ਰੰਗ ਲਗਾ ਕੇ ਛੱਡ ਦੇਣਾ ਫਿਰ
ਰੰਗ ਭਰਨਾ, ਰੰਗਾਂ ਵਾਂਗ ਖਿੜਨਾ
ਏਹੀ ਰੀਝ ਜਵਾਨੀ ਦੀ ਸੀ
ਚਿੜੀਆਂ ਵਾਂਗ ਉਡਾਰੀਆਂ ਭਰ ਕੇ
ਪਰ ਤੋਲ ਕੇ ਥੱਕ ਹਾਰ ਕੇ
ਬਾਲਿਆਂ, ਛੱਤ-ਛਤੀਰਾਂ ਦੇ ਵਿੱਚ
ਆਲ੍ਹਣਿਆਂ ਵਿਚ ਮੁੜਨਾ
ਸ਼ੀਸ਼ਿਆਂ ਦੇ ਵਿੱਚ ਰੂਪ ਨੂੰ ਤੱਕਣਾ
ਤੱਕ-ਤੱਕ ਕੇ ਮਨ ਹੀ ਮਨ ਹੱਸਣਾ
ਚੋਰੀ-ਚੋਰੀ ਰੂਪ ਸਾਣ ’ਤੇ ਲਾਉਣਾ
ਅੰਦਰੋਂ ਘਬਰਾਉਣਾ
ਪਰ ਹੁਣ ਤਾਂ ਕਹਿੰਦੇ ਨੇ
ਚਿੜੀਆਂ ਬਹੁਤ ਉਡਾਰ ਹੋ ਗੀਆਂ
ਕੁਝ ਜੰਗਲ ਦੇ ਪਾਰ ਹੋ ਗੀਆਂ
ਅੱਕ ਦੇ ਬੂਟਿਆਂ ਵਰਗੀਆਂ ਧੀਆਂ
ਕੁਝ ਜੰਗਲ ਦੇ ਵਿੱਚ ਰੁਲ ਗਈਆਂ
ਘਰ ਨੂੰ ਆਉਣ ਦਾ ਰਾਹ ਭੁੱਲ ਗਈਆਂ

ਨਾ ਡਰੀਆਂ ਨਾ ਘਬਰਾਈਆਂ ਉਹ
ਉਲਝੀਆਂ-ਭਟਕੀਆਂ ਤ੍ਰਿਹਾਈਆਂ ਉਹ
ਪਰਤ ਘਰੀਂ ਨਾ ਆਈਆਂ ਪਰ ਉਹ
ਗੋਲੇ ਕਬੂਤਰਾਂ ਵਾਂਗੂੰ ਉੱਡੀਆਂ
ਖੁੱਲ੍ਹੇ ਅੰਬਰੀਂ ਤਾਰੀ ਲਾ ਗੀਆਂ
ਹੱਦਾਂ ਬੰਨੇ ਸੱਭ ਲੰਘਾ ਗੀਆਂ
ਪਿਉ ਦੀ ਪੱਗ ਚੁਰਾਹੇ ਟੰਗੀ ਆ
ਭਾਵੇਂ ਇਹ ਨਾ ਗੱਲਾਂ ਚੰਗੀਆਂ
ਪਰ ਕੰਨ ਖ੍ਹੋਲ ਕੇ ਸੁਣ ਲਉ ਵੇ ਤੁਸੀਂ ਪੱਗਾਂ ਵਾਲਿਓ
ਪ੍ਰੰਪਰਾਵਾਂ ਦੇ ਬੰਧਨ ਤੋੜ ਦਿਓ ਹੁਣ
ਆਪਣੀਆਂ ਪੱਗਾਂ ਸਾਂਭੋ ਆਪੇ
ਦੋਸ਼ ਨਾ ਦੇਵੋ ਇਹਨਾਂ ਤਾਂਈਂ
ਮੂੰਹ-ਮੰਗੇ ਵਰ ਦੇ ਦੇਵੋ ਹੁਣ
ਕਰ ਦੇਵੋ ਹੁਣ ਮੇਲ ਰੂਹਾਂ ਦੇ
ਦੇ ਦਿਓ ਬਸ ਹੁਣ ਲੱਪ ਕੁ ਤਾਰੇ
ਪੁੱਤਰਾਂ ਨੂੰ ਜੇ ਅੰਬਰ ਸਾਰਾ
ਧੀ ਦੇ ਸਿਰ ਕਿਉਂ ਕਰਜ਼ੇ ਭਾਰੇ
ਜਿਸਮਾਂ ਦੇ ਮੇਲ ਮਿਲਾਉਣੇ ਛੱਡੋ
ਫ਼ਰਕ ਮਿਟਾ ਦੇਵੋ ਧੀ ਪੁੱਤ ਦਾ
ਪਸੰਦ ਪੁੱਤਰ ਦੀ ਮਨਜ਼ੂਰ ਹੈ ਜੇਕਰ
ਧੀ ਦਾ ਵੀ ਡੋਲਾ ਤੋਰੋ ਹੱਥੀਂ
ਰੂਹ ਉਹਦੀ ਦਾ ਦੇ ਦਿਓ ਸਾਥੀ
ਧੀ-ਪੁੱਤਰ ਵਿਚ ਫ਼ਰਕ ਮਿਟਾ ਕੇ
ਅਕਲ ਇਹਨਾਂ ਦੀ ਸਾਣ ਤੇ ਲਾਵੋ
ਚੰਗੇ-ਮਾੜੇ ਦੀ ਪਰਖ਼ ਕਰਾਵੋ
ਦੋ ਦਿਲਾਂ ਦੇ ਮੇਲ ਜੇ ਹੋ ਜੇ
ਤਕਦੀਰਾਂ ਦਾ ਖ੍ਹੇਲ ਜੇ ਹੋ ਜੇ
ਦੋ ਮੂਰਤੀਆਂ ਦੀ ਰੂਹ ਇਕ ਜੇ ਹੋ ਜੇ
ਦਿਓ ਰਲ ਕੇ ਅਸੀਸਾਂ ਸਾਰੇ
ਜੋੜੀਆਂ ਵਧਣ-ਫੁੱਲਣ ਇਸ ਜੱਗ ’ਤੇ
ਮੇਲੇ ਖ਼ੁਸ਼ੀਆਂ ਦੇ ਰਹਿਣ ਲੱਗਦੇ
ਮਨ ਭਾਉਂਦਾ ਸੰਸਾਰ ਇਹਨਾਂ ਦਾ
ਵਧੇ-ਫੁਲੇ ਪ੍ਰਵਾਰ ਇਹਨਾਂ ਦਾ
ਜੀਓ-ਜੀਣ ਦਿਓ ਦਾ ਨਾਹਰਾ
ਸਿਰਜ ਦਿਓ ਸੰਸਾਰ ਪਿਆਰਾ
ਕੀ ਧੀ ਤੇ ਕੀ ਹੈ ਪੁੱਤਰ
ਮੇਟ ਦਿਓ ਧੀ-ਪੁੱਤ ਦਾ ਪਾੜਾ
ਸਾਰੇ ਪਾਸੇ ਹੀ ਵਰਤੇਗਾ
ਫਿਰ ਪਿਆਰ ਭਿੱਜੀਆਂ ਰੂਹਾਂ ਦਾ ਵਰਤਾਰਾ।

