ਪੰਛੀ ਦੇ ਪੈਰੀਂ ਪਈ ਚੋਗੇ ਦੀ ਜ਼ੰਜੀਰ
ਕੂੰਜਾਂ ਪਹੁੰਚਣ ਦੱਖਣੇ, ਲੰਮੀਆਂ ਵਾਟਾਂ ਚੀਰ।
—-
ਸਾਥ ਸਨੇਹੀ ਭਾਲ਼ਦੈਂ, ਸਹਿਜੇ ਚੇਤਨ ਚੱਲ
ਸਭ ਤੋਂ ਤਿੱਖਾ ਨੱਸਦਾ ਭੋਗੇ ਸਦਾ ਇਕੱਲ।
—-
ਭੋਲ਼ੇ ਭਾਅ ਸੀ ਵਣਜਿਆ ਹੱਟੀ ਵਾਲ਼ਾ ਯਾਰ
ਲੁੱਟੇ-ਪੁੱਟੇ ਭਟਕਦੇ, ਅਸੀਂ ਕੰਗਾਲਾਂ ਹਾਰ।
—-
ਝੂਠੇ ਫ਼ਤਵੇ ਵੇਚਦੈਂ, ਬਣਦੈਂ ਰੱਬ ਦਾ ਨੈਬ
ਗਿਣ ਔਗੁਣ ਅਪਣੇ ਪੁਣੀਂ ਫੇਰ ਕਿਸੇ ਦੇ ਐਬ।
—-
ਸਿਰ ਨਾ ਕੱਟ, ਦਲੀਲ ਕੱਟ, ਤਰਕ ਨਾਲ਼ ਕਰ ਗੱਲ
ਗੁਰੂ ਨਾਨਕ ਦੇ ਰਾਹ ਤੇ ਗੋਸ਼ਟਿ ਕਰਦਾ ਚੱਲ।
ਗੁਰਚਰਨ ਰਾਮਪੁਰੀ ਦੇ ਕੁਝ ਦੋਹੇ
Leave a Comment

