹੱਕ ਲਾਉਣ ਦੀ ਉਸਦੀ ਅਦਬੀ ਕਿਰਿਆ ਨੇ ਮੈਨੂੰ ਪਾਣੀਓਂ-ਪਾਣੀ ਕਰ ਦਿੱਤਾ ।ਮੈਨੂੰ ਉਸਦੇ ਕਈ ਵਾਰ ਬਦਲ ਹੋਏ ਰੰਗ-ਢੰਗ ਦੀ ਇਕ-ਦਮ ਸਮਝ ਪੈ ਗਈ ।

ਉਸਦੀ ਹਲੀਮੀ ਨਾਲੋਂ ਵੱਧ ਉਸਦੀ ਆਵਾਜ਼ ਅੰਦਰ ਸ਼ਰਾਫਤ ਸੀ – “ ਗੁਸਤਾਖੀ ਮੁਆਫ਼ ਪ੍ਰੋਫੈਸਰ ਸਾਬ੍ਹ , ਰਮਦਾਸੀਏ ਚਮਾਰ ਰੋਲ ਨੰਬਰ ਬਾਰਾਂ ਲਾਗੇ ਬੈਠ ਕੇ ਤੁਹਾਨੂੰ ਭਿੱਟ ਤਾਂ ਜ਼ਰੂਰੀ ਚੜ੍ਹੀ ਹਓ , ਪਰ ਇਦੇ ਬਿਨਾਂ ….।“

ਏਨੇ ਕੁ ਸ਼ਬਦ ਉਸਨੇ ਬੜੀ ਚੜ੍ਹਤ ਨਾਲ ਬੋਲੇ । ਉਸ  ਅੰਦਰੋਂ ਨਿਕਲਣ ਵਾਲੇ ਅਗਲੇਰੇ ਬੋਲ , ਉਸਦੇ ਗਲੇ ਅੰਦਰ ਜਾਂ ਉਸਦੀ ਛਾਤੀ ਅੰਦਰ ਕਿਧਰੇ ਡੱਕੇ ਗਏ । ਨਾ ਉਸਤੋਂ , ਉਹਨਾਂ ‘ ਚੋਂ ਇਕ ਵੀ ਸ਼ਬਦ ਆਪਣੇ ਬੁੱਲ੍ਹਾਂ ਤੱਕ ਲਿਆਂਦਾ ਗਿਆ , ਨਾ ਮੇਰੇ ਅੰਦਰ ਉਸਦਾ ਇਕ ਵੀ ਬੋਲ ਸੁਣਨ-ਸਮਝਣ ਦੀ ਹਿੰਮਤ ਬਾਕੀ ਬਚੀ ਸੀ ।

ਮੇਰੇ ਅੰਗ ਪੈਰ , ਰੂਹ ਦਿਲ ਜਿਵੇਂ ਸੁੰਨ ਹੋ ਗਏ ਸਨ, ਇਕਦਮ ਮੁਰਦਾ ।
ਮੇਰੇ ਪੈਰਾਂ ਲਾਗੇ ਅਡੋਲ ਪਈ ਪੌੜੀ ,ਮੇਰੀ ਸ਼ਰਮਾ ਪ੍ਰੋਫੈਸਰੀ ਤੇ ਬੌਣੇ ਕੱਦ ਨੂੰ ਪਾਲਾ ਸਿੰਘ ਦੇ ਕੱਦ-ਬੁੱਤ ਦੀ ਉਚਾਈ ਤੱਕ ਉੱਚਾ ਚਾੜ੍ਹਨ ਲਈ ਅਜੇ ਵੀ ਤਾਂਘ ਰਹੀ ਸੀ ।

ਸੰਪਰਕ:  94655 74866
ਈਵਾਨ ਇਲੀਚ ਦੀ ਦੂਜੀ ਮੌਤ – ਅਜਮੇਰ ਸਿੱਧੂ
ਅਧੂਰਾ ਸੁਫ਼ਨਾ – ਗੁਰਤੇਜ ਸਿੱਧੂ
ਬੇਨਾਮ ਰਿਸ਼ਤਾ – ਹਰਮਨਦੀਪ ‘ਚੜ੍ਹਿੱਕ’
ਨਿੱਕੀ ਚੂਹੀ – ਬਲਜਿੰਦਰ ਮਾਨ
ਬਲ਼ਦੇ ਚਿਰਾਗ਼ – ਅਜਮੇਰ ਸਿੱਧੂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸ਼ਹਾਦਤ ਮਿਹਨਤੀ ਲੋਕਾਂ ਨੂੰ ਵੰਗਾਰਦੀ ਰਹੇਗੀ

ckitadmin
ckitadmin
August 23, 2016
ਤੇਰੇ ਬਿਨਾਂ ਲਗਦਾ ਨਾ ਜੀਅ -ਬਲਜਿੰਦਰ ਮਾਨ
ਅਸਲ ਮੁੱਦਿਆਂ ਤੋਂ ਦੂਰ ਰਹੀ ਓਬਾਮਾ-ਰੋਮਨੀ ਦੀ ਆਖ਼ਰੀ ਬਹਿਸ –ਪੀ. ਸਾਈਨਾਥ
ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ
ਹੁਣ ਨਹੀਂ ਫ਼ੇਰ ਕਦੇ…. -ਨਿਰਮਲ ਦੱਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?