ਬੋਹਾ: ਲੀਗਲ ਮੀਟਰਲੋਜੀ ਵਿਭਾਗ ਪੰਜਾਬ ਦੇ ਕੁਝ ਮੁਲਾਜ਼ਮਾਂ ਦੁਆਰਾ ਬੋਹਾ ਦੀ ਅਨਾਜ ਮੰਡੀ ਚ ਇੱਕ ਕੈਪ ਦਾ ਢੌਗ ਰਚਾਕੇ ਇਲਾਕੇ ਦੇ 100 ਤੋਂ ਵੱਧ ਛੋਟੇ ਦੁਕਾਨਦਾਰਾਂ ਦੇ ਕੰਡੇ-ਵੱਟੇ ਚੈਕ ਕਰਕੇ ਸਰਟੀਫੀਕੇਟ ਜਾਰੀ ਕਰਨ ਦੇ ਨਾਮ ਹੇਠ ਅੱਜ ਅੰਨੀ ਲੁੱਟ ਕੀਤੀ ਗਈ।ਠੱਗੀ ਦਾ ਇਹ ਕਾਰੋਬਾਰ ਤਕਰੀਬਨ 5 ਘੰਟੇ ਤੱਕ ਜਾਰੀ ਰਿਹਾ ਪਰ ਪੁਲਿਸ ਥਾਨੇ ਤੋ ਮਹਿਜ 200 ਮੀਟਰ ਦੀ ਦੂਰੀ ਤੇ ਚਲਦਾ ਇਹ ਕੰਮ ਪ੍ਰਸ਼ਾਸਨ ਨੂੰ ਦਿਖਾਈ ਹੀ ਨਹੀ ਦਿੱਤਾ।ਹੋਇਆ ਕੁਝ ਇਸ ਤਰਾਂ ਕਿ ਇੰਸਪੈਕਟਰ ਲੀਗਲ ਮੀਟਰਲੋਜੀ ਮਾਨਸਾ ਦੀ ਅਗਵਾਈ ਚ ਕੁਝ ਵਿਅਕਤੀਆਂ ਦਾ ਟੋਲਾ ਅੱਜ ਤੜਕਸਾਰ ਬੋਹਾ ਦੀ ਅਨਾਜ ਮੰਡੀ ਚ ਪੁੱਜਿਆ।ਜਿਥੇ ਪਹਿਲਾਂ ਉਲੀਕੇ ਪ੍ਰੋਗਰਾਮ ਅਨਸਾਰ ਇਲਾਕੇ ਦੇ ਪਿੰਡਾਂ ਚ ਕਰਿਆਨੇ ਦੀਆਂ ਦੁਕਾਨਾਂ ਕਰਨ ਵਾਲੇ ਲੋਕ ਵੱਡੀ ਗਿਣਤੀ ਚ ਪੁੱਜੇ ਹੋਏ ਸਨ।
ਇਸ ਦੌਰਾਨ ਉਕਤ ਇੰਸਪੈਕਟਰ ਅਤੇ ਬਾਕੀ ਅਮਲੇ ਨੇ ਦੁਕਾਨਦਾਰਾਂ ਦੇ ਕੰਡੇ-ਵੱਟੇ ਦਰੁਸਤ ਹੋਣ ਦਾ ਸਰਟੀਫੀਕੇਟ ਜਾਰੀ ਕਰਨ ਲਈ ਵਿਭਾਗੀ ਨਿਯਮਾਂ ਨੂੰ ਜੰਮਕੇ ਛੱਕੇ ਟੰਗਦਿਆਂ ਦੇਖਿਆ ਗਿਆ।ਆਪਣੇ ਕੰਡੇ-ਵੱਟੇ ਚੈਕ ਕਰਾਉਣ ਪੁੱਜੇ ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਦੌਰਾਨ ਉਕਤ ਅਮਲੇ ਨੇ ਦੁਕਾਨਦਾਰਾਂ ਤੋ ਮਨਚਾਹੇ ਪੈਸੇ ਲੈਕੇ ਕੰਡੇ ਵੱਟੇ ਦਰੁਸਤ ਹੋਣ ਦਾ ਸਰਟੀਫੀਕੇਟ ਜਾਰੀ ਕੀਤਾ।ਹਰਪਾਲ ਸਿੰਘ ਨਾਮਕ ਇੱਕ ਵਿਅਕਤੀ ਨੇ ਦੱਸਿਆ ਕਿ ਕੰਡੇ-ਵੱਟੇ ਚੈਕ ਕਰਾਉਣ ਦੀ ਰਸੀਦ ਉਸ ਦੇ ਹੱਥ 40 ਰੁਪਏ ਦੀ ਦਿੱਤੀ ਜਦਕਿ ਉਸ ਤੋ 400 ਰੁਪਏ ਲਏ ਗਏ ਹਨ।
ਇਸ ਤਰਾਂ ਹੋਰ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕਈਆਂ ਦੇ ਤਾਂ ਕੰਡੇ-ਵੱਟੇ ਦੇਖੇ ਬਗੈਰ ਹੀ ਉਨ੍ਹਾਂ ਨੂੰ ਸਰਟੀਫੀਕੇਟ ਦੇ ਦਿੱਤੇ।ਇਸ ਦਾ ਪਤਾ ਲੱਗਦਿਆਂ ਹੀ ਜਦ ਪੱਤਰਕਾਰਾਂ ਦੀ ਟੀਮ ਇਸ ਫਰਜ਼ੀ ਕੈਪ ਚ ਪੁੱਜੀ ਦਾ ਟੀਮ ਦੇਖਦਿਆਂ ਹੀ ਉਕਤ ਅਮਲਾ ਆਪਣਾ ਤਾਂਗੜ ਪਟੀਆ ਸਮੇਟਕੇ ਚਲਦਾ ਬਣਿਆ।ਜਦ ਪੱਤਰਕਾਰਾਂ ਨੇ ਇਸ ਸਭ ਦੀ ਅਗਵਾਈ ਕਰ ਰਹੇ ਇੰਸਪੈਕਟਰ ਨੀਰਜ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾ ਦਾ ਕੇਵਲ ਇੰਨਾਂ ਹੀ ਕਹਿਣਾ ਸੀ ਨੋ ਕੁਮੈਟ%।ਇਸ ਮੌਕੇ ਉਨਾਂ ਪੱਤਰਕਾਰਾਂ ਦੇ ਕੈਮਰੇ ਤੱਕ ਖੋਹਣ ਦੇ ਯਤਨ ਤੱਕ ਕੀਤੇ ਗਏ।ਵਪਾਰੀਆਂ ਚ ਵੱਧਦੇ ਰੋਹ ਤੇ ਪੱਤਰਕਾਰਾਂ ਨੂੰ ਦੇਖਦਿਆਂ ਇੰਸਪੈਕਟਰ ਸਾਹਿਬ ਆਪਣੇ ਅਮਲੇ ਨੂੰ ਲੈਕੇ ਉਥੋ ਰਫੂ ਚੱਕਰ ਹੋ ਗਏ।ਇਸ ਪੂਰੇ ਮਾਮਲੇ ਬਾਰੇ ਜਦ ਐਸਡੀਐਮ ਬੁਢਲਾਡਾ ਸ੍ਰਅਨਮੋਲ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਦਾ ਕਹਿਣਾ ਸੀ ਕਿ ਅਜਿਹਾ ਕੋਈ ਮਾਮਲਾ ਅਜੇ ਤੱਕ ਉਨਾਂ ਦੇ ਧਿਆਨ ਚ ਨਹੀਂ ਆਇਆ ਅਤੇ ਹੁਣ ਉਹ ਇਸ ਦੀ ਜਾਂਚ ਕਰਾਉਣਗੇ।
ਓਧਰ ਇਸ ਘਟਨਾਂ ਤੋ ਬਾਅਦ ਜਿਥੇ ਦੁਕਾਨਦਾਰਾਂ ਚ ਡਾਢਾਂ ਰੋਸ ਪਾਇਆ ਜਾ ਰਿਹਾ ਹੈ ਉਥੇ ਆਮ ਲੋਕ ਵੀ ਇਸ ਗੱਲ ਨੂੰ ਲੈਕੇ ਡਾਢੇ ਫਿਕਰਮੰਦ ਹਨ ਕਿ ਪੈਸੇ ਦੇਕੇ ਕੰਡੇ-ਵੱਟੇ ਦੁਰਸਤ ਹੋਣ ਦਾ ਸਰਟੀਫੀਕੇਟ ਲੈਣ ਵਾਲੇ ਦੁਕਾਨਦਾਰਾਂ ਦੇ ਕੰਡੇ ਵਾਕਿਆ ਹੀ ਦਰੁਸਤ ਹੋਣਗੇ ਜਾਂ ਫਿਰ ਇਹ ਠੱਗੀ ਉਨਾਂ ਨੂੰ ਠੱਗਣ ਦੇ ਮਕਸਦ ਨਾਲ ਹੈ।


