ਤੈਨੂੰ ਤੇਰੇ ਜਾਇਆਂ ਨੇ ਲਤਾੜ ਸੁੱਟਿਆ
ਅੰਗ ਅੰਗ ਤੇਰਾ ਤਾੜ ਤਾੜ ਟੁੱਟਿਆ
ਤੈਨੂੰ ਤੇਰੇ ਜਾਇਆਂ ਨੇ ਲਤਾੜ ਸੁੱਟਿਆ

ਗਏ ਅੰਗਰੇਜ਼ ਅੰਗਰੇਜ਼ੀ ਰਹਿ ਗਈ
ਜੋਰਾ ਜੋਰਾ ਲੋਕਾਂ ਦੇ ਲਹੂ ’ਚ ਲਹਿ ਗਈ
ਭੁੱਲਕੇ ਮਿਠਾਸ ਤੇਰੀ ਜੀਣ ਜੋਗੀਏ
ਚੰਦਰੀ ਜ਼ੁਬਾਨ ਵੀ ਕੁਰਾਹੇ ਪੈ ਗਈ
ਤੇਰੀ ਠੇਠ ਹਿੱਕ ਤਾਈਂ ਸਾੜ ਸੁੱਟਿਆ
ਪਾਠਸ਼ਾਲਾ ਰਹੀਆਂ ਨਾ ਦੁਕਾਨਾਂ ਖੁੱਲ੍ਹੀਆਂ
ਗਾਚੀਆਂ ਤੇ ਫੱਟੀਆਂ ਸਦਾ ਲਈ ਭੁੱਲੀਆਂ
ਢੇਰ ਨੇ ਕਿਤਾਬਾਂ ਨਿੱਕੀ ਜੇਹੀ ਉਮਰਾ
ਤੋਤਲੀਆਂ ਜਿੰਦਾਂ ਭਾਰਾਂ ਹੇਠ ਰੁਲੀਆਂ
ਬਸਤੇ ਦੀ ਜਗ੍ਹਾ ਬੈਗ ਵਾੜ ਸੁੱਟਿਆ
ਵਾਰਸ ਨੇ ਬਖ਼ਸ਼ੀ ਜਵਾਨੀ ਹੀਰ ਦੀ
ਬੁੱਲ੍ਹੇ ਸ਼ਾਹ ਨੇ ਗਾਇਆ ਤੈਨੂੰ ਗਲੀ ਗਲੀ
ਸ਼ਿਵ ਕੀਤੀ ਗੱਲ ਤੇਰੇ ਰਾਹੀਂ ਪੀੜ ਦੀ
ਕੰਮ ਇਹਨਾਂ ਰੂਹਾਂ ਦਾ ਪਛਾੜ ਸੁੱਟਿਆ
ਰਾਜ ਭਾਸ਼ਾ ਹੋਣ ਦਾ ਖਿਤਾਬ ਮਿਲਿਆ
ਕਾਗਜ਼ਾਂ ’ਚ ਚੇਹਰੇ ਲਈ ਨਕਾਬ ਮਿਲਿਆ
ਵਾਹ ਨੀ ਪੰਜਾਬੀਏ ਨਸੀਬ ਤੇਰੇ
ਜਿੱਥੇ ਗਈ ਉੱਥੇ ਵੀ ਜਵਾਬ ਮਿਲਿਆ
ਹਾਕਮਾਂ ਵੀ ਲੀੜਾ ਲਤਾ ਪਾੜ ਸੁੱਟਿਆ
ਬਾਪੂ ਦੀਆਂ ਬਾਤਾਂ ਦਾ ਹੁੰਗਾਰਾ ਤੂੰ ਰਹੀ
ਪਿੰਡਾਂ ਦੀਆਂ ਸੱਥਾਂ ਦਾ ਨਜ਼ਾਰਾ ਤੂੰ ਰਹੀ
ਤੇਰੇ ਦਮ ਉੱਤੇ ਇਤਿਹਾਸ ਗੱਜਿਆ
ਜੰਗਾਂ ਅਤੇ ਯੁੱਧਾਂ ਦਾ ਨਗਾਰਾ ਤੂੰ ਰਹੀ
ਪਰ ਤੈਨੂੰ ਸ਼ੋਹਦਿਆਂ ਉਜਾੜ ਸੁੱਟਿਆ
ਰੂੜੋ ਦੀ ਤੂੰ ਮਿੱਠੜੀ ਅਸੀਸ ਰਹੀ
ਪੂਰੋ ਦਿਆਂ ਹੌਕਿਆਂ ਦੀ ਚੀਸ ਰਹੀ
ਭਜਨੋ ਨੇ ਲਾਇਆ ਤੈਨੂੰ ਨਾਲ ਗਲ੍ਹੇ
ਦਾਤੋ ਦੀ ਮਜੂਰੀ ਦੀ ਕਸੀਸ ਰਹੀ
ਬਬਲੀ ਦੀ ਜ਼ਿੱਦ ਨੇ ਵਿਗਾੜ ਸੁੱਟਿਆ
ਸ਼ਾਲਾ ਸਾਨੂੰ ਅੱਜ ਵੀ ਖਿਆਲ ਤੇਰਾ
ਕਲਮਾਂ ’ਚ ਸਾਡੀਆਂ ਜਲਾਲ ਤੇਰਾ
ਅਹਿਦ ਰਿਹਾ ਸਾਡਾ ਅੱਜ ਨਾਲ ਤੇਰੇ
ਹੋਣ ਦਿਆਂਗੇ ਨਾ ਵਿੰਗਾ ਵਾਲ ਤੇਰਾ
ਧਾਪ ਅਸਾਂ ਮਨਾਂ ਵਿੱਚ ਚਾੜ ਸੁੱਟਿਆ

