30 ਦੇ ਕਰੀਬ ਮੁਲਕਾਂ ਦੀ ਸਾਈਕਲ ’ਤੇ ਯਾਤਰਾ ਕਰਕੇ 12 ਸਾਲਾਂ ਬਾਅਦ ਅਮਰੀਕਾ ਪਹੁੰਚਿਆ ਵਰਤਮਾਨ ਸਮੇਂ ਸਨਫਰਸਿਸਕੋ ਵਿੱਚ ਰਹਿ ਰਿਹਾ ਪੰਜਾਬ ਦੇ ਕਪੂਰਥਲੇ ਜ਼ਿਲ੍ਹੇ ਦੇ ਮੁਰਾਰ ਪਿੰਡ ਦਾ ਜੁਝਾਰੂ ਵਸਨੀਕ ਸੋਢੀ ਸੁਲਤਾਨ ਸਿੰਘ ਜਦ ਉਥੋਂ ਦੀ ਲਾਇਬਰੇਰੀ ਫਰੋਲਦਿਆਂ ਭਾਰਤ ਦੇ ਕੇਰਲਾ ਸੂਬੇ ਦੇ ਵਸਨੀਕ ਸਵਾਮੀ ਧਰਮਾ ਤੀਰਥਾ ਦੀ ਕਿਤਾਬ ਪੜਦਾ ਹੈ ਅਤੇ ਇਸ ਮਹਾਨ ਕਿਤਾਬ ਨੂੰ ਪੜਦਿਆਂ ਹੀ ਇਸਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਲਈ ਸੋਚਣ ਲੱਗ ਜਾਂਦਾ ਹੈ। ਇਤਿਹਾਸ, ਹਿੰਦੂ ਫਲਸਫੇ ਦੇ ਚੰਗੇ ਮੰਦੇ ਗੁਣ ਔਗੁਣਾਂ ਦੀ ਚੀਰ ਫਾੜ ਕਰਦੀ ਇਹ ਕਿਤਾਬ ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਸਮੇਂ ਲਿਖੀ ਗਈ ਸੀ ।
ਭਾਰਤ ਦੇਸ਼ ਕਿਉਂ ਪਛੜ ਗਿਆ ਸੰਸਾਰ ਵਿੱਚ ? ਕਿਉਂ ਪੱਛੜ ਗਏ ਭਾਰਤੀ ਲੋਕ ? ਕਿਉਂ ਖਾਨਾਜੰਗੀ ਵਿੱਚ ਉਲਝ ਕੇ ਰਹਿ ਜਾਂਦੇ ਹਨ ਸਾਡੇ ਸਮਾਜਿਕ ਤਾਣੇ ਬਾਣੇ? ਕਿਉਂ ਪੈਦਾ ਹੋਏ ਇੱਥੇ ਬੁੱਧ ਮਹਾਤਮਾ, ਬਾਬਾ ਨਾਨਕ, ਰਾਮ , ਕਿ੍ਸਨ, ਬਾਬਾ ਫਰੀਦ, ਭਗਤ ਕਬੀਰ, ਭਗਤ ਰਵਿਦਾਸ ਆਦਿ ਮਹਾਨ ਲੋਕ ਇਸ ਕਿਤਾਬ ਪੜਨ ਤੇ ਹੀ ਸਮਝ ਆਉਂਦੀ ਹੈ।
ਕਿਤਾਬ ਦੇ ਵਿੱਚ ਭਾਰਤ ਵਿੱਚ ਕਿਸ ਤਰ੍ਹਾਂ ਵਿਦੇਸ਼ੀ ਲੋਕ ਆਏ ਅਤੇ ਇੱਥੋਂ ਦੇ ਮਾਲਕ ਬਣੇ ਫਿਰ ਕਿਸ ਤਰ੍ਹਾਂ ਗੈਰ ਧਰਮੀ ਦੇਸ ਤੋਂ ਹਿੰਦੂ ਧਰਮ ਦੀ ਨੀਂਹ ਰੱਖੀ ਗਈ ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਬੁੱਧ ਧਰਮ ਦਾ ਵਿਕਾਸ ਹੋਇਆ ਅਤੇ ਹੋਰ ਸਿੱਖ ਜੈਨੀ ਕਬੀਰ ਪੰਥੀ ਇਸਲਾਮ ਧਰਮ ਜਾਂ ਕੌਮਾਂ ਕਿਸ ਤਰ੍ਹਾਂ ਵਿਕਸਿਤ ਹੋਈਆਂ ਦੀ ਪੂਰੀ ਜਾਣਕਾਰੀ ਇਸ ਕਿਤਾਬ ਪਾਠਕ ਦੇ ਦਿਮਾਗ ਦੇ ਬੰਦ ਦਰਵਾਜ਼ੇ ਖੋਲ ਦਿੰਦੀ ਹੈ। ਇਤਿਹਾਸ ਬਾਰੇ ਜਾਨਣ ਵਾਲਿਆ ਲਈ ਅਤੇ ਭਾਰਤ ਦੇਸ ਦੇ ਪਛੜੀਆਂ ਲੋਕਾਂ ਬਾਰੇ ਰਾਜਨੀਤੀ ਕਰਨ ਵਾਲੇ ਰਾਜਨੀਤਕ ਲੋਕਾਂ ਨੂੰ ਇਹੋ ਜਿਹੀ ਕਿਤਾਬ ਪੜਦਿਆਂ ਹੀ ਅੱਖਾਂ ਖੁੱਲ ਜਾਂਦੀਆਂ ਹਨ। ਇਸ ਕਿਤਾਬ ਵਿੱਚ ਲੇਖਕ ੳਤੇ ਅਨੁਵਾਦਕ ਇੱਕ ਨਿਰਪੱਖ ਬੇਬਾਕ ਸੋਚ ਪੇਸ਼ ਕਰਦਿਆਂ ਇਹ ਨਤੀਜਾ ਵੀ ਕੱਢਦੇ ਹਨ ਕਿ ਭਾਰਤੀ ਲੋਕਾਂ ਦੀ ਹਰ ਜਾਤ ਅਤੇ ਗੋਤ ਵਿੱਚ ਊਚ ਨੀਚ ਦੀ ਨੀਤੀ ਕਿਸ ਤਰ੍ਹਾਂ ਘਰ ਕਰੀ ਬੈਠੀ ਹੈ ਜੋ ਭਾਰਤ ਦੇਸ਼ ਦੀ ਤਰੱਕੀ ਨੂੰ ਪਰੇਤ ਵਾਂਗ ਚਿੰਬੜ ਕੇ ਫਨਾਹ ਅਤੇ ਤਬਾਹ ਕਰਨ ਦੀ ਦੋਸ਼ੀ ਹੈ।
ਇਸ ਕਿਤਾਬ ਵਿੱਚ ਅਨੁਵਾਦਕ ਸੋਢੀ ਸੁਲਤਾਨ ਸਿੰਘ ਨੇ ਆਪਣੇ ਨਿੱਜੀ ਜ਼ਿੰਦਗੀ ਦੇ ਕੌੜੇ ਤਜਰਬੇ ਨਾਲ ਇਹ ਸਿੱਧ ਕੀਤਾ ਹੈ ਕਿ ਊਚ ਨੀਚ ਸਾਡੀ ਹਰ ਜਾਤੀ ਵਿੱਚ ਘਰ ਕਰੀ ਬੈਠੀ ਹੈ। ਇਹ ਵਖਰੇਵੇਂ ਸਾਡੀ ਹਰ ਤਰੱਕੀ ਦੀ ਸੋਚ ਨੂੰ ਕਿਸੇ ਵੀ ਵਕਤ ਤਬਾਹੀ ਵੱਲ ਮੋੜ ਦਿੰਦੇ ਹਨ। ਸਦੀਆਂ ਤੋਂ ਦੇਸ ਦਾ ਮੋਹਰੀ ਵਰਗ ਆਪਣੀਆਂ ਨਿੱਜੀ ਲਾਲਸਾਵਾਂ ਕਾਰਨ ਦੇਸ ਨੂੰ ਵਿਦੇਸ਼ੀ ਲੁਟੇਰੇ ਬਾਦਸਾਹਾਂ ਅੱਗੇ ਪਰੋਸਦਾ ਰਿਹਾ ਹੈ ਜਿਸਦਾ ਇਨਾਮ ਇਹ ਵਿਦੇਸੀ ਲੋਕ ਸਾਡੇ ਹੀ ਹੁਕਮਰਾਨਾਂ ਜਾਂ ਉਹਨਾਂ ਦੇ ਮਾਲਕਾਂ ਨੂੰ ਖੁੱਲੀ ਛੁੱਟੀ ਦਿੰਦੇ ਸਨ ਜਿਸਦੇ ਜ਼ੋਰ ਤੇ ਦੇਸ਼ ਦੇ ਪੱਛੜੇ ਲੋਕ ਪਛੜੀਆਂ ਜਾਤਾਂ ਨੂੰ ਗੁਲਾਮ ਬਣਾਕੇ ਰੱਖਣ ਦੀ ਹਰ ਮਰਿਯਾਦਾ ਖੜੀ ਕੀਤੀ ਗਈ। ਇਹੋ ਨੀਤੀ ਅੱਗੇ ਵੱਧਦੀ ਫੁੱਲਦੀ ਹੋਈ ਹਰ ਜਾਤ ਦੇ ਅਮੀਰ ਹੋਏ ਵਰਗ ਵੱਲੋਂ ਆਪਣੇ ਗਰੀਬ ਜਾਤ ਭਾਈਆਂ ਤੇ ਵਰਤੀ ਗਈ । ਆਪ ਤੋਂ ਪੱਛੜੇ ਹੋਏ ਲੋਕਾਂ ਨੂੰ ਘਟੀਆ ਜਾਤਾਂ ਗੋਤਾਂ ਦੇ ਲਕਬ ਬਖਸਕੇ ਅਤੇ ਗਿਆਨ ਵਿਦਿਆ ਤੋਂ ਬਾਂਝੇ ਕਰਕੇ ਬਹੁਤ ਵੱਡੀ ਗਿਣਤੀ ਆਪੋ ਆਪਣੀ ਕੌਮ ਦੀ ਤਰੱਕੀ ਵਿੱਚ ਹਿੱਸਾ ਪਾਉਣ ਤੋਂ ਹੀ ਵਾਂਝੀ ਕਰ ਦਿੱਤੀ ਗਈ। ਵਰਤਮਾਨ ਸਮੇਂ ਤਰੱਕੀ ਯਾਫਤਾ ਸਮੇਂ ਦੇ ਦੁਨੀਆਂ ਦੇ ਸਭ ਤੋਂ ਵਿਕਸਿਤ ਮੁਲਕ ਵਿੱਚ ਵੀ ਅੱਜ ਦੇ ਭਾਰਤੀ ਲੋਕ ਜਾਤ ਗੋਤ ਦਾ ਕੋਹੜ ਚੁੱਕੀ ਫਿਰਦੇ ਹਨ। ਦੇਸ਼ਦੀ ਸਭ ਤੋਂ ਨਵੀਂ ਸਿੱਖ ਕੌਮ ਜਿਸ ਵਿੱਚ ਜਾਤ ਗੋਤ ਗੁਰੂਆਂ ਨੇ ਖਤਮ ਕਰ ਦਿੱਤੀ ਸੀ ਦੇ ਵਾਰਸ ਲੋਕ ਵੀ ਅੱਜ ਤੱਕ ਅਮਰੀਕਾ ਵਰਗੇ ਵਿਕਸਿਤ ਮੁਲਕਾਂ ਵਿੱਚ ਲਾਗੂ ਕਰ ਰਹੇ ਹਨ, ਜਿਸਦਾ ਦੁੱਖ ਇਸ ਕਿਤਾਬ ਦੇ ਅਨੁਵਾਦਕ ਨੇ ਹੱਢੀਂ ਹੰਢਾਇਆ ਹੈ। ਇਸ ਤਰ੍ਹਾਂ ਦੇ ਹਾਲਾਤ ਵਿੱਚ ਵਿਚਰਨ ਵਾਲਾ ਅਨੁਵਾਦਕ ਲੇਖਕ ਸੁਲਤਾਨ ਸਿੰਘ ਇਹੋ ਜਿਹੇ ਵਰਤਾਰਿਆ ਕਾਰਨ ਹੀ ਇਸ ਕਿਤਾਬ ਦੀ ਕਦਰ ਜਾਣਦਾ ਹੈ, ਜਿਸਨੇ ਪੰਜ ਲੱਖ ਖਰਚ ਕਰਕੇ ਇਸ ਕਿਤਾਬ ਦਾ ਅਮਰੀਕੀ ਡਾਲਰਾਂ ਨਾਲ ਮੁੱਲ ਚੁਕਾਉਣ ਤੋਂ ਗੁਰੇਜ਼ ਨਹੀਂ ਕੀਤਾ ਜਿਸਦੇ ਲਈ ਉਹ ਵਧਾਈ ਦਾ ਪਾਤਰ ਹੈ। ਦੁਨਿਆਵੀ ਤੌਰ ਤੇ ਭਾਵੇ ਇਹੋ ਜਿਹੇ ਮਹਾਨ ਸੋਢੀ ਸੁਲਤਾਨ ਸਿੰਘ ਹਾਰ ਜਾਂਦੇ ਹਨ ਪਰ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਮਹਾਨ ਕੰਮ ਕਰਕੇ ਸਾਡੇ ਰਾਹ ਦਸੇਰੇ ਬਣ ਜਾਂਦੇ ਹਨ। ਸਾਢੇ ਪੰਜ ਸੌ ਸਫਿਆ ਦੀ ਇਹ ਕਿਤਾਬ ਅਨੁਵਾਦ ਅਤੇ ਤਿਆਰ ਕਰਨ ਲਈ ਅਮਰੀਕਾ ਵਰਗੇ ਮੁਲਕ ਵਿੱਚ ਆਪਣਾ ਕਾਰੋਬਾਰ ਅਤੇ ਕਮਾਈ ਛੱਡਕੇ ਬੈਠਣ ਦਾ ਜੇਰਾ ਗਰੀਬ ਘਰਾਂ ਵਿੱਚ ਜਨਮਿਆ ਕੋਈ ਗੁਰੂਆਂ ਦਾ ਬਖਸਿਆ ਸੋਢੀ ਸੁਲਤਾਨ ਹੀ ਕਰ ਸਕਦਾ ਹੈ। ਇਸ ਰਵਿਊ ਵਿੱਚ ਵਿਸ਼ਲੇਸ਼ਣ ਕਰਦਿਆ ਕੁਝ ਖਾਸ ਕਾਰਨਾਂ ਕਰਕੇ ਕੁਝ ਸੰਕੋਚ ਕੀਤਾ ਗਿਆ ਹੈ ਪਰ ਇਸਦਾ ਕਾਰਨ ਇਸ ਕਿਤਾਬ ਨੂੰ ਪੜਨ ਵਾਲਾ ਪਾਠਕ ਖੁਦ ਹੀ ਸਮਝ ਜਾਂਦਾ ਹੈ।
ਸਰਕਾਰੀ ਇਨਾਮਾਂ ਵਾਲੇ ਲੇਖਕਾਂ ਅਤੇ ਅਨੁਵਾਦਕਾਂ ਦਾ ਕੱਚ ਸੱਚ ਇਹੋ ਜਿਹੇ ਆਮ ਜ਼ਿੰਦਗੀ ਜਿਉਣ ਵਾਲੇ ਅਸਲੀ ਲੇਖਕ ਜਾਂ ਅਨੁਵਾਦਕ ਆਪਣੇ ਕੰਮ ਨਾਲ ਦੱਸ ਦਿੰਦੇ ਹਨ। ਸਰਕਾਰਾਂ ਦੇ ਪੈਸਿਆ ਨਾਲ ਜਾਂ ਸਰਕਾਰੀ ਅਦਾਰਿਆਂ ਤੋਂ ਮੋਟੀਆਂ ਕਮਾਈਆਂ ਕਰਨ ਵਾਲੇ ਸਥਾਪਤ ਲੇਖਕ ਅਤੇ ਅਨੁਵਾਦਕ ਸੋਢੀ ਸੁਲਤਾਨ ਵਰਗੇ ਕਿਸੇ ਅਣਜਾਣੇ ਮਰਦੇ ਮੁਜਾਹਿਦ ਦੇ ਮੂਹਰੇ ਬੌਣੇ ਸਾਬਤ ਹੋ ਜਾਂਦੇ ਹਨ ਜੋ ਆਪਣਾਂ ਸਭ ਕੁਝ ਵਾਰ ਕੇ ਵੀ ਇਹੋ ਜਿਹੇ ਮਹਾਨ ਸਾਹਕਾਰਾਂ ਨੂੰ ਜਨਮ ਦਿੰਦੇ ਹਨ। ਇਹ ਕਿਤਾਬ ਅੰਗਰੇਜ਼ਾਂ ਵੱਲੋਂ ਪਾਬੰਦੀ ਲਾ ਦਿੱਤੀ ਗਈ ਸੀ। ਭੀਮ ਰਾਉ ਅੰਬੇਦਕਰ ਅਤੇ ਹੋਰ ਵੱਡੇ ਵਿਦਵਾਨ ਲੋਕਾਂ ਦੁਆਰਾ ਇਸ ਕਿਤਾਬ ਬਾਰੇ ਦਿੱਤੇ ਕੰਮੈਂਟ ਅਤੇ ਵਿਸ਼ਲੇਸ਼ਣ ਇਸ ਗਰੰਥ ਦੇ ਮਹਾਨ ਹੋਣ ਦੀ ਗਵਾਹੀ ਪਾਉਂਦੇ ਹਨ। ਭਾਰਤੀ ਇਤਿਹਾਸ ਦੇ ਹਰ ਪਹਿਲੂ ਦੀ ਜਾਣਕਾਰੀ ਚਾਹੁਣ ਵਾਲੇ ਖੋਜੀ ਅਤੇ ਆਗੂ ਲੋਕਾਂ ਲਈ ਇਹ ਕਿਤਾਬ ਚਾਨਣ ਮੁਨਾਰਾ ਅਤੇ ਸੋਨੇ ਦੀ ਖਾਣ ਵਰਗੀ ਹੈ ਜਿਸ ਵਿੱਚੋਂ ਜਾਣਕਾਰੀ ਅਤੇ ਸੱਚਾਈ ਦੇ ਅਨੇਕਾਂ ਮੋਤੀ ਮਿਲਦੇ ਹਨ।


