1
ਘਰੋਂ ਨਿਕਲੀ ਤਾਂ
ਕਾਫ਼ਲਾ ਸੀ ਇੱਕ
ਮੇਰੇ ਅੱਗੇ ਤੁਰ ਰਿਹਾ
ਜ਼ਰਾ ਅੱਗੇ ਵਧੀ
ਤਾਂ ਕੁਛ ਕਾਫ਼ਲੇ ਵਾਲੇ
ਦੂਰ ਭੱਜ ਰਹੇ ਸਨ
ਜ਼ਰਾ ਹੋਰ ਅੱਗੇ ਹੋਈ ਤਾਂ
ਉਹ ਮੈਨੂੰ ਪਿੱਛੇ ਖਿੱਚ ਰਹੇ ਸਨ
ਕੁਛ ਮੈਨੂੰ ਧੱਕ ਰਹੇ ਸਨ
ਕੁਛ ਮੇਰੇ ਤੇ ਹੱਸ ਰਹੇ ਸਨ
ਮੈਂ ਦੂਰ ਖੜੀ
ਉਹਨਾਂ ਦੇ ਚਿਹਰੇ ਪਛਾਣ ਰਹੀ ਸਾਂ !
ਕੱਚ ਤਾਂ ਭਾਵੇਂ ਮੈਂ ਨਹੀਂ ਸਾਂ
ਪਰ ਜਦ ਵੀ ਟੁੱਟੀ
ਕਿਰਚ ਕਿਰਚ ਹੋ ਖਿਲਰ ਗਈ
ਖਿਲਰੀਆਂ ਕਿਰਚਾਂ ‘ਚੋਂ
ਮੇਰੀ ਹਸਤੀ ਦੇ
ਕਿੰਨੇ ਮਾਇਨੇ ਤਕਸੀਮ ਹੋ ਗਏ
ਕਿੰਨੇ ਮਾਇਨਿਆਂ ਨੇ
ਨਵੇਂ ਮੁਖੌਟੇ ਪਹਿਨ ਲਏ !
ਕਿੰਨੇ ਮੁਖੌਟਿਆਂ ‘ਚੋਂ
ਮਾਇਨਿਆਂ ਦੇ ਕੁਛ
ਨਵੇਂ ਸੂਰਜ ਉਦੈ ਹੋ ਗਏ !
ਨਵੇਂ ਪੁਰਾਣੇ ਸੂਰਜਾਂ ਨੂੰ
ਅਰਘ ਦਿੰਦਿਆਂ ਦਿੰਦਿਆਂ
ਖੌਰੇ ਕਿਹੜੀਆਂ ਦਿਸ਼ਾਵਾਂ ‘ਚ
ਭੁਲ ਆਈ ਮੈਂ
ਆਪਣੇ ਵਜੂਦ ਦੇ ਮਾਇਨਿਆਂ ਦਾ
ਆਦਿ ਤੇ ਅੰਤ !!
***
ਹਰ ਧੀ ਵਿੱਚ ਉਸ ਦੀ ਮਾਂ ਹੁੰਦੀ ਏ
ਇੱਕ ਦਿਨ ਕੁੜੀ ਨੇ ਕਿਹਾ-
ਮਾਂ ! ਆਹ ਲੈ ਫੜ ਆਪਣੇ ਕੰਗਣ
ਮੇਰਾ ਬਚਪਨ ਮੋੜ ਦੇ !
ਮੇਰੇ ਪੈਰੀਂ ਪਾਈਆਂ ਜੋ ਤੂੰ ਬੇੜੀਆਂ
ਉਹ ਖੋਲ੍ਹ ਦੇ !
ਮੈਂ ਨਵੇਂ ਜ਼ਮਾਨੇ ਦੀ ਨਵੀਂ ਕੁੜੀ
ਮੈਂ ਤੇਰੇ ਵਰਗੀ ਨਹੀਂ ਬਣਨਾ ਬੁੜੀ !
ਮੇਰੀ ਰੂਹ ਆਜਾਦ
ਗੁਲਾਮੀ ਦੀਆਂ ਜ਼ੰਜੀਰਾਂ
ਮੈਂ ਨਹੀਂ ਪਾਉਣੀਆਂ ਤੇਰੇ ਵਾਂਗ !
ਤੂੰ ਜੋ ਹਰ ਵੇਲੇ ਠਾਣੇਦਾਰਣੀ ਬਣੀ ਰਹਿਨੀ ਏਂ
ਮੈਨੂੰ ਤਾੜਦੀ ਤੇ ਵਰਜਦੀ ਰਹਿੰਨੀ ਏਂ
ਵਿਕਸਣ ਤੇ ਵਿਗਸਣ ਲਈ ਮੈਨੂੰ
ਮੇਰੀ ਥਾਂ ਨਹੀਂ ਦਿੰਦੀ
ਇੰਝ ਲਗਦੈ ਜਿਉਂ ਤੂੰ ਮੇਰੀ ਮਾਂ ਨਹੀਂ ਹੁੰਦੀ !
ਮੈਂ ਜਦ ਮਾਂ ਬਣਾਂਗੀ
ਇੰਝ ਨਹੀਂ ਕਰਾਂਗੀ !
—
ਫਿਰ ਉਹ ਸਮਾਂ ਆਇਆ ਕਿ
ਕੁੜੀ ਮਾਂ ਬਣ ਗਈ !
ਕੋਈ ਉਸ ਦੀ ਧੀ ਵੱਲ ਤੱਕਦਾ
ਉਹ ਤ੍ਰਬਕਦੀ
ਮੇਰੀ ਧੀ ਮੈਲੀ ਨਾ ਹੋ ਜਾਵੇ
ਉਹ ਡਰਦੀ !
ਉਸ ਨੂੰ ਵਰਜਦੀ
ਉਹੀ ਕਰਦੀ
ਜੋ ਉਸ ਦੀ ਮਾਂ ਸੀ
ਉਸ ਨਾਲ ਕਰਦੀ !
ਅੱਜਕਲ੍ਹ ਅਕਸਰ ਉਹ
ਹੱਸ ਕੇ ਆਖ ਦਿੰਦੀ ਏ-
ਕੁੜੀ ਤਾਂ ਝਰਨੇ ਵਾਂਗ
ਅਮੋੜ ਤੇ ਨਿਡਰ ਹੁੰਦੀ ਏ
ਕਿਨਾਰੇ ਤੋੜਣ ਦੀ ਕੋਸ਼ਿਸ਼ ਕਰਦੀ ਏ
ਇਹ ਉਮਰ ਹੀ ਐਸੀ ਹੈ
ਮਾਂ ਉਸਨੂੰ ਵਰਜਦੀ ਏ
ਇਹ ਖੂਬਸੂਰਤੀ ਮਾਂ ਦੇ ਫਰਜ਼ ਦੀ ਏ !
ਮੇਰੀ ਮਾਂ ਠੀਕ ਕਹਿੰਦੀ ਸੀ-
ਹਰ ਮਾਂ ਨਦੀ ਵਾਂਗ ਹੁੰਦੀ ਹੈ
ਕਿਨਾਰਿਆਂ ਵਿਚ ਵਹਿੰਦੀ ਏ
ਧੀ ਨੂੰ ਆਪਣੀ ਬੁਕੱਲ ਵਿਚ ਸਮੋ ਲੈਂਦੀ ਏ !
ਹਰ ਧੀ ਜਦ ਮਾਂ ਬਣਦੀ ਏ
ਅਪਣੀ ਮਾਂ ਦਾ ਹੀ ਪਰਛਾਵਾਂ ਹੁੰਦੀ ਏ
ਉਸੇ ਵਾਂਗ ਬੋਲਦੀ ਟੁਰਦੀ ਤੇ ਤਕਦੀ ਏ
ਹਰ ਧੀ ਵਿਚ ਉਸ ਦੀ ਮਾਂ ਹੁੰਦੀ ਏ !


