By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਫ਼ਖ਼ਰ-ਏ-ਸਲਤਨਤ -ਬਲਵਿੰਦਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਫ਼ਖ਼ਰ-ਏ-ਸਲਤਨਤ -ਬਲਵਿੰਦਰ ਸਿੰਘ
ਕਹਾਣੀ

ਫ਼ਖ਼ਰ-ਏ-ਸਲਤਨਤ -ਬਲਵਿੰਦਰ ਸਿੰਘ

ckitadmin
Last updated: October 22, 2025 11:57 am
ckitadmin
Published: August 22, 2012
Share
SHARE
ਲਿਖਤ ਨੂੰ ਇੱਥੇ ਸੁਣੋ

“ਮੇਰੇ ਹੱਥਾਂ ‘ਚ ਅਜਿਹੀ ਕੀ ਕਰਾਮਾਤ ਹੈ ਕਿ ਬਾਦਸ਼ਾਹ ਆਪਣੇ ਸਭ ਤੋਂ ਖ਼ਤਰਨਾਕ ਦੁਸ਼ਮਣ ਦਾ ਕਤਲ ਕਰਨ ਲਈ ਮੈਨੂੰ ਹੀ ਚੁਣਦਾ ਹੈ|”

ਘਣੇ ਜੰਗਲ ’ਚੋਂ ਗੁਜ਼ਰਦਿਆਂ ਕਸਾਬ ਦੇ ਮਨ ਵਿਚ ਕਿੰਨੇ ਹੀ ਖ਼ਿਆਲ ਤਾਰੀਆਂ ਲਾ ਰਹੇ ਸਨ| ਉਸਦੀਆਂ ਮੋਟੀਆਂ ਵਹਿਸ਼ੀ ਨਜ਼ਰਾਂ ਟਾਹਣੀਆਂ ਦੀਆਂ ਵਿੱਥਾਂ ਚੋਂ ਚੀਰ ਕੇ ਲੰਘ ਰਹੀਆਂ ਸਨ| ਬੇਢੱਬੇ ਮੋਟੇ ਪੈਰ ਪੱਤਿਆਂ ਨੂੰ ਦਰੜ ਰਹੇ ਸਨ, ਜਿਸ ਨਾਲ ਪੱਤਿਆਂ ‘ਚ ਅਜੀਬ ਡਰਾਉਣੀ ਖਰ-ਖਰ ਦੀ ਆਵਾਜ਼ ਆਉਂਦੀ| ਸਿਰ ਤੋਂ ਪਲਮ ਕੇ ਝੁਰੜਾਈਆਂ ਗੱਲ੍ਹਾਂ ਤੇ ਲਮਕ ਰਹੀਆਂ ਭੂਰੀਆਂ ਜਟਾਵਾਂ ਤੋਂ ਉਹ ਕਿਸੇ ਰਾਖਸ਼ਸ਼ ਨਾਲੋਂ ਘੱਟ ਨਹੀਂ ਸੀ ਲੱਗਦਾ| ਚੌੜੀ ਛਾਤੀ, ਸਖ਼ਤ ਡੌਲਿਆਂ ਤੇ ਤਣੇ ਹੋਏ ਮੱਥੇ ਤੋਂ ਉਸਦੀ ਅੰਨ੍ਹੀ ਤਾਕਤ ਦਾ ਸਾਫ਼ ਅੰਦਾਜ਼ਾ ਹੁੰਦਾ ਸੀ| ਕਸਾਬ ਜੰਗਲੀ ਕਬੀਲੇ ਦੇ ਮਾਮੂਲੀ ਜਿਹੇ ਸ਼ਿਕਾਰੀ ਦਾ ਨਾਂ ਨਹੀਂ ਸੀ, ਬਲਕਿ ਸਲਤਨਤ ਦਾ ਸ਼ਾਹੀ ਜੱਲਾਦ ਸੀ ਜੋ ਮਰਿਆਂ ਨੂੰ ਨਹੀਂ, ਜਿਉਂਦਿਆਂ ਨੂੰ ਹਲਾਲ ਕਰਨ ਦਾ ਮਾਹਿਰ ਸੀ| ਕਸਾਬ ਉਹ ਸ਼ੈਅ ਸੀ, ਜੋ ਆਪਣੀ ਤਾਕਤ ਦੀ ਗਰਮੀ ਨਾਲ ਲੋਹਾ ਪਿਘਲਾ ਸਕਦਾ ਸੀ, ਚੱਟਾਨਾਂ ਤੋੜ ਸਕਦਾ ਸੀ|

ਹਰ ਰੋਜ਼ ਕਿਸੇ ਨਾ ਕਿਸੇ ਮਾਮੂਲੀ ਮੁਖ਼ਾਲਫ਼ਤ ਬਦਲੇ ਜਾਂ ਕਿਸੇ ਹੋਰ ਦੋਸ਼ ਵਿੱਚ ਕਿੰਨੇ ਹੀ ਬਲੀ ਦੇ ਬੱਕਰੇ ਬਣਦੇ| ਪਰ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਕੰਮ ਹੋਰਨਾਂ ਜੱਲਾਦਾਂ ਨੂੰ ਹੀ ਸੌਪਿਆ ਜਾਂਦਾ ਸੀ| ਇਸੇ ਗੱਲੋਂ ਸਾਰੇ ਜੱਲਾਦ ਸ਼ਹਿਨਸ਼ਾਹ ਤੋਂ ਖਫ਼ਾ ਸਨ ਤੇ ਕਸਾਬ ਤੋਂ ਖ਼ਾਰ ਖਾਂਦੇ ਸਨ|

“ਹੂੰਅ … ਹੱਟ|” ਸਾਨ੍ਹ ਵਾਂਗ ਗਰਜਦਿਆਂ ਉਸਨੇ ਹਨ੍ਹੇਰੀ ਨਾਲ ਟੁੱਟੇ ਟਾਹਣੇ ਨੂੰ ਰਸਤੇ ਚੋਂ ਪਰ੍ਹਾਂ ਵਗਾਂਹ ਮਾਰਿਆ| ਝਾੜੀ ਚੋਂ ਲੂੰਬੜੀ ਛਲਾਂਗ ਮਾਰ ਕੇ ਦੌੜ ਗਈ | ਟੀਸੀ ‘ਤੇ ਚੜੇ ਬਾਂਦਰ ਨੇ ਦੂਜੇ ਰੁੱਖ ਤੇ ਟਪੂਸੀ ਮਾਰੀ ਤੇ ਸੰਘਣੀਆਂ ਝਾੜੀਆਂ ‘ਚ ਗੁੱਝੀ ਜਿਹੀ ਹਰਕਤ ਹੋਈ, ਜਿਵੇਂ ਸੁੱਤੇ ਹੋਏ ਸੂਰ ਨੇ ਅੰਗੜਾਈ ਲਈ ਹੋਵੇ| ਇਹਨਾਂ ਸਭ ਹਲਚਲਾਂ ਤੋਂ ਬੇਖ਼ਬਰ ਉਹ ਆਪਣੇ ਰਾਹੇ ਵਧਦਾ ਗਿਆ| ਕਸਾਬ ਬੋਲਦਾ ਘੱਟ ਤੇ ਗਰਜਦਾ ਜ਼ਿਆਦਾ ਸੀ| ਸ਼ਾਇਦ ਗਰਜਣ ਵਿਚ ਉਸਨੂੰ ਸੁਆਦ ਆਉਂਦਾ| ਪੂਰੀ ਸਲਤਨਤ ਦੇ ਲੋਕ ਉਸਨੂੰ ਨਫ਼ਰਤ ਕਰਦੇ ਉਸਨੂੰ ਵਹਿਸ਼ੀ, ਦਰਿੰਦਾ, ਜ਼ਾਲਮ, ਕਾਫ਼ਰ ਆਖਦੇ| ਪਰ ਸ਼ਹਿਨਸ਼ਾਹ ਦੇ ਹੁਕਮ ਦੀ ਪਾਲਣਾ ਕਰਨੀ ਉਹ ਆਪਣਾ ਧਰਮ ਸਮਝਦਾ ਸੀ|

 

 

ਸ਼ਹਿਨਸ਼ਾਹ ਜਦ ਵੀ ਆਪਣੇ ਦੁਸ਼ਮਣ ਦੀ ਆਖ਼ਰੀ ਇੱਛਾ ਪੁੱਛਦਾ ਤਾਂ ਸਾਰਿਆਂ ਦੀ ਇੱਕੋ ਹੀ ਗੁਹਾਰ ਹੁੰਦੀ ਕਿ ਉਹਨਾ ਨੂੰ ਕਸਾਬ ਦੇ ਹਵਾਲੇ ਨਾ ਕੀਤਾ ਜਾਵੇ| ਕਸਾਬ ਦਾ ਨਾਂ ਸੁਣਦਿਆਂ ਹੀ ਵੱਡੇ ਤੋਂ ਵੱਡੇ ਕਹਿੰਦੇ ਕਹਾਉਂਦੇ ਸੂਰਮੇ ਦੀਆਂ ਵੀ ਡਾਡਾਂ ਨਿਕਲ ਜਾਂਦੀਆਂ| ਕਤਲ ਕਰਦਿਆਂ ਦੋਸ਼ੀ ਦੀਆਂ ਚੀਕਾਂ, ਹੂਕਾਂ ਅਤੇ ਮਿੰਨਤਾਂ ‘ਤੇ ਕਸਾਬ ਨੇ ਕਦੇ ਵੀ ਰਹਿਮ ਨਹੀਂ ਸੀ ਕੀਤਾ|

ਉਹ ਤਿੱਖੀ ਨੋਕ ਨੂੰ ਦੁਸ਼ਮਣ ਦੇ ਪਿੰਡੇ ‘ਚ ਇੰਝ ਮਾਰਦਾ ਜਿਵੇਂ ਲਕੀਰਾਂ ਵਾਹ ਰਿਹਾ ਹੋਵੇ| ਜ਼ਖ਼ਮਾਂ ਚੋਂ ਨਿਕਲਦੇ ਖ਼ੂਨ ਨੂੰ ਬੜੀ ਗਹੁ ਨਾਲ ਵੇਖਦਾ| ਘੰਟਿਆਂ ਬੱਧੀ ਤੜਫਾਉਂਦਾ, ਪਰ ਮਰਨ ਨਾ ਦੇਂਦਾ| ਸ਼ਹਿਨਸ਼ਾਹ ਨੂੰ ਕਸਾਬ ਤੇ ਇਸ ਗੱਲ ਦਾ ਮਾਣ ਸੀ ਕਿ ਕਸਾਬ ਹੀ ਇੱਕੋ ਇੱਕ ਅਜਿਹਾ ਜੱਲਾਦ ਹੈ, ਜੋ ਦੁਸ਼ਮਣ ਦੀਆਂ ਰਗ਼ਾਂ ਚੋਂ ਖ਼ੂਨ ਦੇ ਇੱਕ ਇੱਕ ਕਤਰੇ ਤੋਂ ਉਸਦੇ ਗੁਨਾਹਾਂ ਦਾ ਬਦਲਾ ਲੈ ਸਕਦਾ ਹੈ| ਕਸਾਬ ਖ਼ੂਨ ਦੀਆਂ ਘਰਾਲਾਂ ‘ਚ ਮਸਤ ਹੋਏ ਬੱਚੇ ਵਾਂਗ ਉਗਲਾਂ ਫੇਰਦਾ| ਚਾਕੂ ਦੀ ਤਿੱਖੀ ਨੋਕ ਨਾਲ ਐਸੀ ਚੋਭ ਮਾਰਦਾ ਕਿ ਧਰਤੀ ਅਸਮਾਨ ਕੰਬ ਉੱਠਦੇ|

ਮਾਸ ਨਾਲ ਕਸਾਬ ਦਾ ਬਚਪਨ ਤੋਂ ਹੀ ਗਹਿਰਾ ਰਾਬਤਾ ਸੀ| ਉਸਦਾ ਬਾਪ ਸ਼ਾਹੀ ਮਹਿਲ ਵਿਚ ਨੀਵੇਂ ਦਰਜੇ ਦਾ ਕਸਾਈ ਸੀ| ਜਾਨਵਰਾਂ ਨੂੰ ਹਲਾਲ ਕਰਨਾ ਤੇ ਬੋ ਮਾਰਦੀਆਂ ਖ਼ੂਨ ਨਾਲ ਲਥਪਥ ਖੱਲਾਂ ਨੂੰ ਦੂਰ ਜੰਗਲ ਵਿਚ ਸੁੱਟ ਕੇ ਆਉਣਾ ਉਸਦੇ ਧੰਦੇ ਵਿਚ ਸ਼ਾਮਿਲ ਸੀ| ਆਪਣੇ ਰੱਤ ਭਿੱਜੇ ਹੱਥਾਂ ਨੂੰ ਕਪੜਿਆਂ ਨਾਲ ਪੂੰਝਦਾ ਤੇ ਸੜਿਆਂਦ ਤੋਂ ਬੇਖ਼ਬਰ ਨੱਕ ਤੇ ਵਾਰ-ਵਾਰ ਖ਼ਰਕਦਾ| ਖੁਰਕਣਾ ਉਸਦੀ ਆਦਤ ਸੀ ਜਾਂ ਬੀਮਾਰੀ, ਇਸ ਵਿੱਚ ਫ਼ਰਕ ਕਰਨਾ ਮੁਸ਼ਕਿਲ ਸੀ| ਅਮੀਰ ਵਜ਼ੀਰਾਂ ਦੀਆਂ ਵਗ਼ਾਰਾਂ ਪੂਰੀਆਂ ਕਰਦਿਆਂ ਉਸਦੀ ਸਾਰੀ ਉਮਰ ਕਸਾਈਪੁਣੇ ਚੋਂ ਲੰਘੀ|

ਕਸਾਬ ਨੂੰ ਤਾਂ ਜਿਵੇਂ ਗੁੜਤੀ ਹੀ ਖ਼ੂਨ ਦੀ ਮਿਲੀ ਸੀ| ਬੱਕਰਿਆਂ ਭੇੜੀਆਂ ਤੇ ਹਿਰਨਾਂ ਦੇ ਕੱਟੇ ਹੋਏ ਸਿਰ ਉਹਦੇ ਖਿਡੌਣੇ ਸਨ ਤੇ ਸਿਰਾਂ ਵਿਚਲੇ ਡੇਲਿਆਂ ਨੂੰ ਨਹੁੰਆਂ ਨਾਲ ਬਾਹਰ ਕੱਢਣਾ ਉਸਦਾ ਸ਼ੁਗਲ ਸੀ| ਜਦੋਂ ਉਸਦਾ ਬਾਪ ਜਾਨਵਰ ਹਲਾਲ ਕਰਦਾ, ਤਾਂ ਉਹ ਬੜੀ ਰੀਝ ਨਾਲ ਜਾਨਵਰ ਦੇ ਸਰੀਰ ਦੀ ਕੰਬਣੀ, ਬੇਚੈਨੀ ਤੇ ਤੜਪ ਨੂੰ ਵੇਖਦਾ|

ਉਸਦਾ ਬਾਪ ਇਕ ਬਹਾਦਰ ਜੰਗਲੀ ਕਬੀਲੇ ਦੀ ਔਲਾਦ ਸੀ, ਜੋ ਜੰਗਲ ਵਿਚ ਆਪਣਾ ਸ਼ਿਕਾਰ ਖ਼ੁਦ ਮਾਰ ਕੇ ਖਾਂਦੇ| ਕਿਸੇ ਸ਼ਹਿਨਸ਼ਾਹ ਦੇ ਅਮੀਰ ਵਜ਼ੀਰਾਂ ਦਾ ਕਸਾਈ ਬਣਨਾ ਕਬੀਲੇ ਨੂੰ ਨਾਮਨਜ਼ੂਰ ਸੀ| ਇਸ ਲਈ ਭਰੀ ਪੰਚਾਇਤ ਵਿਚ ਕਬੀਲੇ ਦੇ ਸਰਦਾਰ ਨੇ ਉਸਨੂੰ ਸ਼ਹਿਨਸ਼ਾਹ ਦੀ ਗ਼ੁਲਾਮੀ ਕਰਨ  ਜਾਂ ਕਬੀਲੇ ਦਾ ਫ਼ਖ਼ਰਯੋਗ ਵਾਰਿਸ ਬਣੇ ਰਹਿਣ, ਦੋਵਾਂ ਵਿੱਚੋਂ ਇੱਕ ਕੰਮ ਚੁਣਨ ਲਈ ਹੁਕਮ ਦਿੱਤਾ ਸੀ|  ਕਸਾਬ ਦੇ ਬਾਪ ਨੇ ਸ਼ਹਿਨਸ਼ਾਹ ਦੀ ਖ਼ਿਦਮਤ ਨੂੰ ਆਪਣੀ ਹੋਣੀ ਵਜੋਂ ਸਵੀਕਾਰ ਲਿਆ ਤੇ ਕਾਇਦੇ ਕਾਨੂੰਨ ਦੇ ਬਰਖ਼ਿਲਾਫ਼ ਹੋਣ ਕਾਰਨ ਉਸਨੂੰ ਕਬੀਲੇ ਚੋਂ ਹਮੇਸ਼ਾ ਲਈ ਨਕਾਰ ਦਿੱਤਾ ਗਿਆ|

ਕਸਾਬ ਦਾ ਬਾਪ ਸਾਰਾ ਦਿਨ ਬੁੜ ਬੁੜ ਕਰਦਾ ਤੇ ਆਪਣੀ ਜ਼ਲਾਲਤ ਭਰੀ ਜ਼ਿੰਦਗੀ ਨੂੰ ਕੋਸਦਿਆਂ ਗਾਲ੍ਹਾਂ ਕੱਢਦਾ ਰਹਿੰਦਾ| ਸ਼ਾਇਦ ਇਕ ਵਜ੍ਹਾ ਇਹ ਵੀ ਸੀ ਕਿ ਸ਼ਹਿਨਸ਼ਾਹ ਦੇ ਦਰਬਾਰ ਵਿਚ ਉਸਨੂੰ ‘ਅਛੂਤ’ ਤੇ ‘ਨੀਚ’ ਸਮਝਿਆ ਜਾਂਦਾ ਰਿਹਾ| ਜਿਸ ਮਾਣ ਨੂੰ ਹਾਸਿਲ ਕਰਨ ਖ਼ਾਤਿਰ ਉਹ ਸ਼ਹਿਨਸ਼ਾਹ ਦਾ ਖ਼ਿਦਮਤਗਾਰ ਬਣਿਆ ਸੀ, ਉਹ ਵੀ ਨਾ ਮਿਲਿਆ ਤੇ ਆਪਣੀਆਂ ਜੜ੍ਹਾਂ ਤੋਂ ਵੀ ਟੁੱਟ ਗਿਆ| ਪਰ ਅਜੇ ਵੀ ਉਸ ਕੋਲ ਇਕ ਆਸ ਦੀ ਚਿਣਗ ਬਾਕੀ ਸੀ| ਉਹ ਕਸਾਬ ਨੂੰ ਸ਼ਹਿਨਸ਼ਾਹ ਦਰਬਾਰ ਵਿਚ ਮਹਾਨ ਸੈਨਾਪਤੀ ਵਜੋਂ ਵੇਖਣਾ ਚਾਹੁੰਦਾ ਸੀ| ਇਸ ਲਈ ਅੱਤ ਦੀ ਜ਼ਲਾਲਤ ਦੇ ਬਾਵਜੂਦ ਵੀ ਅਮੀਰਾਂ, ਵਜ਼ੀਰਾਂ, ਦਰਬਾਰੀਆਂ, ਅਧਿਕਾਰੀਆਂ ਦੀ ਖ਼ੁਸ਼ਾਮਦ ਕਰਦਾ ਰਹਿੰਦਾ| ਕਾਫ਼ੀ ਹੱਦ ਤੱਕ ਉਸਨੂੰ ਇਸ ਗੱਲ ਦੀ ਆਸ ਵੀ ਸੀ ਕਿ ਸ਼ਹਿਨਸ਼ਾਹ ਉਸ ‘ਤੇ ਜ਼ਰੂਰ ਮਿਹਰਬਾਨ ਹੋਵੇਗਾ|

ਸੂਰਵੀਰ ਯੋਧਾ ਬਣਾਉਣ ਲਈ ਉਸਨੇ ਕਸਾਬ ਨੂੰ ਐਨਾ ਮਾਸ ਖਵਾਇਆ ਕਿ ਕਸਾਬ ਮੋਟਾ, ਭੱਦਾ ਤੇ ਸੁਸਤ ਹੋ ਗਿਆ| ਸੈਨਾਪਤੀ ਜਿੰਨੀ ਫ਼ੁਰਤੀ ਜੁਟਾਉਣਾ ਉਸਦੇ ਵਸੋਂ ਬਾਹਰ ਹੋ ਗਿਆ| ਉਸਦੀ ਅੰਨ੍ਹੀ ਤਾਕਤ ਤੇ ਉਸਦੇ ਬਾਪ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਬਾਦਸ਼ਾਹ ਨੇ ਉਸਨੂੰ ਸ਼ਾਹੀ ਜੱਲਾਦ ਭਰਤੀ ਕਰ ਲਿਆ, ਪਰ ਬਾਪ ਨੂੰ ਉਸਦੇ ਸੈਨਾਪਤੀ ਨਾ ਬਣਨ ਦਾ ਮਰਦੇ ਦਮ ਤੱਕ ਰੰਜ ਰਿਹਾ|

ਐਸ਼ੋ ਆਰਾਮ ਦੀ ਕਸਾਬ ਨੂੰ ਕੋਈ ਕਮੀਂ ਨਹੀਂ ਸੀ| ਉਹ ਰੱਜ ਕੇ ਵੇਸਵਾਵਾਂ ਨਾਲ ਭੋਗ ਕਰਦਾ| ਅੱਧ ਭੁੰਨਿਆਂ ਮਾਸ ਉਸਦਾ ਮਨਪਸੰਦ ਪਕਵਾਨ ਸੀ ਤੇ ਕਦੇ ਕਦੇ ਕੱਚਾ ਮਾਸ ਵੀ ਖਾ ਲੈਂਦਾ| ਜੇ ਕੋਈ ਗੱਲ ਰੜਕਦੀ ਸੀ, ਤਾਂ ਉਹ ਉਸਦੇ ਬਾਪ ਦੀ ਅਧੂਰੀ ਰਹਿ ਗਈ ਹਸਰਤ ਸੀ| ਪਰ ਅੱਜ ਉਹ ਹਸਰਤ ਪੂਰੀ ਹੋਣ ਵਾਲੀ ਸੀ| ਬੜੀ ਕਾਹਲ ਕਦਮੀ ਨਾਲ ਅੱਗੇ ਵਧਦਿਆਂ ਰਸਤੇ ‘ਚ ਆਉਂਦੇ ਹਰ ਪੱਤੇ ਹਰ ਟਹਿਣੀ ਤੇ ਹਰ ਝਾੜੀ ਨੂੰ ਤੇਜ਼ਧਾਰ ਕਾਪੇ ਨਾਲ ਜ਼ਖ਼ਮੀ ਕਰਦਿਆਂ ਮੰਜ਼ਿਲ ਦੇ ਨਜ਼ਦੀਕ ਪਹੁੰਚ ਰਿਹਾ ਸੀ|

ਹਵਾ ਦੇ ਤੇਜ਼ ਬੁੱਲੇ ਨਾਲ ਫੁੱਲਾਂ ਦੇ ਭਾਰ ਨਾਲ ਝੁਕੀ ਟਾਹਣੀ ਨੇ ਜਿਉਂ ਹੀ ਹੁਲਾਰਾ ਖਾਧਾ, ਇੱਕ ਫੁੱਲ ਕਸਾਬ ਦੇ ਮੱਥੇ ਨਾਲ ਟਕਰਾਇਆ| ਕਸਾਬ ਇੰਝ ਤ੍ਰਭਕਿਆ ਜਿਵੇਂ ਭਾਰੀ ਪੱਥਰ ਵੱਜਿਆ ਹੋਵੇ| ਫੁੱਲ ਦੀ ਖੁਸ਼ਬੂ ਨੇ ਉਸਦੇ ਨੱਕ ਤੇ ਧੁਣਧੁਣੀ ਚਾੜ ਦਿੱਤੀ| ਤੈਸ਼ ‘ਚ ਆ ਕੇ ਉਸਨੇ ਐਸਾ ਵਾਰ ਕੀਤਾ ਕਿ ਫੁੱਲਾਂ ਦੀਆਂ ਪੱਤੀਆਂ ‘ਚ ਭਗਦੜ ਜਿਹੀ ਮੱਚ ਗਈ| ਹਵਾ ‘ਚ ਲਟਕਦੀਆਂ ਧਰਤੀ ‘ਤੇ ਢਹਿ ਪਈਆਂ ਤੇ ਵਹਿਸ਼ੀ ਬੇਚੈਨੀ ਨਾਲ ਉਸਨੇ ਕੱਲੀ ਕੱਲੀ ਪੱਤੀ ਨੂੰ ਮਸਲ ਦਿੱਤਾ| ਫੁੱਲ ਵਾਕਿਆ ਹੀ ਉਸ ਲਈ ਪੱਥਰ ਸਨ| ਕਸਾਬ ਲਈ ਫੁੱਲ ਤੋਂ ਖ਼ੁਸ਼ਬੂ ਨਹੀਂ,  ਬਲਕਿ ਗੰਦੀ ਬਦਬੂ ਆਉਂਦੀ ਸੀ|

ਇਸ ਬਦਬੂ ਨਾਲ ਕਸਾਬ ਦਾ ਰਾਬਤਾ ਬਹੁਤਾ ਪੁਰਾਣਾ ਨਹੀਂ ਸੀ| ਕੁਝ ਕੁ ਅਰਸੇ ਪਹਿਲਾਂ ਸਲਤਨਤ ਦੇ ਘਿਨੌਣੇ ਬਾਗ਼ੀ ਨੂੰ ਜ਼ੰਜੀਰਾਂ ‘ਚ ਜਕੜ ਕੇ ਉਸਦੇ ਹਵਾਲੇ ਕੀਤਾ ਗਿਆ ਸੀ| ਕਸਾਬ ਨੂੰ ਬਕਾਇਦਾ ਤੌਰ ਤੇ ਦੱਸਿਆ ਗਿਆ ਸੀ ਕਿ ਇਹ ਉਹੀ ਕਬੀਲੇ ਦਾ ਗੰਦਾ ਖ਼ੂਨ ਐ, ਜਿਸਨੇ ਉਸਦੇ ਬਾਪ ਨੂੰ ਆਪਣੇ ‘ਚੋਂ ਨਿਖੇੜ ਦਿੱਤਾ ਸੀ| ਇਹ ਕਾਫ਼ਰ ਸਿਰਫ਼ ਸਲਤਨਤ ਦਾ ਹੀ ਵੈਰੀ ਨਹੀਂ ਸੀ, ਬਲਕਿ ਕਸਾਬ ਦਾ ਜਾਤੀ ਦੁਸ਼ਮਣ ਵੀ ਸੀ| ਉਸ ਨੂੰ ਵੇਖਦਿਆਂ ਸਾਰ ਕਸਾਬ ਦੀਆਂ ਵਾਛਾਂ ਖਿੜ ਗਈਆਂ ਸਨ| ਪਰ ਉਹ ਤਾਂ ਟਸ ਤੋਂ ਮਸ ਵੀ ਨਹੀਂ ਹੋਇਆ| ਐਨਾ ਨਿਡਰ, ਬਹਾਦਰ ਤੇ ਜਾਂਬਾਜ਼ ਦੁਸ਼ਮਣ ਜ਼ਿੰਦਗੀ ‘ਚ ਪਹਿਲੀ ਦਫ਼ਾ ਕਸਾਬ ਨੂੰ ਟੱਕਰਿਆ ਸੀ|

ਕਸਾਬ ਚਾਹੁੰਦਾ ਸੀ ਕਿ ਉਹ ਗਿੜਗਿੜਾਏ, ਜ਼ਿੰਦਗੀ ਦੀ ਭੀਖ ਮੰਗੇ, ਚੀਕ ਚੀਕ ਕੇ ਪਾਤਾਲ ਦੇ ਕਿਸੇ ਖੰਡਰ ‘ਚ ਦੱਬੇ ਆਪਣੇ ਪੁਰਖਿਆਂ ਦੀ ਅਜ਼ੀਮ ਗ਼ੁਸਤਾਖ਼ੀ ਨੂੰ ਕੋਸੇ| ਪਰ ਉਸਦਾ ਚਿਹਰਾ ਤਾਂ ਜਿਉਂ ਦਾ ਤਿਉਂ ਚੱਟਾਨ ਵਾਂਗ ਤਣਿਆ ਹੋਇਆ ਸੀ| ਪਹਿਲੀ ਦਫ਼ਾ ਕਸਾਬ ਨੂੰ ਕਿਸੇ ਦੁਸ਼ਮਣ ਨੇ ਵੰਗਾਰਿਆ ਸੀ,

“ਇਹ ਸਿਰ ਸਿਰਫ਼ ਮੇਰੇ ਪੁਰਖਿਆ ਅੱਗੇ ਝੁਕਦੈ, ਬੁਜ਼ਦਿਲਾਂ ਧਾੜਵੀਆਂ ਜ਼ਾਲਮਾਂ ਅੱਗੇ ਨਹੀਂ|”

ਕਸਾਬ ਦੀ ਤਾਕਤ ਦੀ ਗਰਮੀ ਪਹਿਲੀ ਵਾਰ ਇਸ ਚੱਟਾਨ ਅੱਗੇ ਲਾਚਾਰ ਹੋ ਗਈ ਜਾਪਦੀ ਸੀ| ਉਸਨੇ ਕਿਹੜਾ ਹਥਿਆਰ ਨਹੀਂ ਸੀ ਵਰਤਿਆ| ਉਸਦੇ ਸਰੀਰ ਦਾ ਕਿਹੜਾ ਅੰਗ ਸੀ, ਜੋ ਜ਼ਖ਼ਮੀ ਨਹੀਂ ਸੀ ਕੀਤਾ| ਉਹ ਕਿਹੜਾ ਹਥਕੰਡਾ ਸੀ, ਜੋ ਨਹੀਂ ਸੀ ਅਪਣਾਇਆ ਗਿਆ|

ਕਬੀਲੇ ਦਾ ਖ਼ਾਲਸ ਖ਼ੂਨ ਉਸਦੀਆਂ ਰਗ਼ਾਂ ਚੋਂ ਝਰਨਿਆਂ ਵਾਂਗ ਫੁੱਟ ਰਿਹਾ ਸੀ| ਕਿਸੇ ਵੀ ਕਤਰੇ ‘ਚ ਡਰ ਜਾਂ ਪਰਤਾਵਾਂ ਨਹੀਂ ਸੀ ਸਗੋਂ ਸੂਰਵੀਰਤਾ ਸੀ, ਸ੍ਵੈਮਾਣ ਸੀ|
ਕਸਾਬ ਨੇ ਨਵਾਂ ਪੱਤਾ ਖੇਡਦਿਆਂ ਉਸਨੂੰ ਛੱਡ ਦੇਣ ਦਾ ਲਾਲਚ ਵੀ ਦਿੱਤਾ ਕਿ ਇੱਕ ਵਾਰੀ ਉਹ ਸਿਰ ਝੁਕਾ ਕੇ ਈਨ ਮੰਨ ਲਵੇ|

“ਤੂੰ ਮੈਨੂੰ ਕੁਚਲ ਸਕਦੈਂ| ਟੁਕੜੇ ਟੁਕੜੇ ਕਰ ਸਕਦੈਂ, ਮੇਰੀਆਂ ਹੱਡੀਆਂ ਪੀਹ ਕੇ ਖ਼ਾਕ ‘ਚ ਮਿਲਾ ਸਕਦੈਂ, ਪਰ ਹਰਾ ਨਹੀਂ ਸਕਦਾ| ਥੂਹ …|”

ਉਸਨੇ ਦਰਦ ਨਾਲ ਕਰਾਹੁੰਦਿਆਂ ਕਸਾਬ ਦੇ ਮੂੰਹ ਤੇ ਥੁੱਕਿਆ| ਇਹ ਥੁੱਕ ਕਸਾਬ ਦੇ ਮੂੰਹ ਤੇ ਨਹੀਂ, ਉਸਨੂੰ ਲੱਗਿਆ, ਜਿਵੇਂ ਉਸਦੇ ਬਾਪ ਦੇ ਮੂੰਹ ‘ਤੇ ਪਈ ਸੀ| ਆਪਣੀ ਵਹਿਸ਼ਤ ਦਾ ਨੰਗਾ ਨਾਚ ਨੱਚਣ ਤੋਂ ਬਾਅਦ ਜਿਵੇਂ ਖ਼ੁਦ ਨੰਗਾ ਹੋ ਗਿਆ ਸੀ| ਅਲਫ਼ ਨੰਗਾ| ਆਪਣੇ ਬਾਪ ਅੱਗੇ ਸ਼ਰਮਿੰਦਾ ਹੁੰਦਿਆਂ ਪਹਿਲੀ ਵਾਰ ਉਹ ਏਨਾ ਲਾਚਾਰ ਹੋਇਆ ਸੀ| ਉਸਦੇ ਅੰਦਰ ਲੱਖਾਂ ਘੁਮਾਂ ਜੰਗਲਾਂ ਨੂੰ ਅੱਗ ਲੱਗ ਗਈ ਸੀ| ਉਹ ਬਲ ਉੱਠਿਆ| ਆਪਣੇ ਬੇਢਬੇ ਦੰਦਾਂ ਨਾਲ ਉਸਦੀ ਚਮੜੀ ਨੋਚ ਕੇ ਖ਼ੂਨ ਪੀ ਜਾਣਾ ਚਾਹੁੰਦਾ ਸੀ|

ਬਾਗ਼ੀ ਦੇ ਖ਼ੂਨ ਚੋਂ ਨਿਕਲਦੀ ਗੰਧ ਉਸਦੇ ਸਿਰ ਨੂੰ ਐਸੀ ਚੜੀ ਕਿ ਉਹ ਝੁੰਜਲਾ ਗਿਆ| ਅਰਧ ਪਾਗ਼ਲਪਨ ਦੀ ਹਾਲਤ ਵਿਚ ਉਹ ਚੀਕ ਉੱਠਿਆ| ਜਿਵੇਂ ਭੁੱਖੇ ਸ਼ੇਰ ਨੂੰ ਪਿੰਜਰੇ ‘ਚ ਕੈਦ ਕਰਕੇ ਚੋਭਾਂ ਮਾਰੀਆਂ ਜਾ ਰਹੀਆਂ ਹੋਣ| ਤਲਵਾਰ ਦੇ ਇੱਕੋ ਝਟਕੇ ਨਾਲ ਉਸਨੇ ਦੁਸ਼ਮਣ ਦਾ ਸਿਰ ਧੜ ਤੋਂ ਅੱਲਗ ਕਰ ਦਿੱਤਾ| ਇਸ ਵਿਚ ਦੁਸ਼ਮਣ ਮਰ ਕੇ ਵੀ ਜਿੱਤ ਦਾ ਐਲਾਨ ਕਰ ਗਿਆ ਸੀ ਤੇ ਕਸਾਬ ਨੂੰ ਜਿਉਂਦੇ ਜੀਅ ਹਾਰ ਦੀ ਨਮੋਸ਼ੀ ਝੱਲਣੀ ਪਈ|

ਪਰ ਅੱਜ ਵੇਲਾ ਜਿੱਤ ਦਾ ਸੀ| ਜੇਤੂ ਅੰਦਾਜ਼ ਨਾਲ ਉਸਨੇ ਮਸਲੀਆਂ ਹੋਈਆਂ ਫੁੱਲਾਂ ਦੀਆਂ ਪੱਤੀਆਂ ਵੱਲ ਘੂਰਿਆ|
“ਹਰਾਮਖ਼ੋਰ|”

ਗਾਲ੍ਹ ਕੱਢਦਿਆਂ ਕਸਾਬ ਨੇ ਬਾਕੀ ਬਚਿਆ ਗੁੱਸਾ ਪੱਤੀਆਂ ਉੱਪਰ ਥੁੱਕਦਿਆਂ ਕੱਢ ਦਿੱਤਾ| ਠੰਢੀ ਹਵਾ ਦੇ ਬੁੱਲ੍ਹੇ ਨਾਲ ਫਿਰ ਫੁੱਲਾਂ ਦੀ ਬਦਬੂ ਉਸਦੇ ਸਿਰ ਨੂੰ ਚੜੀ| ਇੱਕ ਹੀ ਛਿਣ ‘ਚ ਕਿੰਨਾ ਕੁਝ ਤੀਰ ਬਣ ਕੇ ਉਸਦੇ ਹੰਕਾਰ ਨੂੰ ਵਿੰਨ੍ਹ ਗਿਆ| ਉਸ ਨੂੰ ਇੰਝ ਲੱਗਿਆ ਜਿਵੇਂ ਫੁੱਲਾਂ ਦੀਆਂ ਪੱਤੀਆਂ ਉਸਦੇ ਮਾਰੇ ਗਾਏ ਦੁਸ਼ਮਣ ਦੇ ਅੰਗ ਹੋਣ ਤੇ ਉਹਨਾਂ ਚੋਂ ਨਿੱਕਲਦੀ ਬਦਬੂ ਉਸ ਨੂੰ ਵੰਗਾਰ ਕੇ ਆਪਣੀ ਜਿੱਤ ਦਾ ਐਲਾਨ ਕਰ ਗਈ ਹੋਵੇ|

ਇਹ ਅਜੀਬ ਹਲਚਲ ਉਸ ਪੁਰਾਣੇ ਦਿਨ ਤੋਂ ਹੀ ਉਸਦੇ ਅੰਦਰ ਦਲਦਲ ਵਾਂਗ ਕਰਵਟ ਲੈਣ ਲੱਗ ਪਈ ਸੀ| ਉਸ ਤੋਂ ਬਾਅਦ ਕਿਸੇ ਵੀ ਦੋਸ਼ੀ ਨੂੰ ਕਤਲ ਕਰਨ ਵੇਲੇ ਬਦਬੂ ਉਸਦੇ ਨੱਕ ਨੂੰ ਚੜਦੀ| ਦੋਸ਼ੀ ਦੇ ਨਾਲ ਉਹ ਵੀ ਉੱਚੀ ਉੱਚੀ ਦਹਾੜਾਂ ਮਾਰਨ ਲੱਗਦਾ ਤੇ ਪਲ਼ਾਂ ਵਿਚ ਉਸਨੂੰ ਚਿੱਤ ਕਰ ਦੇਂਦਾ| ਫਿਰ ਔਖੇ ਔਖੇ ਸਾਹ ਲੈਂਦਿਆਂ ਇਕ ਪਾਸੇ ਢਹਿ ਪੈਂਦਾ|
“ਅਜਿਹਾ ਕਿਉਂ ਹੁੰਦਾ ਹੈ ? ਉਸ ਬਾਗ਼ੀ ਦੇ ਖ਼ੂਨ ‘ਚ ਏਹੋ ਜਿਹੀ ਕੀ ਗੱਲ ਐ ਕਿ ਮੈਨੂੰ ਜੜ੍ਹੋਂ ਹਿਲਾ ਕੇ ਰੱਖ ਦਿੱਤੈ ?”

ਬੜੀ ਵਾਰ ਉਸ ਨੇ ਆਪਣੇ ਆਪ ਨੂੰ ਸਵਾਲ ਕੀਤਾ ਪਰ ਇਹ ਗੁੰਝਲ ਕਦੇ ਵੀ ਸੁਲਝ ਨਹੀਂ ਸਕੀ| ਜਦ ਵੀ ਉਹ ਇਸ ਰਹੱਸ ਨੂੰ ਸੁਲਝਾਉਣ ਦੀ ਜੱਦੋ ਜਹਿਦ ਕਰਦਾ, ਤਾਂ ਕਿਸੇ ਵੀ ਕਿਨਾਰੇ ਨਾ ਲੱਗਦਾ| ਕਦੇ ਕਦੇ ਤਾਂ ਉਹ ਆਪਣੀਆਂ ਭੂਰੀਆਂ ਜਟਾਵਾਂ ਨੂੰ ਦੋਹਾਂ ਹੱਥਾਂ ਨਾਲ ਝੰਜੋੜ ਦਿੰਦਾ ਤੇ ਉੱਚੀ ਉੱਚੀ ਚੀਕ ਉੱਠਦਾ| ਪਰ ਇਹ ਰਹੱਸ ਹੁਣ ਤੱਕ ਵੀ ਉਸ ਲਈ ਰਹੱਸ ਹੀ ਬਣਿਆ ਰਿਹਾ|

ਖ਼ੈਰ, ਬੜੇ ਲੰਮੇ ਅਰਸੇ ਪਿੱਛੋਂ ਕਸਾਬ ਅੰਦਰ ਇੱਕ ਅਜਬ ਜਿਹੀ ਲਹਿਰ ਉਛਾਲੇ ਲੈ ਰਹੀ ਸੀ| ਮੰਜ਼ਿਲ ਬਹੁਤੀ ਦੂਰ ਨਹੀਂ ਸੀ| ਉਹ ਜਿਉਂ ਜਿਉਂ ਜਾ ਰਿਹਾ ਸੀ, ਕਦਮ ਹੋਰ ਤੇਜ਼ੀ ਫੜ ਰਹੇ ਸਨ| ਚੌੜੇ ਪੱਤਿਆਂ ਵਾਲੇ ਝੁਕੇ ਪਿੱਪਲ ਦੇ ਟਾਹਣੇ ਨੂੰ ਜਿਉਂ ਹੀ ਉਸਨੇ ਤੇਜ਼ਧਾਰ ਦਾਤਰ ਦੇ ਇੱਕੋ ਝਟਕੇ ਨਾਲ ਧੜੰਮ ਧਰਤੀ ‘ਤੇ ਸੁੱਟਿਆ, ਤਾਂ ਉਸਦੀਆਂ ਅੱਖਾਂ ਵਿਚ ਚਮਕ ਆ ਗਈ| ਇੱਕ ਵਾਰ ਉਸਦੇ ਕਦਮ ਥਮ ਗਏ ਤੇ ਨਜ਼ਰਾਂ ਝਾੜੀਆਂ ਦੀਆਂ ਵਿਰਲਾਂ ਨੂੰ ਚੀਰਦੀਆਂ ਉਹਨਾਂ ਓਹਲੇ ਅਹਿੱਲ ਖੜੇ ਕੈਦਖ਼ਾਨੇ ਤੇ ਗੱਡੀਆਂ ਗਈਆਂ| ਜਿਵੇਂ ਸਦੀਆਂ ਤੋਂ ਪਿਆਸੇ ਨੂੰ ਖੂਹ ਲੱਭ ਪਿਆ ਹੋਵੇ| ਜਿਵੇਂ ਉਸਦਾ ਬਾਪ ਉਸਦੇ ਕੋਲ ਖੜਾ ਮੁਸਕਰਾ ਰਿਹਾ ਹੋਵੇ ਤੇ ਉਸਦੀ ਪਿੱਠ ਥਾਪੜ ਕੇ ਹੱਲਾਸ਼ੇਰੀ ਦੇ ਰਿਹਾ ਹੋਵੇ,

“ਜਾਹ ਮੇਰੇ ਜਾਂਬਾਜ਼ ਪੁੱਤਰਾਂ ਇਸ ਕਾਰਨਾਮੇ ਨੂੰ ਸਰ ਅੰਜ਼ਾਮ ਕਰ| ਆਪਣੇ ਬਾਪ ਦਾ ਸਿਰ ਅੱਜ ਫ਼ਖ਼ਰ ਨਾਲ ਉੱਚਾ ਕਰ ਦੇ|”

ਉਸਨੇ ਇੱਕ ਵਾਰ ਅੱਖਾਂ ਬੰਦ ਕੀਤੀਆਂ| ਆਪਣੇ ਬਾਪ ਨੂੰ ਯਾਦ ਕਰਦਿਆਂ ਸਿਰ ਝੁਕਾਇਆ| ਖ਼ਿਆਲਾਂ ਹੀ ਖ਼ਿਆਲਾਂ ਵਿੱਚ ਅਪਮਾਨ ਦਾ ਬਦਲਾ ਲੈਣ ਦਾ ਵਚਨ ਦਿੱਤਾ| ਨਫ਼ਰਤ ਦੀ ਹਨੇਰੀ ਝੁੱਲ ਉੱਠੀ| ਖ਼ੂਨ ਉਬੱਲਿਆਂ, ਸਰੀਰ ਦੀਆਂ ਨਸਾਂ ਤਣੀਆਂ ਤੇ ਅੱਖਾਂ ‘ਚ ਲਾਲੀ ਉੱਤਰ ਆਈ| ਅੱਗੇ ਵਧਦਿਆਂ ਛਲਾਂਗ ਮਾਰਕੇ ਵੰਗਾਰ ਦੇ ਅੰਦਾਜ਼ ਵਿਚ ਉਸਨੇ ਅੰਬ ਦੇ ਟਾਹਣੇ ਨੂੰ ਹਲੂਣਾ ਦਿੱਤਾ| ਕਿੰਨੇ ਹੀ ਅੰਬ ਧਰਤੀ ‘ਤੇ ਗੜਿਆਂ ਵਾਂਗ ਵਰ੍ਹ ਪਏ| ਕਿਸੇ ਲਗਰ ਤੋਂ ਪੱਕਿਆ ਰਸਿਆ ਅੰਬ ਡਿੱਗਣ ਸਾਰ ਪਿਚਕ ਗਿਆ| ਕਸਾਬ ਨੇ ਬੜੇ ਜ਼ੋਰ ਨਾਲ ਠੁੱਡਾ ਮਾਰਿਆ ਤੇ ਗਿੜਕ ਨਿਕਲ ਕੇ ਔਹ ਪਰ੍ਹਾਂ ਜਾ ਪਈ| ਉਸ ਦੇ ਹਰ ਕਦਮ ਵਿਚ ਇੰਤਕਾਮ ਦੀ ਅੱਗ ਸੀ| ਪੈਰਾਂ ਹੇਠ ਆਉਣ ਵਾਲਾ ਹਰ ਪੱਤਾ ਜਿਵੇਂ ਝੁਲਸ ਰਿਹਾ ਸੀ|

ਇਤਿਹਾਸ ਦੇ ਹਨੇਰੇ ਭਰੇ ਯੁੱਗ ਤੋਂ ਇਹਨਾਂ ਪੱਤਿਆਂ ਦਾ ਵਾਹ ਸਿਰਫ਼ ਜੰਗਲੀ ਕਬੀਲੇ ਨਾਲ ਹੀ ਰਿਹਾ ਸੀ| ਜੇਕਰ ਇਹ ਪੱਤੇ ਝੂਲਦੇ ਵੀ ਸਨ, ਤਾਂ ਕਬੀਲੇ ਦੀ ਰਜ਼ਾ ਵਿੱਚ| ਕਿਸੇ ਦੀ ਜੁਰੱਅਤ ਨਹੀਂ ਸੀ ਕਿ ਉਹ ਇਸ ਜੰਗਲ ਵੱਲ ਅੱਖ ਵੀ ਚੁੱਕ ਸਕੇ| ਤੀਰਾਂ ਨਾਲ ਵਿੰਨ੍ਹਿਆ ਜਾਂਦਾ| ਨੇਜ਼ਿਆਂ ਨਾਲ ਛਲਨੀ ਕਰ ਦਿੱਤਾ ਜਾਂਦਾ| ਕਿੰਨੇ ਹੀ ਧਾੜਵੀ, ਜਾਬਰਾਂ, ਹਮਲਾਵਰਾਂ ਤੇ ਹਾਕਮਾਂ ਨੇ ਇੱਥੇ ਧਾਵਾ ਬੋਲਣ ਦਾ ਤਹੱਈਆ ਕੀਤਾ| ਪਰ ਕੋਈ ਵੀ ਮਾਈ ਦਾ ਇਤਿਹਾਸ ਦੇ ਪੰਨੇ ਨਹੀਂ ਸੀ ਪਲਟ ਸਕਿਆ| ਆਖ਼ਰ ਪਲਟ ਵੀ ਕਿਵੇਂ ਸਕਦਾ ਸੀ ? ਜਿਸ ਮਿੱਟੀ ਦੇ ਲੋਕ ਜੰਮੇ, ਪਲ਼ੇ, ਖੇਡੇ ਤੇ ਜਵਾਨ ਵੀ ਤੀਰਾਂ, ਨੇਜ਼ਿਆਂ, ਬਰਛਿਆ, ਢਾਲਾਂ ਤੇ ਤਲਵਾਰਾਂ ਨਾਲ ਹੋਏ ਹੋਣ, ਉਹਨਾਂ ਨੂੰ ਭਲਾ ਕੌਣ ਮਾਤ ਦੇ ਸਕਦਾ ਹੈ|

ਇਹ ਜੰਗਲ ਉਹਨਾਂ ਦੀ ਮਾਤ ਭੂਮੀ ਸੀ, ਅੰਨਦਾਤਾ ਸੀ| ਇਸ ਜੰਗਲ ਦੀ ਬੁੱਕਲ ‘ਚ ਨਿੱਘ ਮਾਣਦਿਆਂ ਉਹਨਾਂ ਦੇ ਪੁਰਖਿਆ ਨੇ ਆਪਣੀ ਕੌਮ ਦੀ ਰਾਖੀ ਕੀਤੀ ਸੀ| ਜੰਗਲ ਦੇ ਇੱਕ-ਇੱਕ ਰੁੱਖ, ਇੱਕ-ਇੱਕ ਟਹਿਣੀ, ਫੁੱਲ, ਫਲ ਤੇ ਇੱਕ ਇੱਕ ਪੱਤੇ ਨਾਲ ਉਹਨਾਂ ਨੂੰ ਬੇਪਨਾਹ ਮੁਹੱਬਤ ਸੀ|

ਬੱਚੇ ਰੁੱਖਾਂ ਦੀਆਂ ਟਾਹਣੀਆਂ ਨਾਲ ਝੂਮਦੇ| ਪੱਤਿਆਂ ਦੀਆਂ ਬੇੜੀਆਂ ਬਣਾ ਕੇ ਨਦੀ ‘ਚ ਵਹਾਉਂਦੇ| ਰੁੱਖਾਂ ਨੂੰ ਘੁੱਟ-ਘੁੱਟ ਜੱਫ਼ੀਆਂ ਪਾਉਂਦੇ ਤੇ ਅੰਤਾਂ ਦਾ ਲਾਡ ਕਰਦੇ| ਖੁੱਲ੍ਹਦਿਲੀ ਨਾਲ ਪੰਛੀਆਂ ਜਾਨਵਰਾਂ ਦੇ ਪਿੱਛੇ ਦੌੜਦੇ| ਬਸੰਤ ਰੁੱਤੇ ਜਦੋਂ ਵੰਨ ਸੁਵੰਨੇ, ਰੰਗ-ਬਿਰੰਗੇ ਫੁੱਲ ਖਿੜਦੇ ਤਾਂ ਜੰਗਲੀਆਂ ਦੇ ਫੁੱਲਾਂ ਵਰਗੇ ਬੱਚੇ ਆਪਣੀਆਂ ਕੂਲ਼ੀਆਂ ਉਂਗਲਾਂ ਨਾਲ ਇਹਨਾਂ ਨੂੰ ਇੰਝ ਵਾਰ-ਵਾਰ ਛੂੰਹਦੇ ਜਿਵੇਂ ਕੋਈ ਔਰਤ ਆਪਣੇ ਸਭ ਤੋਂ ਕੀਮਤੀ ਗਹਿਣੇ ਨੂੰ ਨਿਹਾਰਦੀ ਹੋਵੇ|

ਜਦੋਂ ਕੋਈ ਹਮਲਾਵਰ ਹਮਲਾ ਕਰਦਾ, ਤਾਂ ਜੰਗਲ ਦੀਆਂ ਸੰਘਣੀਆਂ ਝਾੜੀਆਂ, ਉੱਚੇ ਰੁੱਖ ਇਹਨਾਂ ਜੰਗਲੀਆਂ ਨੂੰ ਪਨਾਹ ਦਿੰਦੇ| ਜੰਗਲੀ ਗੁਰੀਲੇ ਅਚਨਚੇਤ ਝਾੜੀਆਂ ਚੋਂ ਨਿਕਲ ਕੇ ਐਸਾ ਹੱਲਾ ਬੋਲਦੇ ਕਿ ਦੁਸ਼ਮਣ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ| ਆਖ਼ਰ ਹਮਲਾਵਰ ਇਸ ਜੰਗਲ ਨੂੰ ਹੀ ਕਿਉਂ ਹਥਿਆਉਣਾ ਚਾਹੁੰਦੇ ਸਨ ? ਇਸ ਪਿੱਛੇ ਵੀ ਉਹਨਾਂ ਦੀ ਬਦਨੀਤੀ ਸੀ| ਇਹ ਧਰਤੀ ਸਿਰਫ਼ ਜੰਗਲਾਂ, ਜੰਗਲੀਆਂ, ਪਸ਼ੂ ਅਤੇ ਪੰਛੀਆਂ ਲਈ ਪਨਾਹ ਨਹੀਂ ਸੀ, ਸਗੋਂ ਇਸਦੇ ਗਰਭ ਵਿਚ ਹੀਰੇ, ਕੋਲੇ ਤੇ ਸੋਨੇ ਦੀਆਂ ਖਾਣਾਂ ਸਨ| ਸਦੀਆਂ ਤੋਂ ਇਹ ਜੰਗਲੀ ਇਹਨਾਂ ਥਾਵਾਂ ਦੇ ਰਾਖੇ ਸਨ|

ਸ਼ਹਿਨਸ਼ਾਹ ਨੇ ਇਸ ਜੰਗਲ ਨੂੰ ਹਥਿਆਉਣ ਲਈ ਸਾਜ਼ਿਸ਼ਾਂ ਦਾ ਜਾਲ ਬੁਣਿਆ| ਇਹਨਾਂ ਨੂੰ ਰੋਟੀ, ਕੱਪੜਾ, ਮਕਾਨ ਤੇ ਹੋਰ ਐਸ਼ੋ ਇਸ਼ਰਤ ਦਾ ਝਾਂਸਾ ਦੇ ਕੇ ਜੰਗਲ ਹਥਿਆਉਣਾ ਚਾਹਿਆ|

ਸ਼ਹਿਨਸ਼ਾਹ ਜੰਗਲ ਕੱਟ ਕੇ ਧਰਤੀ ਹੇਠਲੇ ਹੀਰੇ, ਸੋਨੇ ਤੇ ਕੋਲੇ ਦੇ ਭੰਡਾਰ ਤੇ ਕਬਜ਼ਾ ਜਮਾਉਣਾ ਚਾਹੁੰਦਾ ਸੀ ਪਰ ਜੰਗਲੀ ਟਸ ਤੋਂ ਮਸ ਨਾ ਹੋਏ| ਉਹ ਕੁਦਰਤ ਦੇ ਅਨਮੋਲ ਖ਼ਜ਼ਾਨੇ ਦੀ ਮਰਦੇ ਦਮ ਤੱਕ ਰਾਖੀ ਕਰਨਾ ਚਾਹੁੰਦੇ ਸਨ| ਕਬੀਲੇ ਦੇ ਕਈ ਅਨਸਰਾਂ ਨੂੰ ਲਾਲਚ ਦਿੱਤੇ ਗਏ ਤੇ ਕਬੀਲੇ ਦੇ ਖ਼ਿਲਾਫ ਹੀ ਖੜੇ ਕਰ ਦਿੱਤਾ ਗਿਆ| ਪਰ ਫਿਰ ਵੀ ਕਬੀਲੇ ਦੀ ਮੁੱਠੀ ਬੰਦ ਹੀ ਰਹੀ|

ਅਖ਼ੀਰਲਾ ਪੈਂਤੜਾ ਵਰਤਦਿਆਂ ਸ਼ਹਿਨਸ਼ਾਹ ਨੇ ਲੱਖਾਂ ਦੀ ਸੈਨਾ ਲੈ ਕੇ ਜੰਗਲ ਤੇ ਧਾਵਾ ਬੋਲ ਦਿੱਤਾ| ਐਸੀ ਹੌਲਨਾਕ ਜੰਗ ਹੋਈ ਕਿ ਜੰਗਲ ਹਰੇ ਤੋਂ ਲਾਲ ਸੂਹੀ ਭਾਅ ਮਾਰਨ ਲੱਗ ਪਿਆ| ਅੰਤਾਂ ਦਾ ਖ਼ੂਨ ਵਹਾਇਆ ਗਿਆ| ਕਬੀਲੇ ਦੇ ਲੋਕ ਬੜੀ ਬਹਾਦਰੀ ਨਾਲ ਲੜਦੇ ਰਹੇ, ਪਰ ਸੈਨਾ ਦੀ ਲੱਖਾਂ ਦੀ ਤਾਦਾਦ ਅੱਗੇ ਉਹ ਬਹੁਤੀ ਦੇਰ ਟਿਕ ਨਾ ਸਕੇ| ਜਿੰਨ੍ਹਾਂ ਰੁੱਖਾਂ ਦੀ ਟਹਿਣੀਆਂ ‘ਤੇ ਔਰਤਾਂ ਪੀਘਾਂ ਪਾਉਂਦੀਆਂ ਸਨ, ਉਹਨਾ ਉੱਪਰ ਔਰਤਾਂ ਦੀਆਂ ਨੰਗੀਆਂ ਕੱਟੀਆਂ ਵੱਢੀਆਂ ਲਾਸ਼ਾਂ ਬੇਪਤੀ ਦਾ ਸ਼ਿਕਾਰ ਹੋਈਆਂ ਪਈਆਂ ਸਨ| ਮਰਦਾਂ ਦੇ ਟੋਟੇ ਟੋਟੇ ਕੀਤੇ ਗਏ| ਪੁੱਠੇ ਟੰਗੇ ਗਏ| ਕਈਆਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ| ਜੰਗਲ ਇਸ ਕਤਲੇਆਮ ਨੂੰ ਨਮੋਸ਼ੀ ਭਰੀਆਂ ਨਜ਼ਰਾਂ ਨਾਲ ਚੁੱਪ ਚਾਪ ਤੱਕਦਾ ਰਿਹਾ| ਪੱਤੇ ਪੀਲ਼ੇ ਹੋਣ ਲੱਗੇ| ਫੁੱਲ ਕੁਮਲਾਉਣ ਲੱਗੇ ਤੇ ਨਦੀਆਂ ਦੀ ਹਿੱਕ ਚੋਂ ਲਾਲ ਖ਼ੂਨ ਰਿਸਣ ਲੱਗ ਪਿਆ| ਇਤਿਹਾਸ ਦੇ ਪੰਨੇ ਪਲਟ ਦਿੱਤੇ ਗਏ ਸਨ| ਸਿਰਫ਼ ਕਬੀਲੇ ਦੇ ਆਖਰੀ ਵਾਰਿਸ ਨਿੱਕੇ ਨਿੱਕੇ ਬੱਚਿਆਂ ਨੂੰ ਹੀ ਬਖ਼ਸ਼ਿਆ ਗਿਆ ਸੀ|  ਪਰ ਸ਼ਹਿਨਸ਼ਾਹ ਨੂੰ ਇਹਨਾਂ ਦੇ ਖ਼ੂਨ ਚੋਂ ਬਗ਼ਾਵਤ ਦੀ ਬੂ ਪਾਉਂਦੀ ਸੀ| ਇਸ ਲਈ ਉਸਨੇ ਬੱਚਿਆਂ ਨੂੰ ਹਲਾਲ ਕਰਨ ਦਾ ਹੁਕਮ ਸੁਣਾ ਦਿੱਤਾ| ਸਾਰੇ ਬੱਚਿਆਂ ਨੂੰ ਜੰਗਲ ਵਿਚਲੇ ਵੱਡੇ ਕੈਦਖ਼ਾਨੇ ਵਿੱਚ ਕੈਦ ਕਰ ਦਿੱਤਾ ਗਿਆ ਤੇ ਹਲਾਲ ਕਰਨ ਦਾ ਕੰਮ ਕਸਾਬ ਨੂੰ ਸੌਪਿਆ ਗਿਆ|

ਇਹ ਕੈਦਖ਼ਾਨਾ ਅੱਜ ਉਸਦੀਆਂ ਅੱਖਾਂ ਦਾ ਤਾਰਾ ਸੀ ਜਿਸ ਅੰਦਰ ਉਸਦੇ ਸ਼ਿਕਾਰ ਤੂੜੀ ਵਾਂਗ ਤੜੇ ਹੋਏ ਸਨ| ਸ਼ਿਕਾਰ ਵੀ ਉਹ, ਜੋ ਉਸੇ ਕਬੀਲੇ ਦੇ ਵਾਰਸ ਸਨ, ਜਿਸਨੇ ਉਸਦੇ ਬਾਪ ਨੂੰ ਜ਼ਲਾਲਤ ਭਰੀ ਜ਼ਿੰਦਗੀ ਵੱਲ ਧੱਕਿਆ ਸੀ| ਉਸਦੀਆਂ ਵਹਿਸ਼ੀ ਅੱਖਾਂ ਚੋਂ ਖ਼ੂਨ ਉੱਤਰ ਆਇਆ| ਕੈਦਖ਼ਾਨੇ ਦੇ ਦਰਵਾਜ਼ੇ ਅੱਗੇ ਖਲ੍ਹੋ ਕੇ ਉਹ  ਅਸਮਾਨ ਵੱਲ ਮੂੰਹ ਕਰਕੇ ਗਰਜ ਉੱਠਿਆ| ਅੰਗ ਅੰਗ ਵਿੱਚ ਜਸ਼ਨ ਦਾ ਨਗਾਰਾ ਵੱਜ ਰਿਹਾ ਸੀ|

ਉਹੀ ਜ਼ਸ਼ਨ ਜੋ ਸ਼ਾਹ ਮਹਿਲ ‘ਚ ਰਾਤ ਦੇ ਹਨੇਰੇ ਨੂੰ ਟਿੱਚ ਜਾਣਦੀਆਂ ਮਸ਼ਾਲਾਂ ਦੀ ਰੌਸ਼ਨੀ ਵਿੱਚ ਮਨਾਇਆ ਜਾਣਾ ਸੀ| ਕਬੀਲੇ ਦੇ ਇਹਨਾਂ ਆਖ਼ਰੀ ਚਿਰਾਗ਼ਾਂ ਨੂੰ ਬੁਝਾਏ ਜਾਣ ਬਾਅਦ ਮਹਿਲ ਅੰਦਰ ਜਿੱਤ ਦੇ ਚਿਰਾਗ਼ ਜਲਾਏ ਜਾਣੇ ਸਨ| ਇਸ ਜਿੱਤ ਦੀ ਸਿਖਰ ਨੂੰ ਸਰ ਅੰਜ਼ਾਮ ਕਰਨ ਬਦਲੇ ਕਸਾਬ ਨੂੰ ‘ਫ਼ਖ਼ਰ-ਏ-ਸਲਤਨਤ’ ਦੇ ਖ਼ਿਤਾਬ ਨਾਲ ਨਿਵਾਜਿਆ ਜਾਣਾ ਸੀ| ਇਹ ਸੋਚ ਕੇ ਕਸਾਬ ਵਜਦ ਵਿੱਚ ਆ ਗਿਆ
“ਤਵਾਰੀਖ਼ ਵਿੱਚ ਪਹਿਲੀ ਵਾਰ ਕਿਸੇ ਜੱਲਾਦ ਨੂੰ ਫ਼ਖ਼ਰ-ਏ-ਸਲਤਨਤ ਦਾ ਖ਼ਿਤਾਬ ਨਸੀਬ ਹੋਵੇਗਾ|”

ਉਸਨੇ ਇਸ ਤਰ੍ਹਾਂ ਐਲਾਨ ਕੀਤਾ ਜਿਵੇਂ ਜੰਗਲ ‘ਚ ਭਟਕਦੀਆਂ ਕਬੀਲੇ ਦੀਆਂ ਰੂਹਾਂ ਨੂੰ ਵੰਗਾਰ ਰਿਹਾ ਹੋਵੇ| ਹਵਾ ਦੇ ਤੇਜ਼ ਝੌਕੇ ਨਾਲ ਜੰਗਲ ਵਿਚ ਮੱਧਮ ਜਿਹੀ ਹਰਕਤ ਹੋਈ, ਜਿਵੇਂ ਰੂਹਾਂ ਨੇ ਆਪਸ ਵਿਚ ਘੁਸਰ ਮੁਸਰ ਕੀਤੀ ਹੋਵੇ|
ਇੰਤਕਾਮ ਦੀ ਭੱਠੀ ‘ਚ ਤਪਦਿਆਂ ਉਸਨੇ ਦਰਵਾਜ਼ੇ ਨੂੰ ਲੱਤ ਮਾਰੀ ਤੇ ਫੜਾਕ ਦਿਣੇ ਦਰਵਾਜ਼ਾ ਚਪਾਟ ਖੁੱਲ੍ਹ ਗਿਆ| ਅੰਦਰ ਚੁੱਪ ਸੀ ਜਾਂ ਮੌਤ, ਕੋਈ ਫ਼ਰਕ ਨਹੀਂ ਸੀ| ਕਿੰਨੀਆਂ ਹੀ ਅੱਖਾਂ ਬੁੱਝੀਆਂ ਬੁੱਝੀਆਂ ਤੇ ਸੱਖਣੀਆਂ ਸੱਖਣੀਆਂ ਕਸਾਬ ਤੇ ਪਈਆਂ| ਅੰਦਰ ਭਾਵੇਂ ਹਨੇਰਾ ਸੀ| ਬਾਹਰ ਦੀ ਰੌਸ਼ਨੀ ਪੈਣ ਨਾਲ ਅੰਦਰ ਕੁਝ ਵੀ ਅਸਪੱਸ਼ਟ ਨਹੀਂ ਸੀ| ਆਪਣੇ ਸ਼ਿਕਾਰਾਂ ਨੂੰ ਰੋਅਬ ਨਾਲ ਘੂਰਦਿਆਂ ਉਸਨੇ ਪਾਸੇ ਥੁੱਕ ਦਿੱਤਾ|
“ਹਰਾਮਖ਼ੋਰ!”

ਬਾਕੀ ਗਾਲ੍ਹ ਉਸਦੇ ਗਲੇ ਦੀ ਥੁੱਕ ਨਾਲ ਅਭੇਦ ਹੋ ਗਈ| ਫਿਰ ਉਸਨੇ ਮਸ਼ਾਲ ਜਗਾਈ| ਇਕ … ਦੋ … ਤਿੰਨ … ਤੇ ਫਿਰ ਕਿੰਨੀਆਂ ਮਸ਼ਾਲਾਂ ਜਗਣ ਨਾਲ ਕੈਦਖ਼ਾਨੇ ਦੇ ਕੋਨੇ ਕੋਨੇ ਤੱਕ ਰੌਸ਼ਨੀ ਪਸਰ ਗਈ| ਕਿੰਨੇ ਹੀ ਚਿਹਰੇ ਸਨ, ਪਰ ਚਿਹਰਿਆਂ ਅੰਦਰ ਕੁਝ ਵੀ ਨਹੀਂ ਸੀ| ਨਾ ਜ਼ਿੰਦਗੀ, ਨਾ ਮੌਤ, ਨਾ ਡਰ| ਹਾਂ, ਸਭ ਦੇ ਗਲ਼ਾਂ ‘ਚ ਸਹਿਮ ਜਿਵੇਂ ਧਸ ਗਿਆ ਸੀ| ਅੱਧ ਨੰਗੇ ਸਰੀਰਾਂ ਉੱਪਰ ਮੈਲ ਤੋਂ ਇਲਾਵਾ ਝਰੀਟਾਂ ਵੀ ਸਨ| ਕਈਆਂ ਦੇ ਤਾਜ਼ੇ ਜ਼ਖ਼ਮ ਸੁੱਕੇ ਹੋਏ ਸਨ| ਪਿੰਡਿਆਂ ‘ਤੇ ਲਾਸਾਂ ਪਈਆਂ ਹੋਈਆਂ ਸਨ| ਅੱਖਾਂ ਦੁਆਲੇ ਸਿੱਕਰੀ ਜੰਮੀ ਹੋਈ ਸੀ, ਜਿਵੇਂ ਕਈ ਰਾਤਾਂ ਦੇ ਉਨੀਂਦਰੇ ਹੋਣ| ਵਧੇ ਹੋਏ ਨਹੁੰਆਂ ਵਿੱਚ ਮਿੱਟੀ ਧਸੀ ਹੋਈ ਸੀ ਤੇ ਪੈਰਾਂ ਦੀਆਂ ਬਿਆਈਆਂ ਫਟੀਆਂ ਹੋਈਆਂ ਸਨ|

ਕਸਾਬ ਆਪਣੇ ਦਾਤਰ ਦੀ ਨੋਕ ‘ਤੇ ਉਂਗਲ ਫੇਰਦਿਆਂ ਬੱਚਿਆਂ ਦੇ ਨਜ਼ਦੀਕ ਆਇਆ| ਬੱਚੇ ਮਹਿਜ਼ ਵੇਖ ਰਹੇ ਸਨ| ਜਿਵੇਂ ਕਹਿ ਰਹੇ ਹੋਣ, šਲੱਖਾਂ ਧਾੜ੍ਹਵੀਆਂ ਦੀ ਹਨ੍ਹੇਰਗਰਦੀ ਤੋਂ ਬਾਅਦ ਤੇਰੇ ਇੱਕ ਦੇ ਆਉਣ ਨਾਲ ਕੋਈ ਫ਼ਰਕ ਨਹੀਂ ਪੈਣਾ| ਆ … ਆ ਕੇ ਤੂੰ ਵੀ ਆਪਣੀ ਵਹਿਸ਼ਤ ਦੇ ਜੌਹਰ ਵਿਖਾ ਲੈ|”

ਪਖ਼ਾਨੇ ਤੇ ਪਿਸ਼ਾਬ ਦੀ ਗੰਦੀ ਬਦਬੂ ਨਾਲ ਉਸਦੇ ਨੱਕ ਨੂੰ ਖੁਰਕ ਜਿਹਾ ਛਿੜ ਗਈ| ਫਿਰ ਵੀ ਕੱਲੇ ਕੱਲੇ ਚਿਹਰੇ ਨੂੰ ਬੜੀ ਗਹੁ ਨਾਲ ਤੱਕਦਾ ਰਿਹਾ, ਜਿਵੇਂ ਗਿਣਤੀ ਕਰ ਰਿਹਾ ਹੋਵੇ| ਫਿਰ ਜਿਵੇਂ ਗਿਣਤੀ ਕਰਦਿਆਂ ਉਲਝ ਗਿਆ ਹੋਵੇ| ਸਿਰ ਝਟਕ ਕੇ ਦੁਬਾਰਾ ਬੇਰੌਣਕ ਚਿਹਰਿਆਂ ਨੂੰ ਘੋਖਣ ਲੱਗਦਾ| ਇੱਕ ਬੱਚੇ ਨੇ ਨਿੱਕੀ ਜਿਹੀ ਸਿਸਕੀ ਲਈ, ਜਿਵੇਂ ਸਦੀਆਂ ਤੋਂ ਸਮਾਧੀ ‘ਤੇ ਬੈਠੇ ਸਾਧੂ ਦਾ ਧਿਆਨ ਭੰਗ ਹੋ ਗਿਆ ਹੋਵੇ| ਕਸਾਬ ਨੇ ਉਸ ਚਿਹਰੇ ਨੂੰ ਤਲਾਸ਼ਣਾ ਚਾਹਿਆ, ਪਰ ਐਨੀ ਵੱਡੀ ਭੀੜ ਚੋਂ ਕਿੱਥੋਂ ਲੱਭੇ?
“ਹੂੰ … ਗੰਦਾ ਖ਼ੂਨ!”

ਸਿਰ ਝਟਕਦਿਆਂ ਉਸਨੇ ਗਾਲ੍ਹ ਕੱਢੀ| ਇੱਕ ਵੱਡੇ ਪੱਥਰ ਕੋਲ ਆ ਕੇ ਆਪਣੇ ਮੋਢੇ ‘ਤੇ ਭੱਥੇਨੁਮਾ ਝੋਲੇ ਚੋਂ ਟਕੂਆ, ਕੁਹਾੜੀ, ਚਾਕੂ, ਤਲਵਾਰ ਤੇ ਹੋਰ ਨਿੱਕੇ ਨਿੱਕੇ ਹਥਿਆਰਾਂ ਨੂੰ ਘੋਖਦਿਆਂ ਇੱਕ ਅਹਿਰਨ ਬਾਹਰ ਕੱਢੀ| ਧਰਤੀ ‘ਤੇ ਰੱਖ ਕੇ ਦਾਤਰ ਤਿੱਖਾ ਕਰਨ ਲੱਗ ਪਿਆ|

ਇੱਕ ਮਰੂ ਜਿਹਾ ਮਧਰੇ ਕੱਦ ਦਾ ਬੱਚਾ ਪਹਿਲਾਂ ਤਾਂ ਕਿੰਨ੍ਹਾ ਚਿਰ ਉਸਨੂੰ ਦਾਤਰ ਤਿੱਖੀ ਕਰਦਿਆਂ ਚੁੱਪ ਚਾਪ ਦੇਖਦਾ ਰਿਹਾ| ਫਿਰ ਉਸਦੇ ਚਿਹਰੇ ‘ਤੇ ਦਿਲਚਸਪੀ ਉੱਭਰੀ| ਸ਼ਾਇਦ ਉਸ ਨੂੰ ਇੰਝ ਲੱਗਿਆ ਜਿਵੇਂ ਕਸਾਬ ਕਿਸੇ ਖਿਡੌਣੇ ਨਾਲ ਖੇਡ ਰਿਹਾ ਹੈ| ਉਹ ਹੌਲੀ ਹੌਲੀ ਦੱਬੇ ਪੈਰੀਂ ਕਸਾਬ ਕੋਲ ਆਇਆ ਤੇ ਝੋਲ਼ੇ ਦੀ ਫੋਲ਼ਾ-ਫਾਲ਼ੀ ਕਰਨ ਲੱਗਾ| ਝੋਲ਼ੇ ਦੀ ਖਰਰ ਖਰਰ ਨਾਲ ਕਸਾਬ ਦੀ ਬਿਰਤੀ ਟੁੱਟ ਗਈ| ਜਿਉਂ ਹੀ ਉਸਨੇ ਬੱਚੇ ਵੱਲੇ ਵੇਖਿਆ, ਬੱਚਾ ਨੇ ਝੋਲੇ ‘ਚੋਂ ਕੱਢੀ ਨਿੱਕੀ ਛੁਰੀ ਉਸ ਵੱਲ ਵਧਾਈ, ਜਿਵੇਂ ਕਹਿ ਰਿਹਾ ਹੋਵੇ,
“ਲੈ ਹੁਣ ਇਹਦੇ ਨਾਲ ਖੇਡ|”

ਕਸਾਬ ਨੇ ਛੁਰੀ ਖੋਹ ਕੇ ਝੋਲੇ ‘ਚ ਪਾ ਦਿੱਤੀ| “ਹੱਟ|” ਉਸਨੇ ਬੱਚੇ ਨੂੰ ਘੂਰਿਆ| ਤੇ ਫਿਰ ਦਾਤਰ ਤਿੱਖਾ ਕਰਨ ਵਿਚ ਵਿਅਸਤ ਹੋ ਗਿਆ| ਦਾਤਰ ਦੀ ਤੇਜ਼ ਧਾਰ ਤੋਂ ਉਸਦੇ ਖ਼ਿਆਲਾਤ ਕਲਪਨਾ ਦੇ ਘੋੜੇ ਸਵਾਰ ਹੋ ਗਏ|

“ਸ਼ਾਹੀ ਮਹਿਲ ਖ਼ੂਬ ਸਜਾਇਆ ਹੋਇਆ ਹੈ| ਕਿਤੇ ਜਾਮ ਟਕਰਾ ਰਹੇ ਹਨ| ਮਹਿਫ਼ਲਾਂ ਵਿਚ ਸ਼ਰਾਬ ਤੇ ਸ਼ਬਾਬ ਨੇ ਰੰਗ ਬੰਨ੍ਹੇ ਹੋਏ ਹਨ| ਮੁਜਰੇ ‘ਤੇ ਹੁਸੀਨ ਅਦਾਵਾਂ ਵੇਖ ਕੇ ਸਾਰੇ ਅਮੀਰ ਵਜ਼ੀਰ ਅਸ਼ ਅਸ਼ ਕਰ ਉੱਠੇ ਹਨ| ਬਹੁਤੇ ਅਹਿਲਕਾਰਾਂ ਦੇ ਮਨਾਂ ਅੰਦਰ ਈਰਖਾ ਮਚਲ ਰਹੀ ਹੈ| ਅਨੇਕਾਂ ਨਜ਼ਰਾਂ ‘ਫ਼ਖ਼ਰ-ਏ-ਸਲਤਨਤ’ ਦਾ ਖ਼ਿਤਾਬ ਹਾਸਿਲ ਕਰਨ ਵਾਲੇ ਸਜ ਧਜ ਕੇ ਬੈਠੇ ਕਸਾਬ ਤੇ ਗੱਡੀਆਂ ਹੋਈਆਂ ਹਨ| ਅਖ਼ੀਰ ਭਰੀ ਮਜਲਸ ਵਿੱਚ ਸ਼ਹਿਨਸ਼ਾਹ ਵੱਲੋਂ ਖ਼ਿਤਾਬ ਦਾ ਐਲਾਨ ਕੀਤਾ ਜਾਂਦਾ ਹੈ| ਤਾੜੀਆਂ, ਨਾਅਰਿਆਂ ਨਾਲ ਕਸਾਬ ਦੇ ਸਿਰ ਤੇ ‘ਫ਼ਖਰ-ਏ-ਸਲਤਨਤ’ ਦਾ ਖ਼ਿਤਾਬ ਪਹਿਨਾਇਆ ਜਾਂਦਾ ਹੈ|”

ਇੰਨੇ ਨੂੰ ਕਸਾਬ ਦੇ ਡੌਲੇ ‘ਚ ਤਿੱਖੀ ਚੋਭ ਵੱਜੀ| ਖ਼ਿਤਾਬ ਜਿਵੇਂ ਧਰਤੀ ਤੇ ਡਿੱਗ ਪਿਆ| ਉਹ ਭੜਕ ਉੱਠਿਆ| ਅਸਲ ‘ਚ ਜਦੋਂ ਕਸਾਬ ਹਵਾਈ ਕਿਲ੍ਹੇ ਉਸਾਰਨ ਵਿਚ ਮਗਨ ਸੀ, ਤਾਂ ਬੱਚਾ ਵਾਰ-ਵਾਰ ਉਸ ਵੱਲ ਛੁਰੀ ਵਧਾ ਰਿਹਾ ਸੀ| ਜਦੋਂ ਕਸਾਬ ਨੇ ਬੱਚੇ ਵੱਲ ਧਿਆਨ ਨਾ ਦਿੱਤਾ ਤਾਂ ਤੈਸ਼ ‘ਚ ਆ ਕੇ ਛੁਰੀ ਦੀ ਨੋਕ ਉਸਦੇ ਡੌਲੇ ਵਿੱਚ ਚੋਭ ਦਿੱਤੀ| ਜਿਸ ਨਾਲ ਉਸਦੇ ਸੱਜੇ ਹੱਥ ਦੀ ਉਂਗਲ ਅਹਿਰਨ ਤੇ ਦਾਤਰ ਦੀ ਨੋਕ ਦੇ ਵਿਚਕਾਰ ਆ ਗਈ ਤੇ ਅੱਧੀ ਕੱਟੀ ਗਈ|
ਦੂਰ ਬੈਠੇ ਬੱਚੇ ਇਹ ਸਭ ਬੜੀ ਦਿਲਚਸਪੀ ਨਾਲ ਵੇਖ ਰਹੇ ਸਨ| ਕਸਾਬ ਦੀ ਇਹ ਹਾਲਤ ਤੇ ਸਾਰੇ ਖਿੜ ਖਿੜਾ ਕੇ ਹੱਸ ਪਏ|

ਕਸਾਬ ਦੀ ਉਂਗਲ ਚੋਂ ਪਰਲ ਪਰਲ ਖ਼ੂਨ ਵਹਿ ਪਿਆ| ਇਕ ਵਾਰ ਤਾਂ ਉਸਦਾ ਮਨ ਕੀਤਾ ਕਿ ਇਸੇ ਛੁਰੀ ਨਾਲ ਬੱਚੇ ਦੀ ਵੱਖੀ ਪਾੜ ਸੁੱਟੇ| ਪਰ ਨਹੀਂ| ਬੜੇ ਲੰਮੇ ਅਰਸੇ ਤੋਂ ਉਸਨੇ ਕਿਸੇ ਨੂੰ ਰੀਝ ਨਾਲ ਨਹੀਂ ਸੀ ਕਤਲ ਕੀਤਾ|

“ਤੈਨੂੰ ਤਾਂ ਐਸਾ ਹੱਥ ਵਿਖਾਂਵਾਂਗਾ ਕਿ ਧਰਤੀ ਹੇਠਲਾ ਬਲਦ ਕੰਬ ਉੱਠੇ|”
ਉਸਨੇ ਕਚੀਚੀ ਵੱਟੀ| ਖ਼ੂਨ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ| ਆਪਣੇ ਝੋਲ਼ੇ ਚੋਂ ਟਾਕੀ ਲੱਭਣ ਲਈ ਫੋਲ਼ਾ ਫਾਲ਼ੀ ਕਰਨ ਲੱਗਾ| ਬੱਚਾ ਪਹਿਲਾਂ ਤਾਂ ਉਸਦੀ ਲਾਚਾਰਗੀ ਤੇ ਹੱਸਦਾ ਰਿਹਾ| ਪਰ ਜਿਉਂ ਹੀ ਉਂਗਲ ਚੋਂ ਖ਼ੂਨ ਵਹਿੰਦਾ ਵੇਖਿਆ, ਤਾਂ ਉਸ ਤੋਂ ਰਿਹਾ ਨਾ ਗਿਆ|

ਕਸਾਬ ਦੀ ਉਂਗਲ ਨੂੰ ਆਪਣੇ ਹੱਥਾਂ ‘ਚ ਲੈ ਕੇ ਕੋਸੀਆਂ ਕੋਸੀਆਂ ਫੂਕਾਂ ਮਾਰਨ ਲੱਗ ਪਿਆ, ਜਿਵੇਂ ਅੱਗ ਬੁਝਾ ਰਿਹਾ ਹੋਵੇ| ਜਿਉਂ ਜਿਉਂ ਬੱਚਾ ਫੂਕਾਂ ਮਾਰ ਰਿਹਾ ਸੀ| ਕਸਾਬ ਦੇ ਹੱਥਾਂ ਤੇ ਸੈਂਕੜੈ ਮਣਾਂ ਭਾਰ ਪੈ ਰਿਹਾ ਸੀ| ਉਂਗਲ ਤੋਂ ਬਾਂਹ ਵੱਲ ਤੇ ਬਾਂਹ ਤੋਂ ਸਾਰੇ ਸਰੀਰ ਚੋਂ ਹੁੰਦਿਆਂ ਇੱਕ ਭੂਚਾਲ ਉਸਦੇ ਸਿਰ ਨੂੰ ਚੜ ਗਿਆ| ਕਸਾਬ ਲਈ ਫੂਕਾਂ ਨਹੀਂ, ਬਲਕਿ ਅੱਗ ਦੇ ਭਬੂਕੇ ਸਨ, ਜਿਸ ਵਿਚ ਉਹ ਝੁਲਸ ਰਿਹਾ ਸੀ| ਜ਼ਿੰਦਗੀ ‘ਚ ਪਹਿਲੀ ਦਫ਼ਾ ਏਨੇ ਖ਼ਤਰਨਾਕ ਦੌਰ ਚੋਂ ਗੁਜ਼ਰਦਿਆਂ ਕਿਸੇ ਖ਼ੌਫ਼ਨਾਕ ਵਾਵਰੋਲੇ ‘ਚ ਘਿਰ ਗਿਆ ਜਾਪਦਾ ਸੀ| ਕਦੇ ਉਹ ਬੱਚੇ ਵੱਲ ਵੇਖਦਾ, ਕਦੇ ਆਪਣੇ ਗਾੜੇ ਖ਼ੂਨ ਵੱਲ| ਉਸਦੇ ਆਪਣੇ ਖ਼ੂਨ ਚੋਂ ਵੀ ਉਹੀ ਬਦਬੂ ਆਉਣ ਲੱਗੀ, ਜਿਹੜੀ ਉਸ ਨੌਜਵਾਨ ਚੋਂ ਆਈ ਸੀ| ਕਦੇ ਦੈਂਤ ਵਰਗਾ ਨੌਜਵਾਨ ਉਸਦੀਆਂ ਅੱਖਾਂ ਸਾਹਮਣੇ ਆ ਖੜਦਾ ਤੇ ਕਦੇ ਉਸਨੂੰ ਬਾਪ ਦੀ ਜ਼ਲਾਲਤ ਭਰੀ ਜ਼ਿੰਦਗੀ ਦਾ ਖ਼ਿਆਲ ਆਉਂਦਾ|

ਛਿਣਾਂ, ਪਲਾਂ ਵਿਚ ਸਭ ਕੁਝ ਏਨੀ ਤੇਜ਼ੀ ਨਾਲ ਵਾਪਰ ਗਿਆ ਕਿ ਉਹ ਧੁਰ ਅੰਦਰੋਂ ਝੁੰਜਲਾ ਗਿਆ| ਬੱਚੇ ਦੀਆਂ ਅੱਖਾਂ ‘ਚ ਵੇਖਣ ਦੀ ਹੀਲੋ ਹੁੱਜਤ ਕਰਦਾ ਤਾਂ ਸੂਰਜ ਦਾ ਸਾਹਮਣਾ ਕਰਨ ਵਾਂਗ ਅਸਫਲ ਹੋ ਜਾਂਦਾ| ਹਜ਼ਾਰਾਂ ਬੱਚਿਆਂ ਦੇ ਨਹੁੰ ਆਪਣੇ ਵੱਲ ਵਧਦੇ ਪ੍ਰਤੀਤ ਹੋਏ| ਇੱਕੋ ਝਟਕੇ ਨਾਲ ਉਹ ਪਿੱਛੇ ਹਟ ਗਿਆ| ਆਖ਼ਿਰ ਹੋਇਆ ਕੀ ਸੀ ? ਉਸਦੇ ਖ਼ਿਆਲਾਤ, ਹੰਕਾਰ, ਇੰਤਕਾਮ, ਦਹਿਸ਼ਤ, ਵਹਿਸ਼ਤ, ਨੌਜਵਾਨ, ਬਾਪ ਤੇ ਬੱਚਿਆਂ ਦੇ ਚਿਹਰੇ ਉਸਦੀਆਂ ਰਗ਼ਾਂ ਅੰਦਰ ਦਾਖ਼ਲ ਹੋ ਗਏ ਸਨ ਤੇ ਸਿਰ ਵੱਲ ਨੂੰ ਤੇਜ਼ ਰਫ਼ਤਾਰ ਦੌੜ ਰਹੇ ਸਨ| ਚੰਦ ਪਲ਼ਾਂ ‘ਚ ਹੀ ਉਸਦਾ ਸਿਰ ਫਟਣ ਵਾਲਾ ਸੀ| ਉਹ ਚੀਕ ਉੱਠਿਆ| ਭੂਰੀਆਂ ਜਟਾਵਾਂ ਨੂੰ ਪੁੱਟਣ ਲੱਗਾ, ਕੱਪੜੇ ਪਾੜ ਸੁੱਟੇ| ਬੱਚਿਆਂ ਲਈ ਜਿਵੇਂ ਉਹ ਖਿਡੌਣਾ ਜਿਹਾ ਬਣ ਗਿਆ ਸੀ| ਪਿੰਜਰੇ ‘ਚ ਕੈਦ ਲਾਚਾਰ, ਭੁੱਖੇ ਤੇ ਬੀਮਾਰ ਸ਼ੇਰ ਵਾਂਗ ਉਹ ਤਿਲਮਿਲਾ ਰਿਹਾ ਸੀ|

ਫਿਰ ਇਕਦਮ ਜਿਵੇਂ ਅੱਗ ਦੇ ਭਾਂਬੜ ‘ਤੇ ਮੱਠੀਆਂ ਮੱਠੀਆਂ ਕਣੀਆਂ ਪੈਣ ਲੱਗ ਪਈਆਂ| ਚਿਹਰੇ ਸਪੱਸ਼ਟ ਹੋਣ ਲੱਗੇ| ਉਸਦਾ ਬਾਪ, ਨੌਜਵਾਨ ਤੇ ਬੱਚੇ ਸਭ ਇਕਮਿਕ ਹੋ ਗਏ| ਕਸਾਬ ਨੇ ਖ਼ੂਨ ਦੀ ਬਦਬੂ ਨੂੰ ਸੁੰਘਿਆ, ਤੇ ਕੈਦਖ਼ਾਨੇ ਚੋਂ ਦੌੜ ਗਿਆ|
ਬਾਹਰ ਜੰਗਲ ਵਿਚ ਕਹਿਰ ਦਾ ਤੂਫ਼ਾਨ ਉੱਠਿਆ| ਮਾਰੂਥਲ ਚੋਂ ਉੱਡੀ ਧੂੜ ਜੰਗਲ ‘ਚ ਘੁਸਪੈਠ ਕਰ ਗਈ| ਕੈਦਖ਼ਾਨੇ ਚੋਂ ਇੱਕ… ਦੋ … ਤਿੰਨ … ਤੇ ਫਿਰ ਸਾਰੀਆਂ ਮਸ਼ਾਲਾਂ ਬੁਝ ਗਈਆਂ| ਗਰਜਦੀ ਬਿਜਲੀ ਨੇ ਬੱਦਲਾਂ ਦੀ ਹਿੱਕ ਪਾੜ ਦਿੱਤੀ| ਸੱਚ ਮੁੱਚ ਹੀ ਧਰਤੀ ਹੇਠਲਾ ਬਲਦ ਕੰਬ ਉੱਠਿਆ ਸੀ| ਅਸਮਾਨ ਚੋਂ ਸੁੱਤੀਆਂ ਰੂਹਾਂ ‘ਚ ਜਿਵੇਂ ਹਫੜਾ-ਦਫੜੀ ਮੱਚ ਗਈ| ਮੀਂਹ ਹਨੇਰੀ ਤੇ ਗੜੇਮਾਰ ਨੇ ਜੰਗਲ ਨੂੰ ਗਿੱਚੀਓ ਫੜ ਕੇ ਝੰਜੋੜ ਦਿੱਤਾ| ਸੂਰਜ ਦੀ ਪਹਿਲੀ ਕਿਰਨ ਨੇ ਧਰਤੀ ਦੇ ਦਰਵਾਜ਼ੇ ‘ਤੇ ਦਸਤਕ ਦਿੱਤੀ| ਸੰਘਣੀ ਝਾੜੀ ਚੋਂ ਇੱਕ ਬੋਟ ਨੇ ਸਹਿਮੀ ਜਿਹੀ ਅੰਗੜਾਈ ਲਈ| ਇਕ ਜ਼ਖ਼ਮੀ ਕਾਂ ਪਤਾ ਨਹੀਂ ਕਿਧਰੋਂ ਆ ਟਪਕਿਆ| ਫਿਰ ਅਚਾਨਕ ਜੰਗਲ ਦੀ ਛੱਤ ਤੋਂ ਹਜ਼ਾਰਾਂ ਪੰਛੀ ਉਡਾਰੀ ਮਾਰ ਗਏ| ਇਹ ਉਡਾਰੀ ਸੁਭਾਵਿਕ ਨਹੀਂ ਸੀ| ਕਿਸੇ ਗੰਭੀਰ ਖ਼ਤਰੇ ਦਾ ਸੰਕੇਤ ਸੀ|

ਪਹਾੜੀ ਦੀ ਪਿੱਠ ਪਿੱਛੋਂ ਕਮਾਨਾਂ ਚੋਂ ਨਿੱਕਲੇ ਤੀਰ ਜੰਗਲ ਦੀ ਛਾਤੀ ਨੂੰ ਵਿੰਨ੍ਹ ਗਏ| ਕਾਪਿਆਂ, ਕਟਾਰਾਂ, ਦਾਤਰਾਂ, ਤੇ ਨੇਜ਼ਿਆਂ ਨਾਲ ਜੰਗਲ ਦਾ ਚੱਪਾ ਚੱਪਾ ਛਾਣਿਆਂ ਜਾਣ ਲੱਗਾ| ਦੂਰ ਮਾਰੂਥਲ ਵਿੱਚ ਊਠਾਂ ਦੇ ਪੈਰਾਂ ਨਾਲ ਧੂੜ ਅਸਮਾਨੀ ਬੱਦਲਾਂ ਵਾਂਗ ਗਸ਼ਤ ਕਰਨ ਲੱਗੀ| ਘੋੜਿਆਂ ਦੀ ਦਗੜ ਦਗੜ ਨੇ ਸ਼ਹਿਰਾਂ, ਕਸਬਿਆਂ, ਪਿੰਡਾਂ ਤੇ ਘਰਾਂ ‘ਚ ਊਂਘਦੇ ਲੋਕਾਂ ਦੀ ਨੀਂਦ ਭੰਗ ਕਰ ਦਿੱਤੀ| ਸੂਰ ਵਾਂਗ ਰੀਂਗਦੇ ਸਿਪਾਹੀ ਘਰਾਂ, ਕੋਨਿਆਂ, ਗਲ਼ੀਆਂ, ਜੰਗਲਾਂ ਤੇ ਮਾਰੂਥਲਾਂ ਦੀ ਤਲਾਸ਼ੀ ਲੈਣ ਲੱਗੇ|
“ਆਖ਼ਿਰ ਹੋਇਆ ਕੀ ਐ?”

ਕਿਸੇ ਧੌਲ ਦਾੜੀਏ ਬਜ਼ੁਰਗ ਨੇ ਸਹਿਮਿਆ ਜਿਹਾ ਸਵਾਲ ਕੀਤਾ|

ਇਹ ਸੁਣ ਕੇ ਕਾਲੇ ਕਲੂਟੇ ਭੱਦੇ ਸਿਪਾਹੀ ਦੀਆਂ ਨਸਾਂ ਤਣ ਗਈਆਂ ਤੇ ਖਰ੍ਹਵੀ ਆਵਾਜ਼ ਵਿਚ ਗਰਜ ਉੱਠਿਆ, “ਬਾਗ਼ੀ ਨੇ ਰਾਤ ਦੇ ਹਨੇਰੇ ‘ਚ ਸੰਨ੍ਹ ਲਾ ਕੇ ਸ਼ਹਿਨਸ਼ਾਹ ਦਾ ਕਤਲ ਕਰ ਦਿੱਤੈ|”

ਸੰਪਰਕ: +91 81465 65098
ਬਦਲ ਤੂੰ ਵੀ -ਕ੍ਰਿਸ਼ਨ ਬੇਤਾਬ
… ’ਤੇ ਮਲਾੱਹ ਚਲਦੇ ਰਹੇ – ਪ੍ਰੋ. ਤਰਸਪਾਲ ਕੌਰ
ਮੈਂ ਭਾਰਤੀ ਕਸ਼ਮੀਰਨ ਹਾਂ… -ਵਰਗਿਸ ਸਲਾਮਤ
ਬੇਨਾਮ ਰਿਸ਼ਤਾ – ਹਰਮਨਦੀਪ ‘ਚੜ੍ਹਿੱਕ’
ਸਰਾਪੀ ਹਵੇਲੀ -ਕ੍ਰਿਸ਼ਨ ਬੇਤਾਬ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਮਹਾਂਰਾਸ਼ਟਰ ਸਰਕਾਰ ਵੱਲੋਂ ਬਾਬਾਸਾਹਿਬ ਪੁਰਾਂਦਰੇ ਨੂੰ ਸਨਮਾਨ ਦੇਣ ਨਾਲ ਜਾਤੀ ਵਿਰੋਧ ਹੋਇਆ ਤਿੱਖਾ

ckitadmin
ckitadmin
August 25, 2015
ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦਾ ਲੇਖਾ ਜੋਖਾ – ਹਰਜਿੰਦਰ ਸਿੰਘ ਗੁਲਪੁਰ
ਕਿਸਾਨੀ ਦੇ ਅਜੋਕੇ ਹਾਲਾਤਾਂ ਵਿੱਚ ਸਰਕਾਰ ਦੀ ਬੇਰੁਖੀ ਦਾ ਮੰਜ਼ਰ -ਹਰਪ੍ਰੀਤ ਸਿੰਘ ਕਾਹਲੋਂ
2015 ਮੈਨ ਬੁਕਰ ਇਨਾਮ ਜੇਤੂ ਮਾਰਲੋਨ ਜੇਮਜ਼ ਦਾ ਨਾਵਲ “ਏ ਬਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼” -ਤਨਵੀਰ ਕੰਗ
ਔਰਤ –ਬਿੰਦਰ ਜਾਨ-ਏ-ਸਾਹਿਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?