By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਿਲਵਟ – ਮਨਪ੍ਰੀਤ ‘ਮੀਤ’
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਸਿਲਵਟ – ਮਨਪ੍ਰੀਤ ‘ਮੀਤ’
ਕਹਾਣੀ

ਸਿਲਵਟ – ਮਨਪ੍ਰੀਤ ‘ਮੀਤ’

ckitadmin
Last updated: October 20, 2025 5:56 am
ckitadmin
Published: July 20, 2019
Share
SHARE
ਲਿਖਤ ਨੂੰ ਇੱਥੇ ਸੁਣੋ

ਘੜੀ 7 ਵਜੇ ਦਾ ਘੰਟਾ ਬਜਾ ਰਹੀ ਸੀ, ਤੇ ਮਧੂ ਅਜੇ ਵੀ ਚਾਦਰ ਨਾਲ ਘੋਲ ਕਰ ਰਹੀ ਸੀ। ਇੱਕ ਪਾਸੇ ਦਾ ਵੱਟ ਕੱਢਦੀ ਤਾਂ ਦੂਜੇ ਪਾਸੇ ਵੱਟ ਪੈ ਜਾਂਦਾ, ਜਦੋਂ ਦੀ ਉਹ ਕਮਰੇ ਵਿੱਚ ਆਈ ਸੀ ਇਹ ਵੱਟ ਹੀ ਉਸਦੇ ਦੁਸ਼ਮਣ ਬਣੇ ਪਏ ਸਨ।  ਕਿੰਨੀ ਵਾਰ ਉਹ ਚਾਦਰ ਨੂੰ ਝਾੜ ਝਾੜ ਕੇ ਵਿਸ਼ਾ ਚੁੱਕੀ ਸੀ, ਪਰ ਚੰਦਰੀਆਂ ਸਿਲਵਟਾਂ ਖਹਿੜੇ ਹੀ ਪੈ ਗਈਆਂ ਸਨ। ਪੱਖੇ ਦੀ ਹਵਾ ਚਾਦਰ ਨੂੰ ਉਡਾ ਕੇ ਕਦੇ ਇਸ ਪਾਸੇ ਵੱਟ ਪਾ ਦਿੰਦੀ ਤੇ ਕਦੇ ਉਸ ਪਾਸੇ, ਹਾਰ ਕੇ ਉਸਨੇ ਪੱਖਾ ਬੰਦ ਕਰ ਦਿੱਤਾ ਤੇ ਆਪ ਠੰਡੇ ਫ਼ਰਸ਼ ਤੇ ਪੈ ਗਈ।

ਪਸੀਨੇ ਦੀਆਂ ਬੂੰਦਾਂ ਉਸਦੇ ਮੱਥੇ ਤੋਂ ਤਿਲਕਦੀਆਂ ਉਸਦੇ ਵਾਲਾਂ ਵਿੱਚ ਜਾਣ ਲੱਗੀਆਂ , ਛਾਤੀਆਂ ਤੋਂ ਢਿਲਕਦਾ ਪਸੀਨਾ ਗਰਦਨ ਤੇ ਮੋਤੀਆਂ ਦੀ ਮਾਲਾ ਜਿਹੀ  ਬਣਾਉਂਦਾ ਆਪਣੇ ਕੰਮ ਲੱਗ  ਗਿਆ। ਹਲਕਾ ਗੁਲਾਬੀ ਕਮੀਜ਼ ਪਸੀਨੇ ਨਾਲ ਤਰ ਹੋ ਕੇ ਪਿੰਡੇ ਨੂੰ ਚਿੰਬੜ  ਗਿਆ ਤੇ ਮੱਖੀਆਂ ਉਸਦੀਆਂ ਗੱਲਾਂ `ਤੇ, ਬੁੱਲ੍ਹਾਂ  `ਤੇ ਨਾਚ ਨੱਚਣ ਲੱਗੀਆਂ।  

“ਢੱਠੇ ਖੂਹ ਚ ਪਏ ਚਾਦਰ” ਆਖ ਉਹ  ਪੱਖੇ ਦਾ  ਬਟਨ ਨੱਪ  ਫਰਸ਼ ਤੇ ਡਿੱਗ ਪਈ।  

 

 

ਪੱਖੇ ਦੀ ਗਰਮ ਹਵਾ ਉਸਨੂੰ ਫੇਰ ਪਿੰਡ ਲੈ ਗਈ, ਜਦੋਂ ਮਧੂ ਜੰਮੀ ਸੀ ਤਾਂ ਪਿੰਡ ਦੀਆਂ ਜਨਾਨੀਆਂ ਕਪਾਹ  ਵਰਗੀ ਗੋਰੀ, ਭੂਰੇ ਵਾਲਾਂ ਵਾਲੀ ਨਿੱਕੀ ਜਿਹੀ  ਜਾਨ ਨੂੰ ਦੇਖ ਕੇ ਅਸ਼ -ਅਸ਼ ਕਰ ਉਠੀਆਂ ਸਨ। ਮਧੂ ਦੇ ਮਾਂ ਪਿਓ ਦੋਵੇਂ ਕਾਲੇ ਸਨ, ਪਰ ਕੁੜੀ ਅੰਤਾਂ ਦੀ ਗੋਰੀ, ਬਿਲਕੁਲ ਜਰਨੈਲ ਸਿੰਘ ਦੀ ਕੁੜੀ ਵਰਗੀ, ਓਹੋ ਜਿਹਾ ਹੀ ਗੋਰਾ ਰੰਗ, ਬਦਾਮਾਂ ਵਰਗੀਆਂ ਅੱਖਾਂ, ਭੂਰੇ ਵਾਲ, ਪਤਲੇ- ਪਤਲੇ ਬੁੱਲ੍ਹ  ਤੇ ਚੌੜਾ ਮੱਥਾ। ਮਧੂ ਦੀ ਮਾਂ ਜਰਨੈਲ ਸਿੰਘ ਦੇ ਘਰ  ਗੋਹਾ ਕੂੜਾ ਕਰਦੀ ਸੀ । ਉਂਝ ਤਾਂ ਚਮਾਰਲੀ ਵਾਸਤੇ ਇਹ ਕੋਈ ਅਚੰਬੇ ਦੀ ਗੱਲ ਨਹੀਂ ਸੀ,  ਮਧੂ ਦੇ ਪਿਓ ਵਾਸਤੇ ਵੀ ਕੋਈ ਨਵੀਂ ਗੱਲ ਨਾ ਸੀ।

ਚਮਾਰਲੀ ਦੇ ਕਿੰਨੇ ਹੀ ਨਿਆਣੇ ਚੌਧਰੀਆਂ ਦੇ ਨਿਆਣਿਆਂ ਵਰਗੇ ਦਿਸਦੇ ਸੀ | ਇਹ ਤਾਂ ਸਦੀਆਂ ਤੋਂ ਹੁੰਦਾ ਆਇਆ ਸੀ। ਪਰ ਪਤਾ ਨੀ ਕਿਉਂ ਨਿਆਣੀ ਨੂੰ ਦੇਖਦੇ ਹੀ ਉਸਦੇ ਸਿਰ ਤੇ ਖੂਨ ਸਵਾਰ ਹੋ ਗਿਆ। ਜੋ ਸੱਚ ਹੁਣ ਤਕ ਡੰਗਰਾਂ ਦੇ ਵਾੜੇ `ਚ ਲੁਕਿਆ ਬੈਠਾ ਸੀ, ਉਹ ਇਸ ਕੁੜੀ ਦੇ  ਰੂਪ `ਚ ਜੱਗ -ਜਾਹਿਰ ਹੋ ਗਿਆ। ਕੁੜੀ ਨੂੰ ਦੇਖਦੇ ਹੀ ਉਹ ਪਾਗਲ ਜਿਹਾ ਹੋਇਆ ਵੇਹੜੇ `ਚ ਭੱਜਣ ਲਗ ਗਿਆ, ਜਿਵੇਂ ਉਸਦੇ ਭੱਜਣ ਨਾਲ ਕੁੜੀ ਦਾ ਰੰਗ ਕਾਲਾ ਹੋ ਜਾਂਦਾ।  ਅਗਲੀ ਹੀ ਘੜੀ ਉਸਨੇ ਆਪਣੀ ਜਨਾਨੀ ਦਾ ਸਿਰ ਪਾੜ ਦਿੱਤਾ, ਗੰਡਾਸਾ ਅਜੇ ਵੀ ਉਸਦੇ ਹੱਥਾਂ ਵਿਚ ਸੀ,  ਸਾਹਮਣੇ ਮੰਜੇ ਤੇ ਖੂਨ ਦਾ ਛੱਪੜ ਲਗਿਆ ਪਿਆ ਸੀ।

ਇਹ ਸਾਰੀ ਕਹਾਣੀ ਮਧੂ ਨੂੰ ਉਸਦੀ ਮਾਸੀ ਦੀ ਧੀ ਨੇ ਦੱਸੀ ਸੀ ਜੋ ਉਸ ਤੋਂ 13 ਸਾਲ ਵੱਡੀ ਸੀ।ਮਧੂ ਕਦੇ ਆਪਣੇ ਦਾਦਕੇ ਨਾ ਗਈ। ਆਪਣੇ ਜਨਮ ਦੀ ਇਹ ਘਟਨਾ ਭਾਵੇਂ ਮਧੂ ਨੇ ਦੇਖੀ ਨਾ ਸੀ, ਪਰ ਉਸਦੇ ਦਿਮਾਗ ਚ ਸੁਣੀਆਂ ਸੁਣਾਈਆਂ ਗੱਲਾਂ ਦੀਆਂ ਕਈ ਡਰਾਉਣੀਆਂ ਤਸਵੀਰਾਂ ਬਚਪਨ ਤੋਂ ਉੱਕਰੀਆਂ ਹੋਇਆਂ ਸਨ।
 
ਨਾਨਾ- ਨਾਨੀ ਨੇ ਆਪਣੀ ਧੀ ਦੀ ਇਕਲੌਤੀ ਨਿਸ਼ਾਨੀ ਨੂੰ ਹਿੱਕ ਨਾਲ ਲਾ ਲਿਆ | ਮਾਮਿਆਂ ਦੇ ਜਵਾਕਾਂ ਨਾਲ ਖੇਡਦੀ ਉਹ ਵੀ ਪਲ ਗਈ। “ਕੁੜੀਆਂ ਚਿੜੀਆਂ ਨੂੰ ਕੌਣ ਪਾਲਦਾ ਹੈ, ਇਹ ਤਾਂ ਆਪੇ ਅਮਰਵੇਲ ਵਾਂਗ ਵੱਧ ਆਉਂਦੀਆਂ ਨੇ, ਸਾਡੀ ਬੀਰੋ ਨੂੰ ਦੇਖ ਲੋ, ਕਲ ਫੁੱਲ ਭਰ ਸੀ, ਅੱਜ ਕੋਠੇ ਜਿੱਡੀ ਹੋ ਗਈ”, ਉਸਦੀ ਨਾਨੀ ਬੜੇ ਨਖਰੇ ਨਾਲ ਕਹਿੰਦੀ । ਨਾਨਾ- ਨਾਨੀ ਨੇ ਉਸਦਾ ਨਾਂ, ਮਾਂ ਦੇ ਨਾ ਤੇ ਬੀਰੋ ਰਖਿਆ ਸੀ।

“ਇਹ ਤਾਂ ਨਾਮ ਦੀ ਬੀਰੋ ਆ, ਦੇਖਣ ਨੂੰ ਤਾਂ ਮਧੂਬਾਲਾ ਨੂੰ ਮਾਤ ਪਾਉਂਦੀ ਆ”, ਪਿੰਡ ਦੇ ਮੁੰਡੇ ਉਸਨੂੰ ਦੇਖ ਕੇ ਬੋਲੀਆਂ ਮਾਰਦੇ ਤੇ ਬੀਰੋ ਦੀ ਛਾਤੀ ਮਾਣ ਨਾਲ ਥੋੜੀ ਹੋਰ ਉੱਚੀ ਹੋ ਜਾਂਦੀ”। ਪਰ ਬੀਰੋ ਨੂੰ ਤਾਂ ਉਹ ਪਿੰਡ ਦੇ ਵੇਹੜੇ `ਚ ਹੀ ਦੱਬ ਆਈ ਸੀ, ਹੁਣ ਉਹ ਬੱਸ ਮਧੂ ਸੀ।
 
ਪਰ ਇਸ ਸਭ ਤੋਂ ਡਰਾਉਣੀ ਯਾਦ ਉਸ ਰਾਤ ਦੀ ਸੀ, ਜਦ ਨਾਨੇ ਦੇ ਮਰਨ ਦੇ ਮਹੀਨੇ ਪਿੱਛੋਂ ਹੀ ਮਾਮਿਆਂ ਨੇ ਉਸਦਾ ਵਿਆਹ ਇੱਕ ਡਰਾਈਵਰ ਨਾਲ ਪੱਕਾ ਕਰ ਦਿੱਤਾ, ਕਿੰਨਾ ਭੱਦਾ ਜਿਹਾ ਸੀ ਉਹ, ਮੋਟਾ ਢਿੱਡ, ਦਾੜੀ ਨਾਲ ਭਰਿਆ ਮੂੰਹ ਤੇ ਵੱਡੀਆਂ – ਵੱਡੀਆਂ  ਅੱਖਾਂ, ਉੱਕਾ ਹੀ ਸੂਰ ਜਾਪਦਾ ਸੀ। 5000 ਰੁਪਏ ਵਿਚ ਗੱਲ ਪੱਕੀ ਹੋਈ | ਰੋਕੇ ਤੇ ਪੇਸ਼ਗੀ ਵਲੋਂ ਉਹ 2000 ਰੁਪਈਆ ਪਹਿਲਾਂ ਹੀ ਦੇ ਗਿਆ। ਵਿਆਹ ਉਸਨੇ ਕਲਕੱਤੇ ਦੇ ਅਗਲੇ ਗੇੜੇ ਤੋਂ ਆ ਕੇ ਕਰਨਾ ਸੀ। “ਏਸ ਨਾਲ ਵਿਆਹ ਕਰੇਗੀ ਮੇਰੀ ਜੁੱਤੀ”, ਏਨਾ ਕਹਿ ਕੇ  ਖ਼ਾਨਦਾਨ ਦੇ ਸਿਰ ਸਵਾਹ ਪਾ ਕੇ ਉਹ ਉਸੇ ਰਾਤ ਘਰੋਂ ਭੱਜ ਨਿਕਲੀ। ਪਿੰਡ ਦੀ ਫਿਰਨੀ ਮੁੜਨ ਤਕ ਤਾਂ ਉਸਨੂੰ ਸਾਹ ਹੀ ਨਾ ਆਇਆ,  ਰੇਲ ਦੀ ਪਟੜੀ ਨਾਲ ਤੁਰੇ ਜਾਂਦੇ ਕਿੰਨੀ ਵਾਰ ਡਰਦੇ ਮਾਰੇ ਗ਼ਸ਼ ਪੈਂਦੇ- ਪੈਂਦੇ ਬਚੀ ।
 
ਉਸ ਰਾਤ ਤੋਂ ਪਹਿਲਾਂ ਉਹ ਕਦੇ ਰੇਲ ਗੱਡੀ ਨਹੀਂ ਸੀ ਚੜ੍ਹੀ , ਕਦੇ ਲੋੜ ਹੀ ਨਹੀਂ ਸੀ ਪਈ। ਸ਼ਹਿਰ ਵੀ ਉਹ ਮਸਾਂ ਨਾਨੇ ਨਾਲ 3 -4 ਵਾਰ ਹੀ ਗਈ ਸੀ। ਪਰ ਹੁਣ ਉਹ ਰੇਲ `ਚ ਬੈਠੀ ਸੀ। ਉਸ ਰੇਲ `ਚ ਜਿਸ ਬਾਰੇ ਉਸਨੂੰ ਇਹ ਵੀ ਨਹੀਂ ਸੀ ਪਤਾ ਕਿ  ਉਹ ਕਿਥੇ ਚੱਲੀ ਹੈ। ਸਾਰੀ ਰਾਤ  ਡਰਦੀ ਮਾਰੀ ਡੱਬੇ ਦੇ ਦਰਵਾਜੇ  ਕੋਲ ਗੁੱਛਾ ਜਿਹਾ ਹੋਈ ਬੈਠੀ ਰਹੀ। ਉਸਨੂੰ ਚੱਕਰ ਜਹੇ ਆ ਰਹੇ ਸਨ, ਪਤਾ ਨੀ ਰੇਲ ਗੱਡੀ ਦੇ ਝਟਕਿਆਂ ਕਾਰਨ ਜਾਂ ਬੀਤੇ ਕੁਝ ਦਿਨਾਂ ਦੀਆਂ ਘਟਨਾਵਾਂ ਕਾਰਨ।
ਜੇ ਭੁੱਖ ਨਾਲ ਢਿੱਡ ਚ ਖੋਹ ਨਾ ਪੈਂਦੀ ਤਾਂ ਸ਼ਾਇਦ ਉਸਦੀ ਯਾਦਾਂ ਦੀ ਲੜੀ ਕਿੰਨਾ ਚਿਰ ਹੋਰ ਨਾ ਟੁੱਟਦੀ। ਸਾਰੇ ਸਿਆਪੇ ਇਸੇ ਭੁੱਖ ਦੇ ਹੀ ਪਾਏ ਹੋਏ ਸਨ, ਇਸੇ ਭੁੱਖ ਕਾਰਣ ਹੀ ਤਾਂ ਉਹ ਏਥੇ ਆ ਪਹੁੰਚੀ ਸੀ।

ਅਜੀਤਪਾਲ ਨਾਲ ਮੁਲਾਕਾਤ ਵੀ ਇਸੇ ਭੁੱਖ ਦਾ ਨਤੀਜਾ ਸੀ, ਅਜੀਤਪਾਲ ਚੌਧਰੀ ਹਰਪਾਲ ਸਿੰਘ ਦਾ ਮੁੰਡਾ ਸੀ, ਸ਼ਹਿਰ ਪੜ੍ਹਦਾ  ਸੀ ਤੇ ਮਸਾਂ ਸਾਲ ਚ ੨-੪ ਵਾਰ ਪਿੰਡ ਆਉਂਦਾ। ਦੇਖਣ ਨੂੰ ਕੋਈ ਬਹੁਤਾ ਸੋਹਣਾ ਤਾਂ ਨੀ ਸੀ, ਪਰ ਪੜ੍ਹਿਆ ਲਿਖਿਆ  ਵਾਲੀ ਤਹਿਜ਼ੀਬ ਖੂਬ ਸਿੱਖ ਗਿਆ ਸੀ।
ਹਾੜੀ ਦੀ ਵਾਢੀ ਵੇਲੇ ਭੁੱਖ ਦੇ ਚੱਕਰ ਚ ਹੀ ਮਧੂ ਖੀਰੇ ਤੋੜਨ ਉਸਦੇ ਖੇਤ ਚ ਜਾ ਵੜੀ  ਤੇ ਅਜੀਤਪਾਲ ਨੂੰ ਟੱਕਰ ਗਈ, ਕਿਹਾ ਤਾਂ ਦੋਹਾਂ ਨੇ ਇੱਕ ਦੂਜੇ ਨੂੰ ਕੁਝ ਨਾ ਪਰ ਅਗਲੇ ਕੁਝ ਦਿਨਾਂ ਤਕ ਭੁੱਖ ਦੋਹਾਂ ਦੀ ਉੜੀ ਰਹੀ। ਫੇਰ ਇੱਕ ਦਿਨ ਖੂਹ ਵਾਲੇ ਪਿੱਪਲ ਪਿੱਛੇ ਦੋਹਾਂ ਨੂੰ ਬਾਹਾਂ ਦੀ ਭੁੱਖ ਮਿਟਾਉਂਦੇ ਕਿਸੇ ਨੇ ਦੇਖ ਲਿਆ ਤੇ ਪਿੰਡ ਰੌਲਾ ਪੈ ਗਿਆ। ਮਧੂ ਦੀ ਮਾਂ ਵਾਲੀ ਗੱਲ ਫੇਰ ਆਮ ਹੋ ਗਈ, 3 ਦਿਨ ਬਾਅਦ ਢੰਡਾਰੀ ਪਿੰਡ ਦੇ ਅੱਧਖੜ ਡਰਾਈਵਰ ਨਾਲ ਉਸਦਾ ਵਿਆਹ ਧਰ ਦਿੱਤਾ ਗਿਆ ਤੇ ਉਸੇ ਰਾਤ ਉਹ ਘਰੋਂ ਭੱਜ ਨਿਕਲੀ।
 
ਉਸ ਰਾਤ ਦੇ ਡਰ ਨੇ ਬਾਕੀ ਸਾਰੇ ਡਰਾਂ ਨੂੰ ਹਰਾ ਦਿੱਤਾ। ਭੱਦੇ ਚੇਹਰਿਆਂ ਵਾਲੇ, ਦੈਤਾਂ ਵਰਗੇ ਸਰੀਰਾਂ  ਵਾਲੇ ਤੇ ਕਬਰ `ਚ ਪੈਰ ਲਟਕਾਈ ਗਾਹਕਾਂ ਤੋਂ ਵੀ ਉਸਨੂੰ ਇੰਨਾ ਡਰ ਨਹੀਂ ਸੀ ਲੱਗਿਆ, ਜਿੰਨਾ ਉਸ ਰੇਲ ਦੇ ਹਿੱਲਣ ਤੋਂ ਲਗਿਆ ਸੀ। ਰਾਤਾਂ ਨੂੰ ਮੰਜੇ ਦੇ ਹਿਲਦੇ ਪਾਵੇਆਂ ਦੀ ਚੂੰ ਚੂੰ ਨਾਲ ਭਾਵੇਂ ਉਸਨੂੰ ਘਬਰਾਹਟ ਜਹੀ ਤਾਂ ਹੋ ਜਾਂਦੀ ਪਰ ਡਰ ਨਹੀਂ ਸੀ ਲਗਦਾ।
 
ਪਿੰਡੋਂ ਭੱਜ ਆਉਣ ਦੇ 5 ਸਾਲਾਂ `ਚ ਮਧੂ ਨੇ ਅਜੀਤਪਾਲ ਨਾਲ ਬੀਤੀ ਉਸ ਦੁਪਹਿਰ ਨੂੰ ਕਦੋਂ ਦਾ ਭੁਲਾ ਦਿੱਤਾ ਸੀ। ਪੰਜਾਂ ਸਾਲਾਂ ਚ ਸੈਂਕੜੇ ਮਰਦ ਉਸਨੂੰ ਆਪਣੀਆਂ ਬਾਹਾਂ ਚ ਭਰ ਚੁੱਕੇ ਸਨ, ਭਾਵੇਂ ਉਹਨਾਂ ਵਿੱਚ ਉਸ ਪਹਿਲੀ ਗਲਵਕੜੀ ਜਿਹਾ ਕੁਝ ਵੀ ਨਹੀਂ ਸੀ ਪਰ ਫੇਰ ਵੀ ਉਸ ਇੱਕ ਯਾਦ ਨੂੰ ਸਾਂਭੀ ਬੈਠੇ ਰਹਿਣ ਨਾਲ ਫਾਕੇ ਤਾਂ ਨਹੀਂ ਸੀ ਮਿਟਣੇ। ਇਸੇ ਲਈ ਓਹਨਾ ਕੁਝ ਪਲਾਂ ਨੂੰ ਵੀ ਉਸਨੇ ਪਿੰਡ ਦੀ ਯਾਦਾਂ ਦੀ ਪੰਡ ਵਿੱਚ ਬੰਨ੍ਹ ਦਿੱਤਾ।
ਪਿੰਡ, ਅਜੀਤਪਾਲ ਉਸਨੂੰ ਕਦੇ ਚੇਤੇ ਵੀ ਨਾ ਆਉਂਦੇ, ਜੇ ਬੀਤੀ ਰਾਤ ਕਰਮਾਂ ਸੜਿਆ ਮੋਹਣਾ ਉਸਨੂੰ ਅੱਡੇ ਤੋਂ ਫੜ ਨਾ ਲਿਆਇਆ ਹੁੰਦਾ। ਪਤਾ ਨੀ ਚੰਦਰਾ ਕਿਹੜੀ ਗਿੱਦੜ ਸੰਘੀ ਸੁੰਘਾਉਂਦਾ ਕੇ ਨਿੱਤ ਵੱਡੇ ਤੋਂ ਵੱਡਾ ਅਫਸਰ ਘੇਰ ਲਿਆਉਂਦਾ। “ਮੇਰੇ ਤੋਂ ਵੱਧ ਤਾਂ ਬੰਦੇ ਤੇਰੇ ਤੇ ਡੁੱਲ ਜਾਂਦੇ ਨੇ ਚੰਦਰਿਆ” ਮਧੂ ਅਕਸਰ ਉਸਨੂੰ ਕਹਿੰਦੀ ਸੀ।

ਤੇ ਉਸ ਦਿਨ ਉਹ ਚੰਦਰਾ ਅਜੀਤਪਾਲ ਨੂੰ ਘੇਰ ਲਿਆਇਆ ਸੀ। ਕਹਿਰ ਸਾਈਂ ਦਾ, ਇਹ ਤਾਂ ਭੋਰਾ ਵੀ ਨੀ ਸੀ ਬਦਲਿਆ, ਓਹੀ ਕਣਕਵੰਨਾ ਰੰਗ, ਅੱਖਾਂ ਪਹਿਲਾਂ ਨਾਲੋਂ ਕੁਝ ਲਾਲ ਸੀ, ਚੇਹਰਾ ਵੀ ਕੁਝ ਵਧੇਰੇ ਲਾਲ ਜਾਪਦਾ ਸੀ, ਬਾਕੀ ਪੱਗ ਬੰਨਣ ਦਾ ਢੰਗ, ਓਹੀ ਕੁੰਡੀਆਂ ਮੁੱਛਾਂ, ਤੇ ਸੁਆਰ ਕੇ ਕੱਟੀ ਹੋਈ ਦਾੜ੍ਹੀ । ਸਰੀਰ  ਦੀ ਬਣਤਰ `ਚ ਤਾਂ ਇੱਕ ਆਨੇ ਦਾ ਵੀ ਫਰਕ ਨੀ ਸੀ ਪਿਆ। ਬਸ ਫਰਕ ਏਨਾ ਸੀ ਕਿ ਕਲ ਜਿਹੜਾ ਆਸ਼ਕ ਸੀ, ਅੱਜ ਗਾਹਕ ਬਣਿਆ ਖੜਾ ਸੀ।

ਪਰ ਇਸ ਨਾਲ ਕੀ ਫਰਕ ਪੈਂਦਾ, ਕੋਈ ਸ਼ੌਂਕ ਨੂੰ ਤਾਂ ਨੀ ਸੀ ਉਹ ਕੋਠੇ ਤੇ ਆ ਬੈਠੀ, ਤੇ ਜਿਹੜੇ ਇਥੇ ਅੱਜ ਤਕ ਆਏ ਸੀ ਓਹਨਾ ਚੋਂ ਭਾਵੇਂ ਮਧੂ ਨੇ ਕਿੰਨਿਆਂ ਨੂੰ ਭਰਮਾ ਕੇ ਵਿਆਹ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਅਜੀਤਪਾਲ ਵਾਲਾ ਪਿਆਰ ਤਾਂ ਕਿਸੇ ਨੂੰ ਨੀ ਸੀ ਦਿੱਤਾ। ਨਾਲੇ ਕਿਸੇ ਅਮੀਰਜ਼ਾਦੇ ਨੂੰ ਵਿਆਹ ਲਈ ਮਨਾ ਲੈਣਾ ਇਸ ਤੋਂ ਵੱਡੀ ਉਪਲਬਧੀ ਕੋਠੇ ਵਿਚ ਹੁੰਦੀ ਵੀ ਕੋਈ ਨਹੀਂ, ਮਧੂ ਨੇ ਵੀ ਕਿੰਨੀ ਵਾਰ ਕੋਸ਼ਿਸ਼ ਕੀਤੀ, ਪਰ ਕਦੇ ਕਿਸੇ ਦੀ ਬੀਵੀ ਸਿਆਪਾ ਪਾ ਦਿੰਦੀ ਤੇ ਕਦੇ ਕਿਸੇ ਦੀ ਮਾਂ, ਤੇ ਜੇ ਕੋਈ ਮੰਨ ਜਾਂਦਾ ਤਾਂ ਉਸ ਕੋਲ ਅਮੀਨਾ ਆਪ ਨਾਲ ਸੌਦਾ ਕਰਨ ਜੋਗੇ ਪੈਸੇ ਨਾ ਹੁੰਦੇ। ਅਮੀਨਾ ਆਪਾ ਦੀ ਇੱਕ ਇੱਕ ਕੁੜੀ ਘੱਟੋ ਘੱਟ 20000 ਹਜ਼ਾਰ ਦੀ ਵਿਕਦੀ ਸੀ। ਤੇ ਨਾਲ ਇਹ ਸ਼ਰਤ ਵੀ ਰਹਿੰਦੀ ਕੇ ਕੁੜੀ ਨੂੰ ਖਰੀਦ ਕੇ ਕਿਸੇ ਹੋਰ ਕੋਠੇ ਤੇ ਵੇਚਿਆ ਨਹੀਂ ਜਾਵੇਗਾ ਤੇ ਨਾ ਹੀ ਉਸਨੂੰ ਸੜਕ ਤੇ ਰੁਲਣ ਲਈ ਸੁੱਟਿਆ ਜਾਵੇਗਾ। ਜੇਕਰ ਖਰੀਦਦਾਰ ਉਸਨੂੰ ਨਾ ਰੱਖ ਸਕੇ ਤਾਂ ਉਹ ਚੁੱਪ ਚਾਪ ਕੁੜੀ ਨੂੰ ਵਾਪਿਸ ਛੱਡ ਜਾਵੇਗਾ। ਤੇ ਹਰ ਕੁੜੀ ਹਮੇਸ਼ਾ ਇਸੇ ਤੱਕ ਵਿਚ ਰਹਿੰਦੀ ਕੇ ਕੋਈ ਅਮੀਰ, ਨੇਕ ਦਿਲ ਉਸਨੂੰ ਖਰੀਦ ਕੇ ਲੈ ਜਾਵੇ।

ਅਮੀਨਾ ਆਪਾ ਦੀ ਮੰਨੀ ਜਾਏ ਤਾਂ ਔਰਤ ਦਾ ਗੁਜ਼ਾਰਾ ਤਾਂ ਬੰਦੇ ਦੀ ਛੱਤ ਥੱਲੇ ਹੀ ਹੋ ਸਕਦਾ, ਜਨਾਨੀ ਭਾਵੇਂ ਲੱਖਾਂ ਕਮਾ ਲਵੇ ਪਰ ਮਕਾਨ ਤੇ ਛੱਤ ਤਾਂ ਬੰਦੇ ਨਾਲ ਹੀ ਪੈਂਦੀ ਹੈ। ਨਹੀਂ ਤਾਂ ਮਕਾਨ ਬਸ ਕੋਠਾ ਬਣ ਕੇ ਰਹਿ ਜਾਂਦਾ। ਤੇ ਫੇਰ ਅਮੀਨਾ ਆਪਾ ਆਪਣੇ ਗੁਜ਼ਰੇ ਸ਼ੋਹਰ ਨੂੰ ਯਾਦ ਕਰਕੇ ਕਿੰਨੀ ਦੇਰ ਗਾਲ਼ਾਂ ਕੱਢਦੀ ਰਹਿੰਦੀ। ਫੇਰ ਜਦੋਂ ਗਾਲ਼ਾਂ ਦਾ ਹੜ ਕੁਝ ਥੰਮ ਜਾਂਦਾ ਤਾਂ ਉਹ ਫੇਰ ਹੁੱਕੇ ਦੇ ਕਾਸ਼ ਖਿੱਚਦੀ ਬੋਲਣ ਲੱਗ ਪੈਂਦੀ, “ਉਂਝ ਵੀ ਘਰਾਂ ਦੀਆਂ ਦਹਿਲੀਜ਼ਾਂ ਅੰਦਰ ਕੁਚਲੀਆਂ  ਹੋਈਆਂ, ਪੈਸੇ ਦੇ ਕੇ ਹੀ ਸਹੀ ਪਰ ਵਿਆਹੀਆਂ ਹੋਈਆਂ , ਫਟੇ ਬੁੱਲਾਂ ਚੋਂ ਆਪਣਾ ਹੀ ਖੂਨ ਪੀਂਦੀਆਂ ਲਾਸ਼ਾਂ, ਕੋਠੇ ਦੀਆਂ  ਸ਼ਹਿਜ਼ਾਦੀਆਂ ਤੋਂ ਕਿਤੇ ਵਧੇਰੇ ਇੱਜ਼ਤਦਾਰ ਹੁੰਦੀਆਂ ਨੇ“ ਤੇ ਫੇਰ ਆਪਾ ਸਾਰੀਆਂ ਇੱਜ਼ਤਦਾਰ ਔਰਤਾਂ ਨੂੰ ਗਾਲ਼ਾਂ ਕੱਢਣ ਲਗਦੀ., “ਆਈਆਂ  ਵੱਡੀਆਂ ਇੱਜਤ ਵਾਲੀਆਂ, ਰਾਤਾਂ ਨੂੰ ਆਪਣੇ ਬੰਦੇ ਸਾਡੇ ਵੱਲ ਤੋਰ ਦਿੰਦੀਆਂ ਤੇ ਆਪ ਮੰਜਿਆਂ ਥੱਲੇ ਲੁਕੇ ਯਾਰਾਂ ਨਾਲ ਖੇਹ ਖਾਂਦੀਆਂ ਨੇ,  ਸਵੇਰੇ  ਇੰਝ ਨਿਕਲਦੀਆਂ ਨੇ ਜਿਵੇਂ ਹੁਣੇ ਗੰਗਾ ਨਹਾ ਕੇ ਨਿਕਲੀਆਂ ਹੋਣ। ਜਿਹੜੀ ਕੋਠੇ ਤੇ ਰਹਿੰਦੀ ਹੈ ਉਹ ਰੰਡੀ ਹੋ ਗਈ ਤੇ ਜਿਹੜੇ ਜੀਭਾਂ ਲਟਕਾਈ ਕੁੱਤਿਆਂ ਵਾਂਗ ਇਥੇ ਆਉਂਦੇ ਨੇ, ਉਹ ਕੀ  ਹੋਏ? ਹਰਾਮ ਦੀਆਂ ਔਲਾਦਾਂ, ਆਪਣੇ ਬੰਦੇ ਆਪ ਨੀ ਸਾਂਭ ਸਕਦੀਆਂ ਤੇ ਅੱਖਾਂ ਸਾਨੂੰ ਕੱਢਦੀਆਂ ਨੇ”। ਆਪਾ ਉਦੋਂ ਤਕ ਬੋਲਦੀ ਰਹਿੰਦੀ ਜਦੋਂ ਤਕ ਉਸਨੂੰ ਬੋਲਦੇ ਬੋਲਦੇ ਹੁੱਥੂ ਨਾ ਆ ਜਾਂਦਾ। ਕੋਲ ਬੈਠੀਆਂ ਕੁੜੀਆਂ ਬਸ ਖਾਲੀ ਅੱਖਾਂ ਨਾਲ ਆਪਾ ਵਲ ਦੇਖਦੀਆਂ  ਰਹਿੰਦੀਆਂ।

ਕੋਠੇ `ਤੇ ਰਹਿੰਦੇ ਮਧੂ ਨੂੰ 5 ਸਾਲ ਹੋ ਚੱਲੇ ਸੀ,  ਹੁਣ ਉਸਨੂੰ ਆਪਣੇ ਕੰਮ ਤੋਂ ਕੋਈ ਸ਼ਰਮ ਨਹੀਂ ਸੀ ਆਉਂਦੀ ਬਲਕਿ ਹੁਣ ਤਾਂ ਉਸਨੂੰ ਮਾਣ ਸੀ ਕੇ ਉਹ ਕਿਸੇ ਦੇ ਸੁੱਟੇ ਟੁਕੜਿਆਂ `ਤੇ ਨਹੀਂ ਬਲਕਿ ਆਪਣੀ ਮੇਹਨਤ ਦੀ ਕਮਾਈ ਤੇ ਪਲ ਰਹੀ ਹੈ।

ਬਾਹਰ ਵਾਲੇ ਭਾਵੇਂ ਇਸ ਨੂੰ ਕਿਸੇ ਤਰ੍ਹਾਂ  ਵੀ ਮੇਹਨਤ ਮਜ਼ਦੂਰੀ ਨਾ ਸਮਝਣ, ਪਰ ਇੱਕੋ ਰਾਤ ਵਿਚ 3 -4 ਗਾਹਕ ਪੁਗਤਾਉਣਾ, ਘੰਟਿਆਂ ਬੱਦੀ ਮਾਸ ਦੇ ਢੇਰਾਂ ਨੂੰ ਆਪਣੀ ਛਾਤੀ ਤੇ ਸਹਾਰਨਾ ਕੋਈ ਸੁਖਾਲਾ ਤਾਂ ਨਹੀਂ ਸੀ। ਕਦੇ ਕਦੇ ਕੋਈ ਅਜਿਹਾ ਆ ਜਾਂਦਾ ਕੇ ਉਸਦੇ ਪੂਰੇ ਪਿੰਡੇ ਨੂੰ ਨਪੀੜ ਸੁਟਦਾ, ਕਦੇ ਕੋਈ ਉਸਦੀਆਂ ਛਾਤੀਆਂ ਨੂੰ ਏਨੇ ਜ਼ੋਰ ਨਾਲ ਘੁੱਟਦਾ ਕੇ ਮਧੂ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰਦੇ। ਕਦੇ ਕੋਈ ਅਜਿਹਾ ਆ ਜਾਂਦਾ ਜਿਸਨੂੰ ਕੁੱਟਣ ਮਾਰਨ ਵਿਚ ਸ਼ਰਾਬ ਤੋਂ ਵੀ ਵੱਧ ਸਵਾਦ ਆਉਂਦਾ ਤੇ ਉਹ ਵਾਲਾਂ ਤੋਂ ਘੜੀਸੀ ਉਸਨੂੰ ਮੰਜੇ ਤੇ ਗੋਤੇ ਲਵਾਉਂਦਾ ਰਹਿੰਦਾ। ਕਿਸੇ ਕਿਸੇ ਚੋਂ ਏਨਾ ਮੁਸ਼ਕ ਆਉਂਦਾ ਕੇ ਉਸਦਾ ਸਿਰ ਚਕਰਾ ਜਾਂਦਾ ਤੇ ਕਦੇ ਕਿਸੇ ਦੇ ਭੱਦੇ ਚੇਹਰੇ ਨੂੰ ਦੇਖ ਉਸਦਾ ਦਿਲ ਕੱਚਾ ਹੋਣ ਲਗਦਾ।

ਪਰ ਦਿਨ ਵੇਲੇ ਜਦੋਂ ਉਹ ਆਪਣੇ ਨਰਮ ਬਿਸਤਰੇ ਚ ਪਈ ਸਹੇਲੀਆਂ ਨਾਲ ਗੱਪਾਂ ਮਾਰਦੀ ਤਾਂ ਸਾਰੀਆਂ ਰਾਤਾਂ ਉਸਨੂੰ ਭੁੱਲ ਭੁਲਾ ਜਾਂਦੀਆਂ। ਰਾਤ ਵੇਲੇ ਦਾ ਕੋਠਾ ਦਿਨ ਵੇਲੇ ਘਰ ਬਣ ਜਾਂਦਾ, ਰਸੋਈ ਵਿਚੋਂ ਤੜਕੇ ਦੀ ਖੁਸ਼ਬੂ ਉੱਡ ਕੇ ਆਉਂਦੀ ਤੇ ਕਮਰਿਆਂ ਚ ਬਸੀ ਸਿਗਟਾਂ, ਸ਼ਰਾਬਾਂ ਦੀ ਬੋ ਖੂੰਜਿਆਂ ਵਿਚ ਵੜ ਜਾਂਦੀ। ਛੱਤ ਉੱਤੇ ਤਾਰ ਤੇ ਟੰਗੇ ਲਹਿੰਗੇ ਚੁੰਨੀਆਂ ਹਵਾ ਚ ਉੱਡਣ ਲਗਦੇ।  ਹਾਸੇ, ਹੰਝੂ, ਗੱਲਾਂ ਤੇ ਗਾਲ਼ਾਂ ਦੀ ਅਵਾਜ਼ ਮਿਲ ਕੇ ਕੋਠੇ ਅੰਦਰ ਸੁੱਤੇ ਘਰ ਨੂੰ ਜਗਾ ਦਿੰਦੀ।  

ਪਰ ਜਿਵੇਂ ਘਰ ਦੀ ਛੱਤ ਭਾਵੇਂ ਸੱਤ ਭਰਾਵਾਂ ਦਾ ਭਾਰ ਭਾਵੇਂ ਝੱਲ ਜਾਵੇ ਪਰ ਇੱਕੋ ਜਵਾਨ ਕੁੜੀ ਦੇ ਭਾਰ ਨਾਲ ਤਿੜਕ ਜਾਂਦੀ ਹੈ, ਓਵੇਂ ਹੀ ਕੋਠੇ ਦੀ ਛੱਤ ਵੀ ਵਧਦੀ ਉਮਰ ਵਾਲੀਆਂ ਦੇ ਸਿਰ ਤੇ ਡਿੱਗਣ ਲਈ ਤਿਆਰ ਹੀ ਰਹਿੰਦੀ ਹੈ। ਇਸੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕੇ ਜਵਾਨੀ ਵਿਚ ਹੀ ਕਿਸੇ ਅਮੀਰਜ਼ਾਦੇ ਨੂੰ ਭਰਮ ਕੇ ਰਹਿਣ ਦਾ ਕੋਈ ਪੱਕਾ ਠਿਕਾਣਾ ਬਣਾ ਲਿਆ ਜਾਵੇ।  
 
ਤੇ ਜੇ ਮਧੂ ਵੀ ਇਹ ਕੋਸ਼ਿਸ਼ਾਂ ਕਰਦੀ ਰਹੀ ਏ ਤਾਂ ਕੀ ਹਰਜ਼ ਏ? ਪਿਆਰ ਤਾਂ ਉਸਨੇ ਬਸ ਇੱਕੋ ਵਾਰ ਅਜੀਤਪਾਲ ਨੂੰ ਹੀ ਕੀਤਾ ਸੀ, ਤੇ ਹੁਣ ਉਹ ਉਸਦੇ ਸਾਹਮਣੇ ਖੜਾ ਸੀ।

ਕਿੰਨਾ ਚਿਰ ਤਾਂ ਦੋਹਾਂ ਨੂੰ ਸਮਝ ਹੀ ਨੀ ਸੀ ਆਈ, ਬਈ ਗੱਲ ਕੀ ਕਰਨ। ਉਸ ਰਾਤ ਕੁਝ ਹੋਰ ਕਰਨ ਦਾ ਸਵਾਲ ਹੀ ਪੈਦਾ ਨੀ ਸੀ ਹੁੰਦਾ। ਅਜੀਤਪਾਲ ਕਮਰੇ ਦੇ ਚੱਕਰ ਕੱਟਦਾ ਰਿਹਾ ਤੇ ਮਧੂ ਮੰਜੇ ਦੇ ਕੋਨੇ ਤੇ ਸੁੰਘੜੀ ਜਿਹੀ ਬੈਠੀ ਰਹੀ। ਜੀ ਬੀ ਰੋਡ ਦਾ 64  ਨੰਬਰ ਕੋਠਾ ਦਿੱਲੀ ਦਾ ਸਭ ਤੋਂ ਮਸ਼ਹੂਰ ਕੋਠਾ ਮੰਨਿਆ ਜਾਂਦਾ ਸੀ, ਪਰ ਅਮੀਨਾ ਆਪਾ ਦੇ ਕੋਠੇ ਸਾਹਮਣੇ ਹਰ ਕੋਠਾ ਫਿੱਕਾ ਸੀ। ਅਮੀਨਾ ਆਪਾ ਦੇ ਕੋਠੇ ਦੇ ਦਰਵਾਜ਼ੇ ਸਿਰਫ ਅਮੀਰਾਂ ਲਈ ਖੁਲਦੇ, ਕਿਸੇ ਮਾੜੇ ਮੋਟੇ ਬੰਦੇ ਨੂੰ ਤਾਂ ਆਪਾ ਦੇ ਖ਼ਿਦਮਤਗਾਰ ਨੇੜੇ ਵੀ ਨਾ ਫਰਕਣ ਦਿੰਦੇ। ਆਪਾ ਆਪਣੀਆਂ ਕੁੜੀਆਂ ਦਾ ਖਾਸ ਖਿਆਲ ਰੱਖਦੀ, ਹਰ ਇੱਕ ਨੂੰ ਰੱਜ ਕੇ ਦੁੱਧ, ਘਿਓ ਤੇ ਬਦਾਮ ਖਿਲਾਉਂਦੀ। ਉੱਠਣ ਬੈਠਣ ਦਾ ਸਲੀਕਾ ਸਿਖਾਉਂਦੀ, ਪੜਨਾ ਲਿਖਣਾ ਸਿਖਾਉਂਦੀ ਤਾਂ ਜੋ ਕੁੜੀਆਂ ਗ਼ਜ਼ਲਾਂ ਤੇ ਸ਼ੇਅਰ ਪੜ ਕੇ ਸੁਣਾ ਸਕਣ। ਆਮ ਕੋਠਿਆਂ ਦੇ ਉਲਟ ਇਥੇ ਕੁੜੀਆਂ ਖੁੱਲੇ ਖੁੱਲੇ ਹਵਾਦਾਰ ਕਮਰਿਆਂ ਵਿਚ ਰਹਿੰਦੀਆਂ ਤੇ ਹਰ ਕੁੜੀ ਆਪਣੇ ਆਪ ਨੂੰ ਕਿਸੇ ਰਾਣੀ ਤੋਂ ਘੱਟ ਨਾ ਸਮਝਦੀ।  ਬਾਹਰ ਜਾਣ ਦੀ ਭਾਵੇਂ ਏਨਾ ਨੂੰ ਇਜਾਜ਼ਤ ਨਾ ਸੀ, ਪਰ ਕੋਠੇ ਅੰਦਰ ਇਹ ਸ਼ਹਿਜ਼ਾਦੀਆਂ ਵਾਂਗ ਗਹਿਣਿਆਂ ਚ ਲੱਦੀਆਂ, ਚੋਹਲ ਕਰਦੀਆਂ ਫਿਰਦੀਆਂ। ਬਾਹਰ ਜਾਣ ਦੀ ਭਾਵੇਂ ਏਨਾ ਨੂੰ ਇਜਾਜ਼ਤ ਨਾ ਸੀ, ਪਰ ਕੋਠੇ ਅੰਦਰ ਇਹ ਸ਼ਹਿਜ਼ਾਦੀਆਂ ਵਾਂਗ ਗਹਿਣਿਆਂ ਚ ਲੱਦੀਆਂ, ਚੋਹਲ ਕਰਦੀਆਂ ਫਿਰਦੀਆਂ।  ਪਰ ਅੱਜ ਮਧੂ ਦੇ ਅੰਦਰ ਦੀ ਸ਼ਹਿਜ਼ਾਦੀ, ਪਤਾ ਨਹੀਂ ਕਿਥੇ ਪਰ ਲਾ ਕੇ ਉਡ ਗਈ। ਲਾਲੀ ਪਾਊਡਰ ਦੇ ਹੇਠਾਂ ਉਸਦਾ ਚੇਹਰਾ ਜ਼ਰਦ ਭਾਅ ਮਾਰਨ ਲੱਗਿਆ । ਤੇ ਸਾਰਾ ਸਾਰਾ ਦਿਨ ਬੋਲਦੇ ਰਹਿਣ ਵਾਲੀ ਦੇ ਮੂੰਹੋਂ ਸਲਾਮ ਤਕ ਨਹੀਂ ਸੀ ਨਿਕਲਿਆ। ਜੇ ਅਜੀਤਪਾਲ ਦੀ ਥਾਂ ਕੋਈ ਹੋਰ ਹੁੰਦਾ ਤਾਂ ਹੁਣ ਤਕ ਆਪਣੀਆਂ ਅਦਾਵਾਂ ਨਾਲ ਕਦੋਂ ਦੀ ਉਸਨੂੰ ਕਤਲ ਕਰ ਚੁੱਕੀ ਹੁੰਦੀ। ਐਵੇਂ ਹੀ ਤਾਂ ਉਸ ਨੇ 10  ਬਾਰ ਪਾਕੀਜ਼ਾ ਨਹੀਂ ਸੀ ਦੇਖੀ, ਉਹ ਅਕਸਰ ਕਹਿੰਦੀ ਜੇ ਤਵਾਇਫ਼ ਹੋਵੇ ਤਾਂ ਲਖਨਊ ਦੀ, ਨਹੀਂ ਤਾਂ ਨਾ ਹੋਵੇ, ਤੇ ਉਹ ਅਕਸਰ ਭੁੱਲ ਜਾਂਦੀ ਕੇ ਉਹ ਆਪ ਲਖਨਊ ਦੀ ਨਹੀਂ, ਪੰਜਾਬ ਦੀ ਹੈ। ਪਾਕੀਜ਼ਾ ਚੋਂ ਕਿੰਨੇ ਹੀ ਸ਼ਬਦ ਉਰਦੂ ਦੇ ਉਸਨੇ ਰੱਟ ਲਏ ਸਨ ਤੇ ਉਹ ਬਾਰ ਬਾਰ ਉਹਨਾਂ ਨੂੰ ਨਖਰਿਆਂ ਨਾਲ ਦੁਹਰਾਉਂਦੀ। ਪਤਲੇ ਪਤਲੇ ਬੁੱਲਾਂ ਚੋਂ ਮਿਸ਼ਰੀ ਵਾਂਗ ਕਿਰਦੇ ਬੋਲ ਚੰਗੇ ਭਲੇ ਬੰਦੇ ਦੇ ਹੋਸ਼ ਉਡਾ ਦਿੰਦੇ।

ਪਰ ਅੱਜ ਤਾਂ ਮਧੂ ਓਥੇ ਰਹਿ ਹੀ ਨਹੀਂ ਸੀ ਗਈ, ਪਤਾ ਨੀ ਕੋਠੇ ਦੀ ਕਿਸ ਖਿੜਕੀ ਚੋ ਉਹ ਭੱਜੀ ਤੇ ਉਸਦੀ ਥਾਂ ਬੀਰੋ ਆ ਬੈਠੀ, ਬੀਰੋ ਜੋ ਕਈ ਸਾਲ ਪਹਿਲਾਂ ਅਜੀਤਪਾਲ ਦੀਆਂ ਬਾਹਾਂ ਚ ਪਿਘਲ ਗਈ ਸੀ। ਤੇ ਉਸਦੇ ਸਾਹਮਣੇ ਅਜੀਤਪਾਲ ਖੜਾ ਸੀ, ਜਿਸਨੇ ਇੱਕੋ ਵਾਰ ਬਾਹਾਂ ਚ ਲੈ ਕੇ ਉਸਨੂੰ ਜਵਾਨ ਕਰ ਦਿੱਤਾ ਸੀ।
 
ਹਾਲਾਂਕਿ ਉਸਦਾ ਕਿੰਨਾ ਮਨ ਸੀ ਕੇ ਉਹ ਪੁੱਛੇ, “ਮੇਰੇ ਪਿੰਡ ਛੱਡਣ ਤੋਂ ਬਾਅਦ ਕੀ ਤੂੰ ਕਦੇ ਮੈਨੂੰ ਯਾਦ ਨੀ ਕੀਤਾ? ਕਿ ਪਿੰਡ ਚ ਅੱਜ ਵੀ ਕੋਈ ਉਸਦਾ ਨਾਮ ਲੈਂਦਾ ਹੈ? ਸਾਡੇ ਵੇਹੜੇ ਦੇ ਬਾਹਰਲਾ ਪਿੱਪਲ ਕੀ ਅੱਜ ਵੀ ਉਹ ਓਥੇ ਹੈ? ਮੇਰੇ ਮਾਮੇ ਦੀਆਂ ਕੁੜੀਆਂ, ਕੀ ਓਹਨਾ ਦੇ ਵਿਆਹ ਹੋ ਗਏ? ਕੀ ਉਸਨੇ ਉਹਨਾਂ ਦੀਆਂ ਬਰਾਤਾਂ ਦੇਖੀਆਂ ਸੀ? ਪਰ ਚੌਧਰੀਆਂ ਦੇ ਮੁੰਡੇ ਨੂੰ ਚਮਾਰਲੀ ਦੀਆਂ ਗੱਲਾਂ ਦਾ ਕੀ ਪਤਾ ਹੋਣਾ ਸੀ?” ਸੋ ਕੁਝ ਪੁੱਛਣ ਦਾ ਕੀ ਮਤਲਬ ਸੀ। ਤੇ ਉਸ ਦਿਨ ਤਾਂ ਜਿਵੇਂ ਉਸ ਤੋਂ ਸ਼ਬਦ ਹੀ ਰੁੱਸ ਗਏ ਸਨ, ਉਹ ਕੁਝ ਨਾ ਬੋਲੀ।

ਉਸ ਰਾਤ ਬਿਨਾ ਕੁਝ ਕਹੇ ਹੀ ਅਜੀਤਪਾਲ ਪੈਸੇ ਛੱਡ ਕੇ ਚਲਿਆ ਗਿਆ। “ਚੰਦਰੇ ਨੇ ਨਜ਼ਰ ਭਰਕੇ ਦੇਖਿਆ ਵੀ ਨਹੀਂ, ਇੰਝ ਨੱਸ ਗਿਆ, ਜਿਵੇਂ ਮੈਨੂੰ ਕੋਹੜ ਪਿਆ ਹੋਵੇ, ਕਦੇ ਇੰਨਾ ਬਾਹਾਂ ਚ ਆਉਣ ਨੂੰ ਤੜਫਦਾ ਹੁੰਦਾ ਸੀ ਤੇ ਹੁਣ ਵੇਖਿਆ ਵੀ ਨਹੀਂ। ਜੇ ਮੈਂ ਧੰਦਾ ਕਰਦੀ ਹਾਂ ਤੇ ਕੀ ਗੁਨਾਹ ਹੋ ਗਿਆ, ਉਂਝ ਵੀ ਤਾਂ ਉਹ ਧੰਦੇ ਵਾਲੀ ਕੋਲ ਹੀ ਆਇਆ ਸੀ। ਆਪਣਾ ਆਪ ਵੇਚ ਕੇ ਖਾਨੀ ਹਾਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੀ, ਤੇ ਇਹ ਜਿਹੜੇ ਚਾਰ ਛਿੱਲੜ ਰੱਖ ਗਿਆ, ਮੈਨੂੰ ਕੀ ਭਿਖਾਰਨ ਸਮਝਦਾ ਹੈ। ਆਪ ਸਾਰੇ ਕੁੱਤੇ ਦੁੱਧ ਧੋਤੇ ਬਣ ਜਾਂਦੇ ਹਨ ਤੇ ਮਾੜੀ ਔਰਤ ਜਾਤ। ਜੇ ਰੰਡੀਆਂ ਤੋਂ ਏਨੀ ਸ਼ਰਮ ਆਉਂਦੀ ਹੈ, ਤਾਂ ਆਇਆ ਆਪਣੀ ਮਾਂ ਦਾ ਕਾਲਜਾ ਲੈਣ ਸੀ। ਸਾਰੀ ਰਾਤ ਉਹ ਅਜੀਤਪਾਲ ਨੂੰ ਗੱਲਾਂ ਕੱਢਦੀ ਸੁੱਤੀ ਨਾ।
 
ਤੇ ਸਵੇਰ ਹੁੰਦੇ ਹੀ ਆਪਾ ਦਾ ਬੁਲਾਵਾ ਆ ਗਿਆ, ਮਧੂ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ, “ਜ਼ਰੂਰ ਅਜੀਤਪਾਲ ਨੇ ਆਪਾ ਨੂੰ ਕੁਝ ਆਖ ਦਿੱਤਾ ਹੋਣਾ, ਕਿਹਾ ਹੋਵੇਗਾ, ਮੋਹਤਰਮਾ ਨੇ ਖਾਤਿਰਦਾਰੀ ਨੀ ਕੀਤੀ, ਤੇ ਹੁਣ ਆਪਾ ਰੋਟੀ ਦੀ ਥਾਂ ਸ਼ਿਟੀਆਂ ਦਾ ਪ੍ਰਸ਼ਾਦ ਖਵਾਏਗੀ। ਇਸ ਕਰਮਾਂਸੜੇ ਮੋਹਣੇ ਨੂੰ ਵੀ ਕੋਈ ਹੋਰ ਨੀ ਸੀ ਟੱਕਰਿਆ ਲਿਆਉਣ ਲਈ। ਪਲੇਗ ਪਏ ਮੋਏ ਨੂੰ” ਗਾਲ਼ਾਂ ਕਢਦੇ ਕਢਦੇ ਹੀ ਉਹ ਕੋਠੇ ਦੀਆਂ ਪੌੜੀਆਂ ਉਤਰੀ ਤੇ ਉਸੇ ਤਰਾਂ ਸੜੀ ਭੁੱਜੀ ਆਪਾ ਦੇ ਕਮਰੇ ਚ ਪਹੁੰਚੀ, ਚੋਰ ਅੱਖਾਂ ਨਾਲ ਹੀ ਉਹ ਆਪਾ ਦੀ ਸ਼ਟੀ ਨੂੰ ਲੱਭਦੀ ਰਹੀ, ਜਦ ਵੀ ਕਿਸੇ ਕੁੜੀ ਦੀ ਸ਼ਿਕਾਇਤ ਆਉਂਦੀ ਤਾਂ ਆਪਾ ਘੰਟਿਆਂ ਬੱਧੀ ਇਸ ਸ਼ਟੀ ਨਾਲ ਉਸ ਦੀ ਮੁਰੰਮਤ ਕਰਦੀ ਤੇ ਕਈ ਦਿਨ ਖਾਣਾ ਨਾ ਦਿੰਦੀ। ਮਧੂ ਨੇ ਵੀ ਕਈ ਵਾਰ ਇਸ ਦਾ ਸਵਾਦ ਚਖਿਆ ਸੀ, ਭਾਵੇਂ ਸੱਟਾਂ ਤੋਂ ਉਸਨੂੰ ਬਹੁਤਾ ਡਰ ਨੀ ਸੀ ਲਗਦਾ, ਪਰ ਕਈ ਦਿਨ ਭੁੱਖੇ ਰਹਿਣਾ ਉਸਦੇ ਵੱਸੋਂ ਬਾਹਰ ਹੋ ਜਾਂਦਾ। ਪੌੜੀਆਂ ਉਤਰਦੇ ਉਤਰਦੇ ਹੀ ਉਸਨੇ ਅੱਖਾਂ ਵਿਚ ਉਂਗਲੀਆਂ ਮਾਰ ਕੇ ਲਾਲ ਕਰ ਲਈਆਂ ਸਨ, ਇਸ ਤਰਾਂ ਕਈ ਵਾਰ ਉਹ ਆਪਾ ਦੀ ਮਾਰ ਤੋਂ ਬਚੀ ਸੀ, ਪਾਣੀ ਨਾਲ ਭਰੀਆਂ ਲਾਲ ਅੱਖਾਂ ਬਚਪਨ ਤੋਂ ਉਸਨੂੰ ਮਾਰ ਤੋਂ ਬਚਾਉਂਦੀਆਂ ਆਈਆਂ ਸਨ। ਉਸਨੇ ਸੋਚਿਆ ਤਾਂ ਸੀ ਕੇ ਕਮਰੇ ਚ ਜਾਂਦੇ ਹੀ ਆਪਾ ਦੇ ਪੈਰਾਂ ਤੇ ਡਿਗ ਕੇ ਰੋਣ ਲੱਗ ਪਏਗੀ, ਪਰ ਕਮਰੇ ਚ ਖੜੇ ਅਣਜਾਣ ਆਦਮੀ ਨੂੰ ਦੇਖਕੇ ਕੁਝ ਝੇਂਪ ਗਈ ਤੇ ਦਰਵਾਜ਼ੇ ਕੋਲ ਖੜੋ ਗਈ।

ਆਪਾ ਦੇ ਕੋਲ ਖੜਾ ਆਦਮੀ ਸ਼ਕਲੋਂ ਮੁਨੀਮ ਜਿਹਾ ਲੱਗ ਰਿਹਾ ਸੀ, ਜ਼ਰੂਰ ਕਿਸੇ ਦੀ ਖਾਸ ਦਾਵਤ ਦਾ ਸੱਦਾ ਲੈ ਕੇ ਆਇਆ ਹੋਣਾ, ਕੀ ਪਤਾ ਇਸੇ ਕਾਰਣ ਆਪਾ ਨੇ ਬੁਲਾਇਆ ਹੋਵੇ, ਖੈਰ ਇਹ ਤਾਂ ਕੁਝ ਰਾਹਤ ਦੀ ਗੱਲ ਸੀ। ਇਸ ਨਵੇਂ ਆਦਮੀ ਦੇ ਆਉਣ ਨਾਲ ਆਪਾ ਦਾ ਚੇਹਰਾ ਖਿੜਿਆ ਪਿਆ ਸੀ, ਤੇ ਉਹ ਖੁੱਲ ਕੇ ਹੱਸ ਰਹੀ ਸੀ, ਹੱਸਦੇ ਹੋਏ ਉਸਦਾ ਭਾਰੇ ਸ਼ਰੀਰ ਵਿਚ ਲਹਿਰਾਂ ਜਹੀਆਂ ਉਠਦੀਆਂ।
ਫੇਰ ਆਪਾ ਨੇ ਮਧੂ ਨੂੰ ਆਪਣੇ ਕੋਲ ਬੁਲਾ ਕੇ ਪਿਆਰ ਕੀਤਾ ਤੇ ਐਲਾਨ ਕੀਤਾ ਕੇ ਅੱਜ ਤੋਂ ਉਹਨਾਂ ਦੀ ਧੀ ਪਰਾਈ ਹੋ ਗਈ, ਰਾਤ ਵਾਲੇ ਗਾਹਕ ਨੇ 25000  ਨਗਦ ਦੇ ਕੇ ਉਸਨੂੰ ਖਰੀਦ ਲਿਆ ਹੈ। ਆਪਾ ਦੇ ਕਮਰੇ ਵਿਚ ਖੁਸ਼ੀ ਨਾਲ ਠਹਾਕੇ ਗੂੰਜਣ ਲੱਗੇ, ਬਾਕੀ ਕੁੜੀਆਂ ਮਧੂ ਨੂੰ ਚੂੰਡੀਆਂ ਵਧਣ ਲੱਗੀਆਂ, ਪਰ ਮਧੂ ਨੂੰ ਕਿੰਨਾ ਚਿਰ ਇਸ ਗੱਲ ਤੇ ਯਕੀਨ ਹੀ ਨਾ ਆਇਆ। ਰਾਤ ਵਾਲਾ ਗਾਹਕ, ਮਤਲਬ ਅਜੀਤਪਾਲ, ਉਹ ਰੱਬਾ, ਇਹ ਤਾਂ ਕਿਸੇ ਸੋਹਣੇ ਸੁਪਨੇ ਤੋਂ ਵੀ ਕਿਤੇਸੋਹਣਾ ਹੈ। ਖੁਸ਼ੀ ਨਾਲ ਮਧੂ ਦੀਆਂ ਅੱਖਾਂ ਚੋ ਹੰਝੂ  ਵਹਿ ਤੁਰੇ ਤੇ ਆਪਣੀਆਂ ਸਾਥਣਾਂ ਚ ਖੜੀ ਉਹ ਇੰਝ ਸ਼ਰਮਾਉਣ ਲੱਗੀ ਜਿਵੇਂ ਆਪਣੇ ਸਾਕ ਦੀ ਗੱਲ ਸੁਣਕੇ ਕੋਈ ਕੁੰਵਾਰੀ ਕੁੜੀ ਸ਼ਰਮਾਉਂਦੀ ਹੈ।

ਤੇ ਫੇਰ ਆਪਣਾ ਸਮਾਨ ਬੰਨਣ ਜਦੋਂ ਕਮਰੇ ਚ ਪਹੁੰਚੀ ਤਾਂ ਬੀਤੇ ਦੀਆਂ ਸਾਰੀਆਂ ਤਸਵੀਰਾਂ ਇੱਕ ਇੱਕ ਕਰਕੇ ਅੱਖਾਂ ਅੱਗੇ ਘੁੱਮਣ ਲੱਗੀਆਂ। ਕੋਠੇ ਚ ਉਸਦਾ ਪਹਿਲਾ ਦਿਨ, ਤੇ ਅਗਲੇ ਕਿੰਨੇ ਦਿਨ, ਜਦੋਂ ਉਹ ਗਵਾਚੀ ਗਾਂ ਵਾਂਗ ਕੋਠੇ ਚ ਫਿਰਦੀ ਰਹਿੰਦੀ ਸੀ, ਉਸਦਾ ਪਹਿਲਾ ਗਾਹਕ, ਉਹ ਪਹਿਲਾ ਦਰਦ, ਤੇ ਫੇਰ ਹੌਲੀ ਹੌਲੀ ਪੈ ਗਈ ਆਦਤ। 5 ਸਾਲ ਉਸਨੇ ਇਸ ਕੋਠੇ ਚ ਬਿਤਾਏ ਸਨ, ਉਹ ਤਾਂ ਭੁੱਲ ਵੀ ਚੁੱਕੀ ਸੀ ਕੇ ਬਾਹਰ ਵੀ ਇੱਕ ਦੁਨੀਆ ਹੈ, ਜਿੱਥੇ ਆਮ ਲੋਕ ਰਹਿੰਦੇ ਹਨ, ਜਿੱਥੇ ਮਰਦ ਗਾਹਕ ਨਹੀਂ, ਆਸ਼ਿਕ ਹੁੰਦੇ ਹਨ, ਪਤੀ ਹੁੰਦੇ ਹਨ।

ਤੇ ਫੇਰ ਭਵਿੱਖ ਦੀਆਂ ਚਿੰਤਾਵਾਂ ਉਸਨੂੰ ਖਾਣ ਲੱਗੀਆਂ, ਏਨੇ ਸਾਲਾਂ ਚ ਇੱਕ ਵਾਰ ਵੀ ਉਸਨੇ ਕਿਸੇ ਭਵਿੱਖ ਦੀ ਕਲਪਨਾ ਨਹੀਂ ਸੀ ਕੀਤੀ। ਤੇ ਹੁਣ ਅਚਾਨਕ ਉਸਦੇ ਅੰਦਰ ਦਿਲ ਧੜਕਣ ਲੱਗ ਪਿਆ ਸੀ, “ਜ਼ਰੂਰ ਅਜੀਤਪਾਲ ਅੱਜ ਵੀ ਉਸਨੂੰ ਪਿਆਰ ਕਰਦਾ ਹੈ, ਇਸੇ ਲਈ ਉਸਨੂੰ ਖਰੀਦ ਲਿਆ ਹੋਵੇਗਾ, ਪਰ ਹੁਣ ਕੀ ਉਹ ਉਸ ਨਾਲ ਵਿਆਹ ਕਰਾਏਗਾ? ਰੱਬਾ ਇਹ ਕਿੰਝ ਹੋ ਸਕਦਾ? ਕੀ ਉਹ ਆਪਣੇ ਆਪ ਨੂੰ ਮੇਰੀ ਇਸ ਹਾਲਤ ਲਈ ਜਿੰਮੇਵਾਰ ਤਾਂ ਨਹੀਂ ਸਮਝਦਾ? ਸੋਚਦੇ ਸੋਚਦੇ ਉਸਨੂੰ ਕੋਠੇ ਦੀਆਂ ਕੰਧਾਂ ਤੋਂ ਘਿਣ ਆਉਣ ਲੱਗੀ, ਜੋ ਕੋਠਾ ਅਜੇ ਤਕ ਮਧੂ ਨੂੰ ਆਪਣਾ ਘਰ ਲਗਦਾ ਸੀ, ਅਚਾਨਕ ਕੈਦ ਲੱਗਣ ਲਗ ਗਿਆ, ਪਤਾ ਨਹੀਂ ਕਿਥੋਂ ਲੱਖਾਂ ਸੁਪਨੇ ਆਏ ਤੇ ਉਸਦੀਆਂ ਅੱਖਾਂ ਚ ਖੇਡਣ ਲਗ ਗਏ। ਬੀਤੇ ਦੀ ਗਲਵਕੜੀ ਦਾ ਨਿੱਘ ਫੇਰ ਤਾਜ਼ਾ ਹੋ ਗਿਆ। ਤੇ ਮਧੂ ਦੇ ਚੇਹਰੇ ਤੇ ਅੱਜ ਬਿਨਾ ਕਿਸੇ ਪਾਊਡਰ ਦੇ ਲਾਲੀਆਂ ਦੌੜਨ ਲੱਗਿਆਂ।
 
ਦੁਪਹਿਰ ਵੇਲੇ ਉਸਨੂੰ ਲੈਣ ਲਈ ਇੱਕ ਗੱਡੀ ਆਈ, ਕੋਠੇ ਦੀਆਂ ਸਾਰੀਆਂ ਸਹੇਲੀਆਂ ਨੇ ਗਿੱਲੀਆਂ ਅੱਖਾਂ ਤੇ ਹਸਦੇ ਬੁੱਲਾਂ ਨਾਲ ਉਸਨੂੰ ਵਿਦਾ ਕੀਤਾ। ਅਜੀਤਪਾਲ ਆਪ ਉਸਨੂੰ ਲੈਣ ਕਿਉਂ ਨਹੀਂ ਸੀ ਆਇਆ, ਪੁੱਛ ਪੁੱਛ ਕੇ ਉਸਨੇ ਡਰਾਈਵਰ ਦਾ ਸਿਰ ਖਾ ਲਿਆ? ਤੇ ਫੇਰ ਗੱਡੀ ਇੱਕ ਛੋਟੇ ਜਹੇ ਮਕਾਨ ਦੇ ਸਾਹਮਣੇ ਰੁਕ ਗਈ।

ਕਮਰਾ ਭਾਵੇਂ ਬਹੁਤਾ ਵੱਡਾ ਨਹੀਂ ਸੀ ਪਰ ਸਾਫ ਸੁਥਰਾ ਸੀ, ਕੰਧਾਂ ਤੇ ਅਖਬਾਰਾਂ ਚੋਣ ਕੱਟੀਆਂ ਹੀਰੋਇਨਾਂ ਦੀਆਂ ਤਸਵੀਰਾਂ ਲੱਗਿਆਂ ਹੋਈਆਂ ਸਨ, ਦਰਵਾਜ਼ੇ ਦੇ ਪਿਛਲੇ ਪਾਸੇ ਇੱਕ ਕੈਲੰਡਰ ਲੱਗਿਆ ਹੋਇਆ ਸੀ। ਕਮਰੇ ਦੇ ਇੱਕ ਕੋਨੇ ਤੇ ਮੰਜਾ ਪਿਆ ਸੀ, ਜਿਸ ਉੱਤੇ ਚਿੱਟੇ ਰੰਗ ਦੀ ਗੁਲਾਬੀ ਫੁੱਲਾਂ ਵਾਲੀ ਚਾਦਰ ਵਿਛੀ ਹੋਈ ਸੀ। ਇੱਕ ਕੋਨੇ ਤੇ ਗੋਡਰੇਜ਼ ਦੀ ਸ਼ੀਸ਼ੇ ਵਾਲੀ ਅਲਮਾਰੀ ਪਈ ਸੀ, ਜਿਸ ਵਿੱਚ ਬਹੁਤ ਸਾਰੀਆਂ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ।
 
“ਮਧੂ,
ਇਸ ਨਵੇਂ ਘਰ ਵਿੱਚ ਤੇਰਾ ਸਵਾਗਤ ਹੈ, ਉਮੀਦ ਹੈ ਤੈਨੂੰ ਉਸ ਨਰਕ ਵਿਚੋਂ ਨਿਕਲ ਕੇ ਖੁਸ਼ੀ ਹੋਈ ਹੋਵੇਗੀ, ਤੂੰ ਹੈਰਾਨ ਹੋਵੇਂਗੀ ਕਿ ਮੈਂ ਕੱਲ ਬਿਨਾ ਕੁਝ ਕਹੇ, ਬਿਨਾ ਤੈਨੂੰ ਹੱਥ ਲਾਏ ਆ ਗਿਆ, ਤੇ ਅੱਜ ਤੈਨੂੰ ਖਰੀਦ ਲਿਆ, ਅਸਲ ਚ ਤੇਰੇ ਮੰਜੇ ਤੇ ਪਈਆਂ ਸਿਲਵਟਾਂ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ, ਮੇਰੇ ਤੋਂ ਪਹਿਲਾਂ ਕਿਸੇ ਹੋਰ ਬੰਦੇ ਦੇ ਓਥੇ ਸੌਣ ਦੇ ਇਹਸਾਸ ਨੇ ਹੀ ਮੈਨੂੰ ਘਿਣ ਨਾਲ ਭਰ ਦਿੱਤਾ ਸੀ। ਮੈਂ ਅੱਜ ਤੋਂ ਪਹਿਲਾਂ ਕਦੇ ਕਿਸੇ ਕੋਠੇ ਤੇ ਨਹੀਂ ਗਿਆ, ਅਮੀਨਾ ਆਪਾ ਖੁਦ ਹੀ ਕਿਸੇ ਨਾ ਕਿਸੇ ਨੂੰ ਭੇਜਦੀ ਰਹੀ ਹੈ। ਉਸ ਦਿਨ ਮੋਹਣੇ ਨੇ ਜ਼ਬਰਦਸਤੀ ਤੇਰੀ ਤਸਵੀਰ ਦਿਖਾਈ ਤਾਂ ਮੇਰੇ ਤੋਂ ਰਿਹਾ ਨੀ ਗਿਆ। ਮੈਨੂੰ ਸੋਹਣੀਆਂ ਚੀਜ਼ਾਂ ਦਾ ਬਹੁਤ ਸ਼ੌਂਕ ਹੈ, ਤੇ ਜੋ ਚੀਜ਼ ਮੈਨੂੰ ਸੋਹਣੀ ਲੱਗੇ, ਉਸਨੂੰ ਕੋਈ ਹੋਰ ਹੱਥ ਲਾਏ, ਮੈਨੂੰ ਪਸੰਦ ਨਹੀਂ।

ਮੈਨੂੰ ਚੰਗਾ ਲੱਗਿਆ ਕੇ ਤੂੰ ਓਥੇ ਰਹਿੰਦੀਆਂ ਬਾਕੀ ਕੁੜੀਆਂ ਵਾਂਗ ਹੋਸ਼ੀਆਂ ਹਰਕਤਾਂ ਨਹੀਂ ਕਰਦੀ ਤੇ ਕਿਸੇ ਸੁਘੜ ਸਿਆਣੀ ਤੀਵੀਂ ਵਾਂਗ ਸ਼ਰਮੀਲੀ ਏਂ। ਬਹੁਤੀਆਂ ਚੋਹਲਬਾਜ਼ੀਆਂ ਕਰਨ ਵਾਲੀਆਂ ਤੋਂ ਮੈਨੂੰ ਘਿਣ ਹੈ।

ਤੂੰ ਉਹ ਪਹਿਲੀ ਕੁੜੀ ਏਂ ਜਿਸਨੂੰ ਮੈਂ ਹਮੇਸ਼ਾ ਲਈ ਖਰੀਦਿਆ ਹੈ, ਤੇ ਮੈਂ ਤੈਨੂੰ ਆਪਣੀ ਰਾਣੀ ਬਣਾਉਣਾ ਚਾਹੁਨਾ ਹਾਂ। ਉਮੀਦ ਹੈ ਤੂੰ ਵੀ ਮੇਰੀ ਖੁਸ਼ੀ ਦਾ ਖਿਆਲ ਰੱਖੇਂਗੀ।
ਜੇ ਤੈਨੂੰ ਖਾਣਾ ਬਣਾਉਣਾ ਆਉਂਦਾ ਹੈ ਤਾਂ ਚਿਕਨ ਬਣਾ ਕੇ ਰੱਖੀਂ। ਤੇਰੇ ਲਈ ਨਵਾਂ ਗੁਲਾਬੀ ਸੂਟ ਅਲਮਾਰੀ ਵਿੱਚ ਪਿਆ ਹੈ, ਇਹ ਪਾਕੇ ਰੱਖੀਂ, ਮੈਨੂੰ ਇਹੀ ਰੰਗ ਪਸੰਦ ਹੈ। ਮੈਂ ਰਾਤ ਨੂੰ 10 ਬਜੇ ਤੋਂ ਬਾਅਦ ਆਵਾਂਗਾ।

ਖਾਸ ਹਿਦਾਇਤ: ਮੇਰੇ ਬਿਸਤਰੇ ਦੀ ਚਾਦਰ ਤੇ ਕੋਈ ਸਿਲਵਟ ਨਾ ਹੋਵੇ, ਮੈਨੂੰ ਕਿਸੇ ਦੀ ਵਰਤੀ ਚਾਦਰ ਤੇ ਸੌਣ ਤੋਂ ਨਫਰਤ ਹੈ।
ਰਾਤ ਨੂੰ ਮਿਲਦਾ ਹਾਂ।
ਤੇਰਾ ਮਾਲਕ।
ਅਜੀਤਪਾਲ
 
” ਤਾਂ ਕੀ ਉਸਨੇ ਬੀਰੋ ਨੂੰ ਨਹੀਂ ਮਧੂ ਨੂੰ ਖਰੀਦਿਆ ਸੀ? ਤਾਂ ਕੀ ਉਸਨੇ ਸੱਚੀਂ ਮੈਨੂੰ ਨਹੀਂ ਸੀ ਪਹਿਚਾਣਿਆ? ਬੀਤੇ ਦੀ ਗਲਵਕੜੀ ਉਸਨੂੰ ਸੱਚੀਂ ਭੁੱਲ ਗਈ? ਇੱਕ ਗਲਵਕੜੀ ਜਿਸਨੇ ਮੈਨੂੰ ਘਰੋਂ ਚੱਕ ਕੇ ਕੋਠੇ ਤਕ ਪਹੁੰਚਾ ਦਿੱਤਾ, ਉਸਨੂੰ ਚੇਤੇ ਵੀ ਨਹੀਂ। ਉਹ ਕੋਠੇ ਵਾਲੀ ਮਧੂ ਨੂੰ ਖਰੀਦ ਕੇ ਲਿਆਇਆ ਸੀ, ਬੀਰੋ ਨੂੰ ਨਹੀਂ। ਤੇ ਮੈਨੂੰ ਲੱਗਦਾ ਰਿਹਾ ਕੇ ਉਹ ਪਿਆਰ ਸਦਕੇ ਮੈਨੂੰ ਲੈ ਆਇਆ। ਅਮੀਨਾ ਆਪਾ ਸਹੀ ਕਹਿੰਦੀ ਸੀ, “ਮਰਦ ਜਾਂ ਤਾਂ ਗਾਹਕ ਹੁੰਦਾ ਹੈ ਜਾਂ ਮਾਲਕ, ਆਸ਼ਿਕ ਕਦੇ ਨਹੀਂ ਹੁੰਦਾ”। ਸੋਚਦੀ ਸੋਚਦੀ ਉਸਨੇ ਚਾਦਰ ਦੀਆਂ ਸਿਲਵਟਾਂ ਨੂੰ ਮੁੜ ਠੀਕ ਕੀਤਾ ਤੇ ਫੇਰ ਠੰਡੇ ਫ਼ਰਸ਼ ਤੇ ਪੈ ਗਈ।

ਉਸਨੇ ਸੋਚਿਆ ਕੇ ਉਹ ਅਜੀਤਪਾਲ ਨੂੰ ਦੱਸ ਦੇਵੇ ਕੇ ਉਹ ਕੌਣ ਹੈ, ਉਸਨੂੰ ਯਾਦ ਕਰਾਏ ਤੇ ਉਸਦੀਆਂ ਬਾਹਾਂ ਚ ਪਿਘਲ ਜਾਵੇ, ਪਰ ਦਿਲ ਨੇ ਗਵਾਹੀ ਨਾ ਭਰੀ। ਬੀਰੋ ਤੇ ਕੋਠੇ ਤੇ ਬੈਠਣ ਦਾ ਖਿਆਲ ਵੀ ਉਸਦੇ ਦਿਲ ਨੋ ਡੋੱਬਣ ਲਗ ਜਾਂਦਾ। ਬੀਰੋ ਕੋਠੇ ਵਾਲੀ ਨਹੀਂ ਹੋ ਸਕਦੀ, ਠੀਕ ਓਸੇ ਤਰਾਂ ਜਿਵੇਂ ਮਧੂ ਕਿਸੇ ਦੀ ਪਤਨੀ ਨਹੀਂ ਹੋ ਸਕਦੀ। ਤੇ ਅਜੀਤਪਾਲ ਨੂੰ ਤਾਂ ਇੱਕ ਸੁਘੜ ਸਿਆਣੀ ਤੀਵੀਂ ਵਰਗੀ ਰਖੈਲ ਚਾਹੀਦੀ ਸੀ, ਜੋ ਨਾ ਮਧੂ ਸੀ ਤੇ ਨਾ ਬੀਰੋ।

ਸਾਲਾਂ ਪਹਿਲਾਂ ਮਰੀ ਹੋਈ ਬੀਰੋ ਅੱਜ ਫੇਰ ਝੰਡਾ ਚੱਕੀ ਖੜੀ ਸੀ, ਕਿਸੇ ਵੀ ਮਰਦ ਦੀ ਗੁਲਾਮੀ ਤੋਂ ਬੇਹਤਰ ਉਹ ਮਾਰ ਜਾਣਾ ਸਮਝਦੀ ਸੀ, ਪਰ ਮਧੂ ਸੀ ਜੋ ਹੁਣ ਵੀ ਸੌਖਾ ਰਾਹ ਚੁਣ ਕੇ ਇਸੇ ਨੂੰ ਕਿਸਮਤ ਮੰਨਣ ਦੀ ਦੁਹਾਈ ਦੇ ਰਹੀ ਸੀ।

ਮਧੂ ਤੇ ਬੀਰੋ ਦੇ ਇਸ ਘੋਲ ਨੂੰ ਥੰਮਾਂ ਦੇਣ ਲਈ, ਹਵਾ ਨੇ ਇੱਕ ਵਾਰ ਫੇਰ ਚਾਦਰ ਤੇ ਸਿਲਵਟਾਂ ਪਾ ਦਿੱਤੀਆਂ, ਤੇ ਅਗਲੇ ਹੀ ਪਲ 2 ਹੱਥਾਂ ਨੇ ਚਾਦਰ ਨੂੰ ਲੀਰਾਂ ਕਰ ਦਿੱਤਾ। ਗੁਲਾਬੀ ਚੁੰਨੀ ਉਡ ਕੇ ਪੱਖੇ ਚ ਫਸੀ ਚੱਕਰ ਖਾਂਦੀ ਰਹੀ। ਤੇ ਇੱਕ ਪਰਛਾਵਾਂ ਹਨੇਰੇ ਚੋ ਤਿਲਕਦਾ ਗਲੀ ਦੇ ਮੋੜ ਤੋਂ ਗਾਇਬ ਹੋ ਗਿਆ।
 
ਇੱਕ ਖਰੀਦਦਾਰ, ਇੱਕ ਸੌਦਾ, ਇੱਕ ਮਿਲਕ ਤੇ ਰੇਲ ਦੀ ਪਟੜੀ ਕੋਲ ਸਾਹੋ ਸਾਹ ਭੱਜੀ ਜਾਂਦੀ ਇੱਕ ਸਿਲਵਟ।

 
ਸੰਪਰਕ: +91 85579 35379
ਚੀਰੇ ਵਾਲਾ -ਜਗਤਾਰ ਸਿੰਘ ਭਾਈ ਰੂਪਾ
ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ। – ਕਰਨ ਬਰਾੜ ਹਰੀ ਕੇ ਕਲਾਂ
ਨਿੱਕੀਆਂ ਵੱਡੀਆਂ ਧਰਤੀਆਂ -ਇਕਬਾਲ ਰਾਮੂਵਾਲੀਆ
ਦਰਦ -ਜਿੰਦਰ
ਪੰਘੂੜਾ -ਨੁਜ਼ਹਤ ਅੱਬਾਸ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਸੱਜਣਾ ਸਦਾ ਨਹੀਂ ਰਹਿਣੇ ਮਾਪੇ -ਗੁਰਤੇਜ ਸਿੰਘ

ckitadmin
ckitadmin
June 20, 2016
ਬਦਲ ਤੂੰ ਵੀ -ਕ੍ਰਿਸ਼ਨ ਬੇਤਾਬ
ਨੰਬਰ ਦੋ -ਗੋਵਰਧਨ ਗੱਬੀ
ਹਮ ਹਿੰਦੁਸਤਾਨੀ -ਸੁਕੀਰਤ
ਪੰਜਾਬ ਦੇ ਕੰਢੀ ਖਿੱਤੇ ਦੇ ਪਿੰਡਾਂ ਦਾ ਦੁਖਾਂਤ – ਸ਼ਿਵ ਕੁਮਾਰ ਬਾਵਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?