ਇਨ੍ਹਾਂ ਦੇ ਹੱਥ
ਚਟਨੀਂ ਨਾਲ਼ ਖੱਦਰ ਦੇ ਪੋਣੇ ‘ਚ ਬੰਨੀਆਂ ਰੋਟੀਆਂ
ਸਿਰ ‘ਤੇ ਮੂਧੀ ਮਾਰੀ ਪਿੱਤਲ਼ ਦੀ ਬਾਟੀ
ਸਾਫੇ ਦੇ ਲੜ ਚਾਹ ਗੁੜ
ਬੋਤਲ ‘ਚ ਦੁੱਧ
ਚਾਹ ਬਣਾਉਣਗੇ ਦੁਪਿਹਰ ਦੀ
ਧਰਤੀ ‘ਤੇ ਮਿੱਟੀ ਪੱਟਕੇ ਚੁੱਲਾ
ਇਹ ਲੋਕ …।
ਥੋਡੀ “ਥਰਮੋ ਕੰਟਰੋਲ” ਵਾਲੀ
ਵੰਨ-ਸਵੰਨੀ ਲੰਚ ਕਿੱਟ ਕੀ ਰੀਸ ਕਰੂ…।
ਚਿੱਬੜ, ਖਰਬੂਜੇ ਤੇ ਮਲ਼ਿਆਂ ਦੇ ਬੇਰ
ਫ਼ਲ ਇਨ੍ਹਾਂ ਲੋਕਾਂ ਦੇ…।
ਤੁਸੀਂ ਖਾਦੇ ਹੋਂ ਸੇਬ
– ਜਿਥੇ ਲੜਾ ਲੜਾ ਲੋਕ ਮਾਰ ‘ਤੇ –
ਓਸ ਕਸ਼ਮੀਰ ਦੇ…।
ਕੌੜ ਤੂੰਬੇ ਦੇ ਚੂਰਨ ਨਾਲ
ਦੁੱਖਦਾ ਢਿੱਡ ਹਟਾ ਲੈਂਦੇ
ਅੱਕ ਦੀ ਜੜ੍ਹ ਦੀ ਦਾਤਣ ਕਰਕੇ
ਦੁੱਖਦੀ ਜਾੜ੍ਹ ਹਟਾ ਲੈਂਦੇ
ਨਿੰਮ ਦੇ ਪੱਤੇ ਪਾਣੀ ‘ਚ ਉਬਾਲ
ਪਿੰਡੇ ‘ਤੇ ਪਾ ਜ਼ਖਮ ਹਟਾ ਲੈਂਦੇ
ਇਹ ਲੋਕ…।
ਤੁਸੀਂ ਕਰਾਉਂਦੇ ਹੋ
ਸੌ-ਸੌ ਟੈਸਟ
ਮਾਮੂਲੀ ਹੋਈ ਖੁਰਕ ਦੇ…।
ਗਰਮੀਂ ਲੱਗੇ ਤਾਂ ਖੁੱਲੀ ਹਵਾ ‘ਚ
ਛੱਤਾਂ ‘ਤੇ ਸੌਦੇ
ਢਿੱਡ ਖਾਤਰ ਪੋਹ-ਮਾਘ ਦੀਆਂ ਰਾਤਾਂ ‘ਚ
ਸੱਪਾਂ ਦੀਆਂ ਸਿਰੀਆਂ ਮਿੱਧਦੇ
ਇਹ ਲੋਕ…।
ਤੁਸੀਂ ਇਨ੍ਹਾਂ ਲੋਕਾਂ ਦੇ ਹੱਕ ਖਾ ਕੇ
ਵਿਹਲੇ ਐਸ਼ ਉਡਾਕੇ
ਸੌਂਦੇ ਏ ਸੀ ਲਾਕੇ
ਆਲੇ-ਦੁਆਲੇ ਖੜ੍ਹਾ ਕੇ
ਆਧੁਨਿਕ ਗੰਨਾਂ ਵਾਲੇ ਸੁਰੱਖਿਆ ਜਵਾਨ…।
ਤੁਸੀਂ ਮੰਨੋ ਚਾਹੇ ਨਾ ਮੰਨੋ
ਥੋਨੂੰ ਡਰ ਜ਼ਰੂਰ ਲਗਦੈ
ਟਾਕੂਏ ‘ਤੇ ਗੰਡਾਸਿਆਂ ਤੋਂ
ਇਨ੍ਹਾਂ ਲੋਕਾਂ ਦਿਆਂ ਤੋਂ
ਜੋ ਇੱਕ ਦਿਨ ਚੁੱਕਣਗੇ ਜ਼ਰੂਰ
ਇਹ ਲੋਕ…
ਇਹ ਲੋਕ…

