ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ ਚੰਡੀਗੜ੍ਹ, ਪੰਨੇ:88, ਮੁੱਲ:130 /-
ਪ੍ਰੋ ਜੀਤ ਦੇਵਿੰਦਰ ਕੌਰ ਬਚਪਨ ਤੋਂ ਹੀ ਸਾਹਿਤ ਸਾਧਨਾ ਵਿਚ ਜੁਟੀ ਹੋਈ ਹੈ। ਪੇਕੇ ਅਤੇ ਸਹੁਰੇ ਘਰ ਦੇ ਸ਼ਾਜਗਾਰ ਮਾਹੋਲ ਨੇ ਉਸਦੀ ਸਿਰਜਣ ਪ੍ਰਕਿਰਿਆ ਨੂੰ ਸੁਖਾਲਾ ਬਣਾ ਦਿੱਤਾ।ਉਸਦੀ ਕਾਵਿ ਕਲਾ ਵਿਚ ਉਸਦੇ ਜੀਵਨ ਸਾਥੀ ਉੱਘੇ ਵਕੀਲ ਬਲਬੀਰ ਸਿੰਘ ਸੇਵਕ ਦਾ ਵਿਸ਼ੇਸ਼ ਯੋਗਦਾਨ ਹੈ।ਇਸੇ ਕਰਕੇ ਉਹ ਆਪਣੀ ਕਵਿਤਾ ਵਿਚ ਪੂਰੀ ਖੁੱਲ੍ਹ ਲੈਂਦੀ ਹੋਏ ਉਚੇ ਅੰਬਰੀ ਉਡਾਰੀ ਮਾਰਨ ਦੀ ਜੁਰਅਤ ਕਰਦੀ ਹੈ।ਉਹ ਸੱਚੀ ਮੁੱਚੀਂ ਧੀਆਂ ਧਿਆਣੀਆਂ ਲਈ ਇਕ ਆਦਰਸ਼ ਬਣਕੇ ਪੇਸ਼ ਹੁੰਦੀ ਹੈ।ਉਸਦੀ ਕਵਿਤਾ ਵਿਚ ਧੀ ਨੂੰ ਇਨਸਾਨੀ ਹੱਕ ਦਿਵਾਉਣ ਦਾ ਨਾਅਰਾ ਲਾਇਆ ਗਿਆ ਹੈ।
ਕਿਸੇ ਇਕ ਵਿਸ਼ੇ ਤੇ ਪੁਸਤਕ ਦੀ ਸਿਰਜਣਾ ਕਰਨੀ ਸੁਖਾਲਾ ਕਾਰਜ ਨਹੀਂ ਹੈ।ਪਰ ਇਸ ਔਖੇ ਕਾਰਜ ਨੂੰ ਪ੍ਰੋ ਜੀਤ ਦੇਵਿੰਦਰ ਕੌਰ ਨੇ ਆਪਣੀ ਸਾਲਾਂ ਦੀ ਘਾਲਣਾ ਨਾਲ ਸੰਭਵ ਕਰ ਦਿਖਾਇਆ ਹੈ।ਉਸਦੀ ਕਵਿਤਾ ਸਾਡੇ ਸਮਾਜਿਕ ਤਾਣੇ ਬਾਣੇ ਦੀ ਬੜੀ ਗੰਭੀਰਤਾ ਚੀਰ ਫਾੜ ਕਰਦੀ ਹੈ।ਜਿਸ ਵਿਚੋਂ ਔਰਤ ਦੀ ਤ੍ਰਿਸਕਾਰ ਭਰੀ ਜਿੰਦਗੀ ਦਾ ਕਰੁਣਾ ਰੂਪ ਉਭਰਦਾ ਹੈ।ਇਸ ਵਾਸਤੇ ਉਹ ਸਦੀਆਂ ਤੋਂ ਚਲੇ ਆ ਰਹੇ ਸਿਸਟਮ ਨੂੰ ਦੋਸ਼ੀ ਮੰਨਦੀ ਹੋਈ ਮੌਜੂਦਾ ਸਮੇਂ ਦੇ ਆਗੂਆਂ ਸਿਰ ਵੀ ਜ਼ਿੰਮੇਵਾਰੀ ਪਾਉਂਦੀ ਹੈ।ਜੇਕਰ ਸਮਾਜ ਵਿਚ ਸੁਧਾਰ ਨਹੀਂ ਹੋਇਆ ਤਾਂ ਇਸਦਾ ਮੁੱਖ ਕਾਰਨ ਸਾਡੀ ਮਾਨਸਿਕਤਾ ਵਿਚ ਤਬਦੀਲੀ ਦਾ ਨਾ ਆਉਣਾ ਹੈ।
ਕੁਰਬਾਨੀ ਨਾਮੀ ਕਵਿਤਾ ਵਿਚ ਉਹ ਔਰਤ ਦੀ ਕੁਰਬਾਨੀ ਤੇ ਸਵਾਲ ਉਠਾਉਂਦੀ ਹੋਈ ਲਿਖਦੀ ਹੈ:
ਰਸਮਾਂ ਬਦਲਾਂਗੀ
ਤੇ ਹਮੇਸ਼ਾ ਦੀ ਤਰ੍ਹਾਂ ਸੂਲੀ ਨਹੀਂ ਚੜ੍ਹਾਂਗੀ।
ਮੈਂ ਹੀ ਹਰ ਵਾਰੀ ਕੁਰਬਾਨੀ ਕਿਉਂ ਦੇਵਾਂ?
ਪ੍ਰਸ਼ਨ ਕਰਾਂਗੀ?
ਇਸ ਤਰ੍ਹਾਂ ਪ੍ਰੋ ਜੀਤ ਦੇਵਿੰਦਰ ਕੌਰ ਦੀ ਇਹ ਪੁਸਤਕ ਵਿਰਾਸਤੀ ਗੱਲਾਂ ਨਾਲ ਜੋੜਦੀ ਹੋਈ ਨਾਰੀ ਨੂੰ ਬਰਾਬਰੀ ਦਾ ਜੀਵਨ ਜਿਉਣ ਲਈ ਤਿਆਰ ਕਰਦੀ ਹੈ।ਇਸ ਸੰਤਾਪ ਲਈ ਜਿੰਮੇਵਾਰ ਲੋਕਾਂ ਨੂੰ ਹਲੂਣਾ ਮਾਰਦੀ ਹੋਈ ਸਹੀ ਰਾਹੇ ਪੈਣ ਦੀ ਹਦਾਇਤ ਕਰਦੀ ਹੈ।ਉਹ ਨਾਰੀ ਨੂੰ ਵਿਚਾਰੀ ਨਹੀਂ ਸਗੋਂ ਆਪਣੇ ਹੱਕਾਂ ਖਾਤਰ ਲੜਨ ਵਾਲੀ ਬਹਾਦਰ ਸ਼ੀਹਣੀ ਬਣਾਉਂਦੀ ਹੈ।ਉਹ ਨਾਰੀ ਦੁਆਰਾ ਨਵੇਂ ਸਮਾਜ ਦੀ ਸਿਰਜੇ ਜਾਣ ਦੀ ਉਮੀਦ ਵੀ ਲਾਉਂਦੀ ਹੈ।।ਇਸ ਪੁਸਤਕ ਵਿਚ ਮਾਂ ਦੀ ਲੋਰੀ ਵਰਗੀ ਮਹਿਕ ਅਤੇ ਪਿਤਾ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਵਰਗਾ ਨਿੱਘ ਹੈ।ਇਹ ਅਜੋਕੇ ਸਮੇਂ ਦੀਆਂ ਇਸਤਰੀ ਸਬੰਧੀ ਨਿਵੇਕਲੀਆਂ ਕਵਿਤਾਵਾਂ ਦਾ ਕੀਮਤੀ ਤੇ ਮਹਿਕਦਾ ਗੁਲਦਸਤਾ ਹੈ।
ਸੰਪਰਕ: +91 98150 189047


