ਸੁੱਕੇ ਕਿਤਾਬ ਅੰਦਰ, ਦਿੱਤੇ ਗ਼ੁਲਾਬ ਤੇਰੇ।
ਆਉਂਦੇ ਨਹੀਂ ਕਦੀਂ ਹੁਣ, ਭੁੱਲ ਕੇ ਵੀ ਖ਼ੁਆਬ ਤੇਰੇ।
ਇੱਕ ਪਲ ’ਚ ਹੋ ਗਿਆ ਸੀ, ਰੌਸ਼ਨ ਮੇਰਾ ਚੁਫੇਰਾ,
ਉੱਠਿਆ ਜਦੋਂ ਸੀ ਮੁੱਖ ਤੋਂ, ਦਿਲਬਰ ਨਕਾਬ ਤੇਰੇ।
ਮੰਗੇ ਇਹ ਜਾਨ ਮੈਥੋਂ, ਹਰ ਵਾਰ ਜਾਨ ਮੰਗੇ,
ਮੈਂ ਜਾਨ ਵਾਰ ਦੇਵਾਂ, ਸਦਕੇ ਸ਼ਬਾਬ ਤੇਰੇ।
ਸਾਹੀਂ ਤੇਰੇ ਜੇ ਸਰਗਮ, ਮੈਂ ਤਾਲ ਦਾ ਹਾਂ ਪੱਕਾ,
ਪੈਰਾਂ ’ਚ ਕੱਚ ਮੇਰੇ, ਮੋਢੇ ਰਬਾਬ ਤੇਰੇ।
ਫੁੱਲਾਂ ਦੇ ਹੱਥ ਘੱਲੇ, ਮੈਂ ਪਿਆਰ ਦੇ ਸੁਨੇਹੇ,
ਕੰਢਿਆਂ ਦੇ ਹੱਥ ਆਏ, ਵਾਪਸ ਜਵਾਬ ਤੇਰੇ ।
ਇਹ ਦਿਲ ਮਿਰੇ ਦਾ ਅੰਬਰ ,ਘੁੱਗੀ ਦੇ ਵਾਸਤੇ ਹੈ,
ਤੇਰੀ ਉਡਾਨ ਉੱਚੀ, ਹੱਥ ਵਿੱਚ ਉਕਾਬ ਤੇਰੇ।
ਹੈ ਸੌ ਤਰ੍ਹਾਂ ਦੀ ਤੇਰੇ ,ਘਰ ਵਿੱਚ ਸ਼ਰਾਬ ਐਪਰ,
ਘਰ ਵਿੱਚ ਨਾ ਮੈਨੂੰ ਦਿਸਦੀ, ਇੱਕ ਵੀ ਕਿਤਾਬ ਤੇਰੇ ।
ਸੰਪਰਕ: +91 99143 10063

