ਮੇਰੀ ਜ਼ਿੰਦਗੀ ਦੀ ਕਿਤਾਬ ਦਾ ਹਰ ਕਿੱਸਾ ਅਧੂਰਾ ਏ
ਜਦ ਵੀ ਕਲਮ ਮੇਰੀ ਕੋਸ਼ਿਸ਼ ਕਰਦੀ ਹੈ
ਕਿ ਕਿਸੇ ਕਹਾਣੀ ਦੇ ਆਗ਼ਾਜ਼ ਨੂੰ ਇਕ ਸੁੰਦਰ ਅੰਤ ਮਿਲ ਜਾਵੇ
ਤਾਂ ਇਹ ਮੇਰੀ ਤਕਦੀਰ ਨੂੰ ਗਵਾਰਾ ਨਹੀਂ ਹੁੰਦਾ
ਅਤੇ ਨਾ ਹੀ ਵਕਤ ਨੂੰ
ਮੇਰੀ ਕਹਾਣੀ ਵਿਚਲੇ ਕਿਰਦਾਰਾਂ ਨੂੰ ਅਕਸਰ ਵਕਤ ਦੀ ਥੋੜ ਹੁੰਦੀ ਏ
ਤੇ ਓਹ ਮੁਖ ਕਿਰਦਾਰ ਭਾਵ ‘ਮੈਂ’ ਨੂੰ ਅਲਵਿਦਾ ਆਖ ਚਲੇ ਜਾਂਦੇ ਨੇ
ਦੂਰ ਕਿਧਰੇ ਅਨਜਾਣ ਗੁਮਨਾਮ ਜਗ੍ਹਾ
ਇਸ ਕਦਰ ਬੇਪਰਵਾਹ ਹੁੰਦੇ ਨੇ ਓਹ ।
ਮੇਰੀ ਜ਼ਿੰਦਗੀ ਦੀ ਕਿਤਾਬ ਦੇ ਕੋਰੇ ਪੰਨੇ ਕੋਰੇ ਰਹ ਜਾਂਦੇ ਨੇ
ਤੇ ਇਕ ਹੋਰ ਕਿੱਸਾ
ਰੋਂਦਾ ਵਿਲਕਦਾ
ਆਪਣੇ ਅੰਜਾਮ ਨੂੰ ਉਡੀਕਦਾ
ਅਧੂਰਾ ਹੋਣ ਦੇ ਬਾਵਜੂਦ
ਜ਼ਿੰਦਗੀ ਦੀ ਅਮਿੱਟ ਯਾਦ ਬਣਕੇ ਰਹਿ ਜਾਂਦਾ ਹੈ
ਹਮੇਸ਼ਾ ਲਈ ਸ਼ਾਇਦ ਜ਼ਿੰਦਗੀ ਤੱਕ
ਜਾਂ ਫਿਰ ਮੌਤ ਤੱਕ

