ਕਵੀ: ਨਵਤੇਜ ਗੜ੍ਹਦੀਵਾਲਾ
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ ਬਰਨਾਲਾ, ਮੁੱਲ:100/-, ਪੰਨੇ:96
ਨਵਤੇਜ ਗੜ੍ਹਦੀਵਾਲਾ ਇਕ ਗੰਭੀਰ ਸ਼ਾਇਰ ਹੈ।ਉਸ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ, ਜਿਸ ਨੂੰ ਕਲਾਤਮਿਕ ਢੰਗ ਨਾਲ ਕਾਵਿ ਕਿਆਰੀਆਂ ਵਿਚ ਉਗਾਉਂਦਾ ਰਹਿੰਦਾ ਹੈ।ਪੂਰੇ ਸਮਾਜ ਦਾ ਤੇਹ ਮੋਹ ਉਸਨੇ ਆਪਣੇ ਸੀਨੇ ਅੰਦਰ ਸੰਭਾਲਿਆ ਹੋਇਆ ਹੈ।ਇਸੇ ਕਰਕੇ ਉਸਦੀ ਸ਼ਾਇਰੀ ਵਿਚ ਮਾਨਵੀ ਸਰੋਕਾਰਾਂ ਦਾ ਪ੍ਰੇਮ ਡੁੱਲ੍ਹ ਡੁੱਲ੍ਹ ਪੈਂਦਾ ਹੈ।ਉਸਦੀ ਰਚਨਾਤਮਿਕ ਸੋਚ ਦਾ ਤਰਜਮਾ ਹਨਪੁਸਤਕ ‘ਸੂਰਜ ਦਾ ਹਲਫੀਆ ਬਿਆਨ’ਦੀਆਂ ਇਹ ਕਵਿਤਾਵਾਂ। ਹਰ ਕਵਿਤਾ ਵਿਚ ਇਕ ਨਵੀਂ ਕਿਰਨ ਉਪਜਦੀ ਪ੍ਰਤੀਤ ਹੁੰਦੀ ਹੈ।ਇਹ ਉਹ ਕਿਰਨ ਹੈ ਜੋ ਸਾਡੇ ਨਵੇਂ ਰਾਹਾਂ ਨੂੰ ਰੌਸ਼ਨ ਕਰਦੀ ਹੈ।ਵਿਚਾਰ ਅਧੀਨ ਪੁਸਤਕ ਵਿਚੋਂ ਸਾਨੂੰ ਮੌਜੂਦਾ ਰਾਜਸੀ ਅਤੇ ਆਰਥਿਕ ਨਿਜ਼ਾਮ ਦੇ ਉਹਨਾਂ ਪਹਿਲੂਆਂ ਦਾ ਗਿਆਨ ਹੁੰਦਾ ਹੈ ਜਿਨ੍ਹਾਂ ਕਰਕੇ ਗਰੀਬੀ ਤੇ ਅਮੀਰੀ ਦਾ ਪਾੜਾ ਵਧਦਾ ਹੀ ਜਾ ਰਿਹਾ ਹੈ।ਕਾਨੂੰਨ ਅਮੀਰਾਂ ਦਾ ਗੁਲਾਮ ਬਣਕੇ ਗਰੀਬਾਂ ਦਾ ਖੂਨ ਪੀ ਰਿਹਾ ਹੈ।ਨਵਤੇਜ ਦੀ ਕਵਿਤਾ ਸਿਰਫ ਸਾਨੂੰ ਸਿਸਟਮ ਦੀਆਂ ਊਣਤਾਈਆਂ ਦੇ ਹੀ ਰੂ ਬਰੂ ਨਹੀਂ ਕਰਦੀ ਸਗੋਂ ਇਹਨਾਂ ਦੇ ਠੋਸ ਹੱਲ ਵੀ ਪੇਸ਼ ਕਰਦੀ ਹੈ ।
ਕਵਿਤਾ ਸਿਰਫ ਮਨੋਰੰਜਨ ਨਹੀਂ ਇਸ ਸਿਧਾਂਤ ਦੀ ਪਾਲਣਾ ਕਰਦਿਆਂ ਕਵੀ ਨੇ ਹੱਕ ਵਿਹੂਣੇ ਲੋਕਾਂ ਦੇ ਹੱਕ ਵਿਚ ਪਰਚਮ ਬੁਲੰਦ ਕੀਤਾ ਹੈ।ਇਕ ਜੁਟਤਾ ਅਤੇ ਗਿਆਨ ਦੀ ਸ਼ਕਤੀ ਨਾਲ ਆਰੀਥਕ ਅਜ਼ਾਦੀ ਹਾਸਲ ਕਰਨ ਦਾ ਰਾਹ ਦਿਖਾਇਆ ਹੈ।
ਨਵਤੇਜ ਗੜਦੀਵਾਲ ਦੀ ਇਸ ਪੁਸਤਕ ਦਾ ਦੂਜਾ ਐਡੀਸ਼ਨ ਛਪਣਾ ਇਸਦੀ ਮਹੱਤਤਾ ਨੂੰ ਦਰਸਾਉਂਦਾ ਹੈ।ਪੁਸਤਕ ਸੂਰਜ ਦਾ ਹਲਫੀਆ ਬਿਆਨ ਸਮਕਾਲੀ ਸਮਾਜਕ ,ਰਾਜਸੀ ,ਆਰਥਿਕ ਅਤੇ ਨਿਆਂਇਕ ਵਰਤਾਰੇ ਨੂੰ ਇਹ ਪੁਸਤਕ ਸੁਆਰਨ ਅਤੇ ਸ਼ਿੰਗਾਰਨ ਦੇ ਉਪਰਾਲੇ ਵਜੋਂ ਵੀ ਵਿਚਾਰਨਯੋਗ ਹੈ।ਆਗੂਆਂ ਦੀਆਂ ਸ਼ਤਰੰਜੀ ਚਾਲਾਂ ਪ੍ਰਤੀ ਸਾਨੂੰ ਸੁਚੇਤ ਕਰਦੀ ਇਹ ਪੁਸਤਕ ਇਕ ਨਵੇਂ ਸਮਾਜ ਦੀ ਸਿਰਜਣਾ ਲਈ ਤਿਆਰ ਕਰਦੀ ਹੈ।ਕਵਿਤਾ ਰੇਸ਼ਮੀ ਜਾਲ਼ ਦੀਆਂ ਇਹ ਸਤ੍ਹਰਾਂ ਜ਼ਿਕਰਯੋਗ ਹਨ:
ਛੱਡ ਪਰੇ ਪਤਾਲ ਦੀ ਗਹਿਰਾਈ ਤੂੰ
ਧਰਤ ਦੇ ਤਲ ਤੇ ਨਿਘ੍ਹਾ ਹੀ ਮਾਰ ਤੂੰ
ਸੁਣ ਜ਼ਰਾ ਏਸ ਦੀ ਚੀਕ ਪੁਕਾਰ ਤੂੰ।


